ਬਠਿੰਡਾ: ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਅਤੇ ਹਲਕਾ ਪਾਤੜਾਂ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਵੱਢੀਖੋਰੀ ਦੇ ਮਾਮਲੇ ਉਤੇ ਆਹਮੋ-ਸਾਹਮਣੇ ਆ ਗਏ ਹਨ। ਪਾਤੜਾਂ ਤਹਿਸੀਲ ‘ਚ ਹੁੰਦੇ ਭ੍ਰਿਸ਼ਟਾਚਾਰ ਕਾਰਨ ਦੋਹਾਂ ਵਿਚ ਖੜਕ ਗਈ ਹੈ। ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਮਾਲ ਮੰਤਰੀ ਸ੍ਰੀ ਕਾਂਗੜ ‘ਤੇ ਦੋਸ਼ ਲਾਇਆ ਹੈ ਕਿ ਉਹ ਕਥਿਤ ਭ੍ਰਿਸ਼ਟਾਚਾਰ ਕਰਨ ਵਾਲੇ ਪਾਤੜਾਂ ਦੇ ਤਹਿਸੀਲਦਾਰ ਸੰਧੂਰਾ ਸਿੰਘ ਨੂੰ ਬਚਾਅ ਰਹੇ ਹਨ ਕਿਉਂਕਿ ਉਹ ਮੰਤਰੀ ਦੇ ਨੇੜਲੇ ਇਲਾਕੇ ਦਾ ਬਾਸ਼ਿੰਦਾ ਹੈ। ਦੂਜੇ ਪਾਸੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹੁਣ ਤਹਿਸੀਲਦਾਰ ਪਾਤੜਾਂ ਖਿਲਾਫ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਸੰਧੂਰਾ ਸਿੰਘ ਤਹਿਸੀਲ ਪਾਤੜਾਂ ਵਿਚ ਬਤੌਰ ਤਹਿਸੀਲਦਾਰ ਤਾਇਨਾਤ ਹਨ। ਉਹ ਸਾਬਕਾ ਐਮ.ਪੀ. ਹਾਕਮ ਸਿੰਘ ਮੀਆਂ ਦੇ ਪੁੱਤਰ ਹਨ। ਹਲਕਾ ਵਿਧਾਇਕ ਨਿਰਮਲ ਸਿੰਘ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਲ ਮੁੱਦਾ ਉਠਾਇਆ ਸੀ ਕਿ ਤਹਿਸੀਲਦਾਰ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਅਤੇ ਸਬੂਤ ਵਜੋਂ ਹਲਫੀਆ ਬਿਆਨ ਵੀ ਦਿਖਾਏ ਪਰ ਮਾਲ ਮੰਤਰੀ ਨੇ ਇਹ ਆਖ ਕੇ ਪੱਲਾ ਝਾੜ ਲਿਆ ਕਿ ਮੁੱਖ ਮੰਤਰੀ ਦਫਤਰ ਵੱਲੋਂ ਹੀ ਤਹਿਸੀਲਦਾਰ ਸੰਧੂਰਾ ਸਿੰਘ ਦੀ ਤਾਇਨਾਤੀ ਪਾਤੜਾਂ ‘ਚ ਕੀਤੀ ਗਈ ਹੈ। ਮਗਰੋਂ ਨਿਰਮਲ ਸਿੰਘ ਨੇ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ।
ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਦੱਸਿਆ ਕਿ ਉਹ ਮਾਲ ਮੰਤਰੀ ਸ੍ਰੀ ਕਾਂਗੜ ਨੂੰ ਮੁੜ 10 ਦਸੰਬਰ ਨੂੰ ਮਿਲੇ ਸਨ ਅਤੇ ਤਹਿਸੀਲਦਾਰ ਦੀ ਬਦਲੀ ਕਰਨ ਬਾਰੇ ਆਖਿਆ ਸੀ ਪਰ ਮਾਲ ਮੰਤਰੀ ਨੇ ਕੋਈ ਹੁੰਗਾਰਾ ਨਹੀਂ ਭਰਿਆ ਅਤੇ ਚੁੱਪ ਕਰ ਗਏ। ਉਨ੍ਹਾਂ ਆਖਿਆ ਕਿ ਤਹਿਸੀਲਦਾਰ ਖਿਲਾਫ ਮਾਰਕੀਟ ਕਮੇਟੀ ਪਾਤੜਾਂ ਦੇ ਸਾਬਕਾ ਚੇਅਰਮੈਨ ਜੈਪ੍ਰਤਾਪ ਸਿੰਘ ਨੇ ਹਲਫੀਆ ਬਿਆਨ ਦਿੱਤਾ ਹੈ। ਮਾਲ ਮੰਤਰੀ ਪਹਿਲਾਂ ਤਹਿਸੀਲਦਾਰ ਸੰਧੂਰਾ ਸਿੰਘ ਨੂੰ ਮੁਅੱਤਲ ਕਰਨ ਅਤੇ ਮਗਰੋਂ ਮਾਮਲੇ ਦੀ ਪੜਤਾਲ ਕਰ ਲੈਣ। ਉਨ੍ਹਾਂ ਆਖਿਆ ਕਿ ਮੁੱਦਈ ਦਾ ਹਲਫੀਆ ਬਿਆਨ ਝੂਠਾ ਪਾਇਆ ਗਿਆ ਤਾਂ ਉਸ ਉਤੇ ਕਾਰਵਾਈ ਕਰ ਦੇਣ। ਵਿਧਾਇਕ ਨਿਰਮਲ ਸਿੰਘ ਨੇ ਆਖਿਆ ਕਿ ਸਾਰੀਆਂ ਤਹਿਸੀਲਾਂ ਵਿਚ ਇਹੀ ਹਾਲ ਹੈ ਅਤੇ ਬਾਕੀ ਵਿਧਾਇਕ ਚੁੱਪ ਵਿਚ ਹੀ ਭਲੀ ਸਮਝ ਰਹੇ ਹਨ। ਦੁਖੀ ਸਾਰੇ ਹਨ ਪਰ ਬੋਲਦਾ ਕੋਈ ਨਹੀਂ। ਉਨ੍ਹਾਂ ਆਖਿਆ ਕਿ ਸਭ ਥਾਂ ਇੰਜ ਹੀ ਚੱਲ ਰਿਹਾ ਹੈ। ਉਨ੍ਹਾਂ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਇਕ ਤਹਿਸੀਲਦਾਰ ਬਦਲਿਆ ਨਹੀਂ ਗਿਆ।
ਤਹਿਸੀਲਦਾਰ ਸੰਧੂਰਾ ਸਿੰਘ ਦਾ ਕਹਿਣਾ ਸੀ ਕਿ ਉਸ ਖਿਲਾਫ ਜੋ ਰੌਲਾ ਪਾਇਆ ਜਾ ਰਿਹਾ ਹੈ, ਉਹ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਉਸ ਉਤੇ ਲਗਾਏ ਜਾ ਰਹੇ ਦੋਸ਼ਾਂ ਵਿਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਉਨ੍ਹਾਂ ਖਿਲਾਫ ਕੋਈ ਸ਼ਿਕਾਇਤ ਨਹੀਂ ਹੋਈ। ਉਹ ਸਭਨਾਂ ਦਾ ਸਤਿਕਾਰ ਕਰਦੇ ਹਨ। ਉਧਰ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੰਜਾਬ ਵਿਚ ਕਿਤੋਂ ਵੀ ਤਹਿਸੀਲਦਾਰਾਂ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ, ਜਿਵੇਂ ਵਿਧਾਇਕ ਸ਼ੁਤਰਾਣਾ ਕਹਿ ਰਹੇ ਹਨ। ਹੁਣ ਤਹਿਸੀਲਦਾਰ ਪਾਤੜਾਂ ਦਾ ਮਾਮਲਾ ਹਲਕਾ ਵਿਧਾਇਕ ਨੇ ਉਨ੍ਹਾਂ ਕੋਲ ਰੱਖਿਆ ਹੈ, ਜਿਸ ਬਾਰੇ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਮਾਮਲੇ ਦੀ ਜਾਂਚ ਕਰਨਗੇ। ਪੜਤਾਲ ਰਿਪੋਰਟ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।