ਬੰਦੇ ਦੀ ਬੰਦੇ ‘ਚੋਂ ਤਲਾਸ਼

ਸੰਤੋਖ ਮਿਨਹਾਸ
ਫੋਨ: 559-283-6376
ਮੈਂ ਇੱਕ ਦਿਨ ਗੀਤ ਸੁਣ ਰਿਹਾ ਸਾਂ, ‘ਬੰਦਾ ਬਣ’ਜਾ ਦਿਲਾਂ ਦਿਆ ਜਾਨੀਆਂ, ਮੈਂ ਤੇਰੇ ਨਾਲ ਵਿਆਹੀ ਹੋਈ ਆਂ।’ ਮੈਨੂੰ ਮੇਰੀ ਕਈ ਸਾਲ ਪਹਿਲਾਂ ਲਿਖੀ ਇੱਕ ਨਜ਼ਮ ਚੇਤੇ ਆ ਗਈ, ‘ਬੰਦਿਆਂ ਦੀ ਇਸ ਬਸਤੀ ਅੰਦਰ, ਬੜਾ ਔਖਾ ਹੈ ਬੰਦੇ ‘ਚੋਂ ਬੰਦਾ ਭਾਲਣਾ।’ ਉਹ ਕਿਹੜਾ ਬੰਦਾ, ਜਿਸ ਦੀ ਸਾਨੂੰ ਤਲਾਸ਼ ਹੈ!
ਇਹ ਆਮ ਹੀ ਸੁਣਦੇ ਹਾਂ, ਤੂੰ ਬੰਦਾ ਬਣ ਜਾਹ ਜਾਂ ਉਹ ਕੋਈ ਬੰਦਾ, ਉਹਦੇ ‘ਚ ਕਿਹੜੀ ਬੰਦਿਆਂ ਵਾਲੀ ਗੱਲ ਐ! ਇਹ ਸਭ ਕੁਝ ਬੰਦਾ, ਬੰਦੇ ਨੂੰ ਕਹੀ ਜਾ ਰਿਹਾ। ਫਿਰ ਉਹ ਬੰਦਾ ਕਿਥੇ ਹੈ, ਜਿਸ ਦੀ ਸਾਨੂੰ ਸਭ ਨੂੰ ਭਾਲ ਹੈ? ਉਹ ਕਿਥੇ ਗਵਾਚ ਗਿਆ ਹੈ? ਕਿਵੇਂ ਗਵਾਚਿਆ ਹੈ? ਮੇਰੇ ਮਨ ਵਿਚ ਬੜੇ ਸਵਾਲ ਉਭਰਦੇ ਹਨ।

ਸੰਸਾਰ ਵਿਚ ਮਨੁੱਖ ਜਾਤੀ ਨੂੰ ਸਭ ਤੋਂ ਉਤਮ ਜਾਤੀ ਮੰਨਿਆ ਗਿਆ ਹੈ। ਉਸ ਦੀ ਸੂਝ-ਬੂਝ ਤੇ ਕਾਰ ਵਿਹਾਰ ਦੀ ਵਿਲੱਖਣ ਦਾਤ ਨੂੰ ਦੂਜੀਆਂ ਨਸਲਾਂ ਨਾਲੋਂ ਨਿਆਰੀ ਦੱਸਿਆ ਗਿਆ ਹੈ। ਉਸ ਦੀ ਇਸ ਦਿੱਬ ਦ੍ਰਿਸ਼ਟੀ ਨੇ ਅਲੋਕਾਰੀ ਕ੍ਰਿਸ਼ਮੇ ਸੰਸਾਰ ਨੂੰ ਦਿੱਤੇ ਹਨ, ਜਿਨ੍ਹਾਂ ਨਾਲ ਉਸ ਨੇ ਸਾਰੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਕੁਦਰਤੀ ਵਰਤਾਰਿਆਂ ਨੂੰ ਆਪਣੀ ਮਨਮਰਜੀ ਨਾਲ ਉਸ ਨੇ ਪ੍ਰਕਿਰਤੀ ਅਸੂਲ ਭੰਗ ਕਰਕੇ ਆਪਣੇ ਹਿੱਤ ਲਈ ਵਰਤਿਆ ਹੈ। ਉਹ ਸੰਸਾਰੀ ਜੀਵ-ਸ਼ਕਤੀ ਨੂੰ ਆਪਣੀ ਮੁੱਠੀ ਵਿਚ ਬੰਦ ਕਰਨ ਦੇ ਆਹਰ ਵਿਚ ਹੈ। ਉਹ ਆਮ ਮਨੁੱਖ ਦਿਸਦਾ ਹੋਇਆ ਵੀ ਖਾਸ ਕੰਮਾਂ ਵਿਚ ਰੁੱਝਾ ਹੋਇਆ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਬੰਦਾ, ਬੰਦਾ ਕਿਉਂ ਨਹੀਂ ਲੱਗਦਾ? ਉਸ ਦੇ ਕੀਤੇ ਕੰਮ ਸਾਨੂੰ ਰਾਸ ਕਿਉਂ ਨਹੀਂ ਆ ਰਹੇ? ਉਸ ਦੀ ਇਸ ਕਾਰਗੁਜ਼ਾਰੀ ਤੋਂ ਅਸੀਂ ਨਿਰਾਸ਼ ਕਿਉਂ ਹਾਂ?
ਇਹ ਗੱਲ ਆਮ ਹੀ ਪੜ੍ਹਨ-ਸੁਣਨ ਨੂੰ ਮਿਲਦੀ ਹੈ ਕਿ ਅੱਜ ਦੇ ਮੰਡੀ ਯੁੱਗ ਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾ। ਬੰਦੇ ਨੇ ਆਪਣੇ ਆਪ ਨੂੰ ਵੀ ਵਸਤੂ ਵਾਂਗ ਵਿਕਣ ਲਾ ਦਿੱਤਾ ਹੈ, ਤੇ ਉਹ ਹਰ ਗੱਲ ‘ਤੇ ਆਪਣਾ ਮੁੱਲ ਭਾਲਦਾ ਹੈ। ਇਸ ਕੀਮਤ ਨੇ ਬੰਦੇ ਵਿਚੋਂ ਬਹੁਤ ਕੁਝ ਮਨਫੀ ਕਰ ਦਿੱਤਾ ਹੈ। ਇਸ ਲਈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਤਜਾਰਤ ਨੇ ਹੀ ਬੰਦੇ ਵਿਚ ਪਾਸਕੂ ਲੈ ਆਂਦਾ ਹੈ। ਉਹ ਸਾਰਾ ਦੋਸ਼ ਇਸ ਬਾਜ਼ਾਰੂ ਢਾਂਚੇ ਦੇ ਸਿਰ ਮੜ੍ਹਦੇ ਹਨ ਕਿ ਉਸ ਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾ; ਪਰ ਜੇ ਦੇਖੀਏ, ਇਹ ਸ਼ਬਦ ਤਾਂ ਪਿਓ-ਦਾਦੇ ਤੋਂ ਪਹਿਲਾਂ ਵੀ ਪੜ੍ਹਨ-ਸੁਣਨ ਨੂੰ ਮਿਲਦੇ ਸਨ। ਲੋਕ ਬੋਲੀਆਂ ਤੇ ਲੋਕ ਮੁਹਾਵਰਿਆਂ ਵਿਚ ਵੀ ਬੰਦੇ ਨੂੰ ਬੰਦਾ ਬਣਨ ਬਾਰੇ ਬੜਾ ਕੁਝ ਮਿਲਦਾ ਹੈ। ਫਿਰ ਇਹ ਬੰਦਾ ਕਦੋਂ ਦਾ ਗਵਾਚਿਆ ਹੋਇਆ ਹੈ?
