ਦੇਈਂ ਭੈਣੇ ਫੌੜ੍ਹਾ, ਮੈਂ ਰਜਾਈ ਨਗੰਦਣੀ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਹ ਕਦੇ ਹੋ ਹੀ ਨਹੀਂ ਸਕਦਾ ਕਿ ਸਿਰਲੇਖ ਵਾਲੀ ਸਤਰ ਪੜ੍ਹ ਕੇ ਹਰ ਇਕ ਨੇ ਮੱਥੇ ‘ਤੇ ਹੱਥ ਨਾ ਮਾਰਿਆ ਹੋਵੇ! ਕਿੱਥੇ ਫੌੜ੍ਹਾ ਤੇ ਕਿੱਥੇ ਪੇਟੀਆਂ-ਸੰਦੂਕਾਂ ਵਿਚ ਸਾਂਭ-ਸਾਂਭ ਰੱਖੀਆਂ ਜਾਣ ਵਾਲੀਆਂ ਰਜਾਈਆਂ ਨਗੰਦਣ ਦਾ ਸਾਫ਼ ਤੇ ਸੋਹਲ ਜਿਹਾ ਕੰਮ। ਜਿਹੜਾ ਕੰਮ ਭਲਾ ਚਾਰ-ਪੰਜ ਕੁ ਇੰਚ ਲੰਬੇ ਬਰੀਕ ਜਿਹੇ ਸੂਏ ਨਾਲ ਕੀਤਾ ਜਾਂਦਾ ਹੈ, ਉਹਦੇ ਲਈ ਫੌਹੜਾ ਮੰਗਣ ਦੀ ਕੀ ਤੁਕ ਬਣੀ? ਲੇਕਿਨ ਸਿਰਲੇਖ ਵਾਲੀ ਪੰਕਤੀ ਸ਼ਰ੍ਹੇਆਮ ਦੱਸ ਰਹੀ ਹੈ ਕਿ ਕੋਈ ਜਣਾ ਜਾਂ ਜਣੀ ਆਪਣੀ ਗਵਾਂਢਣ ਤੋਂ ਨਿਮਰਤਾ ਸਹਿਤ ਫੌੜ੍ਹੇ ਦੀ ਮੰਗ ਕਰ ਰਿਹਾ/ਰਹੀ ਹੈ। ਨਾਲ ਹੀ ਮਕਸਦ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸੰਦ ਰਜਾਈ ਨਗੰਦਣ ਲਈ ਚਾਹੀਦਾ ਹੈ!
ਵਾਅਦਾ ਰਿਹਾ ਕਿ ਆਪਾਂ ਪਿੰਡਾਂ ਵਿਚ ਘੁੰਮਦੇ ਉਸ ਮਦਾਰੀ ਵਾਂਗ ਮੱਕਾਰੀ ਨਹੀਂ ਕਰਨੀ ਜਿਹੜਾ ਖੇਲ੍ਹ-ਤਮਾਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬੋਰੇ ਜਿਹੇ ‘ਚੋਂ ਲੀਰਾਂ ਦਾ ਬਣਾਇਆ ਸੱਪ ਜਿਹਾ ਨਿਆਣਿਆਂ-ਸਿਆਣਿਆਂ ਨਾਲ ਘਿਰੇ ਹੋਏ ਪਿੜ ਵਿਚ ਵਗਾਹ ਕੇ ਸੁੱਟ ਦਿੰਦਾ ਹੈ। ਨਾਲ ਹੀ ਡੁਗ-ਡੁਗੀ ਤੇ ਬੰਸਰੀ ਵਜਾ ਕੇ ਸਾਹਮਣੇ ਪਏ ਲੀਰਾਂ ਦੇ ਸੱਪ ਵੱਲ ਇਸ਼ਾਰਾ ਕਰਦਿਆਂ ਇਕ ਦਮ ਬੋਲਦਾ ਹੈ, ‘ਤੁਰ ਪਿਆ, ਤੁਰ ਪਿਆ, ਤੁਰ ਪਿਆ!’ ਦਰਸ਼ਕ ਵਿਚਾਰੇ ਉਸ ਨਕਲੀ ਸੱਪ ਵੱਲ ਹੀ ਨਜ਼ਰਾਂ ਗੱਡੀ ਰੱਖਦੇ ਹਨ ਕਿ ਅਸੀਂ ਕਿਤੇ ਇਸ ਨੂੰ ਤੁਰਦਾ ਦੇਖਣ ਤੋਂ ਉਕ ਨਾ ਜਾਈਏ, ਪਰ ਮਦਾਰੀ ਤਰ੍ਹਾਂ-ਤਰ੍ਹਾਂ ਦੇ ‘ਟ੍ਰਿੱਕ’ ਦਿਖਾਉਣ ਤੋਂ ਬਾਅਦ ਲੀਰਾਂ ਵਾਲੇ ‘ਸੱਪ’ ਨੂੰ ਬੋਰੇ ਵਿਚ ਪਾ ਕੇ ਤੁਰਦਾ ਬਣਦਾ ਹੈ। ਆਪਾਂ ਇੰਜ ਨਹੀਂ ਕਰਨਾ। ਫੌੜ੍ਹੇ ਤੇ ਰਜਾਈ ਨਗੰਦਣ ਦੇ ਸਬੰਧਾਂ ਦਾ ਪੋਲ ਜ਼ਰੂਰ ਖੋਲ੍ਹਾਂਗੇ, ਲੇਕਿਨ ਜ਼ਰਾ ਠਹਿਰ ਕੇ!
ਕਵੀ ਦਰਬਾਰ ਸਜਿਆ ਹੋਇਆ ਹੈ। ਬੰਦ ਗਲੇ ਵਾਲੀਆਂ ਅਚਕਨਾਂ ਪਹਿਨੀ ਕਵੀਜਨ ਸੁਸ਼ੋਭਿਤ ਹੋਏ ਬੈਠੇ ਨੇ। ਆਪੋ ਆਪਣੀ ਵਾਰੀ ‘ਤੇ ਨਜ਼ਮਾਂ ਗੀਤ ਸੁਣਾ ਰਹੇ ਹਨ। ਸਭਾ ਵਿਚੋਂ ਵਾਹæææਵਾਹæææ! ਕਿਆ ਕਮਾਲ ਦਾ ਸ਼ਿਅਰ ਫਰਮਾਇਆ ਹੈæææਇਰਸ਼ਾਦ!æææਇਰਸ਼ਾਦ!! ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਵਿਚਕਾਰ ਤਖ਼ਤ ‘ਤੇ ਬਾਦਸ਼ਾਹ ਸਲਾਮਤ ਸ਼ਾਇਰੀ ਦਾ ਅਨੰਦ ਮਾਣ ਰਹੇ ਨੇ ਤੇ ਆਪਣੇ ਦਰਬਾਰੀ ਕਵੀਆਂ ਦੀ ਖੂਬ ਹੌਸਲਾ ਅਫ਼ਜਾਈ ਕਰ ਰਹੇ ਨੇ। ਅਚਾਨਕ ਉਨ੍ਹਾਂ ਨੂੰ ਪਤਾ ਨਹੀਂ ਕੀ ਸੁਝਿਆ, ਤਰੰਨਮ ਵਿਚ ਗਾ ਰਹੇ ਸ਼ਾਇਰ ਦਾ ਸਮਾਂ ਸਮਾਪਤ ਹੁੰਦਿਆਂ ਹੀ ਉਹ ਕਹਿਣ ਲੱਗੇ, “ਪਿਆਰੇ ਕਵੀ ਜਨੋ, ਤੁਹਾਡੀ ਸ਼ਾਇਰਾਨਾ ਸੰਗਤ ਦਾ ਅੱਜ ਮੇਰੇ ‘ਤੇ ਵੀ ਅਸਰ ਹੋ ਗਿਆ ਹੈ। ਮੈਨੂੰ ਵੀ ਕੁਝ ਸ਼ਿਅਰ ਫੁਰੇ ਹਨ। ਉਨਾ ਚਿਰ ਤੁਸੀਂ ਕੁਝ ਛਕ-ਛਕਾ ਲਉ। ਕਾਗ਼ਜ਼ ‘ਤੇ ਕਵਿਤਾ ਉਤਾਰ ਕੇ ਹੁਣੇ ਮੈਂ ਤੁਹਾਨੂੰ ਸੁਣਾਵਾਂਗਾ।”
