ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਆਪਣੇ ਤਿੰਨ ਸਾਲ ਪੂਰੇ ਹੋਣ ਉਤੇ ਵੱਡੇ ਅੰਦਰੂਨੀ ਸੰਕਟ ਵਿਚ ਫਸਦੀ ਨਜ਼ਰ ਆ ਰਹੀ ਹੈ ਤੇ ਇਸ ਵੇਲੇ ਕਾਂਗਰਸੀਆਂ ਨੂੰ ਰਾਜ ਅੰਦਰ ਆਪਣੀ ਸਰਕਾਰ ਨਾ ਹੋਣ ਦਾ ਅਹਿਸਾਸ ਬੇਹੱਦ ਚੁੱਭਣ ਲੱਗ ਪਿਆ ਹੈ। ਆਮ ਕਰਕੇ ਵਿਰੋਧੀ ਧਿਰਾਂ ਜਾਂ ਆਮ ਲੋਕਾਂ ਵੱਲੋਂ ਸਰਕਾਰ ਦੀ ਕਾਰਜਸ਼ੈਲੀ ਬਾਰੇ ਨਾਰਾਜ਼ਗੀ ਪ੍ਰਗਟ ਕੀਤੀ ਜਾਂਦੀ ਹੈ, ਪਰ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਕੂਮਤੀ ਪਾਰਟੀ ਦੇ ਆਮ ਵਰਕਰ ਤੋਂ ਲੈ ਕੇ ਸਿਖਰਲੀ ਲੀਡਰਸ਼ਿਪ ਤੱਕ ਸਰਕਾਰ ਖਾਸ ਕਰ ਮੁੱਖ ਮੰਤਰੀ ਦੀ ਕਾਰਜਸ਼ੈਲੀ ਉਤੇ ਸਵਾਲ ਚੁੱਕ ਰਹੇ ਹਨ।
ਹੁਣ ਖੁਦ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਅਫਸਰਸ਼ਾਹੀ ਤੋਂ ਰਾਜ ਨੂੰ ਨਿਜਾਤ ਦੁਆਉਣ ਲਈ ਸਰਕਾਰ ਦੀ ਕਮਾਨ ਸੰਭਾਲਣ ਦਾ ਬਿਆਨ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਨੂੰ ਵੱਡੀ ਵੰਗਾਰ ਪੇਸ਼ ਕਰ ਦਿੱਤੀ ਹੈ। ਕਾਂਗਰਸ ਅੰਦਰ ਵਿਸਫੋਟਕ ਹਾਲਾਤ ਦਾ ਸਪੱਸ਼ਟ ਸੰਕੇਤ 9 ਦਸੰਬਰ ਨੂੰ ਜਲੰਧਰ ਸ਼ਹਿਰੀ ਤੇ ਦਿਹਾਤੀ ਕਾਂਗਰਸ ਕਮੇਟੀਆਂ ਦੇ ਵਰਕਰਾਂ ਦੀ ਸ੍ਰੀ ਜਾਖੜ ਤੇ ਲੀਡਰਸ਼ਿਪ ਨਾਲ ਹੋਈ ਮੀਟਿੰਗ ਵਿਚ ਸਾਹਮਣੇ ਆਇਆ ਸੀ। ਹੈਰਾਨੀ ਦੀ ਗੱਲ ਹੈ ਕਿ ਕਰੀਬ 6 ਘੰਟੇ ਚੱਲੀਆਂ ਮੀਟਿੰਗਾਂ ਵਿਚ ਕਿਸੇ ਇਕ ਵੀ ਬੁਲਾਰੇ ਨੇ ਸਰਕਾਰ ਦੀ ਤਾਰੀਫ ਨਹੀਂ ਕੀਤੀ, ਸਗੋਂ ਇਕ ਤੋਂ ਬਾਅਦ ਇਕ ਬੁਲਾਰਾ ਭਰਿਆ ਪੀਤਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਆੜੇ ਹੱਥੀਂ ਲੈ ਰਿਹਾ ਸੀ। ਬੇਅਦਬੀ ਮਾਮਲੇ ‘ਚ ਕੋਈ ਕਾਰਵਾਈ ਨਾ ਹੋਣ ਕਾਰਨ ਮਾਝੇ ਦੇ ਕਈ ਮੰਤਰੀ ਪਹਿਲਾਂ ਹੀ ਨਾਰਾਜ਼ਗੀ ਜ਼ਾਹਰ ਕਰਦੇ ਆ ਰਹੇ ਹਨ। ਸਰਕਾਰ ਅੰਦਰ ਅਫਸਰਸ਼ਾਹੀ ਦੇ ਬੋਲਬਾਲੇ ਤੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਸਰਕਾਰੇ-ਦਰਬਾਰੇ ਕੋਈ ਪੁੱਛ ਨਾ ਹੋਣ ਦਾ ਮਾਮਲਾ ਇਸ ਵੇਲੇ ਬੇਹੱਦ ਭਖਿਆ ਹੋਇਆ ਹੈ।
