ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਕ੍ਰਿਸਮਸ ‘ਤੇ ਲੋਕ ਵਧਾਈਆਂ ਦਾ ਲੈਣ-ਦੇਣ ਕਰਦੇ ਹਨ; ਮੈਂ ਵੀ ਉਨ੍ਹਾਂ ਵਿਚ ਸ਼ਾਮਲ ਹਾਂ; ਵਧਾਈਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।
ਮੇਰੇ ਇਕ ਵਿਦਿਆਰਥੀ ਨੇ ਮੈਨੂੰ ਕ੍ਰਿਸਮਸ ਦਾ ਅਰਥ ਪੁੱਛ ਲਿਆ ਤੇ ਸ਼ਰਤ ਰੱਖ ਦਿੱਤੀ ਕਿ ਮੈਂ ਇਸ ਬਾਬਤ ਕੁਝ ਲਿਖਾਂ ਵੀ। ਮੇਰਾ ਮਨ ਹਮੇਸ਼ਾ ਇਸ ਤਰ੍ਹਾਂ ਦੇ ਲਫਜ਼ਾਂ ਦੇ ਮੁਢਲੇ ਅਰਥ ਲੱਭਣ ਵਿਚ ਰੁੱਝਾ ਰਹਿੰਦਾ ਹੈ। ਅਰਥਾਂ ਦੇ ਇਸੇ ਖਬਤ ਵਿਚ ਮੈਂ ਆਪਣੀ ਜ਼ਿੰਦਗੀ ਗਾਲ ਲਈ ਤੇ ਕੋਈ ਚੱਜ ਦਾ ਕੰਮ ਨਹੀਂ ਕੀਤਾ; ਸਗੋਂ ਕਈ ਚੱਜ ਦੇ ਕੰਮਾਂ ਦਾ ਟਾਲ ਮਟੋਲ ਨਾਲ ਹੀ ਸੱਤਿਆਨਾਸ ਕਰ ਦਿੱਤਾ।
ਕ੍ਰਿਸਮਸ ਦੋ ਸ਼ਬਦਾਂ ਦਾ ਸਮਾਸ, ਸੁਮੇਲ ਜਾਂ ਮੇਲ ਹੈ: ਕ੍ਰਿਸ+ਮਸ। ਕ੍ਰਿਸ ਦਾ ਅਰਥ ਹੈ, ਕਰਾਈਸਟ ਅਰਥਾਤ ਈਸਾ। ਕਰਾਈਸਟ ਦਾ ਮੁਢਲਾ ਅਰਥ ਹੈ, ਮਾਲਿਸ਼ ਕਰਨਾ ਜਾਂ ਮਲਨਾ।
ਮਾਲਿਸ਼ ਮਾਨਵੀ ਇਤਿਹਾਸ ਦਾ ਪਹਿਲਾ ਅਤੇ ਮੁਢਲਾ ਇਲਾਜ ਹੈ। ਮਾਨਵ ਇਤਿਹਾਸ ਵਿਚ ਜਦ ਕਦੀ ਕੋਈ ਸਭ ਤੋਂ ਪਹਿਲਾਂ ਬਿਮਾਰ ਹੋਇਆ ਹੋਵੇਗਾ ਜਾਂ ਕਿਸੇ ਦੇ ਕੋਈ ਸੱਟ ਚੋਟ ਫੇਟ ਲੱਗੀ ਹੋਵੇਗੀ ਤਾਂ ਝੱਟਪਟ ਕਿਸੇ ਨੇ ਉਸ ਦੀ ਮਾਲਸ਼ ਕੀਤੀ ਹੋਵੇਗੀ ਜਾਂ ਸੱਟ ਵਾਲੀ ਥਾਂ ‘ਤੇ ਮਲਿਆ ਹੋਵੇਗਾ। ਅੱਜ ਵੀ ਸੱਟ ਵਾਲੀ ਥਾਂ ‘ਤੇ ਸਾਡੇ ਕੋਲੋਂ ਮੱਲੋ ਮੱਲੀ ਮਾਲਿਸ਼ ਹੋ ਜਾਂਦੀ ਹੈ।
ਪੁਰਾਣੇ ਸਮਿਆਂ ਵਿਚ ਮਾਲਸ਼ੀਏ ਆਮ ਹੁੰਦੇ ਸਨ। ਬਲਵੰਤ ਗਾਰਗੀ ਨੇ ਆਪਣੀ ਪੁਸਤਕ ‘ਪੰਜਾਬ ਦੇ ਮਹਾਨ ਕਲਾਕਾਰ’ ਵਿਚ ਲਿਖਿਆ ਹੈ ਕਿ ਬੜੇ ਗੁਲਾਮ ਅਲੀ ਖਾਂ ਆਪਣੇ ਮਾਲਸ਼ੀਏ ਦੀ ਸਿਰ ਝੱਸਣ ਦੀ ਤਾਲ ਵੀ ਦੱਸ ਦਿੰਦੇ ਸਨ ਅਤੇ ਨਾਲ ਅਲਾਪ ਵੀ ਦਿੰਦੇ ਸਨ। ਮਲਨਾ ਅਤੇ ਝੱਸਣਾ ਮੁਢਲਾ ਮਾਨਵੀ ਇਲਾਜ ਹੈ, ਜਿਸ ਦਾ ਅਜੋਕਾ ਰੂਪ ਮਸਾਜ ਹੈ।
ਇਲਾਜ ਉਸੇ ਦਾ ਹੁੰਦਾ ਹੈ, ਜੋ ਸਾਡੇ ਲਈ ਖਾਸ, ਪਿਆਰਾ ਅਤੇ ਸਤਿਕਾਰਯੋਗ ਹੁੰਦਾ ਹੈ; ਜਿਸ ਦੀ ਸਾਨੂੰ ਲੋੜ ਹੁੰਦੀ ਹੈ; ਜਿਸ ਨੂੰ ਅਸੀਂ ਚੁਣ ਲਿਆ, ਅਪਨਾ ਲਿਆ ਜਾਂ ਮੰਨ ਲਿਆ ਹੁੰਦਾ ਹੈ। ਧਾਰਮਿਕ ਮੁਹਾਵਰੇ ਵਿਚ ਮੰਨਣ ਅਤੇ ਮਾਨਤਾ ਦਾ ਇਹੀ ਭਾਵ ਹੈ।
ਚੁਣੇ ਹੋਏ ਨੂੰ ਅੰਗਰੇਜ਼ੀ ਵਿਚ ਅਨੌਇੰਟਡ (ਅਨੋਨਿਟeਦ) ਕਹਿੰਦੇ ਹਨ। ਅਨੌਇੰਟਮੈਂਟ ਸ਼ਬਦ ਵਿਚ ਵੀ ਔਇੰਟਮੈਂਟ ਅਰਥਾਤ ਮੱਲਮ, ਮਰਹਮ, ਲੋਸ਼ਨ, ਕ੍ਰੀਮ ਜਾਂ ਤੇਲ ਸ਼ਾਮਿਲ ਹੈ। ਬੇਸ਼ੱਕ ਅੱਖਰੀ ਨੁਕਤੇ ਤੋਂ ਇਹ ਸਬੰਧ ਸਥਾਪਤ ਜਾਂ ਸਾਬਤ ਨਹੀਂ ਕੀਤਾ ਜਾ ਸਕਦਾ, ਪਰ ਅਰਬੀ ਦੇ ਸ਼ਬਦ ਮਰਹਮ ਵਿਚ ਰਹਿਮ ਦਾ ਧੁਨੀਆਤਮਕ ਅਤੇ ਅਹਿਸਾਸ ਮੂਲਕ ਪ੍ਰਭਾਵ ਜ਼ਰੂਰ ਹੈ। ਕਿਸੇ ਦੁਖੀਏ ‘ਤੇ ਹੀ ਰਹਿਮ ਦਾ ਭਾਵ ਪੈਦਾ ਹੁੰਦਾ ਹੈ ਤੇ ਦੁੱਖਦੇ ਹਿੱਸੇ ‘ਤੇ ਹੀ ਮਰਹਮ ਲਾਈ ਜਾਂਦੀ ਹੈ। ਮਰਹਮ ਤੇ ਮਹਿਰਮ ਨੂੰ ਵੀ ਰੂਬਰੂ ਰੱਖ ਕੇ ਦੇਖਿਆ ਜਾ ਸਕਦਾ ਹੈ ਕਿ ਮਹਿਰਮ ‘ਤੇ ਹੀ ਰਹਿਮ ਆਉਂਦਾ ਹੈ ਤੇ ਮਰਹਮ ਲਾਈ ਜਾ ਸਕਦੀ ਹੈ।