ਕੁਝ ਚਿਰ ਬਾਅਦ ਹੱਥ ਵਿਚ ਕਾਗ਼ਜ਼ ਫੜੀ ਬਾਦਸ਼ਾਹ ਸਲਾਮਤ ਮਜਲਿਸ ਵਿਚ ਆਣ ਹਾਜ਼ਰ ਹੋਏ। ਜੋ ਕੁਝ ਉਸ ਨੇ ਸੁਣਾਇਆ, ਉਹ ਕਵਿਤਾ ਤਾਂ ਇਕ ਪਾਸੇ, ਸਾਧਾਰਨ ਤੁਕਬੰਦੀ ਵੀ ਨਹੀਂ ਸੀ। ਉਹਦੇ ਮੂੰਹੋਂ ਉਟ-ਪਟਾਂਗ ਸੁਣ ਕੇ ਬਾਕੀ ਦੇ ਸਾਰੇ ਸ਼ਾਇਰ ‘ਵਾਹ ਵਾਹ’ ਕਰ ਕੇ ਉਸ ਨੂੰ ਦਾਦ ਦੇਣ ਲੱਗੇ, ਪਰ ਤਿੰਨ ਜਣੇ ਛਾਤੀਆਂ ਤਾਣ ਕੇ ਖਲੋ ਗਏ। ਉਨ੍ਹਾਂ ਬਾਦਸ਼ਾਹ ਨੂੰ ਮੂੰਹ ‘ਤੇ ਹੀ ਖਰੀਆਂ-ਖਰੀਆਂ ਸੁਣਾ ਦਿੱਤੀਆਂ ਕਿ ਸ਼ਾਇਰੀ ਕਰਨੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਜੋ ਤੁਸੀਂ ਲਿਖਿਆ ਹੈ, ਊਲ-ਜਲੂਲ ਤੋਂ ਵੱਧ ਕੁਝ ਨਹੀਂ ਹੈ। ਰਾਜੇ ਨੂੰ ਚੜ੍ਹ ਗੁੱਸਾ ਗਿਆ! ਚੀਥੜਿਆਂ ਤੋਂ ਬਾਹਰ ਹੋ ਕੇ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਮੇਰੀ ਕਵਿਤਾ ਦੀ ਤੌਹੀਨ ਕਰਨ ਵਾਲੇ ਇਨ੍ਹਾਂ ਤਿੰਨਾਂ ਕਵੀਆਂ ਨੂੰ ਖੱਚਰਾਂ ਦੇ ਤਬੇਲੇ ‘ਚ ਸੁੱਟ ਦਿਉ।
ਹਫ਼ਤੇ ਦੋ ਹਫ਼ਤੇ ਬਾਅਦ ਫਿਰ ਕਵੀ ਦਰਬਾਰ ਜੁੜਿਆ। ਬਾਦਸ਼ਾਹ ਦੇ ਹੁਕਮ ‘ਤੇ ਉਨ੍ਹਾਂ ਤਿੰਨਾਂ ਕਵੀਆਂ ਨੂੰ ਖੱਚਰਾਂ ਦੇ ਤਬੇਲੇ ‘ਚੋਂ ਕੱਢ ਕੇ ਲਿਆਂਦਾ ਗਿਆ। ਉਚੇਚਾ ਉਨ੍ਹਾਂ ਤਿੰਨਾਂ ਨੂੰ ਮੁਖਾਤਿਬ ਹੁੰਦਿਆਂ ਬਾਦਸ਼ਾਹ ਨੇ ਕਿਹਾ ਕਿ ਕਈ ਦਿਨਾਂ ਦੀ ਸਖ਼ਤ ਮਿਹਨਤ ਕਰ ਕੇ ਮੈਂ ਨਵੀਂ ਕਵਿਤਾ ਲਿਖੀ ਹੈ। ਭਰੀ ਸਭਾ ਵਿਚ ਸੁਣਾਉਣ ਤੋਂ ਬਾਅਦ ਰਾਜੇ ਨੇ ਤਿੰਨਾਂ ਵੱਲ ਦੇਖਿਆ। ਉਨ੍ਹਾਂ ਵਿਚੋਂ ਦੋ ਜਣੇ ਉਚੀ-ਉਚੀ ਰਾਜੇ ਨੂੰ ਵਧਾਈਆਂ ਦੇਣ ਲੱਗੇ ਕਿ ਬਾਦਸ਼ਾਹ ਸਲਾਮਤ, ਹੁਣ ਤਾਂ ਤੁਸੀਂ ਕਮਾਲ ਹੀ ਕਰ ਵਿਖਾਈ ਹੈ। ਏਡੀ ਜ਼ਬਰਦਸਤ ਸ਼ਾਇਰੀ ਤਾਂ ਅਸੀਂ ਪਹਿਲੋਂ ਕਦੀ ਸੁਣੀ ਹੀ ਨਹੀਂ। ਆਪ ਜੀ ਤਾਂ ਹੁਣ ‘ਉਸਤਾਦ ਸ਼ਾਇਰ’ ਬਣ ਗਏ ਹੋ।
ਇਨ੍ਹਾਂ ਦੋਂਹ ਕਵੀਆਂ ਵੱਲੋਂ ਬਾਦਸ਼ਾਹ ਦੀ ਕੀਤੀ ਜਾ ਰਹੀ ਉਲਫ਼ਤ ਦੌਰਾਨ ਖੱਚਰਾਂ ਦੇ ਤਬੇਲੇ ‘ਚੋਂ ਕੱਢ ਕੇ ਲਿਆਂਦਾ ਉਨ੍ਹਾਂ ਨਾਲ ਦਾ ਤੀਜਾ ਸ਼ਾਇਰ ਮੂੰਹ ਲਟਕਾ ਕੇ ਬਾਹਰ ਤੁਰ ਪਿਆ। ਹੈਰਾਨ ਹੁੰਦਿਆਂ ਰਾਜੇ ਨੇ ਉਸ ਨੂੰ ਰੋਕਦਿਆਂ ਪੁੱਛਿਆ ਕਿ ਬਿਨਾਂ ਕੁਝ ਦੱਸੇ ਪੁੱਛੇ ਤੂੰ ਕਿੱਧਰ ਟੁਰ ਚੱਲਿਐਂ?
“ਖੱਚਰਾਂ ਦੇ ਤਬੇਲੇ!” ਰਾਜ ਮਹਿਲ ‘ਚੋਂ ਮਸਤੀ ਨਾਲ ਤੁਰੇ ਜਾ ਰਹੇ ਸ਼ਾਇਰ ਨੇ ਜਵਾਬ ਦਿੱਤਾ।
ਸੱਚ ਬੋਲ ਕੇ ਖੱਚਰਾਂ ਦੇ ਤਬੇਲੇ ਵਿਚ ਸਜ਼ਾ ਕੱਟਣ ਵਾਲੇ ਖੁਦਦਾਰਾਂ ਦੇ ਭਾਵੇਂ ਦਰਸ਼ਨ ਦੁਰਲੱਭ ਹੋ ਗਏ ਹਨ ਅਤੇ ਤਾੜੀਆਂ ਦੀ ਗੜ-ਗੜਾਹਟ ਵਿਚ ਦੁੱਕੀ-ਤਿੱਕੀ ਨੂੰ ‘ਸ਼ੇਕਸਪੀਅਰ’ ਦੱਸਣ ਵਾਲਿਆਂ ਦੀਆਂ ਭੀੜਾਂ ਨਜ਼ਰ ਆਉਂਦੀਆਂ ਨੇ, ਪਰ ਯਾਰੋ! ਸਿਆਣੇ ਕਹਿੰਦੇ ਨੇ ਕਿ ਧਰਤੀ ਕਾਸੇ ਦੇ ਆਸਰੇ ਹੀ ਖੜ੍ਹੀ ਹੈ। ਅਖ਼ਬਾਰੀ ਇਸ਼ਤਿਹਾਰਬਾਜ਼ੀ ਦੀ ਸਰਦਾਰੀ ਵਾਲੇ ਇਸ ਅਵੱਲੇ ਜ਼ਮਾਨੇ ਵਿਚ ਪੰਜਾਬੀ ਸਾਹਿਤ ਨਾਲ ਰੱਜ ਕੇ ਖਿਲਵਾੜ ਹੋ ਰਿਹਾ ਹੈ। ਕਈ ਮੇਰੇ ਵਰਗੇ ਜਿਨ੍ਹਾਂ ਨੂੰ ਵਾਰਤਕ ਲਿਖਣ ਦੀ ਵੀ ਪੂਰੀ ਸੋਝੀ ਨਹੀਂ, ਉਹ ਵੀ ਸ਼ਾਇਰ ਸਦਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ।
ਅਖਾਣ ਹੈ ਕਿ ‘ਕਹੀਂ ਕੀ ਈਂਟ, ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ।’ ਪੰਜਾਬੀ ਸਾਹਿਤ ਦੇ ਪਿੜ ਵਿਚ ਅਜਿਹੇ ਭਾਨਮਤੀਏ ਬੇਅੰਤ ਤੁਰੇ ਫਿਰਦੇ ਹਨ ਜੋ ਕਿਸੇ ਦੀ ਲੱਤ, ਕਿਸੇ ਦੀ ਬਾਂਹ ਜੋੜ ਕੇ ਨਜ਼ਮਾਂ ਦੀਆਂ ਕਿਤਾਬਾਂ ਛਪਾਈ ਫਿਰਦੇ ਹਨ। ਠੀਕ ਹੈ ਕਿ ਮਾਂ ਬੋਲੀ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਹਨ, ਪਰ ਕਈ ਧੱਕੇ ਨਾਲ ‘ਬਣੇ ਹੋਏ’ ਜਾਂ ਬਣਾਏ ਗਏ ਕਵੀਜਨ ਮਾਂ ਬੋਲੀ ਦੇ ਖ਼ਜ਼ਾਨਿਆਂ ‘ਚ ਉਹ ਕੁਝ ਸੁੱਟ ਰਹੇ ਨੇ ਜੋ ਕੁਝ ‘ਡਸਟਬਿਨ’ (ਕੂੜੇਦਾਨ) ਵਿਚ ਸੁੱਟਿਆ ਜਾਂਦਾ ਹੈ।
ਆਪਣੇ ਵੱਲੋਂ ਕੁਝ ਹੋਰ ਕਹਿਣ ਨਾਲੋਂ ਇਕ ਅਲਬੇਲੇ ਸ਼ਾਇਰ ਦੀ ਲਿਖਤ ‘ਚੋਂ ਹੀ ਹਵਾਲਾ ਦੇਣਾ ਚਾਹਾਂਗਾ ਜੋ ਕਵੀ-ਕਬੀਲੇ ਨੂੰ ਰੰਬੇ ਵਾਂਗ ਚੰਡਣ ਵਰਗਾ ਹੈ। ਦੇਹਰਾਦੂਨ ਲਾਗਲੇ ਸ਼ਾਂਤ ਇਲਾਕੇ ਦੇ ਪਿੰਡ ਡੋਈ ਵਾਲੇ (ਜਿੱਥੇ ਕਦੇ ਪ੍ਰੋæ ਪੂਰਨ ਸਿੰਘ ਰਹਿੰਦੇ ਰਹੇ ਹਨ) ਵਿਚ ਰਹਿੰਦੇ ਮੁਦੱਬਰ ਸ਼ਾਇਰ ਗੁਰਦੀਪ ਦੀ ਕਿਤਾਬ ਹੈ, ‘ਸ਼ਿਅਰ ਅਰਜ਼ ਹੈ’। ਸ਼ਾਇਰੀ ਦੀ ਇਸ ਕਿਤਾਬ ਦੇ ਮੁਖਬੰਧ ਵਿਚ ਉਹ ਖੁਦ ਹੀ ਲਿਖਦਾ ਹੈ:
