ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਨਾਈਟਿਡ ਕਿੰਗਡਮ (ਯੂਕੇ) ਦੇ ਦਹਾਕਿਆਂ ਦੇ ਇਤਿਹਾਸ ‘ਚ ਸਭ ਤੋਂ ਨਾਟਕੀ ਆਮ ਚੋਣਾਂ ਭਰਵੇਂ ਬਹੁਮਤ ਨਾਲ ਜਿੱਤ ਲਈਆਂ ਹਨ। ਮੁਲਕ ‘ਚ ਸਿਆਸੀ ਭੰਬਲਭੂਸਾ ਹੁਣ ਮੁੱਕ ਗਿਆ ਹੈ ਤੇ ਇਸ ਦੇ ਨਾਲ ਹੀ ਨਵੇਂ ਵਰ੍ਹੇ ‘ਚ ਬਰਤਾਨੀਆ ਯੂਰਪੀ ਯੂਨੀਅਨ (ਈ.ਯੂ.) ਨਾਲੋਂ ਤੋੜ-ਵਿਛੋੜੇ ਦੇ ਮੰਤਵ ਨਾਲ ਦਾਖਲ ਹੋਵੇਗਾ।
ਜੌਹਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ 364 ਸੀਟਾਂ ਜਿੱਤੀਆਂ ਹਨ। 650 ਮੈਂਬਰੀ ਬ੍ਰਿਟਿਸ਼ ਸੰਸਦ (ਹਾਊਸ ਆਫ ਕਾਮਨਜ਼) ‘ਚ ਲੇਬਰ ਪਾਰਟੀ ਨੂੰ 203 ਸੀਟਾਂ ਹੀ ਮਿਲੀਆਂ ਹਨ। ਯੂਕੇ ਦੀ ਸੰਸਦ ਲਈ ਇਸ ਵਾਰ ਭਾਰਤੀ ਮੂਲ ਦੇ ਰਿਕਾਰਡ 15 ਸੰਸਦ ਮੈਂਬਰ ਚੁਣੇ ਗਏ ਹਨ। ਭਾਰਤੀ ਮੂਲ ਦੇ ਸਿਆਸਤਦਾਨਾਂ ਨੇ ਕੰਜ਼ਰਵੇਟਿਵ ਤੇ ਲੇਬਰ ਦੋਵਾਂ ਧਿਰਾਂ ਵੱਲੋਂ ਜਿੱਤ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਉਤੇ ਵਿਥੈਮ ਹਲਕੇ ਤੋਂ ਮੁੜ ਚੁਣੀ ਗਈ ਹੈ। ਕੰਜ਼ਰਵੇਟਿਵ ਧਿਰ ਦੇ ਹੀ ਗਗਨ ਮੋਹਿੰਦਰਾ ਦੱਖਣ-ਪੱਛਮੀ ਹਰਟਫੋਰਡਸ਼ਾਇਰ ਤੋਂ ਚੁਣੇ ਗਏ ਹਨ। ਗੋਆ ਮੂਲ ਦੇ ਕੰਜ਼ਰਵੇਟਿਵ ਸੰਸਦ ਮੈਂਬਰ ਕਲੇਅਰ ਕੌਟੀਨ੍ਹੋ ਪੂਰਬੀ ਸਰੀ ਸੀਟ ਤੋਂ ਚੋਣ ਜਿੱਤੇ ਹਨ। ਨਵੇਂਦਰੂ ਮਿਸ਼ਰਾ ਲੇਬਰ ਧਿਰ ਲਈ ਤੇ ਮੁਨੀਰਾ ਵਿਲਸਨ ਲਿਬਰਲ ਡੇਮੋਕ੍ਰੇਟਸ ਲਈ ਪਹਿਲੀ ਵਾਰ ਚੋਣ ਜਿੱਤੇ ਹਨ। ਇਨਫੋਸਿਸ ਦੇ ਚੇਅਰਮੈਨ ਨਾਰਾਇਣ ਮੂਰਤੀ ਦੇ ਜਵਾਈ ਤੇ ਕੈਬਨਿਟ ਮੈਂਬਰ ਰਹੇ ਰਿਸ਼ੀ ਸੁਨਾਕ ਵੀ ਕੰਜ਼ਰਵੇਟਿਵ ਧਿਰ ਵੱਲੋਂ ਚੋਣ ਜਿੱਤੇ ਹਨ।
ਕੰਜ਼ਰਵੇਟਿਵ ਅਲੋਕ ਸ਼ਰਮਾ ਰੀਡਿੰਗ ਵੈਸਟ ਤੋਂ ਚੋਣ ਜਿੱਤੇ ਹਨ। ਸ਼ੈਲੇਸ਼ ਵੜਾ ਉੱਤਰ ਪੱਛਮੀ ਕੈਂਬ੍ਰਿਜਸ਼ਾਇਰ ਸੀਟ ਤੋਂ ਅਤੇ ਗੋਆ ਮੂਲ ਦੇ ਸੁਏਲਾ ਬਰੇਵਰਮੈਨ ਵੀ ਫੇਅਰਹੈਮ ਤੋਂ ਚੋਣ ਜਿੱਤ ਗਏ ਹਨ। ਵੈਲੇਰੀ ਵਾਜ਼ ਵਾਲਸਾਲ ਦੱਖਣੀ ਸੀਟ ਤੋਂ ਚੋਣ ਜਿੱਤੀ ਹੈ। 1980 ਦੀ ਮਾਰਗ੍ਰੇਟ ਥੈਚਰ ਦੀ ਸਰਕਾਰ ਤੋਂ ਬਾਅਦ ਹੁਣ ਕਿਸੇ ਪਾਰਟੀ ਨੂੰ ਅਜਿਹਾ ਭਰਵਾਂ ਬਹੁਮਤ ਹਾਸਲ ਹੋਇਆ ਹੈ। ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਬੋਰਿਸ ਜੌਹਨਸਨ (55) ਨੇ ਕਿਹਾ ਕਿ ਬਰਤਾਨੀਆ ‘ਚ ‘ਨਵਾਂ ਸੂਰਜ’ ਚੜ੍ਹਿਆ ਹੈ ਤੇ ਬੇਸ਼ੱਕ ਇਸ ਨੇ ‘ਬ੍ਰੈਗਜ਼ਿਟ’ ਦੇ ਰਾਹ ‘ਚ ਬਣਿਆ ਅੜਿੱਕਾ ਖ਼ਤਮ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟਰਾਂ ਨੇ ਜੋ ਭਰੋਸਾ ਉਨ੍ਹਾਂ ‘ਚ ਪ੍ਰਗਟ ਕੀਤਾ ਹੈ, ਉਹ ਉਸ ਨੂੰ ਤੋੜਨਗੇ ਨਹੀਂ। ਲੋਕਾਂ ਨੇ ਇਸ ਮੌਕੇ ‘ਗੈੱਟ ਬ੍ਰੈਗਜ਼ਿਟ ਡਨ’ ਦੇ ਨਾਅਰੇ ਵੀ ਮਾਰੇ। ਲੇਬਰ ਪਾਰਟੀ ਦੀ ਕਾਰਗੁਜ਼ਾਰੀ ਦਹਾਕਿਆਂ ਬਾਅਦ ਐਨੀ ਮਾੜੀ ਰਹੀ ਹੈ ਤੇ ਆਗੂ ਜੈਰੇਮੀ ਕੌਰਬਿਨ (70) ਨੇ ਅਹੁਦਾ ਤਿਆਗਣ ਦਾ ਐਲਾਨ ਕੀਤਾ ਹੈ। ਹਾਰ ਲਈ ਕੌਰਬਿਨ ਦੀ ਅਗਵਾਈ ਤੇ ਬ੍ਰੈਗਜ਼ਿਟ ਲਈ ਕੋਈ ਠੋਸ ਫੈਸਲਾ ਨਾ ਲੈ ਸਕੇ ਜਾਣ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਯੂਕੇ ਦੇ ਭਾਰਤੀ ਭਾਈਚਾਰੇ ਨੇ ਜੌਹਨਸਨ ਦੀ ਜਿੱਤ ਦਾ ਸਵਾਗਤ ਕੀਤਾ ਹੈ। ਲੇਬਰ ਪਾਰਟੀ ਆਪਣੇ ਗੜ੍ਹਾਂ- ਉੱਤਰੀ ਇੰਗਲੈਂਡ, ਮਿਡਲੈਂਡਜ਼ ਤੇ ਵੇਲਸ ਵਿਚ ਹਾਰ ਗਈ ਹੈ। ਯੂਰਪੀਅਨ ਯੂਨੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਹੈ ਕਿ ਉਹ ਬ੍ਰੈਗਜ਼ਿਟ ਨਾਲ ਜੁੜੇ ਵਪਾਰਕ ਨੁਕਤਿਆਂ ਤੋਂ ਬਰਤਾਨੀਆ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਚੋਣਾਂ ਜਿੱਤਣ ਤੇ ਸੱਤਾ ‘ਚ ਪਰਤਣ ਉਤੇ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਉਹ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਲਈ ਜੌਹਨਸਨ ਨਾਲ ਕੰਮ ਕਰਨ ਬਾਰੇ ਉਤਸ਼ਾਹਿਤ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਸੰਸਾਰ ਦੇ ਕਈ ਹੋਰ ਚੋਟੀ ਦੇ ਆਗੂਆਂ ਨੇ ਵੀ ਜੌਹਨਸਨ ਨੂੰ ਵਧਾਈ ਦਿੱਤੀ ਹੈ।
_______________________________________________
ਪੰਜਾਬੀ ਮੂਲ ਦੇ ਪੰਜ ਉਮੀਦਵਾਰ ਸੰਸਦ ਮੈਂਬਰ ਬਣੇ
