ਮਲਵਿੰਦਰ
ਫੋਨ: 1-437-248-3037
ਵਟਸਐਪ: +91-97795-91344
ਭੀੜ ਕਿਸੇ ਖਾਸ ਹਾਲਤ ਵਿਚ ਲੋਕਾਂ ਦਾ ਅਜਿਹਾ ਇਕੱਠ ਹੈ, ਜਿਸ ਵਿਚ ਵਿਅਕਤੀ ਦਾ ਨਿੱਜ ਖਾਰਜ ਹੋ ਜਾਂਦਾ ਹੈ ਅਤੇ ਇੱਕ ਸਮੂਹਕ ਸੋਚ ਦਾ ਨਿਰਮਾਣ ਹੁੰਦਾ ਹੈ, ਜੋ ਇੱਕ ਅਦਿਖ ਦਿਸ਼ਾ ਵੱਲ ਵੱਧਦੀ ਹੈ। ਭੀੜ ਆਵੇਗ ਦਾ ਹੜ੍ਹ ਹੁੰਦੀ ਹੈ। ਭੀੜ ਦੀ ਸਮੂਹਕ ਚੇਤਨਾ ਆਪਣੇ ਸਿਖਰ ‘ਤੇ ਹੁੰਦੀ ਹੈ। ਹਰ ਥਾਂ ਭੀੜ ਲੋੜੋਂ ਵੱਧ ਗਈ ਅਬਾਦੀ ਦਾ ਪ੍ਰਤੀਕ ਹੈ। ਇਹ ਭਵਿੱਖ ‘ਚ ਕਿਸੇ ਵੱਡੇ ਹਾਦਸੇ ਦੇ ਵਾਪਰ ਜਾਣ ਦੀ ਖਾਮੋਸ਼ ਚਿਤਾਵਨੀ ਵੀ ਹੈ, ਪਰ ਜਦੋਂ ਭੀੜ ਬਾਰੇ ਹੀ ਸੋਚਣਾ ਤੇ ਗੱਲਾਂ ਕਰਨੀਆਂ ਹੋਣ ਤਾਂ ਗੱਲਾਂ ‘ਚੋਂ ਗਿਆਨ ਟਣ ਲੱਗਦਾ ਹੈ।
ਮੈਨੂੰ ਲੱਗਦਾ ਹੈ ਕਿ ਭੀੜ ਵਿਚ ਇਕੱਲੇ ਰਹਿ ਜਾਣ ਦਾ ਆਪਣਾ ਹੀ ਅਨੰਦ ਹੈ। ਅਜਿਹਾ ਛਿਣ ਕਵਿਤਾ ਦੀ ਆਮਦ ਦਾ ਛਿਣ ਹੁੰਦਾ ਹੈ। ਕਵੀ ਲਈ ਇਹ ਸਿਰਜਣਾਤਮਕ ਛਿਣ ਹੁੰਦਾ ਹੈ। ਇਹ ਉਹ ਸਥਿਤੀ ਹੁੰਦੀ ਹੈ, ਜਦੋਂ ਆਦਮੀ ਭੀੜ ਦੇ ਰੌਲੇ ਨੂੰ ਸੁਣ ਨਹੀਂ ਰਿਹਾ ਹੁੰਦਾ, ਨਕਾਰ ਰਿਹਾ ਹੁੰਦਾ ਹੈ। ਇਸ ਸਥਿਤੀ ‘ਚ ਆਦਮੀ ਸ਼ਾਂਤੀ ਨਾਲ ਭਰ ਜਾਂਦਾ ਹੈ, ਪਰ ਆਮ ਆਦਮੀ ਦੇ ਭੀੜ ‘ਚ ਇਕੱਲੇ ਰਹਿਣ ਦੇ ਵੱਖਰੇ ਅਰਥ ਹੁੰਦੇ ਹਨ। ਗਰੀਬ ਆਦਮੀ ਹਰ ਭੀੜ ‘ਚ ਇਕੱਲਾ ਹੁੰਦਾ ਹੈ। ਜਦ ਉਹ ਇਕੱਲਾ ਹੁੰਦਾ ਹੈ ਤਾਂ ਉਸ ਦੁਆਲੇ ਲੋੜਾਂ, ਥੁੜਾਂ ਦੀ ਭੀੜ ਹੁੰਦੀ ਹੈ। ਬੇਰੁਜ਼ਗਾਰ ਲੋਕਾਂ ਦੁਆਲੇ ਕੰਮਾਂ ਦੀ ਭੀੜ ਅਤੇ ਆਸ਼ਕਾਂ ਦੁਆਲੇ ਸੁਪਨਿਆਂ ਦੀ ਭੀੜ ਹੁੰਦੀ ਹੈ। ਨੇਤਾਵਾਂ ਦੁਆਲੇ ਚਮਚਿਆਂ ਦੀ ਭੀੜ ਅਕਸਰ ਵੇਖੀ ਜਾ ਸਕਦੀ ਹੈ।
ਭੀੜ ਵਿਚ ਗੁਆਚ ਜਾਣ ਦਾ ਆਪਣਾ ਮਜ਼ਾ ਹੈ। ਇਹ ਅਹਿਸਾਸ ਕਿ ਕੋਈ ਤੁਹਾਨੂੰ ਲੱਭ ਰਿਹਾ ਹੋਵੇਗਾ, ਗੁਆਚ ਜਾਣ ਨੂੰ ਰੁਮਾਂਚਕ ਬਣਾ ਦਿੰਦਾ ਹੈ। ਛੋਟਾ ਨਿਆਣਾ ਗੁਆਚ ਜਾਣ ‘ਤੇ ਰੋਂਦਾ ਹੈ, ਵੱਡਾ ਬੌਂਦਲਿਆ ਜਿਹਾ ਭੀੜ ਦਾ ਹਿੱਸਾ ਬਣਿਆ ਰਹਿੰਦਾ ਹੈ। ਕਈ ਮੁੰਡੇ-ਕੁੜੀਆਂ ਮੇਲੇ ਵਿਚ ਜਾਣਬੁੱਝ ਕੇ ਵੀ ਗੁਆਚਦੇ ਹਨ। ਉਨ੍ਹਾਂ ਲਈ ਭੀੜ ਇੱਕ ਜੰਗਲ ਹੁੰਦੀ ਹੈ, ਜਿਸ ਵਿਚ ਉਹ ਤਿਲਕ ਕੇ ਆਲੋਪ ਹੋ ਜਾਂਦੇ ਹਨ। ਉਨ੍ਹਾਂ ਦੇ ਗੁਆਚਣ ਪਿੱਛੇ ਪ੍ਰੇਮ ਮਿਲਣੀ ਦਾ ਸੁਆਰਥ ਛੁਪਿਆ ਹੁੰਦਾ ਹੈ।
ਭੀੜ ਵਿਚ ਜੇ ਕੋਈ ਆਪਣਾ ਮਿਲ ਪਵੇ ਤਾਂ ਅਣਚਾਹੀ ਖੁਸ਼ੀ ਹੁੰਦੀ ਹੈ। ਜੇ ਮਿਲਣ ਵਾਲਾ ਬਚਪਨ ਦੀਆਂ ਦੋਸਤੀਆਂ ਦਾ ਹਾਸਲ ਹੋਵੇ ਤਾਂ ਮਿਲਣਾ ਸੁਪਨੇ ਦੇ ਸੱਚ ਹੋਣ ਜਿਹਾ ਹੋ ਜਾਂਦਾ ਹੈ। ਕਈ ਵਾਰ ਤਾਂ ਭੀੜ ਵਿਚ ਕਿਸੇ ਭੁੱਲੇ ਵਿਸਰੇ ਪ੍ਰੇਮ ਪੱਤਰ ਦੇ ਲੱਭ ਪੈਣ ਜਿਹਾ ਖੂਬਸੂਰਤ ਹਾਦਸਾ ਵੀ ਵਾਪਰ ਜਾਂਦਾ ਹੈ।
ਭੀੜ ਜਿਸਮਾਂ ਦੇ ਨਾਲ ਨਾਲ ਮਨਾਂ ਦੀ ਦੂਰੀ ਵੀ ਘਟਾਉਂਦੀ ਹੈ। ਕਈ ਭੀੜ ਦੇ ਓਹਲੇ ‘ਚ ਹੀ ਆਪਣੇ ਮਨ ਦੀ ਗੱਲ ਕਰ ਜਾਂਦੇ ਹਨ। ਉਹ ਭੀੜ ਵਿਚੋਂ ਇਕੋ ਹੀ ਚਿਹਰਾ ਲੱਭਦੇ ਹਨ ਅਤੇ ਹੋਰ ਕੁਝ ਉਨ੍ਹਾਂ ਨੂੰ ਨਜ਼ਰ ਵੀ ਨਹੀਂ ਆਉਂਦਾ।