ਜੇ ਅਸੀਂ ਅੱਜ ਦੀ ਹੀ ਗੱਲ ਕਰੀਏ, ਇਹ ਆਮ ਹੀ ਦੇਖਦੇ ਹਾਂ ਕਿ ਬੜੇ ਬੜੇ ਸਾਧ ਸੰਤ, ਬਾਬੇ ਜਾਂ ਹੋਰ ਕਥਾਵਾਚਕ ਹਜਾਰਾਂ ਲੱਖਾਂ ਦੇ ਇੱਕਠਾਂ ਨੂੰ ਸੰਬੋਧਨ ਕਰਦੇ ਹਨ। ਟੀ. ਵੀ. ਚੈਨਲਾਂ ‘ਤੇ ਤਾਂ ਇਨ੍ਹਾਂ ਦੀ ਅੱਜ ਕੱਲ ਬਹੁਤ ਭਰਮਾਰ ਹੈ, ਜੋ ਬੰਦਿਆਂ ਦੀ ਭੀੜ ਨੂੰ ਬੰਦਾ ਬਣਨ ਦੇ ਗੁਰ ਦੱਸ ਰਹੇ ਜਾਂ ਸਮਝਾ ਰਹੇ ਹੁੰਦੇ ਹਨ। ਮਿੱਠਾ ਮਿੱਠਾ ਲਾਲਚ ਵੀ ਦੇ ਰਹੇ ਹੁੰਦੇ ਹਨ ਕਿ ਭਾਈ ਜੇ ਤੁਸੀਂ ਆਹ ਗੁਣ ਗ੍ਰਹਿਣ ਕਰ ਲਏ ਤਾਂ ਇੱਕ ਵਧੀਆ ਮਨੁੱਖ ਬਣ ਜਾਵੋਗੇ, ਸਵਰਗ ਵਿਚ ਵੀ ਢੋਈ ਮਿਲੇਗੀ। ਅੱਗਾ ਸੰਵਾਰਨ ਜਾਂ ਬੰਦਾ ਬਣਨ ਦੇ ਇਹ ਸ਼ਬਦੀ ਤੋਹਫੇ ਬੰਦੇ ਨੂੰ ਚੰਗੇ ਤਾਂ ਲਗਦੇ ਹਨ, ਪਰ ਅਸਲ ਜੀਵਨ ਵਿਚ ਬੰਦੇ ਨੂੰ ਆਪਣੇ ਆਪ ਨੂੰ ਨਸੀਹਤਾਂ ਦੀ ਚੁਗਾਠ ਵਿਚ ਫਿਟ ਕਰਨਾ ਬੜਾ ਔਖਾ ਲਗਦਾ ਹੈ।
ਦਿਖਾਵੇ ਦੇ ਤੌਰ ‘ਤੇ ਬੰਦਾ ਚੰਗਾ ਬਣਨ ਦੇ ਢਕਵੰਜ ਤਾਂ ਰਚਦਾ ਹੈ, ਪਰ ਅੰਦਰੋਂ ਉਹੀ ਰਹਿੰਦਾ ਹੈ, ਜੋ ਇਨ੍ਹਾਂ ਸਾਧਾਂ-ਸੰਤਾਂ ਦੇ ਵਿਖਿਆਨ ਸੁਣਨ ਤੋਂ ਪਹਿਲਾਂ ਸੀ। ਸਗੋਂ ਅੰਦਰੋਂ ਹੋਰ ਬਹੁਤ ਕੁਝ ਗੁਆ ਕੇ ਭਟਕਣ ਦੇ ਕੁੰਭੀ-ਨਰਕ ਨੂੰ ਭੋਗਣ ਲਈ ਜ਼ਿੰਦਗੀ ਭਰ ਕੁਰਾਹੇ ਪਿਆ ਰਹਿੰਦਾ ਹੈ, ਪਰ ਦੁੱਖ ਉਦੋਂ ਹੁੰਦਾ, ਜਦੋਂ ਇਹ ਸਾਧ-ਸੰਤ ਪ੍ਰਚਾਰਕ ਕਰਤੂਤੋਂ ਆਪ ਨੰਗੇ ਹੁੰਦੇ ਹਨ-ਕਰਮ ਪੱਖੋਂ ਵੀ, ਧਰਮ ਪੱਖੋਂ ਵੀ। ਆਪਣੇ ਆਪ ਨੂੰ ਦੇਵਤਿਆਂ ਦਾ ਪਰਛਾਵਾਂ ਸਮਝਦੇ ਬਾਬੇ ਕਿਵੇਂ ਬੰਦੇ ਦੀ ਜ਼ਾਤ ਨੂੰ ਵੀ ਕਲੰਕਿਤ ਕਰਦੇ ਹਨ! ਬੰਦੇ ਨੂੰ ਜੀਵਨ-ਜਾਚ ਦੀ ਦੁਹਾਈ ਪਾਉਣ ਵਾਲੇ ਇਹ ਕਿਰਤ ਚੋਰ ਸਾਧ ਅੰਦਰੋਂ ਕਿੰਨੇ ਊਣੇ, ਕਿੰਨੇ ਬਦਜ਼ਾਤ ਕਿਸਮ ਦੇ ਹਨ-ਇਸ ਦੀ ਮਿਸਾਲ ਸਾਡੇ ਸਾਹਮਣੇ ਹੈ, ਲੱਖਾਂ-ਕਰੋੜਾਂ ਲੋਕਾਂ ਦੇ ਗੁਰੂ ਕਹਾਉਣ ਵਾਲੇ ਇਹ ਸਾਧ ਮਨੋਂ-ਤਨੋਂ ਨੰਗੇ ਹੋ ਕੇ ਅੱਜ ਜੇਲ੍ਹਾਂ ਵਿਚ ਬੰਦ ਹਨ। ਜੇ ਇਹ ਅਜੇ ਤੱਕ ਆਪ ਹੀ ਬੰਦੇ ਦੀ ਜ਼ਾਤ ਤੋਂ ਊਣੇ ਹਨ, ਫਿਰ ਆਮ ਲੋਕਾਂ ਤੋਂ ਅਸੀਂ ਕੀ ਆਸ ਰੱਖਾਂਗੇ! ਕਦੇ ਕਦੇ ਲਗਦੈ, ਜਿਵੇਂ ਸਾਰਾ ਆਵਾ ਈ ਊਤਿਆ ਪਿਆ ਹੈ।
ਇੱਕ ਵਾਰ ਮੇਰੇ ਦੋਸਤ ਦੀ ਘਰਵਾਲੀ ਉਸ ਨੂੰ ਕਹਿੰਦੀ ਸੁਣੀ, “ਮੈਂ ਸਾਰੀ ਉਮਰ ਇਸ ਬੰਦੇ ਨਾਲ ਕੱਟ ਲਈ, ਪਰ ਇਹ ਬੰਦਾ, ਬੰਦਾ ਨਹੀਂ ਬਣਿਆ; ਬਰਾਬਰ ਦੇ ਜਵਾਕ ਹੋ’ਗੇ ਐ, ਪਰ ਇਹ ਅਕਲ ਨੂੰ ਹੱਥ ਨਹੀਂ ਮਾਰਦਾ।” ਇੱਥੇ ਅਕਲ ਸ਼ਬਦ ਸਮਝ ਤਾਂ ਆਉਂਦਾ ਹੈ, ਪਰ ਸਵਾਲ ਹੈ ਕਿ ਉਹ ਕਿਹੜੀ ਅਕਲ ਹੈ, ਜੋ ਬੰਦੇ ਕੋਲ ਨਹੀਂ ਹੈ? ਮੈਂ ਵੇਖਿਆ, ਬਹੁਤ ਸਾਰੇ ਲੋਕਾਂ ਕੋਲ ਅਕਲ ਦਾ ਤਾਜ ਵੀ ਹੁੰਦਾ, ਕੰਮ ਫਿਰ ਵੀ ਹੈਵਾਨਾਂ ਵਾਲੇ ਕਰਦੇ ਹਨ। ਫਿਰ ਇਹ ਅਕਲ ਦਾ ਕਿਹੜਾ ਤਰਾਜੂ ਹੈ, ਜੋ ਆਮ ਬੰਦੇ ਦੇ ਮੇਚ ਨਹੀਂ ਆਉਂਦਾ।
ਆਪਾਂ ਸਭ ਜਾਣਦੇ ਹਾਂ ਕਿ ਮਾਸਾਹਾਰੀ ਜਾਨਵਰ ਵੀ ਆਪਣੀ ਨਸਲ ਦੇ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦਾ, ਆਪਣੇ ਲੋਭ ਲਾਲਚ ਜਾਂ ਭੁੱਖ ਲਈ ਨਹੀਂ ਮਾਰਦਾ; ਸ਼ਿਕਾਰ ਜਾਂ ਕਬਜੇ ਦੀ ਭਾਵਨਾ ਲਈ ਲੜਦਾ ਜਾਂ ਡਰਾਉਂਦਾ ਤਾਂ ਵੇਖਿਆ ਜਾ ਸਕਦਾ, ਪਰ ਆਪਣੀ ਜਾਤੀ ਦੀ ਜਾਨ ਦਾ ਦੁਸ਼ਮਣ ਨਹੀਂ ਬਣਦਾ ਵੇਖਿਆ। ਇੱਕ ਬੰਦਾ ਹੀ ਹੈ, ਜੋ ਬਿਨਾ ਕਿਸੇ ਵੈਰ-ਵਿਰੋਧ ਜਾਂ ਬਿਨਾ ਕਿਸੇ ਕਸੂਰ ਦੇ ਇੱਕ-ਦੂਜੇ ਨੂੰ ਮਾਰ ਸੁੱਟਦਾ ਹੈ। ਸਦੀਆਂ ਤੋਂ ਲੱਖਾਂ ਲੋਕ ਬਿਨਾ ਕਿਸੇ ਕਸੂਰ ਦੇ ਮੌਤ ਦੇ ਘਾਟ ਉਤਾਰੇ ਜਾ ਰਹੇ ਹਨ। ਇਹ ਦਸਤੂਰ ਅੱਜ ਵੀ ਜਾਰੀ ਹੈ। ਬੰਦਾ ਹੁੱਭ ਕੇ ਕਹਿ ਰਿਹਾ ਹੈ, ਜੋ ਲੋਕ ਮਾਰੇ ਜਾ ਰਹੇ ਹਨ, ਉਹ ਬੰਦੇ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਧਰਮ ਹੋਰ ਸੀ। ਧਰਮ ਦੇ ਨਾਂ ‘ਤੇ ਬੰਦਾ, ਬੰਦਾ ਨਹੀਂ ਹੈ।
