ਪ੍ਰਿੰ. ਸਰਵਣ ਸਿੰਘ
ਮੈਂ ਖੇਡਾਂ ਤੇ ਖਿਡਾਰੀਆਂ ਬਾਰੇ 1965-66 ਤੋਂ ਲਿਖਦਾ ਆ ਰਿਹਾਂ। ਅਜੇ ਵੀ ਲੱਗਦੈ ਜਿਵੇਂ ਗੋਹੜੇ ‘ਚੋਂ ਪੂਣੀ ਹੀ ਕੱਤੀ ਗਈ ਹੋਵੇ। ਖੇਡਾਂ ਦੀ ਦੁਨੀਆਂ ਬੜੀ ਵਿਸ਼ਾਲ ਹੈ। ਵਿਸ਼ਵ ਦੀਆਂ ਹਜ਼ਾਰਾਂ ਖੇਡਾਂ ਹਨ, ਜੋ ਜਲ, ਥਲ, ਬਰਫ ਤੇ ਹਵਾ ਵਿਚ ਖੇਡੀਆਂ ਜਾਂਦੀਆਂ ਹਨ। ਸੌ ਤੋਂ ਵੱਧ ਤਾਂ ਪੰਜਾਬ ਦੀਆਂ ਦੇਸੀ ਖੇਡਾਂ ਹੀ ਹਨ, ਜਿਨ੍ਹਾਂ ‘ਚੋਂ ਸਤਾਸੀ ਖੇਡਾਂ ਦਾ ਵੇਰਵਾ ਮੈਂ ‘ਪੰਜਾਬ ਦੀਆਂ ਦੇਸੀ ਖੇਡਾਂ’ ਪੁਸਤਕ ਵਿਚ ਦਿੱਤਾ ਹੈ।
ਮੈਂ ਕਦੇ ਲਿਖਿਆ ਸੀ, “ਸ੍ਰਿਸ਼ਟੀ ਇਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ।
ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜੋ ਜਿੱਤ ਜਾਂਦੇ ਨੇ, ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜੋ ਹਾਰ ਜਾਂਦੇ ਨੇ ਉਹ ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ, “ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ।”
ਸੋਹਣ ਸਿੰਘ ਸੀਤਲ ਦੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਮੂਹਰੇ ਸੀਤਲ ਲੱਗਦਾ ਹੈ। ਜਿਵੇਂ ਸੀਤਲ ਪ੍ਰਸੰਗ, ਸੀਤਲ ਤਾਂਘਾਂ, ਸੀਤਲ ਤਰੰਗਾਂ, ਸੀਤਲ ਉਮੰਗਾਂ, ਸੀਤਲ ਰਮਜ਼ਾਂ, ਸੀਤਲ ਸੁਗਾਤਾਂ, ਸੀਤਲ ਕਿਰਨਾਂ ਤੇ ਸੀਤਲ ਵਲਵਲੇ ਆਦਿ। ਮੇਰੀਆਂ ਵੀ ਬਹੁਤੀਆਂ ਕਿਤਾਬਾਂ ਦੇ ਨਾਂ ਖੇਡ ਨਾਲ ਸ਼ੁਰੂ ਹੁੰਦੇ ਹਨ। ਜਿਵੇਂ ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਖੇਡ ਮੈਦਾਨ ‘ਚੋਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਖੇਡਾਂ ਦੀ ਦੁਨੀਆਂ ਅਤੇ ਖੇਡ ਤੇ ਸਿਹਤ ਵਾਰਤਾ। ਹੋ ਸਕਦੈ ਕਦੇ ਖੇਡ ਚਰਚਾ, ਖੇਡ ਕਥਾ ਤੇ ਖੇਡ ਲੀਲ੍ਹਾ ਵੀ ਰੱਖੇ ਜਾਣ। ਰੱਖਣ ਨੂੰ ਤਾਂ ਖੇਡ ਖਿਡਾਰੀ ਵੀ ਰੱਖਿਆ ਜਾ ਸਕਦੈ, ਕਿਉਂਕਿ ਇਨ੍ਹਾਂ ਪੁਸਤਕਾਂ ਦਾ ਵਿਸ਼ਾ ਹੀ ਖੇਡਾਂ ਤੇ ਖਿਡਾਰੀ ਹਨ।
ਇਨ੍ਹਾਂ ਵਿਚ ਖਿਡਾਰੀਆਂ ਦੇ ਸ਼ਬਦ ਚਿੱਤਰ, ਜੀਵਨੀਆਂ, ਸਵੈਜੀਵਨੀਆਂ, ਖੇਡ ਕਹਾਣੀਆਂ, ਖੇਡ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਕਿੱਸੇ, ਖੇਡ ਤਬਸਰੇ, ਖੇਡਾਂ ਦੀ ਜਾਣ-ਪਛਾਣ, ਖੇਡਾਂ ਦੀਆਂ ਬਾਤਾਂ, ਪੇਂਡੂ ਓਲੰਪਿਕਸ, ਖੇਡਾਂ ਦਾ ਕਾਵਿ-ਸੰਸਾਰ, ਖੇਡ ਚਿੰਤਨ, ਅਲੋਪ ਹੋ ਰਹੀਆਂ ਦੇਸੀ ਖੇਡਾਂ ਤੇ ਖੇਡੀਆਂ ਜਾਂਦੀਆਂ ਅਜੋਕੀਆਂ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਹਨ। ਜਿਵੇਂ ਖੇਡਾਂ ਖੇਡਣ ਤੇ ਵੇਖਣ ਵਾਲੇ ਬਹੁਤ ਸਾਰੇ ਲੋਕ ਹਨ, ਉਵੇਂ ਖੇਡਾਂ ਤੇ ਖਿਡਾਰੀਆਂ ਬਾਰੇ ਛਪੀਆਂ ਪੁਸਤਕਾਂ ਪੜ੍ਹਨ ਵਾਲੇ ਪਾਠਕ ਵੀ ਮੌਜੂਦ ਹਨ।
ਖੇਡਾਂ ਪੰਜਾਬੀਆਂ ਦਾ ਇਸ਼ਕ ਹਨ। ਉਹ ਜਿੰਨੇ ਜ਼ੋਰ ਨਾਲ ਹਲ ਵਾਹੀ ਕਰਦੇ ਤੇ ਜੰਗਾਂ ਯੁੱਧਾਂ ‘ਚ ਜੂਝਦੇ ਹਨ, ਉਨੇ ਹੀ ਜ਼ੋਰ ਨਾਲ ਖੇਡਦੇ ਹਨ। ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ, ਉਨੇ ਹੀ ਚਾਅ ਨਾਲ ਖੇਡ ਮੁਕਾਬਲੇ। ਉਹ ਮੁੱਢ ਕਦੀਮ ਤੋਂ ਜੁੱਸੇ ਤਕੜੇ ਬਣਾਉਣ ਦੇ ਸ਼ੌਕੀਨ ਰਹੇ ਹਨ। ਤਕੜਾ ਜੁੱਸਾ ਸੋਹਣੇ ਲੱਗਣ, ਸ਼ਿਕਾਰ ਖੇਡਣ, ਲੜਾਈ ਲੜਨ, ਮਾਲ ਡੰਗਰ ਸੰਭਾਲਣ, ਖੇਤੀਬਾੜੀ ਕਰਨ ਤੇ ਖੇਡਾਂ ਖੇਡਣ ਲਈ ਵਧੇਰੇ ਕਾਮਯਾਬ ਸੀ। ਹਰ ਮਾਪੇ ਦਾ ਚਾਅ ਸੀ ਕਿ ਉਨ੍ਹਾਂ ਦਾ ਬੱਚਾ ਤਕੜਾ ਜੁਆਨ ਬਣੇ। ਜੁੱਸੇ ਤਕੜੇ ਕਰਨ ਲਈ ਖੁਰਾਕਾਂ ਤੇ ਕਸਰਤਾਂ ਉਤੇ ਉਚੇਚਾ ਜ਼ੋਰ ਦਿੱਤਾ ਜਾਂਦਾ ਸੀ। ਪੰਜਾਬੀਆਂ ਦੀਆਂ ਖੁਰਾਕਾਂ ਵਿਚ ਦੁੱਧ-ਘਿਓ, ਅਧਰਿੜਕੇ-ਤਿਓੜਾਂ, ਮੱਖਣ-ਮਲਾਈਆਂ, ਖੋਏ-ਪੰਜੀਰੀਆਂ, ਬਦਾਮ-ਛੁਹਾਰੇ, ਸ਼ਰਬਤ ਤੇ ਯਖਣੀਆਂ ਸ਼ਾਮਲ ਸਨ। ਗੁੜ-ਸ਼ੱਕਰ, ਖੰਡ-ਘਿਓ, ਦੋੜਾਂ-ਪਰਾਉਂਠਾ ਤੇ ਸਾਗ-ਮੱਖਣ ਰੱਜ ਕੇ ਖਾਧਾ ਜਾਂਦਾ। ਹਕੀਮਾਂ ਤੋਂ ਕੁਸ਼ਤੇ ਮਰਵਾਏ ਜਾਂਦੇ। ਖਸਖਸ, ਬਦਾਮਾਂ, ਪਿਸਤਿਆਂ ਤੇ ਮਗਜ਼ਾਂ ਦੀਆਂ ਸਰਦਾਈਆਂ ਰਗੜ ਕੇ ਪੀਤੀਆਂ ਜਾਂਦੀਆਂ। ਡੰਡ ਕੱਢਣੇ, ਬੈਠਕਾਂ ਮਾਰਨੀਆਂ, ਦੌੜਨਾ, ਡੱਡੂ-ਛੜੱਪੇ, ਮੂੰਗਲੀਆਂ ਫੇਰਨੀਆਂ, ਪੱਥਰ, ਵੱਟੇ, ਵੇਲਣੇ, ਅਹਿਰਨਾਂ ਤੇ ਮੁਗਦਰ ਚੁੱਕਣੇ, ਰੱਸੇ ਖਿੱਚਣੇ ਤੇ ਖੂਹ ਗੇੜਨੇ ਪੰਜਾਬੀਆਂ ਦੀਆਂ ਮੁੱਖ ਕਸਰਤਾਂ ਸਨ।
ਕੋਈ ਮੰਨੇਗਾ ਕਿ ਹੱਡ-ਮਾਸ ਦਾ ਬਣਿਆ ਬੰਦਾ ਆਪਣੇ ਸਰੀਰਕ ਵਜ਼ਨ ਨਾਲੋਂ ਤਿੰਨ ਗੁਣਾਂ ਵੱਧ ਵਜ਼ਨ ਆਪਣੀਆਂ ਬਾਹਾਂ ਉਤੇ ਤੋਲ ਦੇਵੇ! ਜੀ ਹਾਂ। ਅਜਿਹਾ ਹੋ ਚੁਕੈ। 24 ਅਪਰੈਲ 2001 ਨੂੰ ਸਲੋਵਾਕੀਆ ਦੇ ਸ਼ਹਿਰ ਟ੍ਰੈਂਚਨ ਵਿਚ ਤੁਰਕੀ ਦੇ ਭਾਰਚੁਕਾਵੇ ਹਲੀਲ ਮੁਤਲੂ ਨੇ ਇਹ ਕੁਝ ਵੀ ਕਰ ਵਿਖਾਇਐ। ਉਸ ਨੇ 56 ਕਿਲੋ ਵਜ਼ਨ ਵਰਗ ‘ਚ 168 ਕਿਲੋ ਭਾਰ ਭੁੰਜਿਓਂ ਚੁੱਕ ਕੇ ਬਾਹਾਂ ਉਤੇ ਖੜ੍ਹਾ ਕਰ ਦਿੱਤਾ! ਚੀਨ ਦਾ ਲਿਓ ਹੂਈ 69 ਕਿਲੋ ਵਜ਼ਨ ਵਰਗ ਵਿਚ 198 ਕਿਲੋਗਰਾਮ ਦਾ ਬਾਲਾ ਕੱਢ ਕੇ ਦੋ ਕੁਇੰਟਲ ਦੀ ਹੱਦ ਪਾਰ ਕਰਨ ਵਾਲਾ ਹੈ। ਔਰਤਾਂ ਨੂੰ ਨਾਜ਼ੁਕ ਮਲੂਕ ਸਮਝਿਆ ਜਾਂਦੈ। ਤੁਰਕੀ ਦੀ ਨੁਰਕਨ ਤੇਲਾਨ, ਜਿਸ ਦਾ ਆਪਣਾ ਵਜ਼ਨ 48 ਕਿਲੋਗਰਾਮ ਤੋਂ ਘੱਟ ਹੈ, ਉਸ ਨੇ 121 ਕਿਲੋ ਵਜ਼ਨ ਬਾਹਾਂ ਉਤੇ ਚੁੱਕਣ ਦਾ ਵਿਸ਼ਵ ਰਿਕਾਰਡ ਰੱਖਿਆ ਹੈ। ਕਜ਼ਾਖਿਸਤਾਨ ਦੀ ਸਵੇਤਲਾਨਾ ਪਾਡੋਵੇਦੋਵਾ ਦਾ ਸਰੀਰਕ ਵਜ਼ਨ 75 ਕਿਲੋ ਤੋਂ ਘੱਟ ਹੈ, ਪਰ ਉਹ 134 ਕਿਲੋ ਦੀ ਸਨੈਚ ਤੇ 161 ਕਿਲੋ ਦੀ ਜਰਕ ਲਾ ਗਈ ਹੈ। ਉਸ ਨੇ ਚਾਰ ਮਣ ਤੋਂ ਵੱਧ ਵਜ਼ਨ ਬਾਹਾਂ ਉਤੇ ਤੋਲ ਦਿੱਤੈ!
‘ਤੁਰੋ ਤੇ ਤੰਦਰੁਸਤ ਰਹੋ’ ਸਿਹਤ ਨਰੋਈ ਰੱਖਣ ਦਾ ਸੰਦੇਸ਼ ਹੈ, “ਜਿਥੋਂ ਤਕ ਸੁਹੱਪਣ ਦੀ ਗੱਲ ਹੈ, ਸੋਹਣੇ ਸੁਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ, ਉਨ੍ਹਾਂ ਦਾ ਮਾਸ ਥਲਥਲ ਹੀ ਕਰਨਾ ਹੈ। ਉਸ ਵਿਚ ਖਿੱਚ ਨਹੀਂ ਰਹਿਣੀ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਕਰੀਮਾਂ ਪਾਊਡਰਾਂ ਨਾਲ ਰੰਗ ਗੋਰਾ ਕਰ ਦੇਣਗੇ, ਪਰ ਸਰੀਰ ਦਾ ਸੁਹੱਪਣ ਤਦ ਹੀ ਨਿਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸੁਡੌਲਤਾ ਵਿਚ ਢਾਲਿਆ ਗਿਆ। ਜੁੱਸੇ ਨੂੰ ਛਾਂਟਵਾਂ ਬਣਾਉਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ। ਸੈਰ ਕਰਨ ‘ਤੇ ਕੁਝ ਵੀ ਨਹੀਂ ਲੱਗਦਾ ਜਦ ਕਿ ‘ਬਿਊਟੀ’ ਦੇ ਨਾਂ ‘ਤੇ ਵਿਕਣ ਵਾਲੀਆਂ ਵਸਤਾਂ ਜੇਬਾਂ ਖਾਲੀ ਕਰ ਦਿੰਦੀਆਂ ਨੇ। ਸੁੰਦਰਤਾ ਮਹਿੰਗੇ ਕਪੜਿਆਂ, ਗਹਿਣਿਆਂ, ਫੈਸ਼ਨਾਂ ਤੇ ਲਿਪ-ਸਟਿਕਾਂ ਵਿਚ ਨਹੀਂ, ਸਗੋਂ ਸਰੀਰ ਦੀ ਸੁਡੌਲਤਾ ਵਿਚ ਹੈ। ਸੁਡੌਲ ਬਦਨ ਉਤੇ ਪਹਿਨੀ ਸਾਦੀ ਪੁਸ਼ਾਕ ਵੀ ਸਿਲਮੇ ਸਤਾਰੇ ਵਾਲੇ ਸੂਟ ਨਾਲੋਂ ਵੱਧ ਜਚਦੀ ਹੈ।