ਹਰ ਭੀੜ ਦੇ ਵੱਖਰੇ ਵੱਖਰੇ ਨਕਸ਼ ਹੁੰਦੇ ਹਨ। ਮੇਲੇ ਦੀ ਭੀੜ ਹਸਪਤਾਲ ਦੀ ਭੀੜ ਨਾਲੋਂ ਅਲੱਗ ਹੁੰਦੀ ਹੈ। ਮੇਲੇ ਦੀ ਭੀੜ ਦੇ ਚਿਹਰੇ ‘ਤੇ ਰੌਣਕ ਹੁੰਦੀ ਹੈ। ਵਿਹਾਰ ‘ਚ ਲਾੜਾ ਬਣੇ ਮੁੰਡੇ ਦਾ ਚਾਅ ਹੁੰਦਾ ਹੈ। ਗੱਲਾਂ ਫੁਰਦੀਆਂ ਹਨ, ਅੱਖਾਂ ਨੱਚਦੀਆਂ ਹਨ ਅਤੇ ਅੰਗ ਫਰਕਦੇ ਹਨ। ਮੂੰਹ ‘ਚ ਜਲੇਬੀਆਂ, ਪਕੌੜਿਆਂ ਦਾ ਸਵਾਦ ਹੁੰਦਾ ਹੈ। ਲਾਊਡ ਸਪੀਕਰ ‘ਚੋਂ ਆਉਂਦੀ ਆਵਾਜ਼ ਸੰਗੀਤਕ ਤਰੰਗਾਂ ਬਣ ਜਿਸਮ ‘ਚ ਲਹਿੰਦੀ ਜਾਂਦੀ ਹੈ। ਸਾਰੇ ਫਿਕਰ, ਸੰਸੇ, ਝੋਰੇ ਵਿਸਰ ਜਾਂਦੇ ਹਨ। ਹਰ ਉਮਰ ਜਵਾਨੀ ਹੰਢਾਉਂਦੀ ਪ੍ਰਤੀਤ ਹੁੰਦੀ ਹੈ।
ਹਸਪਤਾਲ ਦੀ ਭੀੜ ਪੀੜਤ ਮੁਹਾਂਦਰੇ ਵਾਲੀ ਹੁੰਦੀ ਹੈ। ਇਸ ਭੀੜ ‘ਚ ਹਰ ਕਿਸੇ ਨੂੰ ਆਪਣਾ ਦੁੱਖ ਦੂਜੇ ਨਾਲੋਂ ਵੱਡਾ ਲੱਗਦਾ ਹੈ। ਅੱਖਾਂ ‘ਚ ਇੱਕ ਆਸ ਹੁੰਦੀ ਹੈ ਅਤੇ ਵਿਹਾਰ ‘ਚ ਨਿਮਰਤਾ। ਡਾਕਟਰ ਨੂੰ ਮਿਲਣ ਲਈ ਵਾਰੀ ਦੀ ਉਡੀਕ ‘ਚ ਬੈਠੀ ਇਹ ਭੀੜ ਬੇਸਬਰੀ ਹੁੰਦੀ ਹੈ।
ਸਿਨੇਮਾ ਦੀ ਭੀੜ ਵਿਚ ਧੱਕਾ ਮੁੱਕੀ ਕਰਨ ਵਾਲਿਆਂ ਦੀ ਦਹਿਸ਼ਤ ਹੁੰਦੀ ਹੈ। ਇਸ ਭੀੜ ਵਿਚ ਧੱਕਾ ਮੁੱਕੀ ਦੀ ਆੜ ‘ਚ ਜੇਬ ਕਤਰੇ ਵੀ ਮੌਜੂਦ ਹੁੰਦੇ ਹਨ। ਸ਼ਰੀਫ ਬੰਦਾ ਕਦੇ ਵੀ ਅਜਿਹੀ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਬਾਜ਼ਾਰ ਦੀ ਭੀੜ ਵਿਚ ਖਰੀਦੋ ਫਰੋਖਤ ਕਰਨ ਵਾਲਿਆਂ ਦੇ ਰਲੇ ਮਿਲੇ ਭਾਵ ਹੁੰਦੇ ਹਨ। ਸਮਾਨ ਖਰੀਦਣ ਗਏ ਬਹੁਤੇ ਲੋਕ ਆਪ ਵਿਕ ਕੇ ਘਰ ਪਰਤਦੇ ਹਨ, ਪਰ ਮੰਡੀ ਉਨ੍ਹਾਂ ਨੂੰ ਇਹ ਅਹਿਸਾਸ ਵੀ ਨਹੀਂ ਹੋਣ ਦਿੰਦੀ ਕਿ ਉਹ ਵਿਕ ਗਏ ਹਨ। ਵਪਾਰਕ ਮੇਲਿਆਂ ਵਿਚ ਮੱਧਵਰਗੀ ਚਿਹਰਿਆਂ ਦੀ ਭੀੜ ਖਰੀਦਦਾਰੀ ਕਰਨਾ ਆਪਣਾ ਸਟੇਟਸ ਸਮਝਦੀ ਹੈ। ਇਹ ਗੱਲ ਵੱਖਰੀ ਹੈ ਕਿ ਖਰੀਦੀ ਚੀਜ਼ ਕਿਸੇ ਅਲਮਾਰੀ ਦੇ ਕੋਨੇ ‘ਚ ਪਈ ਅਗਲੇ ਕਈ ਵਰ੍ਹੇ ਚੇਤਿਆਂ ‘ਚੋਂ ਵਿਸਰੀ ਰਹਿੰਦੀ ਹੈ।
ਭੀੜ ਦਾ ਵਿਹਾਰ ‘ਕੱਲੇ ਵਿਅਕਤੀ ਦੇ ਵਿਹਾਰ ਨਾਲੋਂ ਅਲੱਗ ਹੁੰਦਾ ਹੈ। ਲੋਕਾਂ ਦਾ ਜਿਹੜਾ ਹਜੂਮ ਸੋਚਣਾ ਬੰਦ ਕਰ ਦੇਵੇ, ਉਹ ਭੀੜ ਬਣ ਜਾਂਦਾ ਹੈ। ਭੀੜ ਵਿਚ ਭਗਦੜ ਮੱਚਣ ਦਾ ਡਰ ਅਤੇ ਹਿੰਸਕ ਹੋਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਭਵਿੱਖ ਵਿਚ ਅਨੇਕਾਂ ਵਾਰ ਭੀੜ ਵਿਚ ਭਗਦੜ ਮੱਚਣ ਨਾਲ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ। ਛੋਟੇ ਬੱਚਿਆਂ, ਕਮਜੋਰ ਵਿਅਕਤੀਆਂ, ਬਜੁਰਗਾਂ ਅਤੇ ਔਰਤਾਂ ਦਾ ਭਗਦੜ ਵਿਚ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ।
