ਅੰਕੜਿਆਂ ਦਾ ਰਹੱਸ

ਪ੍ਰੋæ ਬ੍ਰਿਜੰਦਰ ਸਿੰਘ ਸਿੱਧੂ
ਫੋਨ: 925-683-1982
ਲਗਭਗ ਸਾਰੇ ਹੀ ਕਾਰੋਬਾਰ ਅੰਕੜਿਆਂ ਦਾ ਸਹਾਰਾ ਲੈਂਦੇ ਹਨ। ਸਕੂਲ ਵਿਚ ਬੱਚਾ ਦਾਖ਼ਲ ਕਰਾਉਣ ਤੋਂ ਪਹਿਲਾਂ ਮਾਂ-ਬਾਪ ਉਸ ਸੰਸਥਾ ਦੇ ਨਤੀਜਿਆਂ ਦੇ ਅੰਕੜੇ ਇਕੱਠੇ ਕਰਦੇ ਹਨ, ਪਰ ਅੰਕੜਿਆਂ ਨੂੰ ਗਹੁ ਨਾਲ ਦੇਖਣ ਦਾ ਕੰਮ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਹੈ।
ਥੋੜ੍ਹੇ ਦਿਨ ਪਹਿਲਾਂ ਕਿਸੇ ਮੈਗਜ਼ੀਨ ਵਿਚ ਪੜ੍ਹਿਆ ਕਿ ਔਰਤਾਂ ਵਿਚ ਗਲੂਕੋਮਾ (ਕਾਲਾ ਮੋਤੀਆ) ਆਦਮੀਆਂ ਨਾਲੋਂ ਜ਼ਿਆਦਾ ਹੁੰਦਾ ਹੈ। ਅਸਲੀਅਤ ਇਹ ਹੈ ਕਿ ਔਰਤਾਂ ਦੀ ਇਸ ਦੇਸ਼ ਵਿਚ ਔਸਤਨ ਉਮਰ ਆਦਮੀਆਂ ਨਾਲੋਂ ਲੰਬੀ ਹੈ। ਸੱਤਰ ਤੋਂ ਅੱਸੀ ਸਾਲ ਦੀਆਂ ਬੀਬੀਆਂ ਵਿਚੋਂ ਪੰਜ ਵਿਚੋਂ ਇਕ ਨੂੰ ਇਹ ਤਕਲੀਫ਼ ਹੁੰਦੀ ਹੈ। ਅੱਸੀ ਸਾਲ ਤੋਂ ਉਪਰ ਉਮਰ ਵਾਲੀਆਂ ਹਰ ਤਿੰਨ ਵਿਚੋਂ ਇਕ ਨੂੰ ਇਹ ਮੁਸ਼ਕਿਲ ਆ ਜਾਂਦੀ ਹੈ। ਇਨ੍ਹਾਂ ਦੇ ਮੁਕਾਬਲੇ ਬਹੁਤ ਘੱਟ ਆਦਮੀ ਇਸ ਉਮਰ ਤੱਕ ਪਹੁੰਚਦੇ ਹਨ। ਇਸ ਲਈ ਇਸ ਮੁਸ਼ਕਿਲ ਵਾਲਿਆਂ ਦੀ ਗਿਣਤੀ ਵੀ ਘੱਟ ਹੈ। ਸੋ, ਬਿਮਾਰੀ ਦਾ ਸਬੰਧ ਉਮਰ ਨਾਲ ਹੈ, ਔਰਤ ਜਾਂ ਮਰਦ ਹੋਣ ਨਾਲ ਨਹੀਂ।
ਤੀਹ-ਪੈਂਤੀ ਸਾਲ ਪੁਰਾਣੀ ਗੱਲ ਹੈ। ਚੰਡੀਗੜ੍ਹ ਦੇ ਇਕ ਕਾਲਜ ਕੋਲ ਗਿਆਰ੍ਹਵੀਂ ਜਮਾਤ ਵਿਚ ਇਕ ਸੌ ਦੇ ਕਰੀਬ ਉਹ ਵਿਦਿਆਰਥੀ ਦਾਖ਼ਲ ਕਰ ਲਏ ਜਾਂਦੇ ਸਨ ਜਿਨ੍ਹਾਂ ਦੇ ਨੰਬਰ 80 ਫ਼ੀਸਦੀ ਤੋਂ ਜ਼ਿਆਦਾ ਹੁੰਦੇ ਸਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਬੋਰਡ ਦੇ ਇਮਤਿਹਾਨਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਵਾਲਿਆਂ ਨੂੰ ਲਾਲਚ ਦਿੱਤਾ ਜਾਂਦਾ ਸੀ ਤਾਂ ਜੋ ਉਹੀ ਵਿਦਿਆਰਥੀ ਉਸ ਕਾਲਜ ਵਿਚ ਦਾਖ਼ਲਾ ਲੈਣ। ਹਰ ਸਾਲ ਇਨ੍ਹਾਂ ਵਿਚੋਂ 40-45 ਲੜਕੇ, ਪ੍ਰੋਫੈਸ਼ਨਲ ਕਾਲਜਾਂ ਵਿਚ ਦਾਖ਼ਲ਼ਾ ਲੈ ਜਾਂਦੇ। ਇਸ ਸੰਸਥਾ ਦੇ ਮੁਕਾਬਲੇ ਦੂਜੇ ਕਾਲਜ ਵਿਚ 3-4 ਲੜਕੇ ਹੀ 80% ਨੰਬਰਾਂ ਵਾਲੇ ਹੁੰਦੇ ਸਨ। ਫਿਰ ਵੀ ਉਸ ਕਾਲਜ ਦਾ ਸਟਾਫ਼ ਮਿਹਨਤ ਕਰ ਕੇ 5-6 ਲੜਕਿਆਂ ਨੂੰ ਪ੍ਰੋਫੈਸ਼ਨਲ ਕਾਲਜਾਂ ਵਿਚ ਭੇਜ ਦਿੰਦਾ ਸੀ। ਅੰਕੜਿਆਂ ਦਾ ਕਮਾਲ ਦੇਖੋ। ਸਾਰੇ ਸ਼ਹਿਰ ਵਿਚ ਸਭ ਪੜ੍ਹੇ-ਲਿਖੇ ਲੋਕਾਂ ਦੇ ਮੂੰਹ ‘ਤੇ ਇਹੀ ਗੱਲ ਸੀ, “ਦੇਖੋ ਜੀ, ਪੜ੍ਹਾਈ ਤੇ ਪਹਿਲੇ ਕਾਲਜ ਵਿਚ ਹੀ ਹੈ। ਚਾਲੀ ਲੜਕੇ ਮੈਡੀਕਲ ਅਤੇ ਇੰਨੀਜੀਅਰਿੰਗ ਕਾਲਜ ਵਿਚ ਦਾਖ਼ਲਾ ਲੈ ਗਏ।” ਕਿਸੇ ਨੇ ਕਦੀ ਇਹ ਨਾ ਸੋਚਿਆ ਕਿ 80% ਤੋਂ ਵੱਧ ਨੰਬਰਾਂ ਵਾਲੇ ਸੌ ਵਿਚੋਂ ਬਾਕੀ ਸੱਠਾਂ ਦਾ ਕੀ ਬਣਿਆ! ਉਹ ਤਾਂ ਵਿਚਾਰੇ ਕਿਸਮਤ ਨੂੰ ਰੋਂਦੇ ਹੋਣਗੇ। ਇਸ ਅਸਲੀਅਤ ਨੂੰ ਕੇਵਲ 3-4 ਆਦਮੀ ਹੀ ਸਮਝ ਸਕੇ। ਉਨ੍ਹਾਂ ਨੇ ਮੇਰੇ ਨਾਲ ਇਹ ਸੋਚ ਸਾਂਝੀ ਕੀਤੀ।
ਇਹ ਰੁਝਾਨ ਅੱਜ ਵੀ ਕਾਇਮ ਹੈ। ਅੱਜ ਕੱਲ੍ਹ ਚੰਡੀਗੜ੍ਹ ਵਿਚ ਬਹੁਤ ਸਾਰੀਆਂ ਅਕੈਡਮੀਆਂ ਦਾ ਬੋਲ-ਬਾਲਾ ਹੈ। ਦਾਖ਼ਲਾ ਦੇਣ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਕਾਕਾ, ਤੇਰੇ ਕਿੰਨੇ ਨੰਬਰ ਹਨ? ਮਾਂ-ਬਾਪ ਮਹਿਸੂਸ ਕਰਦੇ ਹਨ ਕਿ ਟਿਊਸ਼ਨ ਨਾਲ ਹੀ ਬੇੜਾ ਪਾਰ ਹੋਣਾ ਹੈ! ਚੰਗੇ ਨੰਬਰਾਂ ਵਾਲਿਆਂ ਨੂੰ ਦਾਖ਼ਲ ਕਰ ਕੇ ਪ੍ਰਬੰਧਕ ਖੁਸ਼ ਹੋ ਜਾਂਦੇ ਹਨ। ਬਗੈਰ ਮਿਹਨਤ ਕਰਾਇਆਂ ਹੀ ਇਹ ਬੱਚੇ ਸਫ਼ਲ ਹੋ ਜਾਂਦੇ ਹਨ। ਸਫ਼ਲਤਾ ਦੇ ਅੰਕੜੇ ਦੇਖ ਕੇ ਅਗਲੇ ਸਾਲ ਥੋੜ੍ਹੇ ਨੰਬਰਾਂ ਵਾਲੇ ਵੀ ਭੱਜੇ ਆਉਂਦੇ ਹਨ। ਮਿੰਨਤਾਂ ਕਰ ਕੇ ਦਾਖ਼ਲਾ ਮੰਗਦੇ ਹਨ। ਪ੍ਰਬੰਧਕ ਕਹਿੰਦੇ ਹਨ-ਕੋਈ ਸੀਟ ਨਹੀਂ। ਅੰਕੜਿਆਂ ਦੀ ਚਮਕ-ਦਮਕ ਦੇਖ ਕੇ ਦੂਰ-ਦੂਰ ਦੇ ਕਸਬਿਆਂ ਤੋਂ ਹਜ਼ਾਰਾਂ ਬੱਚੇ ਚੰਡੀਗੜ੍ਹ ਪਹੁੰਚ ਰਹੇ ਹਨ। ਪੇਇੰਗ ਗੈਸਟ ਬਣੇ ਹੋਏ ਇਹ ਬੱਚੇ ਮਾਂ-ਬਾਪ ਦਾ ਕਰੋੜਾਂ ਰੁਪਿਆ ਬਰਬਾਦ ਕਰ ਰਹੇ ਹਨ। ਨਾਲੇ ਸ਼ਹਿਰ ਦੀ ਫ਼ਿਜ਼ਾ ਖਰਾਬ ਕਰ ਰਹੇ ਹਨ। ਫਿਰ ਵਾਪਸ ਜਾ ਕੇ ਛੋਟੇ ਕਸਬਿਆਂ ਵਿਚ ਇਨ੍ਹਾਂ ਦਾ ਦਿਲ ਨਹੀਂ ਲਗਦਾ। ਗੱਲ ਇਹ ਹੋ ਜਾਂਦੀ ਹੈ ਕਿ ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾ।
ਪੰਜਾਬ ਵਿਚ ਬਹੁਤੇ ਲੋਕਾਂ ਦਾ ਕਿੱਤਾ ਖੇਤੀ ਹੈ। ਮੇਰਾ ਬਚਪਨ ਵੀ ਖੇਤੀ ਨਾਲ ਹੀ ਜੁੜਿਆ ਹੋਇਆ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚਾਉਂਦੇ ਹਨ। ਅਖ਼ਬਾਰਾਂ ਦੀਆਂ ਆਮ ਰਿਪੋਰਟਾਂ ਇਨ੍ਹਾਂ ਖੁਦਕੁਸ਼ੀਆਂ ਦਾ ਭਾਂਡਾ ਖੇਤੀ ਦੇ ਕਿੱਤੇ ਸਿਰ ਹੀ ਭੰਨਦੀਆਂ ਹਨ। ਅਸਲੀਅਤ ਨੂੰ ਤਾਂ ਬਹੁਤ ਨੇੜਿਉਂ ਦੇਖ ਕੇ ਹੀ ਸਮਝਿਆ ਜਾ ਸਕਦਾ ਹੈ। ਮੈਂ ਹਰ ਸਾਲ ਨਵੰਬਰ ਦੇ ਮਹੀਨੇ ਪੰਜਾਬ ਜਾਂਦਾ ਹਾਂ। ਮੇਰੇ ਸਾਰੇ ਰਿਸ਼ਤੇਦਾਰ ਕਿਸਾਨ ਹਨ। ਬਟਾਲਾ, ਨਕੋਦਰ, ਲੁਧਿਆਣਾ, ਮੋਗਾ, ਬਠਿੰਡਾ, ਸੰਗਰੂਰ, ਪਟਿਆਲਾ ਅਤੇ ਰਤੀਆ (ਹਰਿਆਣਾ) ਦੇ ਪਿੰਡਾਂ ਨਾਲ ਮੇਰੀ ਸਾਂਝ ਹੈ। ਇਨ੍ਹਾਂ ਪਿੰਡਾਂ ਵਿਚ ਵਸਦੇ ਸਬੰਧੀਆਂ ਕੋਲ 2 ਤੋਂ 30 ਏਕੜ ਦੀ ਮਲਕੀਅਤ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਵਾਰ ਬਿਜਲੀ ਨਹੀਂ ਮਿਲਦੀ, ਮੰਡੀ ਵਿਚ ਫ਼ਸਲ ਰੁਲਦੀ ਹੈ। ਮਜ਼ਦੂਰ ਵੀ ਨਹੀਂ ਮਿਲਦੇ। ਖਾਦ ਤੇ ਡੀਜ਼ਲ ਦਿਨ-ਬ-ਦਿਨ ਮਹਿੰਗੇ ਹੋ ਰਹੇ ਹਨ ਅਤੇ ਫ਼ਸਲ ਦੀ ਵਾਜਬ ਕੀਮਤ ਵੀ ਨਹੀਂ ਮਿਲਦੀ। ਬੇਮੌਸਮੀ ਬਾਰਸ਼ ਅਤੇ ਝੱਖੜ ਕਿਸਾਨਾਂ ਦਾ ਦਿਲ ਤੋੜ ਦਿੰਦੇ ਹਨ। ਫਿਰ ਵੀ ਸਿਆਣੇ ਅਤੇ ਮਿਹਨਤੀ ਕਿਸਾਨ ਫਸਲ ਦੀ ਉਪਜ ਤੋਂ ਮਾਯੂਸ ਨਹੀਂ। ਜੇ ਫ਼ਸਲ ਦੀ ਆਮਦਨੀ ਵਿਚ ਘਾਟਾ ਹੋਵੇ ਤਾਂ ਤੀਹ ਤੋਂ ਪੈਂਤੀ ਹਜ਼ਾਰ ਪ੍ਰਤੀ ਏਕੜ ਮਾਮਲਾ ਜਾਂ ਠੇਕਾ ਕੌਣ ਦੇ ਸਕਦਾ ਹੈ?
ਕੁਦਰਤੀ ਸਵਾਲ ਪੈਂਦਾ ਹੁੰਦਾ ਹੈ ਕਿ ਕਿਸਾਨਾਂ ਸਿਰ ਕਰਜ਼ਾ ਕਿਉਂ ਹੈ? ਜੇ ਦੋ ਜਾਂ ਤਿੰਨ ਏਕੜ ਜ਼ਮੀਨ ਦੇ ਆਸਰੇ ਸੱਤ ਜਾਂ ਅੱਠ ਵਿਅਕਤੀਆਂ ਨੇ ਵਧੀਆ ਕੱਪੜੇ, ਚੰਗੀ ਰੋਟੀ, ਸ਼ਾਮ ਨੂੰ ਸ਼ਰਾਬ ਪੀਣੀ ਹੈ ਅਤੇ ਕੰਮ ਕਰਨ ਲਈ ਭਈਏ ਰੱਖਣੇ ਹਨ ਤਾਂ ਕਰਜ਼ਾਈ ਤਾਂ ਹੋਣਾ ਹੀ ਹੈ! ਵਿਆਹਾਂ-ਸ਼ਾਦੀਆਂ ਵਿਚ ਹਫ਼ਤਾ-ਹਫਤਾ ਸਮਾਗਮ ਕਰਨੇ, ਉਹ ਵੀ ਮੈਰਿਜ ਪੈਲੇਸਾਂ ਵਿਚ। ਨਾਲ ਦਹੇਜ ਵਿਚ ਚੰਗੀ ਕਾਰ। ਮਾਰੂਤੀ ਤਾਂ ਹੁਣ ਨੱਕ ਹੇਠ ਵੀ ਨਹੀਂ ਆਉਂਦੀ। ਵਿਚਾਰੀ ਖੇਤੀ ਇਸ ਬੋਝ ਨੂੰ ਕਿਵੇਂ ਝੱਲੇ?
