ਪੂਨਮ ਬਿਲਿੰਗ
ਫੋਨ: 91-94649-46099
ਮਾਸੂਮ, ਗੋਲ ਮਟੋਲ, ਚਹਿਕਦਾ ਚਿਹਰਾ, ਮੋਟੀਆਂ-ਮੋਟੀਆਂ ਅੱਖਾਂ, ਗੋਰਾ ਰੰਗ, ਅਣਭੋਲ ਹਮੇਸ਼ਾ ਟਪੂੰ-ਟਪੂੰ ਕਰਦੀ ਉਹ ਹਾਣ ਦੇ ਬੱਚਿਆਂ ਨਾਲ ਖੇਡਦੀ ਮੋਹਰੀ ਰਹਿੰਦੀ, ਹਰ ਕੰਮ ਵਿਚ ਅੱਵਲ। ਉਹ ਬੱਚਿਆਂ ‘ਤੇ ਪੂਰਾ ਰੋਅਬ ਮਾਰਦੀ। ਉਹ ਅੱਗੇ-ਅੱਗੇ, ਸਾਰੇ ਬੱਚੇ ਉਸ ਦੇ ਪਿੱਛੇ-ਪਿੱਛੇ ਰਹਿੰਦੇ। ਖੂਬ ਖੇਡਦੀ, ਮਸਤੀ ਕਰਦੀ, ਮੈਡਮ ਬਣ ਬੱਚਿਆਂ ‘ਤੇ ਰੋਅਬ ਦਿਖਾਉਂਦੀ। ਬਚਪਨ ਦੀ ਦੁਨੀਆਂ ਵਿਚ ਮਸਤ ਬੱਚੇ ਇੱਕ ਦੂਜੇ ਨਾਲ ਆਪਣੇ ਮੰਮੀ-ਪਾਪਾ ਦੀਆਂ ਗੱਲਾਂ ਕਰਦੇ ਆਪਣੇ ਪਾਪਾ ਵਲੋਂ ਲਿਆ ਕੇ ਦਿੱਤੇ ਖਿਡੌਣੇ ਵਿਖਾਉਂਦੇ ਤਾਂ ਟੀਨੂੰ ਦਾ ਬਾਲ ਮਨ ਆਪਣੇ ਪਾਪਾ ਬਾਰੇ ਸੋਚਣ ਲੱਗਦਾ।
“ਟੀਨੂੰ ਤੇਰੇ ਪਾਪਾ ਕਿੱਥੇ ਹਨ?” ਇੱਕ ਦਿਨ ਰਿੰਕੂ ਨੇ ਪੁਛਿਆ।
ਟੀਨੂੰ ਬਿਨਾ ਜਵਾਬ ਦਿੱਤੇ ਦੌੜ ਗਈ ਤੇ ਆਪਣੀ ਮੰਮੀ ਨੂੰ ਆਣ ਸਿੱਧਾ ਸਵਾਲ ਕੀਤਾ, “ਮੰਮੀ ਮੇਰੇ ਪਾਪਾ ਕਿੱਥੇ ਹਨ? ਸਾਰੇ ਬੱਚਿਆਂ ਦੇ ਪਾਪਾ ਰੋਜ ਸ਼ਾਮ ਨੂੰ ਘਰ ਆ ਜਾਂਦੇ ਹਨ, ਮੇਰੇ ਪਾਪਾ ਕਿਉਂ ਨਹੀਂ ਆਉਂਦੇ?”
“ਬੇਟੇ ਤੇਰੇ ਪਾਪਾ ਬਹੁਤ ਦੂਰ ਵਿਦੇਸ਼ ਵਿਚ ਹਨ, ਉਹ ਹਰ ਰੋਜ਼ ਨਹੀਂ ਆ ਸਕਦੇ।”
“ਕੀ ਉਹ ਕਦੇ ਵੀ ਨਹੀਂ ਆਉਣਗੇ?”
