ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਗੁਰੂ ਨਾਨਕ ਦੇਵ ਜੀ ਦੇ ਪੱਕੇ ਸੰਗੀ ਸਾਥੀ ਭਾਈ ਮਰਦਾਨੇ ਦੇ ਸਾਡੇ ਚੇਤਿਆਂ ਵਿਚੋਂ ਵਿਸਰਦੇ ਜਾਣ ‘ਤੇ ਗਿਲਾ ਕੀਤਾ ਸੀ ਕਿ ਕਿਤੇ ਅਜਿਹਾ ਭਾਈ ਮਰਦਾਨੇ ਦੇ ਕਥਿਤ ਛੋਟੀ ਜਾਤ ‘ਮਿਰਾਸੀ’ ਵਿਚੋਂ ਹੋਣ ਕਰਕੇ ਤਾਂ ਨਹੀਂ ਹੋ ਰਿਹਾ। ਜੇ ਅਜਿਹਾ ਹੈ ਤਾਂ ਇਹ ਸਾਡੀ ਸੌੜੀ ਸੋਚ ਹੈ। ਹਾਲ ਹੀ ਵਿਚ ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ ਖੁਲ੍ਹਣ ਪਿਛੋਂ ਲਾਂਘਾ ਸ਼ਬਦ ਸਰਹੱਦ ਦੇ ਦੋਹਾਂ ਪਾਸਿਆਂ ਦੇ ਲੋਕਾਂ ਦੀ ਜ਼ੁਬਾਨ ‘ਤੇ ਹੈ।
ਲਾਂਘੇ ਦੇ ਵਿਸਤ੍ਰਿਤ ਅਰਥ ਕੀ ਹਨ? ਹਥਲੇ ਲੇਖ ਵਿਚ ਡਾ. ਭੰਡਾਲ ਨੇ ਲਾਂਘੇ ਦੇ ਅਰਥਾਂ ਉਤੇ ਵਿਸਥਾਰ ਵਿਚ ਚਰਚਾ ਕੀਤੀ ਹੈ। ਉਹ ਕਹਿੰਦੇ ਹਨ, “ਸੰਤੋਖੇ ਹੋਏ ਧਾਰਮਿਕ ਗ੍ਰੰਥਾਂ ਨੂੰ ਲਾਂਘਿਆਂ ਦੀ ਲੋੜ ਸਭ ਤੋਂ ਵੱਧ ਤਾਂ ਕਿ ਇਨ੍ਹਾਂ ਵਿਚ ਸਮੋਏ ਚਾਨਣ ਨਾਲ ਮਨੁੱਖ ਦਾ ਮੁਖੜਾ ਰੁਸ਼ਨਾਵੇ। ਅੰਧ-ਵਿਸ਼ਵਾਸ ਦੀ ਥਾਂ ਤਰਕ-ਸੋਚ ਨੂੰ ਪੈਗਾਮੀ ਪ੍ਰਵਚਨ ਬਣਾਇਆ ਜਾਵੇ।” ਉਨ੍ਹਾਂ ਦੀ ਨਸੀਹਤ ਹੈ, “ਲਾਂਘਿਆਂ ਦੀ ਲੋੜ ਤੇ ਇਨ੍ਹਾਂ ਨੂੰ ਖੋਲ੍ਹਣ ਦੀ ਥਾਂ ਜੇ ਸਾਨੂੰ ਲਾਂਘਿਆਂ ਦੇ ਕਾਰਨਾਂ ਤੇ ਇਨ੍ਹਾਂ ਦੀ ਬੇਲੋੜੀ ਸਾਰਥਕਤਾ ਬਾਰੇ ਪਤਾ ਹੋਵੇ ਤਾਂ ਨਾ ਕੰਧਾਂ ਹੋਣਗੀਆਂ, ਨਾ ਸਰਹੱਦਾਂ ਅਤੇ ਨਾ ਹੀ ਕਿਸੇ ਲਾਂਘੇ ਦਾ ਬਖੇੜਾ ਖੜਾ ਹੋਵੇਗਾ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਲਾਂਘਾ ਇਕ ਝਰੋਖਾ, ਨਿੱਕਾ ਜਿਹਾ ਰਸਤਾ, ਪਗਡੰਡੀ, ਪੈੜ ਲਈ ਪਹਿਲਾ ਪੱਬ ਜਾਂ ਪਹੀ ਦੇ ਮੋੜ ‘ਤੇ ਛੋਟੇ ਜਿਹੇ ਰਾਹ ਦੇ ਨਿਸ਼ਾਨ।
ਲਾਂਘਾ, ਅਕਸਰ ਹੀ ਖੇਤ ਦੀ ਵਾੜ, ਹਵੇਲੀ ਦੀ ਕੱਚੀ ਜਾਂ ਪੱਕੀ ਦੀਵਾਰ ਵਿਚ ਮੋਕਲਾ ਜਿਹਾ ਰਾਹ, ਜਿਸ ਨੂੰ ਲੋੜ ਪੈਣ ‘ਤੇ ਖੋਲ੍ਹਿਆ ਜਾਂ ਬੰਦ ਕੀਤਾ ਜਾ ਸਕਦਾ।
ਲਾਂਘਾ, ਜੇਲ੍ਹ ਦੀ ਕਾਲ-ਕੋਠੜੀ ਵਿਚ ਨਿੱਕੀ ਜਿਹੀ ਝੀਤ ਵੀ ਹੁੰਦਾ, ਜਿਸ ਵਿਚੋਂ ਸਾਹ ਲੈਣ ਜਿੰਨੀ ਹਵਾ ਜਾਂ ਕਦੇ-ਕਦਾਈਂ ਕੋਈ ਚਾਨਣ ਦੀ ਕਾਤਰ ਅੰਦਰ ਝਾਤ ਮਾਰਦੀ।