“æææਸਾਡੇ ਸ਼ਾਇਰਾਂ ਵੱਲੋਂ ਕਿਸੇ ਨੂੰ ਆਪਣਾ ਕਮਾਲ ਸੁਣਾਉਣ ਦੀ ਬਿਹਬਲਤਾ ਦੇ ਬੜੇ ਲਤੀਫ਼ੇ ਨੇ। ਮੇਰੇ ਇਰਦ-ਗਿਰਦ ਸਰੋਤੇ ਹੋਣ ਦੇ ਬਾਵਜੂਦ ਮੈਂ ਕਵਿਤਾ ਸੁਣਾਉਣ ਦੀ ਉਤਸੁਕਤਾ ਨਹੀਂ ਪਾਲੀ। ਮੈਂ ਆਪਣੇ ਖਰਚ ‘ਤੇ ਛਪਣ ਨੂੰ ਵੀ ਖੁਦ ਨੁਮਾਈ ਤੇ ਆਪਣੀ ਇਸ਼ਤਿਹਾਰਬਾਜ਼ੀ ਹੀ ਸਮਝਦਾ ਹਾਂ। ਹੁਣ ਤੱਕ ਮੇਰੀਆਂ ਜਿਹੜੀਆਂ ਛੇ ਕਿਤਾਬਾਂ ਛਪੀਆਂ ਹਨ, ਉਹ ਅਜੀਜ਼ਾਂ ਤੇ ਦੋਸਤਾਂ ਦੀ ਮਿਹਰਬਾਨੀ ਦਾ ਸਿੱਟਾ ਹਨæææਮੇਰੀ ਇਸ ਅਣਗਹਿਲੀ ਦੀ ਇਕ ਵਜ੍ਹਾ ਇਹ ਵੀ ਹੈ ਕਿ ਸਾਡੀ ਸ਼ਾਇਰੀ ਦੀ ਲੋੜ ਕਿਸੇ ਨੂੰ ਨਹੀਂæææਸਾਡੇ ਕੋਲ ਖੁਸ਼ਹਾਲੀ ਆਈ ਹੈ, ਪਰ ਖੁਸ਼-ਖਿਆਲ ਨਹੀਂ।”
ਕਵੀਆਂ ਲਿਖਾਰੀਆਂ ਵੱਲੋਂ ਆਪਣੀ ਡੁਗ-ਡੁਗੀ ਵਜਾਉਣ ਵਾਸਤੇ ਕੀਤੇ ਜਾਂਦੇ ਅਡੰਬਰਾਂ ਦੀ ਉਸ ਨੇ ਇੰਜ ਖਿੱਲੀ ਉਡਾਈ ਹੈ:
“æææਕਿਤਾਬ ਛਪਣ ਪਿੱਛੋਂ ਇਸ ਨੂੰ ‘ਪ੍ਰਮੋਟ’ ਕਰਨਾ ਸਿਆਸਤ ਹੈ। ਕੁਝ ਲੋਕਾਂ ਨੂੰ ਗੰਢਣਾ, ਕੁਝ ਦੀਆਂ ਸਿਫ਼ਤਾਂ ਕਰਨੀਆਂ, ਕੁਝ ਤੋਂ ਕਰਾਉਣੀਆਂ। ਕਿਤਾਬਾਂ ਨੂੰ ‘ਰਿਲੀਜ਼’ ਕਰਨ ਲਈ ਇਕੱਠ ਕੀਤਾ ਜਾਂਦਾ ਹੈ। ਨਾਮਵਰ ਹਸਤੀਆਂ ਦੇ ਹਿੱਸਾ ਲੈਣ ਲਈ ਭੱਜ-ਦੌੜ ਕੀਤੀ ਜਾਂਦੀ ਹੈæææਸਿਫ਼ਤਾਂ ਭਰੇ ਪਰਚੇ ਲਿਖਵਾਏ ਤੇ ਪੜ੍ਹੇ ਜਾਂਦੇ ਹਨ। ਮੈਂ ਇਹ ਤਰੀਕਾ ਠੀਕ ਨਹੀਂ ਸਮਝਦਾæææਸੌ ਦਰਸ਼ਕਾਂ ਦੀ ਥਾਂ ਪੱਚੀ ਪਾਠਕ ਹੋਣ, ਕਿਤਾਬ ਵਿਚ ਚੰਗਾ ਲੱਗਾ ਸਾਂਝਾ ਕਰਨ, ਨਾ-ਖੁਸ਼ਗਵਾਰ ਗੱਲਾਂ ਵੀ ਸਾਹਮਣੇ ਲਿਆਉਣæææ।”