“ਬੇਟਾ ਆਉਣਗੇ।”
“ਕਦੋਂ? ਕਿਵੇਂ? ਦੱਸੋ ਮੰਮੀ।”
“ਜਦੋਂ ਕੰਮ ਤੋਂ ਛੁੱਟੀ ਮਿਲੂ, ਜਹਾਜ ‘ਚ ਬੈਠ ਕੇ ਆਪਣੀ ਪਰੀ ਬੇਟੀ ਕੋਲ ਉਡ ਕੇ ਆਉਣਗੇ।”
“ਪਾਪਾ ਨੂੰ ਕਹੋ ਕਿ ਜਲਦੀ ਆਉਣ ਕੱਲ ਨੂੰ।”
“ਨਹੀਂ ਬੇਟਾ, ਇੰਨੀ ਜਲਦੀ ਨਹੀਂ। ਐਨਾ ਸੌਖਾ ਨਹੀਂ ਹੁੰਦਾ ਸੱਤ ਸਮੁੰਦਰ ਪਾਰ ਕਰਕੇ ਆਉਣਾ।”
“ਮੈਂ ਪਾਪਾ ਨਾਲ ਗੱਲ ਕਰਨੀ ਐ, ਮੇਰੀ ਗੱਲ ਕਰਵਾਓ।”
“ਨਹੀਂ ਬੇਟਾ ਹੁਣ ਤਾਂ ਉਥੇ ਰਾਤ ਐ, ਪਾਪਾ ਸੁੱਤੇ ਹੋਣਗੇ। ਆਪਣੀ ਜਾਬ ਤੋਂ ਥੱਕ ਕੇ ਆਏ ਹੋਣਗੇ, ਉਥੇ ਬਹੁਤ ਕੰਮ ਕਰਕੇ ਖੂਬ ਪੈਸੇ ਕਮਾ ਕੇ ਆਪਣੀ ਟੀਨੂੰ ਲਈ ਢੇਰ ਸਾਰੇ ਖਿਡੌਣੇ, ਕੱਪੜੇ ਲੈ ਕੇ ਆਉਣਗੇ।”
“ਪਾਪਾ ਨੂੰ ਕਹਿਣਾ, ਮੇਰੇ ਲਈ ਨੱਚਣ ਵਾਲੀ ਗੁੱਡੀ ਲੈ ਕੇ ਆਉਣ।”
“ਹੋਰ ਕੀ?”
“ਹੋਰ…ਘੜੀ ਤੇ ਸੋਹਣੀ ਜਿਹੀ ਡਰੈਸ ਵੀ।”
“ਠੀਕ ਹੈ।”
“ਪਾਪਾ ਨੂੰ ਕਹਿਣਾ ਜਲਦੀ ਆਉਣ।”
“ਮੈਂ ਰਿੰਕੂ ਨੂੰ ਆਪਣੇ ਪਾਪਾ ਨਾਲ ਮਿਲਾਉਣਾ, ਨਾਲੇ ਖਿਡੌਣੇ ਵਿਖਾਊਂ। ਪਤਾ ਅੱਜ ਉਸ ਦੇ ਪਾਪਾ ਨੇ ਉਸ ਨੂੰ ਜੀਪ ਲਿਆ ਕੇ ਦਿੱਤੀ। ਮੈਨੂੰ ਹੱਥ ਵੀ ਨਹੀਂ ਸੀ ਲਾਉਣ ਦਿੰਦਾ, ਆਪਣੀ ਜੀਪ ਨੂੰ।” ਟੀਨੂੰ ਨੇ ਰੁਆਂਸਿਆ ਜਿਹਾ ਮੂੰਹ ਬਣਾ ਕੇ ਦੱਸਿਆ।
“ਚੱਲੋ ਖੇਡ ਕੇ ਥੱਕ ਗਿਆ ਹੋਵੇਗਾ, ਮੇਰਾ ਪਿਆਰਾ ਬੱਚਾ ਦੁੱਧ ਪੀ ਕੇ ਆਪਣਾ ਹੋਮ ਵਰਕ ਕਰੇਗਾ।” ਮਾਂ ਨੇ ਕਿਹਾ।
ਰਾਤ ਨੂੰ ਸੌਣ ਲੱਗੇ ਅੱਖਾਂ ਮੂਹਰੇ ਨੱਚਦੀ ਗੁੱਡੀ ਵੇਖਦੀ-ਵੇਖਦੀ ਮਾਸੂਮ ਟੀਨੂੰ ਸੌ ਗਈ। ਦੂਜੇ ਦਿਨ ਬੱਚਿਆਂ ਨਾਲ ਖੇਡਦੀ ਨੇ ਹੁੱਭ ਕੇ ਦੱਸਿਆ, “ਮੇਰੇ ਪਾਪਾ ਨੱਚਣ ਵਾਲੀ ਗੁੱਡੀ ਲਿਆਉਣਗੇ।”
