ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ-ਭਾਈ ਗੁਰਦਾਸ ਦੀਆਂ ਵਾਰਾਂ ਦੇ ਸੰਦਰਭ ਵਿਚ

ਕਿਸ਼ਤ ਦੂਜੀ

ਬਾਬਾ ਜੀ ਦੀ ਕਰਤਾਰਪੁਰ (ਪਾਕਿਸਤਾਨ) ਵਾਪਸੀ: ਚੌਥੀ ਪ੍ਰਚਾਰ ਫੇਰੀ ਮੁਕਾ ਕੇ ਗੁਰੂ ਜੀ ਸੰਨ 1521 ਵਿਚ ਕਰਤਾਰਪੁਰ ਵਾਪਸ ਆ ਗਏ ਅਤੇ ਅਗਲੇ 18 ਸਾਲ ਉਨ੍ਹਾਂ ਇੱਥੇ ਕਿਰਤ ਕਰਦਿਆਂ ਮਨੁਖਤਾ ਦੀ ਸੱਚੀ ਅਗਵਾਈ ਵਿਚ ਬਿਤਾਏ। ਅਥਰਬਣ ਵੇਦ ਦੇ ਕਰਮ ਕਾਂਡਾਂ ਦਾ ਭਾਰ ਲਾਹ ਕੇ ਸਿੱਖਾਂ ਦੇ ਗੁਰਬਾਣੀ-ਪ੍ਰੇਮੀ ਹੋ ਜਾਣ ਬਾਰੇ ਦੱਸਿਆ ਗਿਆ ਹੈ। ਉਦਾਸੀ ਬਾਣਾ ਲਾਹ ਕੇ ਗੁਰੂ ਜੀ ਨੇ ਸੰਸਾਰੀ ਲਿਬਾਸ ਪਾ ਲਿਆ। ਗੁਰਬਾਣੀ ਦਾ ਪਰਵਾਹ ਚੱਲਣ ਲੱਗਾ। ਭਾਈ ਲਹਿਣਾ ਨੂੰ ਗੁਰੂ ਅੰਗਦ ਸਾਹਿਬ ਦੀ ਪਦਵੀ ਇੱਥੇ ਮਿਲੀ।

ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171
ਨੋਟ: ਗੁਰੂ ਜੀ ਵਲੋਂ ਕੀਤੀ ਕਰਾਮਾਤ ਦਾ ਜ਼ਿਕਰ ਗੁਰੂ ਜੀ ਦੀ ਆਪਣੀ ਸੋਚ ਅਨੁਸਾਰ ਠੀਕ ਨਹੀਂ ਹੈ।
(e). ਗੜ੍ਹ ਬਗਦਾਦ ਨਿਵਾਇਕੈ
ਮਕਾ ਮਦੀਨਾ ਸਭ ਨਿਵਾਯਾ॥
ਸਿਧ ਚੌਰਾਸੀਹ ਮੰਡਲੀ
ਖਟ ਦਰਸ਼ਨ ਪਾਖੰਡ ਜਣਾਯਾ॥
ਪਾਤਾਲਾਂ ਆਕਾਸ਼ ਲਖ ਜਿੱਤੀ
ਧਰਤੀ ਜਗਤ ਸਬਾਯਾ॥
ਜਿਤੀ ਨਵਖੰਡ ਮੇਦਨੀ
ਸਤਿਨਾਮ ਦਾ ਚਕ੍ਰ ਫਿਰਾਯਾ॥
ਦੇਵਦਾਨੋ ਰਾਕਸ ਦੈਂਤ ਸਭ
ਚਿਤ੍ਰ ਗੁਪਤ ਸਭ ਚਰਨੀ ਲਾਯਾ॥
ਇੰਦ੍ਰਾਸਣ ਅਪੱਛਰਾਂ
ਰਾਗ ਰਾਗਨੀ ਮੰਗਲ ਗਾਯਾ॥
ਹਿੰਦੂ ਮੁਸਲਮਾਨ ਨਿਵਾਇਆ॥37॥
ਬਾਬਾ ਜੀ ਦੀ ਕਰਤਾਰਪੁਰ (ਪਾਕਿਸਤਾਨ) ਵਾਪਸੀ: ਚੌਥੀ ਪ੍ਰਚਾਰ ਫੇਰੀ ਮੁਕਾ ਕੇ ਗੁਰੂ ਜੀ ਸੰਨ 1521 ਵਿਚ ਕਰਤਾਰਪੁਰ ਵਾਪਸ ਆ ਗਏ ਅਤੇ ਅਗਲੇ 18 ਸਾਲ ਉਨ੍ਹਾਂ ਇੱਥੇ ਕਿਰਤ ਕਰਦਿਆਂ ਮਨੁਖਤਾ ਦੀ ਸੱਚੀ ਅਗਵਾਈ ਵਿਚ ਬਿਤਾਏ। ਅਥਰਬਣ ਵੇਦ ਦੇ ਕਰਮ ਕਾਂਡਾਂ ਦਾ ਭਾਰ ਲਾਹ ਕੇ ਸਿੱਖਾਂ ਦੇ ਗੁਰਬਾਣੀ-ਪ੍ਰੇਮੀ ਹੋ ਜਾਣ ਬਾਰੇ ਦੱਸਿਆ ਗਿਆ ਹੈ। ਉਦਾਸੀ ਬਾਣਾ ਲਾਹ ਕੇ ਗੁਰੂ ਜੀ ਨੇ ਸੰਸਾਰੀ ਲਿਬਾਸ ਪਾ ਲਿਆ। ਗੁਰਬਾਣੀ ਦਾ ਪਰਵਾਹ ਚੱਲਣ ਲੱਗਾ। ਭਾਈ ਲਹਿਣਾ ਨੂੰ ਗੁਰੂ ਅੰਗਦ ਸਾਹਿਬ ਦੀ ਪਦਵੀ ਇੱਥੇ ਮਿਲੀ।