ਦਸਮੇਸ਼ ਪਿਤਾ ਨੇ ਭਾਈ ਘਨੱਹੀਏ ਨੂੰ ਮਰਹਮ ਦੇ ਕੇ ਆਖਿਆ ਸੀ ਕਿ ਜਖਮੀਆਂ ਦੇ ਮਰਹਮ ਵੀ ਲਾਈ ਜਾਵੇ; ਕਿਉਂਕਿ ਜੰਗ ਦੇ ਮੈਦਾਨ ‘ਚ ਵੀ ਸਿੱਖ ਦਾ ਕੋਈ ਦੁਸ਼ਮਣ ਨਹੀਂ ਹੁੰਦਾ; ਸਗੋਂ ਮਹਿਰਮ ਹੁੰਦਾ ਹੈ, “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥”
ਅਨੌਇੰਟਡ ਉਹ ਹੈ, ਜਿਸ ਦੇ ਕੁਝ ਮਲਿਆ ਜਾਂਦਾ ਹੈ ਜਾਂ ਜਿਸ ਦੀ ਮਾਲਸ਼ ਕੀਤੀ ਜਾਂਦੀ ਹੈ। ਕਹਿ ਨਹੀਂ ਸਕਦੇ ਕਿ ਕੋਈ ਪਿਆਰਾ ਹੋਣ ਸਦਕਾ ਮਲਿਆ ਜਾਂਦਾ ਹੈ ਜਾਂ ਕੋਈ ਮਲਿਆ ਹੋਣ ਕਾਰਨ ਪਿਆਰਾ ਹੁੰਦਾ ਹੈ।
ਕਰਾਈਸਟ ਦਾ ਅਰਥ ਹੈ, ਮਲਿਆ ਹੋਇਆ ਤੇ ਚੁਣਿਆ ਹੋਇਆ। ਕਿਸ ਦਾ ਚੁਣਿਆ ਹੋਇਆ? ਰੱਬ ਦਾ। ਪੈਗੰਬਰ ਦਾ ਅਰਥ ਵੀ ਇਹੀ ਹੈ, ਜਿਸ ਨੂੰ ਰੱਬ ਨੇ ਆਪਣਾ ਪੈਗਾਮ ਦੇਣ ਲਈ ਚੁਣਿਆ ਹੈ।
ਗੁਰੂ ਦਾ ਭਾਵ ਅਰਥ ਵੀ ਇਹੀ ਹੈ। ਭਾਈ ਨੰਦ ਲਾਲ ਜੀ ਨੇ ਦੱਸਿਆ ਹੈ ਕਿ ਅਕਾਲ ਪੁਰਖ ਨੇ ਗੁਰੂ ਨਾਨਕ ਦੀ ਚੋਣ ਕੀਤੀ ਅਤੇ ਆਪਣੇ ਪਾਸ ਬੁਲਾਇਆ ਤੇ ਕਿਹਾ, “ਜਾਉ, ਸੰਸਾਰ ਦਾ ਮੁੱਖ ਮੇਰੇ ਵੱਲ ਮੋੜ ਦਿਉ।”
ਦਸਮ ਪਾਤਸ਼ਾਹ ਨੇ ਤਾਂ ਖੁਦ ਹੀ ਲਿਖਿਆ ਹੈ ਕਿ ਪਰਮਾਤਮਾ ਨੇ ਉਨ੍ਹਾਂ ਦੀ ਖੁਦ ਚੋਣ ਕੀਤੀ ਤੇ ਆਖਿਆ, “ਮੈਂ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਹ ਸਾਜਾ॥ ਜਾਹਿ ਤਹਾ ਤਹ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥”
ਗੱਲ ਕਰਾਈਸਟ ਦੀ ਹੋ ਰਹੀ ਸੀ। ਦਰਅਸਲ ‘ਕਰਾਈਸਟ’ ਹੀਬਰੂ ਭਾਸ਼ਾ ਦੇ ‘ਮਸੀਹਾ’ ਦੇ ਗ੍ਰੀਕ ਅਨੁਵਾਦ ਦਾ ਅੱਗਿਓਂ ਲਾਤੀਨੀ ਤਰਜ਼ਮਾ ਹੈ। ਹੀਬਰੂ ਵਿਚ ਮਸੀਹਾ ਦਾ ਉਹੀ ਅਰਥ ਹੈ, ਜੋ ਗ੍ਰੀਕ ਵਿਚ ਕਰਾਈਸਟ ਦਾ ਹੈ; ਅਰਥਾਤ ਜਿਸ ਦੀ ਮਾਲਸ਼ ਕੀਤੀ ਗਈ ਹੋਵੇ, ਜਿਸ ਦਾ ਇਲਾਜ ਕੀਤਾ ਗਿਆ ਹੋਵੇ, ਜੋ ਪਿਆਰਾ ਹੋਵੇ, ਜੋ ਸਤਿਕਾਰਯੋਗ ਹੋਵੇ, ਜਿਸ ਦੀ ਲੋੜ ਹੋਵੇ, ਜਿਸ ਨੂੰ ਚੁਣਿਆ ਗਿਆ ਹੋਵੇ।
ਚੋਣਵਾਂ ਅਰਥਾਤ ਵਿਸ਼ੇਸ਼। ਮਸੀਹਾ ਦਾ ਅਰਥ ਵੀ ਰੱਬ ਦਾ ਚੁਣਿਆ ਹੋਇਆ ਅਰਥਾਤ ਪੈਗੰਬਰ ਬਣਦਾ ਹੈ। ਜਿਸ ਨੂੰ ਰੱਬ ਨੇ ਚੁਣਿਆ ਹੈ, ਉਹੀ ਰੱਬ ਦੀ ਖਲਕਤ ਦੀ ਖਿਦਮਤ ਕਰ ਸਕਦਾ ਹੈ। ਜੇ ਰੱਬ ਦਾ ਚੁਣਿਆ ਹੋਇਆ ਵੀ ਮਾਨਵਤਾ ਦਾ ਕਲਿਆਣ ਨਾ ਕਰ ਸਕੇ ਤਾਂ ਹੋਰ ਕੌਣ ਕਰ ਸਕਦਾ ਹੈ! ਗਾਲਿਬ ਨੇ ਠੀਕ ਕਿਹਾ ਹੈ,
ਲੋ ਹਮ ਮਰੀਜ਼ਿ-ਇਸ਼ਕ ਕੇ ਤੀਮਾਰਦਾਰ ਹੈਂ,
ਅੱਛਾ ਅਗਰ ਨ ਹੋ ਤੁ ਮਸੀਹਾ ਕਾ ਕਯਾ ਇਲਾਜ਼?
ਗਾਲਿਬ ਕਵਿਤਾ ਦਾ ਚੁਣਿਆ ਹੋਇਆ ਅਤੇ ਕਵਿਤਾ ਦਾ ਪੈਗੰਬਰ ਹੈ, ਜੋ ਪ੍ਰੇਮ ਰੋਗੀਆਂ ਦਾ ਇਲਾਜ ਕਰਨ ਦੀ ਮੁਹਾਰਤ ਰੱਖਦਾ ਹੈ, ਜਿਸ ਦਾ ਦਾਅਵਾ ਹੈ ਕਿ ਜੇ ਉਸ ਤੋਂ ਕੋਈ ਪ੍ਰੇਮ ਰੋਗੀ ਠੀਕ ਨਾ ਹੋਇਆ ਤਾਂ ਮਸੀਹਾ ਦਾ ਕਾਹਦਾ ਇਲਾਜ?
