ਡਾ. ਗੁਰਨਾਮ ਕੌਰ, ਕੈਨੇਡਾ
ਭਗਤ ਕਬੀਰ ਗੁਰੂ ਕਾਲ ਤੋਂ ਪਹਿਲਾਂ ਦੇ ਭਗਤੀ ਕਾਲ ਦੇ ਅਜਿਹੇ ਸਮੇਂ ਵਿਚ ਪੈਦਾ ਹੋਏ, ਜਦੋਂ ਪੁਰਾਣੀ ਪਰੰਪਰਾ ਖੇਰੂੰ ਖੇਰੂੰ ਹੋ ਰਹੀ ਸੀ ਅਤੇ ਇੱਕ ਨਵੀਂ ਮਾਨਵਵਾਦੀ ਧਾਰਮਿਕ ਪੁਨਰ-ਜਾਗ੍ਰਿਤੀ ਦਾ ਅਰੰਭ ਹੋ ਰਿਹਾ ਸੀ| ਇਸ ਪੁਨਰ-ਜਾਗ੍ਰਿਤੀ ਦਾ ਕਾਰਨ ਪੁਰਾਣੀ ਪਰੰਪਰਾ ਦੀ ਯੋਗਤਾ ਅਤੇ ਸੇਵਾ ਕਰਨ ਦੀ ਸਮਰੱਥਾ ਵਿਚੋਂ ਉਨ੍ਹਾਂ ਮਨੁੱਖਾਂ ਦੀ ਧਰਵਾਸ ਤੇ ਅਗਵਾਈ ਦੇਣ ਦੀ ਆਸ ਦਾ ਗੁਆਚ ਜਾਣਾ ਸੀ, ਜੋ ਇਨ੍ਹਾਂ ਪੁਰਾਣੇ ਵਿਚਾਰਾਂ ਦੇ ਬੰਜਰ ਅਤੇ ਦਕੀਆਨੂਸੀ ਕਰਮ ਕਾਂਡ ਦੇ ਅਸਹਿ ਬੋਝ ਦੇ ਸਵੈ-ਪ੍ਰਤੀਕ੍ਰਿਆ ਵਿਧੀ ਦੀ ਹੱਦ ਤੱਕ ਆਦੀ ਹੋ ਗਏ ਸਨ|
ਅੱਜ ਵੀ ਕੁਝ ਅਜਿਹਾ ਹੀ ਸਮਾਂ ਹੈ, ਪਰ ਇਸ ਦਾ ਵੱਖਰੇਵਾਂ ਇਸ ਤੱਥ ਵਿਚ ਹੈ ਕਿ ਹੁਣ ਦੇ ਹਾਕਮ ਇਸ ਵਿਗਿਆਨਕ ਯੁੱਗ ਵਿਚ ਵੀ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਵੱਲੋਂ ਹਟਾ ਕੇ, ਉਨ੍ਹਾਂ ਨੂੰ ਮੁੜ ਬੋਸੀਦਾ ਹੋ ਚੁਕੀਆਂ ਧਾਰਮਿਕ ਪਰੰਪਰਾਵਾਂ ਵਿਚ ਉਲਝਾ ਕੇ ਧਰਮ ਦੇ ਨਾਂ ‘ਤੇ ਅਗਿਆਨ ਦੀ ਹਨੇਰੀ ਗੁਫਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ| ਧਰਮ ਦੇ ਨਾਂ ‘ਤੇ ਸਿਰਫ ਰਾਜਨੀਤੀ ਹੀ ਨਹੀਂ ਕਰ ਰਹੇ, ਸਗੋਂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਧਰਮ ਦੀ ਆੜ ਵਿਚ ਖਾਸ ਕਿਸਮ ਦਾ ਵਪਾਰ ਕਰ ਰਹੇ ਹਨ ਤਾਂ ਕਿ ਲੋਕਾਂ ਦਾ ਧਿਆਨ ਲੋਕ ਮੁੱਦਿਆਂ ਜਾਂ ਰੋਜ਼ਾਨਾ ਸਮੱਸਿਆਵਾਂ ਵੱਲ ਨਾ ਜਾ ਕੇ ਅਖੌਤੀ ਧਾਰਮਿਕ ਮੁੱਦਿਆਂ ਵਿਚ ਉਲਝਿਆ ਰਹੇ| ਇਸ ਨੂੰ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਕਿਸਮ ਦੀ ਵੰਡੀਆਂ ਪਾਉਣ ਵਾਲੀ ਧਾਰਮਿਕ ਨਫਰਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਕਾਰਿਆ ਗਿਆ ਹੈ, ਹੁਣ ਦੀ ਭਾਰਤੀ ਹਾਕਮ ਜਮਾਤ ਉਸ ਤੋਂ ਵੀ ਘਟੀਆ ਕਿਸਮ ਦੀ ਧਾਰਮਿਕ ਨਫਰਤ ਨੂੰ ਨਵੇਂ ਨਵੇਂ ਕਾਨੂੰਨ ਬਣਾ ਕੇ ਉਤਸ਼ਾਹਤ ਕਰਦੀ ਲੋਕਾਂ ਵਿਚ ਵੰਡੀਆਂ ਪਾ ਰਹੀ ਹੈ|
ਮੌਜੂਦਾ ਸਰਕਾਰ ਡਾ. ਭੀਮ ਰਾਉ ਅੰਬੇਦਕਰ ਦੇ ਤਿਆਰ ਕੀਤੇ ਧਰਮ ਨਿਰਪੱਖ ਸੰਵਿਧਾਨ ਨੂੰ ਬਦਲ ਕੇ ਭਾਰਤੀ ਘੱਟ ਗਿਣਤੀਆਂ ਲਈ ਖਾਸ ਕਿਸਮ ਦਾ ਨਫਰਤ ਭਰਿਆ ਅਤੇ ਭੈ-ਭੀਤ ਕਰਨ ਵਾਲਾ ਮਾਹੌਲ ਸਿਰਜ ਰਹੀ ਹੈ| ਇਸ ਮੁਹਿੰਮ ਦੀ ਪਹਿਲੀ ਕੜੀ ਵਜੋਂ ਲੋਕਾਂ ਦਾ ਧਿਆਨ ਬਾਬਰੀ ਮਸਜਿਦ-ਰਾਮ ਮੰਦਿਰ ਮੁੱਦੇ ਵਿਚ ਉਲਝਾਉਣਾ ਹੈ| ਇਸੇ ਲੜੀ ਵਿਚ ਦੂਜੀ ਵਾਰ ਸੱਤਾ ਵਿਚ ਆਉਣ ਦੇ ਕੁਝ ਮਹੀਨਿਆਂ ਦੇ ਅਰਸੇ ਵਿਚ ਹੀ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਲਈ ਧਾਰਾ 370 ਨੂੰ ਹਟਾ ਕੇ ਉਸ ਦਾ ਰਾਜ ਹੋਣ ਦਾ ਦਰਜਾ ਖਤਮ ਕਰਕੇ ਉਸ ਨੂੰ ਟੋਟਿਆਂ ਵਿਚ ਵੰਡ ਕੇ ਕੇਂਦਰ ਸ਼ਾਸਤ ਇਲਾਕੇ ਬਣਾਉਣਾ; ਏਨਾ ਹੀ ਨਹੀਂ ਸਗੋਂ 5 ਅਗਸਤ ਤੋਂ ਕਸ਼ਮੀਰ ਵਿਚ ਕਰਫਿਊ ਜਿਹਾ ਮਾਹੌਲ ਸਿਰਜ ਕੇ ਕਸ਼ਮੀਰੀਆਂ ਦਾ ਨਾਤਾ ਬਾਕੀ ਹਿੰਦੁਸਤਾਨ ਅਤੇ ਪੂਰੀ ਦੁਨੀਆਂ ਨਾਲੋਂ ਤੋੜ ਦਿੱਤਾ ਗਿਆ; ਟੈਲੀਫੋਨ ਤੇ ਇੰਟਰਨੈੱਟ ਜਿਹੀਆਂ ਸਹੂਲਤਾਂ ਬੰਦ ਕੀਤੀਆਂ ਹੋਈਆਂ ਹਨ; ਕਿਸੇ ਪੱਤਰਕਾਰ, ਬੁੱਧੀਜੀਵੀ ਜਾਂ ਸਮਾਜ ਸੇਵੀ ਸੰਗਠਨ ਨੂੰ ਕਸ਼ਮੀਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ|
ਕਸ਼ਮੀਰੀਆਂ ਨੂੰ ਲਗਾਤਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਕਸ਼ਮੀਰ ਦੀ ਧਰਤੀ ਤਾਂ ਭਾਰਤ ਦਾ ਹਿੱਸਾ ਹੈ, ਪਰ ਕਸ਼ਮੀਰੀ ਲੋਕ ਨਹੀਂ| ਟੋਟਿਆਂ ਵਿਚ ਵੰਡਣ ਦਾ ਮਕਸਦ ਵੀ ਇਹੀ ਜਾਪਦਾ ਹੈ ਕਿ ਚੋਣਾਂ ਹੋਣ ‘ਤੇ ਜੰਮੂ ਅਤੇ ਲੱਦਾਖ ‘ਚ ਮੌਜੂਦਾ ਹੁਕਮਰਾਨ ਪਾਰਟੀ ਨੂੰ ਬਹੁਮੱਤ ਪ੍ਰਾਪਤ ਕਰਨ ਦੀ ਸੰਭਾਵਨਾ ਵੱਧ ਹੈ, ਜਦ ਕਿ ਕਸ਼ਮੀਰ ਵਾਦੀ ਵਿਚ ਇਹ ਸੰਭਾਵਨਾ ਘਟ ਜਾਂਦੀ ਹੈ|
ਇਸ ਕੜੀ ਦਾ ਅਗਲਾ ਕਦਮ ਤਿੰਨ ਤਲਾਕ ਕਾਨੂੰਨ ਨੂੰ ਅਧੂਰੇ ਰੂਪ ਵਿਚ ਪਾਸ ਕਰਨਾ ਸੀ| ਸਭ ਤੋਂ ਭਿਆਨਕ ਅਤੇ ਮੌਜੂਦਾ ਕਦਮ ਨਾਗਰਿਕਤਾ ਸੋਧ ਬਿਲ ਨੂੰ ਬਿਨਾ ਕੋਈ ਬਹਿਸ ਕੀਤਿਆਂ ਹੁਕਮ ਵਾਂਗ ਇੱਕੋ ਦਿਨ ਵਿਚ ਪਾਸ ਕਰਕੇ ਭਾਰਤ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਫਿਰਕੂ ਰੰਗਤ ਦੇਣਾ ਹੈ, ਜਿਸ ਅਨੁਸਾਰ ਤਿੰਨ ਇਸਲਾਮਿਕ ਮੁਲਕਾਂ-ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾ ਦੇਸ਼ ਤੋਂ ਆਉਣ ਵਾਲੇ ਹਿੰਦੂ, ਬੋਧੀ, ਸਿੱਖ, ਇਸਾਈ, ਪਾਰਸੀ ਸ਼ਰਨਾਰਥੀਆਂ ਨੂੰ ਤਾਂ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ, ਪਰ ਮੁਸਲਮਾਨ ਇਸ ਤੋਂ ਬਾਹਰ ਰਹਿਣਗੇ| ਨਾਲ ਹੀ ਇਹ ਐਲਾਨ ਕਰ ਦੇਣਾ ਕਿ ਐਨ. ਆਰ. ਸੀ. ਕਾਨੂੰਨ ਸਾਰੇ ਭਾਰਤ ‘ਚ ਲਾਗੂ ਕੀਤਾ ਜਾਵੇਗਾ, ਜਿਸ ਤਹਿਤ ਹਰ ਸ਼ਹਿਰੀ ਨੂੰ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਪਵੇਗਾ ਅਤੇ ਰਜਿਸਟਰ ਹੋਣ ਲਈ ਉਸ ਨੂੰ ਸਬੂਤ ਦੇਣੇ ਪੈਣਗੇ ਕਿ ਉਹ ਭਾਰਤੀ ਹੀ ਹੈ|
ਅਜਿਹੇ ਨਾਗਰਿਕਤਾ ਸੋਧ ਬਿੱਲ ਅਤੇ ਐਨ. ਆਰ. ਸੀ. ਪਾਸ ਹੋਣ ਤੇ ਲਾਗੂ ਹੋਣ ਨਾਲ ਨਾ ਸਿਰਫ ਭਾਰਤ ਦੀ ਇੱਕ ਧਰਮ-ਨਿਰਪੱਖ ਲੋਕਤੰਤਰ ਗਣਰਾਜ ਹੋਣ ਦੀ ਛਵੀ ਨੂੰ ਢਾਹ ਲੱਗੀ ਹੈ, ਸਗੋਂ ਇਸ ਵੰਡ-ਪਾਊ ਫਿਰਕੂ ਰੰਗਤ ਵਾਲੇ ਕਾਨੂੰਨ ਨੇ ਭਾਰਤ ਦੇ ਸਭ ਤੋਂ ਵੱਡੇ ਘੱਟ-ਗਿਣਤੀ ਮੁਸਲਿਮ ਭਾਈਚਾਰੇ ਨੂੰ ਖੌਫਜ਼ਦਾ ਕਰ ਦਿੱਤਾ ਹੈ| ਹੁਕਮਰਾਨ ਭਾਜਪਾ ਦਾ ਇੱਕੋ ਇੱਕ ਮਕਸਦ ਲੋਕਾਂ ਵਿਚ ਮਜ੍ਹਬੀ ਵੰਡੀਆਂ ਪਾ ਕੇ ਉਨ੍ਹਾਂ ਦਾ ਧਿਆਨ ਅਸਲੀ ਸਮੱਸਿਆਵਾਂ ਵੱਲੋਂ ਹਟਾਈ ਰੱਖਣਾ ਅਤੇ ਧਰਮ ਦੇ ਨਾਂ ‘ਤੇ ਵੋਟਾਂ ਹਾਸਿਲ ਕਰ ਕੇ ਤਾਕਤ ਵਿਚ ਬਣੇ ਰਹਿਣਾ ਹੈ|
