ਰੁਮਾਲ ਦਾ ਕਮਾਲ

ਬਲਜੀਤ ਬਾਸੀ
ਹਮਾਤੜਾਂ ਕੋਲ ਪਹਿਲੀਆਂ ‘ਚ ਰੁਮਾਲ ਕਿੱਥੇ ਹੁੰਦਾ ਸੀ! ਜਦ ਕਦੇ ਨਲੀ ਵਗਣੀ, ਝੱਟ ਦੇਣੀ ਝੱਗੇ ਦੀ ਬਾਂਹ ਨਾਲ ਪੂੰਝ ਲੈਣੀ। ਜੇ ਨੱਕ ਸੁਣਕਣਾ ਪਵੇ ਤਾਂ ਨਲੀ ਨਾਲ ਲਿਬੜਿਆ ਹੱਥ ਝੱਗੇ ਦੀ ਝੋਲੀ ਨਾਲ ਮਲ ਲੈਣਾ! ਮਾਂ ਵੱਧ ਤੋਂ ਵੱਧ ਕਿਸੇ ਪੁਰਾਣੀ ਲੀਰ ਨਾਲ ਇਹ ਕੰਮ ਨਿਪਟਾ ਦਿੰਦੀ। ਬਥੇਰੇ ਲੋਕ ਅਜਿਹੀ ਕਸੂਤੀ ਸਥਿਤੀ ਵਿਚ ਅਜਿਹਾ ਹੀ ਕਰਦੇ ਸਨ ਤੇ ਅੱਜ ਵੀ ਕਰਦੇ ਹਨ। ਮੱਧ ਵਰਗੀ ਜਾਂ ਇਸ ਤੋਂ ਉਪਰਲੇ ਵਰਗ ਦੇ ਲੋਕ ਰੁਮਾਲ ਨਾਂ ਦੀ ਵਧੀਆ ਟਾਕੀ ਆਪਣੀ ਜੇਬ ਵਿਚ ਪਾਈ ਰੱਖਦੇ ਹਨ ਤੇ ਨੱਕ, ਹੱਥ, ਪਸੀਨਾ ਪੂੰਝਣ ਜਾਂ ਛਿੱਕ, ਖੰਘ, ਉਬਾਸੀ ਆਉਣ ‘ਤੇ ਮੂੰਹ ਢਕਣ ਲਈ ਬੜੀ ਨਜ਼ਾਕਤ ਨਾਲ ਇਸ ਦੀ ਵਰਤੋਂ ਕਰਦੇ ਹਨ। ਸਾਦੇ ਤੋਂ ਸਾਦਾ ਰੁਮਾਲ ਇੱਕ ਛੋਟਾ ਜਿਹਾ ਚੌਰਸ ਕੱਪੜੇ ਦਾ ਟੁਕੜਾ ਹੀ ਤਾਂ ਹੈ, ਜਿਸ ਨੂੰ ਚਾਰੇ ਪਾਸਿਓਂ ਸੂਈ ਜਾਂ ਸਿਲਾਈ ਮਸ਼ੀਨ ਨਾਲ ਲੇੜ੍ਹਿਆ ਹੁੰਦਾ ਹੈ। ਮੁਢਲੇ ਤੌਰ ‘ਤੇ ਇਸ ਦੀ ਵਰਤੋਂ ਹੱਥ ਪੂੰਝਣਾ ਹੀ ਰਹੀ ਹੋਵੇਗੀ। ਸਮੇਂ ਨਾਲ ਕੋਈ ਵੀ ਮਨੁੱਖੀ ਉਤਪਾਦ ਬਹੁ-ਉਪਯੋਗੀ ਹੋ ਜਾਂਦਾ ਹੈ ਤੇ ਹੌਲੀ ਹੌਲੀ ਠਾਠ-ਬਾਠ ਦੀ ਨਿਸ਼ਾਨੀ ਤੇ ਕਲਾ ਦਾ ਨਮੂਨਾ ਵੀ ਬਣਨ ਲਗਦਾ ਹੈ। ਹੱਥ ਪੂੰਝਣ ਲਈ ਬਣਿਆ ਰੁਮਾਲ ਲਗਾਤਾਰ ਆਪਣਾ ਭੇਸ ਤੇ ਭੁਮਿਕਾ ਵਧਾਉਂਦਾ ਰਿਹਾ ਹੈ।

