ਗੁਲਜ਼ਾਰ ਸਿੰਘ ਸੰਧੂ
ਭਾਰਤ ਵਿਚ ਲੋਧੀ ਰਾਜ ਸਮੇਂ ਇਕ ਸ਼ੇਖ ਸਦਹੁਦੀਨ ਸ਼ੇਰਵਾਨੀ ਅਫਗਾਨ ਹੋਇਆ ਹੈ, ਜਿਸ ਦੀ ਸ਼ਾਦੀ ਸੁਲਤਾਨ ਬਹਿਲੋਨ ਲੋਧੀ ਦੀ ਬੇਟੀ ਨਾਲ ਹੋਈ। ਉਸ ਨੂੰ ਬਹੁਤ ਸਾਰੀ ਧਨ ਦੌਲਤ ਤੇ 68 ਪਿੰਡ ਦਾਜ ਵਿਚ ਮਿਲੇ। ਇਨ੍ਹਾਂ ਪਿੰਡਾਂ ਵਿਚ ਕਿਸੇ ਸਮੇਂ ਰਾਜਪੂਤ ਮਹਲੇਰ ਸਿੰਘ ਦਾ ਵਸਾਇਆ ਪਿੰਡ ਮਹਲੇਰ ਵੀ ਸੀ, ਜੋ ਸਮੇਂ ਦੇ ਥਪੇੜਿਆਂ ਨੇ ਬਰਬਾਦ ਕਰ ਛਡਿਆ ਸੀ। ਸ਼ੇਰਵਾਨੀ ਦੇ ਵਡੇਰਿਆਂ ਨੇ ਇਥੇ ਇਕ ਕੋਟਲਾ ਸਥਾਪਤ ਕੀਤਾ, ਜੋ ਸਮਾਂ ਪਾ ਕੇ ਮਲੇਰਕੋਟਲਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ। 1947 ਦੀ ਦੇਸ਼ ਵੰਡ ਤੱਕ 167 ਵਰਗ ਮੀਲ ਦਾ ਇਹ ਇਲਾਕਾ ਬਰਤਾਨਵੀ ਰਾਜ ਦੀਆਂ ਦਰਜਨ ਭਰ ਰਿਆਸਤਾਂ ਵਿਚੋਂ ਇੱਕ ਸੀ।
ਗੁਰੂ ਗੋਬਿੰਦ ਸਿੰਘ ਕਾਲ ਵਿਚ ਇਸ ਰਿਆਸਤ ਦਾ ਹਾਕਮ ਸ਼ੇਰ ਮੁਹੰਮਦ ਸੀ। ਇਨ੍ਹਾਂ ਦਿਨਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ-ਅਜੀਤ ਸਿੰਘ ਤੇ ਜੁਝਾਰ ਸਿੰਘ ਤਾਂ ਚਮਕੌਰ ਦੀ ਗੜ੍ਹੀ ਵਿਚ ਬਾਦਸ਼ਾਹੀ ਫੌਜਾਂ ਦਾ ਟਾਕਰਾ ਕਰਦੇ ਸ਼ਹੀਦ ਹੋਏ, ਪਰ ਛੋਟੇ ਸਾਹਿਬਜ਼ਾਦੇ-ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਸੂਬਾ ਸਰਹਿੰਦ (ਵਜ਼ੀਰ ਖਾਨ) ਦੇ ਅੜਿੱਕੇ ਆ ਗਏ। ਉਨ੍ਹਾਂ ਨੂੰ ਸਰਹਿੰਦ ਦੇ ਇੱਕ ਬੁਰਜ ਵਿਚ ਬੰਦ ਕੀਤਾ ਹੋਇਆ ਸੀ, ਜਿਥੋਂ ਸੂਬਾ ਸਰਹਿੰਦ ਨੇ ਪੋਹ ਮਹੀਨੇ ਦੀ ਠੰਢ ਵਿਚ ਮਾਸੂਮ ਬੱਚਿਆਂ ਨੂੰ ਮਾਤਾ ਗੁਜਰੀ ਕੋਲੋਂ ਲਿਆ ਕੇ ਕੰਧਾਂ ਵਿਚ ਚਿਣਨ ਦਾ ਹੁਕਮ ਸੁਣਾ ਦਿੱਤਾ।
ਸੂਬੇ ਦੇ ਇਸ ਹੁਕਮ ਨੇ ਸ਼ੇਰ ਮੁਹੰਮਦ ਨੂੰ ਏਨਾ ਪ੍ਰੇਸ਼ਾਨ ਕੀਤਾ ਕਿ ਉਹ ਆਪਣੇ ਮਨ ਦੀ ਗੱਲ ਕਹਿਣ ਤੋਂ ਨਾ ਰਹਿ ਸਕਿਆ। ਉਸ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਇਨ੍ਹਾਂ ਸ਼ੀਰਖੋਰ ਬਾਲਕਾਂ ਦਾ ਕੀ ਕਸੂਰ ਹੈ ਕਿ ਇਨ੍ਹਾਂ ਨੂੰ ਏਨੀ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ। ਸੂਬੇ ਨੇ ਇੱਕ ਨਾ ਸੁਣੀ ਤੇ ਹੁਕਮ ਵਾਪਸ ਨਾ ਲਿਆ।
ਸਾਹਿਬਜ਼ਾਦਿਆਂ ਦੇ ਸ਼ਹੀਦ ਕੀਤੇ ਜਾਣ ਦੀ ਖਬਰ ਬੁਰਜ ਵਿਚ ਬੰਦ ਮਾਤਾ ਗੁਜਰੀ ਨੇ ਸੁਣੀ ਤਾਂ ਉਨ੍ਹਾਂ ਪ੍ਰਾਣ ਤਿਆਗ ਦਿੱਤੇ। ਸ਼ੇਰਵਾਨੀ ਅਫਗਾਨ ਦੇ ਹਾਅ ਦੇ ਨਾਅਰੇ ਕਾਰਨ ਸਿੱਖ ਪੰਥ ਇਸ ਰਿਆਸਤ ਨੂੰ ਸਨਮਾਨ ਦਿੰਦਾ ਹੈ। ਸੰਨ ਸੰਤਾਲੀ ਦੇ ਮੁਸਲਿਮ ਕਤਲੇਆਮ ਸਮੇਂ ਵੀ ਇੱਕੜ-ਦੁੱਕੜ ਘਟਨਾਵਾਂ ਨੂੰ ਛੱਡ ਕੇ ਮਲੇਰਕੋਟਲਾ ਨੂੰ ਪੰਜਾਬੀਆਂ ਨੇ ਵਾਹ ਲਗਦੀ ਸੁਰੱਖਿਆ ਦਿੱਤੀ। ਸਮਾਂ ਪਾ ਕੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਕਿਲਾ ਚਮਕੌਰ ਦੀ ਗੜ੍ਹੀ ਵਜੋਂ ਪ੍ਰਸਿੱਧ ਹੋਇਆ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ ਵਜੋਂ।
ਇਹ ਦੋਵੇਂ ਸਥਾਨ ਮੇਰੇ ਨਾਨਕੇ ਪਿੰਡ ਦੇ ਬਹੁਤ ਨੇੜੇ ਹਨ। ਮੇਰਾ ਨਾਨਕਾ ਪਿੰਡ ਬਡਲੇ ਦਾ ਕੋਟਲਾ ਹੈ। ਖੰਨਾ-ਸੰਘੋਲ ਸੜਕ ਤੋਂ ਇੱਕ ਕਿਲੋਮੀਟਰ ਹਟਵਾਂ। ਇਥੋਂ ਚਮਕੌਰ ਸਾਹਿਬ 13-14 ਕਿਲੋਮੀਟਰ ਹੈ ਤੇ ਫਤਿਹਗੜ੍ਹ ਸਾਹਿਬ 9-10 ਕਿਲੋਮੀਟਰ। ਮੇਰੇ ਨਾਨਕਾ ਖੇਤਰ ਦੀ ਸਮੁੱਚੀ ਵੱਸੋਂ ਦੋਹਾਂ ਸ਼ਹੀਦੀ ਅਸਥਾਨਾਂ ਉਤੇ ਹਰ ਸਾਲ ਪੋਹ (ਦਸੰਬਰ) ਦੇ ਮਹੀਨੇ ਲਗਦੀ ਸ਼ਹੀਦੀ ਸਭਾ ਵਿਚ ਸ਼ਿਰਕਤ ਕਰਨ ਜਾਂਦੀ ਹੈ। ਮੈਂ 14 ਵਰ੍ਹੇ ਦੀ ਉਮਰ ਤੱਕ ਇਸ ਖੇਤਰ ਵਿਚ ਪਲਿਆ ਤੇ ਪੜ੍ਹਿਆ ਹਾਂ। ਦੋਹਾਂ ਸਥਾਨਾਂ ‘ਤੇ ਬਾਰਮਬਾਰ ਨਤਮਸਤਕ ਹੋ ਕੇ ਸਾਹਿਬਜ਼ਾਦਿਆਂ ਦੀ ਉਸਤਤ ਵਿਚ ਲਿਖੇ ਢਾਡੀਆਂ ਤੇ ਕਵੀਸ਼ਰਾਂ ਦੇ ਬੋਲ ਸੁਣਨਾ ਸਦਾ ਰਾਹਤ ਦਿੰਦਾ ਸੀ।
ਮਿਡਲ ਪਾਸ ਕਰਕੇ ਮੈਂ ਹੁਸ਼ਿਆਰਪੁਰ ਜਿਲੇ ਵਿਚ ਆਪਣੇ ਜੱਦੀ ਪਿੰਡ ਚਲਾ ਗਿਆ ਤੇ ਉਸ ਪਿਛੋਂ ਦਿੱਲੀ। 1984 ਵਿਚ ‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ਸੰਭਾਲਣ ਤੱਕ ਉਥੇ ਹੀ ਰਿਹਾ।
ਹੁਣ ਮੈਨੂੰ ਆਪਣੇ 35 ਵਰ੍ਹੇ ਦੇ ਚੰਡੀਗੜ੍ਹ ਵਾਸੇ ਵਿਚ ਕਈ ਵਾਰੀ ਮਲੇਰਕੋਟਲਾ ਜਾਣ ਦਾ ਮੌਕਾ ਮਿਲਿਆ ਹੈ। ਉਥੋਂ ਦੇ ਵਸਨੀਕ ਵੀ ਮੈਨੂੰ ਦੋਹਤਿਆਂ ਵਾਲਾ ਪਿਆਰ ਦਿੰਦੇ ਹਨ। ਈਦ ‘ਤੇ ਮਠਿਆਈ ਦੇਣ ਆਉਂਦੇ ਹਨ ਤੇ ਲਗਾਤਾਰ ਜਮਾਤ-ਏ-ਇਸਲਾਮੀ ਵਲੋਂ ਪ੍ਰਕਾਸ਼ਿਤ ‘ਪਹੁ ਫੁਟਾਲਾ’ ਤੇ ‘ਫਰਹਾਨ’ ਨਾਂ ਦੇ ਰਸਾਲੇ ਭੇਜ ਰਹੇ ਹਨ।
ਪਿਛਲੇ ਦਿਨੀਂ ਉਧਰੋਂ ਲੰਘਦਿਆਂ ਮਲੇਰਕੋਟਲਾ-ਖੰਨਾ ਰੋਡ ‘ਤੇ ਚੜ੍ਹਿਆ ਤਾਂ ਜਮਾਤ-ਏ-ਇਸਲਾਮੀ ਦੇ ਕਰਤਾ ਧਰਤਾ ਅਬਦੁਸ ਸ਼ਕੂਰ ਨੂੰ ਟੈਲੀਫੋਨ ਕੀਤੇ ਬਿਨਾ ਨਾ ਰਹਿ ਸਕਿਆ। ਉਸ ਦੇ ਦਫਤਰ ਜਾਂ ਘਰ ਜਾਣ ਦਾ ਸਮਾਂ ਨਹੀਂ ਸੀ। ਮੇਰੇ ਨਾਲ ਮੇਰੀ ਬੀਵੀ ਹੋਣ ਕਾਰਨ ਸਮੇਂ ਸਿਰ ਚੰਡੀਗੜ੍ਹ ਪਹੁੰਚਣਾ ਸੀ, ਪਰ ਅਬਦੁਸ ਨੂੰ ਮੇਰਾ ਮਿਲੇ ਬਿਨਾ ਮਲੇਰਕੋਟਲੇ ਤੋਂ ਲੰਘ ਜਾਣਾ ਗਵਾਰਾ ਨਹੀਂ ਸੀ। ਉਸ ਨੇ ਮੈਨੂੰ ਹਦਾਇਤ ਕੀਤੀ ਕਿ ਮੈਂ ਨੇੜੇ ਹੀ ਪਿੰਡ ਰਾਣਵਾਂ ਦੇ ਗੁਰਦੁਆਰੇ ਰੁਕਾਂ ਤੇ ਮੈਨੂੰ ਕਰਮਦੀਨ ਮਲਿਕ ਆਪਣੇ ਘਰ ਲੈ ਜਾਵੇਗਾ, ਜਿੱਥੇ ਉਹ ਖੁਦ ਵੀ ਪਹੁੰਚਿਆ ਸਮਝੋ।
ਕਰਮਦੀਨ ਮਲਿਕ ਜਮਾਤ-ਏ-ਇਸਲਾਮੀ ਦੇ ਕੌਮੀ ਮਾਮਲਿਆਂ ਦਾ ਇੰਚਾਰਜ ਹੈ। ਅਬਦੁਸ ਸ਼ਕੂਰ ਅਪਣੇ ਮਿੱਤਰ ਸਾਜਿਦ ਇਸਹਾਕ ਦੀ ਕਾਰ ਵਿਚ ਢੇਰ ਸਾਰੇ ਫਲ ਤੇ ਮਠਿਆਈ ਲੈ ਕੇ ਪਹੁੰਚ ਗਿਆ। ਅਸੀਂ ਚਾਹ ਪੀ ਰਹੇ ਸਾਂ ਤਾਂ ਮੁਹੰਮਦ ਇਰਸ਼ਾਦ ਨਾਂ ਦਾ ਗੱਭਰੂ ਆਪਣੀ ਲਿਖੀ ਹਜ਼ਰਤ ਮੁਹੰਮਦ ਦੀ ਜੀਵਨੀ ਤੇ ਸਿਖਿਆਵਾਂ ਵਾਲੀ ਪੁਸਤਕ ਭੇਟ ਕਰਨ ਪਹੁੰਚ ਗਿਆ। ਪਤਾ ਲੱਗਾ ਕਿ ਅੱਜ ਕੱਲ ‘ਪਹੁ ਫੁਟਾਲਾ’ ਦੀ ਸੰਪਾਦਕੀ ਇਰਸ਼ਾਦ ਹੀ ਦੇਖ ਰਿਹਾ ਹੈ, ਕਿਉਂਕਿ ਕੱਲ ਤੱਕ ਇਹ ਜਿੰਮੇਵਾਰੀ ਨਿਭਾਉਣ ਵਾਲੇ ਰਮਜ਼ਾਨ ਸਈਅਦ ਦੀ ਤਬੀਅਤ ਨਾਸਾਜ਼ ਚੱਲ ਰਹੀ ਹੈ।
ਮਿਲਣ-ਮਿਲਾਉਣ ਤੇ ਗੁਫਤਗੂ ਦਾ ਸਮਾਂ ਘੱਟ ਹੋਣ ਕਾਰਨ ਮੈਂ ਤੇ ਮੇਰੀ ਬੀਵੀ ਮਲੇਰਕੋਟਲੇ ਦਾ ਨਿੱਘ ਅਤੇ ਤੋਹਫਿਆਂ ਦੇ ਬੰਡਲ ਲੈ ਕੇ ਉਨ੍ਹਾਂ ਵਲੋਂ ਮਿਲੀ ਆਓ ਭਗਤ ਦੀਆਂ ਗੱਲਾਂ ਕਰਦੇ ਕਦੋਂ ਚੰਡੀਗੜ੍ਹ ਪਹੁੰਚ ਗਏ, ਪਤਾ ਹੀ ਨਾ ਲੱਗਾ।
ਰਾਤ ਦੇ ਖਾਣੇ ਤੋਂ ਪਹਿਲਾਂ ਇੱਕ ਨਗਮਾ ਸਿੰਘ ਨਾਂ ਦੀ ਪੱਤਰਕਾਰ ਦਾ ਟੈਲੀਫੋਨ ਆਇਆ ਕਿ ਉਹ ਮੈਨੂੰ ਮਿਲਣਾ ਚਾਹੁੰਦੀ ਹੈ। ਪੁੱਛਣ ‘ਤੇ ਪਤਾ ਲੱਗਾ ਕਿ ਉਹ ਮੁਸਲਮਾਨ ਹੈ ਤੇ ਉਸ ਦੇ ਪੁਰਖੇ ਫਤਿਹਗੜ੍ਹ-ਮੋਰਿੰਡਾ ਮਾਰਗ ‘ਤੇ ਪੈਂਦੇ ਪਿੰਡ ਡੂਮਛੇੜੀ ਤੋਂ ਹਨ। ਉਨ੍ਹਾਂ ਨੂੰ ਵੀ ਸੰਨ ਸੰਤਾਲੀ ਵਿਚ ਕੋਈ ਆਂਚ ਨਹੀਂ ਸੀ ਆਈ। ਨਗਮਾ ਆਪਣੇ ਮਾਪਿਆਂ ਨਾਲ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਵੀ ਜਾਂਦੀ ਰਹੀ ਹੈ। ਉਸ ਦਾ ਪਿਤਾ ਗੁਲਜ਼ਾਰ ਸਿੰਘ ਖੱਬੇ ਪੱਖੀ ਵਿਚਾਰਾਂ ਦਾ ਧਾਰਨੀ ਹੈ ਤੇ ਥੋੜ੍ਹੇ ਦਿਨ ਪਹਿਲਾਂ ਜਲੰਧਰ ਵਿਖੇ ਗਦਰੀ ਬਾਬਿਆਂ ਦੇ ਮੇਲੇ ਵਿਚ ਹਿੱਸਾ ਲੈ ਕੇ ਆਇਆ ਹੈ। ਇਹ ਵੀ ਕਿ ਗੁਲਜ਼ਾਰ ਸਿੰਘ ਦੇ ਪਿਤਾ ਦਾ ਨਾਂ ਸ਼ੇਰ ਸਿੰਘ ਸੀ। ਹੈ ਕੋਈ ਜਵਾਬ ਇਨ੍ਹਾਂ ਰੱਬ ਸਬੱਬੀ ਗੱਲਾਂ ਦਾ!
ਕਿਰਪਾਲ ਕਜ਼ਾਕ, ਐਸ਼ ਐਸ਼ ਬੋਪਾਰਾਏ ਤੇ ਵਨੀਤਾ: ਰਾਸ਼ਟਰੀ ਸਾਹਿਤ ਅਕਾਦਮੀ, ਨਵੀਂ ਦਿੱਲੀ ਦੇ ਪੰਜਾਬੀ ਬੋਰਡ ਨੇ ਇਸ ਵਰ੍ਹੇ ਦੇ ਪੰਜਾਬੀ ਪੁਰਸਕਾਰ ਲਈ ਲੀਹ ਤੋਂ ਹਟਵੇਂ ਲੇਖਕ ਕਿਰਪਾਲ ਕਜ਼ਾਕ ਨੂੰ ਚੁਣਿਆ ਹੈ। ਸਦੀ ਦੇ ਸ਼ੁਰੂ ਵਿਚ ਉਸ ਦੇ ਵੱਖਰੇਪਣ ਨੂੰ ਪਛਾਣਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਹੁਤ ਘੱਟ ਸਕੂਲੀ ਵਿਦਿਆ ਦੇ ਬਾਵਜੂਦ ਉਸ ਨੂੰ ਪ੍ਰੋਫੈਸਰ ਦੀ ਉਪਾਧੀ ਨਾਲ ਨਿਵਾਜਿਆ ਸੀ। ਉਦੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਸ਼ ਐਸ਼ ਬੋਪਾਰਾਏ ਸਨ ਤੇ ਹੁਣ ਬੋਰਡ ਦੀ ਕਨਵੀਨਰ ਪ੍ਰੋ. ਵਨੀਤਾ ਹੈ। ਵਧਾਈਆਂ ਹੀ ਵਧਾਈਆਂ!
ਅੰਤਿਕਾ: ਨਰੇਸ਼
ਧਰਮ ਦੇ ਨਾਂ ‘ਤੇ ਲਹੂ ਇਨਸਾਨੀਅਤ ਦਾ ਡੋਲ੍ਹਣ,
ਕਿਹੜੀ ਗੰਗਾ ਇਸ ਭਿਆਨਕ ਪਾਪ ਨੂੰ ਧੋਊ ਨਰੇਸ਼?