ਪੰਜਾਬ ਵਿਚ ਪੰਥਕ ਏਕੇ ਦੀ ਗੂੰਜ ਪਈ

ਸਿਆਸੀ ਪਿੜ ਵਿਚ ਨਵੇਂ ਰਾਹ ਖੁੱਲ੍ਹਣ ਦੇ ਸੰਕੇਤ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਭਾਵੇਂ ਅਕਾਲੀ ਦਲ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥ ਹੀ ਬਰਕਰਾਰ ਰਹੀ ਹੈ ਪਰ ਬਾਦਲਾਂ ਤੋਂ ਨਾਰਾਜ਼ ਅਕਾਲੀ ਦਲਾਂ ਦੇ ਇਕ ਮੰਚ ਉਪਰ ਆਉਣ ਨਾਲ ਪੰਥਕ ਸਿਆਸਤ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਸਾਰੇ ਬਾਗੀ ਅਕਾਲੀ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੇ ਪੰਥਕ ਸਿਆਸਤ ਵਿਚੋਂ ਸਫਾਏ ਦੀ ਗੱਲ ਕਰ ਰਹੇ ਹਨ। ਪੰਥਕ ਧਿਰਾਂ ਦੀ ਇਹ ਲਾਮਬੰਦੀ ਪੰਜਾਬ ਦੀ ਸਿਆਸਤ ਦੇ ਨਵੇਂ ਸਮੀਕਰਨਾਂ ਵੱਲ ਵੀ ਸੰਕੇਤ ਕਰ ਰਹੀ ਹੈ। ਸਥਾਪਨਾ ਦਿਵਸ ਮੌਕੇ ਜੁੜੇ ਸਾਰੇ ਬਾਦਲ ਵਿਰੋਧੀ ਧੜਿਆਂ ਨੇ ਪੰਥਕ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਲਈ ਇਕ ਮੰਚ ਉਤੇ ਆਉਣ ਦਾ ਪ੍ਰਣ ਇਹੀ ਸੰਕੇਤ ਦਿੰਦਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਸੀ ਤਾਲਮੇਲ ਲਈ ਸਿਰਜੋੜ ਕੋਸ਼ਿਸ਼ਾਂ ਹੋਣਗੀਆਂ। ਇਸ ਲਈ ਤਾਲਮੇਲ ਕਮੇਟੀ ਬਣਾ ਕੇ ਸਾਰੀਆਂ ਧਿਰਾਂ ਨੂੰ ਇਕ ਮੰਚ ਉਤੇ ਲਿਆਉਣ ਦਾ ਸੱਦਾ ਰਵਾਇਤੀ ਧਿਰਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ। ਢੀਂਡਸਾ ਪਰਿਵਾਰ ਦਾ ਖੁੱਲ੍ਹ ਕੇ ਬਾਦਲਾਂ ਖਿਲਾਫ ਨਿੱਤਰਨਾ ਵੀ ਪੰਥਕ ਸਿਆਸਤ ਨੂੰ ਨਵੇਂ ਰਾਹ ਤੋਰਨ ਵੱਲ ਸੰਕੇਤ ਹੈ।
ਇਸ ਤੋਂ ਪਹਿਲਾਂ ਵੀ ਭਾਵੇਂ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਪਰ ਇਸ ਵਾਰ ਬਾਦਲਾਂ ਦਾ ਸਭ ਤੋਂ ਭੇਤੀ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦਾ ਪਰਿਵਾਰ ਸਾਰੀਆਂ ਧਿਰਾਂ ਨੂੰ ਇਕ ਮੰਚ ਉਤੇ ਲਿਆਉਣ ਲਈ ਅੱਗੇ ਆਇਆ ਹੈ। ਇਨ੍ਹਾਂ ਧਿਰਾਂ ਦੀ ਕੋਸ਼ਿਸ਼ ਇਹੀ ਰਹੇਗੀ ਕਿ ਕਾਂਗਰਸ ਤੇ ਬਾਦਲ ਵਿਰੋਧੀ ਸਾਰੀਆਂ ਧਿਰਾਂ ਨੂੰ ਲਾਮਬੰਦ ਕੀਤਾ ਜਾਵੇ। ਯਾਦ ਰਹੇ ਕਿ ਇਸ ਸਮੇਂ ਪੰਜਾਬ ਦੀ ਸਿਆਸਤ ਵਿਚ ਸਥਾਪਤ ਸਿਆਸੀ ਧਿਰਾਂ ਵੱਡੀ ਅੰਦਰੂਨੀ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ; ਖਾਸਕਰ ਸੱਤਾਧਾਰੀ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਹਿੱਲੀਆਂ ਹੋਈਆਂ ਹਨ। ਕਾਂਗਰਸ ਵਿਚਲੀ ਬਗਾਵਤ ਅਤੇ ਸਿੱਖਾਂ ਦਾ ਬਾਦਲ ਪਰਿਵਾਰ ਪ੍ਰਤੀ ਰੋਹ ਵੀ ਤੀਜੇ ਮੋਰਚੇ ਲਈ ਡਟੇ ਧੜਿਆਂ ਨੂੰ ਹੌਸਲਾ ਦੇ ਰਿਹਾ ਹੈ। ਬਾਗੀ ਟਕਸਾਲੀਆਂ ਆਗੂਆਂ ਵਲੋਂ ਲੋਕ ਸਭਾ ਚੋਣਾਂ ਵਿਚ ਤੀਜੇ ਬਦਲ ਲਈ ਹੰਭਲਾ ਮਾਰਨ ਵਾਲੇ ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਸਮੇਤ ਹੋਰ ਧੜਿਆਂ ਨਾਲ ਵੀ ਗੱਲ ਤੋਰਨ ਦੇ ਸੰਕੇਤ ਮਿਲੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਆਪਣੇ ਦਮ ਉਤੇ ਚੋਣਾਂ ਲੜਨ ਲਈ ਬਜ਼ਿਦ ਰਹਿਣ ਵਾਲੀ ਆਮ ਆਦਮੀ ਪਾਰਟੀ ਵੀ ਕੁਝ ਢਿੱਲੀ ਪਈ ਜਾਪਦੀ ਹੈ। ਪੰਥਕ ਧਿਰਾਂ ਦਾ ਕਹਿਣਾ ਹੈ ਕਿ ਬਾਦਲਾਂ ਅਤੇ ਕਾਂਗਰਸ ਨੂੰ ਮਾਤ ਦੇਣ ਲਈ ਅਜਿਹੀਆਂ ਸਾਰੀਆਂ ਧਿਰਾਂ ਨੂੰ ਅੱਗੇ ਆਉਣ ਲਈ ਕਹਿਣਗੇ।
ਪਾਰਟੀ ਦੇ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਖੁਦ ਵੀ ਨਹੀਂ ਪਹੁੰਚੇ। ਸਿਆਸੀ ਮਾਹਿਰ ਇਸ ਨੂੰ ਵੀ ਬਾਦਲ ਪਰਿਵਾਰ ਖਿਲਾਫ ਉਠੀ ਆਵਾਜ਼ ਨਾਲ ਜੋੜ ਕੇ ਵੇਖ ਰਹੇ ਹਨ। ਦਰਅਸਲ, ਪਿਛਲੇ ਲੰਮੇ ਸਮੇਂ ਤੋਂ ਵੱਡੇ ਬਾਦਲ ਵਲੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਸਭ ਫੈਸਲੇ ਸੁਖਬੀਰ ਬਾਦਲ ਵਲੋਂ ਹੀ ਕੀਤੇ ਜਾਂਦੇ ਹਨ। ਇਸ ਲਈ ਉਨ੍ਹਾਂ ਦਾ ਪਾਰਟੀ ਵਿਚ ਕੋਈ ਬਹੁਤਾ ਦਖਲ ਨਹੀਂ। ਉਧਰ, ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਘਾਗ ਸਿਆਸਤਦਾਨ ਹਨ। ਬਾਗੀ ਅਕਾਲੀ ਦਲਾਂ ਦੇ ਲੀਡਰਾਂ ਦੀ ਲਾਮਬੰਦੀ ਵਿਚ ਉਹ ਭਵਿਖ ਦੀ ਵੰਗਾਰ ਵੇਖ ਰਹੇ ਹਨ। ਇਸ ਲਈ ਉਹ ਸੁਖਬੀਰ ਬਾਦਲ ਨਾਲੋਂ ਥੋੜ੍ਹੀ ਵਿੱਥ ਬਣਾ ਕੇ ਇਹ ਪ੍ਰਭਾਵ ਦੇ ਰਹੇ ਹਨ ਕਿ ਉਨ੍ਹਾਂ ਦੇ ਫਰਜ਼ੰਦ ਨੂੰ ਉਨ੍ਹਾਂ ਕਰਕੇ ਨਹੀਂ ਸਗੋਂ ਕਾਬਲੀਅਤ ਕਰਕੇ ਅਗਵਾਈ ਦਿੱਤੀ ਜਾ ਰਹੀ ਹੈ। ਅਜਿਹਾ ਕਰਕੇ ਉਨ੍ਹਾਂ ਇਹ ਵੀ ਪ੍ਰਭਾਵ ਦਿੱਤਾ ਹੈ ਕਿ ਨਵੀਂ ਲੀਡਰਸ਼ਿਪ ਸੁਖਬੀਰ ਬਾਦਲ ਦੀ ਅਗਵਾਈ ਕਬੂਲਦੀ ਹੈ।