“ਸੱਚੀਂ ਟੀਨੂੰ!” ਸਾਰੇ ਬੱਚੇ ਬੋਲੇ।
“ਮੈਨੂੰ ਇੱਕ ਦਿਨ ਲਈ ਖੇਡਣ ਵਾਸਤੇ ਦੇਵੇਂਗੀ।” ਪ੍ਰੀਤੀ ਬੋਲੀ।
“ਤੈਨੂੰ ਤਾਂ ਦੇ ਦਊਂ, ਪਰ ਰਿੰਕੂ ਨੂੰ ਨਹੀਂ।” ਰਿੰਕੂ ਵੱਲ ਵੇਖ ਨੱਕ ਚੜ੍ਹਾਉਂਦੀ ਬੋਲੀ।
ਜੇ ਕਦੇ ਅਸਮਾਨ ‘ਤੇ ਉਡਦਾ ਜਹਾਜ ਵੇਖਦੀ, ਉਛਲਦੀ, ਜ਼ੋਰ ਜ਼ੋਰ ਦੀ ਟੱਪਦੀ, ਤਾੜੀਆਂ ਮਾਰਦੀ ਤੇ ਉਚੀ ਉਚੀ ਬੋਲਦੀ, “ਪਾਪਾ ਦਾ ਜਹਾਜ, ਪਾਪਾ ਦਾ ਜਹਾਜ।”
ਸਾਰੇ ਬੱਚੇ ਉਸ ਨਾਲ ਤਾੜੀਆਂ ਮਾਰਦੇ ਰੌਲਾ ਪਾਉਂਦੇ, “ਪਾਪਾ ਦਾ ਜਹਾਜ, ਪਾਪਾ ਦਾ ਜਹਾਜ।”
ਜਦ ਤੱਕ ਜਹਾਜ ਅੱਖੋਂ ਓਹਲੇ ਨਾ ਹੋ ਜਾਂਦਾ, ਉਹ ਅੱਡੀਆਂ ਚੁਕ ਚੁਕ ਵੇਂਹਦੀ ਰਹਿੰਦੀ, ਤੇ ਫਿਰ ਖੇਡਣ ਵਿਚ ਮਸਤ ਹੋ ਜਾਂਦੀ।
ਸੌਣ ਵੇਲੇ ਰੋਜ਼ ਮੰਮੀ ਨੂੰ ਸਵਾਲ ਕਰਦੀ, “ਪਾਪਾ ਨਾਲ ਗੱਲ ਹੋਈ ਸੀ? ਮੇਰੀ ਨੱਚਣ ਵਾਲੀ ਗੁੱਡੀ ਯਾਦ ਕਰਵਾ ਦਿੱਤੀ ਸੀ?”
“ਹਾਂ ਹਾਂ ਕਰਵਾ ਦਿੱਤੀ ਸੀ।” ਸੁਮਨ ਬੱਚੀ ਦਾ ਮਨ ਰੱਖਣ ਲਈ ਕਹਿ ਦਿੰਦੀ।
ਬਚਪਨ ਤੋਂ ਜਵਾਨੀ ਵੱਲ ਵਧਦੀ ਟੀਨੂੰ ਨੇ ਕਿਤਾਬਾਂ ਦੇ ਨਾਲ ਨਾਲ ਆਪਣੀ ਮਾਂ ਦਾ ਚਿਹਰਾ ਵੀ ਹੁਣ ਪੜ੍ਹਨਾ ਸ਼ੁਰੂ ਕਰ ਦਿੱਤਾ। ਹੁਣ ਉਹ ਆਪਣੇ ਪਾਪਾ ਬਾਰੇ ਕਦੇ ਵੀ ਨਾ ਪੁਛਦੀ। ਪੜ੍ਹਨ ਵਿਚ ਹੁਸ਼ਿਆਰ ਸ਼ਰਾਰਤੀ ਟੀਨੂੰ ਇੱਕ ਗੰਭੀਰ, ਖੂਬਸੂਰਤ ਜਵਾਨ ਕੁੜੀ ਬਣ ਚੁਕੀ ਸੀ। ਆਪਣੀ ਮਾਂ ਦੇ ਸੁਪਨੇ ਸਾਕਾਰ ਕਰਦੀ ਉਹ ਸਰਕਾਰੀ ਟੀਚਰ ਬਣ ਗਈ। ਵਧੀਆ, ਨੇਕ ਹਮਸਫਰ ਮਿਲ ਗਿਆ। ਦੋ ਬੱਚਿਆਂ ਦੀ ਮਾਂ ਬਣੀ ਟੀਨੂੰ ਨੂੰ ਮਨ ਦਾ ਇਕ ਕੋਨਾ ਹਮੇਸ਼ਾ ਸੱਖਣਾ ਜਿਹਾ ਮਹਿਸੂਸ ਹੁੰਦਾ ਰਹਿੰਦਾ।
