ਹਰ ਦਿਨ-ਵਰਕੇ ‘ਤੇ ਕੁਝ ਤਾਂ ਲਿਖੀਏ

ਨਵੇਂ ਵਰ੍ਹੇ ‘ਤੇ ਵਿਸ਼ੇਸ਼
ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਲਾਂਘੇ ਦੇ ਅਰਥਾਂ ਉਤੇ ਵਿਸਥਾਰ ਵਿਚ ਚਰਚਾ ਕਰਦਿਆਂ ਕਿਹਾ ਸੀ, “ਸੰਤੋਖੇ ਹੋਏ ਧਾਰਮਿਕ ਗ੍ਰੰਥਾਂ ਨੂੰ ਲਾਂਘਿਆਂ ਦੀ ਲੋੜ ਸਭ ਤੋਂ ਵੱਧ ਤਾਂ ਕਿ ਇਨ੍ਹਾਂ ਵਿਚ ਸਮੋਏ ਚਾਨਣ ਨਾਲ ਮਨੁੱਖ ਦਾ ਮੁਖੜਾ ਰੁਸ਼ਨਾਵੇ। ਅੰਧ-ਵਿਸ਼ਵਾਸ ਦੀ ਥਾਂ ਤਰਕ-ਸੋਚ ਨੂੰ ਪੈਗਾਮੀ ਪ੍ਰਵਚਨ ਬਣਾਇਆ ਜਾਵੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਨਵੇਂ ਸਾਲ ਨੂੰ ਜੀ ਆਇਆਂ ਆਖਦਿਆਂ ਪਾਠਕਾਂ ਨੂੰ ਨਵੇਂ ਸਾਲ ਵਿਚ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ, ਦਾ ਤਹੱਈਆ ਕਰਨ ਦੀ ਨਸੀਹਤ ਦਿੱਤੀ ਹੈ। ਉਹ ਕਹਿੰਦੇ ਹਨ, “ਨਵੇਂ ਸਾਲ ਦੇ ਇਕ ਵਰਕੇ ‘ਤੇ ਉਨ੍ਹਾਂ ਗੀਤਾਂ ਦੀ ਤਫਸੀਲ ਜਰੂਰ ਲਿਖਣੀ ਜਿਹੜੇ ਤੁਸੀਂ ਬਚਪਨੇ ਵਿਚ ਗੁਣਗੁਣਾਏ, ਜੋ ਚੜ੍ਹਦੀ ਜਵਾਨੀ ਵੇਲੇ ਤੁਹਾਡੇ ਹੋਠਾਂ ‘ਤੇ ਆਏ ਜਾਂ ਜਿਨ੍ਹਾਂ ਵਿਚ ਰੂਹਾਨੀਅਤ ਅਤੇ ਸਭਿਆਚਾਰਕ ਮਹਿਕ ਦਾ ਬੁੱਲਾ ਦਿਲ-ਬਰੂਹਾਂ ਮੱਲ ਖੋਤਾ ਸੀ, ਪਰ ਵਿਹਲ ਦੀ ਘਾਟ ਨੇ ਸਭ ਕੁਝ ਹਜ਼ਮ ਕਰ ਲਿਆ। ਉਹ ਕਹਿੰਦੇ ਹਨ, “ਹਰ ਸਾਲ ਦੇ ਹਰ ਦਿਨ-ਵਰਕੇ ‘ਤੇ ਕੁਝ ਅਜਿਹੀ ਇਬਾਰਤ ਜਰੂਰ ਲਿਖੀਏ, ਇਬਾਰਤ ਜੋ ਤੁਹਾਥੋਂ ਵਿਸਰੀ ਜਲਾਵਤਨੀ ਹੰਢਾ ਰਹੀ ਏ।”

-ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਜੀਵਨ, ਸਾਲਾਂ, ਮਹੀਨਿਆਂ, ਦਿਨਾਂ, ਘੰਟਿਆਂ, ਮਿੰਟਾਂ, ਸੈਕੰਡਾਂ ਅਤੇ ਪਲਾਂ ਦਾ ਨਾਮ। ਇਸ ਦੇ ਹਰੇਕ ਪਲ ਵਿਚ ਕੁਝ ਨਾ ਕੁਝ ਅਜਿਹਾ ਵਾਪਰਦਾ, ਜੋ ਜ਼ਿੰਦਗੀ ਦੀ ਨੁਹਾਰ ਨੂੰ ਪ੍ਰਭਾਵਿਤ ਕਰਦਾ।
ਬੀਤਦਾ ਜੀਵਨ, ਰੇਤ ਵਾਂਗ ਕਿਰ ਰਿਹਾ ਸਮਾਂ ਅਤੇ ਅਖੀਰ ਵਿਚ ਖਾਲੀ ਮੁੱਠੀ ਵਿਚ ਰਹਿ ਜਾਂਦੇ ਕੁਝ ਕੁ ਤਾਰਿਆਂ ਵਰਗੇ ਕਣ, ਜੋ ਸਦੀਵੀ ਹਾਸਲ ਬਣਦੇ।
ਜੀਵਨ ਦੇ ਹਰ ਪਹਿਰ ਦੇ ਵਰਕੇ ਕੋਰੇ। ਮਨੁੱਖ ਹਰ ਰੋਜ਼ ਜਾਂ ਕਦੇ ਕਦਾਈਂ ਇਸ ‘ਤੇ ਕੁਝ ਇਬਾਰਤ ਉਕਰਦਾ। ਇਬਾਰਤ, ਜੋ ਉਸ ਦੇ ਮਨ ਦਾ ਦਰਪਣ, ਭਾਵਨਾਵਾਂ ਦਾ ਪ੍ਰਗਟਾਅ, ਸੋਚ ਦਾ ਸਮੁੰਦਰੀ ਵਹਾ ਅਤੇ ਹਿਰਦੇ ਦੀਆਂ ਤਿੱਤਰਖੰਭੀਆਂ ਵਿਚਲੀ ਧੁੱਪ-ਛਾਂ ਦਾ ਝਲਕਾਰਾ।
ਜਿੰ.ਦਗੀ ਦੇ ਕੁਝ ਵਰਕੇ ਖਾਲੀ ਵੀ ਰਹਿ ਜਾਂਦੇ। ਕਿੰਜ ਪੜ੍ਹੋਗੇ ਇਨ੍ਹਾਂ ਦੀ ਇਬਾਰਤ? ਇਸ ਨੂੰ ਸਮੂਹਿਕ ਅਰਥ ਦੇਣਾ ਸਭ ਤੋਂ ਔਖਾ। ਇਸ ਕੋਰੀ ਇਬਾਰਤ ਨੂੰ ਪੜ੍ਹਨਯੋਗ ਬਣਾਉਣ ਅਤੇ ਇਸ ਦੀ ਤਕਦੀਰ ਨੂੰ ਤਸ਼ਬੀਹ ਬਣਾਉਣ ਲਈ ਜਰੂਰੀ ਹੈ, ਹਰਫਾਂ ਨਾਲ ਸਾਂਝ ਪਾਈਏ। ਹਰਫ ਜੋ ਬੋਲਦੇ, ਬੁਲਾਉਂਦੇ, ਸੁਣਦੇ, ਸੁਣਾਉਂਦੇ, ਸਮਝਦੇ ਅਤੇ ਸਮਝਾਉਂਦੇ। ਇਨ੍ਹਾਂ ਹਰਫਾਂ ਵਿਚੋਂ ਬੋਧ-ਬੋਲ, ਬਾਬਾ-ਬਾਣੀ ਅਤੇ ਬੋਧ-ਚੇਤਨਾ ਪੈਦਾ ਹੁੰਦੀ।
ਜ਼ਿੰਦਗੀ ਦੇ ਵਰਕਿਆਂ ‘ਤੇ ਇਬਾਰਤ ਲਿਖਣਾ ਅਤੇ ਇਸ ਨੂੰ ਜੀਵਨ-ਜਾਚ ਸੋਚ ਬਣਾਉਣਾ, ਮਨੁੱਖੀ ਸੋਚ ਵਿਚਲੇ ਖਲਾਅ ਨੂੰ ਪੂਰਾ ਕਰਨ ਵਿਚ ਅਹਿਮ। ਇਸ ਵੰਨੀਂ ਪਹਿਲ ਕਰਨ ਵਿਚ ਦੇਰੀ ਕਾਹਦੀ?