ਹੁਣੇ ਹੁਣੇ ਅਸੀਂ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼-ਵਿਦੇਸ਼ ਵਿਚ ਵੱਡੇ ਪੱਧਰ ‘ਤੇ ਮਨਾਇਆ ਹੈ| ਨਵੰਬਰ ਦਾ ਮਹੀਨਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾਲ ਵੀ ਜੁੜਿਆ ਹੋਇਆ ਹੈ| ਗੁਰੂ ਤੇਗ ਬਹਾਦਰ ਆਪ ਤਾਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਨੌਵੀਂ ਜੋਤਿ ਵਜੋਂ ਬਿਰਾਜਮਾਨ ਸਨ, ਪਰ ਉਨ੍ਹਾਂ ਨੇ ਦਿੱਲੀ ਜਾ ਕੇ ਕਸ਼ਮੀਰੀ ਪੰਡਿਤਾਂ ਦੀ ਪੁਕਾਰ ‘ਤੇ ਸ਼ਹਾਦਤ ਇਸ ਲਈ ਦਿੱਤੀ ਕਿ ਹਰ ਮਨੁੱਖ ਨੂੰ ਆਪਣੇ ਇਸ਼ਟ ਨੂੰ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮਨੁੱਖ ਦਾ ਮੂਲ ਹੱਕ ਹੈ|
ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦਾ ਮਹੀਨਾ ਕਰਕੇ ਜਾਣਿਆ ਜਾਂਦਾ ਹੈ| ਇਹ ਉਹ ਮਹੀਨਾ ਹੈ, ਜਿਸ ਵਿਚ ਦਸਵੀਂ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਖਾਲਸੇ ਨੂੰ ਆਪਣਾ ਜਨਮ ਸਥਾਨ ਅਨੰਦਪੁਰ ਸਾਹਿਬ ਛੱਡਣਾ ਪਿਆ; ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਫੌਜਾਂ ਨਾਲ ਅਸਾਵੀਂ ਜੰਗ ਲੜਦਿਆਂ ਜਿਥੇ ਗੁਰੂ ਦੇ ਖਾਲਸੇ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਥੇ ਨਾਲ ਹੀ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਵੀ ਸ਼ਹੀਦ ਹੋਏ| ਇਹ ਯੁੱਧ ਅਤੇ ਸ਼ਹੀਦੀਆਂ ਕਿਸੇ ਰਾਜ ਪ੍ਰਾਪਤੀ ਜਾਂ ਰਾਜ ਸਥਾਪਤੀ ਲਈ ਨਹੀਂ ਸਨ, ਸਗੋਂ ਦੱਬੀ-ਕੁਚਲੀ ਮਨੁੱਖਤਾ ਦੇ ਮਾਨਵੀ ਹੱਕਾਂ ਦੀ ਬਹਾਲੀ ਲਈ ਸਨ| ਹਿੰਦੂ ਪਹਾੜੀ ਰਾਜਿਆਂ ਨੂੰ ਇਹ ਤੱਥ ਹਜ਼ਮ ਹੀ ਨਹੀਂ ਸੀ ਹੋ ਰਿਹਾ ਕਿ ਜਿਨ੍ਹਾਂ ਨੂੰ ਉਹ ਪੈਰਾਂ ਹੇਠਾਂ ਲਤਾੜਦੇ ਆਏ ਹਨ, ਉਹ ਬਰਾਬਰ ਬੈਠ ਕੇ ਲੰਗਰ ਛਕ ਸਕਦੇ ਹਨ|
ਸਿੱਖ ਜਗਤ ਲਈ ਰਵਾਇਤੀ ਤੌਰ ‘ਤੇ ਗੁਰਪੁਰਬਾਂ, ਇਤਿਹਾਸਕ ਦਿਹਾੜਿਆਂ ਨੂੰ ਮਨਾ ਲੈਣਾ ਹੀ ਕਾਫੀ ਨਹੀਂ, ਗੁਰੂ ਦੀ ਬਖਸ਼ੀ ਵਿਚਾਰਧਾਰਾ ਨੂੰ ਅਮਲ ਵਿਚ ਲਿਆਉਣਾ ਵੀ ਫਰਜ਼ ਬਣਦਾ ਹੈ| ਗੁਰੂ ਨੇ ਤਾਂ ਸਿੱਖ ਕੋਲੋਂ ਹਮੇਸ਼ਾ ਸੱਚੇ ਤੇ ਸੁੱਚੇ ਅਮਲ ਦੀ ਤਵੱਕੋ ਕੀਤੀ ਹੈ| ਗੁਰੂ ਨੇ ਸਾਨੂੰ ਕਿਸੇ ਵੀ ਕਿਸਮ ਦੀਆਂ ਵੰਡੀਆਂ ਪਾਉਣ ਵਾਲੀ, ਮਾਨਵੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੀ ਨੀਤੀ ਤੇ ਵਿਚਾਰਧਾਰਾ ਖਿਲਾਫ ਡਟ ਕੇ ਖਲੋ ਜਾਣ ਦਾ ਆਦੇਸ਼ ਕੀਤਾ ਹੈ| ਜਬਰ ਦੇ ਖਿਲਾਫ ਡਟਣਾ ਤੇ ਦੱਬੇ-ਕੁਚਲੇ ਮਜ਼ਲੂਮਾਂ ਦੇ ਨਾਲ ਖੜ੍ਹੇ ਹੋਣਾ ਹੀ ਸਿੱਖ ਹੋਣ ਦੀ ਪ੍ਰਮਾਣਿਕਤਾ ਹੈ ਅਤੇ ਅਜਿਹਾ ਬਿਨਾ ਕਿਸੇ ਧਰਮ, ਜਾਤ ਜਾਂ ਜਮਾਤ ਆਧਾਰਤ ਵਿਤਕਰੇ ਦੇ ਕਰਨਾ ਹੈ| ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਸਾਰੇ ਮਨੁੱਖਾਂ ਵਿਚ ਉਸ ਇੱਕ ਅਕਾਲ ਪੁਰਖੁ ਦੀ ਜੋਤਿ ਬਿਰਾਜਮਾਨ ਹੈ ਅਤੇ ਇੱਕ ਰੱਬੀ ਜੋਤਿ ਤੋਂ ਪ੍ਰਕਾਸ਼ਿਤ ਹੋਣ ਦੇ ਨਾਤੇ ਸਾਰੇ ਮਨੁੱਖ ਬਰਾਬਰ ਹਨ|
ਭਾਰਤ ਦੇ ਮੌਜੂਦਾ ਹਾਲਾਤ ਦੀ ਚਰਚਾ ਕਰਦਿਆਂ ਕੋਈ ਕਹਿ ਰਿਹਾ ਸੀ ਕਿ ਕੀ ਹੁਣ ਦੇ ਸਮੇਂ ਵਿਚ ਵੀ ਭਾਰਤ ਨੂੰ ਭਗਤੀ ਲਹਿਰ ਜਿਹੀ ਕਿਸੇ ਲਹਿਰ ਦੀ ਲੋੜ ਹੈ? ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸ਼ਬਦ ਗੁਰੂ ਜਾਗਤ ਜੋਤਿ ਵਜੋਂ ਸਰਬ ਸਮਿਆਂ ਵਾਸਤੇ ਸਾਡੀ ਅਗਵਾਈ ਕਰਨ ਲਈ ਮੌਜੂਦ ਹਨ| ਇਹ ਸਾਡੀ ਸਮਰੱਥਾ ‘ਤੇ ਨਿਰਭਰ ਹੈ ਕਿ ਅਸੀਂ ਕਿੰਨੀ ਕੁ ਤੇ ਕਿਥੋਂ ਤੱਕ ਅਗਵਾਈ ਲੈਣ ਦੇ ਯੋਗ ਹਾਂ| ਮੌਜੂਦਾ ਸੰਦਰਭ ਵਿਚ ਭਗਤ ਕਬੀਰ ਦੀ ਕੁਝ ਬਾਣੀ ਦੀ ਬਹੁਤ ਹੀ ਸੰਖੇਪ ਜਿਹੀ ਚਰਚਾ ਪੇਸ਼ ਹੈ|
ਭਗਤ ਕਬੀਰ ਦੀ ਬਾਣੀ ਮੌਜੂਦਾ ਹਾਲਾਤ ਦੀ ਤਰਜ਼ਮਾਨੀ ਕਰਦੀ ਜਾਪਦੀ ਹੈ| ਇੱਥੇ ਭਗਤ ਕਬੀਰ ਦੀ ਬਾਣੀ ਦਾ ਮੂਲ ਮੁੱਦਾ ਅਖੌਤੀ ਧਾਰਮਿਕ ਕਟੜਪੰਥੀਆਂ ਨੂੰ ਇਹ ਸਮਝਾਉਣ ਦਾ ਹੈ ਕਿ ਪਰਮਾਤਮਾ ਇੱਕ ਤੇ ਸਿਰਫ ਇੱਕ ਹੈ, ਜੋ ਸਭ ਦਾ ਸਾਂਝਾ ਹੈ| ਭਗਤ ਕਬੀਰ ਉਸ ਵੇਲੇ ਦੀ ਨਫਰਤ ਭਰੀ ਧਾਰਮਿਕ ਕੱਟੜਤਾ ‘ਤੇ ਸਵਾਲ ਉਠਾਉਂਦਿਆਂ ਦੱਸਦੇ ਹਨ ਕਿ ਇੱਕ ਪਰਮਾਤਮਾ ਹੀ ਹੈ, ਜੋ ਨਿਰੰਜਨ ਅਤੇ ਨਿਰਮਲ ਹੈ, ਜਿਸ ਦੀ ਨਿਰਮਲਤਾ ਦਾ ਅੰਤ ਨਹੀਂ ਪਾਇਆ ਜਾ ਸਕਦਾ; ਬਾਕੀ ਸਾਰਾ ਸੰਸਾਰ ਮਲੀਨ ਹੈ|
ਹਿੰਦੂ ਧਰਮ ਵਿਚ ਵੱਖ ਵੱਖ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸੇ ਸੰਦਰਭ ਵਿਚ ਭਗਤ ਕਬੀਰ ਬ੍ਰਹਮਾ ਦੀ ਗੱਲ ਕਰਦੇ ਹਨ, ਜਿਸ ਨੂੰ ਹਿੰਦੂ ਸ਼ਾਸਤਰਾਂ ਅਨੁਸਾਰ ਉਤਪਤੀ ਦਾ ਦੇਵਤਾ ਮੰਨਿਆ ਗਿਆ ਹੈ। ਇੰਦਰ, ਜਿਸ ਨੂੰ ਸਭ ਤੋਂ ਪ੍ਰਮੁੱਖ ਦੇਵਤਾ ਮੰਨਿਆ ਗਿਆ ਹੈ, ਇਨ੍ਹਾਂ ਸਭ ਵਿਚ ਕੋਈ ਨਾ ਕੋਈ ਖੋਟ ਹੈ, ਇਹ ਸਭ ਮਲੀਨ ਹਨ| ਦੁਨੀਆਂ ਨੂੰ ਰੌਸ਼ਨ ਕਰਨ ਵਾਲੇ ਸੂਰਜ ਅਤੇ ਚੰਦ ਵੀ ਮੈਲੇ ਹਨ| ਬ੍ਰਹਿਮੰਡਾਂ ਦੇ ਰਾਜੇ, ਦਿਨ ਤੇ ਰਾਤ; ਹੀਰੇ-ਮੋਤੀ, ਜਿਨ੍ਹਾਂ ਨੂੰ ਏਨੇ ਕੀਮਤੀ ਸਮਝਿਆ ਜਾਂਦਾ ਹੈ, ਸਭ ਮੈਲੇ ਹਨ| ਜੋਗੀ, ਜੰਗਮ, ਜਟਾਧਾਰੀ ਸਾਧ ਸਭ ਹੀ ਅਪਵਿੱਤਰ ਹਨ| ਇਹ ਮਨੁੱਖੀ ਸਰੀਰ ਵੀ ਮੈਲਾ ਹੈ ਅਤੇ ਇਸ ਵਿਚ ਰਹਿੰਦਿਆਂ ਜੀਵ-ਆਤਮਾ ਵੀ ਮੈਲੀ ਹੋ ਗਈ ਹੈ|
ਫਿਰ ਪਵਿੱਤਰ ਕੌਣ ਹੈ? ਇਸ ਦਾ ਉਤਰ ਭਗਤ ਕਬੀਰ ਦਿੰਦੇ ਹਨ ਕਿ ਸਿਰਫ ਉਹ ਵਿਅਕਤੀ ਪਵਿੱਤਰ ਹੈ, ਜਿਸ ਨੇ ਉਸ ਨਿਰਮਲ, ਪਵਿੱਤਰ ਪਰਮਾਤਮਾ ਨਾਲ ਆਪਣੀ ਸਾਂਝ ਬਣਾ ਲਈ ਹੈ, ਭਾਵ ਮਹਿਜ ਦੇਵਤਿਆਂ ਦੀ ਪੂਜਾ ਕਰਨ ਨਾਲ, ਵੱਖ ਵੱਖ ਧਾਰਮਿਕ ਭੇਖ ਧਾਰਨ ਨਾਲ ਕੋਈ ਮਨੁੱਖ ਨਿਰਮਲ ਜਾਂ ਪਵਿੱਤਰ ਨਹੀਂ ਹੋ ਜਾਂਦਾ, ਉਸ ਪਵਿੱਤਰ ਪਰਮਾਤਮਾ ਨਾਲ ਸਾਂਝ ਪਾਉਣ ਨਾਲ ਹੀ ਮਨੁੱਖ ਪਵਿੱਤਰ ਹੁੰਦਾ ਹੈ ਅਤੇ ਜੋ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ, ਉਸ ਦੀ ਸਾਂਝ ਸਾਰੀ ਮਾਨਵਤਾ ਨਾਲ ਬਣ ਜਾਂਦੀ ਹੈ| ਉਸ ਲਈ ਸਾਰੀ ਮਨੁੱਖਤਾ ਬਰਾਬਰ ਹੁੰਦੀ ਹੈ; ਧਰਮ ਦੇ ਨਾਂ ‘ਤੇ ਕੋਈ ਭੇਦ-ਭਾਵ ਨਹੀਂ ਰਹਿੰਦਾ ਅਤੇ ਅਜਿਹੀ ਰੱਬੀ ਸਾਂਝ ਵਾਲਾ ਮਨੁੱਖ ਰੱਬ ਦੇ ਹੁਕਮ ਦੀ ਉਲੰਘਣਾ ਕਰਨ ਵਾਲਾ ਕੋਈ ਕੰਮ ਨਹੀਂ ਕਰਦਾ|
