ਸੰਸਾਰ ਦੀ ਰਚਨਾ ਪਦਾਰਥ ਤੋਂ ਹੋਈ ਹੈ। ਪਦਾਰਥ ਦੇ ਤਿੰਨ ਰੂਪ ਹਨ-ਠੋਸ, ਤਰਲ ਅਤੇ ਗੈਸ। ਇਨ੍ਹਾਂ ਤਿੰਨਾਂ ਰੂਪਾਂ ਤੋਂ ਹੀ ਸਾਰੇ ਜੜ੍ਹ ਅਤੇ ਚੇਤੰਨ ਸੰਸਾਰ ਦੀ ਰਚਨਾ ਹੋਈ ਹੈ। ਸਾਰੇ ਪਦਾਰਥ ਇਕ ਦੂਜੇ ਤੋਂ ਵਿਸ਼ੇਸ਼ ਅਤੇ ਵੱਖਰੇ ਹਨ। ਉਸ ਦੀ ਵਿਸ਼ੇਸ਼ਤਾ ਅਤੇ ਵੱਖ-ਵੱਖ ਭਾਸ਼ਾਵਾਂ ਅਨੁਸਾਰ ਹੀ ਉਸ ਦਾ ਨਾਮਕਰਨ ਲੋਕ ਕਰਦੇ ਹਨ। ਪਦਾਰਥ ਆਪਣਾ ਨਾਮ ਖੁਦ ਨਹੀਂ ਤੈਅ ਕਰਦੇ, ਸਗੋਂ ਵਿਅਕਤੀ ਕਰਦੇ ਹਨ। ਉਹ ਵੀ ਉਸ ਦੀ ਕਿਸੇ ਵਿਸ਼ੇਸ਼ਤਾ ਕਰਕੇ ਉਸ ਅਨੁਸਾਰ ਤੈਅ ਕਰਦੇ ਹਨ।
ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਕਰਮ ਖੰਡ ਕੀ ਬਾਣੀ ਜੋਰੁ॥
ਤਿਥੈ ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾਬਲ ਸੂਰ॥
ਤਿਨ ਮਹਿ ਰਾਮੁ ਰਹਿਆ ਭਰਪੂਰ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥
ਤਾ ਕੇ ਰੂਪ ਨ ਕਥਨੇ ਜਾਹਿ॥
ਨਾ ਓਹਿ ਮਰਹਿ ਨ ਠਾਗੇ ਜਾਹਿ॥
ਜਿਨ ਕੈ ਰਾਮੁ ਵਸੈ ਮਨ ਮਾਹਿ॥
ਤਿਥੈ ਭਗਤ ਵਸਹਿ ਕੇ ਲੋਅ॥
ਕਰਹਿ ਅਨੰਦੁ ਸਚਾ ਮਨਿ ਸੋਇ॥
ਸਚ ਖੰਡਿ ਵਸੈ ਨਿਰੰਕਾਰੁ॥
ਕਰਿ ਕਰਿ ਵੇਖੈ ਨਦਰਿ ਨਿਹਾਲ॥
ਤਿਥੈ ਖੰਡ ਮੰਡਲ ਵਰਭੰਡ॥
ਜੇ ਕੋ ਕਥੈ ਤ ਅੰਤ ਨ ਅੰਤ॥
ਤਿਥੈ ਲੋਅ ਲੋਅ ਆਕਾਰ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥
ਵੇਖੈ ਵਿਗਸੈ ਕਰਿ ਵੀਚਾਰੁ॥
ਨਾਨਕ ਕਥਨਾ ਕਰੜਾ ਸਾਰੁ॥37॥
ਇਸ ਪਉੜੀ ਵਿਚ ਹੀ ਦੋ ਵਾਰ ਰਾਮ ਨਾਮ ਅਤੇ ਨਿਰੰਕਾਰ ਆਇਆ ਹੈ। ਬਾਕੀ ਜਪੁਜੀ ਸਾਹਿਬ ਵਿਚ ਵੀ ਪਰਮਾਤਮਾ ਦੇ ਕਈ ਨਾਮ ਆਏ ਹਨ, ਜਿਵੇਂ ਵੇਪਰਵਾਹੁ, ਦਾਤਾਰ, ਨਿਰੰਜਨੁ, ਦਾਤਾ, ਸਾਹਿਬੁ, ਜਗਦੀਸ, ਪਾਤਿਸਾਹੁ ਅਤੇ ਸਿਰਜਨਹਾਰੁ। ਰਾਮ ਨਾਮ ਦਾ ਜ਼ਿਕਰ ਪਹਿਲਾਂ ਹੋ ਚੁਕਾ ਹੈ, ਹੋਰ ਵੀ ਕਈ ਨਾਮ ਹੋ ਸਕਦੇ ਹਨ, ਜੋ ਗੁਣ ਵਾਚਕ ਅਤੇ ਕਰਮ ਵਾਚਕ ਹਨ। ਸਾਰਾ ਜਪੁਜੀ ਸਾਹਿਬ ਹੀ ਪਰਮਾਤਮਾ ਨੂੰ ਸੰਬੋਧਿਤ ਹੈ ਅਤੇ ਉਸ ਦੀ ਹੀ ਉਸਤਤਿ ਕੀਤੀ ਗਈ ਹੈ।
ਨਾਮ ਕੀ ਹੈ?
