ਨੂਰ ਦਾ ਨਗਮਾ ਹੈ, ‘ਸਾਖੀਓਂ ਨੂਰ ਝਰੈ’

ਡਾ. ਗੁਰਬਖਸ਼ ਸਿੰਘ ਭੰਡਾਲ
ਨਾਨਕ-ਬੋਧ ਨੂੰ ਚਿੰਤਨ ਭਰੀ ਅਕੀਦਤ ਹੈ, ਸਮਰੱਥ ਸ਼ਾਇਰ ਸੁਰਿੰਦਰ ਸੋਹਲ ਦਾ ਕਾਵਿ-ਸੰਗ੍ਰਿਹ ‘ਸਾਖੀਓਂ ਨੂਰ ਝਰੈ।’ ਇਹ ਤਾਂ ਗੁਰੂ ਨਾਨਕ ਪ੍ਰਕਾਸ਼ ਪੁਰਬ ਨੂੰ ਜਾਂਦੀਆਂ ਪੌੜੀਆਂ ਨੇ, ਜਿਨ੍ਹਾਂ ਰਾਹੀਂ ਮਿਲਦਾ ਹੈ ਗਿਆਨ-ਮੰਡਲ ਦਾ ਸਿਰਨਾਵਾਂ।
ਨਾਨਕ ਸ਼ਾਇਰ ਨੂੰ ਕਿਸੇ ਸ਼ਾਇਰ ਵਲੋਂ ਇੰਜ ਵੀ ਅਕੀਦਤ ਭੇਟ ਕੀਤੀ ਜਾ ਸਕਦੀ ਏ, ਇਹ ਸਿਰਫ ਸੁਰਿੰਦਰ ਸੋਹਲ ਦੇ ਹਿੱਸੇ ਆਇਆ ਹੈ। ਇਕ ਕ੍ਰਿਸ਼ਮਾ-ਰੂਪੀ ਹਰਫ-ਬੰਦਨਾ, ਜਿਸ ਵਿਚੋਂ ਫੁੱਟਦੀ ਏ ਕਿਰਨ-ਆਬਸ਼ਾਰ।

