ਨਵੀਂ ਦਿੱਲੀ: ਨਾਗਰਿਕਤਾ (ਸੋਧ) ਕਾਨੂੰਨ ਖਿਲਾਫ ਰੋਹ ਪੂਰੇ ਮੁਲਕ ਵਿਚ ਫੈਲ ਗਿਆ ਹੈ। ਵੱਡੀ ਗਿਣਤੀ ਵਿਦਿਆਰਥੀ ਜਥੇਬੰਦੀਆਂ ਵੀ ਸਰਕਾਰ ਦੇ ਇਸ ਫੈਸਲੇ ਖਿਲਾਫ ਨਿੱਤਰ ਆਈਆਂ ਹਨ। ਉੱਤਰ-ਪੂਰਬੀ ਸੂਬਿਆਂ ‘ਚ ਹਿੰਸਕ ਮੁਜ਼ਾਹਰਿਆਂ ਨੇ ਮੋਦੀ ਸਰਕਾਰ ਨੂੰ ਸੋਚੀਂ ਪਾ ਦਿੱਤਾ ਹੈ।
ਪੱਛਮੀ ਬੰਗਾਲ ‘ਚ ਵੱਡੇ ਪੱਧਰ ਉਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ‘ਚ ਮੁਜ਼ਾਹਰਾਕਾਰੀਆਂ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀ ਕਰਫਿਊ ਦੀ ਪ੍ਰਵਾਹ ਨਾ ਕਰਦਿਆਂ ਸੜਕਾਂ ‘ਤੇ ਆ ਗਏ ਅਤੇ ਕਈ ਥਾਵਾਂ ਉਤੇ ਪੁਲਿਸ ਨਾਲ ਭਿੜ ਗਏ। ਫੌਜ ਵੱਲੋਂ ਕੱਢੇ ਗਏ ਫਲੈਗ ਮਾਰਚ ਦਾ ਵੀ ਰੋਹ ‘ਚ ਆਏ ਲੋਕਾਂ ਉਤੇ ਕੋਈ ਅਸਰ ਨਾ ਪਿਆ। ਪੁਲਿਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਕੀਤੀ ਗਈ ਗੋਲੀਬਾਰੀ ‘ਚ 4 ਜਣੇ ਮਾਰੇ ਗਏ।
ਦਿੱਲੀ ‘ਚ ਪ੍ਰਦਰਸ਼ਨਕਾਰੀ ਨਿਊ ਫਰੈਂਡਜ਼ ਕਲੋਨੀ ‘ਚ ਪੁਲਿਸ ਨਾਲ ਭਿੜ ਗਏ ਅਤੇ ਚਾਰ ਬੱਸਾਂ ਤੇ ਦੋ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੱਛਮੀ ਬੰਗਾਲ ‘ਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਰਕਾਰ ਨੇ ਮਾਲਦਾ, ਉੱਤਰ ਦਿਨਾਜਪੁਰ, ਮੁਰਸ਼ਿਦਾਬਾਦ, ਹਾਵੜਾ, ਨੌਰਥ 24 ਪਰਗਨਾ ਅਤੇ ਸਾਊਥ 24 ਪਰਗਨਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਉੱਤਰੀ 24 ਪਰਗਨਾ ਅਤੇ ਨਾਦੀਆ ਜ਼ਿਲ੍ਹਿਆਂ ਦੇ ਅਮਦਾਂਗਾ ਅਤੇ ਕਲਿਆਣੀ ਇਲਾਕਿਆਂ ‘ਚ ਪ੍ਰਦਰਸ਼ਨਕਾਰੀਆਂ ਨੇ ਰਸਤੇ ਰੋਕ ਕੇ ਸੜਕਾਂ ਉਤੇ ਲੱਕੜਾਂ ਨੂੰ ਅੱਗ ਲਾ ਦਿੱਤੀ। ਦਿਗੰਗਾ ਇਲਾਕੇ ‘ਚ ਕਈ ਦੁਕਾਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਸਾਊਥ 24 ਪਰਗਨਾ ਜ਼ਿਲ੍ਹੇ ‘ਚ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਅਕਰਾ ਸਟੇਸ਼ਨ ‘ਤੇ ਭੰਨ-ਤੋੜ ਤੋਂ ਇਲਾਵਾ ਪਟੜੀ ਨੂੰ ਅੱਗ ਲਗਾ ਦਿੱਤੀ ਗਈ।
ਹਿੰਸਕ ਮੁਜ਼ਾਹਰਿਆਂ ਕਾਰਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਦੂਜੇ ਪਾਸੇ ਸ਼ਾਂਤੀ ਬਹਾਲੀ ਲਈ ਫੌਜ ਤੇ ਅਸਾਮ ਰਾਈਫਲਜ਼ ਦੀਆਂ ਅੱਠ ਟੁਕੜੀਆਂ ਅਸਾਮ ਭੇਜੀਆਂ ਗਈਆਂ ਹਨ। ਮੇਘਾਲਿਆ ਦੇ ਰਾਜ ਭਵਨ ਦੇ ਬਾਹਰ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ। ਅਸਾਮ ਦੇ ਡਿਬਰੂਗੜ੍ਹ ਤੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਕਰਫਿਊ ‘ਚ ਰਾਹਤ ਦਿੱਤੀ ਗਈ ਪਰ ਪੱਛਮੀ ਬੰਗਾਲ ਵਿਚ ਮੁਜ਼ਾਹਰੇ ਹਿੰਸਕ ਰੂਪ ਧਾਰ ਗਏ ਜਿਥੇ ਮੁਜ਼ਾਹਰਾਕਾਰੀਆਂ ਨੇ ਮੁਰਸ਼ਿਦਾਬਾਦ ਜ਼ਿਲ੍ਹੇ ‘ਚ ਬੇਲਡਾਂਗਾ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ ਤੇ ਰੇਲਵੇ ਪੁਲਿਸ ਦੇ ਜਵਾਨ ਨਾਲ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਹਾਵੜਾ, ਬੀਰਭੂਮ ਅਤੇ ਬੁਰਦਵਾਨ ਤੇ ਉੱਤਰੀ ਬੰਗਾਲ ਦੇ ਕੁਝ ਹਿੱਸਿਆਂ ‘ਚ ਹਿੰਸਕ ਘਟਨਾਵਾਂ ਵਾਪਰੀਆਂ। ਰੇਲਵੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਰੇਲਵੇ ਸਟੇਸ਼ਨਾਂ ਦੇ ਕਈ ਹਿੱਸੇ, ਮਸ਼ੀਨਾਂ ਤੇ ਪਟੜੀਆਂ ਨੂੰ ਲੱਗ ਲਗਾ ਦਿੱਤੀ ਹੈ। ਰੇਲਵੇ ਦੀ ਸੇਵਾ ਵੀ ਮੁਜ਼ਾਹਰਿਆਂ ਕਾਰਨ ਪ੍ਰਭਾਵਿਤ ਹੋਈ ਹੈ।
ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਵੇਂ ਨਾਗਰਿਕਤਾ ਐਕਟ ਖਿਲਾਫ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀਆਂ ਦਿੱਲੀ ਪੁਲਿਸ ਨਾਲ ਝੜਪਾਂ ਹੋਈਆਂ। ਵਿਦਿਆਰਥੀਆਂ ਵੱਲੋਂ ਪੁਲਿਸ ਉਤੇ ਪਥਰਾਅ ਕੀਤਾ ਗਿਆ ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗ ਕੇ ਅਤੇ ਲਾਠੀਚਾਰਜ ਕਰਕੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਖਦੇੜਿਆ। ਪੁਲਿਸ ਤੇ ਵਿਦਿਆਰਥੀਆਂ ਦਰਮਿਆਨ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਭਵਨ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਤੇ ਵਿਦਿਆਰਥੀ ਰੋਕਾਂ ਟੱਪ ਕੇ ਅੱਗੇ ਵਧਣ ਲੱਗੇ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੱਤੇ ਸਨ। ਇਸ ਰੋਸ ਮੁਜ਼ਾਹਰੇ ‘ਚ ਕਰੀਬ ਦੋ ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਰੋਸ ਮੁਜ਼ਾਹਰੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੈ ਜਿਸ ‘ਚ ਪੁਲਿਸ ਉਨ੍ਹਾਂ ‘ਤੇ ਲਾਠੀਚਾਰਜ ਕਰਦੀ ਦਿਖਾਈ ਦੇ ਰਹੀ ਹੈ। ਲਾਠੀਚਾਰਜ ‘ਚ ਕਈ ਵਿਦਿਆਰਥੀਆਂ ਦੇ ਜਖਮੀ ਹੋ ਗਏ।
