ਗੁਰੂ ਨਾਨਕ ਤੇ ਅੱਜ

ਪ੍ਰਥਮ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਿੱਖ ਕੌਮ ਨੇ ਹਾਲ ਹੀ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਹੈ, ਪਰ ਕੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ‘ਤੇ ਚੱਲ ਰਹੇ ਹਾਂ? ਹਾਲ ਹੀ ਵਿਚ ਖੁੱਲ੍ਹੇ ਕਰਤਾਰਪੁਰ ਦੇ ਲਾਂਘੇ ਲਈ ਤਾਂ ਬੜੇ ਯਤਨ ਹੋਏ ਨੇ, ਪਰ ਗੁਰੂ ਲਈ ਆਪਣੇ ਦਿਲਾਂ ਦੇ ਬੰਦ ਪਏ ਦਰਵਾਜੇ ਕਦੋਂ ਖੋਲ੍ਹਾਂਗੇ? ਗੁਰੂ ਸਾਹਿਬ ਦੀ ਬਾਣੀ ਤਾਂ ਹੋਰ ਕਹਿੰਦੀ ਹੈ, ਪਰ ਧਰਮ ਦੇ ਠੇਕੇਦਾਰਾਂ ਨੇ ਸਭ ਕੁਝ ਬਾਣੇ ਨੂੰ ਬਣਾ ਲਿਆ ਏ। ਅਸੀਂ ਗੁਰੂ ਨੂੰ ਆਪਣਾ ਬਣਾ ਲਿਆ, ਦੂਜਿਆਂ ਤੋਂ ਖੋਹ ਲਿਆ। ਗੁਰੂ ਦੁਆਲੇ ਧੁੰਦ ਲਪੇਟ ਦਿੱਤੀ। ਸਾਂਝੀਵਾਲਾਤਾ ਦੀ ਥਾਂ ਕੇਵਲ ਮੈਂ, ਮੇਰੀ ਭਾਰੂ ਹੋ ਗਈ ਏ। ਬਾਬੇ ਦਾ ਤੂੰ ਤੇਰਾ ਦਾ ਸਬਕ ਕਿਉਂ ਭੁੱਲ ਗਏ ਹਾਂ?

ਇਹ ਕੁਝ ਸਵਾਲ ਹਨ ਜੋ ਨਾਮੀ ਸਾਹਿਤਕਾਰ ਵਰਿਆਮ ਸਿੰਘ ਸੰਧੂ ਨੇ ਆਪਣੇ ਇਸ ਗਹਿਰ ਗੰਭੀਰ ਲੇਖ ਵਿਚ ਉਠਾਏ ਹਨ। ਦੋ ਕਿਸ਼ਤਾਂ ਵਿਚ ਛਾਪੇ ਜਾ ਰਹੇ ਇਸ ਲੇਖ ਦੀ ਪਹਿਲੀ ਕਿਸ਼ਤ ਪਾਠਕਾਂ ਦੀ ਨਜ਼ਰ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 91-98726-02296 (ਭਾਰਤ)

ਗੁਰੂ ਨਾਨਕ ਪਾਤਸ਼ਾਹ ਦਾ ਪੰਜ ਸੌ ਪੰਜਾਹਵਾਂ ਪ੍ਰਕਾਸ਼ ਪੁਰਬ ਲੰਘ ਗਿਆ ਹੈ। ਰਸਮੀ ਸਮਾਗਮਾਂ ਤੇ ਸੈਮੀਨਾਰਾਂ ਦਾ ਰੌਲਾਗੌਲਾ ਮੁੱਕ ਗਿਆ ਲੱਗਦਾ ਹੈ। ਸੋਚਿਆ, ਹੁਣ ਆਪਾਂ ਵੀ ਬਾਬਾ ਜੀ ਬਾਰੇ ਕੁਝ ਗੈਰ-ਰਸਮੀ ਗੱਲਾਂ ਕਰ ਲਈਏ। ਦੋ ਛੋਟੇ ਛੋਟੇ ਬਿਰਤਾਂਤ ਸੁਣਾ ਕੇ ਗੁਰੂ ਨਾਨਕ ਸਾਹਿਬ ਦੇ ਜੀਵਨ ਫਲਸਫੇ ਦੀ ਗੱਲ ਸ਼ੁਰੂ ਕਰਦੇ ਹਾਂ।
ਸੋਵੀਅਤ ਯੂਨੀਅਨ ਦੀ ਮਦਦ ਨਾਲ ਪੁਲਾੜ ਵਿਚ ਪੁੱਜੇ ਪਹਿਲੇ ਭਾਰਤੀ ਯਾਤਰੀ ਰਾਕੇਸ਼ ਸ਼ਰਮਾ ਨੂੰ ਬੀਬੀ ਇੰਦਰਾ ਗਾਂਧੀ ਨੇ ਪੁੱਛਿਆ ਸੀ, “ਪੁਲਾੜ ਵਿਚੋਂ ਭਾਰਤ ਕਿਹੋ ਜਿਹਾ ਦਿਸਦਾ ਏ?”
ਉਹਨੇ ਹੁੱਬ ਕੇ ਜਵਾਬ ਦਿੱਤਾ ਸੀ, “ਸਾਰੇ ਜਹਾਂ ਸੇ ਅੱਛਾ!”
ਜਦ ਪਹਿਲਾ ਪੁਲਾੜ ਯਾਤਰੀ ਯੂਰੀ ਗਗਾਰਿਨ ਪੁਲਾੜ ਵਿਚ ਗਿਆ ਤਾਂ ਉਹਨੂੰ ਪੁੱਛਿਆ ਗਿਆ, “ਪੁਲਾੜ ਵਿਚੋਂ ਸੋਵੀਅਤ ਦੇਸ਼ ਕਿਹੋ ਜਿਹਾ ਦਿਸਦਾ ਏ?” ਉਸ ਦਾ ਜਵਾਬ ਸੀ, “ਏਥੋਂ ਮੈਨੂੰ ਸੋਵੀਅਤ ਦੇਸ਼ ਨਹੀਂ ਦਿਸਦਾ। ਏਥੋਂ ਮੈਨੂੰ ਮੇਰੀ ਧਰਤੀ ਦਿਸਦੀ ਹੈ।”
ਆਪੋ ਆਪਣੀ ਥਾਂ ਦੋਵੇਂ ਠੀਕ ਸਨ। ‘ਸਾਰੇ ਜਹਾਂ ਸੇ ਅੱਛਾ!” ਕਹਿਣਾ ਵੀ ਠੀਕ ਹੈ। ਆਪਣੀ ਧਰਤੀ, ਆਪਣੀਆਂ ਜੜ੍ਹਾਂ ਨਾਲ ਪਿਆਰ ਹੋਣਾ, ਉਹਦਾ ਚੰਗਾ ਲੱਗਣਾ ਜਾਂ ਚੰਗਾ ਦਿਸਣਾ ਬੜਾ ਸੁਭਾਵਕ ਹੈ। ਜਿਹੜਾ ਬੰਦਾ ਆਪਣੀ ਮਾਂ, ਮਾਂ-ਬੋਲੀ ਜਾਂ ਮਾਂ-ਮਿੱਟੀ ਨੂੰ ਮੁਹੱਬਤ ਨਹੀਂ ਕਰਦਾ, ਉਹ ਕਿਸੇ ਹੋਰ ਨੂੰ ਵੀ ਸੱਚੀ ਮੁਹੱਬਤ ਨਹੀਂ ਕਰ ਸਕਦਾ।
ਪਰ ਗੁਰੂ ਸਾਹਿਬ ਨੂੰ ‘ਕੱਲ੍ਹਾ ਹਿੰਦੁਸਤਾਨ ਹੀ ਨਹੀਂ, ਸਾਰੀ ਧਰਤੀ ਹੀ ਆਪਣੀ ਦਿਸਦੀ ਸੀ। ਜਿੱਥੇ ਜਿੱਥੇ ਵੀ ਲੋਕਾਈ ਨੂੰ ਰਾਜ ਸੱਤਾ, ਧਰਮ ਸੱਤਾ ਜਾਂ ਸਮਾਜਿਕ ਸੱਤਾ ਵੱਲੋਂ ਕੁਰਲਾਉਣ ਵਾਲੀ ਮਾਰ ਪੈ ਰਹੀ ਸੀ, ਓਥੇ ਓਥੇ ਹੀ ਪਹੁੰਚ ਕੇ ਗੁਰੂ ਜੀ ਨੇ ਲੋਕਾਂ ਦਾ ਦਰਦ ਪਛਾਣਿਆ, ਮਹਿਸੂਸਿਆ ਤੇ ਉਨ੍ਹਾਂ ਦੀ ਪੀੜ ਹਰਨ ਲਈ, ਉਨ੍ਹਾਂ ਦੇ ਜ਼ਖਮਾਂ ‘ਤੇ ਮਰ੍ਹਮ ਲਾਉਣ ਲਈ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਲੋਕਾਂ ਦੇ ਸਿਰਾਂ ਤੋਂ ਕੁਰਬਾਨ ਕਰ ਦਿੱਤੇ। ਭਾਈ ਗੁਰਦਾਸ ਇਸੇ ਪ੍ਰਸੰਗ ਵਿਚ ਹੀ “ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਮੀ ਦਿਸ ਆਈ।” ਤੇ ਅਖੀਰ ‘ਤੇ ‘ਚੜ੍ਹਿਆ ਸੋਧਣ ਧਰਤ ਲੋਕਾਈ’ ਦਾ ਸ਼ਬਦ ਉਚਾਰਦੇ ਹਨ। ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਸਾਹਿਬ ਨੇ ਹਿੰਦੂ ਧਰਮ, ਇਸਲਾਮ, ਬੁੱਧ ਮੱਤ, ਜੈਨ ਮੱਤ, ਸਿੱਧਾਂ ਤੇ ਜੋਗੀਆਂ ਤੇ ਹੋਰ ਮੱਤ-ਮਤਾਂਤਰਾਂ ਦੇ ਗੜ੍ਹਾਂ ਵਿਚ ਜਾ ਕੇ ਉਨ੍ਹਾਂ ਨਾਲ ਸੰਵਾਦ ਰਚਾਇਆ।
ਗੁਰੂ ਜੀ ਲਈ ਸਾਰਾ ਜਗਤ ਆਪਣਾ ਸੀ, ਸਾਰੇ ਜਗਤ ਦੇ ਲੋਕ ਆਪਣੇ ਸਨ ਤੇ ਉਨ੍ਹਾਂ ਦੇ ਦੁਖ-ਸੁਖ ਆਪਣੇ ਸਨ। ਉਨ੍ਹਾਂ ਦੀ ਪੀੜ ਆਪਣੀ ਪੀੜ ਸੀ। ਇਸੇ ਕਰ ਕੇ ਉਨ੍ਹਾਂ ਨੂੰ ਜਗਤ ਗੁਰੂ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਇਥੋਂ ਹੀ ਗੁਰੂ ਨਾਨਕ ਸਾਹਿਬ ਦੀ ਗੱਲ ਸ਼ੁਰੂ ਹੁੰਦੀ ਹੈ। ਉਨ੍ਹਾਂ ਨੂੰ ਵੀ ਦੇਸ ‘ਸਾਰੇ ਜਹਾਂ ਸੇ ਅੱਛਾ!’ ਲੱਗਦਾ ਸੀ ਤਾਂ ਹੀ ਬਾਬਰ ਦੇ ਹੱਲੇ ਵੇਲੇ ਹੋਏ ਜ਼ੁਲਮ ਨੂੰ ਵੇਖ ਕੇ ਉਨ੍ਹਾਂ ਦੀ ਰੂਹ ਕੁਰਲਾ ਉਠੀ ਸੀ ਤੇ ‘ਸੱਚ ਸੁਣਾਇਸੀ ਸੱਚ ਕੀ ਬੇਲਾ!’ ਮੁਤਾਬਕ ਐਨ ਸਮੇਂ ਸਿਰ ਸਮੇਂ ਦਾ ਸੱਚ ਬਿਆਨ ਕੀਤਾ। ‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ!’ ਦਾ ਸੱਚ ਬੋਲਦਿਆਂ ਉਨ੍ਹਾਂ ਨੇ ਜ਼ੁਲਮ ਸਹਿ ਰਹੇ ਗੁਲਾਮ ਦੇਸ਼ ਵਾਸੀਆਂ ਦੀ ਬੇਬਸੀ ਵੇਖ ਕੇ ਰੱਬ ਅੱਗੇ ਵੀ “ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ!” ਆਖ ਕੇ ਹਾਅ ਦਾ ਨਾਅਰਾ ਮਾਰਿਆ ਸੀ।
ਅੱਜ ਵੀ ਤਾਂ ਸਾਰਾ ਹਿੰਦੁਸਤਾਨ ਡਰਿਆ ਹੋਇਆ ਹੈ, ਡਰਾਇਆ ਗਿਆ ਹੈ। ਇਸ ਵਾਰ ਪਾਪ ਦੀ ਜੰਜ ਕਾਬਲੋਂ ਨਹੀਂ ਆਈ ਸਗੋਂ ਨਾਗਪੁਰੋਂ ਬਰਾਸਤਾ ਦਿੱਲੀ, ਦੇਸ਼ ਵਿਚੋਂ ਹੀ ਕਿਧਰੋਂ ਚੜ੍ਹ ਕੇ ਆ ਰਹੀ ਪਾਪ ਦੀ ਇਹ ਜੰਜ ਗਲੀਆਂ ਬਾਜ਼ਾਰਾਂ ਵਿਚ ਦਨਦਨਾਉਂਦੀ ਫਿਰਦੀ ਹੈ। ਜਿਸ ਨੂੰ ਚਾਹੇ ਘੇਰ ਕੇ ਭਾਰਤ ਮਾਤਾ ਦੇ ਨਾਂ ‘ਤੇ, ਸ੍ਰੀ ਰਾਮ ਦੇ ਨਾਂ ‘ਤੇ, ਗਊ ਮਾਤਾ ਦੇ ਨਾਂ ‘ਤੇ ਕੁੱਟ ਕੁੱਟ ਕੇ ਮਾਰ ਦੇਵੇ, ਸਾੜ ਦੇਵੇ। ਡਰੀ-ਸਹਿਮੀ ਲੋਕਾਈ ਹੱਥ ਜੋੜ ਕੇ ਪੁੱਛਦੀ ਏ, “ਮੇਰੇ ਰੱਬਾ! ਕਿੱਥੇ ਸੌਂ ਗਿਆ ਏਂ ਤੂੰ?” ਹੁਣ ਕਿਸੇ ਪਰਮਾਤਮਾ ਨੂੰ ਮਿਹਣਾ ਮਾਰਨ, ਪੀੜਤ ਲੋਕਾਂ ਦਾ ਦੁੱਖ ਹਰਨ ਗੁਰੂ ਨਾਨਕ ਨੇ ਆਪ ਤਾਂ ਨਹੀਂ ਆਉਣਾ। ਇਹ ਕੰਮ ਵੀ ਤਾਂ ਹੁਣ ਸਾਨੂੰ ਕਰਨਾ ਪੈਣਾ!
