ਸਾਥੀ ਲੁਧਿਆਣਵੀ-ਇਕ ਸ਼ਰਧਾਂਜਲੀ

ਜੇ. ਬੀ. ਸਿੰਘ ਕੈਂਟ (ਵਾਸ਼ਿੰਗਟਨ)
ਫੋਨ: 253-508-9805
ਡਾ. ਮੋਹਨ ਸਿੰਘ ਸਾਥੀ, ਜਿਨ੍ਹਾਂ ਨੂੰ ਸਾਰੇ ਸਾਥੀ ਲੁਧਿਆਣਵੀ ਕਰ ਕੇ ਜਾਣਦੇ ਹਨ, ਆਪਣੀ ਕਰੀਬ 78 ਸਾਲ ਦੀ ਉਮਰ ਭੋਗ ਕੇ 17 ਜਨਵਰੀ 2019 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਲੁਧਿਆਣੇ ਦੇ ਇਕ ਛੋਟੇ ਜਿਹੇ ਪਿੰਡ ਝਿੱਕਾ ਲਧਾਣਾ ਵਿਚ ਜਨਮੇ ਸਾਥੀ ਬਾਰੇ ਤਦ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਕਿਸੇ ਦਿਨ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿਚ ਆਪਣੀ ਅਮਿੱਟ ਛਾਪ ਛੱਡ ਜਾਣਗੇ। ਹਾਈ ਸਕੂਲ ਦੇ ਦਿਨਾਂ ਵਿਚ ਉਹ ਆਪਣੇ ਪਰਿਵਾਰ ਸਮੇਤ ਲੁਧਿਆਣੇ ਆ ਗਏ, ਜਿਥੇ ਉਨ੍ਹਾਂ ਨੇ ਗਿਆਨੀ ਪਾਸ ਕਰਨ ਪਿਛੋਂ ਬੀ. ਏ. ਕੀਤੀ। ਸੰਨ 1962 ਵਿਚ ਉਹ ਬਰਤਾਨੀਆ ਆ ਗਏ ਤੇ ਅਕਾਊਂਟੈਂਸੀ ਵਿਚ ਡਿਪਲੋਮਾ ਕੀਤਾ।

ਸਾਥੀ ਲੁਧਿਆਣਵੀ ਹੱਦ ਦਰਜੇ ਦੇ ਮਿਹਨਤੀ ਤੇ ਸਿਰੜੀ ਇਨਸਾਨ ਸਨ। ਰੋਜ਼ੀ-ਰੋਟੀ ਲਈ ਉਨ੍ਹਾਂ ਵੱਖ ਵੱਖ ਕਿੱਤੇ ਅਪਨਾਏ। ਉਹ ਕੁਝ ਸਮਾਂ ਅਧਿਆਪਕ ਵੀ ਰਹੇ। ਉਪਰੰਤ ਬ੍ਰਿਟਿਸ਼ ਏਅਰ ਲਾਈਨ ਵਿਚ ਨੌਕਰੀ ਕੀਤੀ। ਕੁਝ ਸਾਲ ਪੋਸਟਲ ਐਂਡ ਟੈਲੀਗਰਾਮ ਵਿਭਾਗ ਵਿਚ ਅਫਸਰ ਵੀ ਰਹੇ। ਉਹ ਇਕ ਸਫਲ ਬਿਜਨਸਮੈਨ ਵੀ ਸਨ। ਨੌਕਰੀ ਤੋਂ ਇਲਾਵਾ ਉਨ੍ਹਾਂ ਸਟੇਸ਼ਨਰੀ ਤੇ ਕਿਤਾਬਾਂ ਵੇਚਣ ਅਤੇ ਸਪੋਰਸਟਸ ਦਾ ਸਮਾਨ ਵੇਚਣ ਦਾ ਕੰਮ ਵੱਡੀ ਪੱਧਰ ‘ਤੇ ਕੀਤਾ।
