ਸੁਖਬੀਰ ਬਾਦਲ ਨਾ ਕਰ ਸਕਿਆ ਪੰਜਾਬ ਵਿਚ ਬਿਜਲੀ ਸਰਪਲੱਸ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਸੱਚ ਮੰਨੀ ਬੈਠੇ ਸੂਬਾ ਵਾਸੀਆਂ ਨੂੰ ਇਸ ਵਾਰ ਵੀ ਗਰਮੀਆਂ ਦੇ ਸੀਜ਼ਨ ਵਿਚ 24 ਘੰਟੇ ਬਿਜਲੀ ਸਪਲਾਈ ਨਸੀਬ ਨਹੀਂ ਹੋਵੇਗੀ ਕਿਉਂਕਿ ਸੂਬਾ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲੀ ਤਹਿਤ ਸਥਾਪਤ ਕੀਤੇ ਗਏ ਤਿੰਨ ਨਵੇਂ ਥਰਮਲ ਪਲਾਂਟ ਅਜੇ ਚਾਲੂ ਨਹੀਂ ਹੋ ਸਕੇ। ਪੰਜਾਬ ਸਰਕਾਰ ਵੱਲੋਂ ਗੋਇੰਦਵਾਲ ਵਿਚ 540 ਮੈਗਾਵਾਟ, ਤਲਵੰਡੀ ਸਾਬੋ ਵਿਚ 1980 ਮੈਗਾਵਾਟ ਤੇ ਰਾਜਪੁਰਾ ਵਿਚ 1400 ਮੈਗਾਵਾਟ ਬਿਜਲੀ ਪੈਦਾ ਕਰਨ ਲਈ ਨਵੇਂ ਥਰਮਲ ਪਲਾਂਟ ਲਾਏ ਜਾ ਰਹੇ ਹਨ।
ਇਨ੍ਹਾਂ ਵਿਚੋਂ ਗੋਇੰਦਵਾਲ ਤੇ ਤਲਵੰਡੀ ਸਾਬੋ ਵਿਖੇ ਇਸ ਵਰ੍ਹੇ ਮਾਰਚ ਤੇ ਅਪਰੈਲ ਮਹੀਨੇ ਵਿਚ ਇਕ ਇਕ ਯੂਨਿਟ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ ਸੀ ਜਦੋਂਕਿ ਰਾਜਪੁਰਾ ਵਿਚ ਆਗਾਮੀ ਦਸੰਬਰ ਵਿਚ ਯੂਨਿਟ ਸ਼ੁਰੂ ਹੋਣ ਦੀ ਉਮੀਦ ਹੈ। ਤਲਵੰਡੀ ਸਾਬੋ ਵਿਖੇ ਥਰਮਲ ਪਲਾਂਟ ਦਾ ਪਹਿਲਾ ਯੂਨਿਟ 13 ਅਪਰੈਲ ਨੂੰ ਸ਼ੁਰੂ ਹੋਣਾ ਸੀ ਪਰ ਉਥੇ ਇਹ ਕੰਮ ਅੱਗੇ ਪੈ ਗਿਆ ਹੈ। ਇਸੇ ਤਰ੍ਹਾਂ ਗੋਇੰਦਵਾਲ ਵਿਚ ਇਕ ਯੂਨਿਟ ਮਈ ਦੇ ਪਹਿਲੇ ਹਫਤੇ ਸ਼ੁਰੂ ਹੋਣਾ ਸੀ ਪਰ ਹੁਣ ਤੱਕ ਇਹ ਵੀ ਸ਼ੁਰੂ ਨਹੀਂ ਹੋਇਆ।
ਇਸ ਤੋਂ ਪਹਿਲਾਂ ਇਹ ਯੂਨਿਟ ਮਾਰਚ ਮਹੀਨੇ ਵਿਚ ਸ਼ੁਰੂ ਕਰਨ ਦਾ ਐਲਾਨ ਹੋਇਆ ਸੀ। ਗੋਇੰਦਵਾਲ ਥਰਮਲ ਪਲਾਂਟ ਵਿਚ ਬਿਜਲੀ ਪੈਦਾਵਾਰ ਦਾ ਕੰਮ ਜੀਵੀਕੇ ਕੰਪਨੀ ਨੂੰ ਸੌਂਪਿਆ ਗਿਆ ਹੈ। ਸੂਬਾ ਸਰਕਾਰ ਨੇ ਇਸ ਬਾਰੇ 2008 ਵਿਚ ਕੰਪਨੀ ਨਾਲ ਸਮਝੌਤਾ ਕੀਤਾ ਸੀ ਜਿਸ ਤਹਿਤ ਸਰਕਾਰ ਨੇ ਇਸ ਕੰਪਨੀ ਕੋਲੋਂ ਬਿਜਲੀ ਖਰੀਦਣੀ ਸੀ। ਇਸ ਥਰਮਲ ਪਲਾਂਟ ਦੀ ਉਸਾਰੀ ਦਾ ਕੰਮ 2010 ਵਿਚ ਸ਼ੁਰੂ ਹੋਇਆ ਸੀ ਤੇ ਮਾਰਚ 2013 ਵਿਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਸੀ।
