ਬਾਦਲਾਂ ਹੱਥ ਹੀ ਰਹੇਗੀ ਅਕਾਲੀ ਦਲ ਦੀ ਕਮਾਨ, ਸੁਖਬੀਰ ਮੁੜ ਪ੍ਰਧਾਨ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਡੈਲੀਗੇਟ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੀਜੀ ਵਾਰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਅਗਲੇ ਪੰਜ ਸਾਲਾਂ ਵਾਸਤੇ ਪਾਰਟੀ ਦਾ ਤੀਜੀ ਵਾਰ ਮੁੜ ਪ੍ਰਧਾਨ ਚੁਣਿਆ ਹੈ।

ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਪ੍ਰਧਾਨ ਦੇ ਉਮੀਦਵਾਰ ਵਾਸਤੇ ਕੋਈ ਹੋਰ ਨਾਂ ਸਾਹਮਣੇ ਨਾ ਆਉਣ ਉਤੇ ਚੋਣ ਨਿਗਰਾਨ ਬਣੇ ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਐਲਾਨਿਆ। ਇਸ ਤੋਂ ਪਹਿਲਾਂ ਜਥੇਦਾਰ ਤੋਤਾ ਸਿੰਘ ਨੇ ਪ੍ਰਧਾਨ ਦੇ ਉਮੀਦਵਾਰ ਵਜੋਂ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਤਾਈਦ ਮਜੀਦ ਜਗਮੀਤ ਸਿੰਘ ਬਰਾੜ ਨੇ ਕੀਤੀ। ਤੀਜੀ ਵਾਰ ਪ੍ਰਧਾਨ ਚੁਣੇ ਜਾਣ ਉਤੇ ਇਜਲਾਸ ਵਿਚ ਹਾਜ਼ਰ ਡੈਲੀਗੇਟਾਂ ਨੇ ਜੈਕਾਰਿਆਂ ਅਤੇ ਸਿਰੋਪਾਉ ਨਾਲ ਸ੍ਰੀ ਬਾਦਲ ਦਾ ਸਨਮਾਨ ਕੀਤਾ।
ਪ੍ਰਧਾਨ ਚੁਣੇ ਜਾਣ ਮਗਰੋਂ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਸ੍ਰੀ ਬਾਦਲ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਹਿੱਤਾਂ ਨੂੰ ਹਮੇਸ਼ਾ ਉਪਰ ਰੱਖਣਗੇ ਅਤੇ ਇਨ੍ਹਾਂ ਦੀ ਪੂਰਤੀ ਲਈ ਕਦੇ ਵੀ ਪਿੱਛੇ ਨਹੀਂ ਹਟਣਗੇ। ਇਸ ਮੌਕੇ ਉਨ੍ਹਾਂ ਡੈਲੀਗੇਟਾਂ ਨੂੰ ਮਿਸ਼ਨ 2022 ਦੀ ਜਾਣਕਾਰੀ ਦਿੰਦਿਆਂ ਮੁੜ ਅਕਾਲੀ ਸਰਕਾਰ ਸਥਾਪਤ ਕਰਨ ਲਈ ਅਗਲੇ ਦੋ ਸਾਲ ਪਾਰਟੀ ਵਾਸਤੇ ਜੀਅ ਜਾਨ ਨਾਲ ਡਟਣ ਦਾ ਸੱਦਾ ਦਿੱਤਾ। ਟਕਸਾਲੀਆਂ ਬਾਰੇ ਗੱਲ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਆਖਿਆ ਕਿ ਟਕਸਾਲੀ ਉਹ ਹਨ, ਜੋ ਪਾਰਟੀ ਨਾਲ ਪੱਕੇ ਤੌਰ ਉਤੇ ਖੜ੍ਹੇ ਹਨ ਅਤੇ ਨਿੱਜੀ ਮੁਫਾਦਾਂ ਤੋਂ ਉਪਰ ਉੱਠ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧੜਿਆਂ ਬਾਰੇ ਸੋਚ ਕੇ ਆਪਣੀ ਸ਼ਕਤੀ ਵਿਅਰਥ ਕਰਨ ਦੀ ਥਾਂ ਉਹ ਪਾਰਟੀ ਨੂੰ ਹੋਰ ਬੁਲੰਦੀ ਵੱਲ ਲਿਜਾਣ ਲਈ ਸੋਚਣਗੇ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਪਾਰਟੀ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਆਪਣੇ ਜੀਵਨ ਦਾ ਵਧੇਰਾ ਸਮਾਂ ਪਾਰਟੀ ਲਈ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਦੇਸ਼ ਅਤੇ ਸੂਬੇ ਦੀ ਤਰੱਕੀ ਹੈ ਪਰ ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਅਤੇ ਖੁਸ਼ਹਾਲ ਹੋ ਸਕਦਾ ਹੈ, ਜੇ ਸੂਬੇ ਕੋਲ ਵਧੇਰੇ ਹੱਕ ਹੋਣ। ਉਨ੍ਹਾਂ ਨੇ ਸੰਘੀ ਢਾਂਚੇ ਦੀ ਸਥਾਪਤੀ ਦੀ ਮੰਗ ਕੀਤੀ। ਨਾਗਰਿਕਤਾ ਬਿੱਲ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨੇ ਬਿੱਲ ਦਾ ਸਮਰਥਨ ਕੀਤਾ ਹੈ ਪਰ ਬਿੱਲ ਵਿਚ ਮੁਸਲਿਮ ਭਾਈਚਾਰੇ ਦਾ ਨਾਂ ਸ਼ਾਮਲ ਕਰਨ ਲਈ ਵੀ ਆਖਿਆ ਹੈ। ਉਨ੍ਹਾਂ ਕਾਂਗਰਸ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਦੋਸ਼ ਲਾਇਆ ਕਿ ਗੁਟਕੇ ਦੀ ਸਹੁੰ ਚੁੱਕ ਕੇ ਵੀ ਸੂਬੇ ਦਾ ਕੋਈ ਫਿਕਰ ਨਹੀਂ ਕੀਤਾ।
ਚੋਣ ਪਿਛੋਂ ਸੁਖਬੀਰ ਸਿੰਘ ਬਾਦਲ ਸਮੂਹ ਆਗੂਆਂ ਤੇ ਡੈਲੀਗੇਟਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਵੀ ਟੇਕਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਨਾਲ ਸਨ। ਇਜਲਾਸ ‘ਚ 500 ਤੋਂ ਵੱਧ ਡੈਲੀਗੇਟ ਹਾਜ਼ਰ ਹੋਏ, ਪਰ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਹੀਂ ਪੁੱਜੇ, ਉਨ੍ਹਾਂ ਦਾ ਡੈਲੀਗੇਟਾਂ ਪ੍ਰਤੀ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ।
______________________________________
ਪਾਰਟੀ ਸੰਵਿਧਾਨ ‘ਚ ਸੋਧਾਂ ਨੂੰ ਪ੍ਰਵਾਨਗੀ
ਅੰਮ੍ਰਿਤਸਰ: ਪਾਰਟੀ ਦੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਇਜਲਾਸ ਦੀ ਕਾਰਵਾਈ ਦੀ ਸ਼ੁਰੂ ਕਰਦਿਆਂ ਪਾਰਟੀ ਦੇ ਸੰਵਿਧਾਨ ਵਿਚ ਕੁਝ ਸੋਧਾਂ ਅਤੇ ਵਿੱਤੀ ਮਾਮਲਿਆਂ ਦੀ ਰਿਪੋਰਟ ਆਦਿ ਨੂੰ ਇਜਲਾਸ ‘ਚ ਰੱਖਿਆ, ਜਿਸ ਨੂੰ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ। ਸੰਵਿਧਾਨ ‘ਚ ਕੀਤੀ ਸੋਧ ਮੁਤਾਬਕ ਹੁਣ ਪਾਰਟੀ ਦੇ ਅਹੁਦੇਦਾਰਾਂ ਦੀ ਗਿਣਤੀ ਵਧਾ ਕੇ 74 ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਤਹਿਤ ਸਰਪ੍ਰਸਤ ਅਤੇ ਪ੍ਰਧਾਨ ਤੋਂ ਬਾਅਦ 8 ਸੀਨੀਅਰ ਮੀਤ ਪ੍ਰਧਾਨ, 12 ਜੂਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ ਇਕ ਅਤੇ 8 ਸਕੱਤਰ ਸਮੇਤ ਕੁਲ 74 ਅਹੁਦੇਦਾਰ ਹੋਣਗੇ। ਵਰਕਿੰਗ ਕਮੇਟੀ ਮੈਂਬਰਾਂ ਦੀ ਗਿਣਤੀ 101 ਹੋਵੇਗੀ। ਸਰਕਲ ਇਕਾਈ ਦੀ ਥਾਂ ਹੁਣ ਪਿੰਡਾਂ ਵਿਚ 25 ਹਜ਼ਾਰ ਵੋਟਾਂ ਤੱਕ ਨੂੰ ਇਕ ਇਕਾਈ ਬਣਾਇਆ ਜਾਵੇਗਾ। 50 ਹਜ਼ਾਰ ਵੋਟਾਂ ਵਾਲੇ ਕਸਬਿਆਂ ਵਿਚ ਸ਼ਹਿਰੀ ਪ੍ਰਧਾਨ ਨਿਯੁਕਤ ਹੋਵੇਗਾ। ਇਸੇ ਤਰ੍ਹਾਂ 50 ਹਜ਼ਾਰ ਵੋਟਾਂ ਵਾਲੇ ਸ਼ਹਿਰਾਂ ‘ਚ ਚਾਰ ਵਾਰਡਾਂ ਨੂੰ ਇਕੱਠਾ ਕਰ ਕੇ ਪ੍ਰਧਾਨ ਬਣਾਇਆ ਜਾਵੇਗਾ।
________________________________________
ਡੈਲੀਗੇਟ ਇਜਲਾਸ ਦੌਰਾਨ 15 ਮਤੇ ਪਾਸ
ਅੰਮ੍ਰਿਤਸਰ: ਡੈਲੀਗੇਟ ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ 15 ਮਤੇ ਪਾਸ ਕੀਤੇ। ਇਹ ਮਤੇ ਜਥੇਬੰਦੀ ਦੇ ਵੱਖ ਵੱਖ ਆਗੂਆਂ ਨੇ ਪੜ੍ਹੇ। ਇਕ ਮਤੇ ਰਾਹੀਂ ਸੂਬੇ ਦੀ ਕਾਂਗਰਸ ਸਰਕਾਰ ਉਤੇ ਚੋਣ ਮਨੋਰਥ ਪੱਤਰ ਨੂੰ ਲਾਗੂ ਨਾ ਕਰਨ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਤੋਂ ਕਾਂਗਰਸ ਸਰਕਾਰ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਗਈ। ਹੋਰ ਮਤਿਆਂ ਰਾਹੀਂ ਕੇਂਦਰ ਸਰਕਾਰ ਕੋਲੋਂ ਹਰਿਆਣਾ, ਹਿਮਾਚਲ, ਦਿੱਲੀ ਅਤੇ ਹੋਰ ਪੰਜਾਬੀ ਵਸੋਂ ਵਾਲੇ ਸੂਬਿਆਂ ‘ਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਉਪਰਾਲੇ ਕਰਨ ਤੋਂ ਇਲਾਵਾ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ, ਗੁਰਦੁਆਰਾ ਬਾਵਲੀ ਮੱਠ, ਮੰਗੂ ਮੱਠ, ਪੰਜਾਬੀ ਮੱਠ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਗਈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕਰ ਕੇ ਉਸ ਦੀ ਰਿਹਾਈ ਅਤੇ ਰਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਐਵਾਰਡ ਵਾਪਸ ਲੈਣ, ਪਾਣੀਆਂ ਦੀ ਵੰਡ ਬਾਰੇ ਫੈਸਲਾ ਰਿਪੇਰੀਅਨ ਕਾਨੂੰਨ ਮੁਤਾਬਕ ਕਰਨ ਦੀ ਮੰਗ ਕੀਤੀ ਗਈ।