ਕੈਪਟਨ ਨੇ ਵਜ਼ਾਰਤ ਵਿਚ ਵੱਡੇ ਫੇਰਬਦਲ ਦੀ ਤਿਆਰੀ ਕੱਸੀ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਆਗੂਆਂ ਤੇ ਵਿਧਾਇਕਾਂ ਵੱਲੋਂ ਸਰਕਾਰ ਖਾਸ ਕਰ ਮੁੱਖ ਮੰਤਰੀ ਦੀ ਕਾਰਜਸ਼ੈਲੀ ਉਤੇ ਉਠਾਏ ਜਾ ਰਹੇ ਸਵਾਲਾਂ ਦੇ ਮੱਦੇਨਜ਼ਰ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿਚ ਵੱਡੀ ਫੇਰ ਬਦਲ ਕਰਨ ਦਾ ਮਨ ਬਣਾ ਲਿਆ ਹੈ।

ਦੱਸਿਆ ਜਾਂਦਾ ਹੈ ਕਿ ਨਵੀਂ ਸਿਆਸੀ ਕਵਾਇਦ ਵਿਚ ਤਿੰਨ ਨਵੇਂ ਮੰਤਰੀ ਵਜ਼ਾਰਤ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ ਤੇ ਬਾਕੀ ਕਰੀਬ ਸਾਰੇ ਹੀ ਮੰਤਰੀਆਂ ਦੇ ਵਿਭਾਗਾਂ ਵਿਚ ਅਦਲਾ-ਬਦਲੀ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਅਨੁਸਾਰ ਪਹਿਲਾਂ ਦਸੰਬਰ ਮਹੀਨੇ ਦੇ ਅਖੀਰ ਵਿਚ ਵਜ਼ਾਰਤੀ ਫੇਰ ਬਦਲ ਦਾ ਮਨ ਬਣਾਇਆ ਸੀ ਪਰ ਹੁਣ ਫਿਲਹਾਲ ਜਨਵਰੀ ਦੇ ਦੂਜੇ ਹਫਤੇ ਕਿਸੇ ਵੇਲੇ ਅਜਿਹਾ ਹੋਣਾ ਸੰਭਵ ਹੈ। ਕਈ ਤੱਤੇ ਨਾਰਾਜ਼ ਵਿਧਾਇਕਾਂ ਨੂੰ ਕੁਝ ਸਮਾਂ ਪਹਿਲਾਂ ਕੈਬਨਿਟ ਰੈਂਕ ਨਾਲ ਸਲਾਹਕਾਰ ਬਣਾ ਕੇ ਝੰਡੀਆਂ ਵਾਲੀਆਂ ਕਾਰਾਂ ਵਿਚ ਬਿਠਾਇਆ ਗਿਆ ਤੇ ਹੁਣ ਜਿਥੇ ਵਜ਼ਾਰਤ ‘ਚ ਪ੍ਰਤੀਨਿਧਤਾ ਪੱਖੋਂ ਬਾਹਰ ਰਹਿ ਗਏ ਖੇਤਰਾਂ ਤੇ ਵਰਗਾਂ ਨੂੰ ਨੁਮਾਇੰਦਗੀ ਦੇਣ ਬਾਰੇ ਸੋਚਿਆ ਜਾ ਰਿਹਾ ਹੈ, ਉਥੇ ਵਜ਼ੀਰਾਂ ਦੀ ਕਾਰਗੁਜ਼ਾਰੀ ਦੇ ਆਧਾਰ ਉਤੇ ਵਿਭਾਗਾਂ ਦੀ ਨਵੇਂ ਸਿਰੇ ਤੋਂ ਵੰਡ ਦੀ ਤਜਵੀਜ਼ ਹੈ। ਇਹ ਵੀ ਪਤਾ ਲੱਗਾ ਹੈ ਕਿ ਮੌਜੂਦਾ ਵਜ਼ਾਰਤੀ ਗਰੁੱਪ ਹਾਲਤ ਜਿਉਂ ਦੀ ਤਿਉਂ ਹੀ ਰੱਖਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਤੇ ਕੁਝ ਵਜ਼ੀਰਾਂ ਵਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮਨਾ ਕੇ ਮੁੜ ਵਜ਼ਾਰਤ ‘ਚ ਸ਼ਾਮਲ ਕਰ ਲਿਆ ਜਾਵੇ ਤਾਂ ਕਿ ਵਜ਼ਾਰਤੀ ਫੇਰਬਦਲ ਦੀ ਜ਼ਰੂਰਤ ਨਾ ਰਹੇ।
ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਂਪ ਖਾਸ ਕਰ ਉਨ੍ਹਾਂ ਦੀ ਕਿਚਨ ਕੈਬਨਿਟ ਬਣੀ-ਅਫਸਰਸ਼ਾਹੀ ਦੀ ਲਾਬੀ ਅਜਿਹੇ ਸੁਝਾਅ ਨੂੰ ਸੁਣਨ ਲਈ ਤਿਆਰ ਨਹੀਂ। ਭਰੋਸੇਯੋਗ ਸੂਤਰਾਂ ਅਨੁਸਾਰ ਕਾਰਗੁਜ਼ਾਰੀ ਦੇ ਆਧਾਰ ਉਤੇ ਮਾਝਾ ਖੇਤਰ ਨਾਲ ਸਬੰਧਤ ਇਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਦੇਣ ਨਾਲ ਇਕ ਵਜ਼ਾਰਤੀ ਅਹੁਦਾ ਪਹਿਲਾਂ ਹੀ ਖਾਲੀ ਹੈ। ਪਤਾ ਲੱਗਾ ਇਕ ਵਜ਼ੀਰ ਸਿਹਤ ਠੀਕ ਨਾ ਰਹਿਣ ਕਾਰਨ ਸਪੀਕਰ ਬਣਾਏ ਜਾਣ ਦੀ ਤਮੰਨਾ ਜ਼ਾਹਰ ਕਰ ਰਿਹਾ ਹੈ। ਇਸ ਤਰ੍ਹਾਂ ਤਿੰਨ ਨਵੇਂ ਵਜ਼ੀਰ ਵਜ਼ਾਰਤ ਵਿਚ ਸ਼ਾਮਲ ਹੋਣ ਦਾ ਰਾਹ ਖੁੱਲ੍ਹ ਜਾਵੇਗਾ। ਵਜ਼ਾਰਤ ਵਿਚ ਸ਼ਾਮਲ ਹੋਣ ਲਈ ਵਿਧਾਇਕਾਂ ਵੱਲੋਂ ਚੰਡੀਗੜ੍ਹ ਤੇ ਦਿੱਲੀ ‘ਚ ਜ਼ੋਰ-ਅਜ਼ਮਾਈ ਸ਼ੁਰੂ ਹੋ ਚੁੱਕੀ ਹੈ। ਦੁਆਬਾ ਖੇਤਰ ਦੀ ਭਰਵੀਂ ਪ੍ਰਤੀਨਿਧਤਾ ਲਈ ਰਾਣਾ ਗੁਰਜੀਤ ਸਿੰਘ ਮੁੜ ਵਜ਼ਾਰਤ ਵਿਚ ਸ਼ਾਮਲ ਹੋਣ ਤਤਪਰ ਹਨ ਤੇ ਇਸ ਵੇਲੇ ਉਹ ਮੁੱਖ ਮੰਤਰੀ ਦੀਆਂ ਨਿਗਾਹਾਂ ਵਿਚ ਦੱਸੇ ਜਾਂਦੇ ਹਨ। ਪੰਜਾਬ ਵਜ਼ਾਰਤ ਤੇ ਚੇਅਰਮੈਨੀਆਂ ਦੀ ਵੰਡ ‘ਚ ਵਾਲਮੀਕਿ-ਮਜ਼ਬੀ ਸਿੱਖ ਭਾਈਚਾਰੇ ਨੂੰ ਪ੍ਰਤੀਨਿਧਤਾ ਨਾ ਮਿਲਣ ਦਾ ਮੁੱਦਾ ਵੀ ਬੜੇ ਜ਼ੋਰ ਨਾਲ ਉੱਠਿਆ ਹੈ ਤੇ ਇਸ ਵਰਗ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਬਾਰੇ ਗੰਭੀਰਤਾ ਨਾਲ ਵਿਚਾਰਿਆ ਵੀ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਕੈਬਨਿਟ ਰੈਂਕ ਵਾਲੇ ਪੰਜਾਬ ਗੁਦਾਮ ਨਿਗਮ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਆਪਣਾ ਅਹੁਦਾ ਛੱਡ ਕੇ ਵਜ਼ਾਰਤ ‘ਚ ਸ਼ਾਮਲ ਹੋਣ ਲਈ ਦਿੱਲੀ ਹਾਈਕਮਾਨ ਤੱਕ ਪਹੁੰਚ ਕਰ ਰਹੇ ਹਨ। ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਤ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੀ ਸਰਗਰਮ ਦੱਸੇ ਜਾਂਦੇ ਹਨ।