ਲਾਂਘੇ ਦਾ ਸਾਈਜ਼, ਸਮਾਂ ਅਤੇ ਸਾਰਥਕਤਾ ਸਿਰਫ ਨਿਜੀ ਲੋੜ, ਤਰਜ਼ੀਹ ਜਾਂ ਤਦਬੀਰ ‘ਤੇ ਨਿਰਭਰ। ਇਸ ‘ਚੋਂ ਸਮੂਹਕ ਸੋਚ ਮਨਫੀ ਹੁੰਦੀ।
ਅਕਸਰ ਅਸਥਾਈ ਲਾਂਘਾ ਸਿਰਫ ਬੰਦਿਆਂ ਜਾਂ ਪਸੂਆਂ ਲਈ ਹੀ ਹੁੰਦਾ। ਇਨ੍ਹਾਂ ਦੀ ਬੇਲੋੜੀ ਦਖਲਅੰਦਾਜ਼ੀ, ਇਨ੍ਹਾਂ ਦੇ ਉਜਾੜੇ ਜਾਂ ਨਾਕਾਰਾਤਮਕਤਾ ਨੂੰ ਨੱਥ ਪਾਉਣ ਲਈ। ਆਮ ਤੌਰ ‘ਤੇ ਲਾਂਘਾ ਨਹੀਂ ਹੁੰਦਾ, ਸਿਰਫ ਰਾਹ ਹੀ ਹੁੰਦੇ।
ਲਾਂਘਾ, ਮਨੁੱਖ ਦੀ ਲੋੜ ਅਤੇ ਮਨੁੱਖ ਹੀ ਇਸ ਨੂੰ ਖੋਲ੍ਹਣ ਲਈ ਉਤਾਵਲਾ ਕਿਉਂਕਿ ਹੱਥੀਂ ਉਸਾਰੀਆਂ ਕੰਧਾਂ, ਕੀਤੀ ਹੋਈ ਕਿਲਾਬੰਦੀ ਜਾਂ ਦਮ ਘੁੱਟਦੀ ਫਿਜ਼ਾ ‘ਚ ਉਕਤਾਇਆ ਮਨੁੱਖ ਖੁੱਲ੍ਹੀ ਹਵਾ ‘ਚ ਸਾਹ ਲੈਣਾ ਲੋਚਦਾ। ਮਨੁੱਖ ਲਾਂਘਾ ਖੋਲ੍ਹ ਕੇ ਇਸ ਨੂੰ ਆਪਣੀ ਪ੍ਰਾਪਤੀ ਸਮਝਦਾ। ਇਹ ਸੋਚਦਾ ਹੀ ਨਹੀਂ ਕਿ ਵਲਗਣਾਂ ਦੀ ਉਸਾਰੀ ਵੀ ਤਾਂ ਖੁਦ ਮਨੁੱਖ ਨੇ ਹੀ ਕੀਤੀ ਸੀ।
ਲਾਂਘੇ ਹਵਾ, ਪੰਛੀਆਂ, ਦਰਿਆਵਾਂ ਜਾਂ ਸਮੁੰਦਰਾਂ ਲਈ ਕਦੇ ਨਹੀਂ ਹੁੰਦੇ, ਕਿਉਂਕਿ ਉਨ੍ਹਾਂ ਨੂੰ ਕੋਈ ਵੀ ਵਲਗਣ ਨਹੀਂ ਰੋਕ ਸਕਦੀ। ਸਾਰੀ ਧਰਤੀ, ਅੰਬਰ ਅਤੇ ਫਿਜ਼ਾ ਉਨ੍ਹਾਂ ਦੀ। ਉਨ੍ਹਾਂ ਵਿਚ ਧਰਤ ਗਾਹੁਣ, ਪਾਣੀ ਤੈਰਨ ਅਤੇ ਅੰਬਰ ਕਲਾਵੇ ਵਿਚ ਲੈਣ ਦਾ ਸਾਹਸ, ਸਮਰੱਥਾ ਤੇ ਸੁਖਨ ਹੁੰਦਾ। ਅਸਮਾਨ ਤੇ ਜਮੀਨ ਉਨ੍ਹਾਂ ਦਾ ਵਿਹੜਾ, ਜੋ ਉਨ੍ਹਾਂ ਦੀਆਂ ਖੈਰਾਂ ਮੰਗਦਾ।
ਮਨ ਵਿਚ ਉਪਜੇ ਵਿਚਾਰ, ਭਾਵ, ਪਿਆਰ, ਮੋਹ, ਸੁੱ.ਭ-ਭਾਵਨਾ, ਨੇਕ-ਨੀਅਤੀ, ਸਦਭਾਵਨਾ, ਸਾਂਝੀਵਾਲਤਾ ਦੇ ਅਹਿਸਾਸ ਨੂੰ ਪ੍ਰਗਟਾਉਣ, ਦਿਲੀ ਦੁਆਵਾਂ ਮੰਗਣ, ਅਸੀਸਾਂ ਦੇਣ ਅਤੇ ਬਲਾਵਾਂ ਉਤਾਰਨ ਲਈ ਕਿਸੇ ਲਾਂਘੇ ਦੀ ਲੋੜ ਨਹੀਂ। ਕੋਈ ਨਹੀਂ ਅੜਚਣ ਹੁੰਦੀ ਅਜਿਹੇ ਵਿਚਾਰਾਂ ਨੂੰ ਹੱਦਾਂ, ਸਰਹੱਦਾਂ ਦੀ। ਪਲ ਭਰ ‘ਚ ਦੁਨੀਆਂ ਗਾਹ ਆਉਂਦੇ।
ਲਾਂਘਾ, ਮਨੁੱਖੀ ਸੋਚ ਵਿਚਲੀ ਖੁੱਲ-ਦਿਲੀ ਤੇ ਫਰਾਖਦਿਲੀ ਦਾ ਪ੍ਰਗਟਾਓ, ਮਨ ਦੀਆਂ ਭਾਵਨਾਵਾਂ ਦੀ ਪਰਵਾਜ਼, ਰੂਹ ਵਿਚ ਪੈਦਾ ਹੋਈ ਅਪਣੱਤ ਨੂੰ ਨਿਵੇਕਲੇ ਅੰਦਾਜ਼ ਵਿਚ ਪ੍ਰਗਟ ਕਰਨ ਦਾ ਵਲਵਲਾ। ਇਸ ਵਿਚੋਂ ਬਹੁਤ ਸਾਰੀਆਂ ਆਸਾਂ ਅਤੇ ਉਮੀਦਾਂ ਦੀ ਪੁਨਰ-ਸਿਰਜਣਾ ਹੁੰਦੀ।