ਖਾਣ ਪੀਣ ਦੀਆਂ ਚੀਜ਼ਾਂ, ਖਾਸ ਤੌਰ ‘ਤੇ ਪ੍ਰਸ਼ਾਦ ਢਕਣ ਲਈ ਆਮ ਹੀ ਰੁਮਾਲ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਮੇਰੇ ਜਿਹੇ ਮੋਨੇ ਸਿੱਖਾਂ ਨੂੰ ਗੁਰਦੁਆਰੇ ਵੜਨ ਸਮੇਂ ਪੱਗ ਦੀ ਥਾਂ ਰੁਮਾਲ ਨਾਲ ਸਿਰ ਢਕਣ ਦੀ ਇਜਾਜ਼ਤ ਹੈ। ਬਟੂਆ ਜਾਂ ਪਰਸ ਨਾ ਖਰੀਦ ਸਕਣ ਵਾਲੇ ਆਪਣੀ ਨਕਦੀ ਰੁਮਾਲ ਵਿਚ ਵਲੇਟ ਕੇ ਸਾੜੀ ਜਾਂ ਧੋਤੀ ਦੇ ਪੱਲੂ ਨਾਲ ਬੰਨ੍ਹ ਲੈਂਦੇ ਹਨ, ਜਦ ਕਿ ਪਰਦਾ ਕਰਦੀਆਂ ਔਰਤਾਂ ਰੁਮਾਲ ਆਪਣੇ ਬਟੂਏ ਵਿਚ ਪਾ ਕੇ ਰਖਦੀਆਂ ਹਨ। ਪਹਿਲੀਆਂ ਵਿਚ ਕਈ ਮਰਦ ਦੋਵੇਂ ਮੋਢਿਆਂ ‘ਚ ਰੁਮਾਲ ਸੁੱਟ ਕੇ ਇਸ ਤੋਂ ਗੁਲੂਬੰਦ ਦਾ ਕੰਮ ਵੀ ਲੈਂਦੇ ਸਨ। ਜਵਾਨੀ ਵਿਚ ਪੈਂਦੇ ਰੁਮਾਂਸ ਦੇ ਦੌਰੇ ਦੌਰਾਨ ਰੁਮਾਲ ਪਿਆਰ ਦੀ ਨਿਸ਼ਾਨੀ ਵਜੋਂ ਵੀ ਵਟਾਏ ਜਾਂਦੇ ਹਨ।
ਸੱਗਾ-ਰੱਤਾ ਸਾਕਾਂ ਅਤੇ ਵੱਡੇ ਲੋਕਾਂ ਨੂੰ ਰੁਮਾਲ ਸਤਿਕਾਰ ਵਜੋਂ ਭੇਟ ਕੀਤੇ ਜਾਂਦੇ ਰਹੇ ਹਨ। ਰੁਮਾਲਾਂ ਤੋਂ ਦੂਰ ਤੱਕ ਸੈਨਤਾਂ ਸੁੱਟਣ ਦਾ ਕੰਮ ਵੀ ਲਿਆ ਜਾਣ ਲੱਗ ਪਿਆ। ਜਾਦੂਗਰ ਰੁਮਾਲ ਵਿਚ ਸਿੱਕਾ ਰੱਖ ਕੇ ਤੇ ਛੂਮੰਤਰ ਕਰਕੇ ਸਿੱਕਾ ਗਾਇਬ ਕਰ ਦਿੰਦੇ ਹਨ। ਠੱਗੀ ਠੋਰੀ ਦੇ ਜ਼ਮਾਨੇ ਵਿਚ ਠੱਗ ਰੁਮਾਲ ਦੇ ਵਿਚਕਾਰ ਸਿੱਕਾ ਲਪੇਟ ਕੇ ਆਪਣੇ ਸ਼ਿਕਾਰ ਨੂੰ ਗਲਾ ਘੁੱਟ ਕੇ ਮਾਰ ਦਿੰਦੇ ਸਨ।
ਕਈ ਸ਼ੌਕੀਨ ਗੱਭਰੂਆਂ ਦੀਆਂ ਜੇਬਾਂ ਵਿਚੋਂ ਰੰਗ ਬਰੰਗੇ ਤੇ ਕੀਮਤੀ ਰੁਮਾਲਾਂ ਦੇ ਤਿਕੋਣੇ ਸਿਰੇ ਬਾਹਰ ਝਾਕਦੇ ਦਿਸ ਪੈਂਦੇ ਹਨ। ਤੂੰਬੀ ਨਾਲ ਗਾਉਣ ਵਾਲੇ ਤੂੰਬੀ ਨਾਲ ਰੁਮਾਲ ਬੰਨ੍ਹ ਕੇ ਇਸ ਨੂੰ ਸ਼ਿੰਗਾਰ ਕੇ ਇਸ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਹਿੰਦੂ ਘਰਾਂ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਸਣ ‘ਤੇ ਬਿਠਾਉਣ ਵੇਲੇ ਰੁਮਾਲ ਤੋਂ ਇੱਕ ਪਰਦੇ ਦਾ ਕੰਮ ਵੀ ਲਿਆ ਜਾਂਦਾ ਹੈ। ਇਸ ਨੇ ਰੁਮਾਲਾ (ਸਾਹਿਬ) ਦਾ ਰੂਪ ਧਾਰਨ ਕਰਕੇ ਲਗਭਗ ਇਹੀ ਧਾਰਮਕ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿਚ ਕਰਨਾ ਸ਼ੁਰੂ ਕਰ ਦਿੱਤਾ।
ਸਿੱਖ ਰਹਿਤ ਮਰਿਆਦਾ ਅਨੁਸਾਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਿਆਨ ਵਰਤੇ ਜਾਣ ਅਤੇ ਉਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ, ਤਾਂ ਉਤੇ ਰੁਮਾਲ ਪਿਆ ਰਹੇ।’ ਕਹਿਣਾ ਹੋਵੇਗਾ ਕਿ ਅਜੋਕੇ ਭੇਡਚਾਲੀ ਯੁੱਗ ਵਿਚ ਰੁਮਾਲੇ ਦੀ ਖੂਬ ਬੇਕਦਰੀ ਵੀ ਹੋਣ ਲੱਗੀ ਹੈ। ਸਾਡੇ ਸ਼ਹਿਰ ਵਾਲੇ ਗੁਰਦੁਆਰੇ ਦੇ ਭਾਈ ਮੂੰਹੋਂ ਮੈਂ ਸੰਗਤਾਂ ਨੂੰ ਬੇਨਤੀਆਂ ਕਰਦਿਆਂ ਸੁਣਿਆ ਕਿ ਕਿਰਪਾ ਕਰਕੇ ਰੁਮਾਲੇ ਨਾ ਭੇਟ ਕਰਿਆ ਕਰੋ, ਸਾਨੂੰ ਇਹ ਗਾਰਬੇਜ ਕਰਨੇ ਪੈਂਦੇ ਹਨ।
ਇਕ ਦੰਦ ਕਥਾ ਅਨੁਸਾਰ ਬੇਬੇ ਨਾਨਕੀ ਨੇ ਬਾਬੇ ਨਾਨਕ ਦੇ ਵਿਆਹ ਸਮੇਂ ਆਪਣੇ ਵੀਰੇ ਨੂੰ ਇਕ ਰੁਮਾਲ ਕੱਢ ਕੇ ਭੇਟ ਕੀਤਾ ਸੀ। ਕਹਿੰਦੇ ਹਨ, ਇਹ ਰੁਮਾਲ ਅਜੇ ਵੀ ਗੁਰਦਾਸਪੁਰ ਦੇ ਇਕ ਗੁਰਦੁਆਰੇ ਵਿਚ ਸੁਸ਼ੋਭਿਤ ਹੈ। ਸਿਰ ‘ਤੇ ਪਹਿਨੇ ਜਾਂਦੇ ਰੁਮਾਲ ਨੂੰ ਰੁਮਾਲੀ ਕਿਹਾ ਜਾਂਦਾ ਹੈ। ਮੁਗਦਰ ਨੂੰ ਸਿਰ ਦੁਆਲੇ ਫੇਰਨ ਦੀ ਕਸਰਤ ਨੂੰ ਵੀ ਰੁਮਾਲੀ ਕਿਹਾ ਜਾਂਦਾ ਹੈ। ਅੱਜ ਕਲ੍ਹ ਰੁਮਾਲੀ ਰੋਟੀ ਵੀ ਖੂਬ ਖਾਧੀ ਜਾਣ ਲੱਗੀ ਹੈ। ਇਸ ਦਾ ਅਰੰਭ ਮੁਗਲ ਕਾਲ ਤੋਂ ਹੋਇਆ ਦੱਸਿਆ ਜਾਂਦਾ ਹੈ। ਇਸ ਦੀ ਦੋ-ਤਿੰਨ ਤਰ੍ਹਾਂ ਵਿਆਖਿਆ ਕੀਤੀ ਜਾਂਦੀ ਹੈ। ਪਹਿਲੀ ਤਾਂ ਇਹੀ ਕਿ ਇਹ ਰੋਟੀ ਪਤਲੀ ਤੇ ਤਹਿਆਂ ਵਾਲੀ ਮੁਚਕੜੀ ਜਿਹੀ ਹੋਣ ਕਰਕੇ ਇਸ ਦੀ ਸ਼ਕਲ ਰੁਮਾਲ ਨਾਲ ਮਿਲਦੀ ਹੈ। ਇਕ ਹੋਰ ਮਨੌਤ ਅਨੁਸਾਰ ਇਹ ਪਹਿਲਾਂ ਪਹਿਲ ਖਾਣ ਲਈ ਨਹੀਂ, ਸਗੋਂ ਥਿੰਦੇ ਹੱਥ ਪੂੰਝਣ ਲਈ ਬਣਾਈ ਜਾਂਦੀ ਸੀ। ਇਕ ਪਕਵਾਨ-ਮਾਹਰ ਅਨੁਸਾਰ ਮੁਗਲਾਂ ਵੇਲੇ ਮੈਦੇ ਦੀ ਬਣੀ ਰੁਮਾਲੀ ਰੋਟੀ ਤਵਾ ਪੂੰਝਣ ਦੇ ਕੰਮ ਆਉਂਦੀ ਸੀ। ਸ਼ਾਇਦ ਮਾਹਰ ਦੀ ਰਾਇ ਮੰਨਣ ਯੋਗ ਹੈ।
ਸੂਤੀ ਕੱਪੜੇ ਤੋਂ ਸ਼ੁਰੂ ਹੋ ਕੇ ਸਮੇਂ ਨਾਲ ਰੁਮਾਲ ਵੱਡੇ, ਛੋਟੇ ਅਤੇ ਰੇਸ਼ਮ ਜਾਂ ਟਸਰ ਜਿਹੇ ਕੀਮਤੀ ਕੱਪੜੇ ਦੇ ਬਣਨ ਲੱਗੇ। ਘਰਾਂ ਦੀ ਚਾਰਦੀਵਾਰੀ ਵਿਚ ਸਿਮਟੀਆਂ ਮੁਟਿਆਰਾਂ ਨੇ ਫੁਲਕਾਰੀ, ਸੁਭਰ ਆਦਿ ਵਾਂਗ ਇਸ ਉਤੇ ਕਢਾਈ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਕਲਾ ਨੂੰ ਸਿਰੇ ‘ਤੇ ਪਹੁੰਚਾਇਆ। ਮਾਨੋਂ ਉਹ ਅਨੇਕਾਂ ਤਰ੍ਹਾਂ ਦੇ ਫੁੱਲ ਬੂਟੇ ਪਾ ਕੇ ਆਪਣੀਆਂ ਰੀਝਾਂ ਉਮੰਗਾਂ ਦੀ ਬੁਣਾਈ ਕਰਦੀਆਂ ਰਹੀਆਂ ਹਨ।