ਇਨ੍ਹਾਂ ਤੋਂ ਇਲਾਵਾ ਲੁਧਿਆਣਾ ਦੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਆਧੀਆ ਵੀ ਮੰਤਰੀ ਬਣਨ ਦੀ ਕਤਾਰ ਵਿਚ ਹਨ। ਜੇਕਰ ਦੁਆਬੇ ‘ਚ ਆਦਿ ਧਰਮੀ ਵਰਗ ਨੂੰ ਪ੍ਰਤੀਨਿਧਤਾ ਮਿਲਦੀ ਹੈ ਤਾਂ ਜਲੰਧਰ ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਵੀ ਜ਼ੋਰ-ਅਜ਼ਮਾਈ ਵਿਚ ਦੱਸੇ ਜਾਂਦੇ ਹਨ। ਪਤਾ ਲੱਗਾ ਹੈ ਕਿ ਜੇਕਰ ਸਪੀਕਰ ਬਦਲਿਆ ਜਾਂਦਾ ਹੈ ਤਾਂ ਮੌਜੂਦਾ ਸਪੀਕਰ ਰਾਣਾ ਕੇ. ਪੀ. ਸਿੰਘ ਵਜ਼ਾਰਤ ਵਿਚ ਸ਼ਾਮਲ ਕੀਤੇ ਜਾਣਾ ਸੰਭਵ ਹੈ।
_______________________________________
ਵਿਭਾਗ ਕੰਮ ਦੇ ਆਧਾਰ ‘ਤੇ ਬਦਲੇ ਜਾਣ ਵਿਭਾਗ: ਵੜਿੰਗ
ਚੰਡੀਗੜ੍ਹ: ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਆਪਣੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਮੰਤਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ਉਨ੍ਹਾਂ ਦੇ ਵਿਭਾਗ ਬਦਲੇ ਜਾਣੇ ਚਾਹੀਦੇ ਹਨ। ਪੰਜਾਬ ‘ਚ ਕਾਂਗਰਸ ਸਰਕਾਰ ਦੇ ਤਿੰਨ ਸਾਲ ਗੁਜ਼ਰ ਚੁੱਕੇ ਹਨ ਅਤੇ ਹੁਣ ਮੁੱਖ ਮੰਤਰੀ ਨੂੰ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰ ਕੇ ਵਿਧਾਇਕਾਂ ਨੂੰ ਮੰਤਰੀ ਬਣਨ ਦਾ ਮੌਕਾ ਦੇਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਹਾਲਾਂਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ ਕਿ ਉਹ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰਨ ਜਾਂ ਨਾ ਕਰਨ ਪਰ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਗੁਜ਼ਰ ਚੁੱਕਿਆ ਹੈ ਅਤੇ ਹੁਣ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮੰਤਰੀ ਮੰਡਲ ਵਿਚ ਸ਼ਾਮਲ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਹੋਏ ਜੋ ਮੰਤਰੀ ਆਪਣੇ ਕੰਮ ਵਿਚ ਖਰੇ ਨਹੀਂ ਉਤਰੇ, ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰਕੇ ਨਵੇਂ ਚਿਹਰੇ ਸ਼ਾਮਲ ਕਰ ਲੈਣ।