ਜ਼ਿੰਦਗੀ ਆਪਣੀ ਚਾਲ ਚਲਦੀ ਗਈ। ਬੱਚੇ ਜਵਾਨ ਹੋ ਬਾਹਰਲੇ ਮੁਲਕ ਜਾ ਵੱਸੇ। ਜੀਵਨ ਦੇ ਪੰਜ ਦਹਾਕੇ ਪਾਰ ਕਰ ਚੁਕੀ ਟੀਨੂੰ ਦੇ ਰੋਜ਼ ਰਾਤ ਨੂੰ ਸੁਪਨੇ ਵਿਚ ਉਹ ਨੱਚਦੀ ਗੁੱਡੀ ਆਉਂਦੀ ਤੇ ਨੱਚਦੀ ਨੱਚਦੀ ਉਸ ਨੂੰ ਅਤੀਤ ਵੱਲ ਲੈ ਜਾਂਦੀ। ਜਹਾਨੋਂ ਤੁਰ ਗਈ ਮਾਂ ਦੀਆਂ ਕਿਸੇ ਦੇ ਇੰਤਜ਼ਾਰ ਵਿਚ ਸੁੰਨੀਆਂ ਅੱਖਾਂ, ਤਿਲ ਤਿਲ ਮਰਨਾ, ਸਮਾਜ ਦੀਆਂ ਚੁਭਵੀਆਂ ਗੱਲਾਂ ਬਰਦਾਸ਼ਤ ਕਰਦੀ ਜਵਾਨੀ ਤੋਂ ਬੁਢਾਪੇ ਤੱਕ ਦਾ ਸਫਰ ਉਸ ਦੀਆਂ ਅੱਖਾਂ ਸਾਹਵੇਂ ਆ ਖਲੋਂਦਾ।
ਇਕ ਦਿਨ ਵੱਡੇ ਬੇਟੇ ਦੇ ਬੁਲਾਉਣ ‘ਤੇ ਟੀਨੂੰ ਝੱਟ ਬਾਹਰਲੇ ਮੁਲਕ ਜਾਣ ਲਈ ਤਿਆਰ ਹੋ ਗਈ। ਵੀਜ਼ਾ ਲਵਾ, ਟਿਕਟ ਲੈ ਉਹ ਉਤਾਵਲੀ ਸੀ ਜਹਾਜ ਚੜ੍ਹਨ ਲਈ। ਰਾਤ ਨੂੰ ਸੌਂਦੀ ਤਾਂ ਸੁਪਨੇ ਵਿਚ ਲਗਦਾ ਨੱਚਦੀ ਗੁੱਡੀ ਉਸ ਦੇ ਅੱਗੇ ਅੱਗੇ ਨੱਚਦੀ ਉਸ ਨੂੰ ਹਵਾ ਵਿਚ ਉਡਾਈ ਲਿਜਾ ਰਹੀ ਹੈ, ਕਿਸੇ ਆਪਣੇ ਕੋਲ, ਜਿਸ ਦੀ ਉਸ ਨੂੰ ਵਰ੍ਹਿਆਂ ਤੋਂ ਉਡੀਕ ਸੀ। ਸਹਿਕਦੀ ਸੀ, ਉਹ ਉਸ ਨੂੰ ਮਿਲਣ ਨੂੰ। ਆਖਿਰ ਉਹ ਦਿਨ ਆ ਹੀ ਗਿਆ, ਜਹਾਜ ਵਿਚ ਸਵਾਰ ਹੋ ਵਿਦੇਸ਼ ਦੀ ਧਰਤੀ ‘ਤੇ ਕਦਮ ਰੱਖਦਿਆਂ ਹੀ ਉਸ ਦੀਆਂ ਨਜ਼ਰਾਂ ਇਧਰ ਉਧਰ ਕੁਝ ਤਲਾਸ਼ਣ ਲੱਗੀਆਂ।
“ਕੀਹਨੂੰ ਲੱਭਦੇ ਓਂ ਮੌਮ?” ਬੇਟੇ ਨੇ ਪੁਛਿਆ।
“ਨਹੀਂ, ਕੁਝ ਨਹੀਂ।” ਆਪਣੇ ਆਪ ਨੂੰ ਸੰਭਾਲਦੀ ਉਹ ਬੋਲੀ।
“ਕੀ ਗੁਆਚ ਗਿਐ? ਸਾਰਾ ਸਮਾਨ ਤਾਂ ਪੂਰਾ ਐ।” ਬੇਟੇ ਨੇ ਥੋੜ੍ਹਾ ਉਤਾਵਲੇਪਨ ਨਾਲ ਪੁਛਿਆ?