ਗੁਰੂ ਜੀ ਦੇ ਪੁੱਤਰਾਂ ਵਲੋਂ ਉਨ੍ਹਾਂ ਦਾ ਹੁਕਮ ਨਾ ਮੰਨਣ ਦੀ ਗੱਲ ਵੀ ਭਾਈ ਗੁਰਦਾਸ ਨੇ ਕੀਤੀ ਹੈ। ਭਾਈ ਗੁਰਦਾਸ ਨੇ ਉਸ ਸਮੇਂ ਪ੍ਰਚਲਿਤ ਨਿੱਤਨੇਮ ਦੀ ਗੱਲ ਕਰਦਿਆਂ ਕਿਹਾ ਹੈ ਕਿ ਅੰਮ੍ਰਿਤ ਵੇਲੇ ‘ਜਪੁ’ ਜੀ ਅਤੇ ਸ਼ਾਮ ਵੇਲੇ ‘ਸੋ ਦਰੁ’ ਦਾ ਪਾਠ ਹੋਣ ਲੱਗ ਪਿਆ ਸੀ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਛਾਪੇ ਵਾਲੇ ਸਰੂਪ ਦੇ ਪਹਿਲੇ 13 ਪੰਨਿਆਂ ਦੇ ਨਿੱਤਨੇਮ ਦਾ ਮੁੱਢ ਬੱਝਾ। {ਸੋਹਿਲੇ ਦੀ ਬਾਣੀ ਦੇ ਪਾਠ ਦਾ ਜ਼ਿਕਰ ਛੇਵੀਂ ਵਾਰ ਦੀ ਤੀਜੀ ਪਉੜੀ ਵਿਚ ਕੀਤਾ ਗਿਆ ਹੈ ਜਿਵੇਂ
ਸੰਝੈ ਸੋਦਰ ਗਾਵਣਾ
ਮਨ ਮੇਲੀ ਕਰ ਮੇਲ ਮਿਲੰਦੇ॥
ਰਾਤੀ ਕੀਰਤਨ ਸੋਹਿਲਾ
ਕਰ ਆਰਤੀ ਪਰਸਾਦ ਵੰਡੰਦੇ॥
ਗੁਰਮੁਖ ਸੁਖਫਲ ਪਿਰਮ ਚਖੰਦੇ॥3॥
ਉਸ ਸਮੇਂ ਨਿੱਤਨੇਮ ਵਿਚ ਕੇਵਲ ਗੁਰੂ ਨਾਨਕ ਸਾਹਿਬ ਦੀ ਬਾਣੀ ਹੀ ਸੀ।}
ਦੇਖੋ 38ਵੀਂ ਪਉੜੀ,
ਫਿਰ ਬਾਬਾ ਆਇਆ ਕਰਤਾਰਪੁਰ
ਭੇਖ ਉਦਾਸੀ ਸਗਲ ਉਤਾਰਾ॥
ਪਹਿਰ ਸੰਸਾਰੀ ਕਪੜੇ
ਮੰਜੀ ਬੈਠ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ
ਗੁਰ ਅੰਗਦ ਸਿਰ ਉਪਰ ਧਾਰਾ॥
ਪੁਤੀਂ ਕੌਲ ਨ ਪਾਲਿਆ
ਮਨ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ
ਹੋਇ ਰੁਸ਼ਨਾਈ ਮਿਟੈ ਅੰਧਾਰਾ॥
ਗਿਆਨ ਗੋਸ਼ਟ ਚਰਚਾ ਸਦਾ
ਅਨਹਦ ਸ਼ਬਦ ਉਠੇ ਧੁਨਕਾਰਾ॥
ਸੋਦਰੁ ਆਰਤੀ ਗਾਵੀਐ
ਅੰਮ੍ਰਿਤ ਵੇਲੇ ਜਾਪ ਉਚਾਰਾ॥
ਗੁਰਮੁਖ ਭਾਰ ਅਥਰਬਣ ਧਾਰਾ॥38॥
ਗੁਰੂ ਜੀ ਦੀ ਅਚੱਲ ਬਟਾਲਾ ਮੇਲੇ ਦੀ ਫੇਰੀ: ਕਰਤਾਰਪੁਰ ਤੋਂ ਗੁਰੂ ਜੀ ਸੰਸਾਰੀ ਪਹਿਰਾਵੇ ਵਿਚ ਅਚੱਲ ਬਟਾਲੇ ਸ਼ਿਵਰਾਤ੍ਰੀ ਦੇ ਮੇਲੇ ‘ਤੇ ਗਏ। ਇਸ ਦਾ ਜ਼ਿਕਰ 39ਵੀਂ ਤੋਂ 43ਵੀਂ ਪਉੜੀ ਵਿਚ ਕੀਤਾ ਗਿਆ ਹੈ।
(A) ਜੋਗੀਆਂ ਨੂੰ ਗੁੱਸਾ ਚੜ੍ਹਨਾ: ਮੇਲੇ ‘ਤੇ ਗੁਰੂ ਜੀ ਨੇ ਜੋਗੀਆਂ ਵਲੋਂ ਲੁਕਾਇਆ ਰਾਸਧਾਰੀਆਂ ਦਾ ਲੋਟਾ ਲੱਭ ਕੇ ਰਾਸਧਾਰੀਆਂ ਨੂੰ ਦਿੱਤਾ ਤਾਂ ਜੋਗੀ ਗੁੱਸੇ ਵਿਚ ਆ ਗਏ। ਦੂਜਾ ਕਾਰਨ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਵਲ ਆ ਕੇ ਲੋਕਾਂ ਵਲੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਸੀ, ਜਿਸ ਨਾਲ ਸਿੱਧਾਂ ਨੂੰ ਆਪਣੀ ਹੇਠੀ ਹੁੰਦੀ ਜਾਪੀ। ਦੇਖੋ 39ਵੀਂ ਪਉੜੀ,
ਮੇਲਾ ਸੁਣ ਸ਼ਿਵਰਾਤ ਦਾ
ਬਾਬਾ ਅਚਲ ਵਟਾਲੇ ਆਈ॥
ਦਰਸ਼ਨ ਵੇਖਣ ਕਾਰਨੇ
ਸਗਲੀ ਉਲਟ ਪਈ ਲੋਕਾਈ॥
ਲਗੀ ਬਰਸਨ ਲਛਮੀ
ਰਿਧਿ ਸਿਧਿ ਨਉ ਨਿਧਿ ਸਵਾਈ॥
ਜੋਗੀ ਵੇਖ ਚਲਿਤ੍ਰ ਨੋਂ
ਮਨ ਵਿਚ ਰਿਸਕ ਘਨੇਰੀ ਖਾਈ॥
ਭਗਤੀਆਂ ਪਾਈ ਭਗਤਿ ਆਨ
ਲੋਟਾ ਜੋਗੀ ਲਇਆ ਛਪਾਈ॥
ਭਗਤੀਆਂ ਗਈ ਭਗਤਿ ਭੁਲ
ਲੋਟੇ ਅੰਦਰ ਸੁਰਤ ਭੁਲਾਈ॥
ਬਾਬਾ ਜਾਣੀ ਜਾਣ ਪੁਰਖ
ਕਢਿਆ ਲੋਟਾ ਜਹਾਂ ਲੁਕਾਈ॥
ਵੇਖ ਚਲਿਤ੍ਰ ਜੋਗੀ ਖੁਣਸਾਈ॥39॥
(ਅ) ਗੁੱਸੇ ਵਿਚ ਆਏ ਜੋਗੀ ਗੁਰੂ ਜੀ ਨਾਲ ਗੋਸ਼ਟਿ ਕਰਨ ਲਈ ਵਧੇ। ਸਿੱਧਾਂ ਨੇ ਗੁਰੂ ਜੀ ਵਲੋਂ ਉਦਾਸੀ ਬਾਣਾ ਬਦਲ ਕੇ ਗ੍ਰਹਿਸਥੀ ਬਾਣਾ ਪਾਉਣ ‘ਤੇ ਕਿਹਾ ਕਿ ਉਨ੍ਹਾਂ ਦੁੱਧ ਵਿਚ ਕਾਂਜੀ ਪਾ ਦਿੱਤੀ ਹੈ। ਗੁਰੂ ਜੀ ਨੇ ਸਮਝਾਇਆ ਕਿ ਗ੍ਰਹਿਸਥ ਮਾਰਗ ਛੱਡ ਕੇ ਗ੍ਰਹਿਸਥੀਆਂ ਦੇ ਘਰੋਂ ਮੰਗਣਾ ਠੀਕ ਨਹੀਂ ਹੈ। ਗ੍ਰਹਿਸਥੀ ਬਣ ਕੇ ਕਿਰਤ ਕਰਨੀ ਬਣਦੀ ਹੈ। 40ਵੀਂ ਪਉੜੀ ਵਿਚ ਇਹ ਸਵਾਲ-ਜਵਾਬ ਦੇਖੋ,
ਖਾਧੀ ਖੁਣਸ ਜੋਗੀਸ਼ਰਾਂ
ਗੋਸਟਿ ਕਰਨ ਸਭੇ ਉਠ ਆਈ॥
ਪੁਛੇ ਜੋਗੀ ਭੰਗ੍ਰ ਨਾਥ
ਤੁਹਿ ਦੁਧ ਵਿਚ ਕਿਉਂ ਕਾਂਜੀ ਪਾਈ॥
ਫਿਟਿਆ ਚਾਟਾ ਦੁਧ ਦਾ ਰਿੜਕਿਆਂ
ਮਖਣ ਹਥ ਨ ਆਈ॥
ਭੇਖ ਉਤਾਰ ਉਦਾਸ ਦਾ
ਵਤ ਕਿਉਂ ਸੰਸਾਰੀ ਰੀਤ ਚਲਾਈ॥