ਸਾਖੀਆਂ ਦੇ ਸਤਹੀ ਰੂਪ ਵਿਚ ਉਲਝਾਏ ਜਾ ਰਹੇ ਮਨੁੱਖ ਲਈ ਸਿੱਖ-ਸੋਚ, ਸਿੱਖ-ਵਿਚਾਰਧਾਰਾ ਅਤੇ ਸਿੱਖੀ ਜੀਵਨ-ਜਾਚ ਦੀ ਨਿਸ਼ਾਨਦੇਹੀ ਕਰਦੀਆਂ ਨੇ ਇਹ ਕਲਮ-ਛੋਹਾਂ, ਜਿਨ੍ਹਾਂ ਲਈ ਤਰਸੀ ਪਈ ਏ ਚਾਨਣ-ਵਿਹੂਣੀ ਅਜੋਕੀ ਲੋਕਾਈ। ਤੁਲਸਾਂ, ਲਾਲੋ ਅਤੇ ਮਰਦਾਨੇ ਨੂੰ ਚੇਤਿਆਂ ਵਿਚੋਂ ਵਿਸਾਰ ਕੇ, ਮਲਕ ਭਾਗੋਆਂ ਦੀ ਸ਼ਰਨ ਵਿਚ ਸਿਸਕ ਰਹੇ ਸਿੱਖੀ-ਸਿਧਾਂਤ ਦੀ ਹੂਕ ਨੇ ਇਹ ਕਵਿਤਾਵਾਂ। ਸੋਹਲ, ਸਾਖੀਆਂ ਦੀਆਂ ਪਰਤਾਂ ਫਰੋਲਦਾ, ਇਨ੍ਹਾਂ ਦੀਆਂ ਡੂੰਘੀਆਂ ਰਮਜ਼ਾਂ ਨੂੰ ਕਵਿਤਾਵਾਂ ਰਾਹੀਂ ਪਾਠਕਾਂ ਦੇ ਸਨਮੁੱਖ ਕਰਦਾ ਹੈ।
ਇਹ ਕਲਮ-ਕੀਰਤੀ, ਗਿਆਨ-ਵੇਦਨਾ ਨੂੰ ਵਕਤ-ਤਖਤੀ ‘ਤੇ ਉਕਰ ਕੇ, ਹਨੇਰਿਆਂ ਨੂੰ ਵੰਗਾਰਦੀ ਏ ਕਿਉਂਕਿ ਸੋਹਲ ਜਾਣਦਾ ਹੈ ਕਿ ਸੂਰਜ ਦੇ ਗਾਡੀ-ਰਾਹ ਲਈ ਕਿਰਨ-ਕਾਫਲਿਆਂ ਦੀ ਲੋੜ ਏ ਅਤੇ ਉਹ ਇਨ੍ਹਾਂ ਨੂੰ ਪੂਰਨ ਜਲੌਅ ‘ਚ ਪ੍ਰਗਟਾਉਂਦਾ ਏ।
ਇਹ ਕਵਿਤਾਵਾਂ ਮਨ ਦੀ ਕਾਲਖੀ ਪਰਤ ਵਿਚ ਚਾਨਣ ਦੀ ਕਲਾ-ਨਿਕਾਸ਼ੀ। ਵਿਲੱਖਣ ਅਤੇ ਵਿਕੋਲਿਤਰੀ ਕਾਵਿ-ਸ਼ੈਲੀ। ਨਵੀਂ ਪੈੜ ਦੀਆਂ ਸੂਚਕ।
ਚੇਤਨ ਮਨ ‘ਚੋਂ ਸੁ.ਭ-ਚਿੰਤਨ ਦੀ ਅਕੀਦਤ ਨੇ ਇਹ ਕਵਿਤਾਵਾਂ। ਚਾਨਣ ਦੀਆਂ ਤਸ਼ਬੀਹਾਂ, ਤਰਜ਼ੀਹਾਂ ਅਤੇ ਤਮੰਨਾਵਾਂ ਨੂੰ ਤਾਸੀਰ ਬਣਾਉਂਦੀ ਹਰਫ-ਬੰਦਨਾ। ਕੂੜ-ਕਪਟ ਦੇ ਦੌਰ ਵਿਚ ਰੂਹ-ਰਮਤਾ, ਫੱਕਰ-ਫਕੀਰੀ ਅਤੇ ਮਨ-ਪਾਕੀਜ਼ਗੀ ਦੀ ਪਰਿਕਰਮਾ ਕਰਦੀ ਕਾਵਿ-ਕਿਰਤ।