ਅਸੀਂ ਵੀ ਅਕਸਰ ਕਹਿੰਦੇ ਆ ਰਹੇ ਹਾਂ ਤੇ ਸਾਡੇ ਸ਼ਾਇਰ ਵੀ ਬੜੇ ਸਾਲਾਂ ਤੋਂ ਲਿਖਦੇ ਆ ਰਹੇ ਨੇ ਕਿ “ਬਾਬਾ ਆ ਕਿ ਤੇਰਾ ਵਤਨ ਹੈ ਵੀਰਾਨ ਹੋ ਗਿਆ।” (ਮੋਹਨ ਸਿੰਘ)
ਯਮਲਾ ਜੱਟ ਗਾਉਂਦਾ ਮਰ ਗਿਆ, ‘ਸਤਿਗੁਰ ਨਾਨਕ ਆ ਜਾ ਖਲਕਤ ਪਈ ਪੁਕਾਰਦੀ, ਤੇਰੇ ਹੱਥ ਵਿਚ ਦਾਤਾ ਚਾਬੀ ਏ ਸਾਰੇ ਸੰਸਾਰ ਦੀ!’
ਜਰਨੈਲ ਸਿੰਘ ਅਰਸ਼ੀ ਨੇ ਤਾਂ ਖਿਝ ਕੇ ਇਹ ਵੀ ਆਖ ਦਿੱਤਾ ਸੀ, “ਏਥੇ ਨਾ ਤੂੰ ਆਈ ਬਾਬਾ! ਇਸ ਬੇੜੇ ਨੂੰ ਡੁੱਬ ਜਾਣ ਦੇ, ਬੰਨੇ ਨਾ ਤੂੰ ਲਾਈਂ ਬਾਬਾ!”
ਇਹ ਖਿਝ ਸ਼ਾਇਦ ਇਸੇ ਦੁੱਖ ਵਿਚੋਂ ਨਿਕਲੀ ਸੀ ਕਿ ਜੇ ਅਸੀਂ ਗੁਰੂ ਨਾਨਕ ਦੇ ਬੋਲਾਂ ਤੇ ਅਮਲਾਂ ਨੂੰ ਆਪਣੀ ਆਤਮਾ ਦਾ ਹਿੱਸਾ ਨਹੀਂ ਬਣਾਉਣਾ ਤਾਂ ਅਸੀਂ ਬਕੌਲ ‘ਬਾਬੇ ਨਾਨਕ ਦੇ ਲੱਗਦੇ ਵੀ ਕੀ ਹਾਂ!”
ਅਮਰਜੀਤ ਸਿੰਘ ਵੜੈਚ ਨਾਂ ਦੇ ਕਿਸੇ ਕਵੀ ਨੇ ਦੱਸਿਆ ਕਿ ਸੰਗਰੂਰ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਵੀ ਦਰਬਾਰ ਕਰਵਾਇਆ ਜਾਣਾ ਸੀ। ਉਹਨੂੰ ਵੀ ਬਤੌਰ ਸ਼ਇਰ ਬੁਲਾਇਆ ਗਿਆ। ਸ਼ਾਇਰਾਂ ਦੀਆਂ ਕਵਿਤਾਵਾਂ ਪਹਿਲਾਂ ਹੀ ਪ੍ਰਵਾਨਗੀ ਲਈ ਮੰਗਵਾਈਆਂ ਗਈਆਂ ਸਨ। ਉਹਨੂੰ ਉਹਦੀ ਕਵਿਤਾ ਕਵੀ ਦਰਬਾਰ ਵਿਚ ਪੜ੍ਹਨ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਹਦੀਆਂ ਕੁਝ ਸਤਰਾਂ ਇਸ ਤਰ੍ਹਾਂ ਸਨ,
ਬਾਬਾ ਹੁਣ ਨਾ ਆਵੀਂ ਏਥੇ, ਆਇਆ ਤਾਂ ਪਛਤਾਵੇਂਗਾ!
ਏਥੇ ਬਚਿਆ ਕੋਈ ਨਹੀਂ ਲਾਲੋ, ਰੋਟੀ ਕਿਥੋਂ ਖਾਵੇਂਗਾ।
ਗੁਰੂ ਘਰਾਂ ਦੀਆਂ ਗੋਲਕਾਂ ਉਤੇ ਕਾਬਜ਼ ਵੱਡੇ ਲਾਣੇ ਨੇ,
ਭੁੱਖਿਆਂ ਸਾਧਾਂ ਲਈ ਹੁਣ ਤੂੰ ਕਿੱਦਾਂ ਲੰਗਰ ਲਾਵੇਂਗਾ!
ਪਰ ਮੈਂ ਇਸੇ ਪ੍ਰਸੰਗ ਵਿਚ ਅੱਧੀ ਸਦੀ ਤੋਂ ਵੀ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਤਿੰਨ ਸੌ ਸਾਲਾ ਪ੍ਰਕਾਸ਼ ਪੁਰਬ ਸਮੇਂ ਲਿਖਿਆ ਸੀ, “ਕਿਸ ਨੂੰ ਉਡੀਕਦੇ ਹੋ, ਗੋਬਿੰਦ ਨੇ ਹੁਣ ਪਟਨੇ ‘ਚੋਂ ਨਹੀਂ ਆਉਣਾ! ਮਸਤਕ ਤੋਂ ਹੱਥ ਤੱਕ, ਇਹੋ ਰਸਤਾ ਕੇਸਗੜ੍ਹ ਦੇ ਮੈਦਾਨ ਨੂੰ ਜਾਣਾ ਹੈ।”
ਸਿਧਾਂਤ ਤੋਂ ਤੁਰ ਕੇ ਅਮਲ ਵਿਚ ਆਉਣਾ ਹੀ ਗੁਰੂ ਦੇ ਰਾਹ ‘ਤੇ ਤੁਰਨਾ ਹੈ। ਗੁਰੂ ਤਾਂ ਸਾਨੂੰ ਆਪਣੇ ਸ਼ਬਦ ਦੇ ਲੜ ਲਾ ਗਿਆ ਏ। ਜ਼ੁਲਮ ਵਿਰੁਧ ਲੜਨਾ ਵੀ ਸਿਖਾ ਗਿਆ ਏ। ਹੁਣ ਆਪਣੇ ਹਿੱਸੇ ਦੀ ਲੜਾਈ ਤਾਂ ਅਸੀਂ ਆਪ ਹੀ ਲੜਨੀ ਹੈ।
ਭਾਵੇਂ ਗੁਰੂ ਜੀ ਜਗਤ-ਗੁਰੂ ਹੀ ਸਨ ਅਤੇ ਸਾਰੀ ਦੁਨੀਆਂ ਦੇ ਲੋਕ ਤੇ ਉਨ੍ਹਾਂ ਦੇ ਦੁੱਖ ਵੀ ਉਨ੍ਹਾਂ ਦੇ ਆਪਣੇ ਸਨ ਅਤੇ ਉਨ੍ਹਾਂ ਦੇ ਉਧਾਰ ਲਈ ਉਹ ਬਗਦਾਦ, ਮੱਕੇ ਤੇ ਅਰਬ ਦੇਸ਼ਾਂ ਤੱਕ ਵੀ ਗਏ। ਪਰ ਇਕ ਗੱਲ ਯਾਦ ਰੱਖਣ ਵਾਲੀ ਹੈ ਕਿ ਹਿੰਦੁਸਤਾਨ ਉਨ੍ਹਾਂ ਦਾ ਮੂਲ ਸਰੋਕਾਰ ਬਣਿਆ ਰਿਹਾ। ਜਿਵੇਂ ਗੁਰੂ ਜੀ ਨੇ ਆਪਣਾ ਆਪਾ ਹਿੰਦੁਸਤਾਨ ਨਾਲ ਜੋੜ ਕੇ ਪੂਰੇ ਹਿੰਦੁਸਤਾਨ ਨੂੰ ਇਨਸਾਨਸਤਾਨ ਬਣਾਉਣ ਦੀ ਲੜਾਈ ਲੜੀ ਸੀ, ਅਸੀਂ ਵੀ ਉਸ ਲੜਾਈ ਦਾ ਹਿੱਸਾ ਬਣਨਾ ਹੈ ਜਾਂ ਉਸ ਲੜਾਈ ਤੋਂ ਮੂੰਹ ਮੋੜ ਕੇ ਅੱਜ ਗੁਰੂ ਨਾਨਕ ਦੇ ਨਾਮਲੇਵਾ ਲੋਕਾਂ ਨੂੰ ਕੀ ਧਰਮ-ਆਧਾਰਤ ਕਿਸੇ ਵੱਖਰੇ ਭੁਗੋਲਿਕ ਖਿੱਤੇ ਦੀ ਲੜਾਈ ਲੜਨੀ ਹੈ? ਇਹ ਸਵਾਲ ਵੀ ਸਾਨੂੰ ਬੜੀ ਗੰਭੀਰਤਾ ਨਾਲ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ।
ਸਿੱਖੀ ਵੀ ਧਾਰਮਿਕ ਤੇ ਸਿਆਸੀ ਆਗੂਆਂ ਨੇ ਵਪਾਰ ਬਣਾ ਲਈ:
ਅੱਜ ਸਾਰਾ ਜਗਤ, ਸਾਰਾ ਗਲੋਬ ਇਕ ਪਿੰਡ ਬਣ ਗਿਆ ਹੈ। ਗਲੋਬਲ ਪਿੰਡ ਦੇ ਹਵਾਲੇ ਨਾਲ ਇਕ ਹੋਰ ਗੱਲ ਵੀ ਕਰਦੇ ਜਾਈਏ। ਬੜਾ ਦਿਲਚਸਪ ਇਤਫਾਕ ਹੈ ਕਿ ਪੁਰਤਗਾਲ ਦਾ ਯਾਤਰੀ ਵਾਸਕੋ ਡੀ ਗਾਮਾ 1460 ਵਿਚ ਜਨਮ ਲੈਂਦਾ ਹੈ ਤੇ ਗੁਰੂ ਜੀ 1469 ਵਿਚ। ਦੋਵੇਂ ਅੱਗੜ ਪਿੱਛੜ ਸੰਸਾਰ ਯਾਤਰਾਵਾਂ ‘ਤੇ ਨਿਕਲਦੇ ਹਨ। ਵਾਸਕੋ ਡੀ ਗਾਮਾ 1497 ਵਿਚ ਯਾਤਰਾ ਸ਼ੁਰੂ ਕਰ ਕੇ 20 ਮਈ 1498 ਵਿਚ ਕਾਲੀਕਟ ਦੀ ਬੰਦਰਗਾਹ ‘ਤੇ ਪੈਰ ਰੱਖਦਾ ਹੈ ਤੇ ‘ਗਲੋਬਲ ਸਾਮਰਾਜਵਾਦ’ ਦੀ ਨੀਂਹ ਰੱਖਦਾ ਹੈ। ਦੂਜੇ ਪਾਸੇ ਗੁਰੂ ਜੀ ਵੀ ਇਨ੍ਹਾਂ ਹੀ ਸਾਲਾਂ ਵਿਚ ਆਪਣੀਆਂ ਉਦਾਸੀਆਂ ‘ਤੇ ਨਿਕਲਦੇ ਨੇ, ਪਰ ਦੋਹਾਂ ਦੇ ਘਰੋਂ ਯਾਤਰਾਵਾਂ ‘ਤੇ ਨਿਕਲਣ ਦੇ ਕਾਰਨ ਵੱਖੋ ਵੱਖਰੇ ਸਨ। ਇਕ ਵਪਾਰ ਕਰਨ ਲਈ ਨਿਕਲਿਆ, ਦੂਜਾ ਪਿਆਰ ਕਰਨ ਲਈ। ਇਕ ਨੇ ਸਾਮਰਾਜੀ ਮੁਲਕਾਂ ਲਈ ਧਨ-ਦੌਲਤ ਲੁੱਟਣ ਦੇ ਤੇ ‘ਮੈਂ ਮੇਰੀ’ ਲਈ ਰਾਹ ਖੋਲ੍ਹਣੇ ਸਨ, ਦੂਜੇ ਨੇ ਆਪਣੀ ਮੁਹੱਬਤ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣਾ ਸੀ ਤੇ ‘ਤੂੰ ਤੇਰਾ’ ਦਾ ਸਬਕ ਦੇਣਾ ਸੀ। ਇਕ ਨੇ ਪੈਸੇ ਨੂੰ ਅੰਤਿਮ ਕੀਮਤ ਸਮਝ ਕੇ ਧਨ-ਦੌਲਤ ਦੇ ਨਾਲ-ਨਾਲ ਮਨੁੱਖਤਾ ਦੇ ਗੌਰਵ ਨੂੰ ਖੋਹਣਾ ਸੀ ਤੇ ਦੂਜੇ ਨੇ ਰਾਹੋਂ ਭਟਕੀ ਮਨੁੱਖਤਾ ਨੂੰ ਉਹਦਾ ਖੁੱਸਿਆ ਇਨਸਾਨੀ ਗੌਰਵ ਵਾਪਸ ਮੋੜਨਾ ਸੀ।
ਇਹ ਦੋ ਵਿਚਾਰਧਾਰਾਵਾਂ ਦੀ ਟੱਕਰ ਸੀ। ਅਫਸੋਸ ਅੱਜ ਸਾਰੇ ਸੰਸਾਰ ਉਤੇ ਵਾਸਕੋ ਡੀ ਗਾਮਾ ਦੀ ਧਿਰ, ਉਨ੍ਹਾਂ ਦੀ ਅੰਸ-ਬੰਸ ਦਾ ਝੰਡਾ ਝੁੱਲ ਰਿਹਾ ਹੈ। ਸਾਰੇ ਸੰਸਾਰ ਦੇ ਕਾਰ-ਵਿਹਾਰ ਤੇ ਵਪਾਰ ‘ਤੇ ਉਨ੍ਹਾਂ ਦਾ ਕਬਜ਼ਾ ਹੈ, ਪਰ ਦੁੱਖ ਦੀ ਗੱਲ ਹੈ ਕਿ ਗੁਰੂ ਨਾਨਕ ਨੂੰ ਆਪਣਾ ਗੁਰੂ ਆਖਣ ਵਾਲੇ ਸਿੱਖਾਂ ਦੀ ਸਿੱਖੀ (ਗੁਰੂ ਨਾਨਕ ਦੀ ਸਿੱਖੀ ਨਹੀਂ) ਵੀ ਕੌਮਾਂਤਰੀ ਗੇੜਾ ਕੱਢ ਕੇ ਹੁਣ ਵਪਾਰ ਬਣ ਗਈ ਹੈ।
ਵਪਾਰ ਤਾਂ ਗੁਰੂ ਸਾਹਿਬ ਨੇ ਵੀ ਕੀਤਾ ਸੀ। ਪਹਿਲਾ ਵਪਾਰ, ਭੁੱਖੇ ਪਰ ਲੋੜਵੰਦ ਸਾਧਾਂ ਨੂੰ ਭੋਜਨ ਛਕਾ ਕੇ ਕੀਤਾ ਤੇ ਲੋੜਵੰਦਾਂ ਲਈ ਲੰਗਰ-ਪ੍ਰਥਾ ਦੀ ਨੀਂਹ ਰੱਖ ਦਿੱਤੀ। ਦੂਜਾ ਵਪਾਰ ਸੁਲਤਾਨਪੁਰ ਲੋਧੀ ਵਿਚ ‘ਤੇਰਾ! ਤੇਰਾ!’ ਤੋਲ ਕੇ ਕੀਤਾ। ਇਹ ਵਪਾਰ ਵਾਸਕੋ ਡੀ ਗਾਮਾ ਦੀ ਆਲ-ਔਲਾਦ ਦੀ ‘ਮੈਂ-ਮੇਰੀ’ ਵਾਲੀ ਸੋਚ ਤੋਂ ਮੂਲੋਂ ਵੱਖਰੀ ‘ਤੂੰ-ਤੇਰੀ’ ਦੀ ਸੋਚ ਨੂੰ ਪ੍ਰਣਾਇਆ ਹੋਇਆ ਸੀ। ਉਨ੍ਹਾਂ ਦਾ ਹੋਕਾ ਸੀ, ‘ਸਚੁ ਵਾਪਾਰੁ ਕਰਹੁ ਵਾਪਾਰੀ॥’ ਇਸ ਵਪਾਰ ਵਿਚ ਲੋਕਾਂ ਨੂੰ ਲੁੱਟਣ ਦਾ ਨਹੀਂ, ਲੋਕਾਂ ਦੇ ਭਲੇ ਲਈ ਆਪਣਾ ਆਪ ਲੁਟਾ ਦੇਣ ਦਾ ਵਚਨ ਸੀ।
ਪਰ ਅੱਜ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲਿਆਂ ਵੱਲੋਂ ਆਪਣੇ ਨਿੱਜ ਲਈ ਤੇ ਨਾਨਕ ਦੇ ਲੋਕਾਂ ਨੂੰ ਲੁੱਟਣ ਲਈ ਸੈਂਕੜੇ ਵਪਾਰਕ ਅਦਾਰਿਆਂ, ਫੈਕਟਰੀਆਂ ਤੇ ਸਟੋਰਾਂ ਦੇ ਨਾਂ ਗੁਰੂ ਨਾਨਕ ਦੇ ਨਾਂ ‘ਤੇ ਰੱਖੇ ਮਿਲ ਜਾਂਦੇ ਹਨ, ਜਿਵੇਂ ਗੁਰੂ ਜੀ ਦਾ ਉਨ੍ਹਾਂ ਦੇ ਕੂੜ-ਮੁਨਾਫੇ ਵਿਚ ਕੋਈ ਹਿੱਸਾ ਹੋਵੇ! ਗੁਰੂ ਨਾਨਕ ਕਰਿਆਨਾ ਸਟੋਰ, ਗੁਰੂ ਨਾਨਕ ਜਿਊਲਰਜ਼, ਗੁਰੂ ਨਾਨਕ ਬੈਟਰੀ ਸਟੋਰ, ਗੁਰੂ ਨਾਨਕ ਫਰਨੀਚਰ ਹਾਊਸ, ਗੁਰੂ ਨਾਨਕ ਸੀਡ ਸਟੋਰ, ਗੁਰੂ ਨਾਨਕ ਕਲੋਥ ਹਾਊਸ, ਗੁਰੂ ਨਾਨਕ ਕੋਲਡ ਸਟੋਰ, ਗੁਰੂ ਨਾਨਕ ਮੈਡੀਕਲ ਸਟੋਰ ਜਿਹੇ ਹਜ਼ਾਰਾਂ ਨਾਂ ਤੁਸੀਂ ਪੜ੍ਹੇ-ਸੁਣੇ ਤੇ ਵੇਖੇ ਨੇ! ਬਾਹਰਲੇ ਮੁਲਕਾਂ ਵਿਚ ਤਾਂ ਬਹੁਤ ਸਾਰੇ ਗੁਰਦੁਆਰੇ ਵੀ ਗੁਰੂ ਜਾਂ ਸੰਗਤ ਦੇ ਨਹੀਂ। ਬੰਦਿਆਂ ਦੇ ਨਿਜੀ ਹਨ।
ਬੜੇ ਦੁੱਖ ਦੀ ਗੱਲ ਹੈ ਕਿ ਧਰਮ ਵਪਾਰ ਬਣਾ ਦਿੱਤੇ ਜਾਣ ਕਰ ਕੇ ਲੋਕਾਂ ਦੇ ਦਿਲਾਂ ਵਿਚੋਂ ਪੰਖ ਲਾ ਕੇ ਉਡ ਗਿਆ ਹੈ। ਅਸੀਂ ਛਿੱਲੜਾਂ ਚੁੱਕੀ ਫਿਰਦੇ ਹਾਂ, ਗਿਰੀ ਗਵਾ ਬੈਠੇ ਹਾਂ। ਸ਼ਬਦ ਰਟਣ ਦਾ ਮਾਣ ਕਰਦੇ ਹਾਂ, ਅਰਥਾਂ ਨਾਲੋਂ ਵਾਹ-ਵਾਸਤਾ ਤੋੜ ਬੈਠੇ ਹਾਂ। ਗੁਰੂ ਸਾਹਿਬ ਦੀ ਵਿਚਾਰਧਾਰਕ ਪ੍ਰਸੰਗਕਤਾ ਜਾਂ ਸਾਰਥਕਤਾ ਦਾ ਸਾਰਾ ਭੇਤ ਸਾਡੀ ਇਸੇ ਵਿਹਾਰਕ ਦੁਖੰਡਤਾ ਵਿਚ ਪਿਆ ਹੈ। ਅਸੀਂ ਇਸੇ ਦੁਖੰਡਤਾ ਨੂੰ ਸਮਝਣ ਦੀ ਕੋਸ਼ਿਸ਼ ਹੀ ਕਰਨੀ ਹੈ।
ਅਸਮਾਨ ਦਾ ਨਹੀਂ ਧਰਤੀ ਦਾ ਫਲਸਫਾ:
ਗੱਲ ਅੱਗੇ ਤੋਰਨ ਲਈ ਮੈਨੂੰ ਭਾਈ ਗੁਰਦਾਸ ਜੀ ਦੀ ਸੱਚੇ ਪਾਤਸ਼ਾਹ ਬਾਰੇ ਲਿਖੀ ਵਾਰ ਦੀਆਂ ਪਹਿਲੀਆਂ ਦੋ ਪੰਕਤੀਆਂ ਦਾ ਆਸਰਾ ਲੈਣਾ ਪੈਣਾ ਹੈ,
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਅਰਥ ਤੁਸੀਂ ਸਾਰੇ ਹੀ ਜਾਣਦੇ ਹੋ। ਗੁਰੂ ਨਾਨਕ ਸਾਹਿਬ ਦਾ ਪਰਗਟ ਹੋਣਾ ਗਿਆਨ ਦਾ ਸੂਰਜ ਚੜ੍ਹਨ ਵਾਂਗ ਸੀ, ਜਿਸ ਦੇ ਚਾਨਣ ਵਿਚ ਅਗਿਆਨ, ਕੁਤਰਕ ਤੇ ਅਧਰਮ ਦੀ ਧੁੰਦ ਤੇ ਹਨੇਰਾ ਦੂਰ ਹੋ ਗਿਆ। ਜਦੋਂ ਸੂਰਜ ਚੜ੍ਹਦਾ ਹੈ ਤਾਂ ਉਹਦੇ ਚਾਨਣ ਵਿਚ ਧੁੰਦ ਤੇ ਹਨੇਰਾ ਹੀ ਦੂਰ ਨਹੀਂ ਹੁੰਦੇ, ਤਾਰੇ ਵੀ ਛਿਪ ਜਾਂਦੇ ਹਨ। ਧੁੰਦ ਤੇ ਹਨੇਰਾ ਤਾਂ ਨਾਂਹ-ਵਾਚਕ ਸ਼ਬਦ ਨੇ ਪਰ ਤਾਰੇ ਨਾਂਹ-ਵਾਚਕ ਨਹੀਂ ਹਨ। ਉਹ ਤਾਂ ਟਿਮਟਮਾਉਂਦੀ ਰੌਸ਼ਨੀ ਦਾ ਸੋਮਾ ਹਨ। ਰਾਤ ਦੇ ਹਨੇਰੇ ਵਿਚ ਖਿਲਰੇ ਛੋਟੇ ਛੋਟੇ ਚਾਨਣ ਹਨ, ਪਰ ਜਦ ਸੂਰਜ ਚੜ੍ਹਦਾ ਹੈ ਤਾਂ ਚਾਨਣ ਦੇ ਇਹ ਨਿੱਕੇ ਸੋਮੇ ਵੀ ਛਿਪ ਜਾਂਦੇ ਹਨ। ਅਸਲ ਰਮਜ਼ ਏਹੋ ਹੈ ਸਮਝਣ ਵਾਲੀ।
ਜੇ ਗੁਰੂ ਸਾਹਿਬ ਦੀ ਵਿਚਾਰਧਾਰਾ, ਫਲਸਫਾ ਸੂਰਜ ਸੀ ਤਾਂ ਛੋਟੇ ਛੋਟੇ ਚਾਨਣ ਬਿਖੇਰਦੇ ਇਹ ਤਾਰੇ ਕੀ ਸਨ? ਇਹ ਭਾਰਤ ਦੇ, ਸੰਸਾਰ ਦੇ ਉਹ ਫਲਸਫੇ ਸਨ, ਜੋ ਆਪਣੀ ਥਾਂ ‘ਤੇ ਹੋ ਸਕਦਾ ਹੈ, ਬੜੇ ਵੱਡੇ ਹੋਣ, ਮਹਾਨ ਹੋਣ; ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਬ੍ਰਹਿਮੰਡ ਵਿਚ ਸਾਡੇ ਸੂਰਜ ਮੰਡਲ ਵਰਗੇ ਤੇ ਇਸ ਤੋਂ ਵੱਡੇ ਸੂਰਜ ਮੰਡਲ ਵੀ ਹਨ। ਕਈ ਤਾਰੇ ਸਾਡੇ ਸੂਰਜ ਤੋਂ ਵੀ ਕਈ ਗੁਣਾ ਵੱਡੇ ਹਨ, ਪਰ ਉਹ ਸਾਡੀ ਧਰਤੀ ਤੋਂ ਲੱਖਾਂ ਮੀਲ ਦੂਰ ਹਨ। ਏਨੀ ਦੂਰ ਕਿ ਕਈਆਂ ਦੀ ਤਾਂ ਰੌਸ਼ਨੀ ਲੱਖਾਂ ਸਾਲਾਂ ਬਾਅਦ ਧਰਤੀ ‘ਤੇ ਅੱਪੜਦੀ ਹੈ ਤੇ ਕਿਹਾ ਜਾਂਦਾ ਹੈ ਕਿ ਕਈਆਂ ਦੀ ਤਾਂ ਅਜੇ ਤੱਕ ਨਹੀਂ ਪਹੁੰਚੀ। ਸੋ ਤਾਰਿਆਂ ਜਿਹੇ ਇਹ ਫਲਸਫੇ ਲੱਖ ਮਹਾਨ ਤੇ ਵੱਡੇ ਹੋਣ, ਪਰ ਉਨ੍ਹਾਂ ਦਾ ਨਿੱਘ ਤੇ ਰੌਸ਼ਨੀ ਲੋਕਾਂ ਦਾ ਕੁਝ ਨਹੀਂ ਸਵਾਰਦੀ।
ਨਿੱਘ ਹੈ ਨਾ ਰੌਸ਼ਨੀ ਹੈ, ਇਹ ਕੇਹੀ ਦੋਸਤੀ ਹੈ।
ਗੁਰੂ ਸਾਹਿਬ ਦਾ ਸੂਰਜੀ ਫਲਸਫਾ ਇਸ ਕਰ ਕੇ ਮਹਾਨ ਸੀ, ਕਿਉਂਕਿ ਇਹ ਜ਼ੁਲਮ-ਜਬਰ ਦੀ ਕੜਕਦੀ ਠੰਢ ਵਿਚ ਠਰਦੀ ਕੰਬਦੀ ਲੋਕਾਈ ਨੂੰ ਨਿੱਘ ਦਿੰਦਾ ਸੀ, ਕੂੜ ਕੁਸੱਤ ਬੋਲਣ, ਕਰਨ ਵਾਲੀ ਗਿਆਨ ਵਿਹੂਣੀ ਅੰਨ੍ਹੀ ਪਰਜਾ ਨੂੰ ਰੌਸ਼ਨੀ ਦਿੰਦਾ ਸੀ, ਅੱਖਾਂ ਦਿੰਦਾ ਸੀ। ਸਦੀਆਂ ਪਿਛੋਂ ਲੋਕਾਂ ਨੂੰ ਲੱਗਾ, ਇਹ ਤਾਂ ਕੋਈ ਉਨ੍ਹਾਂ ਦੇ ਦੁੱਖਾਂ-ਦਰਦਾਂ ਨੂੰ ਸਮਝਣ ਵਾਲਾ, ਉਨ੍ਹਾਂ ਦੇ ਡੂੰਘੇ ਜ਼ਖਮਾਂ ‘ਤੇ ਮਰ੍ਹਮ ਲਾਉਣ ਵਾਲਾ ਉਨ੍ਹਾਂ ਦਾ ਕੋਈ ਡਾਢਾ ਦਰਦੀ ਆ ਗਿਆ ਹੈ। ਜਦੋਂ ਗੁਰੂ ਸਾਹਿਬ ਨੇ ‘ਏਕ ਪਿਤਾ ਏਕਿਸ ਕੇ ਹਮ ਬਾਰਿਕ’ ਆਖ ਕੇ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦੇ ਅੰਦਾਜ਼ ਵਿਚ ਬਾਹਵਾਂ ਖੋਲ੍ਹੀਆਂ ਤਾਂ ਦੁਖੀ-ਲਤਾੜੀ ਮਨੁੱਖਤਾ ਧਾਹ ਕੇ ਉਨ੍ਹਾਂ ਦੇ ਗਲ ਨਾਲ ਆਣ ਲੱਗੀ।
ਬੀਮਾਰੀ ਦੀ ਤਖਸ਼ੀਸ਼: ਜਾਤ-ਪਾਤ ਤੇ ਧਰਮ ਨਹੀਂ ਇਨਸਾਨੀ ਪਛਾਣ ਪ੍ਰਮੁੱਖ
ਮਨੁੱਖਤਾ ਦੇ ਦੁੱਖ ਕੀ ਸਨ, ਜ਼ਖਮ ਕੀ ਸਨ ਤੇ ਮਰ੍ਹਮ ਕੀ ਸੀ? ਇਸੇ ਸਮਝ ਵਿਚ ਗੁਰੂ ਜੀ ਦੇ ਵਿਚਾਰਾਂ ਦੀ ਪ੍ਰਸੰਗਕਤਾ ਦਾ ਰਹੱਸ ਪਿਆ ਹੈ। ਦੁੱਖ ਦੀ ਦਵਾਈ ਦੇਣ ਜਾਂ ਜ਼ਖਮ ‘ਤੇ ਮਰ੍ਹਮ ਲਾਉਣ ਤੋਂ ਪਹਿਲਾਂ ਬੀਮਾਰੀ ਦੀ ਤਖਸ਼ੀਸ਼ ਕਰਨੀ ਬਹੁਤ ਜ਼ਰੂਰੀ ਹੈ। ਇਸੇ ਤਖਸ਼ੀਸ਼ ਦਾ ਸਿੱਟਾ ਹੀ ਸੀ, ਉਨ੍ਹਾਂ ਦਾ ਸੰਕੇਤਕ ਤੌਰ ‘ਤੇ ਵੇਈਂ ਵਿਚ ਚੁੱਭੀ ਲਾਉਣਾ, ਜੋ ਅਸਲ ਵਿਚ ਅੰਤਰ-ਮਨ ਵਿਚ ਚੁੱਭੀ ਲਾਉਣਾ ਸੀ। ਕਿਸੇ ਅੰਤਿਮ ਫੈਸਲੇ ‘ਤੇ ਪੁੱਜਣਾ ਸੀ। ਉਸ ਵੇਲੇ ਦੇਸ਼ ਵਿਚ ਦੋ ਮੁੱਖ ਧਰਮ ਸਨ-ਹਿੰਦੂ ਤੇ ਇਸਲਾਮ। ਦੋਵੇਂ ਇਕ ਦੂਜੇ ਦੇ ਵਿਰੋਧੀ। ਇਕ ਹਾਕਮ ਦਾ ਧਰਮ, ਇਕ ਮਹਿਕੂਮ ਦਾ। ਇਕ ਹਮਲਾਵਰ, ਦੂਜਾ ਆਤਮ ਸੁਰੱਖਿਆ ਦੇ ਪੈਂਤੜੇ ਤੋਂ ਆਪਣੇ ਘੁਰਨਿਆਂ ਵਿਚ ਸਿਰ ਘਸੋੜ ਕੇ ਬੈਠਾ ਹੋਇਆ।
ਨਾ ਹਮ ਹਿੰਦੂ ਨਾ ਮੁਸਲਮਾਨ ਤਾਂ ਮੈਂ ਹਾਂ ਕੌਣ? ਕਿਉਂਕਿ ਉਹ ਅੰਤਰ-ਮਨ ਵਿਚ ਡੂੰਘੀ ਝਾਤ ਮਾਰ ਕੇ ਜਾਣ ਚੁਕੇ ਸਨ ਕਿ:
ਹਿੰਦੂ ਨੂੰ ਅਜੇ ਵੇਦਾਂ ‘ਚੋਂ ਭਗਵਾਨ ਨਹੀਂ ਲੱਭਾ।
ਮੱਕੇ ‘ਚੋਂ ਮੁੱਲਾਂ ਨੂੰ ਅਜੇ ਈਮਾਨ ਨਹੀਂ ਲੱਭਾ।
ਉਸ ਇਨਸਾਨ ਨੂੰ ਅਸਮਾਨ ‘ਚੋਂ ਭਗਵਾਨ ਕੀ ਲੱਭੇ,
ਜਿਸ ਇਨਸਾਨ ਨੂੰ ਇਨਸਾਨ ‘ਚੋਂ ਇਨਸਾਨ ਨਹੀਂ ਲੱਭਾ।
ਪ੍ਰਮੇਸ਼ਰ ਨਹੀਂ, ਮੈਂ ਸਾਹ ਲੈਣ ਵਾਲਾ ਆਦਮੀ ਹਾਂ।
ਜੇ ਹਿੰਦੂ ਜਾਂ ਮੁਸਲਮਾਨ ਨਹੀਂ ਤਾਂ ਫਿਰ ਸਾਫ ਜਾਹਰ ਸੀ ਕਿ ਮੈਂ ਇਨਸਾਨ ਹਾਂ। ਉਹ ਨਾ ਆਪਣੇ ਆਪ ਨੂੰ ਭਗਵਾਨ ਕਹਿੰਦੇ ਨੇ, ਨਾ ਰਸੂਲ, ਨਾ ਪੈਗੰਬਰ, ਨਾ ਰੱਬ ਦਾ ਪੁੱਤਰ। ਉਹ ਕਹਿੰਦੇ ਹਨ, ‘ਹਮ ਆਦਮੀ ਹੈ ਇਕ ਦਮੀ, ਮੁਹਲਤਿ ਮੁਹਤਿ ਨਾ ਜਾਣਾ।’ ਮੈਂ ਤਾਂ ਸਾਹ ਲੈਣ ਵਾਲਾ ਉਹ ਜੀਵ ਹਾਂ, ਜਿਸ ਨੂੰ ਆਪਣੇ ਅਗਲੇ ਸਾਹ ਦੇ ਆਉਣ ਜਾਂ ਨਾ ਆਉਣ ਦਾ ਭਰੋਸਾ ਨਹੀਂ, ਮੈਨੂੰ ਆਪਣੇ ਸਾਹ ਦੀ ਮੁਹਲਤ ਜਾਂ ਮਿਆਦ ਦੀ ਜਾਣਕਾਰੀ ਨਹੀਂ। ਜਿਸ ਵਿਅਕਤੀ ਨੂੰ ਆਪਣੇ ਸਾਹ ਦੀ ਮੁਹਲਤ ਤੇ ਮਿਆਦ ਦਾ ਵੀ ਪਤਾ ਨਹੀਂ, ਉਹ ਰੱਬ ਜਾਂ ਪਰਮੇਸ਼ਰ ਹੋਣ ਦਾ ਦਾਅਵਾ ਕਿਵੇਂ ਕਰ ਸਕਦਾ ਏ? ਖਾਸ ਤੌਰ ‘ਤੇ ਉਹ ਮਹਾਂਪੁਰਸ਼, ਜੋ ਇਹ ਜਾਣਦਾ, ਕਹਿੰਦਾ ਤੇ ਪ੍ਰਚਾਰਦਾ ਰਿਹਾ ਏ ਕਿ ਪਰਮਾਤਮਾ ਤਾਂ ਅਜੂਨੀ ਹੈ।
ਜਦ ਮੱਕੇ ਵਿਚ ਕਾਅਬੇ ਵੱਲ ਲੱਤਾਂ ਕਰ ਕੇ ਲੰਮੇ ਪੈ ਗਏ ਸਨ ਤਾਂ ਆ ਕੇ ਕਾਜ਼ੀ ਨੇ ਪੁੱਛਿਆ ਸੀ ਕਿ ਤੂੰ ਹਿੰਦੂ ਏਂ ਜਾਂ ਮੁਸਲਮਾਨ? ਤਦ ਗੁਰੂ ਜੀ ਦਾ ਜਵਾਬ ਸੀ, “ਪਾਂਚ ਤੱਤ ਕਾ ਪੁਤਲਾ, ਨਾਨਕ ਮੇਰਾ ਨਾਉਂ।”
ਸਵਾਲ ਹੁਣ ਇਨਸਾਨੀ ਪਛਾਣ ਨੂੰ ਮਾਣ ਤੇ ਸਥਾਨ ਦਿਵਾਉਣ ਦਾ ਸੀ। ਆਪਣੇ ਆਪ ਨੂੰ ਆਦਮੀ ਕਹਿਣਾ, ਮੰਨਣਾ ਤੇ ਪ੍ਰਚਾਰਨਾ ਦੂਜੇ ਆਦਮੀਆਂ ਨਾਲ ਅਪਣੱਤ ਦਾ ਰਿਸ਼ਤਾ ਜੋੜਨਾ ਸੀ। ਇਹ ਅੰਬਰਾਂ ਤੋਂ ਉਤਰ ਕੇ ਧਰਤੀ ‘ਤੇ ਧਰਤੀ ਦੇ ਲੋਕਾਂ ਵਿਚ ਆ ਜਾਣ ਵਾਂਗ ਸੀ। ਉਨ੍ਹਾਂ ਜਿਹਾ ਹੋ ਜਾਣਾ ਸੀ। ਅਸਮਾਨ ‘ਤੇ ਰਹਿਣ-ਵੱਸਣ ਵਾਲੇ ਕਿਸੇ ਮਹਾਂਪੁਰਸ਼ ਨੂੰ ਤੁਸੀਂ ਆਪਣੇ ਦਿਲ ਦਾ ਦੁਖੜਾ ਕਿਵੇਂ ਦੱਸ ਸਕਦੇ ਓ? ਉਹਦੇ ਗਲ ਨਾਲ ਕਿਵੇਂ ਲੱਗ ਸਕਦੇ ਓ? ਗਲ ਤਾਂ ਤੁਸੀਂ ਓਸੇ ਮਹਾਂਪੁਰਸ਼ ਦੇ ਲੱਗ ਸਕਦੇ ਓ, ਜੋ ਤੁਹਾਡੇ ਜਿਹਾ ਬਣ ਕੇ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ ‘ਚ ਅੱਖਾਂ ਪਾ ਕੇ ਖਲੋਤਾ ਹੋਵੇ। ਇਹੋ ਕਾਰਨ ਸੀ, ਜਦ ਗੁਰੂ ਸਾਹਿਬ ਉਨ੍ਹਾਂ ਦੇ ਦਿਲਾਂ ਦੇ ਦਰਦੀ ਬਣ ਕੇ ਅਸਮਾਨ ਤੋਂ ਉਤਰ ਕੇ ਧਰਤੀ ‘ਤੇ ਆਣ ਖਲੋਤੇ ਉਨ੍ਹਾਂ ਦੇ ਰੋਗਾਂ ਦੇ ਵੈਦ ਬਣ ਕੇ ਅਤੇ ਉਨ੍ਹਾਂ ਦੀ ਆਪਣੀ ਦੇਹ-ਜਾਨ ਬਣ ਕੇ ਮੁਹੱਬਤ ਨਾਲ ਆਪਣੀਆਂ ਬਾਹਾਂ ਖੋਲ੍ਹ ਕੇ ਉਨ੍ਹਾਂ ਨੂੰ ਆਪਣੀ ਬੁੱਕਲ ਵਿਚ ਲੈ ਕੇ ਹਿੱਕ ਨਾਲ ਲਾ ਲਿਆ।
ਨਵੇਂ ਮਨੁੱਖ ਦੀ ਘਾੜਤ:
ਪਰ ਗੱਲ ਏਥੇ ਹੀ ਤਾਂ ਨਹੀਂ ਸੀ ਮੁੱਕ ਜਾਣੀ ਕਿ ਮੈਂ ਤੁਹਾਡੇ ਜਿਹਾ ਆਦਮੀ ਹੀ ਹਾਂ। ਅਗਲੀ ਗੱਲ ਸਾਫ ਕਰਨ ਦੀ ਲੋੜ ਸੀ ਕਿ ਜੇ ਆਦਮੀ ਵੀ ਹਾਂ ਤਾਂ ਕਿਸ ਤਰ੍ਹਾ ਦਾ ਆਦਮੀ ਹਾਂ ਜਾਂ ਆਦਮੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ?