ਭੀੜ ਦਾ ਕੋਈ ਆਗੂ ਨਹੀਂ ਹੁੰਦਾ। ਭੀੜ ਵਿਚ ਹਰ ਕੋਈ ਆਪਣੇ ਆਪ ਨੂੰ ਆਗੂ ਸਮਝਦਾ ਹੈ। ਭੀੜ ਨੂੰ ਗਿਣਮਿੱਥ ਕੇ ਵੀ ਹਿੰਸਕ ਕੀਤਾ ਜਾਂਦਾ ਹੈ। ਰਾਜ ਨੇਤਾਵਾਂ ਦੇ ਹੱਥ ‘ਚ ਇਹ ਇੱਕ ਹੋਛਾ ਹਥਿਆਰ ਹੈ। ਉਹ ਭੀੜ ਦੀ ਹਿੰਸਾ ਵਿਚੋਂ ਵੋਟਾਂ ਦੀ ਗਿਣਤੀ ਕਰਦੇ ਹਨ। ਹਿੰਸਕ ਭੀੜ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ ਤੇ ਨਾ ਹੀ ਆਪਣਾ ਕੋਈ ਦਿਮਾਗ ਹੁੰਦਾ ਹੈ। ਕਈ ਵਾਰ ਤਾਂ ਭੀੜ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕੀ ਅਤੇ ਕਿਉਂ ਕਰ ਰਹੇ ਹਨ।
ਅਫਵਾਹ ਸਭ ਤੋਂ ਤੇਜੀ ਨਾਲ ਭੀੜ ਵਿਚ ਹੀ ਫੈਲਦੀ ਹੈ। ਕੁਝ ਅਪਰਾਧੀ ਕਿਸਮ ਦੇ ਲੋਕ ਜਾਣਬੁੱਝ ਕੇ ਅਫਵਾਹ ਫੈਲਾਉਂਦੇ ਹਨ। ਭੀੜ ਕੁਝ ਲੋਕਾਂ ਨੂੰ ਅਨੰਦ ਦਿੰਦੀ ਹੈ। ਉਹ ਭੀੜ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਨ੍ਹਾਂ ਦੀ ‘ਕੱਲਿਆਂ ਦੀ ਕੋਈ ਹੋਂਦ ਨਹੀਂ ਹੁੰਦੀ। ਆਪਣੀ ਹੋਂਦ ਦਾ ਪ੍ਰਗਟਾਵਾ ਉਹ ਭੀੜ ਦਾ ਹਿੱਸਾ ਬਣ ਕੇ ਕਰਦੇ ਹਨ। ਭੀੜ ਵਲੋਂ ਮਚਾਈ ਤਬਾਹੀ ਨੂੰ ਉਹ ਆਪਣੇ ਸਿਰ ਲੈ ਕੇ ਮਾਣ ਮਹਿਸੂਸ ਕਰਦੇ ਹਨ। ਅਜਿਹੇ ਲੋਕ ਉਨ੍ਹਾਂ ਥਾਂਵਾਂ ‘ਤੇ ਉਚੇਚਾ ਪਹੁੰਚਦੇ ਹਨ, ਜਿੱਥੇ ਭੀੜਾਂ ਜੁੜਦੀਆਂ ਹਨ। ਉਨ੍ਹਾਂ ਲਈ ਹਰ ਭੀੜ ਮੇਲੇ ਜਿਹੀ ਹੁੰਦੀ ਹੈ।