ਜੇ ਜਰਮਨੀ ਲੱਖਾਂ ਯਹੂਦੀਆਂ ਨੂੰ ਇਸ ਲਈ ਗੈਸ ਚੈਂਬਰਾਂ ਜਾਂ ਹੋਰ ਤਸੀਹਾ ਕੇਂਦਰਾਂ ਵਿਚ ਮਾਰ ਮੁਕਾਉਂਦਾ ਹੈ ਕਿ ਜਰਮਨ ਕੌਮ ਉਤਮ ਹੈ ਤਾਂ ਦੂਜੀ ਸੰਸਾਰ ਜੰਗ ਵੇਲੇ ਜਦੋਂ ਜਰਮਨੀ ਹਾਰ ਰਿਹਾ ਸੀ ਤਾਂ ਬਰਤਾਨੀਆ ਤੇ ਅਮਰੀਕਾ ਦੀਆਂ ਫੌਜਾਂ ਦੇ ਕੋਈ ਇੱਕ ਹਜ਼ਾਰ ਜਹਾਜਾਂ ਨੇ ਜਰਮਨੀ ਦੇ ਸ਼ਹਿਰ ਡ੍ਰੈਸਡਨ ‘ਤੇ ਕੋਈ ਸੌ ਸੌ ਕਿਲੋ ਦੇ ਕਰੀਬ ਤੀਹ ਹਜ਼ਾਰ ਬੰਬ ਸੁੱਟੇ, ਜਿਸ ਨਾਲ ਸਾਰਾ ਸ਼ਹਿਰ ਸੜ ਕੇ ਸੁਆਹ ਹੋ ਗਿਆ ਤੇ ਲੋਥਾਂ ਦੇ ਢੇਰ ਲੱਗ ਗਏ। ਇਹ ਤਬਾਹੀ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ‘ਤੇ ਸੁੱਟੇ ਬੰਬਾਂ ਦੀ ਤਬਾਹੀ ਤੋਂ ਵੱਧ ਸੀ। ਇਹ ਇੱਕੋ ਧਰਮ ਨੂੰ ਮੰਨਣ ਵਾਲੇ ਬੰਦਿਆਂ ਦੀ ਬੰਦੇ ਵਲੋਂ ਤਬਾਹੀ ਸੀ।
ਜੇਮਜ਼ ਏ. ਫਰੂਡ ਇੱਕ ਥਾਂ ਕਹਿੰਦਾ ਹੈ ਕਿ ਜੰਗਲੀ ਜਾਨਵਰ ਕਦੇ ਕਿਸੇ ਨੂੰ ਸ਼ੁਗਲ ਲਈ ਨਹੀਂ ਮਾਰਦੇ, ਇਹ ਸਿਰਫ ਬੰਦਾ ਹੀ ਹੈ, ਜੋ ਆਪਣੇ ਹਮ ਨਸਲਾਂ ਨੂੰ ਤਸੀਹੇ ਦੇਣ ਤੇ ਮਾਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ।
ਇਸ ਤਰ੍ਹਾਂ ਜੇ ਅਸੀਂ ਸੰਸਾਰ ਪੱਧਰ ‘ਤੇ ਨਜ਼ਰ ਮਾਰਦੇ ਹਾਂ ਤਾਂ ਬੰਦੇ ਦੀਆਂ ਕਰਤੂਤਾਂ ਦੀ ਬਹੁਤ ਭਿਆਨਕ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ, ਜਦੋਂ ਬੰਦੇ ਨੇ ਬੰਦੇ ਦੀ ਨਸਲਕੁਸ਼ੀ ਕਰਨ ਵਿਚ ਆਪਣੀ ਸ਼ਾਨ ਮਹਿਸੂਸ ਕੀਤੀ ਹੈ। ਇਸ ਦੀਆਂ ਸੈਂਕੜੇ ਮਿਸਾਲਾਂ ਸਾਡੇ ਸਾਹਮਣੇ ਹਨ, ਜਿਸ ਦਾ ਸੰਤਾਪ ਬੰਦਾ ਅੱਜ ਵੀ ਭੋਗ ਰਿਹਾ ਹੈ। ਪੰਜਾਬ ਦੀ 1947 ਦੀ ਵੰਡ ਹੀ ਲੈ ਲਵੋ, ਜਦੋਂ ਮਨੁੱਖ ਨੇ ਮਨੁੱਖ ਦਾ ਰੱਜ ਕੇ ਘਾਣ ਕੀਤਾ। 1984 ਵਿਚ ਸਿੱਖਾਂ ਦਾ ਕਤਲੇਆਮ ਕਿਸ ਨੂੰ ਭੁੱਲਿਆ ਹੈ!