ਨਾਨਕ ਆਖੇ ਭੰਗ੍ਰਨਾਥ
ਤੇਰੀ ਮਾਉ ਕੁਚੱਜੀ ਆਈ॥
ਭਾਂਡਾ ਧੋਇ ਨ ਜਾਤਿਓਨ
ਭਾਇ ਕੁਚਜੇ ਫੁਲ ਸੜਾਈ॥
ਹੋਇ ਅਤੀਤ ਗ੍ਰਿਹਸਤ ਤਜ
ਫਿਰ ਉਨਹੂੰ ਕੇ ਘਰ ਮੰਗਨ ਜਾਈ॥
ਬਿਨ ਦਿਤੇ ਕਿਛੁ ਹਥ ਨ ਆਈ॥40॥
(e) ਸਿੱਧਾਂ ਨੇ ਕਰਾਮਾਤਾਂ ਦਿਖਾਈਆਂ: ਆਪਣੀ ਧਾਂਕ ਜਮਾਉਣ ਲਈ ਸਿੱਧਾਂ ਨੇ ਕਈ ਕਰਾਮਾਤਾਂ ਦਿਖਾਈਆਂ, ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ‘ਤੇ ਅਸਰ ਨਾ ਹੋਇਆ। ਸਿੱਧਾਂ ਨੇ ਆਪਣੇ ਰੂਪ ਵਟਾ ਕੇ ਸ਼ੇਰਾਂ, ਬਾਘਾਂ, ਨਾਗਾਂ ਆਦਿ ਵਾਲੇ ਬਣਾ ਲਏ, ਪਰ ਗੁਰੂ ਜੀ ਅਡੋਲ ਰਹੇ। ਇਸ ਦਾ ਵਿਸਥਾਰ 41ਵੀਂ ਪਉੜੀ ਵਿਚ ਦਿੱਤਾ ਗਿਆ ਹੈ,
ਏਹ ਸੁਣ ਬਚਨ ਜੁਗੀਸਰਾਂ
ਮਾਰ ਕਿਲਕ ਬਹੁ ਰੂਪ ਉਠਾਈ॥
ਖਟ ਦਰਸ਼ਨ ਕਉ ਖੇਦਿਆ
ਕਲਿਜੁਗ ਬੇਦੀ ਨਾਨਕ ਆਈ॥
ਸਿਧ ਬੋਲਨ ਸਭ ਅਉਖਧੀਆਂ
ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥
ਰੂਪ ਵਟਾਇਆ ਜੋਗੀਆਂ
ਸਿੰਘ ਬਾਘ ਬਹੁ ਚਲਿਤ ਦਿਖਾਈ॥
ਇਕ ਪਰ ਕਰਕੇ ਉਡਰਨ ਪੰਖੀ
ਜਿਵੇਂ ਰਹੇ ਲੀਲਾਈ॥
ਇਕ ਨਾਗ ਹੋਇ ਪਵਨ ਛੋਡ
ਇਕਨਾ ਵਰਖਾ ਅਗਨ ਵਸਾਈ॥
ਤਾਰੇ ਤੋੜੇ ਭੰਗ੍ਰਨਾਥ ਇਕ ਚੜ
ਮਿਰਗਾਨੀ ਜਲ ਤਰ ਜਾਈ॥
ਸਿਧਾਂ ਅਗਨੀ ਨ ਬੁਝੇ ਬੁਝਾਈ॥41॥
(ਸ) ਸਿੱਧਾਂ ਦੀ ਗੁਰੂ ਜੀ ਪਾਸੋਂ ਕਰਾਮਾਤ ਦੀ ਮੰਗ: ਸਿੱਧਾਂ ਨੇ ਜਦੋਂ ਗੁਰੂ ਜੀ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਗੁਰੂ ਜੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਕੋਲ ਰੱਬੀ ਬਾਣੀ ਦਾ ਖਜਾਨਾ ਹੀ ਕਰਾਮਾਤ ਹੈ, ਜਿਸ ਤੋਂ ਬਿਨਾ ਹੋਰ ਕਿਸੇ ਕਰਾਮਾਤ ਦਾ ਸਹਾਰਾ ਲੈਣ ਦੀ ਲੋੜ ਨਹੀਂ।
ਭਾਈ ਗੁਰਦਾਸ ਨੇ ਕਰਤਾ ਪੁਰਖ ਨੂੰ ਸ਼ਿਵ ਰੂਪੀ ਕਿਹਾ ਹੈ, ਜੋ ਗੁਰਬਾਣੀ ਦੇ ਸੰਦੇਸ਼ ਅਨੁਸਾਰ ਠੀਕ ਨਹੀਂ ਹੈ। ਸ਼ਿਵ ਤਾਂ ਬਾਕੀ ਦੇਵਤਿਆਂ ਸਮੇਤ ਤ੍ਰੈ ਗੁਣ ਰੋਗੀ ਹੈ। ਜੋ ਰੋਗੀ ਹੈ, ਉਹ ਕਰਤਾ ਪੁਰਖੁ ਨਹੀਂ ਹੋ ਸਕਦਾ। ਫੁਰਮਾਨ ਹੈ,