ਕ੍ਰਿਸਮਸ ਦੇ ਦੂਜੇ ਅੱਧ ਜਾਂ ਭਾਗ ‘ਮਸ’ ਦਾ ਕੀ ਅਰਥ ਹੋਇਆ? ਇਹ ਵੀ ਬੜਾ ਦਿਲਚਸਪ ਹੈ। ਇਸ ਦਾ ਅਰਥ ਜਾਣਨ ਲਈ ਸਾਨੂੰ ਅਧਿਆਪਨ ਵਿਚ ਉਤਰਨਾ ਪਵੇਗਾ। ਵਿਦਿਆਰਥੀ ਜਾਂ ਸਿਖਿਆਰਥੀ ਵਿੱਦਿਆ ਗ੍ਰਹਿਣ ਕਰਨ ਲਈ ਅਧਿਆਪਕ ਕੋਲ ਜਾਂਦਾ ਹੈ, ਪਰ ਜਦ ਉਹ ਸਿੱਖ ਜਾਂਦੇ ਹਨ ਤਾਂ ਅਧਿਆਪਕ ਉਨ੍ਹਾਂ ਨੂੰ ਲੋਕਾਂ ਵੱਲ ਤੋਰ ਦਿੰਦਾ ਹੈ।
ਸਕੂਲ ਦੀਆਂ ਕੰਧਾਂ ‘ਤੇ ਲਿਖਿਆ ਹੁੰਦਾ ਹੈ, ‘ਸਿੱਖਣ ਲਈ ਆਉ, ਸੇਵਾ ਲਈ ਜਾਉ।’ ਵਿਦਿਆਰਥੀ ਨੇ ਕਿਸੇ ਵੀ ਅਧਿਆਪਕ ਦੇ ਹਮੇਸ਼ਾ ਗੋਡੇ ਮੁੱਢ ਨਹੀਂ ਬੈਠਾ ਰਹਿਣਾ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਵੀ ਭਾਈ ਲਹਿਣੇ ਨੂੰ ਗੁਰਿਆਈ ਬਖਸ਼ ਕੇ ਕਰਤਾਰਪੁਰ ਤੋਂ ਖਡੂਰ ਸਾਹਿਬ ਵੱਲ ਤੋਰ ਦਿੱਤਾ ਸੀ। ਗੁਰੂ ਅੰਗਦ ਦੇਵ ਜੀ ਨੇ ਉਸ ਅਮਰੂ ਨੂੰ ਗੁਰੂ ਅਮਰਦਾਸ ਕਰ ਕੇ ਗੋਇੰਦਵਾਲ ਵੱਲ ਤੋਰ ਦਿੱਤਾ ਸੀ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਵੱਲ ਤੋਰ ਦਿੱਤਾ ਸੀ ਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਤਰਨਤਾਰਨ ਸਾਹਿਬ ਵੱਲ ਭੇਜ ਦਿੱਤਾ ਸੀ।
ਸਿੱਖ ਵਿਦਿਆਰਥੀ ਹੈ, ਜੋ ਗੁਰੂ ਵੱਲ ਜਾ ਰਿਹਾ ਹੈ। ਸਿੰਘ ਉਹ ਸਿੱਖ ਹੈ, ਜੋ ਗੁਰੂ ਤੋਂ ਸਿੱਖਿਆ ਲੈ ਕੇ ਅਰਥਾਤ ਸਿੰਘ ਹੋ ਕੇ ਖਲਕਤ ਦੀ ਸੇਵਾ ਵੱਲ ਜਾਂਦਾ ਹੈ, ਜ਼ਮਾਨੇ ਨੂੰ ਸਿੱਖਿਆ ਦੇਣ ਲਈ।