ਲਾਂਘੇ ਦੇ ਅਰਥ ਸਭ ਲਈ ਇਕਸਾਰ ਨਹੀਂ, ਹਰੇਕ ਆਪਣੀ ਮਾਨਸਿਕਤਾ ਅਨੁਸਾਰ ਅਰਥ ਕੱਢਦਾ। ਆਪਣੇ ਮੁਫਾਦ ਲਈ ਇਨ੍ਹਾਂ ਨੂੰ ਵਰਤਦਾ; ਪਰ ਕੁਝ ਲੋਕਾਂ ਲਈ ਇਸ ਦੇ ਅਰਥ ਸਰਬੱਤ ਦਾ ਭਲਾ ਹੁੰਦੇ।
ਲਾਂਘੇ ਸਿਰਫ ਹੱਦਾਂ, ਸਰਹੱਦਾਂ, ਵਾੜਾਂ, ਦੀਵਾਰਾਂ ਵਿਚ ਹੀ ਨਹੀਂ ਲੋੜੀਂਦੇ, ਇਨ੍ਹਾਂ ਦੀ ਲੋੜ ਅਜੋਕੇ ਸਮਾਜ ਵਿਚ ਹੋਰ ਵੀ ਵੱਧ ਅਹਿਮ। ਸਮਾਜਕ ਨਿਘਾਰ ਨੂੰ ਰੋਕਣ ਲਈ ਕੁਝ ਅਜਿਹੇ ਲਾਂਘਿਆਂ ਦੀ ਲੋੜ, ਜੋ ਸਾਡੇ ਚੇਤਿਆਂ ਵਿਚ ਵੀ ਨਹੀਂ।
ਇਹ ਲਾਂਘੇ ਹੀ ਹੁੰਦੇ ਜਿਨ੍ਹਾਂ ਵਿਚੋਂ ਕਿਸੇ ਦੀ ਹੂੰਗਰ ਨੂੰ ਕੋਈ ਆਪਣਾ ਹੁੰਗਾਰਾ ਦਿੰਦਾ। ਇਕ ਦੀ ਪਿਆਰ-ਪਲੋਸਣੀ ਵਿਚੋਂ ਦੂਜੇ ਦਾ ਹਿਰਦਾ ਬਾਗੋ-ਬਾਗ। ਇਕ ਦੇ ਬੁਲਾਵੇ ਵਿਚੋਂ ਦੂਜੇ ਦੇ ਸੁਆਗਤ ਲਈ ਮਨ ਲੋਚਦਾ। ਇਕ ਬੋਲ ਦੀ ਆਸ ਵਿਚ ਹੋਠਾਂ ‘ਤੇ ਗੀਤ ਗੂੰਜਦੇ। ਆਪਣੇ ਦੇ ਇਕ-ਹਰਫੀ ਪੱਤਰ ਵਿਚੋਂ ਮਨ ਦੀਆਂ ਗਹਿਰਾਈਆਂ ਅਤੇ ਭਾਵ-ਭਾਵਨਾ ਨੂੰ ਤਸ਼ਬੀਹ ਤੇ ਤਕਦੀਰ ਮਿਲਦੀ।
ਇਹ ਲਾਂਘਾ ਹੀ ਹੁੰਦਾ, ਜਿਸ ਨਾਲ ਇਕ ਦਾ ਪੀਰ, ਦੂਜੇ ਦਾ ਗੁਰੂ। ਇਕਨਾਂ ਦਾ ਸੂਫੀ-ਸੰਤ, ਦੂਜੇ ਲਈ ਮਹਾਤਮਾ। ਇਕ ਦੀ ਦਰਗਾਹ ਵਿਚੋਂ ਦੂਜੇ ਦੇ ਸ਼ਬਦ ਨੂੰ ਸ਼ਰਧਾ ਮਿਲਦੀ। ਇਕ ਦੀ ਅਰਦਾਸ ਦੂਜੇ ਲਈ ਇਲਹਾਮ। ਇਕ ਵਿਹੜੇ ਵਿਚ ਸਰੋਦੀ ਸ਼ਬਦ ਗੂੰਜਦੇ ਤਾਂ ਦੂਜੇ ਦੇ ਦਰ ‘ਚ ਅੱਲਾ-ਹੂ ਦੀਆਂ ਆਇਤਾਂ ਜਾਂ ਮਾਤਾ ਦੀਆਂ ਭੇਟਾਂ ਸੁਣਦੀਆਂ।
ਪਰ ਅਜੋਕਾ ਮਨੁੱਖ ਨਿਜੀ ਖੋਲ ਵਿਚ ਬੰਦ। ਸੜਿਹਾਂਦ ਮਾਰਦਾ ਅੰਦਰ। ਖੁਦ ਨਾਲ ਯੁੱਧ ਕਰਦਾ, ਪਲ ਪਲ ਮਰਦਾ ਅਤੇ ਸਾਹਾਂ ਨੂੰ ਦੁਰਗੰਧ ਬਣਾਉਂਦਾ। ਆਪਣਾ ਮਰਸੀਆ ਉਡੀਕਦਾ, ਪਰ ਉਹ ਬੰਦ ਰੱਖਦਾ ਹੈ, ਸੱਭੇ ਰਾਜ਼-ਮੋਰੀਆਂ। ਨਹੀਂ ਕੋਈ ਅਦਾਨ-ਪ੍ਰਦਾਨ ਵਿਚਾਰਾਂ, ਭਾਵਾਂ ਜਾਂ ਸੁੱ.