ਸੰਸਾਰ ਦੀ ਰਚਨਾ ਪਦਾਰਥ ਤੋਂ ਹੋਈ ਹੈ। ਪਦਾਰਥ ਦੇ ਤਿੰਨ ਰੂਪ ਹਨ-ਠੋਸ, ਤਰਲ ਅਤੇ ਗੈਸ। ਇਨ੍ਹਾਂ ਤਿੰਨਾਂ ਰੂਪਾਂ ਤੋਂ ਹੀ ਸਾਰੇ ਜੜ੍ਹ ਅਤੇ ਚੇਤੰਨ ਸੰਸਾਰ ਦੀ ਰਚਨਾ ਹੋਈ ਹੈ। ਸਾਰੇ ਪਦਾਰਥ ਇਕ ਦੂਜੇ ਤੋਂ ਵਿਸ਼ੇਸ਼ ਅਤੇ ਵੱਖਰੇ ਹਨ। ਉਸ ਦੀ ਵਿਸ਼ੇਸ਼ਤਾ ਅਤੇ ਵੱਖ-ਵੱਖ ਭਾਸ਼ਾਵਾਂ ਅਨੁਸਾਰ ਹੀ ਉਸ ਦਾ ਨਾਮਕਰਨ ਲੋਕ ਕਰਦੇ ਹਨ। ਪਦਾਰਥ ਆਪਣਾ ਨਾਮ ਖੁਦ ਨਹੀਂ ਤੈਅ ਕਰਦੇ, ਸਗੋਂ ਵਿਅਕਤੀ ਕਰਦੇ ਹਨ। ਉਹ ਵੀ ਉਸ ਦੀ ਕਿਸੇ ਵਿਸ਼ੇਸ਼ਤਾ ਕਰਕੇ ਉਸ ਅਨੁਸਾਰ ਤੈਅ ਕਰਦੇ ਹਨ। ਨਾਮ ਕਰਕੇ ਹੀ ਪਦਾਰਥ ਇਕ ਦੂਜੇ ਤੋਂ ਨਿਖੇੜੇ ਜਾਂਦੇ ਹਨ। ਵੈਸ਼ੇਸ਼ਿਕ ਦਰਸ਼ਨ ਦਾ ਨਾਮ ਉਸ ਦੇ ਪਦਾਰਥਾਂ ਦੀ ਵਿਸ਼ੇਸ਼ਤਾ ਦੀ ਚਰਚਾ ਕਰਨ ਕਰਕੇ ਰੱਖਿਆ ਗਿਆ ਹੈ। ਉਸ ਦੇ ਪਰਿਵਰਤਕ ਦਾ ਨਾਮ ਕਸ਼ਿਅਪ ਜਾਂ ਔਲਿਕ ਸੀ, ਪਰ ਕਣਾਂ ਦੀ ਵਿਆਖਿਆ ਕਰਨ ਕਰਕੇ ਉਸ ਦਾ ਨਾਮ ਕਣਾਦਿ ਰਿਸ਼ੀ ਪ੍ਰਚਲਿਤ ਹੋ ਗਿਆ। ਉਸ ਨੇ ਪਦਾਰਥ ਨੂੰ ਬਾਰੀਕ ਤੋਂ ਬਾਰੀਕ ਤੋੜ ਕੇ, ਜਿਸ ਤੋਂ ਅੱਗੇ ਹੋਰ ਵੰਡ ਨਹੀਂ ਕੀਤੀ ਜਾ ਸਕਦੀ ਸੀ, ਉਸ ਨੂੰ ਕਣ ਕਿਹਾ। ਉਸ ਅਨੁਸਾਰ ਪਦਾਰਥ ਦਾ ਕਾਰਨ ਕਣ ਹਨ। ਪਦਾਰਥ ਦੀ ਉਤਪਤੀ ਕਣਾਂ ਤੋਂ ਹੁੰਦੀ ਹੈ ਅਤੇ ਪਦਾਰਥ ਹੀ ਸੰਸਾਰ ਦਾ ਮੂਲ ਕਾਰਨ ਹੈ। ਸਾਰਾ ਸੰਸਾਰ ਪਦਾਰਥ ਤੋਂ ਹੀ ਨਿਰਮਿਤ ਹੋਇਆ ਹੈ ਅਤੇ ਪਦਾਰਥ ਕਣਾਂ ਤੋਂ। ਕਣਾਂ ਨੂੰ ਅਜੋਕੀ ਭਾਸ਼ਾ ਵਿਚ ਪਰਮਾਣੂ ਕਿਹਾ ਜਾ ਸਕਦਾ ਹੈ।
ਜਦੋਂ ਵੀ ਕਿਸੇ ਪਦਾਰਥ ਦੀ ਖੋਜ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ, ਫਿਰ ਹੀ ਅੱਗੇ ਹੋਰ ਖੋਜ ਸ਼ੁਰੂ ਕੀਤੀ ਜਾਂਦੀ ਹੈ। ਸੋ ਨਾਮ ਪਦਾਰਥ ਤੋਂ ਵੀ ਵੱਧ ਅਹਿਮ ਹੈ। ਨਾਮ ਤੋਂ ਹੀ ਪਦਾਰਥਾਂ ਦੀ ਪਛਾਣ ਅਤੇ ਵਿਸ਼ੇਸ਼ਤਾ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਇਕ ਦੂਜੇ ਤੋਂ ਅਲੱਗ ਪਛਾਣ ਕੀਤੀ ਜਾਂਦੀ ਹੈ। ਨਾਮ ਕਾਰਨ ਹੀ ਉਹ ਇਕ ਦੂਜੇ ਤੋਂ ਵੱਖ ਵੱਖ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਵਿਅਕਤੀ ਵੀ ਆਪਣੇ ਨਾਂਵਾਂ ਕਾਰਨ ਇਕ ਦੂਜੇ ਤੋਂ ਅਲੱਗ ਪਛਾਣ ਕੀਤੇ ਜਾਂਦੇ ਹਨ। ਜਾਨਵਰਾਂ ਦੀ ਪਛਾਣ ਵੀ ਉਨ੍ਹਾਂ ਦੇ ਨਾਂਵਾਂ ਨਾਲ ਕੀਤੀ ਜਾਂਦੀ ਹੈ।
ਸੋ ਸੰਸਾਰ ਵਿਚ ਪਦਾਰਥ ਤੋਂ ਵੀ ਵੱਧ ਅਹਿਮ ਹੈ, ਨਾਮ। ਕੋਈ ਵੀ ਪਦਾਰਥ ਨਾਮ ਰਹਿਤ ਨਹੀਂ ਹੈ। ਪਦਾਰਥ ਹੈ ਤਾਂ ਉਸ ਦਾ ਨਾਮ ਵੀ ਜ਼ਰੂਰ ਹੋਵੇਗਾ।
ਹੁਣ ਪਰਮਾਤਮਾ ਦੇ ਨਾਮ ਦੀ ਚਰਚਾ ਕੀਤੀ ਜਾਵੇ ਤਾਂ ਜਾਪੁ ਸਾਹਿਬ ਦੀ ਬਾਣੀ ਵਿਚ 199 ਛੰਦਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਕਿਰਤਮ ਨਾਮਾਂ ਦਾ ਹੀ ਵਰਣਨ ਕੀਤਾ ਹੈ। ਉਹ ਕਿੰਨੇ ਹਨ ਅਤੇ ਕਿਵੇਂ ਰੱਖੇ ਗਏ ਹਨ? ਇਹ ਵਿਦਵਾਨਾਂ ਦੀ ਖੋਜ ਦਾ ਵਿਸ਼ਾ ਹੈ। ਪਰਮਾਤਮਾ ਨੇ ਆਪਣਾ ਕੋਈ ਨਾਂ ਨਹੀਂ ਰੱਖਿਆ। ਸਾਰੇ ਹੀ ਨਾਮ ਉਸ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਅਨੁਸਾਰ ਮਨੁੱਖਾਂ ਨੇ ਰੱਖੇ ਹਨ। ਉਨ੍ਹਾਂ ਨਾਂਵਾਂ ਨਾਲ ਹੀ ਮਨੁੱਖ ਉਸ ਨੂੰ ਸੰਬੋਧਿਤ ਹੁੰਦੇ ਹਨ। ਇਹ ਮਨੁੱਖ ਦੀ ਲੋੜ ਹੈ, ਉਸ ਦੀ ਲੋੜ ਨਹੀਂ। ਉਸ ਨੇ ਨਾਂਵਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਨਾਮ ਨੂੰ ਉਸ ਦੀ ਹੋਂਦ ਦਾ ਪ੍ਰਤੀਕ ਮੰਨਿਆ ਜਾ ਸਕਦਾ ਹੈ।
‘ਪੰਜਾਬ ਟਾਈਮਜ਼’ ਦੇ 16 ਨਵੰਬਰ ਦੇ ਅੰਕ ਵਿਚ ਡਾ. ਗੋਬਿੰਦਰ ਸਿੰਘ ਸਮਰਾਓ ਆਪਣੇ ਲੇਖ ਵਿਚ ਬੜੇ ਦਾਅਵੇ ਨਾਲ ਲਿਖਦੇ ਹਨ ਕਿ “ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਵਿਚ ਰੱਬ, ਪਰਮੇਸ਼ਵਰ, ਪ੍ਰਭ, ਵਾਹਿਗੁਰੂ ਜਾਂ ਪਰਮਾਤਮਾ ਜਿਹਾ ਦੈਵੀ ਭਾਵ ਦਾ ਕੋਈ ਸ਼ਬਦ ਦਰਜ ਨਹੀਂ ਹੈ। ਗੁਰੂ ਸਾਹਿਬ ਨੇ ਇਸ ਗੱਲ ਬਾਰੇ ਇੰਨੀ ਪਰਿਪੱਕਤਾ ਦਿਖਾਈ ਹੈ ਕਿ ਜਿਨ੍ਹਾਂ ਦੋ ਪਉੜੀਆਂ ਵਿਚ ਉਹ ਰੱਬ ਜਾਂ ਇਸ ਜਿਹੀ ਕੋਈ ਹੋਰ ਸੰਗਿਆ, ਜੇ ਉਹ ਚਾਹੁੰਦੇ ਤਾਂ ਆਦਾਨ-ਪ੍ਰਦਾਨ ਨਾਲ ਵਰਤ ਸਕਦੇ ਸਨ, ਪਰ ਉਨ੍ਹਾਂ ਉਥੇ ਵੀ ਅਜਿਹਾ ਨਹੀਂ ਕੀਤਾ।”
ਡਾ. ਸਮਰਾਓ ਨੇ ਬੜੀ ਬਾਰੀਕੀ ਨਾਲ ਸ਼ਬਦ-ਦਰ-ਸ਼ਬਦ ਪੜਚੋਲ ਕਰਕੇ ਜਪੁਜੀ ਸਾਹਿਬ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ ਅਤੇ ਵਿਆਖਿਆ ਕੀਤੀ ਹੈ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਲੜੀਵਾਰ ਦੋ ਹੋਰ ਲੇਖ ਲਿਖੇ ਹਨ। ਉਨ੍ਹਾਂ ਵਿਚ ਵੀ ਇਸੇ ਸਿਧਾਂਤ ਦੀ ਪ੍ਰੋੜਤਾ ਕੀਤੀ ਹੈ ਅਤੇ ਪਰਮਾਤਮਾ ਦੇ ਨਾਂਵਾਂ ਦਾ ਵਿਰੋਧ ਕੀਤਾ ਹੈ। ਜਿਵੇਂ ਉਨ੍ਹਾਂ ਨੂੰ ਨਾਂਵਾਂ ਨਾਲ ਕੋਈ ਅਲਰਜੀ ਹੋਵੇ ਜਾਂ ਉਹ ਨਾਂਵਾਂ ਨੂੰ ਬੇਕਾਰ ਹੀ ਸਮਝਦੇ ਹੋਣ। ਉਨ੍ਹਾਂ ਦੀ ਇਕ ਸਮੱਸਿਆ ਇਹ ਵੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 8 ਅੰਗਾਂ ਨੂੰ ਬਾਕੀ 1422 ਅੰਗਾਂ ਨਾਲੋਂ ਵੱਖ ਕਰ ਕੇ ਦੇਖਦੇ ਹਨ। ਉਹ ਗੁਰੂ ਨਾਨਕ ਸਾਹਿਬ ਦੀ ਹੋਰ ਬਾਣੀ ਅਤੇ ਹੋਰ ਬਾਣੀਕਾਰਾਂ ਦੀ ਬਾਣੀ ਨਾਲੋਂ ਨਿਖੇੜ ਕੇ ਵੇਖਦੇ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਹਰ ਇਕ ਅੰਗ ਤੇ ਪਰਮਾਤਮਾ ਦੇ ਵੱਖੋ ਵੱਖ ਕਰਮ, ਨਾਮ ਅਤੇ ਸਿਫਤੀ ਨਾਮ ਵਰਤੇ ਗਏ ਹਨ, ਜਪੁਜੀ ਸਾਹਿਬ ਵਿਚ ੴ ਤੋਂ ਅਗਲੇ ਸਭ ਸ਼ਬਦ ਪਰਮਾਤਮਾ ਦੇ ਸਿਫਤੀ ਅਤੇ ਕਰਮ ਨਾਮ ਹੀ ਹਨ। ਗੁਰੂ ਨਾਨਕ ਸਾਹਿਬ ਦੀਆਂ ਜਪੁਜੀ ਸਾਹਿਬ ਤੋਂ ਬਿਨਾ ਵੀ ਹੋਰ ਬਾਣੀਆਂ ਅਤੇ ਸ਼ਬਦ ਹਨ। ਕੀ ਉਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੇ ਨਾਮ ਨਹੀਂ ਵਰਤੇ? ਜਾਂ ਫਿਰ ਉਹ ਪਰਮਾਤਮਾ ਦੀ ਹੋਂਦ ਅਤੇ ਹਸਤੀ ਨੂੰ ਨਹੀਂ ਮੰਨਦੇ?
ਇਸ ਤੋਂ ਬਿਨਾ ਹੋਰ ਪੰਜ ਗੁਰੂ ਸਾਹਿਬਾਨ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਕੀ ਉਹ ਉਨ੍ਹਾਂ ਨੂੰ ਵੱਖ-ਵੱਖ ਸਮਝਦੇ ਹਨ? ਕੀ ਉਹ ਉਨ੍ਹਾਂ ਨੂੰ ਇਕ ਜੋਤ ਨਹੀਂ ਮੰਨਦੇ? ਬਾਕੀ ਭਗਤਾਂ, ਸਿੱਖਾਂ ਅਤੇ ਭੱਟਾਂ ਨੂੰ ਉਨ੍ਹਾਂ ਤੋਂ ਵਖਰਾ ਸਮਝਦੇ ਹਨ? ਕੀ ਹਰ ਇਕ ਦਾ ਆਪੋ ਆਪਣਾ ਵੱਖੋ ਵੱਖ ਸਿਧਾਂਤ ਹੈ?