ਜਲੰਧਰ: ਬਰਤਾਨੀਆ ਦੀ ਸੰਸਦ ਲਈ ਚੁਣੇ ਗਏ ਮੈਂਬਰਾਂ ‘ਚ ਪੰਜ ਜਣੇ ਪੰਜਾਬੀ ਮੂਲ ਦੇ ਹਨ। ਇਨ੍ਹਾਂ ‘ਚੋਂ ਚਾਰ ਲੇਬਰ ਪਾਰਟੀ ਨਾਲ ਤੇ ਇਕ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਹੈ। ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਪਹਿਲੀ ਸਿੱਖ ਔਰਤ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਮੁੜ ਚੋਣ ਜਿੱਤਣ ‘ਚ ਕਾਮਯਾਬ ਹੋਏ ਹਨ। ਇਸੇ ਤਰ੍ਹਾਂ ਵਰਿੰਦਰ ਸ਼ਰਮਾ ਤੇ ਸੀਮਾ ਮਲਹੋਤਰਾ ਵੀ ਕਾਮਯਾਬ ਰਹੇ ਹਨ। ਇਨ੍ਹਾਂ ਸੰਸਦ ਮੈਂਬਰਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਨਾਲ ਹੈ। ਇਸੇ ਤਰ੍ਹਾਂ ਦਿੱਲੀ ਨਾਲ ਸਬੰਧਤ ਗਗਨ ਮੋਹਿੰਦਰਾ ਇਕਲੌਤਾ ਪੰਜਾਬੀ ਹੈ ਜੋ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਹੈ ਤੇ ਉਸ ਨੇ ਦੱਖਣੀ ਅਪੱਛਮੀ ਹਰਟਫੋਰਡਸ਼ਾਇਰ ਤੋਂ ਜਿੱਤ ਦਰਜ ਕੀਤੀ ਹੈ।
ਬਰਤਾਨੀਆ ‘ਚ ਹੋਈਆਂ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਸਮਰਥਕਾਂ ਨੇ ਕਸ਼ਮੀਰ ਮੁੱਦੇ ਉਤੇ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ ਅਤੇ ਸੀਮਾ ਮਲਹੋਤਰਾ ਦਾ ਜ਼ੋਰਦਾਰ ਵਿਰੋਧ ਕੀਤਾ ਸੀ, ਉਥੇ ਵੱਸਦੇ ਭਾਜਪਾ ਸਮਰਥਕਾਂ ਨੇ ਇਨ੍ਹਾਂ ਤਿੰਨਾਂ ਵਿਰੁੱਧ ਵੋਟ ਪਾਉਣ ਲਈ ਵੀ ਡੱਟ ਕੇ ਪ੍ਰਚਾਰ ਕੀਤਾ ਸੀ। ਤਨਮਨਜੀਤ ਸਿੰਘ ਢੇਸੀ ਦਾ ਤਾਂ ਕਸ਼ਮੀਰ ਮੁੱਦੇ ਬਾਰੇ ਤਿੱਖਾ ਵਿਰੋਧ ਪਹਿਲਾਂ ਹੀ ਕੀਤਾ ਜਾ ਰਿਹਾ ਸੀ। ਉਨ੍ਹਾਂ ਕਸ਼ਮੀਰੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ। ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਉਤੇ ਸੰਸਦ ‘ਚ ਉਸ ਵੇਲੇ ਵੀ ਤਿੱਖਾ ਹਮਲਾ ਕੀਤਾ ਸੀ ਜਦ ਉਨ੍ਹਾਂ ਨੇ ਨਸਲੀ ਟਿੱਪਣੀ ਕੀਤੀ ਸੀ। ਢੇਸੀ ਤੇ ਪ੍ਰੀਤ ਗਿੱਲ ਦੋਵੇਂ ਆਪਸ ਵਿਚ ਨੇੜਲੇ ਰਿਸ਼ਤੇਦਾਰ ਵੀ ਹਨ। ਤਨਮਨਜੀਤ ਸਿੰਘ ਦਾ ਪਿੰਡ ਜਲੰਧਰ ਜ਼ਿਲ੍ਹੇ ਵਿਚ ਰਾਏਪੁਰ ਹੈ। ਪ੍ਰੀਤ ਗਿੱਲ ਜਮਸ਼ੇਰ ਖੈੜਾ ਪਿੰਡ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੇ ਪਿਤਾ ਦਲਜੀਤ ਸਿੰਘ ਸ਼ੇਰਗਿੱਲ 1962 ‘ਚ ਇੰਗਲੈਂਡ ਚਲੇ ਗਏ ਸਨ ਅਤੇ ਉਥੇ ਉਹ ਗੁਰਦੁਆਰਾ ਸਮੈਦਿਕ ਦੇ ਲੰਮੇ ਸਮੇਂ ਤੱਕ ਪ੍ਰਧਾਨ ਰਹੇ ਸਨ।