ਅਸਲ ਵਿਚ ਗੁਰੂ ਨਾਨਕ ਸਾਹਿਬ ਇਕ ਨਵੇਂ ਮਨੁੱਖ ਦੀ ਸਿਰਜਣਾ ਕਰਨਾ ਚਾਹ ਰਹੇ ਸਨ। ਉਹ ਆਪਣੀ ਬਾਣੀ ਵਿਚ ਜਿਹੜੀ ‘ਅਨੂਪ ਘਾੜਤ’ ਕਰਨ ਦੀ ਗੱਲ ਕਰਦੇ ਨੇ, ਉਹ ਅਸਲ ਵਿਚ ਸੁਰਤ, ਮੱਤ, ਮਨ, ਬੁੱਧ ਦੀ ਘਾੜਤ ਦੀ ਵੀ ਹੈ।
ਸੋ ਉਨ੍ਹਾਂ ਦਾ ਉਦੇਸ਼ ਮਨੁੱਖ ਦੀ ਬੌਧਿਕ, ਭਾਵੁਕ ਤੇ ਆਤਮਕ ਘਾੜਤ ਕਰਨਾ ਵੀ ਹੈ। ਜਿਹੜੇ ਮਨੁੱਖ ਨੂੰ ਗੁਰੂ ਸਾਹਿਬ ਘੜਨਾ ਤੇ ਜਿਸ ਲਈ ਲੜਨਾ ਹੈ, ਉਸ ਬਾਰੇ ਵੀ ਉਹ ਨਿਰਣਾ ਦਿੰਦਿਆਂ ਕਹਿੰਦੇ ਹਨ ਕਿ ਉਹ ਹਾਸ਼ੀਏ ‘ਤੇ ਧੱਕ ਦਿੱਤੇ ਗਏ ਤਥਾਕਥਿਤ ਨੀਚਾਂ ਦੀ ਧਿਰ ਹਨ। ਪੈਰ ਦੀ ਜੁੱਤੀ ਆਖ ਕੇ ਦੁਰਕਾਰੀ ਗਈ ਔਰਤ ਨੂੰ ਮਾਨਵੀ ਗੌਰਵ ਦੇਣ ਵਾਲੀ ਧਿਰ ਹਨ। ਉਹ ਮਜ੍ਹਬਾਂ ਵਿਚ ਵੰਡੇ ਤੇ ਜਾਤ-ਪਾਤੀ ਸਮਾਜ ਵਿਚ ਦਰਜਾਬੰਦੀ ਦੇ ਲਿਹਾਜ਼ ਨਾਲ ਸਭ ਤੋਂ ਹੇਠਲੇ ਦਰਜੇ ‘ਤੇ ਖਲੋਤੇ ਲਾਲੋਆਂ ਤੇ ਮਰਦਾਨਿਆਂ ਦੇ ਯਾਰ ਹਨ। ਉਨ੍ਹਾਂ ਦਾ ਸੰਘਰਸ਼ ਤੇ ਸੁਪਨਾ ਸਰਬ-ਸਾਂਝੀਵਾਲਤਾ ਦਾ, ਮਨੁੱਖੀ ਬਰਾਬਰੀ ਤੇ ਉਨ੍ਹਾਂ ਤਾਕਤਾਂ ਵਿਰੁਧ ਨਾਬਰੀ ਦਾ ਹੈ ਜਿਨ੍ਹਾਂ ਤਾਕਤਾਂ ਨੇ ਸਾਧਾਰਨ ਮਨੁੱਖ ਕੋਲੋਂ ਉਹਦਾ ਮਾਨਵੀ ਗੌਰਵ ਖੋਹ ਲਿਆ ਹੈ। ਗੁਰੂ ਜੀ ਨੇ ਉਨ੍ਹਾਂ ਨੂੰ ਗਲ ਨਾਲ ਲਾ ਕੇ ਉਨ੍ਹਾਂ ਦੀ ਖੋਹੀ ਗਈ ਇਨਸਾਨੀਅਤ ਹੀ ਉਨ੍ਹਾਂ ਨੂੰ ਨਾ ਮੋੜੀ ਸਗੋਂ ਇਨਸਾਨੀ ਅਜ਼ਮਤ ਦੀ ਬਹਾਲੀ ਲਈ ਲੜਨ ਦਾ ਭਰੋਸਾ ਤੇ ਜਿਗਰਾ ਵੀ ਦਿੱਤਾ। ਹੁਣ ਤੱਕ ਮੰਗ ਖਾਣੀ ਸਮਝੀ ਜਾਂਦੀ ਜਾਤ ਮਿਰਾਸੀ ਦਾ ਮਰਦਾਨਾ ਉਮਰ ਭਰ ਦਾ ਸੰਗੀ ਬਣਾ ਲੈਂਦੇ ਨੇ।
ਹਿੰਦੂ ਮੁਸਲਮਾਨ ਦਾ ਵਿਤਕਰਾ ਭੁਲਾ ਕੇ, ਜਾਤ-ਪਾਤ ਨੂੰ ਰੱਦ ਕਰ ਕੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦਾ ਨਾਅਰਾ ਬੁਲੰਦ ਕਰ ਕੇ ਇਨਸਾਨੀ ਏਕਤਾ ਅਤੇ ਸਰਬ-ਸਾਂਝੇ ਸਭਿਆਚਾਰ ਦੀ ਨੀਂਹ ਰੱਖੀ। ਇਹ ਸੁਨੇਹਾ ਪੰਜਾਬ ਲਈ ਹੀ ਨਹੀਂ, ਸਾਰੇ ਹਿੰਦੁਸਤਾਨ ਲਈ ਸੀ। ਸਗੋਂ ਸਾਰੀ ਦੁਨੀਆਂ ਲਈ ਸੀ।
ਆਜ਼ਾਦੀ ਤੇ ਲੋਕਤਾ ਦੀ ਜੰਗ:
ਸੋ ਗੁਰੂ ਜੀ ਮਾਨਵੀ ਗੌਰਵ ਤੋਂ ਵਿਰਵੀ ਕਰ ਦਿੱਤੀ ਗਈ ਤੇ ਹਾਸ਼ੀਏ ‘ਤੇ ਧੱਕ ਦਿੱਤੀ ਗਈ ਅਜਿਹੀ ਹਰੇਕ ਧਿਰ ਦੀ ਦੁਸ਼ਮਣ ਰਾਜ ਸੱਤਾ, ਧਰਮ ਸੱਤਾ ਤੇ ਸਮਾਜਕ ਸੱਤਾ ਦੇ ਨਾਲ ਉਨ੍ਹਾਂ ਦੀ ਜੰਗ ਹੈ। ਰਾਜੇ ਉਨ੍ਹਾਂ ਲਈ ਸ਼ੀਂਹ ਹਨ, ਮੁਕੱਦਮ ਕੁੱਤੇ ਹਨ। ਪੰਡਿਤ ਤੇ ਮੌਲਵੀ ਧਰਮ ਦਾ ਤੱਤ ਗਵਾ ਕੇ ਦਿੱਖ ਦੇ ਪੂਜਕ ਬਣ ਬੈਠੇ ਤੇ ਲੋਕਾਂ ਨੂੰ ਲੁੱਟ ਰਹੇ ਨੇ। ਇਹ ਜੰਗ ਇਕ ਸ਼ਾਇਰ ਦੀ ਜੰਗ ਵੀ ਹੈ। ਲੋਕਤਾ ਦੀ ਆਜ਼ਾਦੀ ਦੀ ਜੰਗ ਵੀ ਹੈ।
ਇਹ ਜੰਗ ਓਹੋ ਸ਼ਾਇਰ ਜਾਂ ਸੱਚ ਦਾ ਆਸ਼ਕ ਹੀ ਲੜ ਸਕਦਾ ਏ, ਜਿਸ ਵਿਚ ਬੇਖੌਫ ਹੋ ਕੇ ਓਸ ਵੇਲੇ ਸੱਚ ਬੋਲਣ ਦੀ ਜੁਰਅਤ ਤੇ ਜੇਰਾ ਹੋਵੇ, ਜਦੋਂ ਸੱਚ ਬੋਲਣ ਦੀ ਅਸ਼ਦ ਲੋੜ ਹੋਵੇ। ਸਮਾਂ ਬੀਤਣ ਬਾਅਦ ਬੋਲਿਆ ਸੱਚ ਕੋਈ ਅਰਥ ਨਹੀਂ ਰੱਖਦਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜੋਕੇ ਸਮਿਆਂ ਵਿਚ ਸਾਹਿਤਕਾਰ ਨੂੰ ਸੱਚ ਬੋਲਣ ਦੀ ਸਭ ਤੋਂ ਵੱਧ ਲੋੜ ਹੈ, ਕਿਉਂਕਿ ਹੁਣ ਵੀ ਸੱਚ ਬੋਲਣ ਦਾ ਬਹੁਤ ਮੁਨਾਸਬ ਮੌਕਾ ਹੈ। ਜੇ ਨੀਚਾਂ, ਨਿਮਾਣਿਆਂ, ਨਿਤਾਣਿਆਂ ਦੀ ਧਿਰ ਬਣਨਾ ਹੈ ਤਾਂ ਉਨ੍ਹਾਂ ਦੇ ਜੀਵਨ ਨੂੰ ਬਦਲਣ ਲਈ ਲੜਨਾ ਤੇ ਬੋਲਣਾ ਵੀ ਪੈਣਾ ਸੀ। ਸੱਚ ਦੀ ਆਵਾਜ਼ ਬੁਲੰਦ ਕਰਨੀ ਪੈਣੀ ਸੀ। ‘ਸੱਚ ਸੁਣਾਇਸੀ ਸੱਚ ਕੀ ਬੇਲਾ॥’ ਲੋਕਾਂ ਨੂੰ ਲੁੱਟਣ ਵਾਲੇ ਰਾਜਿਆਂ ਨੂੰ ਸ਼ੀਂਹ ਤੇ ਅਹਿਲਕਾਰਾਂ ਨੂੰ ਕੁੱਤੇ ਆਖਣ ਦਾ ਜੇਰਾ ਹੋਵੇ, ਪਰ ਬੋਲੂ ਓਹੋ ਹੀ ਸਾਹਿਤਕਾਰ ਜਾਂ ਸੂਰਮਾ, ਜੋ ਗੁਰੂ ਨਾਨਕ ਦਾ ਸੱਚਾ ਸਿੱਖ ਹੋਊ।
ਸਵਾਲ ਕੀਤਾ ਜਾ ਸਕਦਾ ਹੈ ਕਿ ‘ਸੱਚੁ ਸੁਣਾਇਸੀ, ਸੱਚ ਕੀ ਬੇਲਾ!’ ਦਾ ਪਾਠ ਕਰਨ ਵਾਲਿਆਂ ਵਿਚ ਕੀ ਏਨਾ ਜੇਰਾ ਤੇ ਜੁਰਅਤ ਹੈ ਕਿ ਹੁਣ ਜਦ ਸੱਚ ਬੋਲਣ ਦੀ ਸਭ ਤੋਂ ਵੱਧ ਲੋੜ ਹੈ ਤਾਂ ਸੱਚ ਬੋਲ ਸਕਦੇ ਹੋਣ? ਤੇ ਅੱਜ ਜਦ ਸਾਰਾ ਹਿੰਦੁਸਤਾਨ ਡਰਿਆ ਬੈਠਾ ਏ। ਧਰਤੀ ਦੇ ਰੱਬ ਬਣ ਬੈਠੇ ਗੱਦੀਆਂ ‘ਤੇ ਬੈਠੇ ਰਾਜਿਆਂ ਨੂੰ ਕਹਿ ਸਕਦੇ ਹਾਂ ਕਿ ਜਦੋਂ ਬੇਦੋਸ਼ਿਆਂ ਨੂੰ ਨਫਰਤੀ ਭੀੜਾਂ ਗਲੀਆਂ-ਬਾਜ਼ਾਰਾਂ ਵਿਚ ਘੇਰ ਕੇ ਕਤਲ ਕਰਦੀਆਂ ਤੇ ਏਨਾ ਕਹਿਰ ਢਾਹੁੰਦਿਆਂ ਵੇਖ ਕੇ ਤੁਹਾਨੂੰ ਤਰਸ ਨਹੀਂ ਆਉਂਦਾ?”
ਪਰ ਇਹ ਗੁਰੂ ਜੀ ਹੀ ਸਨ, ਜਿਨ੍ਹਾਂ ਨੇ ਸਮੇਂ ਸਿਰ ਸੱਚ ਬੋਲਿਆ ਵੀ, ਸੱਚ ਬੋਲਣ ਦੀ ਇਹ ਜੰਗ ਲੜਦਿਆਂ ‘ਸੀਸ ਤਲੀ ‘ਤੇ ਵੀ ਧਰਨਾ ਪੈ ਸਕਦਾ ਏ; ਪਰ ਗੁਰੂ ਜੀ ਨੇ ਮਨੁੱਖ ਨੂੰ ਇਸ ਕਾਬਲ ਬਣਾ ਦਿੱਤਾ ਕਿ ਉਹ 1699 ਦੀ ਵਿਸਾਖੀ ‘ਤੇ ਸ਼ੇਰ ਵਾਂਗ ਭਬਕ ਮਾਰ ਕੇ ਉਠ ਖਲੋਤਾ ਤੇ ਲਲਕਾਰਿਆ,
ਜਦੋਂ ਸਿਰ ਸਿਰ ਤੋਂ ਤੁਰ ਕੇ ਤਲੀ ‘ਤੇ ਆਣ ਟਿਕਦਾ ਹੈ,
ਉਦੋਂ ਕੋਈ ਦਿਨੇ ਟਿਕਦਾ ਹੈ, ਨਾ ਰਾਤ ਟਿਕਦਾ ਹੈ।
ਉਦੋਂ ਕੋਈ ਸ਼ਿਵਾ ਵਰ ਦਏ ਜਾਂ ਨਾ ਦਏ,
ਸ਼ੁਭ ਕਰਮਨ ਤੋਂ ਕੋਈ ਕਦੋਂ ਡਰਦਾ ਹੈ!