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ
ਵਿਚਿ ਹਉਮੈ ਕਾਰ ਕਮਾਈ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ
ਹਰਿ ਗੁਰਮੁਖਿ ਸੋਝੀ ਪਾਈ॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 735)
(ਹ) ਪ੍ਰਭੂ ਦਾ ਸੱਚਾ ਨਾਮ ਹੀ ਕਰਾਮਾਤ ਹੈ: ਸਿੱਧਾਂ ਨੂੰ ਸੱਚੇ ਨਾਮ ਦੀ ਮਹਿਮਾ ਦੱਸਦਿਆਂ ਗੁਰੂ ਜੀ ਨੇ ਕਿਹਾ ਕਿ ਦੁਨੀਆਂ ਦੀਆਂ ਸਭ ਸ਼ਕਤੀਆਂ ਬੱਦਲਾਂ ਦੀ ਛਾਂ ਵਾਂਗ ਹਨ ਅਤੇ ਸਤਿਨਾਮੁ ਸਭ ਤੋਂ ਉਚਾ ਹੈ। 43ਵੀਂ ਪਉੜੀ ਵਿਚ ਇਸ ਦਾ ਬਿਆਨ ਕੀਤਾ ਗਿਆ ਹੈ,
ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ
ਸਚ ਮੁਖਹੁ ਅਲਾਈ॥
ਬਾਝਹੁ ਸਚੇ ਨਾਮ ਦੇ
ਹੋਰ ਕਰਾਮਾਤ ਅਸਾਥੇ ਨਾਹੀ॥
ਬਸਤਰ ਪਹਿਰੋਂ ਅਗਨਿ ਕੇ
ਬਰਫ ਹਿਮਾਲੇ ਮੰਦਰ ਛਾਈ॥
ਕਰੋ ਰਸੋਈ ਸਾਰ ਦੀ
ਸਗਲੀ ਧਰਤੀ ਨੱਥ ਚਲਾਈ॥
ਏਵਡ ਕਰੀ ਵਿਥਾਰ ਕਉ
ਸਗਲੀ ਧਰਤੀ ਹੱਕੀ ਜਾਈ॥
ਤੋਲੀਂ ਧਰਤਿ ਆਕਾਸ਼ ਦੁਇ
ਪਿਛੇ ਛਾਬੇ ਟੰਕ ਚੜ੍ਹਾਈ॥
ਏਹ ਬਲ ਰਖਾਂ ਆਪ ਵਿਚ
ਜਿਸ ਆਖਾਂ ਤਿਸ ਪਾਰ ਕਰਾਈ॥
ਸਤਿਨਾਮੁ ਬਿਨ ਬਾਦਰ ਛਾਈ॥43॥
ਮੁਲਤਾਨ ਦੀ ਫੇਰੀ: ਸ਼ਿਵਰਾਤ੍ਰੀ ਦੇ ਮੇਲੇ ‘ਤੇ ਸਿੱਧਾਂ ਨਾਲ ਸੰਵਾਦ ਪਿਛੋਂ ਬਾਬਾ ਨਾਨਕ ਜੀ ਮੁਲਤਾਨ ਨੂੰ ਚਲੇ ਗਏ। ਸਿੱਧਾਂ ਨੇ ਗੁਰੂ ਜੀ ਦੀ ਸਿਫਤਿ ਕੀਤੀ ਅਤੇ ਉਨ੍ਹਾਂ ਦੀ ਨਾਮ ਦੀ ਕਮਾਈ ਨੂੰ ਧੰਨੁ ਧੰਨੁ ਕਿਹਾ। ਮੁਲਤਾਨ ਵਿਚ ਕਬਰਾਂ ਦੀ ਪੂਜਾ ਕਰਨ ਵਾਲਿਆਂ ਨਾਲ ਸੰਵਾਦ ਰਚਾਉਣ ਲਈ ਗੁਰੂ ਜੀ ਉਥੇ ਪਹੁੰਚ ਗਏ। ਮੁਲਤਾਨ ਦੇ ਪੀਰਾਂ ਨੇ ਭਰਿਆ ਹੋਇਆ ਦੁੱਧ ਦਾ ਕਟੋਰਾ ਗੁਰੂ ਜੀ ਅੱਗੇ ਕੀਤਾ, ਜਿਸ ਤੋਂ ਭਾਵ ਸੀ ਕਿ ਮੁਲਤਾਨ ਵਿਚ ਹੋਰ ਕਿਸੇ ਪੀਰ ਦੀ ਲੋੜ ਨਹੀਂ ਹੈ। ਗੁਰੂ ਜੀ ਨੇ ਕੋਲ ਦੀ ਬਗੀਚੀ ਵਿਚੋਂ ਚੰਬੇਲੀ ਦਾ ਇੱਕ ਫੁੱਲ ਤੋੜ ਕੇ ਕਟੋਰੇ ਵਿਚ ਦੁੱਧ ਉਤੇ ਤਾਰ ਦਿੱਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਆ ਜਾਣ ਨਾਲ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਵੇਗੀ ਸਗੋਂ ਉਹ ਤਾਂ ਸਤਿਨਾਮੁ ਦੀ ਮਹਿਕ ਵੰਡਣ ਹੀ ਆਏ ਹਨ। ਸੰਵਾਦ ਦਾ ਵਿਸਥਾਰ ਪਉੜੀ ਵਿਚ ਨਹੀਂ ਦਿੱਤਾ ਗਿਆ। 44ਵੀਂ ਪਉੜੀ ਇਉਂ ਹੈ,
ਬਾਬੇ ਕੀਤੀ ਸਿਧ ਗੋਸ਼ਟਿ
ਸ਼ਬਦ ਸ਼ਾਂਤਿ ਸਿਧਾਂ ਵਿਚ ਆਈ॥
ਜਿਣ ਮੇਲਾ ਸ਼ਿਵਰਾਤ ਦਾ
ਖਟ ਦਰਸ਼ਨ ਆਦੇਸ਼ ਕਰਾਈ॥
ਸਿਧ ਬੋਲਨ ਸ਼ੁਭ ਬਚਨ
ਧੰਨੁ ਨਾਨਕ ਤੇਰੀ ਵਡੀ ਕਮਾਈ॥
ਵਡਾ ਪੁਰਖ ਪ੍ਰਗਟਿਆ
ਕਲਿਜੁਗ ਅੰਦਰ ਜੋਤ ਜਗਾਈ॥
ਮੇਲਿਓਂ ਬਾਬਾ ਉਠਿਆ
ਮੁਲਤਾਨੇ ਦੀ ਜਿਆਰਤ ਜਾਈ॥
ਅਗੋਂ ਪੀਰ ਮੁਲਤਾਨ ਦੇ
ਦੁਧ ਕਟੋਰਾ ਭਰ ਲੈ ਆਈ॥
ਬਾਬੇ ਕਢ ਕਰ ਬਗਲ
ਤੇ ਚੰਬੇਲੀ ਦੁੱਧ ਵਿਚ ਮਿਲਾਈ॥
ਜਿਉਂ ਸਾਗਰ ਵਿਚ ਗੰਗ ਸਮਾਈ॥44॥
ਨੋਟ: ਬਗਲ ਤੇ-ਨੇੜੇ ਲੱਗੀ ਬਗੀਚੀ ਵਿਚੋਂ, ਜਿੱਥੇ ਪਹਿਲਾਂ ਹੀ ਪੀਰ ਬੈਠੇ ਸਨ। ਕਈਆਂ ਨੇ ਇਸ ਦੇ ਅਰਥ ‘ਕੱਛ ਵਿਚ ਲਪੇਟਿਆ ਚੰਬੇਲੀ ਦਾ ਫੁੱਲ’ ਕੀਤੇ ਹਨ, ਜੋ ਪ੍ਰਸੰਗਕ ਨਹੀਂ ਅਤੇ ਉਹ ਕਹਾਣੀ ਨੂੰ ਕਰਾਮਾਤੀ ਰੂਪ ਦਿੰਦੇ ਹਨ, ਜੋ ਅਯੋਗ ਹੈ।
ਗੁਰੂ ਜੀ ਮੁੜ ਕਰਤਾਰਪੁਰ ਪਹੁੰਚੇ: ਮੁਲਤਾਨ ਫੇਰੀ ਤੋਂ ਪਿੱਛੋਂ ਗੁਰੂ ਜੀ ਵਾਪਸ ਕਰਤਾਰਪੁਰ ਚਲੇ ਗਏ। ਗੁਰੂ ਜੀ ਨੇ ਸਤਿਨਾਮੁ ਦੀ ਐਸੀ ਲਹਿਰ ਚਲਾਈ (ਸਿੱਕਾ ਮਾਰਿਆ) ਕਿ ਸਿੱਖ ਧਰਮ ਰੂਪ ਨਵਾਂ ਮਾਰਗ ਚਲਾ ਦਿੱਤਾ। ਭਾਈ ਲਹਿਣਾ ਜੀ ਨੂੰ ਜਿਉਂਦੇ ਜੀਅ ਗੁਰਗੱਦੀ ਬਖਸ਼ ਦਿੱਤੀ ਜਿਵੇਂ ਕਾਇਆ ਹੀ ਪਲਟੀ ਹੋਵੇ। ਇਹ ਵਿਸਥਾਰ 45ਵੀਂ ਪਉੜੀ ਵਿਚ ਦਿੱਤਾ ਗਿਆ ਹੈ,
ਜ਼ਿਆਰਤ ਕਰ ਮੁਲਤਾਨ ਦੀ
ਫਿਰ ਕਰਤਾਰਪੁਰੇ ਨੂੰ ਆਯਾ॥
ਚੜ੍ਹੇ ਸਵਾਈ ਦਹਦਿਹੀ