ਨਿੱਕੇ ਨਿੱਕੇ ਸਬੱਬਾਂ ‘ਚੋਂ ਤਾਰਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਇਹ ਹਰਫ-ਜੋਤ। ਬਾਬੇ ਨਾਨਕ ਦੇ ਇਤਿਹਾਸ-ਮਿਥਿਹਾਸ ‘ਚ ਭਿੱਜੀਆਂ ਸਾਖੀਆਂ ‘ਚੋਂ ਨੂਰ ਦੀ ਰਿਮ-ਝਿਮ ਅਤੇ ਬਚਨ-ਬੰਦਗੀ।
ਮਨ-ਧਰਾਤਲ ‘ਤੇ ਤਖਤੀ, ਪੂਰਨੇ ਅਤੇ ਪੱਟੀ ਬਣ ਕੇ ਬ੍ਰਾਹਮਣੀ ਪਖੰਡ ਤੋਂ ਬ੍ਰਹਮੀ-ਬੋਧ ਦੇ ਸਫਰ ਨੂੰ ਬਿਆਨ ਕਰਦੀਆਂ ਨੇ ਇਹ ਕਵਿਤਾਵਾਂ।
ਇਹ ਕਵਿਤਾਵਾਂ ਤਾਂ ਉਹ ਮਨ-ਸ਼ਜਰਾ ਵੀ ਬਿਆਨਦੀਆਂ ਨੇ, ਜਿਸ ‘ਚ ਰਾਇ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ, ਹਸਨ ਅਬਦਾਲ ਪੰਜਾ ਸਾਹਿਬ ਅਤੇ ਗੋਰਖ ਮੱਤਾ ਨਾਨਕ ਮੱਤਾ ਬਣ ਕੇ ਹੁਣ ਤੀਕ ਚਾਨਣੀ ਤਰੌਂਕ ਰਹੇ ਨੇ।
ਬਾਲ ਨਾਨਕ ਵਿਚੋਂ ਨਾਨਕ ਦੀ ਪੈਗੰਬਰੀ-ਸੋਚ ਦੀ ਨਿਸ਼ਾਨਦੇਹੀ ਕਰਨ ਵਾਲੀ ਦਾਈ ਦੌਲਤਾਂ, ਭੈਣ ਨਾਨਕੀ, ਰਾਇ ਬੁਲਾਰ ਜਾਂ ਭਾਈ ਮਰਦਾਨਾ ਰਾਹੀਂ ਪਰੋਈ ਗਈ ਇਨਾਇਤ ਨੂੰ ਆਪਣੀ ਹੋਂਦ ਰਾਹੀਂ ਖੁਸ਼ਬੂ ਦਾ ਅਹਿਸਾਸ ਵੀ ਹੁੰਦਾ ਹੈ।
ਚੁੱਭੀ ਜਦ ਕਾਲੀ ਵੇਈਂ ਤੋਂ ਮਾਨਵਤਾ ਦੀ ਵੇਈਂ ਅਤੇ ਅਖੀਰ ਵਿਚ ਅਕਾਲ ਵੇਈਂ ਤੀਕ ਦਾ ਪੈਂਡਾ ਕਰਦੀ ਤਾਂ ਸੁਰਤਿ ਧੁਨ ਚੇਲਾ ਦਾ ਅਨਹਦੀ ਨਾਦ, ਮਨ-ਅੰਬਰੀਂ ਗੂੰਜਦਾ ਅਤੇ ਸਮੁੱਚੀ ਕਾਇਨਾਤ ਮਾਰ ਲੈਂਦੀ ਹੈ, ਚਾਨਣ ਦੀ ਬੁੱਕਲ।