ਏਹ ਆਦਿ ਅੰਤ ਏਕੈ ਸੁ ਪੰਥ,
ਗੁਰ ਰਚਿਓ ਜਗਤ ਕਉ ਦੈਨ ਸੰਥ।
ਪਹੁੰਚੇ ਹੋਏ ਕਾਮਲ ਮੁਰਸ਼ਦ ਆਪਣੇ ਪੁੱਜੇ ਹੋਏ ਮੁਰੀਦ ਨੂੰ ਇਸੇ ਤਰ੍ਹਾਂ ਜਗਤ ਵੱਲ ਤੋਰ ਦਿੰਦੇ ਹਨ। ਪੂਰਨ ਭਗਤ ਨੂੰ ਵੀ ਗੁਰੂ ਨੇ ਜੋਗ ਦੇ ਕੇ ਜਗਤ ਵੱਲ ਤੋਰ ਦਿੱਤਾ ਸੀ।
ਈਸਾ ਜੀ ਨੇ ਸਲੀਬ ‘ਤੇ ਚੜ੍ਹਨ ਤੋਂ ਪਹਿਲਾਂ ਯਾਨਿ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਅੰਤਿਮ ਪ੍ਰਸ਼ਾਦ ਛਕਾਇਆ ਸੀ, ਜਿਸ ਨੂੰ ਇਸਾਈ ਲੋਕ ‘ਲਾਸਟ ਸਪਰ’ ਆਖਦੇ ਹਨ। ਕਹਿੰਦੇ ਹਨ, ਈਸਾ ਜੀ ਨੇ ਉਨ੍ਹਾਂ ਨੂੰ ਡਬਲ ਰੋਟੀ ਦੇ ਕੇ ਆਖਿਆ, “ਖਾਉ, ਇਹ ਮੇਰਾ ਮਾਸ ਹੈ।” ਫਿਰ ਉਨ੍ਹਾਂ ਨੇ ਵਾਈਨ ਪੇਸ਼ ਕੀਤੀ, “ਪੀਓ, ਇਹ ਮੇਰਾ ਲਹੂ ਹੈ।”
ਇਸ ਕਥਨ ਦੇ ਬੜੇ ਹੀ ਵਿਚਿੱਤਰ ਅਤੇ ਗੁੱਝੇ ਭਾਵ ਹਨ। ਇਸਾਈ ਲੋਕ ਜਦ ਕੁਝ ਖਾਂਦੇ ਅਤੇ ਪੀਂਦੇ ਹਨ ਤਾਂ ਉਹ ਈਸਾ ਜੀ ਦਾ ਮਾਸ ਅਤੇ ਲਹੂ ਖਾਂਦੇ ਤੇ ਪੀਂਦੇ ਹਨ। ਕੋਈ ਆਪਣੇ ਮਹਿਬੂਬ ਦਾ ਲਹੂ ਕਿਵੇਂ ਪੀ ਸਕਦਾ ਹੈ, ਮਾਸ ਕਿਵੇਂ ਖਾ ਸਕਦਾ ਹੈ? ਅਸੀਂ ਜਾਣਦੇ ਹਾਂ ਕਿ ਮਹੀਂਵਾਲ ਨੇ ਆਪਣੀ ਪਿਆਰੀ ਸੋਹਣੀ ਲਈ ਆਪਣੇ ਪੱਟ ਦਾ ਮਾਸ ਰਿੰਨ੍ਹਿਆਂ ਸੀ।
ਕਹਿੰਦੇ ਹਨ ਕਿ ਬ੍ਰੈਡ ਇਸੇ ਲਈ ਪੋਲੀ ਅਤੇ ਨਰਮ ਹੁੰਦੀ ਹੈ ਕਿ ਇਸ ਨੂੰ ਖਾਣ ਲੱਗਿਆਂ ਦੰਦ ਨਾ ਲੱਗਣ ਜਾਂ ਖੁਭਣ ਨਾ; ਕਿਉਂਕਿ ਇਹ ਈਸਾ ਜੀ ਦਾ ਮਾਸ ਹੈ। ਇਸਾਈਅਤ ਦਾ ਸਮੁੱਚਾ ਭਾਵ ਅਤੇ ਪ੍ਰਭਾਵ ਈਸਾ ਜੀ ਦੇ ‘ਮਾਸ ਅਤੇ ਲਹੂ’ ਵਾਲੇ ਇਸ ਕਥਨ ਵਿਚ ਨਿਹਿਤ ਹੈ।