ਭ-ਚੇਤਨਾ ਦਾ। ਸਮਾਂ ਵਿਹਾ ਚੁਕੇ ਵਿਚਾਰਾਂ ਦੀ ਅਰਥੀ ਢੋਂਦਾ ਮਨੁੱਖ ਕਦੇ ਵੀ ਅੰਦਰ ਦੀ ਬੰਦ ਗਲੀ ਵਿਚ ਕੋਈ ਲਾਂਘਾ ਖੋਲ੍ਹਣ ਲਈ ਤਿਆਰ ਨਹੀਂ। ਸਗੋਂ ਸਾਰਾ ਜੋਰ ਝੀਤਾਂ ਬੰਦ ਕਰਨ ਵੰਨੀਂ। ਕਦੇ ਅੰਤਰੀਵ ਨੂੰ ਜਾਂਦੀ ਅੰਨ੍ਹੀ ਗਲੀ ਵਿਚ ਨਿੱਕਾ ਜਿਹਾ ਲਾਂਘਾ ਬਣਾ ਲਵੇ ਤਾਂ ਨਰੋਏ ਵਿਚਾਰਾਂ ਦੀ ਆਵਾਜਾਈ ਨਾਲ ਉਸ ਦਾ ਧੁਆਂਖਿਆ ਆਪਾ ਚਾਨਣ ਚਾਨਣ ਹੋ ਜਾਵੇਗਾ। ਉਸ ਨੂੰ ਪ੍ਰਕਾਸ਼ ਦੀ ਅਸੀਮਤ ਸ਼ਕਤੀ ਅਤੇ ਸੋਝੀ ਦਾ ਗਿਆਨ ਹੋ ਜਾਵੇ ਤਾਂ ਮਨੁੱਖ ਸਵੈ ਤੋਂ ਪਾਰ ਵੰਨੀਂ ਸਫਰ ਕਰਨ ਲਈ ਪਹਿਲ ਕਰੇਗਾ। ਯਾਦ ਰੱਖਣਾ! ਜਦ ਅਸੀਂ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਅਤੇ ਚੌਕੰਨੇ ਹੋ ਕੇ ਕੁਝ ਚੰਗੇਰਾ ਕਰਦੇ ਹਾਂ ਤਾਂ ਇਸ ਵਿਚ ਖੁਦ ਵੀ ਸ਼ਾਮਲ ਹੁੰਦੇ ਹਾਂ ਅਤੇ ਖੁਦ-ਬ-ਖੁਦ ਹੀ ਸੰਵਰ ਜਾਂਦੇ ਹਾਂ।
ਲਾਂਘਾ ਤਾਂ ਬਦ-ਹਵਾਸੀ ਪੌਣ ਵੀ ਮੰਗਦੀ ਹੈ ਤਾਂ ਕਿ ਉਸ ਦੀ ਮੌਤ ਮੰਗਣ ਵਾਲੇ ਜ਼ਹਿਰੀਲੇ ਕਣਾਂ ਤੋਂ ਨਿਜਾਤ ਮਿਲ ਸਕੇ, ਪਰ ਅਸੀਂ ਇਸ ਪੌਣ ਨੂੰ ਇਜਾਜ਼ਤ ਦੇਣ ਤੋਂ ਹੀ ਅਵੇਸਲੇ। ਫਿਰ ਕਿਹੜੇ ਭਲੇ ਦੀ ਆਸ ‘ਪਵਣ ਗੁਰੂ’ ਤੋਂ ਰੱਖ ਸਕਦੇ ਹਾਂ?
ਬਹੁਤ ਸਾਰੇ ਲਾਂਘਿਆਂ ਦੀ ਲੋੜ ਹੈ, ਹੱਦਾਂ ‘ਚ ਕੈਦ ਦੇਸ਼ਾਂ ਨੂੰ। ਜਦ ਇਕ ਸਮਾਜ, ਦੇਸ਼, ਕੌਮ ਜਾਂ ਘਰ ਨੂੰ ਪਹਿਰੇ ਹੇਠ ਜਿਉਣ ਦੀ ਲਾਚਾਰੀ ਢੋਣ ਲਈ ਮਜਬੂਰ ਹੋਣਾ ਪੈ ਜਾਵੇ ਤਾਂ ਉਨ੍ਹਾਂ ਲਾਂਘਿਆਂ ਦੀ ਬਹੁਤ ਲੋੜ ਹੁੰਦੀ, ਜਿਨ੍ਹਾਂ ਰਾਹੀਂ ਜਿਉਣ ਦੀ ਅਰਦਾਸ ਤੇ ਇਬਾਦਤ ਅੰਦਰ ਆਉਂਦੀ। ਇਨ੍ਹਾਂ ਰਾਹੀਂ ਪੌਣ ਹੱਥ ਸੁਨੇਹੇ ਭੇਜਣ ਦੀ ਰੁੱਤ ਦਸਤਕ ਦਿੰਦੀ, ਜਿਥੇ ਮਹਿਕਾਂ ਨੂੰ ਵਰਜਣਾ ਨਹੀਂ। ਫੁੱਲਾਂ ਨੂੰ ਖਿੜਨ ਦੀ ਮਨਾਹੀ ਨਹੀਂ। ਚਮਨ ਵਿਚ ਪਰਿੰਦੇ ਚਹਿਚਹਾਉਂਦੇ। ਕਲਮਾਂ ਤੇ ਪਿਉਂਦ ਵਿਚੋਂ ਅਦਭੁੱਤ ਕਿਸਮਾਂ ਉਪਜਾਉਣ ਲਈ ਪਾਬੰਦੀਆਂ ਨਹੀਂ ਲੱਗਦੀਆਂ। ਗਲਘੋਟੂ ਮਾਹੌਲ ਚੇਤਿਆਂ ਵਿਚੋਂ ਵਿਸਰ ਜਾਂਦਾ। ਹਰਫ ਨਹੀਂ ਸਿਸਕਦੇ। ਸ਼ਬਦਾਂ ਵਿਚ ਸੋਗ ਦੀ ਥਾਂ ਸੰਦੇਸ਼ ਹੁੰਦਾ। ਅਰਥਾਂ ਵਿਚ ਅਸੀਸ ਤੇ ਅਰਾਧਨਾ। ਮਰ ਗਿਆਂ ਨੂੰ ਯਾਦ ‘ਚ ਮਹਿਫੂਜ਼ ਰੱਖਿਆ ਜਾਂਦਾ। ਫਾਂਸੀ ਚੁੰਮਣ ਦੇ ਤਰਾਨੇ ਗਾਏ ਜਾਂਦੇ। ਕਹਿਣ, ਸੁਣਨ, ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦੀ ਪੂਰਨ ਆਜ਼ਾਦੀ।