ਇਸ ਤੋਂ ਅਗਲੇ ਸ਼ਬਦ ਵਿਚ ਭਗਤ ਕਬੀਰ ਮੁੱਲਾਂ ਨੂੰ ਸਮਝਾਉਂਦੇ ਹਨ ਕਿ ਇਹ ਦਸ ਦਰਵਾਜਿਆਂ ਵਾਲਾ ਜੋ ਤੇਰਾ ਮਨੁੱਖੀ ਸਰੀਰ ਹੈ, ਇਹ ਤੇਰੀ ਮਸੀਤ ਹੈ, ਇਸ ਵਿਚ ਟਿਕ ਕੇ ਬਾਂਗ ਦੇਹ ਅਤੇ ਨਮਾਜ਼ ਅਦਾ ਕਰ| ਆਪਣੇ ਮਨ ਨੂੰ ਮੱਕਾ ਬਣਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ| ਇਸ ਅੰਦਰ ਬਿਰਾਜਮਾਨ ਬੋਲਣਹਾਰ ਜੀਵ-ਆਤਮਾ ਹੀ ਬਾਂਗ ਦੇਣ ਵਾਲਾ ਅਤੇ ਸੁਆਮੀ ਬਣ ਕੇ ਨਮਾਜ਼ ਪੜ੍ਹਨ ਵਾਲਾ ਪਰਮ ਗੁਰੂ ਹੈ| ਆਪਣੇ ਕ੍ਰੋਧੀ ਸੁਭਾਅ, ਭਟਕਣ, ਭਰਮ ਅਤੇ ਕਦੂਰਤ ਨੂੰ ਦੂਰ ਕਰਕੇ ਪੰਜੇ ਵਿਸ਼ੇ-ਵਿਕਾਰਾਂ ਨੂੰ ਆਪਣੇ ਅੰਦਰੋਂ ਖਤਮ ਕਰ ਦੇਵੇਂਗਾ ਤਾਂ ਤੇਰੇ ਅੰਦਰ ਸਹਿਜ ਆ ਜਾਵੇਗਾ, ਮਨ ਸ਼ਾਂਤ ਹੋ ਜਾਵੇਗਾ-ਭਾਵੇਂ ਕੋਈ ਮੁੱਲਾਂ ਹੋਵੇ ਤੇ ਭਾਵੇਂ ਸ਼ੇਖ। ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ, ਪਰਮਾਤਮਾ ਸਭ ਦਾ ਇੱਕੋ ਹੈ| ਭਗਤ ਕਬੀਰ ਕਹਿੰਦੇ ਹਨ ਕਿ ਮੈਂ ਦੀਵਾਨਾ ਹੋ ਗਿਆ ਹਾਂ ਅਤੇ ਲੋਕਾਂ ਨੂੰ ਮੇਰੀਆਂ ਗੱਲਾਂ ਦੀਵਾਨਾਪਣ ਲੱਗ ਸਕਦੀਆਂ ਹਨ, ਪਰ ਆਪਣੀ ਅੰਤਰਆਤਮਾ ਨਾਲ ਇਕਸੁਰ ਹੋਣ ਕਰਕੇ ਮੈਂ ਹੌਲੀ ਹੌਲੀ ਸਹਿਜ ਵਿਚ ਆ ਗਿਆ ਹਾਂ, ਮਨ ਦਾ ਟਿਕਾਉ ਪ੍ਰਾਪਤ ਕਰ ਲਿਆ ਹੈ|
ਭਗਤ ਕਬੀਰ ਹੋਰ ਕਹਿੰਦੇ ਹਨ ਕਿ ਲੋਕ ਮੱਥੇ ‘ਤੇ ਤਿਲਕ ਲਾ ਕੇ ਹੱਥ ਵਿਚ ਮਾਲਾ ਫੜ ਲੈਂਦੇ ਹਨ ਅਤੇ ਧਾਰਮਿਕ ਵੇਸ ਬਣਾ ਕੇ ਸਮਝਦੇ ਹਨ ਕਿ ਉਹ ਰੱਬ ਦੇ ਭਗਤ ਬਣ ਗਏ ਹਨ (ਇਹੀ ਸਭ ਕੁਝ ਅੱਜ ਕੱਲ ਹੋ ਰਿਹਾ ਹੈ)| ਰੱਬ ਨੂੰ ਖਿਡਾਉਣਾ ਸਮਝ ਕੇ ਉਸ ਨੂੰ ਪਰਚਾਇਆ ਜਾ ਸਕਦਾ ਹੈ| ਭਗਤ ਕਬੀਰ ਕਹਿੰਦੇ ਕਿ ਨਾ ਹੀ ਮੈਂ ਕਿਸੇ ਦੇਵਤੇ ਦੀ ਪੂਜਾ ਕਰਨ ਲਈ ਫੁੱਲ-ਪੱਤੇ ਤੋੜਦਾ ਹਾਂ ਤੇ ਨਾ ਹੀ ਕਿਸੇ ਦੇਵਤੇ ਦੀ ਪੂਜਾ ਕਰਦਾ ਹਾਂ, ਕਿਉਂਕਿ ਮੈਨੂੰ ਅਹਿਸਾਸ ਹੈ ਕਿ ਉਸ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰਨਾ ਬੇਕਾਰ ਹੈ| ਭਗਤ ਕਬੀਰ ਸਿਰਫ ਇੱਕ ਪਰਮਾਤਮਾ ਦੀ ਬੰਦਗੀ ਕਰਦੇ ਅਤੇ ਉਸ ਅੱਗੇ ਨਤਮਸਤਕ ਹੁੰਦੇ ਹਨ, ਆਪਣੇ ਅਮਲਾਂ ਰਾਹੀਂ ਉਸੇ ਇੱਕ ਦੀ ਸੇਵਾ ਕਰਦੇ ਤੇ ਉਸ ਨੂੰ ਖੁਸ਼ ਰੱਖਦੇ ਹਨ| ਇਸ ਸੇਵਾ ਦੀ ਬਰਕਤ ਨਾਲ ਪਰਮਾਤਮਾ ਨਾਲ ਸੁਰਤਿ ਜੁੜਦੀ ਹੈ ਅਤੇ ਉਸ ਦੀ ਹਜ਼ੂਰੀ ਦਾ ਸੁੱਖ ਪ੍ਰਾਪਤ ਹੁੰਦਾ ਹੈ|