ਜਦੋਂ ਇਨਸਾਨੀ ਪਛਾਣ ਮੁੱਖ ਥਾਂ ਗ੍ਰਹਿਣ ਕਰਨ ਲੱਗਦੀ ਹੈ ਤਾਂ ਸਭਨਾਂ ਵਿਚ ਬਰਾਬਰੀ ਦਾ ਅਹਿਸਾਸ ਪੈਦਾ ਕਰਨਾ ਹੈ। ਜਦੋਂ ਬਰਾਬਰ ਹੋ ਗਏ, ਨਾ ਕੋਈ ਵੱਡਾ ਰਿਹਾ ਨਾ ਛੋਟਾ, ਨਾ ਨੀਚ ਨਾ ਊਚ। ਬਰਾਬਰਤਾ ਦੀ ਭਾਵਨਾ ਜਾਗਣ ਨਾਲ ਹੀ ਮਨਾਂ ਵਿਚੋਂ ਸਭ ਤਰ੍ਹਾਂ ਦੀ ਗੁਲਾਮੀ ਤੋਂ ਮੁਕਤੀ ਤੇ ਆਜ਼ਾਦੀ ਦਾ ਰਾਜ ਵਿਗਸਣ ਤੇ ਖਿੜਨ ਲੱਗਦਾ ਹੈ। ਆਜ਼ਾਦੀ ਦੇ ਦਰ ਦਾ ਰਾਹ ਖੁੱਲ੍ਹਣ ਲੱਗਦਾ ਹੈ।
ਪੰਜਾਬੀ ਬੋਲੀ ਜਾਂ ਲੋਕ-ਭਾਸ਼ਾ:
ਆਜ਼ਾਦੀ ਦੇ ਦਰਵਾਜੇ ਦੇ ਤਾਲੇ ਦੀ ਪਹਿਲੀ ਚਾਬੀ ਹੈ ਤੁਹਾਡੀ ਬੋਲੀ। ਬੋਲੀ ਸਾਡੇ ਸਮਾਜਕ, ਧਾਰਮਕ, ਸਭਿਆਚਾਰਕ ਤੇ ਰਾਜਸੀ ਅਵਚੇਤਨ ਨੂੰ ਪ੍ਰਗਟਾਉਂਦੀ ਵੀ ਹੈ ਤੇ ਇਹਨੂੰ ਸਿਰਜਦੀ ਵੀ ਹੈ ਤੇ ਮੁੜ ਤੋੜਦੀ-ਭੰਨਦੀ ਤੇ ਪੁਨਰ ਸਿਰਜਿਤ ਵੀ ਕਰਦੀ ਹੈ। ਹਾਕਮ ਜਮਾਤਾਂ ਲੋਕਾਂ ਤੋਂ ਉਨ੍ਹਾਂ ਦੀ ਬੋਲੀ ਖੋਹ ਕੇ ਆਪਣੀ ਬੋਲੀ ਦੀ ਸੱਤਾ ਸਥਾਪਤ ਕਰ ਕੇ ਗੁਲਾਮ ਕੌਮ ਨੂੰ ਆਪਣੇ ਅਨੁਸਾਰੀ ਬਣਾਉਂਦੀ ਹੈ ਤੇ ਗੁਲਾਮ ਲੋਕਾਂ ਦੇ ਆਚਾਰ, ਵਿਹਾਰ, ਸੰਸਕਾਰ, ਪਹਿਰਨ, ਪਚਰਨ ਤੇ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦੀ ਹੈ। ਗੁਲਾਮ ਕੌਮ ਹਾਕਮ ਧਿਰ ਦੀ ਜੀਵਨ ਸ਼ੈਲੀ, ਭਾਸ਼ਾ ਤੇ ਆਚਾਰ ਵਿਹਾਰ ਨੂੰ ਉਤਮ ਸਮਝ ਕੇ ਸੁਚੇਤ-ਅਚੇਤ ਪੱਧਰ ‘ਤੇ ਪ੍ਰਵਾਨ ਕਰ ਲੈਂਦੀ ਹੈ। ਇਹੋ ਕਾਰਨ ਹੈ ਕਿ ਅੰਗਰੇਜ਼ ਨੇ ਪੰਜਾਬ ‘ਤੇ ਕਬਜ਼ਾ ਕਰਨ ਸਾਰ ਫੌਜਾਂ ਤੋਂ ਹਥਿਆਰ ਰਖਵਾਉਣ ਤੋਂ ਤੁਰੰਤ ਪਿਛੋਂ ਪਹਿਲਾ ਕੰਮ ਇਹ ਕੀਤਾ ਕਿ ਘਰਾਂ ਵਿਚ ਛਾਪੇ ਮਾਰ ਕੇ ਪੰਜਾਬੀ ਦੀਆਂ ਕਿਤਾਬਾਂ ਤੇ ਕਾਇਦੇ ਇਕੱਠੇ ਕੀਤੇ ਤੇ ਚੁਰਾਹਿਆਂ ਵਿਚ ਉਨ੍ਹਾਂ ਦੀ ਹੋਲੀ ਬਾਲੀ। ਅੰਗਰੇਜ਼ ਨੇ ਸਾਥੋਂ ਸਾਡੀ ਬੋਲੀ ਖੋਹ ਕੇ ਸਾਡੇ ਅਵਚੇਤਨ ‘ਤੇ ਪੋਚਾ ਮਾਰਨਾ ਚਾਹਿਆ। ਘਰਾਂ ਵਿਚੋਂ ਹਥਿਆਰ ਤੇ ਕਿਤਾਬਾਂ ਕਢਾਉਣ ਲਈ ਉਨ੍ਹਾਂ ਥਾਣੇ ਵਿਚ ਪ੍ਰਤੀ ਹਥਿਆਰ ਜਮ੍ਹਾਂ ਕਰਾਉਣ ਦੇ ਆਨਾ ਤੇ ਪੰਜਾਬੀ ਦੀ ਕਿਤਾਬ ਜਾਂ ਕਾਇਦਾ ਜਮ੍ਹਾਂ ਕਰਾਉਣ ਦੇ ਛੇ ਆਨੇ ਇਨਾਮ ਰੱਖਿਆ ਸੀ।
ਗੁਰੂ ਸਾਹਿਬ ਵੇਲੇ ਪਹਿਲਾਂ ਲੋਧੀ ਮੁਸਲਮਾਨਾਂ ਦਾ ਰਾਜ ਸੀ ਤੇ ਫਿਰ ਮੁਗਲਾਂ ਦਾ ਰਾਜ ਆਉਂਦਾ ਹੈ। ਹਾਕਮ ਧਿਰ ਦੀ ਬੋਲੀ ਫਾਰਸੀ ਤੇ ਹਾਕਮ ਧਿਰ ਦੀ ਜੀਵਨ ਸ਼ੈਲੀ ਨੇ ਲੋਕ ਮਨਾਂ ‘ਤੇ ਅਸਰ ਪਾਉਣਾ ਹੀ ਸੀ। ਗੁਰੂ ਜੀ ਨੇ ਸੱਤਾਹੀਣ ਵਰਗ ਦੀ ਹੀਣ ਸਥਿਤੀ ਨੂੰ ਬਿਆਨ ਕਰਦਿਆਂ ਕਿਹਾ,
ਘਰਿ ਘਰਿ ਮੀਆ ਸਭਨਾ ਜੀਆਂ ਬੋਲੀ ਅਵਰ ਤੁਮਾਰੀ॥ (ਪੰਨਾ 1191)
ਉਨ੍ਹਾਂ ਦੇ ਪਹਿਰਾਵੇ ਬਾਰੇ ਕਾਟਵੀਂ ਟਿੱਪਣੀ ਕਰਦਿਆਂ ਸੱਤਾ ਧਿਰ ਦੀ ਭਾਸ਼ਾ ਨੂੰ “ਮਲੇਛ ਭਾਖਿਆ” ਕਿਹਾ।
ਅੱਜ ਪੰਜਾਬੀ ਦੀ ਓਹੋ ਜਿਹੀ ਹੀਣ ਸਥਿਤੀ ਹੈ। ਲੋੜ ਸੀ, ਲੋਕਾਂ ਵਿਚ ਸਵੈ-ਭਰੋਸਾ ਪੈਦਾ ਕਰਨ ਲਈ, ਆਤਮ-ਸਨਮਾਨ ਦੀ ਭਾਵਨਾ ਪੈਦਾ ਕਰਨ ਵਾਸਤੇ ਤੇ ਆਜ਼ਾਦੀ ਦਾ ਸਬਕ ਪੜ੍ਹਾਉਣ ਲਈ ਲੋਕਾਂ ਦੀ ਭਾਸ਼ਾ ਵਿਚ ਹੀ ਉਨ੍ਹਾਂ ਨਾਲ ਗੱਲ ਕੀਤੀ ਜਾਵੇ। ਹੁਣ ਤੱਕ ਦਾ ਸਾਰਾ ਗਿਆਨ ਸੰਸਕ੍ਰਿਤ ਵਿਚ ਸੀ, ਪਰ ਇਹ ਭਾਸ਼ਾ ਤਾਂ ਕੇਵਲ ਬ੍ਰਾਹਮਣ ਹੀ ਸਮਝ ਸਕਦਾ ਸੀ। ਉਂਜ ਵੀ ਵੇਦ ਔਖੇ ਸਨ, ਤੇ ਉਪਨਿਸ਼ਦ ਖਿਆਲੀ ਉਡਾਰੀਆਂ ਵਧੇਰੇ ਸਨ।
ਗੁਰੂ ਨਾਨਕ ਨੇ ਬੋਲ ਸ਼ਬਦ ਨੂੰ ਲਿਖਤ ਸ਼ਬਦ ਵਿਚ ਤਬਦੀਲ ਕਰ ਕੇ ਸਾਹਿਤਕ ਭਾਸ਼ਾ ਈਜਾਦ ਕੀਤੀ। ਇਕ ਗੱਲ ਇਹ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਲਿਪੀ ਭਾਵੇਂ ਗੁਰਮੁਖੀ ਰੱਖੀ, ਪਰ ਪੰਜਾਬੀ ਬੋਲੀ ਨੂੰ ਹੋਰ ਭਾਰਤੀ ਭਾਸ਼ਾਵਾਂ ਦਾ ਰੰਗ ਚਾੜ੍ਹ ਕੇ ਵਡੇਰੇ ਸੰਚਾਰ ਦੀ ਭਾਸ਼ਾ ਬਣਾ ਦਿੱਤਾ ਅਤੇ ਉਸ ਬੋਲੀ ਵਿਚ ਸਾਰੇ ਭਾਰਤ ਨੂੰ ਮੁਖਾਤਬ ਹੋਏ, ਜਿਸ ਨੂੰ ਸਾਧ ਭਾਖਾ ਜਾਂ ਹਿੰਦਕੀ ਜਾਂ ਹਿੰਦਕੋ ਵੀ ਕਿਹਾ ਜਾਂਦਾ ਸੀ। ਇੰਜ ਉਨ੍ਹਾਂ ਨੇ ਇਕ ਲੋਕ-ਭਾਸ਼ਾ ਵੀ ਸਿਰਜੀ। ਲੋਕਾਂ ਦੀ ਬੋਲੀ ਵਿਚ ਕੀਤੀ ਗੱਲ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਦੇ ਨੇੜੇ ਲਾ ਦਿੱਤਾ।
ਔਰਤ ਦਾ ਸਥਾਨ:
ਕੋਈ ਵੀ ਮਹਾਂਪੁਰਸ਼ ਲੋਕਾਂ ਜਿਹਾ ਤਾਂ ਹੀ ਲੱਗ ਸਕਦਾ ਏ, ਜੇ ਲੋਕਾਂ ਜਿਹਾ ਜੀਵਨ ਜਿਉਂਦਾ ਹੋਵੇ। ਸਾਡੀ ਸੰਸਕ੍ਰਿਤੀ ਵਿਚ ਜੀਵਨ ਮੁਕਤ ਹੋਣ ਦੀਆਂ ਨਵਿਰਤੀ ਮਾਰਗ ਤੇ ਪ੍ਰਵਿਰਤੀ ਮਾਰਗ ਦੀਆਂ ਦੋ ਪ੍ਰਵਿਰਤੀਆਂ ਮਿਲਦੀਆਂ ਨੇ। ਉਨ੍ਹਾਂ ਵੇਲਿਆਂ ਵਿਚ ਜੀਵਨ ਮੁਕਤ ਹੋਣ ਦੀ ਪ੍ਰਚਲਿਤ ਪਰਿਪਾਟੀ ਗ੍ਰਹਿਸਥ ਤੋਂ ਭਗੌੜੇ ਹੋਣ ਵਿਚ ਸੀ। ਰਿਸ਼ੀ, ਸਿੱਧ ਜਾਂ ਜੋਗੀ ਬਣਨ ਵਿਚ ਸੀ, ਪਰ ਦੁਨੀਆਰ ਬੰਦੇ ਲਈ ਇਹ ਜੀਵਨ ਸੰਭਵ ਨਹੀਂ। ਗੁਰੂ ਸਾਹਿਬ ਗ੍ਰਹਿਸਥ ਧਰਮ ਅਪਨਾ ਕੇ ਜਨਤਾ ਨੂੰ ‘ਅੰਜਨ ਮਾਹਿ ਨਿਰੰਜਨ’ ਰਹਿਣ ਦਾ ਸਬਕ ਦਿੰਦੇ ਨੇ। ਹਸੰਦਿਆਂ ਖਿਲੰਦਿਆਂ, ਪਹਿਨੰਦਿਆਂ ਹੀ ਮੁਕਤੀ ਦਾ ਮਾਰਗ ਵਿਖਾ ਦਿੰਦੇ ਨੇ।
ਜੇ ਗ੍ਰਹਿਸਥੀ ਬਣਨਾ ਹੈ ਤਾਂ ਔਰਤ ਦੇ ਸੰਗ-ਸਾਥ ਦੀ ਲੋੜ ਪੈਣੀ ਹੈ। ਗੁਰੂ ਸਾਹਿਬ ਪੂਰੇ ਅਮਲ ਵਿਚ ਔਰਤ ਦੀ ਵਸਤੂ ਹੋਂਦ ਦਾ ਨਿਖੇਧ ਕਰਦਿਆਂ ਔਰਤ ਦਾ ਮਾਨਵੀ ਗੌਰਵ ਬਹਾਲ ਕਰਦੇ ਹਨ। ਸੱਚਾਈ ਤਾਂ ਇਹ ਹੈ ਕਿ ਜਦੋਂ ਕੋਈ ਮਨੁੱਖ ਅੰਤਰ-ਧਿਆਨ ਹੋ ਕੇ ਆਪਣੀ ਆਤਮਾ ਦੇ ਸੱਚੇ-ਸੁੱਚੇ ਸ਼ੀਸ਼ੇ ਅੱਗੇ ਖਲੋਂਦਾ ਹੈ ਤਾਂ ਉਹਨੂੰ ਸੱਚਮੁੱਚ ਔਰਤ ਦੀ ਮਾਂ, ਭੈਣ, ਧੀ, ਪਤਨੀ, ਪ੍ਰੇਮਿਕਾ ਤੇ ਹੋਰ ਅਨੇਕਾਂ ਰਿਸ਼ਤਿਆਂ ਵਿਚੋਂ ਮਿਲੀ ਤਾਕਤ ਦਾ ਸੱਚ ਆਪਣੇ ਅੱਗੇ ਪਿੱਛੇ ਖਲੋਤਾ ਨਜ਼ਰ ਆਉਂਦਾ ਹੈ। ਹਰੇਕ ਮਰਦ ਦੀ ਤਰੱਕੀ ਪਿੱਛੇ ਔਰਤ ਦਾ ਹੱਥ ਹੋਣ ਦਾ ਕਥਨ ਇਸੇ ਅਟੱਲ ਸੱਚਾਈ ਵੱਲ ਸੰਕੇਤ ਕਰਦਾ ਹੈ।