ਲਾਂਘਿਆਂ ਦੀ ਉਸ ਸਮੇਂ ਸਭ ਤੋਂ ਵੱਧ ਲੋੜ, ਜਦ ਅਖਬਾਰਾਂ ਨੂੰ ਖਾਲੀ ਵਰਕਿਆਂ ਦੀ ਜੂਨ ਹੰਢਾਉਣੀ ਪੈਂਦੀ, ਮੀਡੀਆ ਸੰਤੁਲਿਤ ਸੋਚ ਤੋਂ ਵਿਰਵਾ ਹੋ ਜਾਵੇ, ਸੁਖਮ ਵਿਚਾਰਾਂ ਦੀ ਚਿਤਾ ਬਾਲੀ ਜਾਵੇ, ਸੱਚ ਨੂੰ ਕੋਹਿਆ ਜਾਵੇ, ਧਾਰਮਿਕ ਕੱਟੜਤਾ ਮਨੁੱਖਤਾ ਨੂੰ ਬਦਸ਼ਕਲ ਕਰੇ, ਮਨੁੱਖ ਨੂੰ ਮਨੁੱਖ ਨਾ ਸਮਝਿਆ ਜਾਵੇ ਜਾਂ ਜਿਥੇ ਭੁੱਖ ਨੂੰ ਲਿਲਕੜੀ ਲੈਣ ਦੀ ਮਜ਼ਬੂਰੀ ਹੋਵੇ।
ਸੰਤੋਖੇ ਹੋਏ ਧਾਰਮਿਕ ਗ੍ਰੰਥਾਂ ਨੂੰ ਲਾਂਘਿਆਂ ਦੀ ਲੋੜ ਸਭ ਤੋਂ ਵੱਧ ਤਾਂ ਕਿ ਇਨ੍ਹਾਂ ਵਿਚ ਸਮੋਏ ਚਾਨਣ ਨਾਲ ਮਨੁੱਖ ਦਾ ਮੁਖੜਾ ਰੁਸ਼ਨਾਵੇ। ਅੰਧ-ਵਿਸ਼ਵਾਸ ਦੀ ਥਾਂ ਤਰਕ-ਸੋਚ ਨੂੰ ਪੈਗਾਮੀ ਪ੍ਰਵਚਨ ਬਣਾਇਆ ਜਾਵੇ। ਸਮਾਜਕ ਅਲਾਮਤਾਂ ਨੂੰ ਦੂਰ ਕਰਨ ਲਈ ਧਾਰਮਿਕ ਸੰਦੇਸ਼ ਸੁੱਚਾ ਸਬੱਬ ਬਣਨ। ਇਨ੍ਹਾਂ ਲਾਂਘਿਆਂ ਰਾਹੀਂ ਹੀ ਮਨੁੱਖ ਖੁਦ ਦੇ ਰੂਬਰੂ ਹੋ ਸਕੇਗਾ। ਅਡੰਬਰੀ ਸੋਚ ਅਤੇ ਪਖੰਡੀ ਪਰਪੰਚਾਂ ਨੂੰ ਬੇਪਰਦ ਕਰ, ਸੱਚ ਨੂੰ ਸਭ ਦੇ ਸਨਮੁੱਖ ਕਰਨ ਦਾ ਮੌਕਾ ਮਿਲੇਗਾ। ਜੀਵਨੀ ਸਰੋਕਾਰਾਂ ਨੂੰ ਆਪਣੀ ਹੋਂਦ ਤੇ ਹਸਤੀ ਦਾ ਅਹਿਸਾਸ ਹੋਵੇਗਾ। ਇਹ ਲਾਂਘੇ ਖੋਲ੍ਹਣ ਬਾਰੇ ਤਾਂ ਕਿਸੇ ਨੂੰ ਕਦੇ ਵਿਚਾਰ ਹੀ ਨਹੀਂ ਆਇਆ।
ਲਾਂਘਿਆਂ ਨਾਲ ਹੀ ਵਿਚਾਰ-ਪ੍ਰਵਾਹ ਤੇ ਸ਼ਬਦੀ-ਸੰਚਾਰ ਹੁੰਦਾ। ਆਪਸੀ ਵਿਸ਼ਲੇਸ਼ਣ ਅਤੇ ਸੰਵਾਦ ਵਿਚੋਂ ਆਪਣੀ ਨਿਰਖ-ਪਰਖ ਕਰਦੇ। ਕਿਸੇ ਕੋਲੋਂ ਕੁਝ ਹਾਸਲ ਕਰਦੇ ਅਤੇ ਕਿਸੇ ਦੀ ਝੋਲੀ ਵਿਚ ਵੀ ਕੁਝ ਧਰਦੇ।
ਲਾਂਘਾ, ਸੁੱਚਮ, ਸੰਦੇਸ਼, ਸਹਿਜ ਅਤੇ ਸੁਹਜ ਦਾ ਸੁੰਦਰ ਸਾਧਨ। ਇਸ ਵਿਚੋਂ ਜਦ ਬੰਦਿਆਈ, ਭਲਿਆਈ ਜਾਂ ਚੰਗਿਆਈ ਦਾ ਦਰ ਖੁੱਲ੍ਹੇਗਾ ਤਾਂ ਬੇ-ਅਰਥੇ ਮਨੁੱਖ ਨੂੰ ਬਹੁਤ ਕੁਝ ਮਿਲੇਗਾ, ਜਿਸ ਦੀ ਵਿਹੂਣਤਾ ਕਾਰਨ ਹੀ ਉਹ ਖੁਦ ਦੀ ਧੂਣੀ ਸੇਕਣ ਲਈ ਮਜਬੂਰ।
ਮਨੁੱਖ, ਸਮਾਜ, ਦੇਸ਼ ਜਾਂ ਦੁਨੀਆਂ ਪਰਤਾਂ ਵਿਚ ਜਿਉਂਦੇ। ਇਕ ਲਾਂਘਾ ਖੁੱਲ੍ਹਣ ‘ਤੇ ਦੂਜੀਆਂ ਪਰਤਾਂ ਵਿਚ ਵੀ ਮਘੋਰਿਆਂ ਦੀ ਲੋੜ ਹੁੰਦੀ। ਸੋ ਸਾਨੂੰ ਤਾਂ ਬਹੁਤ ਸਾਰੇ ਲਾਂਘਿਆਂ ਦੀ ਲੋੜ, ਪਰ ਜੇ ਆਦਮੀ ਪਾਰਦਰਸ਼ੀ ਹੋ ਜਾਵੇ ਤਾਂ ਕਿਸੇ ਲਾਂਘੇ ਦੀ ਲੋੜ ਹੀ ਨਹੀਂ।