ਹਰ ਸਾਲ ਦੇ ਹਰ ਦਿਨ-ਵਰਕੇ ‘ਤੇ ਕੁਝ ਅਜਿਹੀ ਇਬਾਰਤ ਜਰੂਰ ਲਿਖੀਏ, ਇਬਾਰਤ ਜੋ ਤੁਹਾਥੋਂ ਵਿਸਰੀ ਜਲਾਵਤਨੀ ਹੰਢਾ ਰਹੀ ਏ। ਜਿਸ ਦੇ ਨੈਣਾਂ ਵਿਚ ਹੰਝੂ, ਸਾਹਾਂ ਵਿਚ ਸਿਸਕੀ ਅਤੇ ਅਰਥਾਂ ਵਿਚ ਅਰਦਾਸ। ਇਸ ਦੀਆਂ ਮਨੋ-ਭਾਵਨਾਵਾਂ ਨੂੰ ਪਿਘਲਾਵੋ, ਤੁਹਾਨੂੰ ਤੁਹਾਡੇ ਸਮੁੱਚ ਦੇ ਦੀਦਾਰ ਕਰਵਾਏਗੀ ਅਤੇ ਤੁਹਾਡੀ ਅਪ੍ਰਾਪਤੀ ਦੀ ਝੋਲੀ ਵਿਚ ਕੁਝ ਪ੍ਰਾਪਤੀ ਦਾ ਸ਼ਗਨ ਪਾਵੇਗੀ
ਕੁਝ ਦਿਨ-ਵਰਕਿਆਂ ‘ਤੇ ਅਪੂਰਨ ਸੁਪਨਿਆਂ ਦੀ ਪੂਰਤੀ ਦਾ ਹਲਫਨਾਮਾ ਲਿਖੋ। ਅਹਿਦ ਕਰੋ ਕਿ ਸੁਪਨਿਆਂ ਦੀ ਪੂਰਤੀ ਤੀਕ ਬੇਅਰਾਮ ਰਹਿਣਾ। ਸੁਪਨੇ ਜਿਨ੍ਹਾਂ ‘ਚ ਸਰਬੱਤ ਦਾ ਭਲਾ ਹੋਵੇ। ਸੁਪਨਾ ਜੋ ਬਿਰਖ ਲਈ ਬਹਾਰ, ਪੰਛੀਆਂ ਲਈ ਪਰਵਾਜ਼, ਅੰਬਰ ਲਈ ਚਾਨਣੀ, ਬੱਦਲਾਂ ਲਈ ਬਾਰਸ਼, ਦਰਿਆ ਲਈ ਨੀਰ ਅਤੇ ਧਰਤ ਲਈ ਜਰਖੇਜ਼ਤਾ ਦਾ ਪੈਗਾਮ ਹੋਵੇ। ਸੁਪਨਾ ਜੋ ਅਬਲਾ ਲਈ ਇੱਜਤ, ਬਚਪਨੇ ਲਈ ਸ਼ਰਾਰਤ, ਪੂਰਨਿਆਂ ਲਈ ਖਮ ਤੇ ਸਿਆਹੀ ਅਤੇ ਝੋਲੇ ਲਈ ਪੁਸਤਕ-ਭੰਡਾਰ ਬਣੇ। ਸੁਪਨਾ ਜੋ ਇਕ ਅੱਖ ਤੋਂ ਤੁਰ ਕੇ ਦੂਸਰੇ ਦੇ ਨੈਣਾਂ ਵਿਚ ਆਲ੍ਹਣਾ ਪਾਵੇ ਅਤੇ ਸੁਪਨਿਆਂ ਦਾ ਕਾਫਲਾ ਬਣ ਕੇ ਜੀਵਨ ਨੂੰ ਨਵੇਂ ਦਿਸਹੱਦਿਆਂ ਦੀ ਸੋਝੀ ਤੇ ਸੇਧ ਦੇਵੇ।
ਕੁਝ ਦਿਨ-ਵਰਕਿਆਂ ‘ਤੇ ਉਨ੍ਹਾਂ ਦੋਸਤਾਂ-ਮਿੱਤਰਾਂ ਦੇ ਸਿਰਨਾਵੇਂ ਲਿਖਣਾ ਜੋ ਤੁਹਾਡੇ ਚੇਤਿਆਂ ‘ਚੋਂ ਖੁਰ ਗਏ। ਜਿਨ੍ਹਾਂ ਨੂੰ ਕਦੇ ਮਿਲਣਾ, ਫੋਨ ਕਰਨਾ ਜਾਂ ਖੱਤ ਪਾਉਣਾ ਯਾਦ ਹੀ ਨਹੀਂ ਰਿਹਾ। ਜੀਵਨੀ ਰੁਝੇਵਿਆਂ ਨੇ ਖਾ ਲਿਆ ਸੀ, ਬਚਪਨੀ ਸਾਂਝ ਦੀ ਸੰਵੇਦਨਾ ਨੂੰ। ਫਿਰ ਤੋਂ ਨਿਰਛੱਲ ਸਬੰਧਾਂ ਵਿਚਲੀ ਅਪਣੱਤ ਤੇ ਮੋਹ ਵਿਚ ਨਹਾਉਣ ਅਤੇ ਉਨ੍ਹਾਂ ਪਲਾਂ ਨੂੰ ਮੁੜ ਤੋਂ ਜਿਉਣ ਦੀ ਚੇਸ਼ਟਾ ਮਨ ਵਿਚ ਪੈਦਾ ਕਰਨਾ। ਅਜਿਹੇ ਪਲਾਂ ਤੋਂ ਵਿਰਵਾ ਹੋ ਕੇ ਮਾਇਕ ਜਾਂ ਸਮਾਜਕ ਉਪਲਬਧੀਆਂ ਤਾਂ ਬਹੁਤ ਪ੍ਰਾਪਤ ਕਰ ਲਈਆਂ ਹੋਣਗੀਆਂ, ਪਰ ਉਹ ਸੁਖਨ, ਸਕੂਨ, ਸੰਤੁਸ਼ਟੀ ਅਤੇ ਸਹਿਜ ਤਾਂ ਕਦੇ ਮਿਲਿਆ ਹੀ ਨਹੀਂ, ਜੋ ਆਪਣੀ ਬਚਪਨੀ ਧੁਨ ਦੀ ਮਸਤੀ ਵਿਚ ਮਿਲਦਾ ਸੀ, ਜਿਹੜਾ ਮਾਂ-ਬਾਪ ਦੇ ਨੈਣਾਂ ਵਿਚ ਖੇੜਾ ਲਿਆਉਂਦਾ ਸੀ ਅਤੇ ਬਜੁਰਗਾਂ ਲਈ ਨਾਜ਼ ਦਾ ਸਬੱਬ ਹੁੰਦਾ ਸੀ।