ਜਿਸ ਪਿੰਡ ਵਿਚੋਂ ਵੀ ਮੈਂ ਗੁਜ਼ਰਦਾ ਹਾਂ, ਬਹੁਤ ਸਾਰੇ ਬੰਦੇ ਤਾਸ਼ ਖੇਡ ਰਹੇ ਹੁੰਦੇ ਹਨ; ਜਾਂ ਇਹ ਪੰਚਾਇਤਾਂ, ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੱਜੇ ਫਿਰਦੇ ਹਨ। ਥੋੜ੍ਹੀ-ਥੋੜ੍ਹੀ ਜ਼ਮੀਨ ਵਾਲੇ ਪਹਿਲਾਂ ਟਰੈਕਟਰ ਲੈ ਲੈਂਦੇ ਹਨ, ਬਾਅਦ ਵਿਚ ਕਰਜ਼ੇ ਦੀਆਂ ਕਿਸ਼ਤਾਂ ਦੇ ਨਹੀਂ ਹੁੰਦੀਆਂ। ਨਾ ਹੀ ਉਹ ਟਰੈਕਟਰ ਤੋਂ ਪੂਰਾ ਕੰਮ ਲੈ ਸਕਦੇ ਹਨ। ਦੋ ਥੈਲੇ ਖਾਦ ਸ਼ਹਿਰੋਂ ਲਿਆਉਣੇ ਹੋਣ ਤਾਂ ਟਰੈਕਟਰ ਲੈ ਕੇ ਜਾਂਦੇ ਹਨ, ਚਾਹੇ ਡੀਜ਼ਲ ਦਾ ਖਰਚ ਖਾਦ ਜਿੰਨਾ ਹੀ ਹੋ ਜਾਵੇ। ਤੇ ਅਖੀਰ ਟਰੈਕਟਰ ਵੇਚਣਾ ਪੈਂਦਾ ਹੈ।
ਟਰੈਕਟਰਾਂ ਦੀਆਂ ਮੰਡੀਆਂ ਇਸ ਤਰ੍ਹਾਂ ਨਜ਼ਰ ਆਉਂਦੀਆਂ ਹਨ ਜਿਵੇਂ ਲੋਕ ਪਸ਼ੂ ਵੇਚਣ ਆਏ ਹੋਣ। ਇਹੋ ਜਿਹੇ ਮਾਹੌਲ ਵਿਚ ਟਰੈਕਟਰ ਅੱਧ ਨਾਲੋਂ ਵੀ ਘੱਟ ਕੀਮਤ ਵਿਚ ਵਿਕ ਜਾਂਦਾ ਹੈ। ਟਰੈਕਟਰ ਵੇਚ ਕੇ ਮਿਲਿਆ ਇਹ ਰੁਪਿਆ ਘਰ ਦੇ ਹੋਰ ਧੰਦਿਆਂ ਵਿਚ ਖਰਚ ਹੋ ਜਾਂਦਾ ਹੈ ਅਤੇ ਖਰੀਦਣ ਵੇਲੇ ਦਾ ਕਰਜ਼ਾ ਸਿਰ ਚੜ੍ਹਿਆ ਰਹਿੰਦਾ ਹੈ। ਸੋ, ਖੁਦਕੁਸ਼ੀਆਂ ਦੇ ਅੰਕੜੇ ਕੇਵਲ ਖੇਤੀ ਦੇ ਕਿੱਤੇ ‘ਤੇ ਹੀ ਨਿਰਭਰ ਨਹੀਂ। ਖੇਤੀ ਬੁਰੀ ਨਹੀਂ, ਖੁਦਕੁਸ਼ੀ ਦੇ ਅੰਕੜੇ ਇਸ ਨੂੰ ਬਦਨਾਮ ਕਰਦੇ ਹਨ।
ਇਸ ਧੰਦੇ ਵਿਚ ਕੁਝ ਸਰਦਾਰ ਟਾਈਪ ਲੋਕ ਹਨ। ਇਨ੍ਹਾਂ ਵਿਚੋਂ ਕੁਝ ਕਾਕੇ ਮੇਰੇ ਬਹੁਤ ਨਜ਼ਦੀਕੀ ਹਨ। ਉਨ੍ਹਾਂ ਦੇ ਬਾਪ-ਦਾਦੇ ਚੰਗੀਆਂ ਜ਼ਮੀਨਾਂ ਦੇ ਮਾਲਕ ਸਨ। ਦੂਜੀ-ਤੀਜੀ ਪੁਸ਼ਤ ਤੱਕ ਜ਼ਮੀਨ ਤਕਸੀਮ ਹੁੰਦੀ ਗਈ। ਪੋਤਿਆਂ-ਪੜੋਤਿਆਂ ਕੋਲ ਤਿੰਨ-ਚਾਰ ਏਕੜ ਤੋਂ ਵੱਧ ਜ਼ਮੀਨ ਨਹੀਂ। ਆਦਤਾਂ ਸਰਦਾਰਾਂ ਵਾਲੀਆਂ ਹਨ। ਇਸ ਲਈ ਆਮਦਨ ਘੱਟ, ਖਰਚ ਜ਼ਿਅਦਾ। ਇਹੋ ਜਿਹੇ ਕਾਕਿਆਂ ਨੂੰ ਮੈਂ ਇਕ ਵਾਰ ਸੁਝਾਅ ਦਿੱਤਾ ਕਿ ਤੁਸੀਂ ਖੇਤੀ ਦੇ ਨਾਲ-ਨਾਲ ਡੇਅਰੀ ਦਾ ਕੰਮ ਸ਼ੁਰੂ ਕਰ ਲਵੋ। ਕਹਿਣ ਲੱਗੇ, “ਦੁੱਧ ਵੇਚਣਾ, ਮੱਝਾਂ ਦਾ ਗੋਹਾ ਚੁੱਕਣਾ ਕਮੀਣਾਂ ਦਾ ਕੰਮ ਹੈ। ਅਸੀਂ ਨਹੀਂ ਕਰ ਸਕਦੇ।” ਪੜ੍ਹਨ ਦਾ ਸ਼ੌਕ ਨਹੀਂ, ਵਿਦੇਸ਼ਾਂ ਜਾਣ ਲਈ ਹਰ ਵੇਲੇ ਤਿਆਰ ਹਨ। ਬਾਪ ਦੇ ਗਲ ‘ਗੂਠਾ ਦੇ ਕੇ ਵੀ ਜ਼ਮੀਨ ਵੇਚਣ ਨੂੰ ਤਿਆਰ ਹਨ। ਇਹ ਉਨ੍ਹਾਂ ਕਦੀ ਨਹੀਂ ਸੋਚਿਆ ਕਿ ਬਾਹਰਲੇ ਦੇਸ਼ਾਂ ਵਿਚ ਝਾੜੂ ਵੀ ਲਾਉਣੇ ਪੈਂਦੇ ਹਨ, ਸਫ਼ਾਈ ਵੀ ਕਰਨੀ ਪੈਂਦੀ ਹੈ। ਵਲੈਤ ਦੀਆਂ ਮੌਜਾਂ ਦੇ ਅੰਕੜੇ ਹੀ ਉਨ੍ਹਾਂ ਨੂੰ ਸਬਜ਼ਬਾਗ ਦਿਖਾਉਂਦੇ ਹਨ। ਅਸਲੀਅਤ ਦਾ ਪਤਾ ਇੱਥੇ ਆ ਕੇ ਲਗਦਾ ਹੈ।
ਹੁਣ ਸਮਾਜਕ ਅਤੇ ਦਿਲਚਸਪ ਅੰਕੜਿਆਂ ਵੱਲ ਆਈਏ। ਦੋਸਤ-ਮਿੱਤਰ ਬਹੁਤ ਵਾਰ ਜ਼ਿਕਰ ਕਰਦੇ ਹਨ ਕਿ ਵਿਧਵਾ ਔਰਤਾਂ ਦੇ ਗਿਣਤੀ ਇਕੱਲੇ (ਰੰਡੇ) ਆਦਮੀਆਂ ਨਾਲੋਂ ਕਿਤੇ ਜ਼ਿਆਦਾ ਹੈ। ਜਿਧਰ ਦੇਖੋ ਵਿਧਵਾਵਾਂ ਹੀ ਬੈਠੀਆਂ ਹਨ, ਮਰਨ ਦਾ ਨਾਂ ਹੀ ਨਹੀਂ ਲੈਂਦੀਆਂ। ਇਹ ਅੰਕੜੇ ਦੱਸਦੇ ਹਨ। ਮੈਂ ਕਹਿੰਦਾ ਹਾਂ, ਅਜਿਹੀ ਗੱਲ ਨਹੀਂ। ਇਹ ਤਾਂ ਵਿਚਾਰੀਆਂ ਬਹੁਤ ਵਾਰ ਜਣੇਪੇ ਵਿਚ ਹੀ ਮਰ ਜਾਂਦੀਆਂ ਹਨ। ਕਈ ਵਾਰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਅਸਲ ਵਿਚ ਪਤਨੀ, ਪਤੀ ਨਾਲੋਂ ਛੋਟੀ ਹੁੰਦੀ ਹੈ। ਪਤੀ ਦੇ ਮਰਨ ਪਿੱਛੋਂ ਬਹੁਤੀਆਂ ਇਸਤਰੀਆਂ ਵਿਆਹ ਨਹੀਂ ਕਰਵਾਉਂਦੀਆਂ। ਘਰ ਦੇ ਕੰਮ-ਕਾਰ ਵਿਚ ਮਸਰੂਫ਼ ਰਹਿੰਦੀਆਂ ਹਨ। ਇਸ ਦੇ ਉਲਟ ਆਦਮੀ ਬਹੁਤ ਕਮਜ਼ੋਰ ਹੈ, ਪਤਨੀ ‘ਤੇ ਬਹੁਤ ਨਿਰਭਰ ਹੈ। ਪਤਨੀ ਦੀ ਮੌਤ ਪਿੱਛੋਂ ਉਸ ਕੋਲ ਦੋ ਹੀ ਰਸਤੇ ਹਨ; ਜਾਂ ਤਾਂ ਦੂਜਾ ਵਿਆਹ ਕਰ ਲਵੇ ਜਾਂ ਮਰ ਜਾਵੇ। ਸੋ, ਇਕੱਲੇ ਰਹਿਣ ਦੀ ਨੌਬਤ ਹੀ ਨਹੀਂ ਆਉਂਦੀ। ਇਸੇ ਲਈ ਸਾਨੂੰ ਇਕੱਲੀਆਂ ਇਸਤਰੀਆਂ ਹੀ ਨਜ਼ਰ ਆਉਂਦੀਆਂ ਹਨ। ਇਹ ਕਹਿਣਾ ਕਿ ਅੰਕੜੇ ਦੱਸਦੇ ਹਨ ਕਿ ਔਰਤਾਂ ਤਾਂ ਮਰਦੀਆਂ ਹੀ ਨਹੀਂ, ਗ਼ਲਤ ਹੈ। ਮੌਤ ਜਦੋਂ ਆਪਣੇ ਬਰਫ਼ੀਲੇ ਹੱਥ ਕਿਸੇ ਉਪਰ ਰੱਖਦੀ ਹੈ, ਨਾ ਉਹ ਜਾਤ ਦੇਖਦੀ ਹੈ, ਨਾ ਉਮਰ।
ਸਿਆਸਤ ਦੇ ਅੰਕੜੇ ਹੋਰ ਵੀ ਅਜੀਬ ਹਨ। ਦਸ ਕੁ ਸਾਲ ਪਹਿਲਾਂ ‘ਇੰਡੀਆ ਸ਼ਾਈਨ’ ਦੇ ਨਾਂ ਹੇਠਾਂ ਐਨæਡੀæਏæ ਨੇ ਬੜੇ ਚਮਤਕਾਰੀ ਅੰਕੜੇ ਦਿਖਾਏ ਸਨ। ਨਤੀਜਾ ਕੀ ਨਿਕਲਿਆ? ਸਭ ਦੇ ਸਾਹਮਣੇ ਹੈ। ਚੋਣਾਂ ਵਿਚ ਮੂੰਹ ਦੀ ਖਾਣੀ ਪਈ।
ਆਂਧਰਾ ਪ੍ਰਦੇਸ਼ ਵਿਚ ਚੰਦਰ ਬਾਬੂ ਨਾਇਡੂ ਨੇ ਵਿਕਾਸ ਦੇ ਉਹ ਕ੍ਰਿਸ਼ਮੇ ਪੇਸ਼ ਕੀਤੇ ਕਿ ਰਹੇ ਰੱਬ ਦਾ ਨਾਂ! ਪਰ ਆਉਣ ਵਾਲੇ ਦਿਨਾਂ ਵਿਚ ਸਿਆਸਤ ਦੀ ਪੌੜੀ ਦੀ ਸਭ ਤੋਂ ਹੇਠਲੀ ਮੰਜ਼ਲ ‘ਤੇ ਜਾ ਪਹੁੰਚੇ। ਸਚਾਈ ਛੁਪ ਨਹੀਂ ਸਕਤੀ
ਬਨਾਵਟ ਕੇ ਅਸੂਲੋਂ ਸੇ,
ਖੁਸ਼ਬੋ ਆ ਨਹੀਂ ਸਕਤੀ
ਕਭੀ ਕਾਗਜ਼ ਕੇ ਫੂਲੋਂ ਸੇ।