ਲਾਂਘਿਆਂ ਦੀ ਲੋੜ ਤੇ ਇਨ੍ਹਾਂ ਨੂੰ ਖੋਲ੍ਹਣ ਦੀ ਥਾਂ ਜੇ ਸਾਨੂੰ ਲਾਂਘਿਆਂ ਦੇ ਕਾਰਨਾਂ ਤੇ ਇਨ੍ਹਾਂ ਦੀ ਬੇਲੋੜੀ ਸਾਰਥਕਤਾ ਬਾਰੇ ਪਤਾ ਹੋਵੇ ਤਾਂ ਨਾ ਕੰਧਾਂ ਹੋਣਗੀਆਂ, ਨਾ ਸਰਹੱਦਾਂ ਅਤੇ ਨਾ ਹੀ ਕਿਸੇ ਲਾਂਘੇ ਦਾ ਬਖੇੜਾ ਖੜਾ ਹੋਵੇਗਾ।
ਕਦੇ ਬਰੇਤਾ ਬਣ ਗਏ ਦਰਿਆ ਦੀ ਮੁੜ ਸਿਰਜਣਾ ਲਈ ਪਾਕ-ਪਾਣੀ ਦੇ ਲਾਂਘੇ ਬਾਰੇ ਸੋਚੋ। ਦਰਿਆ ਜਿਉਂਦੇ ਰਹੇ ਤਾਂ ਮਨੁੱਖ ਜੀਵੇਗਾ। ਮਨੁੱਖ ਹੀ ਨਾ ਰਿਹਾ ਤਾਂ ਇਨ੍ਹਾਂ ਲਾਂਘਿਆਂ ਦੇ ਕੋਈ ਅਰਥ ਨਹੀਂ ਰਹਿ ਜਾਣੇ।
ਲਾਂਘਿਆਂ ਲਈ ਉਲਝੇ ਮਨੁੱਖ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਉਸ ਨੇ ਅੱਜ ਤੱਕ ਕਿੰਨੇ ਲਾਂਘੇ ਜੰਮ ਚੁਕੀ ਜ਼ਮੀਰ ਵਿਚੋਂ ਖੋਲ੍ਹੇ ਨੇ? ਕਿੰਨੇ ਲਾਂਘੇ ਮਨ ਦੀ ਸੰਕੀਰਣਤਾ ਨੂੰ ਦੂਰ ਕਰਨ ਲਈ ਪੈਦਾ ਕੀਤੇ? ਕਿੰਨੇ ਲਾਂਘੇ ਮਨ ਵਿਚ ਛੁਪੀ ਕਮੀਨਗੀ ਤੇ ਕੋਹਜ ਨੂੰ ਜੱਗ-ਜਾਹਰ ਕਰਨ ਲਈ ਖੋਲ੍ਹਣ ਦੀ ਜ਼ੁਅਰਤ ਕੀਤੀ? ਬਾਹਰੀ ਲਾਂਘਿਆਂ ਤੋਂ ਪਹਿਲਾਂ ਆਪਣੇ ਅੰਤਰੀਵ ਵਿਚ ਝਾਤੀ ਮਾਰਨ ਅਤੇ ਖੁਦ ਨੂੰ ਬੇਪਰਦ ਕਰਨ ਦੀ ਸਭ ਤੋਂ ਵੱਧ ਲੋੜ।
ਲਾਂਘੇ ਥੀਂ ਲੰਘਦਿਆਂ ਮਨੁੱਖ ਨੂੰ ਸੁਚੇਤ ਅਤੇ ਚੇਤੰਨ ਹੋਣ ਦੀ ਲੋੜ। ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ, ਉਥਲ-ਪੁਥਲ ਅਤੇ ਹਿੱਲਜੁਲ ਤੋਂ ਸਾਵਧਾਨ ਹੋਣ ਦੀ ਲੋੜ। ਲਾਂਘਾ ਸਿਰਫ ਇਕ ਮਾਰਗ, ਪਰ ਇਸ ਵਿਚੋਂ ਸੁਗੰਧ ਵੀ ਅਤੇ ਦੁਰਗੰਧ ਵੀ ਆਵੇਗੀ। ਇਸ ਰਾਹੀਂ ਮਾਂ ਦੀਆਂ ਲੋਰੀਆਂ ਤੇ ਬਾਪ ਦੀਆਂ ਝਿੜਕਾਂ ਵੀ। ਬਾਹਰਲਿਆਂ ਦੀ ਹੱਲਾਸ਼ੇਰੀ ਤੇ ਆਪਣਿਆਂ ਦੀ ਮੁਖਾਲਫਤ ਵੀ। ਚੰਗਿਆਈ ਤੇ ਕੁਝ ਕੁ ਬੁਰਿਆਈ ਵੀ। ਕਿਸੇ ਨੇ ਚੰਗਾ ਕਹਿਣਾ ਤੇ ਕੁਝ ਨੇ ਬੁਰਾ। ਇਹ ਤਾਂ ਖੁਦ ਸੋਚਣਾ ਕਿ ਇਸ ਲਾਂਘੇ ਦੇ ਖੁਦ ਲਈ ਕੀ ਅਰਥ ਨੇ? ਇਨ੍ਹਾਂ ਵਿਚੋਂ ਮਨੁੱਖੀ ਬੁਲੰਦੀ ਨੂੰ ਕਿਹੜੀ ਦਿਸ਼ਾ ਅਤੇ ਦਸ਼ਾ ਦਿਤੀ ਜਾ ਸਕਦੀ?