ਕੀਤੇ ਹੋਏ ਵਾਅਦੇ ਮੁਤਾਬਿਕ ਹੁਣ ਫੌੜ੍ਹੇ ਨਾਲ ਰਜਾਈ ਨਗੰਦਣ ਵਾਲੀ ਘੁੰਡੀ ਵੀ ਖੋਲ੍ਹ ਦੇਈਏ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਅਸੀਂ ਜਲੰਧਰੋਂ ਛਪਦੀ ਇਕ ਅਖ਼ਬਾਰ ਵਿਚ ਛਪਦੇ ‘ਚਾਚੇ ਚੰਡੀਗੜ੍ਹੀਏ’ ਦੇ ਲੇਖਾਂ ਨੂੰ ਅੱਡੀਆਂ ਚੁੱਕ-ਚੁੱਕ ਉਡੀਕਦੇ ਹੁੰਦੇ ਸਾਂ। ਆਪਣੇ ਇਕ ਲੇਖ ਵਿਚ ਉਨ੍ਹਾਂ ‘ਖੁੱਲ੍ਹੀ ਕਵਿਤਾ’ ਦੇ ਬਹਾਨੇ ਸੁਰੀਆਂ-ਬੇਸੁਰੀਆਂ ‘ਕਵਿਤਾਵਾਂ’ ਲਿਖਣ ਵਾਲੇ ਲਿਖਾਰੀਆਂ ਨੂੰ ਲੰਮੇ ਹੱਥੀਂ ਲਿਆ ਸੀ। ਉਨ੍ਹਾਂ ਪੰਜਾਬੀ ਸੁਭਾਅ ਅਤੇ ਫਿਤਰਤ ਦੀ ਗੱਲ ਕਰਦਿਆਂ ਲਿਖਿਆ ਸੀ ਕਿ ਪੰਜਾਬੀ ਪਿਆਰੇ ਛੰਦਬੱਧ ਅਤੇ ਠੁੱਕਦਾਰ ਸ਼ੈਲੀ ‘ਚ ਲਿਖੀਆਂ ਕਵਿਤਾਵਾਂ ਨੂੰ ਹੀ ਪਸੰਦ ਕਰਦੇ ਹਨ। ਜਿਵੇਂ ਪੁਰਾਤਨ ਕਵੀਆਂ ਸ਼ਾਹ ਮੁਹੰਮਦ, ਵਾਰਿਸ਼ ਸ਼ਾਹ ਅਤੇ ਸ਼ਾਹ ਹੁਸੈਨ ਵਰਗੇ ਅਦੀਬਾਂ ਦੀਆਂ ਲਿਖਤਾਂ ਸਾਡੇ ਸਮਾਜ ਵਿਚ ਕਹਾਵਤਾਂ ਦੀ ਨਿਆਈਂ ਪੜ੍ਹੀਆਂ, ਸੁਣੀਆਂ ਤੇ ਵਰਤੀਆਂ ਜਾਂਦੀਆਂ ਹਨ:
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਜਾਂ
ਵਾਰਿਸ ਸ਼ਾਹ ਲੁਕਾਵੀਏ ਜੱਗ ਕੋਲੋਂ,
ਭਾਵੇਂ ਆਪਣਾ ਹੀ ਗੁੜ ਖਾਵੀਏ ਜੀ।
ਜਾਂ
ਦਇਆ ਸਿੰਘ ਅਠੋਤਰੀ ਪਕੜ ਮਾਲਾ
ਰੁੱਸੇ ਰੱਬ ਨੂੰ ਫੇਰ ਮਨਾਉਣ ਲੱਗਾ।
ਅਤੇ