ਕਲਿਜੁਗ ਨਾਨਕ ਨਾਮ ਧਿਆਯਾ॥
ਵਿਣ ਨਾਵੈ ਹੋਰ ਮੰਗਣਾ
ਸਿਰ ਦੁਖਾਂ ਦੇ ਦੁਖ ਸਬਾਯਾ॥
ਮਾਰਿਆ ਸਿੱਕਾ ਜਗਤ ਵਿਚ
ਨਾਨਕ ਨਿਰਮਲ ਪੰਥ ਚਲਾਯਾ॥
ਥਾਪਿਆ ਲਹਿਣਾ ਜੀਂਵਦੇ
ਗੁਰਿਆਈ ਸਿਰ ਛਤ੍ਰ ਫਿਰਾਯਾ॥
ਜੋਤੀ ਜੋਤ ਮਿਲਾਇਕੈ
ਸਤਿਗੁਰ ਨਾਨਕ ਰੂਪ ਵਟਾਯਾ॥
ਲਖ ਨ ਕੋਈ ਸਕਈ
ਆਚਰਜੇ ਆਚਰਜ ਦਿਖਾਯਾ॥
ਕਾਯਾ ਪਲਟ ਸਰੂਪ ਬਣਾਯਾ॥45॥
ਕਰਤਾਰਪੁਰ ਸਚਖੰਡ ਵਸਾਉਣਾ: ਭਾਈ ਗੁਰਦਾਸ ਨੇ 24ਵੀਂ ਵਾਰ ਦੀਆਂ ਪਹਿਲੀਆਂ 4 ਪਉੜੀਆਂ ਵਿਚ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਹੈ।
(A) ਪਹਿਲੀ ਪਉੜੀ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਧਰਮਸ਼ਾਲਾ ਬਣਾ ਕੇ ਸਚਖੰਡ ਬਣਾ ਦਿੱਤਾ। ਦੇਖੋ ਇਹ ਪੰਕਤੀਆਂ,
ਸਤਿ ਰੂਪੁ ਸਤਿ ਨਾਮੁ ਕਰਿ
ਸਤਿਗੁਰ ਨਾਨਕ ਦੇਉ ਜਪਾਇਆ॥
ਧਰਮਸਾਲ ਕਰਤਾਰਪੁਰੁ ਸਾਧਸੰਗਤਿ
ਸਚ ਖੰਡੁ ਵਸਾਇਆ॥
ਵਿਚਾਰ: ਕਰਤਾਰਪੁਰ ਦੀ ਧਰਮਸ਼ਾਲਾ ਨੂੰ ਸਚਖੰਡ ਦਾ ਨਾਂ ਦੇਣਾ ‘ਜਪੁ’ ਜੀ ਦੇ ਸੰਦੇਸ਼ ਅਨੁਸਾਰ ਠੀਕ ਨਹੀਂ ਹੈ। ਸਚਖੰਡ ਕਿਸੇ ਇਮਾਰਤ ਦਾ ਨਾਂ ਨਹੀਂ ਹੋ ਸਕਦਾ। ਸਚਖੰਡ ਤਾਂ ਖੁਦ ਗੁਰੂ ਨਾਨਕ ਸਾਹਿਬ ਨੇ ਮਨ ਦੀ ਉਚੀ ਅਵਸਥਾ ਨੂੰ ਦੱਸਿਆ ਹੈ। ਇਹ ਪੰਜਵਾਂ ਖੰਡ ਹੈ। ਜਿਵੇਂ ਬਾਕੀ ਚਾਰ ਖੰਡ ਮਨ ਦੀਆਂ ਅਵਸਥਾਵਾਂ ਹਨ, ਇਵੇਂ ਹੀ ਸਚਖੰਡ ਵੀ ਮਨ ਦੀ ਹੀ ਅਵਸਥਾ ਹੈ। ਦੇਉ ਸ਼ਬਦ ਦਾ ਅਰਥ ਹੈ, ਪ੍ਰਕਾਸ਼ ਰੂਪ ਅਤੇ ਇਹ ਗੁਰੂ ਜੀ ਦੇ ਨਾਂ ਦਾ ਹਿੱਸਾ ਨਹੀਂ ਹੈ।
(ਅ) ਵਾਰ ਦੀ ਦੂਜੀ ਅਤੇ ਤੀਜੀ ਪਉੜੀ ਵਿਚ ਗੁਰੂ ਜੀ ਨੂੰ ਜਗਤ ਗੁਰੂ ਅਤੇ ਜ਼ਾਹਰ ਪੀਰ ਜਗਤ ਗੁਰ ਬਾਬਾ ਲਿਖ ਕੇ ਉਨ੍ਹਾਂ ਦੀ ਵਡਿਆਈ ਕੀਤੀ ਗਈ ਹੈ। ਦੇਖੋ ਇਹ ਪਉੜੀਆਂ,
ਨਿਹਚਲ ਨੀਉ ਧਰਾਈਓਨੁ
ਸਾਧਸੰਗਤਿ ਸਚ ਖੰਡ ਸਮੇਉ॥
ਗੁਰਮੁਖਿ ਪੰਥੁ ਚਲਾਇਓਨੁ
ਸੁਖ ਸਾਗਰੁ ਬੇਅੰਤੁ ਅਮੇਉ॥
ਸਚਿ ਸਬਦਿ ਆਰਾਧੀਐ