ਵਿਲੀਅਮ ਜੇਮਜ਼ ‘ਮੈਮਰੀਜ਼ ਐਂਡ ਸਟਡੀਜ਼’ ਵਿਚ ਲਿਖਦਾ ਹੈ, “ਮੁਨੱਖ ਸਾਰੇ ਸ਼ਿਕਾਰੀ ਜਾਨਵਰਾਂ ਵਿਚੋਂ ਸਭ ਤੋਂ ਖਤਰਨਾਕ ਹੈ ਅਤੇ ਅਸਲ ਵਿਚ ਇਹ ਇੱਕਲਾ ਹੀ ਅਜਿਹਾ ਜਾਨਵਰ ਹੈ, ਜੋ ਆਪਣੀ ਹੀ ਜਾਤੀ ਦਾ ਯੋਜਨਾਬੱਧ ਢੰਗ ਨਾਲ ਸ਼ਿਕਾਰ ਕਰਦਾ ਹੈ।”
ਗੁਰੂ ਅਰਜਨ ਦੇਵ ਜੀ ਲਿਖਦੇ ਹਨ, “ਕਰਤੂਤਿ ਪਸ਼ੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਹੈ ਦਿਨ ਰਾਤ॥ ਬਾਹਰਿ ਭੇਖ ਅੰਤਰ ਮਲੁ ਮਾਇਆ॥ ਛਪਸਿ ਨਾਹਿ ਕਝੁ ਕਰੈ ਛਪਾਇਆ॥
ਇੱਕ ਹੋਰ ਵਿਦਵਾਨ ਜੈ ਸ਼ੰਕਰ ਪ੍ਰਸਾਦ ਕਹਿੰਦਾ ਹੈ ਕਿ ਬੰਦਾ ਬਹੁਤ ਢੋਂਗੀ ਜੀਵ ਹੈ। ਉਹ ਦੂਜਿਆਂ ਨੂੰ ਉਹੀ ਸਿਖਾਉਣ ਦਾ ਯਤਨ ਕਰਦਾ ਹੈ, ਜੋ ਖੁਦ ਕਦੇ ਨਹੀਂ ਕਰਦਾ। ਇੱਕ ਪਾਸੇ ਬੰਦਾ ਸੰਸਾਰ ਪੱਧਰ ‘ਤੇ ਫੈਲੇ ਅਤਿਵਾਦ ਦੀ ਨਿਖੇਧੀ ਕਰਦਾ ਹੈ, ਦੂਜੇ ਪਾਸੇ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਦਾ ਹੈ। ਇਸ ਸਭ ਤੋਂ ਇਹੀ ਲੱਗਦਾ ਹੈ ਕਿ ਬੰਦੇ ਦਾ ਥਹੁ ਪਾਉਣਾ ਗੁੰਝਲਦਾਰ ਬੁਝਾਰਤ ਹੈ। ਇਨ੍ਹਾਂ ਘਟਨਾਵਾਂ ਤੇ ਵਿਦਵਾਨਾਂ ਦੇ ਕਥਨਾਂ ਤੋਂ ਇਹੀ ਜਾਪਦਾ ਹੈ ਕਿ ਮੁਨੱਖ ਸਦਾ ਹੀ ਬੰਦੇ ਦੀ ਭਾਲ ਵਿਚ ਰਿਹਾ ਹੈ।