ਪੰਜਾਬ ਦੇ ਉਹ ਵੀ ਦਿਨ ਸਨ, ਜਦੋਂ ਬੀਹੀਆਂ ਤੇ ਵਿਹੜਿਆਂ ਵਿਚ ਲੋਕ ਖੇਡਾਂ ਦੇ ਝੁਰਮਟ ਪਏ ਰਹਿੰਦੇ ਸਨ। ਬੱਚੇ ਚੰਨ ਚਾਨਣੀਆਂ ਵਿਚ ਖੇਡਦੇ ਤੇ ਵਡੇਰੇ ਖੁੱਲ੍ਹੀਆਂ ਰੌੜਾਂ ਨੂੰ ਰੰਗ ਭਾਗ ਲਾਉਂਦੇ। ਕਿਧਰੇ ਲੁਕਣ-ਮੀਚੀਆਂ ਖੇਡੀਆਂ ਜਾਂਦੀਆਂ, ਕਿਧਰੇ ਛੂਹਣ-ਛੁਹਾਈਆਂ ਤੇ ਕਿਧਰੇ ਵਡਉਮਰੇ ਬੰਦੇ ਬਾਰਾਂ-ਡੀਟੀ ਤੇ ਬੋੜਾ ਖੂਹ ਖੇਡਦੇ। ਕਿਤੇ ਪੂਰ ਨੱਕਾ ਤੇ ਪਾਸਾ ਖੇਡਿਆ ਜਾਂਦਾ। ਕਿਧਰੇ ਜੁਆਨਾਂ ਦੇ ਜ਼ੋਰ ਹੁੰਦੇ ਤੇ ਛਿੰਝਾਂ ਪੈਦੀਆਂ। ਕਿਧਰੇ ਮੂੰਗਲੀਆਂ ਫੇਰੀਆਂ ਜਾਂਦੀਆਂ ਤੇ ਮੁਗਦਰ ਚੁੱਕੇ ਜਾਂਦੇ। ਢੋਲ ਵਜਦੇ, ਬਾਜ਼ੀਆਂ ਪੈਂਦੀਆਂ ਤੇ ਸੌਂਚੀਆਂ ਚੜ੍ਹਦੀਆਂ। ਦੇਸੀ ਖੇਡਾਂ ਦਾ ਉਹ ਰੰਗਲਾ ਰੁਮਾਂਸ ਤਰੱਕੀ ਦੀ ਦੌੜ ਵਿਚ ਅਲੋਪ ਹੋਈ ਜਾ ਰਿਹੈ।
ਜਿਹੜਾ ਬੰਦਾ ਕਿਰਤ ਤੇ ਕਸਰਤ ਦੇ ਲੜ ਲੱਗਾ ਹੋਵੇ, ਉਹਤੋਂ ਕੁਦਰਤ ਵੀ ਬਲਿਹਾਰੇ ਜਾਂਦੀ ਹੈ। ਉਹ ਉਸ ਨੂੰ ਲੰਮੀ ਉਮਰ ਬਖਸ਼ਦੀ ਹੈ। ਅਜਿਹਾ ਵਿਅਕਤੀ ਆਮ ਬਿਮਾਰੀਆਂ ਠਮਾਰੀਆਂ ਤੋਂ ਬਚਿਆ ਰਹਿੰਦਾ ਹੈ ਅਤੇ ਸੁਖੀ ਤੇ ਸੰਤੁਸ਼ਟ ਜੀਵਨ ਭੋਗਦਾ ਹੈ। ਕਿਰਤ ਤੇ ਕਸਰਤ ਕਰਨ ਨਾਲ ਨੌਜੁਆਨ ਨਸ਼ਿਆਂ ਦੀ ਲਤ ਤੋਂ ਬਚ ਸਕਦੇ ਹਨ। ਜੁੱਸੇ ਤਕੜੇ ਤੇ ਹੰਢਣਸਾਰ ਬਣਾ ਕੇ ਖੇਡਾਂ ਦੇ ਮੈਡਲ ਜਿੱਤ ਸਕਦੇ ਹਨ। ਸਰੀਰਕ ਕਸਰਤ ਕਰਨ ਦੀ ਜਿੰਨੀ ਲੋੜ ਇੱਕੀਵੀਂ ਸਦੀ ਵਿਚ ਹੈ, ਏਨੀ ਪਹਿਲੀਆਂ ਸਦੀਆਂ ਵਿਚ ਨਹੀਂ ਸੀ। ਪਹਿਲਾਂ ਏਨੀਆਂ ਮਸ਼ੀਨਾਂ ਮਨੁੱਖ ਦੀ ਸੌਖ ਲਈ ਈਜਾਦ ਨਹੀਂ ਸਨ ਹੋਈਆਂ। ਹੱਥੀਂ ਕਿਰਤ ਕਰਨੀ ਤੇ ਪੈਰੀਂ ਪੈਂਡਾ ਮਾਰਨਾ ਮਨੁੱਖ ਦੀ ਮਜਬੂਰੀ ਸੀ। ਇਹ ਮਜਬੂਰੀ ਮਨੁੱਖ ਲਈ ਕੁਦਰਤੀ ਵਰਦਾਨ ਸਾਬਤ ਹੁੰਦੀ ਰਹੀ।