ਸਿਆਸੀ ਮਾਹਿਰ ਹੈਰਾਨ ਹਨ ਕਿ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਦੋ ਤਿਹਾਈ ਬਹੁਮਤ ਨਾਲ ਜਿੱਤ ਦੇ ਬਾਵਜੂਦ ਕਾਂਗਰਸ ਆਗੂਆਂ ਨੂੰ ਇਹ ਅਨੁਭਵ ਕਿਉਂ ਨਹੀਂ ਹੋ ਰਿਹਾ ਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਹੈ। ਇਸ ਦਾ ਸਬੂਤ ਕਈ ਕਾਂਗਰਸ ਵਿਧਾਇਕਾਂ ਦੁਆਰਾ ਖੁੱਲ੍ਹੇ ਬਗਾਵਤੀ ਮੂਡ ਵਿਚ ਕੀਤੀ ਗਈ ਬਿਆਨਬਾਜ਼ੀ ਹੈ। ਹੁਣ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਵਿਚ ਫਿਲਹਾਲ ਲੋਕਾਂ ਦੀ ਸਰਕਾਰ ਨਹੀਂ ਹੈ। ਉਨ੍ਹਾਂ ਦੀ ਇਹ ਧਾਰਨਾ ਪਾਰਟੀ ਕਾਰਕੁਨਾਂ ਨਾਲ ਮੀਟਿੰਗਾਂ ਤੋਂ ਬਾਅਦ ਸਾਹਮਣੇ ਆਈ ਹੈ। ਜਾਖੜ ਦੇ ਇਸ ਕਥਨ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਮਾਨ ਆਪਣੇ ਹੱਥ ਲੈਣ, ਦੇ ਅਰਥ ਬਹੁਤ ਗਹਿਰੇ ਹਨ। ਇਕ ਤਰ੍ਹਾਂ ਨਾਲ ਕਾਂਗਰਸੀ ਆਗੂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੈਪਟਨ ਸਰਕਾਰ ਚਲਾਉਣ ਵਿਚ ਦਿਲਚਸਪੀ ਨਹੀਂ ਲੈ ਰਹੇ ਅਤੇ ਸਾਰਾ ਕੰਮ ਅਫਸਰਸ਼ਾਹੀ ਉੱਤੇ ਛੱਡ ਰੱਖਿਆ ਹੈ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਪੰਥਕ ਜਥੇਬੰਦੀਆਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਪਿਛਲੇ ਦਿਨੀਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਸਾਹਮਣੇ ਰੋਸ ਪ੍ਰਗਟ ਕਰਦਿਆਂ ਮੰਤਰੀ ਨੂੰ ਸੰਗਤ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਯਾਦ ਤਾਜ਼ਾ ਕਰਵਾਈ ਗਈ। ਖੁਦ ਰੰਧਾਵਾ ਉਨ੍ਹਾਂ ਦੇ ਰੋਸ ਧਰਨੇ ਵਿਚ ਆ ਬੈਠੇ ਅਤੇ ਆਪਣਾ ਪੁਰਾਣਾ ਬਿਆਨ ਦੁਹਰਾਇਆ ਕਿ ਅਹੁਦੇ ਆਉਂਦੇ ਰਹਿੰਦੇ ਹਨ ਪਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਪੰਥਕ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਇਸ ਜਾਂਚ ਨੂੰ ਸੀ.ਬੀ.ਆਈ. ਅਤੇ ਪੰਜਾਬ ਪੁਲਿਸ ਦੇ ਚੱਕਰ ਵਿਚ ਫਸਾ ਰੱਖਿਆ ਹੈ। ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਇਹ ਦੋਸ਼ ਵੀ ਲਗਾਉਂਦੀਆਂ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਕਿਤੇ ਨਾ ਕਿਤੇ ਆਪਸੀ ਸਮਝੌਤਾ ਹੋ ਚੁੱਕਾ ਹੈ। ਲੋਕਾਂ ਵਿਚ ਜਾ ਰਿਹਾ ਇਹ ਪ੍ਰਭਾਵ ਕਾਂਗਰਸ ਲਈ ਨੁਕਸਾਨਦੇਹ ਹੋ ਸਕਦਾ ਹੈ।
ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮੁਆਫੀ ਦਾ ਕੰਮ ਅਜੇ ਬਾਕੀ ਹੈ। ਘਰ ਘਰ ਨੌਕਰੀ ਅਤੇ ਪੰਜਾਬ ‘ਚੋਂ ਨਸ਼ਾ ਤਸਕਰੀ ਦਾ ਲੱਕ ਤੋੜ ਦੇਣ ਦੇ ਵਾਅਦੇ ਵੀ ਨਿਭਾਏ ਨਹੀਂ ਗਏ। ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ‘ਚ ਮੁਸ਼ਕਲ ਆ ਰਹੀ ਹੈ। ਸਰਕਾਰੀ ਦਫਤਰਾਂ ‘ਚ ਆਮ ਲੋਕਾਂ ਦੀ ਪੁੱਛ ਨਹੀਂ ਹੈ। ਬਹੁਤ ਸਾਰੇ ਲੋਕ ਅਮਰਿੰਦਰ ਸਿੰਘ ਦੇ 2002 ਤੋਂ 2007 ਤੱਕ ਦੀ ਸਰਕਾਰ ਨਾਲ ਤੁਲਨਾ ਕਰਦਿਆਂ ਕਹਿੰਦੇ ਹਨ ਕਿ ਉਸ ਵਕਤ ਪ੍ਰਸ਼ਾਸਨਿਕ ਤੰਤਰ ਚੁਸਤ ਦਰੁਸਤ ਦਿਖਾਈ ਦਿੰਦਾ ਸੀ, ਇਸ ਨੇ ਕੈਪਟਨ ਦਾ ਸਿਆਸੀ ਕੱਦ ਵਧਾਇਆ ਸੀ। ਕੇਂਦਰੀ ਲੀਡਰਸ਼ਿਪ ਕਮਜ਼ੋਰ ਹੋਣ ਕਰਕੇ ਕਾਂਗਰਸੀਆਂ ਅੰਦਰਲੀ ਬਗਾਵਤ ਪਹਿਲਾਂ ਵਰਗਾ ਰੂਪ ਨਹੀਂ ਲੈ ਰਹੀ ਪਰ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਅੰਦਰ ਪੈਦਾ ਹੋ ਰਿਹਾ ਲਾਵਾ ਕਦੋਂ ਫਟ ਜਾਵੇ।
___________________________________________
ਅਫਸਰਸ਼ਾਹੀ ਤੇ ਸੂਬੇ ਦੇ ਲੋਕਾਂ ਵਿਚਾਲੇ ਪਾੜਾ ਵਧਿਆ: ਜਾਖੜ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ, ਕਾਂਗਰਸੀ ਵਰਕਰਾਂ ਤੇ ਸੂਬੇ ਦੀ ਅਫਸਰਸ਼ਾਹੀ ਵਿਚਾਲੇ ਰਾਜ ਦੀਆਂ ਮੁਸ਼ਕਲਾਂ ਬਾਰੇ ਬਹੁਤ ਵੱਡਾ ਪਾੜਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੱਸਿਆਵਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਪਾਰਟੀ ਅਤੇ ਲੋਕ ਸਮੱਸਿਆਵਾਂ ਹੱਲ ਨਾ ਹੋਣ ਕਰ ਕੇ ਪਰੇਸ਼ਾਨ ਹਨ ਪਰ ਸੂਬੇ ਦੀ ਚੰਡੀਗੜ੍ਹ ਵਿਚ ਬੈਠੀ ਅਫਸਰਸ਼ਾਹੀ ਇਸ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਰਹੀ ਤੇ ਸੂਬੇ ਦੀ ਹਾਲਤ ਨੂੰ ਠੀਕ-ਠਾਕ ਹੀ ਦੱਸਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੂਬੇ ਦੇ ਲੋਕਾਂ, ਕਾਂਗਰਸੀ ਵਰਕਰਾਂ ਦੀਆਂ ਸਮੱਸਿਆਵਾਂ ਦੀ ਸ਼ਨਾਖਤ ਕਰਨ। ਮਗਰੋਂ ਹੱਲ ਲਈ ਢੁਕਵੇਂ ਕਦਮ ਚੁੱਕੇ ਜਾ ਸਕਦੇ ਹਨ।