ਈਸਾ ਜੀ ਨੇ ਆਪਣੇ ਇਸ ਆਖਰੀ ਮਹਾਂ ਲੰਗਰ, ਫੀਸਟ ਜਾਂ ਸਪਰ ਉਪਰੰਤ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ, “ਜਾਓ।” ਗ੍ਰੀਕ ਭਾਸ਼ਾ ਵਿਚ ‘ਮਾਸ’ ਸ਼ਬਦ ਦਾ ਅਰਥ ਸਾਡੀ ਡਬਲ ਰੋਟੀ ਜਿਹਾ ਹੈ। ਮਾਸ ਸ਼ਬਦ ਵਿਚ ਖਾਣ ਅਤੇ ਜਾਣ ਦੇ ਦੋਨੋਂ ਭਾਵ ਸ਼ਾਮਲ ਹਨ। ਜਿਸ ਨੇ ਈਸਾ ਜੀ ਦਾ ਮਾਸ ਖਾ ਲਿਆ ਹੈ ਅਤੇ ਲਹੂ ਪੀ ਲਿਆ ਹੈ, ਉਹ ਹੁਣ ਜਾਵੇ।
ਕਿੱਥੇ ਅਤੇ ਕਾਹਦੇ ਲਈ ਜਾਵੇ? ਇਸ ਪ੍ਰਸ਼ਨ ਦਾ ਜਵਾਬ ਹੈ, ਇਸਾਈਅਤ ਦਾ ਪ੍ਰਚਾਰ ਕਰਨ ਲਈ।
ਅਸੀਂ ਜੋ ਵੀ ਖਾਂਦੇ ਪੀਂਦੇ ਹਾਂ, ਉਹ ਸਿਰਫ ਗੁਰੂ ਦਾ ਦਿੱਤਾ ਹੀ ਨਹੀਂ, ਸਗੋਂ ਅਸੀਂ ਗੁਰੂ ਨੂੰ ਹੀ ਖਾਂਦੇ ਹਾਂ। ਇਸ ਤੋਂ ਘੱਟ ਪਿਆਰੇ ਬਣਦੇ ਵੀ ਨਹੀਂ ਤੇ ਮੰਨਦੇ ਵੀ ਨਹੀਂ।
ਇਸਾਈਅਤ ਦੇ ਇਹ ਖਿਆਲ ਸਾਡੇ ਗੀਤਾਂ ਵਿਚ ਵੀ ਜਲਵਾਗਰ ਹੋ ਰਹੇ ਹਨ। ਸ਼ਾਹ ਹੁਸੈਨ ਨੇ ਕਿੱਡਾ ਖੂਬ ਲਿਖਿਆ ਹੈ: ਮਿੱਤਰਾਂ ਦੀ ਮੇਜਬਾਨੀ ਖਾਤਰ ਦਿਲ ਦਾ ਲਹੂ ਛਾਣੀਦਾ। ਸ਼ਿਵ ਕੁਮਾਰ ਨੇ ਤਾਂ ਕਮਾਲ ਹੀ ਕਰ ਦਿੱਤੀ: ਚੂਰੀ ਕੁੱਟਾਂ ਉਹ ਖਾਂਦਾ ਨਾਹੀ, ਅਸਾਂ ਦਿਲ ਦਾ ਮਾਸ ਖੁਆਇਆ।