ਕਸ਼ਮੀਰ ਦੇ ਮੌਜੂਦਾ ਹਾਲਾਤ ਦੀ ਇੱਕੋ ਇੱਕ ਵਜ੍ਹਾ ਕਸ਼ਮੀਰੀ ਲੋਕਾਂ ਨੂੰ ਭਾਜਪਾ ਹਕੂਮਤ ਵੱਲੋਂ ਇਹ ਅਹਿਸਾਸ ਕਰਵਾਉਣਾ ਹੈ ਕਿ ਸਰਕਾਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ; ਕਿਉਂਕਿ ਕਸ਼ਮੀਰ ਦੀ ਬਹੁਤੀ ਵੱਸੋਂ ਮੁਸਲਿਮ ਬਹੁਗਿਣਤੀ ਵਾਲੀ ਹੈ| ਨਾਗਰਿਕਤਾ ਸੋਧ ਬਿਲ ਅਤੇ ਕੌਮੀ ਨਾਗਰਿਕਤਾ ਰਜਿਸਟਰੇਸ਼ਨ ਕਾਨੂੰਨ ਲਿਆਉਣ ਦਾ ਮਕਸਦ ਵੀ ਮੁਸਲਿਮ ਭਾਈਚਾਰੇ ਨੂੰ ਮੁਲਕੋਂ ਬਾਹਰ ਧੱਕਣਾ ਜਾਂ ਕੈਂਪਾਂ ਵਿਚ ਡੱਕਣਾ ਹੈ| ਜਿਨ੍ਹਾਂ ਪਾਰਟੀਆਂ ਨਾਲ ਭਾਜਪਾ ਦੀ ਭਾਈਵਾਲੀ ਹੈ, ਉਨ੍ਹਾਂ ਦੇ ਨੇਤਾਵਾਂ ਨੇ ਵੀ ਇਸ ਨਵੇਂ ਨਾਗਰਿਕਤਾ ਸੋਧ ਬਿਲ, ਨੈਸ਼ਨਲ ਰਜਿਸਟਰੇਸ਼ਨ ਸਿਟੀਜ਼ਨਸ਼ਿਪ ਨੂੰ ਲਾਗੂ ਕਰਨ ਤੋਂ ਨਾਂਹ ਕਰ ਦਿੱਤੀ ਹੈ| ਜੇ. ਡੀ. ਯੂ. ਦੇ ਸੀਨੀਅਰ ਨੇਤਾ ਪਵਨ ਕੁਮਾਰ ਵਰਮਾ ਸੋਸ਼ਲ ਮੀਡੀਆ ‘ਤੇ ਇੱਕ ਇੰਟਰਵਿਊ ਵਿਚ ਕਹਿ ਰਹੇ ਸਨ ਕਿ ਭਾਜਪਾ ਜਿਸ ਕਿਸਮ ਦੇ ਮੁੱਦੇ ਲਿਆ ਰਹੀ ਹੈ, ਉਹ ਲੋਕਾਂ ਵਿਚ ਡਰ ਪੈਦਾ ਕਰਨ ਵਾਲੇ ਹਨ, ਇਹ ਬਿਲਕੁਲ ਤਾਨਾਸ਼ਾਹੀ ਹੈ| ਜੇ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਦੇਸ਼-ਧਰੋਹੀ ਕਹਿ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਚਲਾ ਜਾਹ| ਇਹ ਬਿਲਕੁਲ ਗੈਰਜਮੂਹਰੀ ਪਾਰਟੀ ਹੈ, ਜੋ ਨੀਤੀਆਂ ਦਾ ਕੇਂਦਰੀਕਰਣ ਕਰ ਰਹੀ ਹੈ| ਇਸ ਵਿਚ ਹੰਕਾਰ ਹੈ ਅਤੇ ਸੱਚਾਈ ਉਤੇ ਆਪਣਾ ਏਕਾਅਧਿਕਾਰ ਸਮਝਣਾ ਹੈ, ਬਿਲਕੁਲ ਸਹਿਣਯੋਗ ਨਹੀਂ ਹੈ| ਆਪਣੀ ਤਾਨਾਸ਼ਾਹੀ ਨਾਲ ਲੋਕਾਂ ‘ਚ ਵੰਡੀਆਂ ਪਾ ਰਹੀ ਹੈ| ਇਹ ਰਵੱਈਆ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ|
ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲ ਆਈਏ, ਜਿਸ ਦੀ ਭਾਜਪਾ ਨਾਲ ਸਾਂਝ-ਭਿਆਲੀ ਹੈ| ਇਸ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੇ ਹਰ ਪੱਧਰ ‘ਤੇ ਭਾਜਪਾ ਦੀ ਫਿਰਕੂ ਰਾਜਨੀਤੀ ਦੀ ਹਰ ਤਰ੍ਹਾਂ ਨਾਲ ਹਮਾਇਤ ਕੀਤੀ ਹੈ| ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਵੋਟਾਂ ਪਾਈਆਂ ਹਨ| ਇੱਕ ਪਾਸੇ ਅਕਾਲੀ ਦਲ (ਬਾਦਲ) ਆਪਣੇ ਆਪ ਨੂੰ ਹਰ ਪੱਖੋਂ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਦੂਜੇ ਪਾਸੇ ਇਹ ਭੁੱਲ ਜਾਂਦਾ ਹੈ ਕਿ ਭਾਜਪਾ ਦੀ ਹਕੂਮਤ ਤੋਂ ਪਹਿਲਾਂ ਸਕੂਲਾਂ ਦੀਆਂ ਕਿਤਾਬਾਂ ਦੇ ਕੋਰਸਾਂ ਵਿਚ ਸਿੱਖ ਇਤਿਹਾਸ ਨਾਲ ਕਦੇ ਛੇੜ-ਛਾੜ ਨਹੀਂ ਸੀ ਹੋਈ, ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਹਿੰਦੀ ਬੋਲਣ ਲਈ ਮਜ਼ਬੂਰ ਨਹੀਂ ਸੀ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਬੱਚੇ ਨੂੰ ਮਜ਼ਬੂਰ ਕੀਤਾ ਜਾਂਦਾ ਸੀ ਕਿ ਉਹ ਕੱਕਾਰ ਪਾ ਕੇ ਸਕੂਲ ਨਹੀਂ ਆ ਸਕਦਾ| ਜੇ ਭਾਰਤ ਦੇ ਸਭ ਤੋਂ ਵੱਡੀ ਘੱਟ-ਗਿਣਤੀ ਭਾਈਚਾਰੇ ਮੁਸਲਮਾਨਾਂ ‘ਤੇ ਫਿਰਕੂ ਹਮਲਾ ਕੀਤਾ ਜਾ ਸਕਦਾ ਹੈ ਤਾਂ ਕੱਲ੍ਹ ਨੂੰ ਸਿੱਖ ਭਾਈਚਾਰੇ ਪ੍ਰਤੀ ਕੀ ਗਾਰੰਟੀ ਹੈ?