ਜਿਨ੍ਹਾਂ ਥਾਂਵਾਂ ‘ਤੇ ਪਹੁੰਚਣ ਲਈ ਖਤਰੇ ਮੁੱਲ ਲੈਣੇ ਪੈਂਦੇ ਹਨ, ਹਿੰਮਤ ਅਤੇ ਸਾਹਸ ਦੀ ਲੋੜ ਹੁੰਦੀ ਹੈ, ਉਥੇ ਭੀੜ ਨਹੀਂ ਹੁੰਦੀ। ਕੁਝ ਲੋਕਾਂ ਨੂੰ ਭੀੜ ਤੋਂ ਡਰ ਲੱਗਦਾ ਹੈ। ਉਹ ਅਜਿਹੀਆਂ ਥਾਂਵਾਂ ਤੋਂ ਦੂਰ ਰਹਿਣਾ ਚਾਹੁੰਦੇ ਹਨ, ਜਿੱਥੇ ਭੀੜ ਹੋਵੇ। ਉਹ ਸ਼ਾਂਤ ਸੁਭਾਅ ਦੇ ਮਾਲਕ ਹੁੰਦੇ ਹਨ। ਜ਼ਿੰਦਗੀ ਵਿਚ ਸਹਿਜ ਤੇ ਚੁੱਪ ਉਨ੍ਹਾਂ ਨੂੰ ਸਕੂਨ ਦਿੰਦੇ ਹਨ। ਅਜਿਹੇ ਲੋਕ ਬਹੁਤੀ ਮਾਰਧਾੜ ਵਾਲੇ ਕੰਮ ਨਹੀਂ ਕਰ ਸਕਦੇ। ਉਹ ਭਾਵੇਂ ਕਲਾਕਾਰ ਨਾ ਵੀ ਹੋਣ, ਕਲਾਤਮਕ ਰੁਚੀਆਂ ਜਿਹਾ ਵਿਅਕਤੀਤਵ ਜਿਉਂਦੇ ਹਨ। ਉਂਜ ਭੀੜ ਦਾ ਵਿਹਾਰ ਅਗਵਾਈ ਕਰ ਰਹੇ ਵਿਅਕਤੀ ‘ਤੇ ਵੀ ਨਿਰਭਰ ਕਰਦਾ ਹੈ। ਕਿਸੇ ਸੱਚੀਂਮੁਚੀ ਦੇ ਧਾਰਮਿਕ ਵਿਅਕਤੀ ਦੀ ਅਗਵਾਈ ‘ਚ ਜੁੜੀ ਭੀੜ ਕੋਲੋਂ ਕਿਸੇ ਭਲੇ ਕੰਮ ਦੀ ਆਸ ਵੀ ਕੀਤੀ ਜਾ ਸਕਦੀ ਹੈ, ਪਰ ਅਜਿਹਾ ਘੱਟ ਹੁੰਦਾ ਹੈ। ਬੰਦੇ ਅੰਦਰ ਹਿੰਸਕ ਪ੍ਰਵਿਰਤੀ ਦਾ ਤੱਤ ਵਧੇਰੇ ਮਾਤਰਾ ਵਿਚ ਪਿਆ ਹੁੰਦਾ ਹੈ। ਇਹ ਜਾਗਦਾ ਵੀ ਜਲਦੀ ਅਤੇ ਵਧੇਰੇ ਵਿਕਰਾਲ ਰੂਪ ਵਿਚ ਹੈ। ਮਾਨਵੀ ਸਰੋਕਾਰਾਂ ਨਾਲ ਜੁੜੇ ਕੁਝ ਲੋਕਾਂ ਦੀ ਭੀੜ ਮਾਨਵ ਹਿਤੈਸ਼ੀ ਕੰਮ ਵੀ ਕਰਦੀ ਹੈ।
ਸਮਕਾਲੀ ਵਰਤਾਰੇ ਵਿਚ ਵਿਆਹ ਸ਼ਾਦੀ ਜਾਂ ਹੋਰ ਸਮਾਗਮਾਂ ਮੌਕੇ ਵੀ ਭੀੜ ਜਿਹੀ ਰੌਣਕ ਹੁੰਦੀ ਹੈ। ਅਜਿਹਾ ਅਕਸਰ ਧਨ, ਰੁਤਬਾ ਜਾਂ ਸਿਆਸੀ ਪਹੁੰਚ ਦਾ ਵਿਖਾਵਾ ਹੁੰਦਾ ਹੈ। ਖਾਣਾ ਸ਼ੁਰੂ ਹੁੰਦਿਆਂ ਹੀ ਭੀੜ ਟੁੱਟ ਕੇ ਪੈ ਜਾਂਦੀ ਹੈ। ਅੱਧੇ ਘੰਟੇ ਬਾਅਦ ਸਮਾਗਮ ਵਾਲੀ ਥਾਂ ਸਿਰਫ ਮਹਿਮਾਨ ਬਚਦੇ ਹਨ, ਭੀੜ ਜਾ ਚੁਕੀ ਹੁੰਦੀ ਹੈ।