ਸਾਥੀ ਜੀ ਇਕ ਬਹੁਪੱਖੀ ਸ਼ਖਸੀਅਤ ਸਨ। ਉਨ੍ਹਾਂ ਦਾ ਰਹਿਣ ਸਹਿਣ ਬਾਦਸ਼ਾਹਾਂ ਜਿਹਾ ਸੀ। ਵਧੀਆ ਪਰ ਸਲੀਕੇ ਦੇ ਕੱਪੜੇ ਪਹਿਨਣਾ, ਨਵੇਂ ਨਵੇਂ ਕੋਟ-ਪੈਂਟ ਤੇ ਨਾਲ ਮੈਚ ਕਰਦੀ ਟਾਈ ਅਤੇ ਚਮਕਦੀ ਵਧੀਆ ਜੁੱਤੀ ਪਾ ਕੇ ਬਣ ਠਣ ਕੇ ਮਹਿਫਿਲਾਂ, ਮੀਟਿੰਗਾਂ ਤੇ ਪਾਰਟੀਆਂ ਵਿਚ ਜਾਣਾ ਸੀ। ਉਨ੍ਹਾਂ ਨੇ ਜ਼ਿੰਦਗੀ ਵਿਚ ਦੋ ਹੀ ਜੀਵਨ ਸਾਥੀ ਚੁਣੇ, ਇਕ ਆਪਣੀ ਧਰਮ ਪਤਨੀ ਯਸ਼, ਜਿਨ੍ਹਾਂ ਨਾਲ ਉਨ੍ਹਾਂ ਦੀ 1965 ਵਿਚ ਸ਼ਾਦੀ ਹੋਈ ਸੀ ਤੇ ਦੂਜਾ, ਕਿਤਾਬਾਂ, ਮੈਗਜ਼ੀਨ ਤੇ ਅਖਬਾਰਾਂ, ਜਿਨ੍ਹਾਂ ਨਾਲ ਉਹ ਘੰਟਿਆਂ ਬੱਧੀ ਜੁੜੇ ਰਹਿੰਦੇ। ਜੀਵਨ ਵਿਚ ਗੰਭੀਰਤਾ ਤੇ ਸੰਜੀਦਗੀ ਦੇ ਹੁੰਦਿਆਂ ਵੀ ਉਹ ਹੱਸਮੁਖ ਤੇ ਜਿੰਦਾ ਦਿਲ ਇਨਸਾਨ ਸਨ। ਉਨ੍ਹਾਂ ਦੇ ਮਿੱਤਰ ਉਨ੍ਹਾਂ ਦੀ ਦਰਿਆ ਦਿਲੀ ‘ਤੇ ਫਖਰ ਕਰਦੇ ਸਨ। ਕਿਸੇ ਨੂੰ ਪਲ ਵਿਚ ਆਪਣਾ ਬਣਾ ਲੈਣ ਦੀ ਉਨ੍ਹਾਂ ਵਿਚ ਵਿਸ਼ੇਸ਼ ਕਲਾ ਸੀ। ਉਹ ਸਾਰੇ ਸਾਹਿਤਕਾਰਾਂ ਨੂੰ ਆਪਣਾ ਇਕ ਵੱਡਾ ਪਰਿਵਾਰ ਮੰਨਦੇ ਸਨ ਤੇ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਵਿਚ ਕੋਈ ਕਸਰ ਨਹੀਂ ਸਨ ਛੱਡਦੇ। ਅਜਿਹੇ ਘਰ ਦੀ ਸਦੀਵੀ ਹੋਂਦ ਨੂੰ ਕਾਇਮ ਰੱਖਣ ਲਈ ਉਹ ਹਮੇਸ਼ਾ ਰੱਬ ਤੋਂ ਦੁਆ ਮੰਗਦੇ ਸਨ,
ਇਹ ਵਸਦਾ ਹੋਇਆ ਘਰ ਸਲਾਮਤ ਰਹੇ।
ਇਸ ਦੀ ਛੱਤ ਤੇ ਸੱਜਰ ਸਲਾਮਤ ਰਹੇ।
ਘਰ ਤਾਂ ਇਮਾਰਤ ਹੈ, ਹਮਸਾਇਆਂ ਬਿਨਾ
ਇਸ ਘਰ ਦਾ, ਹਰ ਬਸ਼ਰ ਸਲਾਮਤ ਰਹੇ।