ਮੰਨਿਆਂ ਇਹ ਸਭ ਕੁਝ ਵੀ ਸੱਚ ਹੈ ਪਰ ਇਕ ਹੋਰ ਸੱਚ ਤੇ ਬੜਾ ਭਿਆਨਕ ਸੱਚ ਇਹ ਵੀ ਹੈ ਕਿ ਬੇਸ਼ੱਕ ਔਰਤਾਂ ਸਾਡੇ ਲਈ ਸਵਰਸਵਤੀ, ਦੁਰਗਾ, ਲਕਸ਼ਮੀ, ਕੰਜਕਾਂ, ਚਿੜੀਆਂ ਦਾ ਚੰਬਾ, ਦੇਵੀਆਂ, ਸੁਆਣੀਆਂ, ਧੀਆਂ-ਧਿਆਣੀਆਂ, ਘਰ ਦੀਆਂ ਰਾਣੀਆਂ ਤੇ ਹੋਰ ਵੀ ਪਤਾ ਨਹੀਂ ਕੀ ਕੀ ਹਨ ਪਰ ਜੇ ਨਹੀਂ ਹਨ ਤਾਂ ਉਹ ਇਨਸਾਨ ਹੀ ਨਹੀਂ ਹਨ। ਪਿਤਾਸ਼ਾਹੀ ਸਮਾਜ ਵੱਲੋਂ ਸਦੀਆਂ ਤੋਂ ਸਥਾਪਤ ਕੀਤੇ ਗਏ ਮਰਦ-ਮੁੱਲਾਂ ਨੇ ਉਨ੍ਹਾਂ ਦਾ ਇਨਸਾਨੀ ਗੌਰਵ ਉਨ੍ਹਾਂ ਕੋਲੋਂ ਖੋਹ ਲਿਆ ਹੈ।
ਹਿੰਦੂ ਧਰਮ ਦੇ ਜਾਤਪਾਤੀ ਸਮਾਜ ਦੀ ਗੱਲ ਛੱਡੋ, ਮਰਦਸ਼ਾਹੀ ਅਤੇ ਸਿਸਟਮ ਦੀ ਦੂਹਰੀ ਗੁਲਾਮੀ ਭੋਗਣ ਵਾਲੀ ਔਰਤ ਨਾਲ ਸਦੀਆਂ ਤੋਂ ਕਿਸੇ ਵੀ ਧਰਮ ਨੇ ਇਨਸਾਫ ਨਹੀਂ ਕੀਤਾ। ਕਈ ਧਰਮਾਂ ਵਿਚ ਔਰਤ ਨੂੰ ਕੇਵਲ ਦਿੱਖ ਦੀ ਪੱਧਰ ‘ਤੇ ਤਾਂ ਵਡਿਆਇਆ ਗਿਆ ਹੈ ਪਰ ਹਕੀਕਤ ਵਿਚ ਵੇਖਿਆਂ ਦਿੱਖ ਅਤੇ ਤੱਤ ਵਿਚਲੀ ਕਾਣ ਸਹਿਜੇ ਹੀ ਨਜ਼ਰ ਆ ਜਾਂਦੀ ਹੈ।
ਹਿੰਦੂ ਧਰਮ ਤੋਂ ਇਲਾਵਾ ਦੂਜੇ ਧਰਮਾਂ ਦੀ ਵੀ ਸੁਣ ਲਵੋ। ‘ਦਿਗੰਬਰ ਜੈਨ ਮੱਤ’ ਦਾ ਵਿਸ਼ਵਾਸ ਸੀ ਕਿ ਅੰਤਿਮ ਤੌਰ ‘ਤੇ ਮੁਕਤੀ ਹਾਸਲ ਕਰਨ ਲਈ ਇਸਤਰੀ ਦਾ ਮਰਦ ਦੇ ਰੂਪ ਵਿਚ ਜਨਮ ਲੈਣਾ ਲਾਜ਼ਮੀ ਹੈ। ਬੁੱਧ ਮੱਤ ਨੇ ਇਹ ਵਿਚਾਰ ਪੇਸ਼ ਕੀਤਾ ਕਿ ਜੇ ਕੋਈ ਇਸਤਰੀ ਡੁੱਬਦੀ ਹੋਵੇ ਤਾਂ ਕੋਈ ਭਿਖਸ਼ੂ ਉਸ ਨੂੰ ਬਚਾਉਣ ਲਈ ਹੱਥ ਨਹੀਂ ਵਧਾਏਗਾ, ਭਾਵੇਂ ਉਹ ਉਸ ਦੀ ਆਪਣੀ ਮਾਂ ਜਾਂ ਪਤਨੀ ਹੀ ਕਿਉਂ ਨਾ ਹੋਵੇ। ਜਦ ਆਨੰਦ ਨੇ ਬੁੱਧ ਕੋਲੋਂ ਔਰਤਾਂ ਨੂੰ ਸੰਘ ਵਿਚ ਸ਼ਾਮਲ ਕਰਨ ਦੀ ਆਗਿਆ ਮੰਗੀ ਤਾਂ ਬੁੱਧ ਨੇ ਆਗਿਆ ਤਾਂ ਦੇ ਦਿੱਤੀ ਪਰ ਨਾਲ ਇਹ ਵੀ ਕਿਹਾ, “ਔਰਤ ਨੂੰ ਸੰਘ ਵਿਚ ਸ਼ਾਮਲ ਹੋਣ ਦੀ ਆਗਿਆ ਹੈ, ਪਰ ਜੋ ਧਰਮ ਹਜ਼ਾਰ ਸਾਲ ਰਹਿਣਾ ਸੀ, ਹੁਣ ਪੰਜ ਸੌ ਸਾਲ ਹੀ ਚੱਲੇਗਾ।”
ਇਸ ਸਾਰੇ ਦੌਰ ਵਿਚ ਗੁਰੂ ਨਾਨਕ ਸਾਹਿਬ ਤੇ ਹੋਰ ਸਿੱਖ ਗੁਰੂ ਸਾਹਿਬਾਨ ਨੇ ਨਾਥਾਂ ਜੋਗੀਆਂ ਤੋਂ ਉਲਟ ‘ਗ੍ਰਹਿਸਥ ਧਰਮ’ ਨੂੰ ਸ਼੍ਰੇਸ਼ਠ ਆਖ ਕੇ ਔਰਤ ਨੂੰ ਬਰਾਬਰੀ ਦਾ ਰੁਤਬਾ ਦੇਣ ਦਾ ਯਤਨ ਕੀਤਾ। ਇਹ ਵੀ ਕਿਹਾ ਕਿ ਔਰਤ ਦੀ ਹੋਂਦ ਅਤੇ ਸਾਥ ਬਿਨਾ ਜੀਵਨ ਦੀ ਹੋਂਦ ਹੀ ਸੰਭਵ ਨਹੀਂ। ‘ਏਕ ਜੋਤਿ ਦੋਇ ਮੂਰਤੀ’ ਦੀ ਧਾਰਨਾ ਵੀ ਔਰਤ-ਮਰਦ ਦੀ ਬਰਾਬਰੀ ਵੱਲ ਸੰਕੇਤ ਹੈ। ਸਿਰਫ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨ!’ ਦੀ ਗੱਲ ਹੀ ਨਹੀਂ ਗੁਰੂ ਜੀ ਨੇ ਤਾਂ ਔਰਤ ਦੀ ਸਿਰਜਣਾਤਮਕ ਸ਼ਕਤੀ ਨੂੰ ਨਮਨ ਕਰਦਿਆਂ ਸਾਰੀ ਰਿਸ਼ਤਾ-ਨਾਤਾ ਪ੍ਰਣਾਲੀ ਦੀ ਉਸ ਨੂੰ ਮੁੱਖ ਸੂਤਰਧਾਰ ਦੱਸਿਆ। ਉਨ੍ਹਾਂ ਨੇ ਔਰਤ ਨੂੰ ਮਰਦ ਦੇ ਬਰਾਬਰ ਹੀ ਰੁਤਬਾ ਨਹੀਂ ਦਿੱਤਾ ਸਗੋਂ ਇਹ ਵੀ ਕਿਹਾ ਕਿ ਜੇ ਮਰਦ ਨੇ ਵੀ ਪਰਮਾਤਮਾ ਨੂੰ ਪਾਉਣਾ ਹੈ ਤਾਂ ਮਰਦ ਰੂਪ ਹੋ ਕੇ ਨਹੀਂ ਸਗੋਂ ਔਰਤ ਰੂਪ ਹੋ ਕੇ ਹੀ ਪਾਇਆ ਜਾ ਸਕਦਾ ਹੈ। ਪਰਮਾਤਮਾ ਨੂੰ ‘ਆਪੇ ਪੁਰਖ, ਆਪੇ ਹੀ ਨਾਰੀ’ ਜਾਂ ‘ਤੂੰ ਮੇਰਾ ਪਿਤਾ ਤੂੰ ਹੀ ਮੇਰਾ ਮਾਤਾ’ ਆਖ ਕੇ ਲਿੰਗ-ਭੇਦ ਤੋਂ ਉਪਰ ਚੁੱਕ ਦਿੱਤਾ। ਔਰਤ ਦੇ ਉਭਾਰ ਤੇ ਸੁਧਾਰ ਲਈ ਕਈ ਕਦਮ ਵੀ ਚੁੱਕੇ ਗਏ।
ਸਿੱਖ ਸਮਾਜ ਵਿਚ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦੀ ਕਹਾਣੀ ਕੋਈ ਅੱਜ ਦੀ ਕਹਾਣੀ ਨਹੀਂ, ਇਹ ਰਵਾਇਤ ਸਦੀਆਂ ਤੋਂ ਚਲੀ ਆ ਰਹੀ ਹੈ। ਪੰਜਾਬ ਦੇ ਪਹਿਲੇ ਪ੍ਰਸ਼ਾਸਕ ਹੈਨਰੀ ਲਾਰੰਸ ਕੋਲ ਗੁਰੂ ਵੰਸ਼ ਦੇ ਬੇਦੀਆਂ ਦੇ ਆਗੂਆਂ ਨੇ ਜਾ ਕੇ ਬੇਨਤੀ ਕੀਤੀ ਸੀ ਕਿ ਕੁੜੀਆਂ ਨੂੰ ਜੰਮਦਿਆਂ ਨਾ ਮਾਰਨ ਦਾ ਹੁਕਮ ਬੇਦੀਆਂ ‘ਤੇ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਅਸੀਂ ਸਦੀਆਂ ਤੋਂ ਕੁੜੀਆਂ ਨੂੰ ਮਾਰਦੇ ਆ ਰਹੇ ਹਾਂ।” ਜਦ ਹੈਨਰੀ ਲਾਰੰਸ ਨੇ ਇਸ ਛੋਟ ਦਾ ਕਾਰਨ ਪੁੱਛਿਆ ਤਾਂ ਕਹਿੰਦੇ, “ਜੇ ਸਾਡੇ ਕੁੜੀਆਂ ਜਿਉਂਦੀਆਂ ਰਹਿਣਗੀਆਂ ਤਾਂ ਵੱਡੀਆਂ ਵੀ ਹੋਣਗੀਆਂ ਤੇ ਉਨ੍ਹਾਂ ਨੂੰ ਵਿਆਹੁਣਾ ਵੀ ਪਵੇਗਾ। ਆਪਣੇ ਬੇਦੀ ਸਮਾਜ ਵਿਚ ਅਸੀਂ ਕੁੜੀਆਂ ਵਿਆਹ ਨਹੀਂ ਸਕਦੇ ਕਿਉਂਕਿ ਉਹ ਰਿਸ਼ਤੇ ਵਿਚ ਭੈਣ-ਭਰਾ ਦਾ ਵਿਆਹ ਹੈ। ਤੇ ਜੇ ਦੂਜੀ ਜਾਤ ਵਿਚ ਵਿਆਹਵਾਂਗੇ ਤਾਂ ਸਾਡੀ ਇੱਜਤ ਘਟੇਗੀ। ਸਿਰ ਨੀਵਾਂ ਹੋਵੇਗਾ।”
ਧਰਮ ਅਸਥਾਨਾਂ ਵਿਚ ਔਰਤ ਦੀ ਸਥਿਤੀ ਦਾ ਧਿਆਨ ਧਰ ਕੇ ਵੇਖੋ। ਔਰਤਾਂ ਦਰਬਾਰ ਸਾਹਿਬ ਵਿਚ ਕੀਰਤਨ ਨਹੀਂ ਕਰ ਸਕਦੀਆਂ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਨਹੀਂ ਬੈਠ ਸਕਦੀਆਂ। ਪਾਲਕੀ ਸਾਹਿਬ ਨੂੰ ਮੋਢਾ ਨਹੀਂ ਦੇ ਸਕਦੀਆਂ। ਸਾਧਾਂ-ਸੰਤਾਂ ਦੇ ਨਿੱਜੀ ਡੇਰਿਆਂ ਵਿਚ ਵੀ ਬੀਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਨਹੀਂ ਕਰਨ ਦਿੱਤਾ ਜਾਂਦਾ। ਸੰਗਤੀ ਰੂਪੀ ਵਿਚ ਆਗੂ ਬਣ ਕੇ, ਬੀਬੀਆਂ ਅਰਦਾਸ ਨਹੀਂ ਕਰ ਸਕਦੀਆਂ। ਪੰਜਾਂ ਪਿਆਰਿਆਂ ਨਮਿਤ ਕੱਢਿਆ ਗਿਆ ਪ੍ਰਸਾਦਿ, ਬੀਬੀਆਂ ਨੂੰ ਨਹੀਂ ਵਰਤਾਇਆ ਜਾਂਦਾ। ਕੀਰਤਨ ਕਰਨ ਦੀ ਮੁਕੰਮਲ ਮਨਾਹੀ ਹੈ। ਤਿਆਰ ਬਰ ਤਿਆਰ ਬੀਬੀਆਂ ਨੂੰ ਵੀ ਕਦੀ ਨਗਰ ਕੀਰਤਨ ਦੀ ਅਗਵਾਈ ਨਹੀਂ ਕਰਨ ਦਿਤੀ ਜਾਂਦੀ। ਗੁਰੂ ਸਾਹਿਬਾਨ ਵਲੋਂ ਔਰਤਾਂ ਨੂੰ ਦਿੱਤਾ ਗਿਆ ਬਰਾਬਰ ਦਾ ਰੁਤਬਾ ਅਪ੍ਰਵਾਨ ਕਰਕੇ, ਪੰਥਕ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ, ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਾਸਤੇ ਤਾਂ ਕਦੀ ਵੀ ਸ਼ਾਮਲ ਨਹੀਂ ਕੀਤਾ ਜਾਂਦਾ।
ਓਧਰ ਹਿੰਦੂ ਧਰਮ ਵਿਚ ਹੁਣ ਤੱਕ ਸੁਣਦੇ ਆਏ ਸਾਂ, “ਜੈ ਸੀਆ ਰਾਮ!” ਪਰ ਹੁਣ ਸੀਆ ਨਾਲੋਂ ਉਤਾਰ ਕੇ ਪਾਸੇ ਕਰ ਦਿੱਤੀ ਹੈ ਤੇ ਇਕੱਲੇ ‘ਸ੍ਰੀ ਰਾਮ’ ਦੇ ਵੱਜ ਰਹੇ ਨਾਅਰੇ ਤੇ ਜੈਕਾਰੇ ਸਹਿਵਨ ਹੀ ਔਰਤ ਦੀ ਸਥਿਤੀ ਦਾ ਬਿਆਨ ਕਰ ਜਾਂਦੇ ਹਨ।
ਖੋਜੀ ਉਪਜੈ ਬਾਦੀ ਬਿਨਸੈ