ਉਂਜ, ਇਹ ਪਹਿਲੀ ਵਾਰ ਹੈ ਕਿ ਜਦੋਂ ਪੰਥਕ ਧਿਰਾਂ ਦੇ ਆਪਸੀ ਤਾਲਮੇਲ ਲਈ ਇੰਨੇ ਵੱਡੇ ਪੱਧਰ ਉਤੇ ਕੋਸ਼ਿਸ਼ ਹੋਈ ਹੋਵੇ। ਬਾਦਲ ਵਿਰੋਧੀ ਅਕਾਲੀਆਂ ਵਲੋਂ ਮਨਾਏ ਸਥਾਪਨਾ ਦਿਹਾੜਾ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਡਾæ ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ 1920 ਦੇ ਮੁਖੀ ਰਵੀਇੰਦਰ ਸਿੰਘ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ, ਜਾਗੋ ਪਾਰਟੀ ਦੇ ਮੁਖੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀæਕੇæ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਸਾਬਕਾ ਅਕਾਲੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਫੈਡਰੇਸ਼ਨ ਦੇ ਸਾਬਕਾ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਤੇ ਹੋਰ ਫੈਡਰੇਸ਼ਨਾਂ ਤੇ ਜਥੇਬੰਦੀਆਂ ਪੰਥਕ ਸਿਆਸਤ ਨੂੰ ਨਵੀਂ ਦਿਸ਼ਾ ਲਈ ਪੱਬਾਂ ਭਾਰ ਨਜ਼ਰ ਆਏ।

ਬਕਸਾ:
ਪਹਿਲੀ ਟੱਕਰ ਸ਼੍ਰੋਮਣੀ ਕਮੇਟੀ ਦੇ ਪਿੜ ਵਿਚ
ਨਵੇਂ ਸਿਆਸੀ ਗੱਠਜੋੜ ਦਾ ਬਾਦਲ ਅਕਾਲੀ ਦਲ ਨਾਲ ਪਹਿਲਾ ਮੁਕਾਬਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹੋਵੇਗਾ। ਅਕਾਲੀ ਦਲ (ਬਾਦਲ) ਦੀ ਇਸ ਮਾਮਲੇ ਵਿਚ ਮਜਬੂਰੀ ਹੋਵੇਗੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜ਼ਿਆਦਾ ਨਵੇਂ ਉਮੀਦਵਾਰ ਨਹੀਂ ਉਤਾਰ ਸਕੇਗਾ, ਕਿਉਂਕਿ ਪੁਰਾਣੇ ਜਿੱਤੇ ਉਮੀਦਵਾਰਾਂ ਦੀਆਂ ਜ਼ਿਆਦਾ ਟਿਕਟਾਂ ਕੱਟੇ ਜਾਣ ਨਾਲ ਪਾਰਟੀ ਛੱਡਣ ਵਾਲਿਆਂ ਦੀਆਂ ਲਾਈਨਾਂ ਲੱਗ ਸਕਦੀਆਂ ਹਨ ਪਰ ਪੁਰਾਣੇ ਮੈਂਬਰ ਪਿਛਲੇ ਸਾਲਾਂ ਵਿਚ ਹੋਈਆਂ ਘਟਨਾਵਾਂ ਵਿਚ ਆਪਣਾ ਅਸਰ ਕਾਫੀ ਹੱਦ ਤੱਕ ਗੁਆ ਚੁੱਕੇ ਹਨ।