ਉਨ੍ਹਾਂ ਦੇ ਸਾਹਿਤਕ ਸਫਰ ਦੀ ਸ਼ੁਰੂਆਤ ‘ਪ੍ਰੀਤ ਲੜੀ’ ਵਿਚ ਛਪੇ ਲੇਖਾਂ ਨਾਲ ਹੋਈ। ਪਿਛੋਂ ਇਹੀ ਲੇਖ ‘ਸਮੁੰਦਰੋਂ ਪਾਰ’ ਸਿਰਲੇਖ ਹੇਠ 23-24 ਸਾਲ ਤੱਕ ਛਪਦੇ ਰਹੇ। ਫਿਰ ਇਹ ਕਾਲਮ ‘ਪੰਜਾਬੀ ਟ੍ਰਿਬਿਊਨ’ ਵਿਚ 6 ਸਾਲ ਛਪਦਾ ਰਿਹਾ।
ਸਾਥੀ ਜੀ ਬਹੁ-ਭਾਸ਼ਾਈ ਸ਼ਖਸੀਅਤ ਸਨ। ਪੰਜਾਬੀ ਤੋਂ ਬਿਨਾ ਹੋਰ ਭਾਸ਼ਾਵਾਂ ਬਾਰੇ ਡੂੰਘੀ ਜਾਣਕਾਰੀ ਰੱਖਣ ਦੀ ਉਨ੍ਹਾਂ ਨੂੰ ਡਾਢੀ ਭੁੱਖ ਸੀ। ਇੰਗਲੈਂਡ ਦੇ ਸਿਆਸੀ ਮਾਹੌਲ ਬਾਰੇ ਉਹ ‘ਇਨ ਸਟੈਪਸ ਵਿੱਦ ਟਾਈਮ’ ਦੇ ਸਿਰਲੇਖ ਹੇਠ ਲਗਾਤਾਰ ਅੰਗਰੇਜ਼ੀ ਕਾਲਮ ਲਿਖਦੇ ਰਹੇ, ਜਿਸ ਵਿਚ ਉਹ ਪੰਜਾਬੀਆਂ ਦੇ ਮਸਲੇ ਬਾਖੂਬੀ ਉਭਾਰਦੇ। ਉਹ ਟੀ. ਵੀ. ਦੇ ਹਰ ਚੈਨਲ ‘ਤੇ ਆ ਰਹੇ ਵਿਸ਼ਿਆਂ ਨੂੰ ਗੌਰ ਨਾਲ ਵਿਚਾਰਦੇ ਅਤੇ ਆਪਣੇ ਪਾਠਕਾਂ ਤੇ ਸਰੋਤਿਆਂ ਤਾਈਂ ਪਹੁੰਚਾਉਂਦੇ।
ਬ੍ਰਿਟੇਨ ਅਤੇ ਯੂਰਪ ਦੇ ਇਤਿਹਾਸ ਵਿਚ ਸਾਥੀ ਜੀ ਪਹਿਲੇ ਇਨਸਾਨ ਸਨ, ਜਿਨ੍ਹਾਂ ਰੇਡੀਓ ਉਤੇ ਪੰਜਾਬੀ ਵਿਚ ਖਬਰਾਂ ਲਿਖਣੀਆਂ ਤੇ ਪੜ੍ਹਨੀਆਂ ਸ਼ੁਰੂ ਕੀਤੀਆਂ। ਭਾਰਤੀ ਅਤੇ ਪਾਕਿਸਤਾਨੀ ਸਰੋਤਿਆਂ ਵਿਚ ਉਨ੍ਹਾਂ ਨੇ ਵਿਚਾਰ-ਵਟਾਂਦਰੇ ਦਾ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਤੇ ਸਰੋਤਿਆਂ ਨਾਲ ਉਸਾਰੂ ਬਹਿਸ ਕਰ ਕੇ ਆਪਣੇ ਨਾਲ ਜੋੜਿਆ।
ਉਨ੍ਹਾਂ ਨੇ ‘ਸਨਰਾਈਜ਼ ਰੇਡੀਓ’ ਲਈ ਵੀ ਕਈ ਸਾਲ ਲਗਾਤਾਰ ਕੰਮ ਕੀਤਾ। ਇਸੇ ਰੇਡੀਓ ‘ਤੇ ਸਾਥੀ ਨੇ ਪੰਜਾਬੀ ਦੇ ਨਾਮੀ ਲੇਖਕਾਂ, ਕਵੀਆਂ, ਬੁੱਧੀਜੀਵੀਆਂ ਤੇ ਹੋਰ ਅਨੇਕਾਂ ਸ਼ਖਸੀਅਤਾਂ ਦੇ ਇੰਟਰਵਿਊ ਕੀਤੇ। ਉਨ੍ਹਾਂ ਦੇ ‘ਫੇਸਬੁਕ ਪ੍ਰੋਫਾਈਲ’ ਵਿਚ ਸ਼ਿਵ ਕੁਮਾਰ ਬਟਾਲਵੀ, ਦੀਦਾਰ ਸਿੰਘ ਪ੍ਰਦੇਸੀ, ਚਿੱਤਰਕਾਰ ਸੋਭਾ ਸਿੰਘ ਤੇ ਹੋਰ ਕਈ ਬਹੁਤ ਮਹਾਨ ਸ਼ਖਸੀਅਤਾਂ ਸ਼ਾਮਲ ਹਨ।
ਨਿਬੰਧ, ਕਵਿਤਾ ਤੇ ਵਾਰਤਕ, ਲਿਖਣ ਵਿਚ ਉਨ੍ਹਾਂ ਨੂੰ ਮੁਹਾਰਤ ਸੀ। ਉਨ੍ਹਾਂ ਦੀ ਵਿਸ਼ੇਸ਼ ਖੂਬੀ ਇਹ ਵੀ ਸੀ ਕਿ ਉਹ ਸਿੱਧ ਪੱਧਰੀ ਜ਼ਬਾਨ ਵਿਚ ਵੱਡੀ ਤੋਂ ਵੱਡੀ ਗੱਲ ਕਹਿ ਜਾਂਦੇ ਸਨ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ 18 ਪੁਸਤਕਾਂ ਲਿਖੀਆਂ। ਉਨ੍ਹਾਂ ਦੀਆਂ ਕਿਤਾਬਾਂ ਵਿਚੋਂ ‘ਸਮੁੰਦਰੋਂ ਪਾਰ’, ‘ਅੱਗ ਖਾਣ ਪਿੱਛੋਂ’, ‘ਸਮੇਂ ਦੇ ਪੈਰ ਚਿੰਨ੍ਹ’ ਤੇ ‘ਇਤਿਹਾਸ ਟੁਰਦਾ ਹੈ’ ਲੇਖ ਸੰਗ੍ਰਿਹ ਹਨ। ‘ਸਮੁੰਦਰੋਂ ਪਾਰ’ ਬਰਤਾਨੀਆ ਦੇ ਏ-ਲੈਵਲ ਦੇ ਵਿਦਿਆਰਥੀਆਂ ਦੇ ਸਿਲੇਬਸ ਵਿਚ 1994 ਤੋਂ 1996 ਤੱਕ ਲੱਗਾ ਰਿਹਾ।
‘ਉਡਦੀਆਂ ਤਿਤਲੀਆਂ ਮਗਰ’ ਤੇ ‘ਮੌਸਮ ਖਰਾਬ ਹੈ’ ਸਾਥੀ ਜੀ ਦੇ ਪ੍ਰਸਿੱਧ ਕਹਾਣੀ ਸੰਗ੍ਰਿਹ ਹਨ। ‘ਪ੍ਰੇਮ ਖੇਲਨ ਕਾ ਚਾਉ’, ‘ਤਿੜਕਿਆ ਸ਼ਹਿਰ’, ‘ਸ਼ੇਅਰ ਅਰਜ਼ ਹੈ’, ‘ਪੱਥਰ’ ਅਤੇ ‘ਕਦੇ ਸਾਹਿਲ, ਕਦੇ ਸਮੁੰਦਰ’ ਉਨ੍ਹਾਂ ਦੇ ਪ੍ਰਸਿਧ ਕਾਵਿ ਸੰਗ੍ਰਿਹ ਹਨ, ਜਿਨ੍ਹਾਂ ਵਿਚੋਂ ‘ਕਦੇ ਸਾਹਿਲ, ਕਦੇ ਸਮੁੰਦਰ’ ਪੁਸਤਕ ਉਨ੍ਹਾਂ ਆਪਣੇ ਮਰਹੂਮ ਬੇਟੇ ਨੂੰ ਸਮਰਪਿਤ ਕੀਤੀ, ਜੋ ਜਵਾਨੀ ਵੇਲੇ ਹੀ ਸਦੀਵੀ ਵਿਛੋੜਾ ਦੇ ਗਿਆ।
ਸਾਥੀ ਜੀ ਨੇ ‘ਸੱਜਰੇ ਫੁੱਲ’ ਪੁਸਤਕ ਦੀ ਸੰਪਾਦਨਾ ਕੀਤੀ। ‘ਗੋਰੀ ਧਰਤੀ’ ਅਤੇ ‘ਰੇਨਬੋ’ ਕਿਤਾਬਾਂ ਦੇ ਸਹਿ ਸੰਪਾਦਕ ਰਹੇ। ‘ਸਾਹਿਲ’ ਉਨ੍ਹਾਂ ਦਾ ਆਖਰੀ ਨਾਵਲ ਸੀ, ਜੋ ਉਨ੍ਹਾਂ ਨੇ ਬਿਮਾਰੀ ਦੌਰਾਨ ਹੀ ਲਿਖਿਆ ਤੇ ਛਪਵਾਇਆ।