ਅਗਮ ਅਗੋਚਰੁ ਅਲਖ ਅਭੇਉ॥
ਚਹੁ ਵਰਨਾਂ ਉਪਦੇਸਦਾ
ਛਿਅ ਦਰਸਨ ਸਭਿ ਸੇਵਕ ਸੇਉ॥
ਮਿਠਾ ਬੋਲਣੁ ਨਿਵ ਚਲਣੁ
ਗੁਰਮੁਖਿ ਭਾਉ ਭਗਤਿ ਅਰਥੇਉ॥
ਆਦਿ ਪੁਰਖੁ ਆਦੇਸੁ ਹੈ
ਅਬਿਨਾਸੀ ਅਤਿ ਅਛਲ ਅਛੇਉ॥
ਜਗਤੁ ਗੁਰੂ ਗੁਰੁ ਨਾਨਕ ਦੇਉ॥2॥
ਗੁਰੁ ਨਾਨਕ ਦੇਉ-ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ।

ਸਤਿਗੁਰ ਸਚਾ ਪਾਤਿਸਾਹੁ
ਬੇਪਰਵਾਹੁ ਅਥਾਹੁ ਸਹਾਬਾ॥
ਨਾਉ ਗਰੀਬ ਨਿਵਾਜੁ ਹੈ
ਬੇਮੁਹਤਾਜ ਨ ਮੋਹੁ ਮੁਹਾਬਾ॥
ਬੇਸੁਮਾਰੁ ਨਿਰੰਕਾਰੁ ਹੈ
ਅਲਖ ਅਪਾਰੁ ਸਲਾਹ ਸਿਞਾਬਾ॥
ਕਾਇਮੁ ਦਾਇਮੁ ਸਾਹਿਬੀ
ਹਾਜਰੁ ਨਾਜਰੁ ਵੇਦ ਕਿਤਾਬਾ॥
ਅਗਮੁ ਅਡੋਲੁ ਅਤੋਲੁ ਹੈ
ਤੋਲਣਹਾਰੁ ਨ ਡੰਡੀ ਛਾਬਾ॥
ਇਕੁ ਛਤਿ ਰਾਜੁ ਕਮਾਂਵਦਾ
ਦੁਸਮਣੁ ਦੂਤੁ ਨ ਸੋਰ ਸਰਾਬਾ॥
ਆਦਲੁ ਅਦਲੁ ਚਲਾਇਦਾ
ਜਾਲਮੁ ਜੁਲਮੁ ਨ ਜੋਰ ਜਰਾਬਾ॥
ਜਾਹਰ ਪੀਰ ਜਗਤੁ ਗੁਰੁ ਬਾਬਾ॥3॥
ਗੰਗ ਬਨਾਰਸ ਹਿੰਦੂਆਂ
ਮੁਸਲਮਾਣਾਂ ਮਕਾ ਕਾਬਾ॥
ਘਰਿ ਘਰਿ ਬਾਬਾ ਗਾਵੀਐ
ਵਜਨਿ ਤਾਲ ਮ੍ਰਿਦੰਗੁ ਰਬਾਬਾ॥
ਭਗਤਿ ਵਛਲੁ ਹੋਇ ਆਇਆ
ਪਤਿਤ ਉਧਾਰਣੁ ਅਜਬੁ ਅਜਾਬਾ॥
ਚਾਰਿ ਵਰਨ ਇਕ ਵਰਨ ਹੋਇ
ਸਾਧਸੰਗਤਿ ਮਿਲਿ ਹੋਇ ਤਰਾਬਾ॥
ਚੰਦਨੁ ਵਾਸੁ ਵਣਾਸਪਤਿ
ਅਵਲਿ ਦੋਮ ਨ ਸੇਮ ਖਰਾਬਾ॥
ਹੁਕਮੈ ਅੰਦਰਿ ਸਭ ਕੋ
ਕੁਦਰਤਿ ਕਿਸ ਦੀ ਕਰੈ ਜਵਾਬਾ॥
ਜਾਹਰ ਪੀਰੁ ਜਗਤੁ ਗੁਰ ਬਾਬਾ॥4॥
ਭਾਈ ਗੁਰਦਾਸ ਨੇ 26ਵੀਂ ਵਾਰ ਦੀ ਪਉੜੀ 21 ਵਿਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਨੇ ਸਿੱਧਾਂ, ਨਾਥਾਂ ਨਾਲ ਗੋਸ਼ਟੀ ਕਰ ਕੇ ਉਨ੍ਹਾਂ ਨਾਥਾਂ ਨੂੰ ਕੰਨ ਫੜਾਏ (ਜਿੱਤਿਆ), ਬਾਬਰ ਕਿਆਂ ਨੇ ਬਾਬੇ ਅੱਗੇ ਆਪਣਾ ਸੀਸ ਝੁਕਾਇਆ। ਦੇਖੋ ਪਉੜੀ ਦੀਆਂ ਹੇਠ ਲਿਖੀਆਂ ਪੰਕਤੀਆਂ,
ਸਿਧ ਨਾਥ ਅਵਤਾਰ ਸਭ
ਗੋਸਟਿ ਕਰਿ ਕਰਿ ਕੰਨ ਫੜਾਇਆ॥
ਬਾਬਰ ਕੇ ਬਾਬੇ ਮਿਲੇ
ਨਿਵਿ ਨਿਵਿ ਸਭ ਨਬਾਬੁ ਨਿਵਾਇਆ॥