ਜਿਹੜੇ ਗੁਰੂ ਨੇ ਖੋਜੀ ਉਪਜੈ ਬਾਦੀ ਬਿਨਸੈ ਆਖ ਕੇ ਸੱਚ ਦੀ ਖੋਜ ਵਿਚ ਰੁਝੇ ਜਗਿਆਸੂਆਂ ਨੂੰ ਵਡਿਆਇਆ ਤੇ ਬੇਸਿੱਟਾ ਰਹਿਣ ਵਾਲੇ ਜਾਬ੍ਹਾਂ ਦੇ ਭੇੜ ਵਾਲੇ ਵਾਦ-ਵਿਵਾਦੀ ਅਮਲ ਨੂੰ ਰੱਦ ਕੀਤਾ; ਜਿਹੜੇ ਗੁਰੂ ਨੇ ਸਾਰੀ ਉਮਰ ‘ਕਿਛੁ ਸੁਣੀਐ ਕਿਛੁ ਕਹੀਐ ਨਾਨਕ’ ਦੀ ਪਰਿਪਾਟੀ ਸਥਾਪਤ ਕਰ ਕੇ ਸਾਰੀ ਜ਼ਿੰਦਗੀ ਇਕ-ਦੂਜੇ ਤੋਂ ਸਿੱਖਣ-ਸਿਖਾਉਣ ਦੇ ਅਮਲ ਨੂੰ ਮਾਣ ਦਿੱਤਾ, ਉਹਦੇ ਵਾਰਸ ਖੋਜੀਆਂ ਨਾਲ ਕੀ ਸਲੂਕ ਕਰਦੇ ਆ ਰਹੇ ਨੇ, ਸਾਰੇ ਜਾਣਦੇ ਹਨ, ਪਰ ਫਿਰ ਵੀ ਚੇਤੇ ਕਰਵਾਉਣ ਲਈ ਦੱਸਦਾ ਜਾਵਾਂ। ਪੋਸਟ ਮਾਸਟਰ ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਣ ਵਾਲੇ ਪ੍ਰਸਿੱਧ ਖੋਜੀ ਅਤੇ ਵਿਦਵਾਨ ਸਰਦਾਰ ਜੀ. ਬੀ. ਸਿੰਘ, ਜਿਸ ਨੇ ਖੋਜ ਕਰ ਕੇ ਵਿਗਿਆਨਕ ਸਬੂਤਾਂ ਨਾਲ ਸਿੱਧ ਕੀਤਾ ਕਿ ਗੁਰੂ ਨਾਨਕ ਦੇਵ ਤੋਂ ਦੋ ਤਿੰਨ ਸੌ ਸਾਲ ਪਹਿਲਾਂ ਵੀ ਗੁਰਮੁਖੀ ਲਿਪੀ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿਚ ਪ੍ਰਚਲਿਤ ਸੀ; ਉਹਦੀ ਖੋਜ ਨੂੰ ਸ਼੍ਰੋਮਣੀ ਕਮੇਟੀ ਦੇ ਹੈਡ ਪ੍ਰਚਾਰਕ ਗਿਆਨੀ ਪੂਰਨ ਸਿੰਘ ਨੇ ਲਾਹੌਰ, ਉਹਦੇ ਘਰ ਜਾ ਕੇ, ਪੈਰੋਂ ਲਾਹ ਕੇ ਧੌੜੀ ਦੀਆਂ ਸੱਤ ਜੁੱਤੀਆਂ ਉਹਦੇ ਸਿਰ ਵਿਚ ਮਾਰ ਕੇ ਮਾਣ ਬਖਸ਼ਿਆ ਅਤੇ ਖਾਲਸਾ ਪੰਥ ਤੇ ਸਿੱਖ ਕੌਮ ਨੇ ਸੀਸ ਤਲੀ ‘ਤੇ ਰੱਖ ਕੇ ਸੂਰਮਗਤੀ ਦਾ ਇਹ ਬੇਮਿਸਾਲ ਤੇ ‘ਮਹਾਨ ਕਾਰਜ’ ਕਰਨ ਬਦਲੇ ਗਿਆਨੀ ਜੀ ਦਾ ਅਕਾਲ ਤਖਤ ਸਾਹਿਬ ‘ਤੇ ਸੱਦ ਕੇ ਸਨਮਾਨ ਕੀਤਾ।
ਜਿਹੜਾ ਗੁਰੂ ਵਾਰ ਵਾਰ ਆਪਣੇ ਆਪ ਨੂੰ ਆਦਮੀ ਆਖਦਾ ਹੈ, ਪੰਜਾਂ ਤੱਤਾਂ ਦਾ ਪੁਤਲਾ ਕਹਿੰਦਾ ਹੈ, ਸਾਹ ਲੈਣ ਵਾਲਾ ਜੀਵ ਕਹਿੰਦਾ ਹੈ, ਉਸੇ ਗੁਰੂ ਨੂੰ ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪਰਮ-ਮਨੁੱਖ ਆਖ ਕੇ ਵਡਿਆਇਆ ਤਾਂ ਪ੍ਰੀਤਲੜੀ ਦਾ ਗੁਰਦੁਆਰਿਆਂ ਵਿਚ ਜਾਣਾ ਮਨ੍ਹਾਂ ਕਰ ਦਿੱਤਾ ਗਿਆ ਤੇ ਗੁਰਬਖਸ਼ ਸਿੰਘ ਨੂੰ ‘ਸੋਧਣ’ ਦੀਆਂ ਸਕੀਮਾਂ ਵੀ ਬਣਾਈਆਂ ਗਈਆਂ। ਇਹ ਤਾਂ ਉਹਦੀ ਚੰਗੀ ਕਿਸਮਤ ਸੀ ਕਿ ਉਹਦਾ ਬਚਾਓ ਹੋ ਗਿਆ। ਸ਼ਾਇਦ ਇਹ ਉਸ ਵੇਲੇ ਟਲ ਗਈ ਉਹਦੀ ਸਜ਼ਾ ਹੀ ਹੋਵੇ, ਜੋ ਉਹਦੇ ਪੋਤਰੇ ਸੁਮੀਤ ਨੂੰ ਸਿੱਖ ਕੌਮ ਦੇ ਜੁਝਾਰੂ ਸੂਰਮਿਆਂ ਨੇ ਕਤਲ ਕਰ ਕੇ ਦਿੱਤੀ ਸੀ।
ਸਾਰੀ ਉਮਰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਮਹਾਨ ਖੋਜੀ, ਵਿਦਵਾਨ ਤੇ ਸਾਹਿਤਕਾਰ ਗਿਆਨੀ ਸੋਹਣ ਸਿੰਘ ਸੀਤਲ ਨੂੰ ਪੰਜਾਬੀ ਸੂਬਾ ਅੰਦੋਲਨ ਵੇਲੇ ਜੇਲ੍ਹ ਵਿਚ ਕੈਦ ਭੁਗਤਣ ਸਮੇਂ, ਜੇਲ੍ਹ ਵਿਚਲੇ ਹੋਰ ਪੰਥਕ ਆਗੂਆਂ ਨੇ ਇਸ ਲਈ ਜੇਲ੍ਹ ਵਿਚ ਹੀ ਕਚਹਿਰੀ ਲਾ ਕੇ ਤਲਬ ਕਰ ਲਿਆ ਕਿ ਉਹ ਗੁਰੂ ਸਾਹਿਬ ਨੂੰ ਮਹਾਂਪੁਰਸ਼ ਹੀ ਕਿਉਂ ਕਹਿੰਦਾ ਹੈ; ਉਨ੍ਹਾਂ ਵਾਂਗ ‘ਪਰਮੇਸ਼ਰ’ ਕਿਉਂ ਨਹੀਂ ਮੰਨਦਾ?
ਡਾ. ਫੌਜਾ ਸਿੰਘ ਵੱਲੋਂ ਗੁਰੂ ਤੇਗ ਬਹਾਦਰ ਬਾਰੇ ਲਿਖੇ ਲੇਖ ਨੂੰ ਲੈ ਕੇ ਸਿੱਖ ਪੰਥ ਵਿਚ ਖੜੇ ਕਰ ਦਿੱਤੇ ਗਏ ਤੁਫਾਨ ਦੇ ਹਵਾਲੇ ਨਾਲ ਅੰਮ੍ਰਿਤਸਰ ਦੇ ਟੈਂਪਰੈਂਸ ਹਾਲ ਵਿਚ ਪੰਜਾਬ ਦੇ ਬੁੱਧੀਜੀਵੀਆਂ ਵੱਲੋਂ ‘ਅਕਾਦਮਿਕ ਆਜ਼ਾਦੀ’ ਦੇ ਮੁੱਦੇ ‘ਤੇ ਕਰਵਾਈ ਜਾਣ ਵਾਲੀ ਵਿਚਾਰ ਚਰਚਾ ਵਿਚ ਜੈਕਾਰੇ ਬੁਲਾਉਂਦੇ, ਹਥਿਆਰਾਂ ਤੇ ਤਲਵਾਰਾਂ ਨਾਲ ਲੈਸ ਹਾਲ ਵਿਚ ਆ ਧਮਕੇ ਅੰਮ੍ਰਿਤਧਾਰੀ ਸੂਰਮਿਆਂ ਵੱਲੋਂ ਹਾਜ਼ਰ ਵਿਦਵਾਨਾਂ ਦੇ ਸਿਰ ਕਲਮ ਕਰ ਦੇਣ ਅਤੇ ਜ਼ਬਾਨ ਖਿੱਚ ਲੈਣ ਦੇ ਡਰਾਵਿਆਂ ਦਾ ਤਾਂ ਮੈਂ ਚਸ਼ਮਦੀਦ ਗਵਾਹ ਹਾਂ।
ਡਾ. ਪਿਆਰ ਸਿੰਘ ਮਰਦਾ ਮਰ ਗਿਆ, ਪਰ ਕਿਸੇ ਨਹੀਂ ਦੱਸਿਆ ਕਿ ਤੇਰਾ ਕਸੂਰ ਕੀ ਹੈ? ਸਿਰਫ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਇੱਕ ਹੁਕਮਨਾਮੇ ਰਾਹੀਂ ਉਹਦੀ ਖੋਜ-ਪੁਸਤਕ ‘ਗਾਥਾ ਸ੍ਰੀ ਆਦਿ-ਗ੍ਰੰਥ’ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜ਼ਬਤ ਕਰਵਾ ਦਿੱਤਾ ਗਿਆ। ਉਸ ਦਾ ਪੱਖ ਸੁਣੇ ਬਿਨਾ ਹੀ ਉਸ ਨੂੰ ਕਸੂਰਵਾਰ ਠਹਿਰਾਉਂਦਿਆਂ ਤਨਖਾਹ ਲਾ ਦਿੱਤੀ ਗਈ। ਦੋਸ਼ ਇਹ ਦਸਿਆ ਗਿਆ ਕਿ ਉਸ ਨੇ ਆਪਣੀ ਪੁਸਤਕ ਵਿਚ ਕੁਝ ਨਿਰਣੇ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ ਹੈ। ਪਿਆਰ ਸਿੰਘ ਨੂੰ ਅੰਮ੍ਰਿਤਸਰ ਸਥਿਤ ਇੱਕ ਗੁਰਦੁਆਰੇ ਵਿਚ 40 ਦਿਨ ਵਾਸਤੇ ਹਰ ਦਿਨ ਝਾੜੂ ਲਾਉਣ ਅਤੇ ਸੰਗਤਾਂ ਦੇ ਜੋੜੇ ਸਾਫ ਕਰਨ ਦੀ ਸਜ਼ਾ ਲਾਈ ਗਈ, ਜੋ ਉਸ ਨੇ ਪੂਰੀ ਸ਼ਰਧਾ ਅਤੇ ਸਿਦਕ ਨਾਲ ਨਿਭਾਈ ਤੇ ਸ੍ਰੀ ਅਕਾਲ ਤਖਤ ‘ਤੇ ਹਾਜ਼ਰ ਹੋ ਕੇ, ਗਲ ਵਿਚ ਪੱਲੂ ਪਾ ਕੇ ਕਿਹਾ ਕਿ ਹੁਣ ਤਾਂ ਉਹਨੂੰ ਦੱਸ ਦਿੱਤਾ ਜਾਵੇ ਕਿ ਉਹਦੇ ਲਿਖੇ ਵਿਚ ਕਿੱਥੇ ਤੇ ਕੀ ਗਲਤੀ ਸੀ? ਕਿਸੇ ਨੇ ਕੁਝ ਨਾ ਦੱਸਿਆ। ਪ੍ਰੰਤੂ ਇਸ ਹੋਈ-ਬੀਤੀ ਦੇ ਸਦਮੇ ਦੇ ਅਸਰ ਹੇਠ ਪਿਆਰ ਸਿੰਘ ਨੂੰ ਦਿਲ ਦੀ ਗੰਭੀਰ ਬਿਮਾਰੀ ਹੋ ਗਈ। ਤਿੰਨ ਸਾਲ ਇਲਾਜ ਚਲਦਾ ਰਿਹਾ ਤੇ ਉਹ ਆਪਣੇ ਸਵਾਲ ਦਾ ਜਵਾਬ ਪੁੱਛਦਾ ਪੁੱਛਦਾ ਇਸ ਸੰਸਾਰ ਤੋਂ ਕੂਚ ਕਰ ਗਿਆ।
ਤੇ ਜ਼ਲੀਲ ਕਰ ਕੇ ਪੰਥ ‘ਚੋਂ ਛੇਕੇ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਦਰਸ਼ਨ ਸਿੰਘ ਜਿਹੇ ਅਨੇਕਾਂ ਵਿਦਵਾਨਾਂ ਦੀ ਚਰਚਾ ਕਰਨ ਲੱਗੇ ਤਾਂ ਗੱਲ ਮੁੱਕਣੀ ਨਹੀਂ। ਸਾਡਾ ਮਤਲਬ ਇਹ ਹਰਗ਼ਿਜ਼ ਨਹੀਂ ਕਿ ਖੋਜੀਆਂ ਦੀ ਖੋਜ ਵਿਚ ਕਿਧਰੇ ਕੋਈ ਝੋਲ ਜਾਂ ਨੁਕਸ ਨਹੀਂ ਹੋਵੇਗਾ, ਹੋ ਵੀ ਸਕਦਾ ਹੈ ਤੇ ਨਹੀਂ ਵੀ; ਪਰ ਇਨ੍ਹਾਂ ਮਸਲਿਆਂ ਬਾਰੇ ਕਿਸੇ ਸਿੱਟੇ ‘ਤੇ ਪਹੁੰਚਣ ਲਈ ਗੁਰੂ ਸਾਹਿਬ ਦਾ ਦੱਸਿਆ ਸੰਵਾਦ ਦਾ ਰਾਹ ਹੀ ਗਾਡੀ ਰਾਹ ਹੈ, ਪਰ ਅਸੀਂ ਉਸ ਰਾਹੋਂ ਭਟਕ ਕੇ ਗਰੂ ਤੋਂ ਬੇਮੁੱਖ ਹੋ ਚੁਕੇ ਹਾਂ, ਤੇ ਕਹਿੰਦੇ ਆਪਣੇ ਆਪ ਨੂੰ ਹੀ ਸੱਚੇ ਸਿੱਖ ਹਾਂ।
(ਚਲਦਾ)