‘ਤੇਰਾਂ’ ਤੋਂ ‘ਤੇਰਾ’ ਤੀਕ ਦਾ ਪੈਂਡਾ ਕਰਨ ਵਾਲਾ ਨਾਨਕ ਸ਼ਾਹ ਫਕੀਰ, ਮੋਦੀਖਾਨੇ ਨੂੰ ਵੀ ਰੱਜ, ਸਬਰ ਅਤੇ ਸੰਤੋਖ ਦਾ ਸਬਕ ਪੜ੍ਹਾਉਂਦਾ ਜਾਪਦਾ ਏ, ਇਸ ਸ਼ਬਦ-ਸਾਧਨਾ ਵਿਚ।
ਇਨ੍ਹਾਂ ਕਵਿਤਾਵਾਂ ਵਿਚ ਬੁੱਤ, ਭੁੱਖ ਅਤੇ ਸਾਧੂਆਂ ਦੀਆਂ ਵੰਨਗੀਆਂ ਰਾਹੀਂ ਮਨੁੱਖੀ ਅਸਤਿੱਤਵ ਦਾ ਝਲਕਾਰਾ ਅਤੇ ਚਾਨਣ-ਵਿਗੁੱਤੀਆਂ ਰੂਹਾਂ ਵਿਚ ਪਸਰਦਾ ਸੂਰਜੀ-ਪਸਾਰਾ। ਸਰਘੀ, ਦੁਪਹਿਰ, ਸ਼ਾਮ, ਰਾਤ, ਅੰਮ੍ਰਿਤ ਵੇਲੇ ਨੂੰ ਮੁਖਾਤਬ ਹੁੰਦੀਆਂ ਇਨ੍ਹਾਂ ਕਵਿਤਾਵਾਂ ਵਿਚ ਰੂਹ-ਰਾਗਣੀ ਦੀ ਅਲਮਸਤੀ ਅਤੇ ਅੰਤਰੀਵੀ ਅੰਦਾਜ਼, ਥਾਂ-ਪੁਰ-ਥਾਂ ਪ੍ਰਕਾਸ਼-ਮਾਨ।
ਦਰਅਸਲ ਸੁਰਿੰਦਰ ਸੋਹਲ ਦੀਆਂ ਇਹ ਕਵਿਤਾਵਾਂ ਕਰਾਮਾਤੀ ਕਹਾਣੀਆਂ ਤੋਂ ਕਰਤਾਰੀ ਆਭਾ ਦਾ ਸਫਰਨਾਮਾ ਨੇ। ਇਲਹਾਮ ਅਤੇ ਅੰਤਰਯਾਮਤਾ ਤੋਂ ਅੰਤਰੀਵ ਨੂੰ ਜਾਂਦੀਆਂ ਰਾਹਾਂ ‘ਤੇ ਚਾਨਣ ਵੰਡਦੇ ਸ਼ਿਲਾਲੇਖ। ਇਨ੍ਹਾਂ ਦੀ ਪਛਾਣ ਵਿਚੋਂ ਹੀ ਸੰਪੂਰਨ ਮਨੁੱਖ ਦੀ ਸਿਰਜਣਾ ਹੋ ਸਕਦੀ।
ਇਹ ਕਵਿਤਾਵਾਂ ਪਾਪ-ਕੜਾਹੇ ਦਾ ਸ਼ਬਦ-ਕੜਾਹਾ ਬਣ ਕੇ, ਅੰਮ੍ਰਿਤ-ਰਸ ਵਰਤਾਉਣ ਅਤੇ ਲਬਰੇਜ਼ਤਾ ਨੂੰ ਮਾਣਨ ਦਾ ਪੈਗਾਮ ਹਨ। ਤਨ ਦੀ ਗੰਧਲੀ ਹਵੇਲੀ ਨੂੰ ਹੰਗਾਲ ਕੇ ਧਰਮਸਾਲ ਬਣਾਉਣ ਵਾਲੀ ਰਬਾਬੀ ਰੰਗਤਾ ਅਤੇ ਗਿਆਨ-ਗੰਗਾ ਦਾ ਨਿਰੰਤਰ ਵਹਾ ਨੇ ਇਹ ਕਵਿਤਾਵਾਂ।
ਸੁਰਿੰਦਰ ਸੋਹਲ ਨੇ ਸ਼ਬਦ-ਰੂਹ ਨੂੰ ਉਦੈ-ਮਾਨ ਕੀਤਾ ਹੈ। ਸ਼ਬਦ, ਜੋ ਜੋਗੀਆਂ ਦੀ ਰੱਕੜ-ਰੂਹ ਵਿਚ ਸੁਆਤੀ ਬੂੰਦ ਬਣ ਕੇ ਬਰਸਿਆ। ਕਦੇ ਸ਼ਬਦ ‘ਚੋਂ ਪੰਜਾ, ਤੇ ਕਦੇ ਮੱਕੇ ਦਾ ਦਿਸ਼ਾ-ਬਿੰਦੂ ਬਣਿਆ। ਕਦੇ ਸ਼ਬਦ ਸੱਜਣ ਨੂੰ ‘ਸੱਜਣ’ ਬਣਾਵੇ। ਕਦੇ ਸ਼ਬਦ, ਰੀਠੇ ਦੀ ਮਿਠਾਸ। ਸ਼ਬਦ-ਛੋਹ ਨਾਲ ਹੀ ਬੇਰ, ਰੀਠਾ ਤੇ ਟਾਹਲੀ ‘ਸਾਹਿਬ’ ਬਣ ਕੇ ਨਾਨਕ-ਸੋਚ ਨੂੰ ਪ੍ਰਚੰਡ ਕਰਨ ਵਿਚ ਰੁੱਝੇ ਨੇ। ਸ਼ਬਦ-ਸਾਰ ਤੋਂ ਸ਼ਬਦ-ਸੂਹ ਨੂੰ ਸਿਆਣਨ ਦਾ ਕਰਮ ਕਰ ਗਿਆ ਹੈ, ਸੁਰਿੰਦਰ ਸੋਹਲ।
ਸੁਰਿੰਦਰ ਸੋਹਲ ਦਾ ਇਹ ਕਾਵਿ-ਸੰਗ੍ਰਿਹ ਇਕ ਅਲੋਕਾਰੀ ਉਦਮ। ਇਕ ਆਵੇਸ਼। ਸ਼ਬਦ ‘ਚੋਂ ਉਗਮਦਾ ਸੂਰਜ। ਨਾਨਕ-ਪੈਂਡਿਆਂ ‘ਚੋਂ ਜੀਵਨ-ਰਾਹਾਂ ‘ਤੇ ਚਾਨਣ ਦਾ ਛਿੜਕਾਅ। ਨਾਨਕ-ਬੋਲਾਂ ‘ਚੋਂ ਜੀਵਨ-ਜੁਗਤ ਦਾ ਰਾਗ ਅਤੇ ਬਾਹਰੀ ਵਰਤਾਰਿਆਂ ਵਿਚੋਂ ਪ੍ਰਗਟਦੀ ਅਦਿੱਖ ਲੋਅ, ਜੋ ਸੋਚ-ਧਰਾਤਲ ਨੂੰ ਧੁੱਪ ਨਾਲ ਧੋਂਦੀ ਹੈ।
ਨਾਨਕ ਸਾਇਰ ਸੱਚ ਕਹਿਤ ਹੈ, ਕਿਉਂਕਿ ਨਾਨਕ ਤੇ ਕਾਇਨਾਤ ਦੀ ਇਕਮਿਕਤਾ ਵਿਚੋਂ ਹੀ ਇਸ ਕਾਵਿ-ਬੋਧ ਨੇ ਜਨਮ ਲਿਆ। ਇਸ ਵਿਚ ਹਾਜ਼ਰ-ਨਾਜ਼ਰ ਹੈ ਨਾਨਕ-ਬੋਧ ਦੀ ਮਿੱਠਤ, ਸ਼ਿੱਦਤ ਅਤੇ ਸੁਗੰਧਿਤ ਸੰਵੇਦਨਾ।
ਅਜਿਹੇ ਕਾਵਿ-ਸੰਗ੍ਰਿਹ ਦਾ ਹਾਰਦਿਕ ਸੁਆਗਤ। ਸ਼ਾਲਾ! ਸੁਰਿੰਦਰ ਸੋਹਲ ਅਜਿਹੀਆਂ ਪੈੜਾਂ ਦਾ ਸਿਰਜਕ ਬਣਿਆ ਰਹੇ।