“ਨਹੀਂ, ਨਹੀਂ। ਸਭ ਠੀਕ ਹੈ।” ਕੀ ਦੱਸੇ ਕਿ ਮੇਰਾ ਸਮਾਨ ਨਹੀਂ, 50 ਸਾਲਾਂ ਤੋਂ ਕੁਝ ਹੋਰ ਗੁਆਚਿਆ ਹੋਇਆ।
ਜਦੋਂ ਬੱਚੇ ਖੂਬਸੂਰਤ ਮੁਲਕ ਦੀਆਂ ਵੇਖਣਯੋਗ ਥਾਂਵਾਂ ਘੁਮਾਉਣ ਲੈ ਕੇ ਜਾਂਦੇ ਤਾਂ ਉਸ ਦੀਆਂ ਨਜ਼ਰਾਂ ਕੁਝ ਹੋਰ ਲੱਭਦੀਆਂ ਰਹਿੰਦੀਆਂ।
ਐਤਵਾਰ ਨੂੰ ਬੱਚਿਆਂ ਨਾਲ ਗੁਰਦੁਆਰੇ ਜਾਣਾ ਤਾਂ ਉਥੇ ਵੀ ਬਜੁਰਗਾਂ ਨਾਲ ਆਨੇ-ਬਹਾਨੇ ਗੱਲਾਂ ਕਰਦੀ। ‘ਤੁਸੀਂ ਕਿਥੋਂ ਹੋ? ਕੀ ਨਾਮ ਹੈ?’ ਉਹ ਬਜੁਰਗਾਂ ਨੂੰ ਇਸ ਆਸ ਨਾਲ ਪੁੱਛਦੀ, ਖੌਰੇ ਇਨ੍ਹਾਂ ਵਿਚੋਂ ਈ ਹੋਵੇ। ਕਈ ਵਾਰ ਬੱਚਿਆਂ ਨੇ ਖਿਝ ਵੀ ਜਾਣਾ, “ਮੰਮੀ ਐਵੇਂ ਹਰ ਕਿਸੇ ਨਾਲ ਗੱਲੀਂ ਲੱਗ ਜਾਂਦੇ ਹੋ!”
ਸ਼ਾਮ ਨੂੰ ਪਾਰਕ ਵਿਚ ਬੈਠੇ ਬਜੁਰਗਾਂ ਦੀਆਂ ਢਾਣੀਆਂ ਦੇ ਲਾਗੇ ਬੈਠ ਗੱਲਾਂ ਕਰਦਿਆਂ ਨੂੰ ਸੁਣਦੀ, ਸ਼ਾਇਦ ਇਥੇ ਹੀ ਮਿਲ ਜਾਵੇ!