ਇਕ ਦਿਨ ਵਰਕੇ ‘ਤੇ ਰੁੱਸ ਗਏ ਦੋਸਤਾਂ ਨੂੰ ਹਾਕ ਮਾਰੋ ਜਾਂ ਉਨ੍ਹਾਂ ਨੂੰ ਮਿਲਣ ਲਈ ਪਹਿਲ ਕਰੋ ਜੋ ਬਹੁਤ ਚਿਰ ਹੋਇਆ ਨਾਰਾਜ਼ ਹੋ ਗਏ ਸੀ। ਕੁਝ ਕਦਮ ਤੁਸੀਂ ਤੁਰੋਗੇ ਤਾਂ ਦੋਸਤ ਤੁਹਾਡੇ ਵੱਲ ਅਹੁਲਣਗੇ। ਰੁੱਸੀਆਂ ਗਲਵਕੜੀਆਂ ਵਿਚ ਨਿੱਘ ਉਪਜਾਓ, ਨਿੱਜੀ ਰੰਜਿਸ਼ਾਂ ਅਤੇ ਗਿਲੇ-ਸ਼ਿਕਵੇ ਦੂਰ ਕਰੋ। ਜ਼ਿੰਦਗੀ ਤਾਂ ਬਹੁਤ ਛੋਟੀ ਹੈ, ਇਨ੍ਹਾਂ ਨੂੰ ਮਨ-ਮੁਟਾਵ ਜਾਂ ਤਲਖੀਆਂ ਦੇ ਹਵਾਲੇ ਕਰੋਗੇ ਤਾਂ ਅਉਧ ਸਿਉਂਕੀ ਜਾਵੇਗੀ। ਹਰ ਪਲ ਨੂੰ ਇੰਜ ਮਾਣੋ, ਜਿਵੇਂ ਹਥਲਾ ਪਲ ਆਖਰੀ ਪਲ ਹੋਵੇ। ਦੋਸਤ-ਮਿਲਣੀ ਦੇ ਪਲਾਂ ਵਿਚ ਦਿਨ-ਵਰਕਿਆਂ ਦੀ ਸੰਦਲੀ ਨੁਹਾਰ ਤੁਹਾਡੇ ਚਿਹਰੇ ਦੀ ਰੰਗਤ ਨੂੰ ਦੂਣ-ਸਵਾਈ ਕਰ ਦੇਵੇਗੀ।
ਕੁਝ ਕੁ ਦਿਨ-ਵਰਕਿਆਂ ‘ਤੇ ਉਨ੍ਹਾਂ ਸਕੇ-ਸਬੰਧੀਆਂ ਦੀ ਸੂਚੀ ਬਣਾਓ, ਜਿਨ੍ਹਾਂ ਨੇ ਤੁਹਾਥੋਂ ਦੂਰੀ ਬਣਾਈ ਜਾਂ ਤੁਸੀਂ ਹੀ ਆਪਣੇ ਰੁਤਬੇ ਜਾਂ ਸ਼ੁਹਰਤ ਕਾਰਨ, ਨੇੜੇ ਲੱਗਣ ਤੋਂ ਟਾਲਾ ਵੱਟਦੇ ਰਹੇ। ਜੇ ਮਨ ਵਿਚ ਗੰਢਾਂ ਬੰਨ ਕੇ ਸਦਾ ਲਈ ਰੁਖਸਤ ਹੋ ਗਏ ਤਾਂ ਆਪਣੇ ਕਿਹੜੇ ਜੇਰੇ ਨਾਲ ਨੜੋਏ ਵਿਚ ਸ਼ਾਮਲ ਹੋਣਗੇ? ਕਿਹੜੇ ਬੋਲਾਂ ਨਾਲ ਤੁਹਾਨੂੰ ਯਾਦ ਕਰਨਗੇ? ਤੁਹਾਡੀਆਂ ਕਿਹੜੀਆਂ ਗੱਲਾਂ ਉਨ੍ਹਾਂ ਨੂੰ ਰੋਣ ਲਾਉਣਗੀਆਂ ਅਤੇ ਘਾਟ ਦਾ ਅਹਿਸਾਸ ਕਰਵਾਉਣਗੀਆਂ? ਕਿਹੜਾ ਖਲਾਅ ਤੁਹਾਡੀ ਅਣਹੋਂਦ ਕਾਰਨ ਉਨ੍ਹਾਂ ਦੇ ਮਨਾਂ ਵਿਚ ਪੈਦਾ ਹੋਵੇਗਾ? ਚੰਗੀਆਂ ਯਾਦਾਂ ਛੱਡ ਕੇ ਜਹਾਨ ਤੋਂ ਤੁਰ ਜਾਣ ਵਾਲਿਆਂ ਨੂੰ ਜਦ ਕੋਈ ਆਪਣੇ ਮਨ ਵਿਚ ਵਸਾਉਂਦਾ ਏ ਤਾਂ ਉਸ ਦਾ ਜਾਣਾ, ਜਿਉਂਦਿਆਂ ਨੂੰ ਪੀੜਤ ਵੀ ਕਰਦਾ ਅਤੇ ਇਕ ਸੁਖਦ ਅਹਿਸਾਸ ਵੀ ਪੈਦਾ ਹੁੰਦਾ ਕਿ ਤੁਰ ਗਿਆਂ ਦੀ ਸੰਗਤ ਵਿਚ ਮਾਣੇ ਪਲ, ਹੁਣ ਜ਼ਿੰਦਗੀ ਦਾ ਸਰਮਾਇਆ ਨੇ।
ਯਾਦ ਰੱਖਣਾ! ਬੰਦੇ ਦੇ ਤੁਰ ਜਾਣ ਤੋਂ ਬਾਅਦ ਸਿਰਫ ਯਾਦਾਂ ਹੀ ਬਚਦੀਆਂ ਨੇ। ਇਹ ਯਾਦਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ, ਇਹ ਖੁਦ ‘ਤੇ ਨਿਰਭਰ। ਸੰਸਾਰ ਵਿਚ ਬਹੁਤ ਸਾਰੇ ਮਿੱਤਰ-ਪਿਆਰੇ ਮਿਲਣਗੇ ਪਰ ਖੂਨ ਦਾ ਰਿਸ਼ਤਾ ਸਿਰਫ ਵਿਰਲਿਆਂ ਨਾਲ ਹੀ ਹੁੰਦਾ। ਆਂਦਰਾਂ ਦੀ ਖਿੱਚ ਜਦ ਮਨ ਵਿਚ ਤੜਫਾਹਟ ਪੈਦਾ ਕਰਦੀ ਤਾਂ ਆਪਣਿਆਂ ਨੂੰ ਹਿੱਕ ਨਾਲ ਲਾਉਣ ਅਤੇ ਪਿਛਲੀਆਂ ਤਲਖੀਆਂ ਨੂੰ ਭੁਲਾਉਣ ਤੇ ਸਦਾ ਲਈ ਮਿਟਾਉਣ ਲਈ ਮਨ ਵਿਚ ਕਾਹਲ ਪੈਦਾ ਹੁੰਦੀ। ਇਸ ਕਾਹਲ ਨੂੰ ਕੁਝ ਵਰਕਿਆਂ ‘ਤੇ ਲਾਲ ਸਿਆਹੀ ਨਾਲ ਜਰੂਰ ਲਿਖਣਾ ਤਾਂ ਕਿ ਤੁਹਾਨੂੰ ਇਹ ਸਦਾ ਯਾਦ ਰਹੇ।
ਕੁਝ ਦਿਨ-ਵਰਕੇ ਫਿਰ ਵੀ ਖਾਲੀ ਹੋਣਗੇ ਹੀ। ਇਨ੍ਹਾਂ ‘ਤੇ ਕੁਝ ਕੁ ਉਨ੍ਹਾਂ ਕਾਰਜਾਂ ਦੀ ਤਫਸੀਲ ਜਰੂਰ ਬਣਾਉਣੀ, ਜੋ ਤੁਸੀਂ ਕਰਨਾ ਲੋਚਦੇ ਸੀ ਪਰ ਤੁਹਾਡੇ ਰੁਝੇਵਿਆਂ ਨੇ ਇਨ੍ਹਾਂ ਕਾਰਜਾਂ ਨੂੰ ਪਿਛੇ ਹੀ ਪਾਈ ਰੱਖਿਆ। ਇਨ੍ਹਾਂ ਵਿਚ ਕੁਝ ਅਜਿਹੇ ਥਾਂਵਾਂ ਦੀ ਸੈਰ ਹੋ ਸਕਦੀ, ਜਿਥੇ ਕੁਦਰਤ ਨੂੰ ਭਰਪੂਰ ਮਾਣਨ ਦਾ ਚਾਅ, ਮਨੁੱਖੀ ਪ੍ਰਾਪਤੀਆਂ ਨੂੰ ਨਿਹਾਰਨ ਦਾ ਵਲਵਲਾ, ਬੀਤੀਆਂ ਮਹਾਨ ਸ਼ਖਸੀਅਤਾਂ ਨਾਲ ਜੁੜੀਆਂ ਥਾਂਵਾਂ ਦੀ ਅਕੀਦਤ, ਸਮੁੰਦਰੀ ਤੱਟ ‘ਤੇ ਬਹਿ ਕੇ ਛੱਲਾਂ ਨਾਲ ਗੱਲਾਂ ਕਰਨੀਆਂ, ਬੀਚ ‘ਤੇ ਖੁਦ ਨਾਲ ਸੰਵਾਦ ਰਚਾਉਣਾ, ਜੰਗਲ-ਜੂਹ ਵਿਚ ਪਰਿੰਦਿਆਂ ਤੇ ਜੀਵ-ਸੰਸਾਰ ਵਿਚ ਝਾਤ ਮਾਰਨੀ, ਪਰਬਤ ਦੀ ਟੀਸੀ ‘ਤੇ ਬਹਿ ਕੇ ਅੰਬਰ ਨਾਲ ਗੁਫਤਗੂ ਕਰਨੀ, ਬੱਦਲਾਂ ਨਾਲ ਯਾਰੀ ਪਾਉਣੀ ਹੋਵੇ ਜਾਂ ਆਲੇ-ਦੁਆਲੇ ਪਸਰੀ ਸੁੰਨ ਵਿਚ ਸੁੰਨ-ਸਮਾਧੀ ਲਾਉਣੀ ਹੋਵੇ। ਕੁਝ ਅਜਿਹੀ ਕਵਿਤਾ, ਗੀਤ ਜਾਂ ਕਾਵਿ-ਰਚਨਾ ਕਰਨ ਦਾ ਖਿਆਲ ਵੀ ਹੋ ਸਕਦਾ, ਜੋ ਹੁਣ ਤੀਕ ਸਿਰਫ ਖਿਆਲ ਸੀ। ਇਸ ਨੂੰ ਖਬਤ ਜਰੂਰ ਬਣਾਉਣਾ। ਮਨ ਵਿਚ ਚਿਤਵੀ ਕਲਾ-ਕ੍ਰਿਤ ਨੂੰ ਉਡੀਕਦੀ ਏ ਤੁਹਾਡੇ ਘਰ ਦੀ ਸੁੰਨੀ ਦੀਵਾਰ। ਦੀਵਾਰ ਦੇ ਭਾਗ ਜਗਾਉਣ ਅਤੇ ਇਸ ਨੂੰ ਸੁੰਦਰ ਬਣਾਉਣ ਵੰਨੀਂ ਉਦਮ ਜਰੂਰ ਕਰਨਾ, ਕਿਉਂਕਿ ਉਦਮ ਕਰੇਂਦਿਆਂ ਹੀ ਕੁਝ ਹਾਸਲ ਹੁੰਦਾ। ਬੇਹਿੰਮਤੀ ਵਿਚ ਬਹੁਤ ਸਮਾਂ ਗਵਾ ਲਿਆ। ਬਹੁਤ ਘੱਟ ਸਮਾਂ ਬਚਿਆ ਏ ਤੁਹਾਡੇ ਕੋਲ। ਇਸ ਨੂੰ ਅਜਾਈਂ ਨਾ ਗਵਾਉਣਾ। ਇਸ ਦੀ ਸੁਯੋਗਤਾ ਨੂੰ ਜੀਵਨ-ਪਹਿਲ ਦੇ ਨਾਮ ਲਾਉਣਾ। ਅਧੂਰੇ ਕਾਰਜਾਂ ਵਿਚ ਦੇਸ਼-ਵਿਦੇਸ਼ ਦੀ ਸੈਰ, ਕਿਸੇ ਤੀਰਥ-ਯਾਤਰਾ ‘ਤੇ ਜਾਣ ਦਾ ਵਿਚਾਰ ਵੀ ਹੋ ਸਕਦਾ ਜਾਂ ਕਿਸੇ ਲੰਮੇ ਸਫਰ ‘ਤੇ ਜਾ ਕੇ ਖੁਦ ਵਿਚੋਂ ਖੁਦ ਦੀ ਜਾਮਾ-ਤਲਾਸ਼ੀ ਕਰਨ ਦਾ ਫੁਰਨਾ ਵੀ ਮਨ ਵਿਚ ਪੈਦਾ ਹੋ ਸਕਦਾ। ਬਹੁਤ ਸਾਰੇ ਫੁਰਨਿਆਂ ਨੂੰ ਤਾਂ ਅਸੀਂ ਖੁਦ ਹੀ ਖਤਮ ਕਰ ਦਿੰਦੇ ਹਾਂ। ਪਰ ਕਦੇ ਕਦਾਈਂ ਇਨ੍ਹਾਂ ਫੁਰਨਿਆਂ ਦੀ ਤਲੀ ‘ਤੇ ਤਿਲ-ਫੁਲ ਜਰੂਰ ਧਰਿਆ ਕਰੋ। ਕਈ ਵਾਰ ਅਜਿਹੇ ਫੁਰਨੇ ਹੀ ਜੀਵਨ ਦਾ ਹਾਸਲ ਤੇ ਸੁੱਚਮ ਬਣ ਕੇ ਸਦੀਵੀ ਪ੍ਰਸਿੱਧੀ ਵੀ ਬਣਦੇ। ਬਹੁਤ ਸਾਰੀਆਂ ਖੋਜਾਂ, ਕਲਾਵਾਂ, ਕੀਰਤੀਆਂ ਆਦਿ ਮਨ ਦੇ ਫੁਰਨਿਆਂ ਦੀ ਪੈਦਾਇਸ਼ ਹੀ ਹਨ।
ਨਵੇਂ ਸਾਲ ਦੇ ਕੁਝ ਦਿਨ-ਵਰਕਿਆਂ ‘ਤੇ ਉਨ੍ਹਾਂ ਚਾਵਾਂ, ਲਾਡਾਂ ਅਤੇ ਸਹੂਲਤਾਂ ਦਾ ਵਰਣਨ ਕਰੋ, ਜੋ ਤੁਹਾਨੂੰ ਬਾਲ ਵਰੇਸ ਵਿਚ ਨਹੀਂ ਮਿਲੀਆਂ, ਜਿਨ੍ਹਾਂ ਦੀ ਘਾਟ ਤੁਹਾਨੂੰ ਹੁਣ ਤੀਕ ਵੀ ਰੜਕਦੀ ਏ। ਵਾਸਤਾ ਜੇ! ਇਨ੍ਹਾਂ ਸਹੂਲਤਾਂ ਤੋਂ ਵਿਰਵਿਆਂ ਲਈ, ਉਦਮ-ਆਸ ਕਰਨ ਦਾ ਤਹੱਈਆ ਕਰੋ। ਇਨ੍ਹਾਂ ਦੀ ਅਣਹੋਂਦ ਹੰਢਾ ਰਹੀ ਬਾਲ ਵਰੇਸ ਨੂੰ ਉਨ੍ਹਾਂ ਲਾਡਾਂ, ਚਾਵਾਂ ਅਤੇ ਸਹੂਲਤਾਂ ਦਾ ਵਰਦਾਨ ਦੇਣ ਲਈ ਉਪਰਾਲਾ ਜਰੂਰ ਕਰਨਾ। ਇਸ ਨਾਲ ਨਿੱਕੇ ਕਦਮਾਂ ਵਿਚ ਪੈਦਾ ਹੋਇਆ ਉਤਸ਼ਾਹ, ਸੁਪਨਹੀਣ ਅੱਖਾਂ ਵਿਚ ਪੈਦਾ ਹੋਈ ਲਿਸ਼ਕ, ਬੱਚਿਆਂ ਦੇ ਰੁਆਂਸੇ ਚਿਹਰਿਆਂ ‘ਤੇ ਮੁਸਕਰਾਹਟ ਦੀ ਪਰਤ ਅਤੇ ਬਾਲ-ਮਨਾਂ ਵਿਚ ਕੁਝ ਕਰਨ ਦਾ ਵਿਸਮਾਦ, ਜਦ ਸੁਪਨ-ਰਾਹ ਤੁਰ ਪਿਆ ਤਾਂ ਬਚਪਨੀ ਘਾਟਾਂ ਤੁਹਾਨੂੰ ਨਹੀਂ ਸਤਾਉਣਗੀਆਂ। ਤੁਹਾਨੂੰ ਕੁਝ ਲੈਣ ਨਾਲੋਂ ਕੁਝ ਦੇਣ ਵਿਚ ਵੱਧ ਸੁੱਖ ਅਤੇ ਸੰਤੁਸ਼ਟੀ ਦਾ ਅਹਿਸਾਸ ਹੋਵੇਗਾ।