ਸਾਥੀ ਲੁਧਿਆਣਵੀ ਦੀ ਸੱਚੀ ਸੁੱਚੀ ਸੋਚ, ਉਨ੍ਹਾਂ ਦੀਆਂ ਸਮਾਜ ਸੁਧਾਰ ਤੇ ਜਾਦੂਮਈ ਲਿਖਤਾਂ, ਉਨ੍ਹਾਂ ਦੀ ਲੋਕਾਂ ਨਾਲ ਸਾਂਝ, ਪ੍ਰੇਮ ਤੇ ਖੁਲ੍ਹਦਿਲੀ ਕਾਰਨ, ਤਦ ਦੇ ਹਰ ਅਦਾਰੇ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ ਤੇ ਕਈ ਸੰਸਥਾਵਾਂ ਨੇ ਉਨ੍ਹਾਂ ਨੂੰ ਆਪਣੀ ਲੀਡਰਸ਼ਿਪ ਲਈ ਚੁਣਿਆ।
ਉਹ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਪ੍ਰਧਾਨ, ਯੂ. ਕੇ. ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਰਹੇ ਤੇ ਗਲੋਬਲ ਪੰਜਾਬੀ ਸਰਕਲ ਯੂ. ਕੇ. ਦੇ ਵਿਸ਼ੇਸ਼ ਸਲਾਹਕਾਰ ਬਣੇ। ਉਹ ‘ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਲੰਡਨ’ ਦੇ ਕਨਵੀਨਰ ਤੇ ਪੰਜਾਬੀ ਸਾਹਿਤ ਸੰਗਮ ਦੇ ਸਹਾਇਕ ਜਨਰਲ ਸਕੱਤਰ ਵੀ ਚੁਣੇ ਗਏ। ਉਨ੍ਹਾਂ ਨੂੰ ਜੋ ਵੀ ਰੁਤਬਾ ਮਿਲਿਆ, ਉਸ ਸੰਸਥਾ ਲਈ ਸ਼ਾਨ ਹੋ ਨਿਬੜਿਆ।
ਉਨ੍ਹਾਂ ਦੀਆਂ ਸਿਰੜ ਘਾਲਨਾਵਾਂ ਕਰ ਕੇ 1985 ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਉਨ੍ਹਾਂ ਨੂੰ ਸਾਹਿਤ ਸ਼੍ਰੋਮਣੀ ਐਵਾਰਡ ਦਿੱਤਾ। ਉਨ੍ਹਾਂ ਨੂੰ 2001 ਵਿਚ ਲੰਡਨ ਦੇ ਮੇਅਰ ਨੇ ਰੇਡੀਓ ਅਤੇ ਟੀ. ਵੀ. ‘ਤੇ ਪ੍ਰਾਪਤੀਆਂ ਲਈ ਸਨਮਾਨ ਕੀਤਾ। ਪੰਜਾਬੀ ਅਕਾਦਮੀ ਲੈਸਟਰ ਨੇ 2006 ਵਿਚ ਲਾਈਫ ਟਾਈਮ ਲਿਟਰੇਰੀ ਅਚੀਵਮੈਂਟ ਅਵਾਰਡ ਦਿੱਤਾ। 