ਕੁਝ ਦੇਸ਼ਾਂ ਵਿਚ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਭੀੜ ਦੇ ਸਾਹਮਣੇ ਦਿੱਤੀ ਜਾਂਦੀ ਹੈ। ਇਹ ਅਮਾਨਵੀ ਵਰਤਾਰਾ ਹੈ, ਲੋਕਤੰਤਰਕ ਤਰੀਕਾ ਨਹੀਂ ਹੈ। ਇਸ ਨਾਲ ਮਨੁੱਖੀ ਮਨ ‘ਚ ਦਹਿਸ਼ਤ ਪੈਦਾ ਹੁੰਦੀ ਹੈ, ਡਰ ਪੈਦਾ ਹੁੰਦਾ ਹੈ। ਲੋੜ ਮਨਾਂ ‘ਚ ਵਿਸ਼ਵਾਸ ਪੈਦਾ ਕਰਨ ਦੀ ਹੈ।
ਅਜੋਕੇ ਸੁਖ ਸਹੂਲਤਾਂ ਮਾਣ ਰਹੇ ਮਨੁੱਖ ਕੋਲ ਵੀ ਮਨ ਦਾ ਚੈਨ ਨਹੀਂ ਹੈ, ਜੀਵਨ ਵਿਚ ਸ਼ਾਂਤੀ ਅਤੇ ਸਹਿਜ ਨਹੀਂ ਹੈ। ਅੱਜ ਮਨੁੱਖ ਨੂੰ ਆਪਣੇ ਕੋਲ ਪਰਤਣ ਦੀ ਲੋੜ ਹੈ। ‘ਕੱਲਿਆਂ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਨ ਦੀ ਲੋੜ ਹੈ। ਉਸ ਨੂੰ ਲੋੜ ਹੈ ਕਿ ਉਹ ਵਿਹਲ ਨੂੰ ਆਪਣੇ ਆਪ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਵਰਤੇ। ਭੀੜ ਤੋਂ ਦੂਰ ਰਹਿਣ ਦੀ ਜਾਚ ਸਿਖਣੀ ਪੈਣੀ ਹੈ ਮਨੁੱਖ ਨੂੰ। ਸਾਨੂੰ ਅਜਿਹੇ ਸਬੱਬ ਨਹੀਂ ਬਣਾਉਣੇ ਚਾਹੀਦੇ, ਜਿੱਥੇ ਭੀੜ ਜੁੜੇ ਸਗੋਂ ਅਜਿਹੇ ਮੌਕੇ ਪੈਦਾ ਕਰਨੇ ਚਾਹੀਦੇ ਹਨ, ਜਿੱਥੇ ਮਨ ਜੁੜਨ, ਮੋਹ ਭਿੱਜੀਆਂ ਤੱਕਣੀਆਂ ਦੀ ਭੀੜ ਹੋਵੇ, ਅਪਣੱਤ ਭਰੇ ਬੋਲਾਂ ਦਾ ਸ਼ੋਰ ਹੋਵੇ। ਸਾਨੂੰ ਸੋਚਣਾ ਪੈਣਾ ਹੈ ਕਿ ਅਸੀਂ ਭੀੜ ਵਿਚ ਗੁਆਚਣਾ ਹੈ ਜਾਂ ਭੀੜ ਵਿਚੋਂ ਆਪਣੇ ਆਪ ਨੂੰ ਲੱਭਣਾ ਹੈ।