__________________________________________
ਲੋਕਾਂ ਨੂੰ ਭੜਕਾ ਰਹੀ ਹੈ ਕਾਂਗਰਸ: ਮੋਦੀ
ਦੁਮਕਾ (ਝਾਰਖੰਡ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਉਨ੍ਹਾਂ ਦੇ ਭਾਈਵਾਲਾਂ ‘ਤੇ ਦੋਸ਼ ਲਾਇਆ ਹੈ ਕਿ ਉਹ ਨਾਗਰਿਕਤਾ ਕਾਨੂੰਨ ਉਤੇ ਰੌਲਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮੁਲਕ ਦੇ ਕਈ ਹਿੱਸਿਆਂ ‘ਚ ਇਸ ਮੁੱਦੇ ‘ਤੇ ਅਗਜ਼ਨੀ ਅਤੇ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਰਹੀ ਹੈ। ਕਿਸੇ ਪਾਰਟੀ ਜਾਂ ਫਿਰਕੇ ਦਾ ਨਾਮ ਲਏ ਬਿਨਾਂ ਮੋਦੀ ਨੇ ਕਿਹਾ ਕਿ ਜਿਹੜੇ ਅੱਗ ਭੜਕਾ ਰਹੇ ਹਨ, ਉਨ੍ਹਾਂ ਨੂੰ ਕੱਪੜਿਆਂ ਨਾਲ ਪਛਾਣਿਆ ਜਾ ਸਕਦਾ ਹੈ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਉੱਤਰ-ਪੂਰਬ ਅਤੇ ਪੱਛਮੀ ਬੰਗਾਲ ‘ਚ ਹਿੰਸਕ ਪ੍ਰਦਰਸ਼ਨਾਂ ਨੂੰ ਵਿਰੋਧੀ ਅਸਿੱਧੇ ਤੌਰ ਉਤੇ ਸ਼ਹਿ ਦੇ ਰਹੇ ਹਨ।
__________________________________________
ਸੰਯੁਕਤ ਰਾਸ਼ਟਰ ਵਲੋਂ ਸਥਿਤੀ ਦੀ ਸਮੀਖਿਆ
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤ ‘ਚ ਸੋਧੇ ਗਏ ਨਾਗਰਿਕਤਾ ਕਾਨੂੰਨ ਤੋਂ ਬਾਅਦ ਬਣੀ ਸਥਿਤੀ ਉਤੇ ਮੁਲਕ ‘ਨੇੜਿਉਂ ਨਜ਼ਰ’ ਰੱਖ ਰਿਹਾ ਹੈ। ਅਮਰੀਕਾ ਨੇ ਨਵੀਂ ਦਿੱਲੀ ਨੂੰ ਭਾਰਤ ਦੀਆਂ ਸੰਵਿਧਾਨਕ ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਮੁਤਾਬਕ ਧਾਰਮਿਕ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਨੇ ਵੀ ਕਿਹਾ ਹੈ ਕਿ ਸੋਧ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਭਾਰਤ ਵਿਚ ਉਪਜ ਰਹੀ ਸਥਿਤੀ ਦੀ ਸੰਗਠਨ ਸਮੀਖਿਆ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਨੇ ਕਿਹਾ ਕਿ ਆਲਮੀ ਸੰਗਠਨ ਦੇ ਮੁਢਲੇ ਸਿਧਾਂਤਾਂ ਵਿਚ ਮਨੁੱਖੀ ਹੱਕਾਂ ਨੂੰ ਪਹਿਲ ਦਿੱਤੀ ਗਈ ਹੈ ਤੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹਰ ਕਿਸੇ ਤੋਂ ਤਵੱਕੋ ਕੀਤੀ ਜਾਂਦੀ ਹੈ। ਨਾਗਰਿਕਤਾ ਕਾਨੂੰਨ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕੀਤੀ ਟਿੱਪਣੀ ਦੀ ਭਾਰਤ ਵੱਲੋਂ ਨਿਖੇਧੀ ਦਾ ਜਵਾਬ ਦਿੰਦਿਆਂ ਪਾਕਿ ਨੇ ਕਿਹਾ ਕਿ ‘ਝੂਠ’ ਇਸ ਕਾਨੂੰਨ ਦਾ ਅਧਾਰ ਹੈ।