‘ਸਾਖੀਓਂ ਨੂਰ ਝਰੈ’ ਵਿਚੋਂ ਕੁਝ ਕਵਿਤਾਵਾਂ

ਪੱਟੀ
ਤਨ-ਪਾਠਸ਼ਾਲਾ ‘ਚ
ਮਨ-ਪਾਂਧਾ
ਦਿਲ-ਤਖਤੀ
ਸੋਚ-ਗਾਚਣੀ ਸੰਗ ਪੋਚ ਕੇ
ਤ੍ਰਿਪਤਾ ਦੇ ਘਰ ਵੱਲੋਂ ਆਉਂਦੇ
ਰਾਹ ‘ਤੇ ਨਿਗਾਹ ਵਿਛਾਈ ਬੈਠਾ।

ਕਦ ਇਸ ਰਾਹੇ
ਬਾਲ ਇੰਞਾਣਾ ਨਿਕਲੇ
ਦਿਲ-ਤਖਤੀ ‘ਤੇ
ਪਾਏ ਪੂਰਨੇ ਨੂਰੀ
ਲਿਖੇ ਇਲਾਹੀ ਪੱਟੀ।

ਪੱਟੀ ਦਾ ਹਰ ਅੱਖਰ
ਬਣੇ ਕਹਿਕਸ਼ਾਂ
ਮਸਤਕ ਅੰਦਰ
ਠੰਢਾ-ਠੰਢਾ ਚਾਨਣ ਬਿਖਰੇ
ਰੂਹ ਦਾ ਜਗਤ-ਜਲੰਦਾ ਠਾਰੇ।

ਰਬਾਬ
ਸਾਜਣਹਾਰ ਨੇ
ਘੜੀ ਰਬਾਬ ਇਹ ਕੈਸੀ
ਹੱਡ-ਲੱਕੜ ‘ਤੇ
ਚਮੜਾ ਮੜ੍ਹਿਆ
ਨਾੜਾਂ ਦੇ ਤੰਦ-ਤਾਰ।

ਸਾਹ-ਪੋਟੇ ਜਦ ਛੇੜਨ ਤਾਰਾਂ
ਲਿਸ਼ਕ ਸੁਰਾਂ ਦੀ ਉੱਠਦੀ
ਪੌਣ ਸੁਰੀਲੀ ਵਗਦੀ।

ਅੱਖਾਂ ਮੀਟ ਉਚਾਰੇ
ਜਦ-ਜਦ
ਬੋਲ ਇਲਾਹੀ
ਜਗਤ-ਫਿਰੰਦਾ
ਫਿਜ਼ਾ ‘ਚ ਘੁਲਦਾ
ਰੰਗ ਕੀਰਤੀ
ਮਸਤ ਫਿਰੇ ਰੂਹ ਦਾ ਮਰਦਾਨਾ।

ਜਿਸ ਵੀ ਨਿੰਮ-ਸੁਰਤੀ ਨੂੰ ਛੂਹੇ
ਸੁਰਾਂ ‘ਚ ਨ੍ਹਾਤੇ
ਕੂਜਾ-ਮਿਸ਼ਰੀ ਬੋਲ
ਮਿੱਠ-ਨਿਮੋਲੀ ਸੁਰਤੀ ਹੋਈ।

ਸਾਜਣਹਾਰ ਰਬਾਬ ਹੈ ਆਪੇ
ਆਪ ਰਬਾਬ ਹੈ ਸਾਜਣਹਾਰ।

ਮੱਕਾ
ਸੰਗੀਤ-ਸਿਲਾਈ
ਸ਼ਬਦ-ਸੁਰਮੇ ਰੱਤੀ
ਸੁਰਤ-ਨੇਤਰ ‘ਚ ਫਿਰੀ
ਦਹਿ ਦਿਸ਼ਾਵੀਂ
ਮੱਕਾ ਦਿਸਿਆ।

ਪੰਜਾ
ਹਉਂ ਦਾ ਪਰਬਤ
ਜ਼ਿੱਦ ਵਲੀ ਕੰਧਾਰੀ
ਰੂਹ ਪੱਥਰ ਹੋਈ
ਸ਼ਬਦ ਦਾ ਪੰਜਾ
ਰੂਹ ਨੂੰ ਛੂਹਿਆ
ਅੱਖਾਂ ਥਾਣੀਂ
ਅੰਮ੍ਰਿਤ ਜਲ ਦਾ
ਚਸ਼ਮਾ ਫੁੱਟਿਆ।
-ਸੁਰਿੰਦਰ ਸੋਹਲ