ਟੁੱਟਾ ਹੋਇਆ ਦਿਲ ਜੇ ਤੂੰ ਕਿਸੇ ਦਾ ਨਾ ਸੀਤਾ।
ਤੇ ਨਿਰੀ ਮਾਲਾ ਫੇਰੀ ਤੂੰ ਕੱਖ ਵੀ ਨਾ ਕੀਤਾ।
ਐਸੇ ਸ਼ਾਇਰਾਂ ਦੀਆਂ ਛੰਦਾਬੰਦੀ ਵਾਲੀਆਂ ਸੁਰ-ਤਾਲ ਭਰਪੂਰ ਰਚਨਾਵਾਂ ਜਦ ਵੀ ਸੁਣੀਏ, ਮਾਖਿਓਂ ਮਿੱਠੀਆਂ ਲਗਦੀਆਂ ਨੇ। ਚਾਚੇ ਚੰਡੀਗੜ੍ਹੀਏ ਮਰਹੂਮ ਗੁਰਨਾਮ ਸਿੰਘ ਤੀਰ ਨੇ ਲਿਖਿਆ ਸੀ ਕਿ ਅਜੋਕੇ ਕਈ ਕੱਚ ਘਰੜ ਕਵੀਆਂ ਨੂੰ ਨਾ ਤਾਂ ਪਿੰਗਲ ਤੇ ਅਰੂਜ਼ ਦਾ ਕੋਈ ਇਲਮ ਹੈ ਅਤੇ ਨਾ ਹੀ ਉਨ੍ਹਾਂ ਨੇ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਹੁੰਦੀਆਂ ਹਨ, ਪਰ ਉਹ ਥੋਕ ਦੇ ਭਾਅ ਬੇਤੁਕੀਆਂ ਜੋੜ-ਜੋੜ ਕੇ ਕਾਗ਼ਜ਼ ਕਾਲੇ ਕਰੀ ਜਾਂਦੇ ਹਨ ਤੇ ਉਸ ਨੂੰ ਖੁੱਲ੍ਹੀ ਕਵਿਤਾ ਦੇ ਨਾਂ ਹੇਠ ਛਪਵਾ ਕੇ ਆਪੇ ਹੁੱਬੀ ਜਾਂਦੇ ਹਨ। ‘ਚਾਚੇ’ ਨੇ ਅਜਿਹੇ ‘ਮਹਾਨ ਲਿਖਾਰੀਆਂ’ ਦੀ ਕਵਿਤਾ ਦਾ ਨਮੂਨਾ ਪੇਸ਼ ਕਰਦਿਆਂ ਸ਼ਿਅਰ ਲਿਖਿਆ ਸੀ:
ਸਾਡੇ ਕੋਠੇ ਨਿੰਮ ਦਾ ਬੂਟਾ,
ਬਾਹਰ ਖੜ੍ਹਾ ਸਰਪੰਚ।
ਦੇਈਂ ਭੈਣੇ ਫੌੜ੍ਹਾ,
ਮੈਂ ਰਜਾਈ ਨੰਗਦਣੀ।
ਇਹੋ ਜਿਹੀ ‘ਸ਼ਾਇਰੀ’ ਲਿਖਣ ਵਾਲੇ ਸਿਰਮੌਰ ਸ਼ਾਇਰਾਂ ਨੂੰ ਭਲਾ ਸਰੋਤਿਆਂ ਦੇ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ, ਜਿਹੜੇ ਬਕਵਾਸ ਸੁਣ ਕੇ, ਉਨ੍ਹਾਂ ਮਗਰ ਫੌੜ੍ਹੇ ਲੈ ਕੇ ਨਹੀਂ ਪੈਂਦੇ!

Be the first to comment

Leave a Reply

Your email address will not be published.