2007 ਵਿਚ ਹਾਊਸ ਆਫ ਕਾਮਨਜ਼ ਵਿਚ ਉਨ੍ਹਾਂ ਨੂੰ ਬ੍ਰਿਟੇਨ ਦਾ ‘ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਕਲਚਰਲ ਐਵਾਰਡ’ ਮਿਲਿਆ। ਖਾਸ ਗੱਲ, 29 ਅਕਤੂਬਰ 2009 ਨੂੰ ਯੂਨੀਵਰਸਿਟੀ ਆਫ ਈਸਟ ਲੰਡਨ ਨੇ ਸਾਥੀ ਜੀ ਨੂੰ ਆਨਰੇਰੀ ਡਾਕਟਰੇਟ ਦੀ ਉਪਾਧੀ ਦਿੱਤੀ।
ਸਾਥੀ ਜੀ ਸਿਰਫ ਆਪ ਹੀ ਵਧੀਆ ਲੇਖਕ ਨਹੀਂ ਸਨ, ਸਗੋਂ ਆਪਣੇ ਨਾਲ ਲੱਗੇ ਹਰ ਸ਼ਖਸ ਨੂੰ ਚੰਗਾ ਲੇਖਕ ਬਣਨ ਲਈ ਪ੍ਰੇਰਦੇ ਸਨ। ਉਨ੍ਹਾਂ ਦੀ ਹਮੇਸ਼ਾ ਇਹੋ ਕੋਸ਼ਿਸ਼ ਰਹਿੰਦੀ ਕਿ ਨਵੇਂ ਲਿਖਾਰੀਆਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ। ਉਹ ਇਕ ਨਿਡਰ ਲਿਖਾਰੀ ਸਨ ਤੇ ਬਾਕੀ ਲੇਖਕਾਂ ਤੋਂ ਵੀ ਇਹੀ ਆਸ ਰੱਖਦੇ ਸਨ। ਉਨ੍ਹਾਂ ਦੀ ਪ੍ਰੇਰਨਾ ਸੀ,
ਕੋਈ ਸੁੰਦਰ ਬਾਤ ਲਿਖੋ।
ਸ਼ਾਮ ਲਿਖੋ ਪ੍ਰਭਾਤ ਲਿਖੋ।
ਸੱਚ ਲਿਖਣ ਤੋਂ ਡਰੋ ਨਹੀਂ,
ਦਿਨ ਨੂੰ ਦਿਨ ਤੇ ਰਾਤ ਲਿਖੋ।
ਅੱਜ ਅਸੀਂ ਭਾਰਤ ਤੇ ਪਾਕਿਸਤਾਨ ਦੇ ਗੁਰਧਾਮਾਂ ਪੱਖੋਂ ਦੋਸਤੀ ਦਾ ਜੋ ਹੱਥ ਵਧਿਆ ਦੇਖ ਰਹੇ ਹਾਂ, ਇਹ ਸਾਥੀ ਜੀ ਦੀ ਭਵਿੱਖਵਾਣੀ ਵੀ ਸੀ। ਉਨ੍ਹਾਂ ਦੀ ਕਵਿਤਾ ‘ਭਾਰਤ ਤੇ ਪਾਕਿਸਤਾਨ’ ਵਿਚ ਲਿਖਿਆ ਹੈ,
ਇਕ ਦਿਨ ਦੋਸਤ ਬਣ ਜਾਣੇ ਨੇ,
ਭਾਰਤ ਤੇ ਪਾਕਿਸਤਾਨ।
ਇਹ ਹੈ ਸਭ ਦੀ ਇੱਛਾ,
ਇਹ ਹੈ ਕਵੀਆਂ ਦਾ ਫੁਰਮਾਨ।
ਸਾਥੀ ਲੁਧਿਆਣਵੀ ਨੇ ਸਿਆਟਲ ਵਿਚ ਵੀ ਆਪਣਾ ਇੱਕ ਰੇਡੀਓ ਸਟੇਸ਼ਨ ਸਥਾਪਤ ਕਰਨ ਬਾਰੇ ਸੋਚਿਆ ਸੀ ਤੇ ਹੋਰ ਵੀ ਕਈ ਸਪਨੇ ਲਏ ਸਨ। ਉਹ ਅਕਸਰ ਆਪਣੀ ਤੁਲਨਾ ‘ਚਾਨਣ ਵੰਡਦੇ’ ਤਾਰਿਆਂ ਨਾਲ ਕਰਦੇ ਹੁੰਦੇ ਸਨ; ਉਨ੍ਹਾਂ ਦੇ ਹੀ ਸ਼ਬਦਾਂ ਵਿਚ,