ਪੁਰਾਣੇ ਪੰਜਾਬ ਵਿਚ ‘ਚੰਬਾ ਰੁਮਾਲ’ ਵਜੋਂ ਜਾਣੇ ਜਾਂਦੇ ਕਾਂਗੜੇ ਜਿਲੇ ਦੇ ਰੁਮਾਲ ਆਪਣੀ ਕਲਾ-ਕੌਸ਼ਲਤਾ ਕਾਰਨ ਦੂਰ ਦੂਰ ਤੱਕ ਪ੍ਰਸਿੱਧ ਸਨ। ਇਥੋਂ ਦੇ ਪਹਾੜੀ ਰਾਜਿਆਂ ਨੇ ਇਸ ਕਲਾ ਦੀ ਖੂਬ ਸਰਪ੍ਰਸਤੀ ਕੀਤੀ। ਰੁਮਾਲ ਦੇ ਧਾਗਿਆਂ ਦੇ ਰੰਗ ਜਿਉਂਦੇ ਜਾਗਦੇ ਅਤੇ ਭੜਕੀਲੇ ਹੁੰਦੇ ਹਨ। ਇਸ ਵਿਚ ਕਾਂਗੜੇ ਦੀਆਂ ਔਰਤਾਂ ਫੁੱਲ, ਬੂਟਿਆਂ, ਜਨੌਰਾਂ ਤੋਂ ਇਲਾਵਾ ਰਮਾਇਣ, ਮਹਾਂਭਾਰਤ ਤੇ ਪੌਰਾਣਕ ਕਥਾਵਾਂ ਦੇ ਪ੍ਰਸਿਧ ਦ੍ਰਿਸ਼ ਵੀ ਕੱਢ ਦਿੰਦੀਆਂ ਸਨ। ਅਜਿਹਾ ਹੀ ਇਕ ਦਸ ਫੁੱਟਾ ਰੁਮਾਲ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ, ਲੰਡਨ ਦੀ ਦੀਵਾਰ ‘ਤੇ ਨੁਮਾਇਸ਼ ਵਜੋਂ ਲਟਕਾਇਆ ਗਿਆ ਹੈ। 17ਵੀਂ-18ਵੀਂ ਸਦੀ ਦੌਰਾਨ ਕਈ ਵਪਾਰਕ ਅੰਗਰੇਜ਼ੀ ਲਿਖਤਾਂ ਵਿਚ ਹੈਂਕਰਚੀਫ ਰੁਮਾਲ ਕੌਟਨੀ, ਟਾਵਲ ਰੁਮੇਲ, ਰੁਮਾਲਜ਼ ਕਰਜ, ਰੋਮਾਲਜ਼, ਬੰਗਾਲ ਔਰਡੀਨਰੀ ਜਿਹੀਆਂ ਵਪਾਰਕ ਵਸਤਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਵਿਚ ਰੁਮਾਲ ਸ਼ਬਦ ਤਾਂ ਸਪੱਸ਼ਟ ਝਲਕਦਾ ਹੈ, ਪਰ ਹੋਰ ਮਤਲਬ ਸਮਝ ਨਹੀਂ ਪੈਂਦਾ।
ਪੰਜਾਬ ਤੇ ਹੋਰ ਭਾਰਤੀ ਖਿੱਤਿਆਂ ਵਿਚ ਰੁਮਾਲ ਇਰਾਨ ਦੀ ਧਰਤੀ ਤੋਂ ਆਇਆ ਹੈ। ਅਸਲ ਵਿਚ ਤਾਂ ਇਰਾਨ ਪੰਜਾਬ ਇੱਕ ਵਿਸ਼ਾਲ ਸੰਯੁਕਤ ਖਿੱਤਾ ਹੀ ਹੈ। ਕਈ ਹਾਲਤਾਂ ਵਿਚ ਨਿਰਣਾ ਨਹੀਂ ਕੀਤਾ ਜਾ ਸਕਦਾ ਕਿ ਕੀ ਕਿਥੋਂ ਸ਼ੁਰੂ ਹੋਇਆ? ਕਸੀਦਾਕਾਰੀ ਦਾ ਕੰਮ ਇਸ ਖਿੱਤੇ ਵਿਚ ਖੂਬ ਹੁੰਦਾ ਰਿਹਾ ਹੈ। ਫਾਰਸੀ ਗੁਲਕਾਰੀ ਤੇ ਪੰਜਾਬੀ ਫੁਲਕਾਰੀ ਕੰਮ ਅਤੇ ਸ਼ਬਦ ਵਜੋਂ ਇਕੋ ਪਾਸੇ ਸੰਕੇਤ ਕਰਦੇ ਹਨ। ਬਾਗ ਫਾਰਸੀ ਸ਼ਬਦ ਹੈ ਤੇ ਇਸ ਕਲਾ ਦਾ ਸਬੰਧ ਵੀ ਇਰਾਨ ਤੇ ਪੰਜਾਬ-ਦੋਹਾਂ ਵਿਚ ਖੂਬ ਰਿਹਾ ਹੈ। ਸਮੇਂ ਨਾਲ ਦੂਰ ਦੇਸ਼ਾਂ ਵਿਚ ਵਿਕਸਿਤ ਹੁੰਦੀਆਂ ਸ਼ੈਲੀਆਂ ਵਿਚ ਫਰਕ ਪੈ ਜਾਂਦਾ ਹੈ। ਰੁਮਾਲ ਸ਼ਬਦ ਵੀ ਮੁਢਲੇ ਤੌਰ ‘ਤੇ ਫਾਰਸੀ ਦਾ ਹੈ। ਇਹ ਬਣਿਆ ਹੈ, ਰੂ+ਮਾਲ ਤੋਂ। ਫਾਰਸੀ ਵਿਚ ਇਸ ਦਾ ਉਚਾਰਨ ਵੀ ਰੂਮਾਲ ਹੀ ਹੈ। ਫਾਰਸੀ ਸ਼ਬਦ ਰੂ ਦਾ ਮਾਅਨਾ ਚਿਹਰਾ ਤੇ ਮਾਲ ਦਾ ਮਾਅਨਾ ਪੂੰਝਣਾ ਹੁੰਦਾ ਹੈ। ਇਸ ਤਰ੍ਹਾਂ ਇਸ ਸ਼ਬਦ ਵਿਚ ਮੂੰਹ ਪੂੰਝਣ ਦੇ ਭਾਵ ਹੀ ਉਜਾਗਰ ਹੁੰਦੇ ਹਨ। ਮਾਲ ਸ਼ਬਦ ਮਲਣ ਨਾਲ ਸਬੰਧਤ ਹੈ। ਚਿਹਰਾ ਦੇ ਅਰਥ ਵਾਲੇ ਫਾਰਸੀ ਸ਼ਬਦ ‘ਰੂ’ ਤੋਂ ਬਣੇ ਕੁਝ ਸਮਾਸੀ ਸ਼ਬਦ ਪੰਜਾਬੀ ਵਿਚ ਵੀ ਪ੍ਰਚਲਿਤ ਹਨ, ਜਿਵੇਂ ਰੂਬਰੂ ਦਾ ਸ਼ਾਬਦਿਕ ਅਰਥ ਆਹਮੋ ਸਾਹਮਣੇ ਮੂੰਹ ਹੈ; ਰੂਪੋਸ਼ ਦਾ ਸ਼ਾਬਦਿਕ ਅਰਥ ‘ਮੂੰਹ ਛੁਪਾਉਣਾ’ ਹੈ।
ਫਾਰਸੀ ਵਿਚ ਰੁਮਾਲ ਲਈ ਦਸਤਮਾਲ ਸ਼ਬਦ ਵੀ ਵਰਤਿਆ ਜਾਂਦਾ ਹੈ, ਜੋ ਇਸ ਦੇ ਮਕਸਦ ਨੂੰ ਹੋਰ ਸੀਮਤ ਕਰਨ ਦਾ ਉਪਰਾਲਾ ਹੈ। ਫਾਰਸੀ ਦਸਤ ਦਾ ਅਰਥ ‘ਹੱਥ’ ਹੈ, ਜੋ ਇਸ ਦਾ ਸਜਾਤੀ ਵੀ ਹੈ। ਮਰਾਠੀ ਵਿਚ ਵੀ ਹਾਤਰੁਮਾਲ ਸ਼ਬਦ ਮਿਲਦਾ ਹੈ। ਅੰਗਰੇਜ਼ੀ ਵਿਚ ਰੁਮਾਲ ਲਈ ਔਖਾ ਜਿਹਾ ਸ਼ਬਦ ਹਅਨਦਕeਰਚਹਇਾ ਹੈ, ਜਿਸ ਨੂੰ ਮੁੱਖ ਸੁੱਖ ਕਰਕੇ ਕੇ ਹੈਂਕੀ ਬਣਾ ਲਿਆ ਗਿਆ ਹੈ। ਇਸ ਸ਼ਬਦ ਵਿਚ ਬੋਲਦਾ ਹਅਨਦ ਦਰਸਾਉਂਦਾ ਹੈ ਕਿ ਇਹ ਹੱਥ ਦੇ ਕੰਮ ਆਉਣ ਵਾਲੀ ਚੀਜ਼ ਹੀ ਹੈ; ਅੱਗੇ ਲਗਦਾ ਕeਰਚਹਇਾ ਸ਼ਬਦ ਵੀ ਰੁਮਾਲ ਦੇ ਅਰਥਾਂ ਵਿਚ ਹੀ ਵਰਤਿਆ ਜਾਂਦਾ ਰਿਹਾ ਹੈ, ਪਰ ਇਸ ਦਾ ਸ਼ਾਬਦਿਕ ਅਰਥ ‘ਸਿਰ ਨੂੰ ਢਕਣ ਵਾਲਾ’ ਹੈ। ਇਹ ਫਰਾਂਸੀਸੀ ਸ਼ਬਦ ਖੋਵਰeਚਹਇਾ ਤੋਂ ਵਿਗੜ ਕੇ ਬਣਿਆ ਹੈ। ਖੋਵਰe ਤਾਂ ਅੰਗਰੇਜ਼ੀ ਚੋਵeਰ ਵਾਲਾ ਹੀ ਹੈ, ਜਿਸ ਦਾ ਅਰਥ ਢੱਕਣ ਹੈ ਤੇ ਚਹਇਾ ਦਾ ਅਰਥ ਸਿਰ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦੀ ਹੋਰ ਵਿਆਖਿਆ ਫਿਰ ਕਦੇ ਕਰਾਂਗੇ, ਪਰ ਹਾਲ ਦੀ ਘੜੀ ਮੈਂ ਇਹ ਦਰਸਾਉਣਾ ਚਾਹੁੰਦਾ ਸਾਂ ਕਿ ਸ਼ਬਦ ਬਦਲਦੇ ਬਦਲਦੇ ਅਜਿਹਾ ਰੂਪ ਧਾਰ ਲੈਂਦੇ ਹਨ ਕਿ ਉਨ੍ਹਾਂ ਦਾ ਜੇ ਸ਼ਾਬਦਿਕ ਅਰਥ ਕਰਨ ਲੱਗੀਏ ਤਾਂ ਬੜੇ ਅਟਪਟੇ ਜਿਹੇ ਅਰਥ ਨਿਕਲਣ ਲੱਗਣਗੇ। ਜ਼ਰਾ ਦੇਖੋ ਹਅਨਦਕeਰਚਹਇਾ ਦਾ ਸ਼ਾਬਦਿਕ ਅਰਥ ਬਣਦਾ ਹੈ, ਹੱਥ ਪੂੰਝਣ ਵਾਲਾ ਸਿਰ ਦਾ ਢੱਕਣ! ਕeਰਚਹਇਾ ਦੇ ਉਰੇ ਹਅਨਦ ਲਾਉਣ ਵਾਲੇ ਪਹਿਲੇ ਵਿਅਕਤੀ ਨੂੰ ਕੀ ਪਤਾ ਸੀ ਕਿ ਕਰਚੀਫ ਸ਼ਬਦ ਵਿਚ ਕੀ ਛੁਪਿਆ ਪਿਆ ਹੈ।
ਵਾਰਸ ਸ਼ਾਹ ਦੀ ਹੀਰ ਵਿਚ ਜਿਨ੍ਹਾਂ ਪੰਜਾਂ ਪੀਰਾਂ ਨੇ ਰਾਂਝੇ ਨੂੰ ਬਖਸ਼ਿਸ਼ ਦਿੱਤੀ ਸੀ, ਉਨ੍ਹਾਂ ਵਿਚੋਂ ਇੱਕ ਨੇ ਰੁਮਾਲ ਬਖਸ਼ਿਆ ਸੀ,
ਤੁੱਰਾ ਖਿਜ਼ਰ ਰੁਮਾਲ ਸ਼ੱਕਰ ਗੰਜ ਦਿੱਤਾ
ਅਤੇ ਮੁੰਦਰੀ ਲਾਲ ਸ਼ਹਿਬਾਜ਼ ਨੂਰੀ।
ਖੰਜਰ ਸਈਅੱਦ ਜਲਾਲ ਬੁਖਖਾਰੀਏ ਨੇ
ਖੂੰਡੀ ਜ਼ਕਰੀਏ ਪੀਰ ਨੇ ਹਿੱਕ ਬੂਰੀ।