ਅੱਜ ਕੱਲ੍ਹ ਜਿੱਧਰ ਦੇਖੋ ਮੋਦੀ ਹੀ ਮੋਦੀ ਹੈ। ਗੁਜਰਾਤ ਦੀ ਤਰੱਕੀ ਦੇ ਅੰਕੜੇ ਲੋਕਾਂ ਨੂੰ ਦਿਨ ਵਿਚ  ਤਾਰੇ ਦਿਖਾ ਰਹੇ ਹਨ। ਵਿਦੇਸ਼ਾਂ ਵਿਚ ਵੀ ਲੋਕ ਗੁਜਰਾਤ ਦੇ ਵਿਕਾਸ ਵੱਲ ਹੈਰਾਨੀ ਨਾਲ ਤੱਕ ਰਹੇ ਹਨ। ਵੱਡੇ-ਵੱਡੇ ਦਸਤਕਾਰ ਨਰਿੰਦਰ ਮੋਦੀ ਨੂੰ ਗੁਜਰਾਤ ਦਾ ਮਸੀਹਾ ਸਮਝ ਰਹੇ ਹਨ। ਸਾਧੂ ਸੰਤ ਕਹਿੰਦੇ ਹਨ, ਮੋਦੀ ਤੂੰ ਧਨ ਹੈਂ, ਤੂੰ ਹੀ ਹਿੰਦੁਸਤਾਨ ਦਾ ਕਲਿਆਣ ਕਰ ਸਕਦਾ ਹੈਂ। ਇਹ ਚਮਤਕਾਰ ਅੰਕੜਿਆਂ ਦਾ ਹੀ ਤਾਂ ਹੈ। ਅਸਲੀਅਤ ਰੱਬ ਜਾਣੇ! ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇਸ ਵਿਕਾਸ ਪਿੱਛੇ ਬਹੁਤ ਇਨਸਾਨਾਂ ਦੇ ਦਿਲ ਗਮਗੀਨ ਹਨ। ਉਹ ਸਮਝਦੇ ਹਨ ਕਿ ਖੂਨ ਨਾਲ ਭਿੱਜੇ ਹੱਥਾਂ ਨਾਲ ਇਹ ਤਰੱਕੀ ਹੋ ਰਹੀ ਹੈ।
ਇਸ ਦੁਨੀਆਂ ਵਿਚ ਅੰਕੜਿਆਂ ਦੇ ਆਧਾਰ ‘ਤੇ ਲੱਖਾਂ ਲੋਕਾਂ ਦਾ ਵਪਾਰ ਮੁਨਾਫ਼ੇ ਵਿਚ ਗਿਆ ਹੈ ਅਤੇ ਲੱਖਾਂ ਦਾ ਕਾਰੋਬਾਰ ਘਾਟੇ ਵਿਚ ਹੀ ਨਹੀਂ, ਖੁਹ-ਖਾਤੇ ਵਿਚ ਵੀ ਡਿੱਗ ਪਿਆ ਹੈ। ਇਨ੍ਹਾਂ ਦੀ ਸੂਝ ਕਿਸੇ ਰੋਸ਼ਨ ਦਿਮਾਗ਼ ਅਤੇ ਕਰਮਾਂ ਵਾਲੇ ਨੂੰ ਹੀ ਆਈ ਹੈ। ਗੱਲ ਕੀ, ਅੰਕੜੇ ਉਹ ਜਲਵੇ ਦਿਖਾਉਂਦੇ ਹਨ ਕਿ ਆਮ ਆਦਮੀ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ।
ਅੰਤਿਕਾ: ‘ਮੈਂ ਅੰਕੜਿਆਂ ਨਾਲ ਕੋਈ ਵੀ ਚੀਜ਼ ਸਿੱਧ ਕਰ ਸਕਦਾ ਹਾਂ, ਸਵਾਏ ਸੱਚ ਦੇ।’ ਇਹ ਗੱਲ ਜਾਰਜ ਕੈਨਿੰਗ ਦੀ ਕਹੀ ਹੋਈ ਹੈ। ਉਸ ਨੇ ਕਿੰਨਾ ਸੱਚ ਬੋਲਿਆ ਹੈ!

Be the first to comment

Leave a Reply

Your email address will not be published.