ਇਸੇ ਸ਼ਬਦ ‘ਮਾਸ’ ਤੋਂ ਹੀ ‘ਮਿਸ਼ਨਰੀ’ ਸ਼ਬਦ ਬਣਿਆ ਹੈ। ਮਿਸ਼ਨਰੀ ਉਹ ਹੈ, ਜਿਸ ਨੂੰ ਗੁਰੂ ਨੇ ਧਰਮ ਦਾ ਪ੍ਰਚਾਰ ਅਤੇ ਪਸਾਰ ਕਰਨ ਲਈ ਆਪਣੇ ਕੋਲੋਂ ਤੋਰ ਦਿੱਤਾ ਹੈ। ਗੁਰੂ ਨਾਨਕ ਦੇਵ ਨੇ ਕਿਸੇ ਥਾਂ ਦੇ ਢੀਠ ਜਿਹੇ ਲੋਕਾਂ ਨੂੰ ਆਖਿਆ ਸੀ, “ਵਸਦੇ ਰਹੋ” ਅਤੇ ਭਲੇ ਲੋਕਾਂ ਨੂੰ ਆਖਿਆ ਸੀ, “ਉਜੜ ਜਾਓ।”
ਕ੍ਰਿਸਮਸ ਦੇ ‘ਮਸ’ ਵਾਲੇ ਭਾਗ ਵਿਚ ਉਜੜ ਜਾਣ ਦਾ ਭਾਵ ਹੈ। ਚੰਗੇ ਲੋਕ ਜਿੱਥੇ ਵੀ ਜਾਂਦੇ ਹਨ, ਉਥੇ ਉਥੇ ਚੰਗਿਆਈ ਫੈਲਾਉਂਦੇ ਹਨ। ਚੰਗੇ ਲੋਕਾਂ ਨੂੰ ਫੈਲ ਜਾਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਦੀ ‘ਉਦਾਸੀ’ ਵਿਚ ਵੀ ਕ੍ਰਿਸਮਸ ਦੇ ‘ਮਾਸ’ ਵਾਲਾ ਭਾਵ ਸ਼ਾਮਲ ਹੈ।
ਸਾਰੀ ਵਿਚਾਰ-ਚਰਚਾ ਉਪਰੰਤ ਕਿਹਾ ਜਾ ਸਕਦਾ ਹੈ ਕਿ ਕ੍ਰਿਸਮਸ ਦਾ ਅਰਥ ਹੈ, ਰੱਬ ਦੇ ਚੋਣਵੇਂ ਪਿਆਰਿਆਂ ਦਾ ਧਰਮ ਪ੍ਰਚਾਰ ਹਿਤ ਚਾਲੇ ਪਾਉਣਾ। ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੇ ਲਿਖਿਆ: ੱਹeਰeਵeਰ ਲਿe ਚਅਨ eਣਸਿਟ ਅਨਦ ਸੁਸਟਅਨਿ, ਟਹe ੰਕਿਹਸ ਅਨਦ ਪੋਟਅਟੋeਸ ਅਰe ਬੁਨਦ ਟੋ ਰeਅਚਹ ਟਹeਰe ਸੋਨeਰ ੋਰ ਲਅਟeਰ। ਅਰਥਾਤ ਜਿੱਥੇ ਕਿਤੇ ਵੀ ਜੀਵਨ ਸੰਭਵ ਹੈ, ਸਿੱਖ ਅਤੇ ਆਲੂ ਦੇਰ ਸਵੇਰ ਉਥੇ ਪੁੱਜ ਜਾਣ ਲਈ ਵਚਨਬੱਧ ਹਨ।
ਕ੍ਰਿਸਮਸ ਦਾ ਅਰਥ ਈਸਾ ਮਸੀਹ ਹੈ, ਜਿਸ ਵਿਚ ਈਸਾ ਜੀ ਦੀ ਸਿੱਖਿਆ ਵਿਚ ਪਰਿਪੂਰਣ ਲੋਕਾਂ ਲਈ ਆਦੇਸ਼ ਹੈ ਕਿ ‘ਸਰਬੱਤ ਦੇ ਭਲੇ ਲਈ ਜਾਉ।’ ਇਹੀ ਕ੍ਰਿਸਮਸ ਦਾ ਕ੍ਰਿਸ਼ਮਾ ਹੈ।