ਇਥੇ 270 ਮੈਗਾਵਾਟ ਦੇ ਦੋ ਯੂਨਿਟ ਕਾਇਮ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਯੂਨਿਟ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਇਹ ਬਿਜਲੀ ਪੈਦਾਵਾਰ ਲਈ ਤਿਆਰ ਹੈ। ਮਾਰਚ ਮਹੀਨੇ ਦਾ ਟੀਚਾ ਲੰਘਣ ਪਿੱਛੋਂ ਮਈ ਦੇ ਪਹਿਲੇ ਹਫਤੇ ਵੀ ਸ਼ੁਰੂਆਤ ਨਹੀਂ ਹੋ ਸਕੀ। ਇਹ ਕੰਮ ਹੋਰ ਲਟਕਣ ਦੀ ਸੰਭਾਵਨਾ ਹੈ। ਇਸ ਬਾਰੇ ਗੱਲ ਕਰਦਿਆਂ ਪਲਾਂਟ ਦੇ ਪ੍ਰਬੰਧਕੀ ਮੈਨੇਜਰ ਮਨਿੰਦਰ ਸਿੰਘ ਨੇ ਦੱਸਿਆ ਕਿ ਪਲਾਂਟ ਦਾ 270 ਮੈਗਾਵਾਟ ਦਾ ਇਕ ਯੂਨਿਟ ਪੂਰੀ ਤਰ੍ਹਾਂ ਤਿਆਰ ਹੈ ਤੇ ਇਸ ਨੂੰ ਕਿਸੇ ਵੀ ਵੇਲੇ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਲੋੜੀਂਦਾ ਕੋਲਾ ਨਹੀਂ ਮਿਲ ਰਿਹਾ ਹੈ।
ਇਸ ਯੂਨਿਟ ਨੂੰ ਹਲਕਾ ਡੀਜ਼ਲ ਤੇ ਹੋਰ ਤੇਲ ਨਾਲ ਮਿਲਾ ਕੇ ਚਲਾਇਆ ਜਾ ਸਕਦਾ ਹੈ ਪਰ ਉਸ ਨਾਲ ਪੈਦਾਵਾਰ ਬਹੁਤ ਮਹਿੰਗੀ ਪਵੇਗੀ। ਕੋਲਾ ਨਾ ਮਿਲਣ ਦੇ ਕਾਰਨ ਬਾਰੇ ਉਨ੍ਹਾਂ ਕੁਝ ਵੀ ਦੱਸਣ ਤੋਂ ਗੁਰੇਜ਼ ਕੀਤਾ ਤੇ ਆਖਿਆ ਕਿ ਕੁਝ ਦਿਨਾਂ ਤੱਕ ਸਥਿਤੀ ਸਪਸ਼ਟ ਹੋ ਜਾਵੇਗੀ। ਮਿਲੇ ਵੇਰਵਿਆਂ ਮੁਤਾਬਕ ਜੀਵੀਕੇ ਕੰਪਨੀ ਨੂੰ ਝਾਰਖੰਡ ਸੂਬੇ ਦੀ ਤੋਕੀਸੂਪ ਕੋਲਾ ਖਾਣ ਵਿਚੋਂ ਕੋਲੇ ਦਾ ਕੋਟਾ ਮਿਲਣਾ ਸੀ ਪਰ ਇਹ ਖਾਣ ਜੰਗਲਾਤ ਵਿਭਾਗ ਵਾਲੇ ਇਲਾਕੇ ਵਿਚ ਹੈ। ਜੰਗਲਾਤ ਵਿਭਾਗ ਦੇ ਇਤਰਾਜ਼ ਕਾਰਨ ਉਥੇ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਇਹ ਯੂਨਿਟ ਦੀ ਸ਼ੁਰੂਆਤ ਵਿਚ ਫਿਲਹਾਲ ਹੋਰ ਦੇਰ ਹੋ ਸਕਦੀ ਹੈ। ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਵਾਧੂ ਬਿਜਲੀ ਪੈਦਾਵਾਰ ਵਾਲਾ ਸੂਬਾ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ।

Be the first to comment

Leave a Reply

Your email address will not be published.