ਲਾਂਘਾ ਲੈਣ ਲੱਗਿਆਂ ਲਾਂਘਾ ਦੇਣ ਲਈ ਵੀ ਤਿਆਰ ਰਹੋ ਕਿਉਂਕਿ ਇਹ ਦੁਪਾਸੜ ਹੁੰਦਾ। ਦੁਵੱਲੇ ਲਾਂਘੇ ਰਾਹੀਂ ਸੋਚ ਤੇ ਕਰਮ ਦੇ ਦੀਦਾਰ ਹੁੰਦੇ, ਜਿਸ ਵਿਚੋਂ ਹੀ ਸ਼ਖਸੀ ਬਿੰਬ ਨੂੰ ਅਕੀਦਤਯੋਗ ਜਾਂ ਅਕੀਦਤਹੀਣ ਬਣਾਇਆ ਜਾ ਸਕਦਾ।
ਲਾਂਘਾ ਲਾਲਚ, ਲਾਲਸਾ, ਲਾਪ੍ਰਵਾਹੀ ਜਾਂ ਲੰਗੜੀ ਵਿਚਾਰਧਾਰਾ ਨਾਲ ਨਹੀਂ ਮਿਲਦਾ। ਸਾਫਗੋਈ, ਪੂਰਨ ਵਿਸ਼ਵਾਸ ਵਿਚੋਂ ਹੀ ਲਾਂਘਿਆਂ ਨੂੰ ਲਾਡ-ਲਬਰੇਜ਼ਤਾ ਮਿਲਦੀ, ਜੋ ਸਦੀਵ ਹੁੰਦੀ।
ਲਾਂਘਾ ਕਦੇ ਵੀ ਮੂਰਖਤਾ, ਮਨ-ਮਰਜ਼ੀ, ਮਨਮਾਨੀ, ਮਗਰੂਰੀ ਅਤੇ ਮਜ਼ਹਬੀ ਰੰਗਤ ਦਾ ਗੁਲਾਮ ਨਹੀਂ। ਇਸ ਲਈ ਖੁਦ ਨੂੰ ਖੁਦ ਤੋਂ ਪਰੇ ਅਤੇ ਸਮੁੱਚ ਨੂੰ ਸਨਮੁੱਖ ਰੱਖਣਾ ਪੈਂਦਾ।
ਸਭ ਤੋਂ ਔਖਾ ਹੁੰਦਾ ਪਹਿਲੇ ਲਾਂਘੇ ਦਾ ਖੁੱਲ੍ਹਣਾ। ਇਕ ਦੇ ਖੁੱਲ੍ਹ ਜਾਣ ਪਿਛੋਂ ਦੂਜੇ ਲਾਂਘਿਆਂ ਦੇ ਖੁੱਲ੍ਹਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਤਾਂ ਸੱਚ ਹੋ ਹੀ ਜਾਂਦੀਆਂ।
ਲੋੜ ਹੈ ਕਿ ਮਨੁੱਖ ਕੁਦਰਤੀ ਰੂਪ ਵਿਚ ਜ਼ਿੰਦਗੀ ਨੂੰ ਜੀਵੇ। ਕੁਦਰਤ ਤੋਂ ਕੁਝ ਸਿੱਖੇ ਕਿਉਂਕਿ ਕੁਦਰਤ ਵਿਚ ਕੋਈ ਵਲਗਣ ਨਹੀਂ; ਤਾਂ ਹੀ ਕੁਦਰਤ ਦੇ ਸਨਮੁੱਖ ਹੋਣ ਲਈ ਕਿਸੇ ਲਾਂਘੇ ਨੂੰ ਟੱਪਣ ਦੀ ਲੋੜ ਨਹੀਂ। ਕੁਦਰਤ ਤੋਂ ਦੂਰ ਗਏ ਮਨੁੱਖ ਨੇ ਕੁਦਰਤ ਨਾਲ ਇਕਸੁਰ ਰਹੇ ਜੀਵ-ਸੰਸਾਰ ਨੂੰ ਸੀਮਤ ਦਾਇਰਿਆਂ ਵਿਚ ਕੈਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਚਿੜੀਆ ਘਰ ਆਦਿ ਦਰਅਸਲ ਮਨੁੱਖ ਵਲੋਂ ਜੀਵਾਂ ਦੀ ਕੀਤੀ ਹੋਈ ਘੇਰਾਬੰਦੀ ਹੀ ਤਾਂ ਹੈ। ਮਨੁੱਖ ਖੁਦ ਤਾਂ ਲਾਂਘਾ ਚਾਹੁੰਦਾ, ਪਰ ਜੀਵਾਂ ਦੇ ਲਾਂਘੇ ਬੰਦ ਕਰਨ ਵੰਨੀਂ ਹਮੇਸ਼ਾ ਰੁਚਿਤ।
ਕਲਮ ਚਾਹੁੰਦੀ ਹੈ,
ਇਕ ਲਾਂਘਾ ਹੋਵੇ ਮਨ ਦੀ ਬੰਦ ਬੀਹੀ
ਜੋ ਕਾਲਖ ਜੂਨ ਹੰਢਾਵੇ
ਚਾਨਣ ਦੀ ਕਿਣਮਿਣ ਦਾ ਗੀਤ
ਵਿਚਾਰ-ਪ੍ਰਵਾਹ ਜਗਾਵੇ।
ਇਕ ਲਾਂਘਾ ਹੋਵੇ ਨੈਣ-ਦਰਪਣੀਂ
ਜਿਥੇ ਸੁਪਨੇ ਕਬਰੀਂ ਸੁੱਤੇ
ਸ਼ੁਭ ਕਰਮਨ ਦੀ ਹਿੱਲਜੁਲ ਨਾਲ
ਉਠ ਜਾਣ ਚਾਅ-ਗੜੁੱਚੇ।
ਇਕ ਲਾਂਘਾ ਬੰਦ ਰਾਹੀਂ ਉਗੇ
ਤੇ ਜਾਗਣ ਕਰਮ ਅਭਾਗੇ
ਸੇਧ-ਸਫਰ ਦੀ ਪੈੜਚਾਲ ਨਾਲ
ਸੁਰਤ-ਸਿਰਨਾਵਾਂ ਜਾਗੇ।
ਇਕ ਲਾਂਘਾ ਵਖਤ-ਇਬਾਰਤ ਵਿਚੋਂ
ਅਰਥਾਂ ਭਰਿਆ ਹੋਵੇ
ਜੋ ਤਕਦੀਰ ਦੀ ਸੁੰਨੀ ਲੜੀ ‘ਚ
ਕੀਰਤੀ-ਕਰਮ ਪਰੋਵੇ।
ਇਕ ਲਾਂਘਾ ਉਸ ਕਬਰ ਨੂੰ ਜਾਵੇ
ਜਿਥੇ ਸੱਚ ਸੀ ਮੋਇਆ
ਸਰਘੀ ਨੂੰ ਮੁੜ ਅਰਪ ਦੇਈਏ
ਸੂਰਜ ਕਿਸੇ ਸੀ ਖੋਹਿਆ।
ਚਾਨਣ-ਲਾਂਘਾ ਉਸ ਖੇਤ ਨੂੰ ਦੇਣਾ
ਜਿਥੇ ਉਗਦੀਆਂ ਲਾਸ਼ਾਂ
ਕਦੇ ਧਰਤ ਵੀ ਮੌਲਣ ਲੱਗ ਪਏ
ਉਜੜੀ ਨਿੱਤ ਵਿਨਾਸ਼ਾਂ।
ਇਕ ਲਾਂਘਾ ਉਸ ਘਰ ਨੂੰ ਦੇਵੋ
ਜੋ ਖੰਡਰ ਜੂਨ ਹੰਢਾਵੇ
ਐਵੇਂ ਉਸ ਦੀ ਹੋਂਦ ਦੇ ਨਾਂਵੇਂ
ਹੰਝੂ ਨਾ ਕਰ ਜਾਵੇ।
ਪਰ, ਲਾਂਘਾ ਵੀ ਜਦ ਲਾਂਘਾ ਮੰਗੇ
ਦੱਸੋ ਕੀਕਣ ਦੇਈਏ
ਖੁਦ ਤੋਂ ਬੇਮੁਖ ਹੋਏ ਖੁਦ ਨੂੰ
ਕੀ ਕਰੀਏ ਕੀ ਕਹੀਏ?
ਇਕ ਲਾਂਘਾ ਹਿਰਦੇ ਵਿਚ ਪੈਦਾ ਕਰੀਏ ਤਾਂ ਕਿ ਅਪਣੱਤ, ਸੁਹਿਰਦਤਾ, ਸਨੇਹ, ਸ਼ਰਧਾ ਅਤੇ ਸਦਭਾਵਨਾ ਬਾਹਰ ਨੂੰ ਫੁੱਟਦੀ ਰਹੇ ਅਤੇ ਆਲੇ-ਦੁਆਲੇ ਨੂੰ ਆਪਣੀ ਖੁਸ਼ਬੂ ਨਾਲ ਤਰੰਗਤ ਅਤੇ ਸੁਗੰਧਤ ਕਰਦੀ ਰਹੇ।
ਇਕ ਲਾਂਘਾ ਮਨ-ਮੰਦਿਰ ਵਿਚ ਜਰੂਰ ਰੱਖੀਏ ਤਾਂ ਕਿ ਮਨ ਵਿਚ ਪੈਦਾ ਹੋਏ ਸ਼ੁਭ ਵਿਚਾਰਾਂ ਵਿਚਲੀ ਗੁਫਤਾਰ, ਕਿਰਦਾਰ ਤੇ ਅਚਾਰ, ਜੋ ਚੇਤਨ-ਵਿਹੜੇ ਵਿਚ ਕਰੁੰਬਲ-ਕਿਆਰੀਆਂ ਪੈਦਾ ਕਰੇ। ਫੁੱਲਪੱਤੀਆਂ ਨੂੰ ਖਿੜਨ ਅਤੇ ਮਹਿਕਾਂ ਵੰਡਣ ਦਾ ਸ਼ਰਫ ਹਾਸਲ ਹੋਵੇ। ਚਾਅ-ਚੰਗੇਰ ਵਿਚ ਰੰਗ-ਬਿਰੰਗਤਾ ਨੂੰ ਪਲਰਣ ਅਤੇ ਪੂਰਨ ਹੋਣ ਦਾ ਸੁਪਨ ਮਿਲੇ।
ਇਕ ਲਾਂਘਾ ਦਿਲ-ਦਰਵਾਜੀਂ ਜਰੂਰ ਹੋਣਾ ਚਾਹੀਦਾ ਤਾਂ ਕਿ ਮਨ ਵਿਚਲੇ ਕਰੋਧ, ਕਰੁਣਾ, ਕਮੀਨਗੀ ਤੇ ਕੁਹਜ ਦੀ ਥਾਂ ਲੈਣ ਲਈ ਕਰਮਯੋਗਤਾ, ਕਿਰਤ ਅਤੇ ਕੀਰਤੀ ਦਾ ਆਉਣਾ-ਜਾਣਾ ਬਣਿਆ ਰਹੇ।
ਕੁਝ ਲਾਂਘੇ ਖੁੱਲ੍ਹਣ ‘ਤੇ ਚਿਰ-ਵਿਛੁੰਨੇ ਆਪਣਿਆਂ ਦੀ ਹਿੱਕ ਆਪਣਿਆਂ ਨੂੰ ਮਿਲ ਕੇ ਠਰਦੀ। ਅਕੀਦਤਯੋਗ ਅਸਥਾਨਾਂ ਵਿਚੋਂ ਰੂਹਾਨੀਅਤ ਦੇ ਦਰਸ-ਦੀਦਾਰੇ ਹੁੰਦੇ। ਪਾਕਿ ਮੁਹੱਬਤਾਂ ਨੂੰ ਵਧਣ-ਫੁਲਣ ਤੇ ਮੌਲਣ ਦਾ ਵਰ ਮਿਲਦਾ ਤੇ ਮੋਹ ਦੇ ਪੈਗਾਮ ਹੁਲਾਰੇ ਲੈਂਦੇ। ਮਿਲਣੀਆਂ ਅਤੇ ਗਲਵੱਕੜੀਆਂ ਨੂੰ ਆਪਣੇ ਆਪ ‘ਤੇ ਫਖਰ ਹੁੰਦਾ। ਕੋਸੇ ਕੋਸੇ ਅਹਿਸਾਸਾਂ ਵਿਚੋਂ ਹੀ ਕਾਵਿ-ਤਰੰਗਾਂ ਦੀ ਆਬਸ਼ਾਰ ਫੁੱਟਦੀ, ਜਿਸ ਨਾਲ ਹਰੇ ਹੋ ਜਾਂਦੇ ਮਾਰੂਥਲ ਬਣੇ ਮਨ, ਕੁਮਲਾਈਆਂ ਕਰੁੰਬਲਾਂ ਨੂੰ ਟਹਿਕਦੀਆਂ ਅਤੇ ਸਿਰ ਸੁੱਟੀ ਲਗਰਾਂ ਨੂੰ ਕੋਮਲ ਪੱਤੀਆਂ ਦੇ ਸਾਥ ਦਾ ਆਭਾਸ ਹੁੰਦਾ।
ਮਿਟ ਜਾਣ ਹੱਦਾਂ-ਸਰਹੱਦਾਂ, ਖੁਰ ਜਾਣ ਖੇਤਾਂ ‘ਚ ਪਈਆਂ ਵੱਟਾਂ ਜਾਂ ਢਹਿ ਢੇਰੀ ਹੋ ਜਾਣ ਕੀਤੀਆਂ ਵਾੜਾਂ ਤਾਂ ਮਨੁੱਖੀ ਫਰਾਖਦਿਲੀ ਕਾਰਨ ਸੌੜੀ ਸੋਚ ਖੁਦ ‘ਤੇ ਸ਼ਰਮਸ਼ਾਰ ਹੋਵੇਗੀ। ਫਿਰ ਨਹੀਂ ਰਹਿਣੀ ਕਿਸੇ ਲਾਂਘੇ ਦੀ ਲੋੜ। ਕੀ ਕਦੇ ਅਜਿਹਾ ਸਮਾਂ ਆਵੇਗਾ? ਆਸ ਤਾਂ ਕੋਈ ਨਹੀਂ, ਪਰ ਆਸ ਰੱਖਣ ਵਿਚ ਹਰਜ ਵੀ ਕੀ ਆ!