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅਸਲ ਵਿਚ ਹਰ ਬੰਦਾ ਅਧੂਰਾ ਹੈ। ਇਸ ਲਈ ਹਰ ਬੰਦਾ ਦੂਜੇ ਬੰਦੇ ‘ਚੋਂ ਉਹ ਕੁਝ ਭਾਲ ਰਿਹਾ ਹੈ, ਜੋ ਉਸ ਕੋਲ ਨਹੀਂ ਹੈ। ਉਹ ਆਪਣੀ ਅੰਦਰਲੀ ਗਵਾਚੀ ਭੁੱਖ ਦਾ ਥਹੁ ਦੂਜਿਆਂ ਦੀ ਨੇੜਤਾ ਦੇ ਰੂਪ ਵਿਚ ਭਾਲਦਾ ਹੈ, ਪਰ ਹਰ ਬੰਦਾ ਦੂਜੇ ਦੀ ਭਾਲ ਦੇ ਮੇਚ ਨਹੀਂ ਆਉਂਦਾ। ਇਹੀ ਕੁਝ ਪਾਉਣ ਦੀ ਚੀਸ ਉਸ ਨੂੰ ਹਰ ਸਮੇਂ ਕੁਰੇਦਦੀ ਰਹਿੰਦੀ ਹੈ। ਇਸ ਪੀੜ ਦਾ ਭੰਨਿਆ ਬੰਦਾ ਆਪਣੇ ਕੀਤੇ ਫੈਸਲਿਆਂ ‘ਤੇ ਵੀ ਇਤਬਾਰ ਨਹੀਂ ਕਰਦਾ ਤੇ ਫੈਸਲੇ ਵਾਰ ਵਾਰ ਬਦਲਦਾ ਰਹਿੰਦਾ ਹੈ। ਇਹ ਟਿਕ ਕੇ ਨਾ ਖੜ੍ਹਨ ਦੀ ਦੁਚਿਤੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ।
ਬੰਦਿਆਂ ਦੀ ਭੀੜ ਦੇ ਦਰਿਆ ਵਗ ਰਹੇ ਹਨ। ਇਸ ਵਿਚ ਉਹ ਬੰਦਾ ਗਾਇਬ ਹੈ, ਜਿਸ ਦੀ ਸਾਨੂੰ ਭਾਲ ਹੈ। ਇਹ ਤਾਂ ਸਭ ਬੰਦੇ ਦੀ ਸ਼ਕਲ ਦੇ ਡਰਨੇ ਹਨ, ਜਿਨ੍ਹਾਂ ਦਾ ਆਪਣਾ ਕੋਈ ਵਿਚਾਰਧਾਰਕ ਵਜੂਦ ਨਹੀਂ ਹੈ। ਆਪਣੀ ਹੋਂਦ ਦਾ ਨਵਾਂ ਸਿਰਨਾਂਵਾਂ ਲਿਖਣਾ ਅਜੋਕੇ ਬੰਦੇ ਦੇ ਵਸ ਨਹੀਂ ਰਿਹਾ। ਫਿਰ ਉਹ ਬੰਦਾ ਅਸੀਂ ਕਿੱਥੋਂ ਲੱਭਾਂਗੇ, ਜਿਸ ਦੀ ਸਾਨੂੰ ਭਾਲ ਹੈ? ਕਦੇ ਕਦੇ ਇੰਜ ਲੱਗਦਾ, ਜਿਵੇਂ ਬੰਦਾ ਬੰਦੇ ਦੀ ਭਾਲ ਵਿਚ ਭਟਕ ਗਿਆ ਹੈ। ਸੱਚ ਮੁੱਚ ਨਵੇਂ ਬੰਦੇ ਦੀ ਸਿਰਜਣਾ ਇੱਕ ਕਲਪਨਾ ਮਾਤਰ ਬਣ ਕੇ ਰਹਿ ਗਈ ਹੈ। ਜਦ ਤੱਕ ਧਰਤੀ ‘ਤੇ ਬੰਦਾ ਜਿਉਂਦਾ ਹੈ, ਬੰਦੇ ਦੀ ਤਲਾਸ਼ ਜਾਰੀ ਰਹੇਗੀ।