ਹੱਸਦੇ ਹੱਸਦੇ ਇਕ ਦਿਨ ਡੰਡੀਓਂ ਟੁੱਟ ਜਾਵਾਂਗੇ
ਜਿਸ ਮਿੱਟੀ ‘ਚੋਂ ਜਨਮੇ, ਉਸੇ ‘ਚ ਮੁੱਕ ਜਾਵਾਂਗੇ।
ਅਸੀਂ ਤਾਂ ਚਾਨਣ ਵੰਡਦੇ ਫਿਰਦੇ ਤਾਰੇ ਹਾਂ
ਚਾਨਣ ਵੰਡਦੇ ਵੰਡਦੇ ਗਗਨੋਂ ਟੁਟ ਜਾਵਾਂਗੇ।
ਅੰਤ ਹੋਇਆ ਵੀ ਇਉਂ, ਉਨ੍ਹਾਂ ਦੀ ਸਿਹਤ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਉਨ੍ਹਾਂ ਨੂੰ ਨਾ-ਮੁਰਾਦ ਬਿਮਾਰੀ ਕੈਂਸਰ ਨੇ ਆ ਘੇਰਿਆ। ਕੈਂਸਰ ਗੁਰਦਿਆਂ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਗਿਆ। ਉਹ ਪੱਛਮੀ ਲੰਡਨ ਦੇ ਹਿਲਿੰਗਡਨ ਹਸਪਤਾਲ ਵਿਚ ਇਲਾਜ ਲਈ ਦਾਖਲ ਹੋ ਗਏ, ਜਿਥੇ ਉਨ੍ਹਾਂ ਦੀ ਰੇਡੀਓ ਥੈਰੇਪੀ ਵੀ ਚਲਦੀ ਰਹੀ; ਪਰ ਉਨ੍ਹਾਂ ਦਾ ਵਜ਼ਨ ਦਿਨੋਂ ਦਿਨ ਘਟਦਾ ਜਾ ਰਿਹਾ ਸੀ। ਸਰੀਰ ਜਵਾਬ ਦੇ ਚੁਕਾ ਸੀ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ,
ਟੁਰ ਨਹੀਂ ਹੁੰਦਾ, ਹੁਣ ਸ਼ੁਹਦੇ ਦਰਿਆਵਾਂ ਨਾਲ
ਗਿਣਤੀ ਮਿਣਤੀ ਕਰ ਬੈਠੇ ਹਾਂ ਸਾਹਵਾਂ ਨਾਲ।
ਜ਼ਿੰਦਗੀ ਦਾ ਪੈਂਡਾ ਮੁੱਕਦਾ ਜਾਂਦਾ ਹੈ
ਸਾਹਾਂ ਦਾ ਦਰਿਆ ਹੁਣ ਸੁੱਕਦਾ ਜਾਂਦਾ ਹੈ।
ਇਹ ਜਾਣਦਿਆਂ, ਸਭ ਕੁਝ ਸਹਾਰਦਿਆਂ ਵੀ ਉਹ ਚੜ੍ਹਦੀ ਕਲਾ ਵਿਚ ਰਹੇ ਤੇ ਆਪਣੇ ਕੰਮਾਂ ਵਿਚ ਲਗਾਤਾਰ ਰੁਝੇ ਰਹੇ। ਅੰਤ 17 ਜਨਵਰੀ 2019, ਵੀਰਵਾਰ ਨੂੰ ਸਾਨੂੰ ਢੇਰ ਸਾਰਾ ਸਾਹਿਤਕ ਖਜਾਨਾ ਤੇ ਯਾਦਾਂ ਦੇ ਕੇ ਸਰੀਰਕ ਤੌਰ ‘ਤੇ ਹਮੇਸ਼ਾ ਲਈ ਛੱਡ ਗਏ। ਸਮਾਂ, ਉਨ੍ਹਾਂ ਦੇ ਨਾਮ ਜਾਂ ਕਦਮਾਂ ਦੇ ਨਿਸ਼ਾਨ ਸੰਭਾਲ ਕੇ ਰੱਖਣ ਵਿਚ ਕਦੇ ਵੀ ਅਣਗਹਿਲੀ ਨਹੀਂ ਕਰ ਸਕਦਾ।