ਤਿੰਨ ਮਹੀਨੇ ਬਿਗਾਨੇ ਦੇਸ਼ ਦੀ ਧਰਤੀ ‘ਤੇ ਬਿਤਾ ਕੇ ਮੁੜਨ ਲੱਗੀ ਨੂੰ ਬੱਚਿਆਂ ਨੇ ਬਹੁਤ ਸਮਾਨ ਇੰਡੀਆ ਲਿਜਾਣ ਲਈ ਪੈਕ ਕਰ ਦਿੱਤਾ। ਆਪਣੇ ਮੁਲਕ ਦੀ ਧਰਤੀ ‘ਤੇ ਸਮਾਨ ਚੁੱਕੀ ਏਅਰਪੋਰਟ ਤੋਂ ਬਾਹਰ ਆਉਂਦਿਆਂ ਉਸ ਨੂੰ ਲੱਗਾ, ਜਿਵੇਂ ਹੱਥ ਖਾਲੀ ਹੋਣ। ਟੈਕਸੀ ਵਿਚ ਬੈਠੀ ਉਹ ਸੋਚ ਰਹੀ ਸੀ ਉਸ ਵਿਦੇਸ਼ ਬਾਰੇ, ਜਿੱਥੇ ਬੱਚਿਆਂ ਦੇ ਪਾਪਾ ਜਾ ਕੇ ਗੁੰਮ ਹੋ ਜਾਂਦੇ ਹਨ, ਭੁੱਲ ਜਾਂਦੇ ਹਨ ਵਾਪਿਸ ਆਉਣ ਦਾ ਰਾਹ। ਮੁੜ ਕੇ ਉਹ ਜਹਾਜ ਆਉਂਦਾ ਹੀ ਨਹੀਂ, ਜੋ ਉਨ੍ਹਾਂ ਦੇ ਪਾਪਾ ਨੂੰ ਵਾਪਿਸ ਲੈ ਆਵੇ। ਡਾਲਰਾਂ-ਪੌਂਡਾਂ ਦੀ ਚਕਾਚੌਂਧ ਵਿਚ ਭੁੱਲ ਜਾਂਦੇ ਹਨ ਕਿ ਕਿਸੇ ਨਾਲ ਅਸੀਂ ਲਾਵਾਂ ਲਈਆਂ ਸਨ, ਜੋ ਪਿਛੇ ਨਾ ਕੁਆਰੀਆਂ, ਨਾ ਵਿਆਹੀਆਂ ਵਾਂਗ ਜ਼ਿੰਦਗੀ ਕੱਟ ਰਹੀਆਂ ਹਨ। ਵਿਸਾਰ ਦਿੰਦੇ ਹਨ ਆਪਣੇ ਅੰਸ਼ ਨੂੰ, ਜੋ ਤਰਸਦਾ ਰਹਿੰਦਾ ਹੈ ਸਾਰੀ ਉਮਰ ਆਪਣੇ ਪਾਪਾ ਦੀ ਸਕਲ ਵੇਖਣ ਨੂੰ, ਗਲਵੱਕੜੀ ਪਾਉਣ ਨੂੰ, ਪਾਪਾ ਪੁਕਾਰਨ ਨੂੰ, ਵਾਂਝੇ ਹੁੰਦੇ ਹਨ ਪਿਉ ਦੇ ਸਾਏ ਤੋਂ, ਪਿਉ ਦੇ ਜਿਉਂਦੇ ਹੁੰਦਿਆਂ ਵੀ। ਹੱਕਾਂ ਤੋਂ ਲਾਂਭੇ ਕਰੇ ਸਿਰਫ ਇੰਦਰਾਜਾਂ ਵਿਚ ਚੁੱਕੀ ਫਿਰਦੇ ਹਨ ਆਪਣੇ ਪਿਉ ਦਾ ਨਾਂ, ਜੋ ਇੱਕ ਬਣਿਆ ਰਹਿੰਦਾ ਸਵਾਲੀਆ ਨਿਸ਼ਾਨ ਪੂਰੀ ਜ਼ਿੰਦਗੀ।
“ਮੈਡਮ ਤੁਹਾਡਾ ਘਰ ਆ ਗਿਆ।” ਡਰਾਈਵਰ ਦੇ ਬੋਲ ਉਸ ਦੇ ਕੰਨੀਂ ਪਏ। ਫਟਾਫਟ ਪਰਸ ਵਿਚੋਂ ਰੁਮਾਲ ਕੱਢ ਅੱਖਾਂ ਵਿਚੋਂ ਪਰਲ-ਪਰਲ ਵਗਦੇ ਹੰਝੂਆਂ ਨੂੰ ਪੂੰਝ ਨਕਲੀ ਜਿਹੀ ਮੁਸਕਰਾਹਟ ਚਿਹਰੇ ‘ਤੇ ਲਿਆ ਉਹ ਟੈਕਸੀ ਤੋਂ ਬਾਹਰ ਆ ਗਈ।