ਜਦੋਂ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ, ਉਦੋਂ ਪੰਜਾਬੀ ਵਿਚ ਖੇਡ ਪੁਸਤਕਾਂ ਨਹੀਂ ਸਨ ਹੁੰਦੀਆਂ। ਮੇਰੇ ਵੇਖਦਿਆਂ ਵੇਖਦਿਆਂ ਕਈ ਪੰਜਾਬੀ ਖੇਡ ਪੁਸਤਕਾਂ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ਦੀ ਗਿਣਤੀ ਹੁਣ ਸੌ ਤੋਂ ਟੱਪ ਚੁਕੀ ਹੈ। ਉਨ੍ਹਾਂ ਵਿਚ ਬਾਈ ਤੇਈ ਖੇਡ ਪੁਸਤਕਾਂ ਤਾਂ ਮੇਰੀਆਂ ਆਪਣੀਆਂ ਹੀ ਹਨ। ਉਂਜ ਮੈਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਛਪਵਾ ਚੁਕਾਂ। ਕਦੇ ਮੈਂ ਕਿਸੇ ਸਾਹਿਤਕ ਗੋਸ਼ਟੀ ਵਿਚ ਕਿਹਾ ਸੀ, “ਤੁਸੀਂ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਨਾ ਸਮਝੋ, ਚਲੋ ਸਿਹਤਕਾਰ ਹੀ ਸਮਝ ਲਓ। ਜੇ ਸਾਡੇ ‘ਚ ਦਮ ਹੋਇਆ ਤਾਂ ਅਸੀਂ ਪੰਜਾਬੀ ਵਿਚ ਖੇਡ ਅਦਬ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।”
ਖੇਡਾਂ ਦਾ ਖੇਤਰ ਅਸਗਾਹ ਹੈ, ਜਿਸ ਵਿਚ ਮੇਰੀ ਖੇਡ ਲੇਖਣੀ ਦੀ ਮੈਰਾਥਨ ਅਜੇ ਵੀ ਜਾਰੀ ਹੈ। ਇਹ ਮੈਰਾਥਨ ਤਦ ਤਕ ਜਾਰੀ ਰਹੇਗੀ, ਜਦ ਤਕ ਡਿੱਗ ਨਹੀਂ ਪੈਂਦਾ।
ਨੋਟ: ਪੰਜਾਬੀ ਖੇਡ ਸਾਹਿਤ ਬਾਰੇ ਮੈਂ ਪੁਸਤਕ ਸੰਪਾਦਿਤ ਕਰ ਰਿਹਾਂ। ਪੰਜਾਬੀ ਖੇਡ ਲੇਖਕ ਮੇਰੇ ਨਾਲ ਫੋਨ: 91-94651-01651 ‘ਤੇ ਸੰਪਰਕ ਕਰ ਸਕਦੇ ਹਨ।
—
(‘ਪੰਜਾਬੀ ਖੇਡ ਸਾਹਿਤ’ ਬਾਰੇ ਅਖਬਾਰ ‘ਪੰਜਾਬੀ ਜਾਗਰਣ’ ਵਲੋਂ ਕਰਾਈ ਗਈ ਗੋਸ਼ਟੀ ਵਿਚੋਂ)