ਨਵੇਂ ਸਾਲ ਦੇ ਇਕ ਵਰਕੇ ‘ਤੇ ਉਨ੍ਹਾਂ ਗੀਤਾਂ ਦੀ ਤਫਸੀਲ ਜਰੂਰ ਲਿਖਣੀ, ਜੋ ਤੁਸੀਂ ਬਚਪਨੇ ਵਿਚ ਗੁਣਗੁਣਾਏ, ਜੋ ਚੜ੍ਹਦੀ ਜਵਾਨੀ ਵੇਲੇ ਤੁਹਾਡੇ ਹੋਠਾਂ ‘ਤੇ ਆਏ ਜਾਂ ਜਿਨ੍ਹਾਂ ਵਿਚ ਰੂਹਾਨੀਅਤ ਅਤੇ ਸਭਿਆਚਾਰਕ ਮਹਿਕ ਦਾ ਬੁੱਲਾ ਦਿਲ-ਬਰੂਹਾਂ ਮੱਲ ਖਲੋਤਾ ਸੀ, ਪਰ ਵਿਹਲ ਦੀ ਘਾਟ ਨੇ ਸਭ ਕੁਝ ਹਜ਼ਮ ਕਰ ਲਿਆ। ਉਨ੍ਹਾਂ ਗੀਤਾਂ ਨੂੰ ‘ਕੱਲੇ ਬੈਠ ਕੇ ਸੁਣਨਾ, ਮਨ ‘ਚ ਵਿਸਮਾਦੀ ਲੋਰ ਉਪਜਾਉਣੀ ਅਤੇ ਲੰਘ ਚੁਕੇ ਵਕਤ ਨੂੰ ਮੋੜ ਲਿਆਉਣਾ। ਤੁਹਾਨੂੰ ਸਮੇਂ ਦੇ ਠਹਿਰ ਜਾਣ ਦਾ ਅਹਿਸਾਸ ਹੋਵੇਗਾ। ਇਸ ਵਕਤ ਦੀ ਉਡੀਕ ਵਿਚ ਸਾਹਾਂ ਨੂੰ ਵਿਅਰਥ ਹੀ ਗਵਾਉਂਦੇ ਰਹੇ। ਕਿੰਨੇ ਸਹਿਜ ਤੇ ਸੁਹਜਮਈ ਹੋਣਗੇ ਉਹ ਪਲ, ਜਿਨ੍ਹਾਂ ਦੀ ਮਹਿਰੂਮੀਅਤ ਸਦਾ ਖਟਕਦੀ ਰਹੀ। ਇਨ੍ਹਾਂ ਪਲਾਂ ਨੂੰ ਜੀ ਭਰ ਕੇ ਜੀਓ।
ਇਸ ਸਾਲ ਦੇ ਕੈਲੰਡਰ ‘ਤੇ ਇਕ ਵਰਕੇ ‘ਤੇ ਕੁਝ ਅਜਿਹਾ ਜਰੂਰ ਲਿਖਣਾ ਜੋ ਧਾਰਮਿਕ ਕੱਟੜਤਾ ਲਈ ਚੁਣੌਤੀ ਹੋਵੇ, ਹੱਦਾਂ-ਸਰਹੱਦਾਂ ਦੀ ਰੁਕਾਵਟ ਨੂੰ ਤੋੜਨ ਲਈ ਹੰਭਲਾ ਹੋਵੇ, ਜਮਾਤੀ ਵਲਗਣਾਂ ਨੂੰ ਉਲੰਘਣ ਲਈ ਪੁਟਿਆ ਪੱਬ ਹੋਵੇ, ਸਮਾਜਕ ਨਾ-ਬਰਾਬਰੀ ਨੂੰ ਦੂਰ ਕਰਨ ਲਈ ਪੈਗਾਮ ਹੋਵੇ, ਸੁਪਨਹੀਣਾਂ ਲਈ ਸੁਪਨਮਈ ਨੀਂਦ ਦੀ ਆਗੋਸ਼ ਹੋਵੇ, ਭੁੱਖੇ ਪੇਟ ਲਈ ਟੁੱਕਰ ਹੋਵੇ, ਪਲੀਤ ਪੌਣ ਲਈ ਪਾਕੀਜ਼ਗੀ ਦਾ ਪ੍ਰਮਾਣ ਹੋਵੇ, ਪਲੀਤ ਪਾਣੀਆਂ ਦੀ ਸਫਾਫਤ ਲਈ ਸਫਲ-ਸਾਧਨ ਹੋਵੇ, ਧਰਤ ਦੀ ਕੁੱਖ ਵਿਚਲੀ ਜਹਿਰ ਨੂੰ ਚੂਸੇ, ਉਜੜੇ ਆਲ੍ਹਣਿਆਂ ਨੂੰ ਮੁੜ ਵੱਸਣ ਦਾ ਸੰਦੇਸ਼ ਹੋਵੇ ਅਤੇ ਬੋਟਾਂ ਦੀ ਪਹਿਲੀ ਪਰਵਾਜ਼ ਦਾ ਸਬਕ ਹੋਵੇ।
ਨਵੇਂ ਸਾਲ ਦੇ ਦਿਨ-ਵਰਕਿਆਂ ‘ਤੇ ਕੁਝ ਅਪਹੁੰਚ ਅਤੇ ਅਸੰਭਵ ਲੱਗਦੇ ਦਿਸਹੱਦਿਆਂ ਦਾ ਦ੍ਰਿਸ਼ ਜਰੂਰ ਸਿਰਜਣਾ ਤਾਂ ਕਿ ਮਨ ਨੂੰ ਪਤਾ ਤਾਂ ਲੱਗੇ ਕਿ ਕੁਝ ਵੀ ਅਸੰਭਵ, ਅ-ਪਹੁੰਚ ਅਤੇ ਅ-ਪ੍ਰਾਪਤ ਨਹੀਂ ਹੁੰਦਾ। ਸਿਰਫ ਸਾਡੀ ਹਿੰਮਤ, ਸਿਰੜ, ਸਾਧਨਾ ਹੀ ਹੀਣੀ ਹੁੰਦੀ, ਜੋ ਸੰਭਵ ਨੂੰ ਅਸੰਭਵ ਦਾ ਹਊਆ ਬਣਾ ਦਿੰਦੀ। ਇਨ੍ਹਾਂ ਵੰਨੀਂ ਹੁਣ ਦੇਖਣਾ, ਤੁਹਾਨੂੰ ਲੱਗੇਗਾ ਕਿ ਇਹ ਤਾਂ ਤੁਹਾਡੀ ਪਹੁੰਚ ਵਿਚ ਹੀ ਸੀ। ਜੀਵਨ ਤਾਂ ਚਲਦੇ ਰਹਿਣ ਦਾ ਨਾਮ ਹੈ ਅਤੇ ਸਫਰ ਵਿਚ ਰਹਿਣ ਵਾਲੇ ਲੋਕ ਬੁਲੰਦੀਆਂ ਦਾ ਨਾਮਕਰਣ ਬਣਦੇ। ਤੁਰਨ ਵਾਲੇ ਬਹੁਤ ਅੱਗੇ ਲੰਘ ਜਾਂਦੇ ਨੇ ਅਤੇ ਫਾਡੀ ਰਹਿਣ ਵਾਲਿਆਂ ਦੀ ਝੋਲੀ ਵਿਚ ਇਕ ਪਛਤਾਵਾ ਹੀ ਰਹਿ ਜਾਂਦਾ। ਉਨ੍ਹਾਂ ਨੂੰ ਝੂਰਨ ਤੋਂ ਸਿਵਾਏ ਕੁਝ ਵੀ ਹਾਸਲ ਨਹੀਂ ਹੁੰਦਾ।
ਨਵੇਂ ਸਾਲ ਦੇ ਦਿਨ-ਵਰਕੇ ਤੇ ਆਪਣੀਆਂ ਤਰਜ਼ੀਹਾਂ ਅਤੇ ਤਦਬੀਰਾਂ ਦੀ ਤਵਾਰੀਖ ਜਰੂਰ ਲਿਖਣਾ। ਆਪਣੀ ਜੀਵਨ-ਸ਼ੈਲੀ ਨੂੰ ਕਿਹੜੇ ਅਰਥ ਦੇਣੇ ਅਤੇ ਰਹਿਣ-ਸਹਿਣ, ਖਾਣ-ਪੀਣ ਅਤੇ ਦਿੱਖ ਵਿਚ ਕੁਝ ਅਜਿਹਾ ਕਰਨਾ ਕਿ ਇਹ ਦੰਭ ਨਾ ਰਹੇ। ਸਗੋਂ ਇਸ ਵਿਚੋਂ ਸੁਚਮ, ਸਾਦਗੀ ਅਤੇ ਸੁਚਮਤਾ ਦਾ ਝਲਕਾਰਾ ਨਜ਼ਰ ਆਵੇ। ਅੰਦਰੋਂ-ਬਾਹਰੋਂ ਇਕਸਾਰ। ਪੂਰਨ ਪਾਰਦਰਸ਼ਤਾ। ਕੂੜ ਕਪਟ ਤੋਂ ਦੂਰ। ਪਰਤਾਂ ‘ਚ ਜਿਉਣ ਤੋਂ ਤੋਬਾ। ਮੁਖੌਟਿਆਂ ਤੋਂ ਨਫਰਤ। ਕਹਿਣੀ ਤੇ ਕਰਨੀ ਵਿਚ ਸੰਪੂਰਨ। ਕਰਮ-ਧਰਮ ਦੀ ਪੂਜਾ। ਕਰਮ-ਕੀਰਤੀ ਦਾ ਰਾਗ ਮਨ-ਮੰਦਿਰ ਵਿਚ ਉਪਜਾਉਣ ਦਾ ਹੀਲਾ ਅਤੇ ਹੱਠ। ਸੱਚ ਸਬਰ, ਸੰਤੋਖ ਅਤੇ ਸਧਾਰਨਤਾ ਵਿਚ ਰਹਿਣ ਵਾਲਿਆਂ ਲਈ ਰੁਤਬਿਆਂ ਜਾਂ ਮਹਿਲ ਮਾੜੀਆਂ ਦੇ ਕੋਈ ਅਰਥ ਨਹੀਂ। ਨਾ ਹੀ ਉਨ੍ਹਾਂ ਨੂੰ ਦਿਖਾਵੇ ਦੇ ਦਰਪਣ ਵਿਚੋਂ ਝਾਤ ਮਾਰਨੀ ਪੈਂਦੀ। ਉਹ ਜੋ ਹੁੰਦੇ, ਉਹੀ ਦਿਸਦੇ। ਉਹੀ ਰੰਗ ਉਨ੍ਹਾਂ ਦੇ ਬੋਲਾਂ, ਸ਼ਬਦਾਂ ਅਤੇ ਕਰਮ-ਜਾਚਨਾ ਵਿਚੋਂ ਪ੍ਰਗਟਦਾ। ਇਸ ਨੂੰ ਜੀਵਨੀ ਅਸੂਲ ਜਰੂਰ ਬਣਾਉਣਾ। ਪਰਤਾਂ ਵਿਚ ਖੁਰਨ ਨਾਲੋਂ ਤਾਂ ਚੰਗਾ ਹੁੰਦਾ ਹੈ ਬੇ-ਪਰਤੇ ਹੋ ਕੇ ਖੁਦ ਨੂੰ ਖੁਦ ਦੀ ਬਾਰਸ਼ ਵਿਚ ਰੱਜ ਕੇ ਭਿਉਣਾ। ਕਿਸੇ ਰੰਗ ਦੇ ਲੱਥਣ ਦਾ ਖਦਸ਼ਾ ਨਹੀਂ ਹੋਵੇਗਾ।
ਨਵੇਂ ਸਾਲ ਵਿਚ ਕੁਝ ਵਾਅਦੇ ਕਰੋ ਖੁਦ ਨਾਲ, ਜੋ ਟੁੱਟੇ ਹੋਏ ਵਾਅਦਿਆਂ ਨੂੰ ਵਫਾ ਵੰਨੀਂ ਤੋਰਨ। ਕੁਝ ਕਸਮਾਂ ਪਾਓ ਤਾਂ ਕਿ ਮਨ ਦੀ ਕਰੜਾਈ ਤੇ ਪਕਿਆਈ ਵਿਚਲੀਆਂ ਚੋਰ-ਮੋਰੀਆਂ ਸਦਾ ਲਈ ਬੰਦ ਹੋ ਜਾਣ। ਆਪਣੇ ਸਿਰੜ ਤੇ ਸਦਾ ਸਥਿਰ ਰਹੋ। ਸਾਬਤ ਰਹਿਣ ਵਾਲੇ ਲੋਕ ਲਿਫ ਤਾਂ ਸਕਦੇ ਨੇ, ਪਰ ਕਦੇ ਟੁੱਟਦੇ ਨਹੀਂ। ਉਹ ਅਜਿਹੇ ਰੁਖ, ਜੋ ਤੁਫਾਨਾਂ ਵਿਚ ਸਿਰਫ ਲਿਫਦੇ। ਇਸ ਦੇ ਲੰਘ ਜਾਣ ਤੋਂ ਬਾਅਦ ਫਿਰ ਹਿੱਕ ਤਾਣ ਕੇ ਖੜੇ ਹੋ ਜਾਂਦੇ ਛਾਂਵਾਂ ਵੰਡਣ, ਹਰਿਆਵਲ ਦਾ ਰਾਗ ਪੈਦਾ ਕਰਨ ਅਤੇ ਪਰਿੰਦਿਆਂ ਦੇ ਘਰਾਂ ਦੀ ਤਾਮੀਰਦਾਰੀ ਕਰਨ।
ਨਵੇਂ ਸਾਲ ਦੇ ਪਹਿਲੇ ਵਰਕੇ ‘ਤੇ ਇਹ ਜਰੂਰ ਲਿਖਣਾ ਕਿ ਬੀਤੇ ਨੂੰ ਭੁੱਲ ਜਾਣਾ, ਇਕ ਨਵੀਂ ਸ਼ੁਰੂਆਤ ਕਰਨੀ ਹੁੰਦੀ। ਸੁਪਨਗੋਈ ਵਿਚ ਨਵੀਂਆਂ ਖਾਬਗਾਹਾਂ ਦੀ ਸਿਰਜਣਾ ਕਰਨੀ। ਖਾਬਗਾਹਾਂ ਜੋ ਸਰਬ-ਸਾਂਝੀਆਂ ਹੋਣ, ਜਿਨ੍ਹਾਂ ‘ਚ ਖੁਸ਼ੀਆਂ ਤੇ ਖੇੜਿਆਂ ਦਾ ਵਾਸ ਹੋਵੇ, ਸਰਬ-ਸੁਖਨ ਅਤੇ ਸ਼ੁਭ-ਚਿੰਤਨ ਦੀ ਲਾਲਸਾ ਹੋਵੇ ਅਤੇ ਕੁਝ ਚੰਗੇਰਾ ਕਰਨ ਦਾ ਉਦਮ, ਆਦੇਸ਼ ਤੇ ਸੰਦੇਸ਼ ਹੋਵੇ। ਇਸ ਨਾਲ ਸੂਰਜ ਦੀ ਭਾਅ ਮਾਰਦੇ ਕੁਝ ਸਿਰਨਾਵੇਂ ਵਕਤ-ਵਰਕਿਆਂ ਦਾ ਹਾਸਲ ਬਣਨਗੇ, ਜੋ ਭਵਿਖ ਨੂੰ ਨਵਾਂ ਮਾਰਗ-ਦਰਸ਼ਨ ਦੇਣਗੇ।
ਸਾਲ ਦੇ ਪਹਿਲੇ ਦਿਨ-ਵਰਕੇ ‘ਤੇ ਜਰੂਰ ਲਿਖਣਾ ਕਿ ਉਨ੍ਹਾਂ ਗਲਤੀਆਂ, ਖੁਨਾਮੀਆਂ, ਕਮੀਆਂ ਅਤੇ ਕੁਤਾਹੀਆਂ ਨੂੰ ਮੁੜ ਨਹੀਂ ਦੁਹਰਾਉਣਾ, ਜਿਨ੍ਹਾਂ ਕਰਕੇ ਜੀਵਨ ‘ਚ ਨਮੋਸ਼ੀ ਹੋਈ, ਰਿਸ਼ਤਿਆਂ ਵਿਚ ਕੜਵਾਹਟ ਤੇ ਖਿਚੋਤਾਣ ਪੈਦਾ ਹੋਈ, ਸਬੰਧ ਵਿਗੜੇ, ਆਪਣਿਆਂ ਤੋਂ ਹੀ ਮਨ-ਉਚਾਟ ਹੋ ਗਿਆ, ਮਰਹਮ ਦੀ ਥਾਂ ਡੂੰਘੇ ਫੱਟ ਲਾਏ ਅਤੇ ਸ਼ਬਦਾਂ ਵਿਚ ਤਲਖੀ, ਕਰੋਧ, ਕਰੂਰਤਾ ਤੇ ਕੁੜੱਤਣ ਦਾ ਵਾਸਾ ਸੀ। ਇਨ੍ਹਾਂ ਨੂੰ ਸੋਧਣਾ ਅਤੇ ਖੁਦ ਨੂੰ ਸੰਭਾਲਣਾ। ਨਵੀਂ ਕਿਰਨ-ਕੀਰਤੀ ਪੈਦਾ ਕਰਨ ਲਈ ਨਵੀਂ ਵਿਉਂਤਬੰਦੀ ਕਰਨੀ, ਜੀਵਨੀ-ਸੁੱਚਮ ਨੂੰ ਨਵੀਂਆਂ ਬੁਲੰਦੀਆਂ ਹਾਸਲ ਹੋਣਗੀਆਂ।
ਅਜਿਹੀ ਆਸ ਤਾਂ ਨਵੇਂ ਸਾਲ ਦੇ ਪਹੁ-ਫੁਟਾਲੇ ‘ਤੇ ਕਦਮ ਧਰਨ ਵਾਲਿਆਂ ਤੋਂ ਰੱਖੀ ਹੀ ਜਾ ਸਕਦੀ ਹੈ ਕਿਉਂਕਿ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ। ਇਸ ਨੂੰ ਹੋਰ ਹੁਸੀਨ ਅਤੇ ਸੁੰਦਰ ਬਣਾਉਣ ਦਾ ਖਬਤ ਖਿਆਲ ਬਣ ਜਾਵੇ ਤਾਂ ਹਰ ਦਿਨ ਹੀ ਨਵੇਂ ਸਾਲ ਦਾ ਪਹਿਲਾ ਦਿਨ ਹੁੰਦਾ।