ਸਿੱਖ ਧਰਮ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉਤੇ ਉਠ ਕੇ ਦੁਖੀਆਂ ਅਤੇ ਦੱਬੇ-ਕੁਚਲੇ ਲੋਕਾਂ ਨਾਲ ਖੜ੍ਹਦਾ ਆਇਆ ਹੈ, “ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)” ਗੁਰੂ ਅਰਜਨ ਦੇਵ ਨੇ ਸਪੱਸ਼ਟ ਕਿਹਾ ਹੈ ਕਿ ਨਾ ਉਹ ਹਿੰਦੂ ਹਨ ਅਤੇ ਨਾ ਮੁਸਲਮਾਨ| ਨਾ ਵਰਤ ਰੱਖਦੇ ਹਨ ਤੇ ਨਾ ਰੋਜ਼ੇ; ਨਾ ਹੀ ਹੱਜ ‘ਤੇ ਜਾਂਦੇ ਹਨ ਅਤੇ ਨਾ ਹੀ ਤੀਰਥ ਸਥਾਨਾਂ ‘ਤੇ; ਨਾ ਨਮਾਜ਼ ਪੜ੍ਹਦੇ ਹਨ ਤੇ ਨਾ ਪੂਜਾ ਕਰਦੇ ਹਨ; ਉਨ੍ਹਾਂ ਨੇ ਤਾਂ ਇੱਕ ਨਿਰੰਕਾਰ ਨੂੰ ਹਿਰਦੇ ਵਿਚ ਵਸਾਇਆ ਹੈ, ਜੋ ਸਭ ਦਾ ਸਿਰਜਣਹਾਰ ਹੈ| ਸਾਡਾ ਇਹ ਸਰੀਰ, ਇਹ ਜਿੰਦ ਜਾਨ, ਉਸ ਇੱਕ ਹਸਤੀ ਦੀ ਬਖਸ਼ਿਸ਼ ਹੈ, ਜਿਸ ਨੂੰ ਹਿੰਦੂ ‘ਰਾਮ’ ਅਤੇ ਮੁਸਲਮਾਨ ‘ਅੱਲਾ’ ਆਖਦੇ ਹਨ|
ਇਸ ਵਿਰੋਧ ਦਾ ਸਭ ਤੋਂ ਵੱਡਾ ਹਾਸਿਲ ਇਹ ਹੈ ਕਿ ਵਿਦਿਆਰਥੀ ਅਤੇ ਲੋਕ ਜਾਗ ਪਏ ਹਨ ਤੇ ਹਿੰਦੂ-ਮੁਸਲਮਾਨ ਜਾਂ ਕਿਸੇ ਵੀ ਭਾਈਚਾਰਕ ਵਖਰੇਵੇਂ ਤੋਂ ਉਪਰ ਉਠ ਕੇ ਇਕਮੁੱਠ ਹੋ ਕੇ ਵਿਰੋਧ ਕਰ ਰਹੇ ਹਨ| ਕਿੰਨੀ ਸ਼ਰਮ ਦੀ ਗੱਲ ਹੈ, ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਲੋਕਾਂ ਦੇ ਕੱਪੜਿਆਂ ਤੋਂ ਧਰਨਾਕਾਰੀਆਂ ਦੀ ਪਛਾਣ ਕਰਦਾ ਹੈ| ਉਹ ਭੁੱਲ ਜਾਂਦਾ ਹੈ ਕਿ ਇਹ ਭਾਈਚਾਰਾ ਇਸ ਮੁਲਕ ਦੇ ਮੂਲ ਵਾਸੀਆਂ ਵਿਚੋਂ ਹੈ ਤੇ ਕਿਸੇ ਅਰਬੀ ਮੁਲਕ ਤੋਂ ਨਹੀਂ ਆਇਆ ਅਤੇ ਇਨ੍ਹਾਂ ਤੇ ਇਨ੍ਹਾਂ ਦੇ ਪੁਰਖਿਆਂ ਨੇ ਪਾਕਿਸਤਾਨ ਦੀ ਥਾਂ ਹਿੰਦੁਸਤਾਨ ਵਿਚ ਰਹਿਣ ਨੂੰ ਤਰਜੀਹ ਦਿੱਤੀ; ਜੋ ਹਿੰਦੂ ਜਾਂ ਸਿੱਖ ਪਾਕਿਸਤਾਨ, ਅਫਗਾਨਿਸਤਾਨ ਜਾਂ ਬੰਗਲਾ ਦੇਸ਼ ਤੋਂ ਆਏ ਹਨ ਜਾਂ ਆਉਣਗੇ, ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪੁਰਖਿਆਂ ਨੇ ਉਨ੍ਹਾਂ ਮੁਲਕਾਂ ਦੀ ਚੋਣ ਕੀਤੀ ਸੀ| ਇੱਕ ਧਰਮ ਨਿਰਪੱਖ ਮੁਲਕ ਹੋਣ ਦੇ ਨਾਤੇ ਇਥੇ ਸ਼ਰਨ ਲੈਣ ਵਾਲੇ ਲੋਕਾਂ ਦੀ ਚੋਣ ਧਰਮ ਦੇ ਆਧਾਰ ‘ਤੇ ਕਰਨੀ ਗੈਰ-ਸੰਵਿਧਾਨਕ ਹੈ| ਇਸ ਤੋਂ ਇਲਾਵਾ ਜੋ ਮੁਲਕ ਸ਼ਰਨਾਰਥੀਆਂ ਨੂੰ ਸ਼ਰਨ ਦਿੰਦੇ ਹਨ, ਉਹ ਯੋਜਨਾ ਬਣਾਉਂਦੇ ਹਨ ਕਿ ਉਨ੍ਹਾਂ ਨੇ ਕਿੰਨੇ ਲੋਕਾਂ ਨੂੰ ਸ਼ਰਨ ਦੇਣੀ ਹੈ ਅਤੇ ਉਨ੍ਹਾਂ ਦਾ ਵਸੇਬਾ ਕਿੱਥੇ ਕਰਨਾ ਹੈ| ਰੋਹੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਦੀ ਬੋਧੀ ਸਰਕਾਰ ਨੇ ਕੱਢਿਆ ਤੇ ਉਨ੍ਹਾਂ ਦੀ ਬਾਂਹ ਫਿਰ ਕਿਉਂ ਨਹੀਂ ਫੜੀ ਜਾ ਸਕਦੀ? ਤਾਮਿਲ ਹਿੰਦੂਆਂ ਦਾ ਜੋ ਹਾਲ ਸ੍ਰੀ ਲੰਕਾ ਵਿਚ ਹੋਇਆ, ਉਸ ਬਾਰੇ ਕੀ ਖਿਆਲ ਹੈ? ਸ਼ਰਨ ਦੁਖੀਆਂ ਦਾ ਆਸਰਾ ਬਣਨ ਲਈ ਦਿੱਤੀ ਜਾਂਦੀ ਹੈ, ਨਾ ਕਿ ਧਰਮ ਦੇ ਆਧਾਰ ‘ਤੇ?