ਜੇ ਅਜਿਹਾ ਨਹੀਂ ਹੈ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਇਕ ਇਕਾਈ ਹੀ ਮੰਨਿਆ ਅਤੇ ਜਾਣਿਆ ਜਾਂਦਾ ਹੈ। ਸਾਰੇ ਗੁਰੂ ਗ੍ਰੰਥ ਸਹਿਬ ਦੇ ਸਿਧਾਂਤ ਨੂੰ ਵੀ ਇਕ ਹੀ ਮੰਨਿਆ ਜਾਵੇਗਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਅਤੇ ਉਸ ਦੇ ਨਾਮ ਦੀ ਮਹਿਮਾ ਕੀਤੀ ਗਈ ਹੈ। ਜੇ ਸੁਖਮਨੀ ਸਾਹਿਬ ਦਾ ਹੀ ਜ਼ਿਕਰ ਕੀਤਾ ਜਾਵੇ ਤਾਂ ਉਸ ਵਿਚ ਨਾਮ ਦੀ ਕਿੰਨੀ ਮਹਿਮਾ ਕੀਤੀ ਗਈ ਹੈ, ਇਹ ਇਸ ਦਾ ਪਾਠ ਕਰਕੇ ਜਾਣਿਆ ਜਾ ਸਕਦਾ ਹੈ। ਇਸ ਦਾ ਰਹਾਉ ਵਾਲਾ ਸਲੋਕ ਹੀ ਇਸ ਦਾ ਪ੍ਰਮਾਣ ਹੈ।
ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮੁ॥
ਭਗਤ ਜਨਾ ਕੈ ਮਨਿ ਬਿਸ੍ਰਾਮ॥
ਸਾਰੇ ਸੁਖਮਨੀ ਸਾਹਿਬ ਵਿਚ ਕਿੰਨੇ ਨਾਮ ਅਤੇ ਕਿੰਨੀ ਵਾਰ ਵਰਤੇ ਗਏ ਹਨ। ਇਹ ਵੀ ਵਿਦਵਾਨਾਂ ਦੀ ਖੋਜ ਦਾ ਵਿਸ਼ਾ ਹੈ। ਸੁਖਮਨੀ ਸਾਹਿਬ ਵਿਚ ਬੜੇ ਵਿਸਥਾਰ ਸਹਿਤ ਆਤਮਾ, ਪਰਮਾਤਮਾ, ਨਾਮ, ਸ਼ਬਦ, ਜਪ, ਸਿਮਰਨ, ਸਾਧ, ਬ੍ਰਹਮਗਿਆਨੀ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੀ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਜਿਸ ਬਾਰੇ ਪਾਠ ਕਰਨ ਉਪਰੰਤ ਜਾਣਿਆ ਜਾ ਸਕਦਾ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਤਮਾ, ਪਰਮਾਤਮਾ, ਨਾਮ, ਜਾਪ ਅਤੇ ਸਿਮਰਨ ਦਾ ਜ਼ਿਕਰ ਤੇ ਚਰਚਾ ਵਾਰ ਵਾਰ ਕੀਤੀ ਗਈ ਹੈ। ਇਸੇ ਨੂੰ ਹੀ ਜੀਵਨ ਦਾ ਅਸਲ ਮਨੋਰਥ ਮੰਨਿਆ ਗਿਆ ਹੈ।
ਨਾਮ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਤਿੰਨਾਂ ਹੀ ਲੇਖਾਂ ਵਿਚ ੴ ਦਾ ਜ਼ਿਕਰ ਕੀਤਾ ਹੈ, ਪਰ ਇਸ ਦਾ ਕੀ ਭਾਵ ਜਾਂ ਅਰਥ ਹੈ? ਇਹ ਕਿਤੇ ਵੀ ਸਪੱਸ਼ਟ ਨਹੀਂ ਕੀਤਾ, ਜਦੋਂ ਕਿ ਉਹ ਇਸ ਨੂੰ ਜਪੁਜੀ ਸਾਹਿਬ ਦਾ ਮੂਲ ਮੰਨਦੇ ਹਨ। ਉਹ ਇਸ ਦੀ ਵਿਆਖਿਆ ਗਣਿਤ ਅਨੁਸਾਰ ਕਰਨਾ ਚਾਹੁੰਦੇ ਹਨ, ਪਰ ਇਹ ਕਿਤੇ ਵੀ ਸਪੱਸ਼ਟ ਨਹੀਂ ਕੀਤਾ ਕਿ ਇਸ ਦੇ ਕੀ ਅਰਥ ਜਾਂ ਭਾਵ ਹਨ। ਗਣਿਤ ਗਿਆਨ ਦੀ ਇਕ ਸ਼ਾਖਾ ਹੈ, ਪਰ ਸਮੁੱਚਾ ਗਿਆਨ ਨਹੀਂ ਹੈ। ਤਰਕ ਗਿਆਨ ਦੀ ਇਕ ਸ਼ਾਖਾ ਹੈ, ਪਰ ਸਮੁੱਚਾ ਗਿਆਨ ਨਹੀਂ ਹੈ। ਇਸੇ ਤਰ੍ਹਾਂ ਵਿਗਿਆਨ ਵੀ ਗਿਆਨ ਦੀ ਇਕ ਸ਼ਾਖਾ ਹੀ ਹੈ, ਸਮੁੱਚਾ ਗਿਆਨ ਨਹੀਂ ਹੈ।
ਬਹੁਤ ਸਾਰੇ ਵਿਸ਼ੇ ਮਿਲ ਕੇ ਹੀ ਗਿਆਨ ਬਣਦੇ ਹਨ। ਹਰ ਵਿਸ਼ਾ ਇਕ ਸੁਤੰਤਰ ਵਿਸ਼ਾ ਹੈ, ਕੋਈ ਇਕ ਵਿਸ਼ਾ ਦੂਜੇ ਨੂੰ ਸਿੱਧ ਕਰਨ ਲਈ ਜਾਂ ਵਿਆਖਿਆ ਲਈ ਨਹੀਂ ਵਰਤਿਆ ਜਾ ਸਕਦਾ। ਉਹ ਇਕ ਦੂਜੇ ਦੇ ਸਹਾਇਕ ਤਾਂ ਹੋ ਸਕਦੇ ਹਨ, ਪਰ ਕਿਸੇ ਦੂਜੇ ਦੇ ਪੂਰਕ ਨਹੀਂ ਹੋ ਸਕਦੇ। ਹਰ-ਇਕ ਦੀ ਵੱਖਰੀ ਹੋਂਦ ਅਤੇ ਹਸਤੀ ਹੈ।
ਧਰਮ ਅਨੁਸਾਰ ਆਤਮ-ਤੱਤਵ ਦਾ ਗਿਆਨ ਹੀ ਗਿਆਨ ਹੈ। ਬਾਕੀ ਸਭ ਵਿਗਿਆਨ ਹੈ। ਸੋ ਧਰਮ ਵੀ ਇਕ ਅਲੱਗ ਵਿਸ਼ਾ ਹੈ, ਉਸ ਦੇ ਆਪਣੇ ਸਿਧਾਂਤ ਅਤੇ ਵਿਆਖਿਆਵਾਂ ਹਨ, ਜੋ ਕਿਸੇ ਹੋਰ ਵਿਸ਼ੇ ਦੀਆਂ ਮੁਥਾਜ ਨਹੀਂ ਹਨ। ਜੇ ਜ਼ਬਰਦਸਤੀ ਕੀਤੀ ਜਾਵੇ ਤਾਂ ਅਰਥ ਦੇ ਅਨਰਥ ਹੋ ਜਾਣਗੇ। ਧਰਮ ਆਤਮਾ ਦਾ ਵਿਗਿਆਨ ਹੈ ਅਤੇ ਚੇਤਨਾ ਦਾ ਸ਼ਾਸਤਰ ਹੈ। ਇਸ ਦਾ ਆਪਣਾ ਇਕ ਵੱਖਰਾ ਖੇਤਰ ਅਤੇ ਮਾਨਤਾਵਾਂ ਹਨ। ਇਸ ਦਾ ਆਪਣਾ ਇਕ ਵੱਖਰਾ ਵਿਧੀ ਵਿਧਾਨ ਹੈ। ਉਸ ਅਨੁਸਾਰ ਹੀ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਉਸ ਨੂੰ ਸਮਝੇ ਅਤੇ ਜਾਣੇ ਬਿਨਾ ਇਸ ਦੀ ਵਿਆਖਿਆ ਨਹੀਂ ਹੋ ਸਕਦੀ। ਜੇ ਧਰਮ ਵਿਚੋਂ ਆਤਮਾ ਅਤੇ ਪਰਮਾਤਮਾ ਦਾ ਸੰਕਲਪ ਕੱਢ ਦਿੱਤਾ ਜਾਵੇ ਤਾਂ ਧਰਮ ਇਕ ਲਾਸ਼ ਬਣ ਕੇ ਰਹਿ ਜਾਵੇਗਾ।
ਧਰਮ ਸੱਤ, ਤੱਤ ਅਤੇ ਨੀਤੀ ਦੀ ਖੋਜ ਅਤੇ ਵਿਆਖਿਆ ਕਰਦਾ ਹੈ। ਇਨ੍ਹਾਂ ਅਨੁਸਾਰ ਹੀ ਜੀਵਨ ਬਤੀਤ ਕਰਨ ਦਾ ਮਾਰਗ ਹੈ। ਧਰਮ ਇਕ ਜੀਵਨ-ਜਾਚ ਜਾਂ ਸੁਚੱਜੀ ਜ਼ਿੰਦਗੀ ਜਿਉਣ ਦਾ ਢੰਗ ਹੈ, ਜਦੋਂ ਕਿ ਫੋਕੇ ਕਰਮਕਾਂਡ ਉਲਝਣ ਅਤੇ ਬੰਧਨ ਦਾ ਕਾਰਨ ਹਨ, ਜਿਸ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਥਾਂਵਾਂ ‘ਤੇ ਕੀਤੀ ਗਈ ਹੈ। ਕਰਮ ਕਾਂਡ ਨੂੰ ਅਪ੍ਰਵਾਨ ਕਰਦਿਆਂ ਬੰਧਨ ਦਾ ਕਾਰਨ ਮੰਨਿਆ ਗਿਆ ਹੈ। ਉਹ ਇਕ ਵੱਖਰਾ ਵਿਸ਼ਾ ਹੈ। ਆਪਣੇ ਨਿਜੀ ਸਰੂਪ ਨੂੰ ਜਾਣ ਲੈਣਾ ਅਤੇ ਉਸ ਨੂੰ ਪਰਮਾਤਮਾ ਵਿਚ ਲੀਨ ਕਰ ਦੇਣਾ ਹੀ ਧਰਮ ਦਾ ਅਸਲ ਉਦੇਸ਼ ਹੈ। ਇਹੋ ਹੀ ਕੈਵਲਿਆ, ਨਿਰਵਾਣ, ਮੁਕਤੀ ਅਤੇ ਮੋਕਸ਼ ਹੈ। ਇਹ ਹੀ ਮਨੁੱਖਾ ਜਨਮ ਦੀ ਸਾਰਥਕਤਾ ਅਤੇ ਮਨੋਰਥ ਹੈ।
ਆਸਾ ਕੀ ਵਾਰ ਦੀ ਪਹਿਲੀ ਪਾਉੜੀ ਦਾ ਫੁਰਮਾਨ ਹੈ,
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦ ਕਵਾਉ॥
ਕਰ ਆਸਣੁ ਡਿਠੋ ਚਾਉ॥੧॥
ਅਖੀਰ ਵਿਚ ਬੇਨਤੀ ਹੈ ਕਿ ਧਰਮ ਦੀ ਵਿਆਖਿਆ ਧਰਮ ਦੇ ਨਿਯਮਾਂ ਅਨੁਸਾਰ ਹੀ ਕੀਤੀ ਜਾਵੇ। ਅਰਥ ਦੇ ਅਨਰਥ ਨਾ ਕੀਤੇ ਜਾਣ। ਕਿਸੇ ਹੋਰ ਵਿਸ਼ੇ ਦੀਆਂ ਧਾਰਨਾਵਾਂ ਅਤੇ ਮਾਨਤਾਵਾਂ ਨਾਲ ਧਰਮ ਦੀ ਸਹੀ ਅਤੇ ਸਟੀਕ ਵਿਆਖਿਆ ਨਹੀਂ ਹੋ ਸਕਦੀ। ਉਮੀਦ ਹੈ, ਬੇਨਤੀ ਪ੍ਰਵਾਨ ਹੋਵਗੀ।