ਲੋੜ ਇਸ ਵੇਲੇ ਲੋਕਾਂ ਲਈ ਵਿੱਦਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਪੈਦਾ ਕਰਨ ਦੀ ਹੈ; ਔਰਤਾਂ ਅਤੇ ਘੱਟ ਗਿਣਤੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਨ ਦੀ ਹੈ; ਕਿਸਾਨਾਂ ਦੀ ਹਾਲਤ ਸੁਧਾਰਨ ਦੀ ਹੈ ਤਾਂਕਿ ਉਸ ਨੂੰ ਖੁਦਕੁਸ਼ੀਆਂ ਤੋਂ ਰੋਕਿਆ ਜਾ ਸਕੇ, ਨਾ ਕਿ ਧਰਮ ਅਤੇ ਜਾਤ ਦੇ ਆਧਾਰ ‘ਤੇ ਵੰਡੀਆਂ ਪਾ ਕੇ ਦਲਿਤਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਖੌਫਜ਼ਦਾ ਕਰਨ ਤੇ ਆਪਸੀ ਨਫਰਤ ਫੈਲਾਉਣ ਦੀ|
ਭਗਤੀ ਲਹਿਰ ਦੀ ਗੱਲ ਕਰਦਿਆਂ ਇਥੇ ਭਗਤ ਧੰਨਾ ਦਾ ਹਵਾਲਾ ਦਿੱਤਾ ਜਾ ਸਕਦਾ ਹੈ, ਜੋ ਮਨੁੱਖ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਹੇ ਦੁਨੀਆਂ ਦੇ ਮਾਲਕ! ਜੋ ਤੇਰੀ ਸੇਵਾ ਅਤੇ ਸਿਮਰਨ ਕਰਦੇ ਹਨ, ਤੂੰ ਉਨ੍ਹਾਂ ਦੇ ਕਾਰਜ ਸਵਾਰਦਾ ਹੈਂ| ਮੈਂ ਤਾਂ ਤੇਰੇ ਕੋਲੋਂ ਜੀਵਨ ਦੀਆਂ ਆਮ ਲੋੜਾਂ ਦੀ ਪੂਰਤੀ ਲਈ ਦਾਲ, ਰੋਟੀ, ਅਨਾਜ, ਘਿਉ ਅਰਥਾਤ ਰਸੋਈ ਵਿਚ ਕੰਮ ਆਉਣ ਵਾਲੀਆਂ ਚੀਜ਼ਾਂ ਦੀ ਮੰਗ ਕਰਦਾ ਹਾਂ| ਜੁੱਤੀ, ਕੱਪੜੇ ਚੰਗੇ ਹੋਣ ਅਤੇ ਗਊ-ਮੱਝ ਦੁੱਧ ਦੇਣ ਵਾਲੀ ਲਵੇਰੀ ਹੋਵੇ ਅਤੇ ਸਵਾਰੀ ਕਰਨ ਲਈ ਅਰਬੀ ਘੋੜੀ ਹੋਵੇ| ਘਰ ਦੀ ਔਰਤ ਚੰਗੀ ਹੋਵੇ ਅਤੇ ਧੰਨਾ ਏਨੀ ਕੁ ਪ੍ਰਾਪਤੀ ਨਾਲ ਘਰ ਵਿਚ, ਆਪਣੇ ਪਰਿਵਾਰ ਵਿਚ ਖੁਸ਼ ਰਹੇ|
ਇਹ ਮਨੁੱਖ ਦੀਆਂ ਆਮ ਲੋੜਾਂ ਹਨ, ਜਿਨ੍ਹਾਂ ਦੀ ਪੂਰਤੀ ਲਈ ਰੁਜ਼ਗਾਰ ਮੁਹੱਈਆ ਕਰਨਾ, ਸਿਹਤ ਤੇ ਵਿੱਦਿਆ ਦੀਆਂ ਸਹੂਲਤਾਂ ਦੇਣੀਆਂ, ਸੁਰੱਖਿਆ ਦੇਣੀ ਅਤੇ ਮੌਲਿਕ ਹੱਕਾਂ ਦੀ ਸੁਰੱਖਿਆ ਕਰਨੀ ਸਰਕਾਰਾਂ ਦਾ ਫਰਜ਼ ਹੁੰਦਾ ਹੈ; ਜੇ ਉਹ ਇਹ ਨਹੀਂ ਕਰ ਸਕਦੀਆਂ ਤਾਂ ਉਨ੍ਹਾਂ ਨੂੰ ਤਾਕਤ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੁੰਦਾ| ਜਦੋਂ ਲੋਕ ਸਰਕਾਰਾਂ ਦੀਆਂ ਖਾਮੀਆਂ ਉਜਾਗਰ ਕਰਦੇ ਹਨ ਤਾਂ ਇਸ ਦਾ ਭਾਵ ਸਰਕਾਰ ਦੀ ਨੁਕਤਚੀਨੀ ਹੁੰਦਾ ਹੈ; ਸਰਕਾਰ ਦਾ ਵਿਰੋਧ ਦੇਸ਼ ਦਾ ਵਿਰੋਧ ਜਾਂ ਦੇਸ਼-ਧ੍ਰੋਹ ਨਹੀਂ ਹੁੰਦਾ| ਗੋਦੀ ਮੀਡੀਆ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਜਾਗ ਰਹੇ ਹਨ ਅਤੇ ਦੁਨੀਆਂ ਭਰ ਦੀ ਇਸ ਉਤੇ ਅੱਖ ਹੈ| ਆਮੀਨ!