ਮਨਮੋਹਨ ਭੱਲਾ, ਜੋ ਸਾਹਿਤਕ ਹਲਕਿਆਂ ਵਿਚ ਮਨਮੋਹਨ ਆਲਮ ਕਰ ਕੇ ਜਾਣਿਆ ਜਾਂਦਾ ਹੈ, ਰਿਟਾਇਰ ਹੋਣ ਪਿਛੋਂ ਨਿਊ ਯਾਰਕ ਵਸਦਾ ਹੈ। ਆਪਣੀ ਬੀਵੀ ਤੇ ਬੱਚਿਆਂ ਨਾਲ ਸਾਹਿਤਕ ਮਹਿਫਿਲਾਂ ਤੋਂ ਦੂਰ ਜੰਗਲੀ ਗੁਲਾਬ ਵਰਗੀ ਜ਼ਿੰਦਗੀ ਮਾਣ ਰਿਹਾ ਹੈ। ਉਸ ਦਾ ਉਰਦੂ ਗਜ਼ਲ ਸੰਗ੍ਰਿਹ ‘ਧੂਪ ਛਾਓਂ’ ਫਾਰਸੀ ਤੇ ਗੁਰਮੁਖੀ ਲਿਪੀ ਵਿਚ ਪਾਠਕਾਂ ਤੱਕ ਪਹੁੰਚ ਚੁਕਾ ਹੈ। ਉਸ ਦਾ ਉਰਦੂ ਗਜ਼ਲਾਂ ਤੇ ਕਵਿਤਾਵਾਂ ਦਾ ਸੰਗ੍ਰਿਹ ‘ਚਰਾਗ਼ੋਂ ਕਾਰਵਾਂ’ ਗੁਰਮੁਖੀ ਲਿਪੀ ਵਿਚ ਤਾਂ ਛਪ ਗਿਆ ਹੈ, ਪਰ ਅਜੇ ਫਾਰਸੀ ਵਿਚ ਨਹੀਂ ਛਪਿਆ।
ਉਸ ਨੇ ਥੋੜ੍ਹਾ ਲਿਖਿਆ ਹੈ, ਪਰ ਲਿਖਿਆ ਦਮਦਾਰ ਹੈ। ਉਸ ਦੀਆਂ ਰਚਨਾਵਾਂ ਨੂੰ ਗੁਰਮੁਖੀ ਜਾਮਾ ਪਹਿਨਾਉਣ ਵਾਲੇ ਨਿਊ ਯਾਰਕ ਵਸਦੇ ਪੰਜਾਬੀ ਲੇਖਕ ਸੁਰਿੰਦਰ ਸੋਹਲ ਨੇ ਇਸ ਸ਼ਬਦ-ਚਿੱਤਰ ਰਾਹੀਂ ਮਨਮੋਹਨ ਆਲਮ ‘ਚ ਵਸਦੇ ਕੋਮਲ ਚਿੱਤ, ਭੋਲੇ-ਭਾਲੇ, ਬੇਲਾਗ, ਬੇਬਾਕ ਅਤੇ ਸ਼ਾਇਰਾਨਾ ਤਬੀਅਤ ਦੇ ਮਾਲਕ ਵਿਅਕਤੀ ਦੇ ਨਕਸ਼ ਉਘਾੜਨ ਦੀ ਕੋਸ਼ਿਸ਼ ਕੀਤੀ ਹੈ। -ਸੰਪਾਦਕ
ਸੁਰਿੰਦਰ ਸੋਹਲ
ਉਸ ਨੇ ਲੰਮਾ ਕਸ਼ ਲਿਆ। ਮਾਸੂਮ ਜਿਹੇ ਗੂੜ੍ਹੇ ਸਾਂਵਲੇ ਬੁੱਲ੍ਹ ਗੋਲ ਕੀਤੇ। ਛੱਲੇਦਾਰ ਧੂੰਆਂ ਛੱਡਿਆ। ਕਿੰਨੀ ਦੇਰ ਹਵਾ ਦੇ ਸਮੁੰਦਰ ‘ਚ ਘੁਲਦੇ ਜਾਂਦੇ ਧੂੰਏ ਦੇ ਛੱਲੇ ਦੇਖਦਾ ਰਿਹਾ। ਫਿਰ ਖੰਘਿਆ। ਛਾਤੀ ਇੰਜ ਛਣਕੀ ਜਿਵੇਂ ਕਿਸੇ ਨੇ ਲੋਹੇ ਦੇ ਗਲਾਸ ਵਿਚ ਬਾਂਟੇ ਪਾ ਕੇ ਛਣਕਾਏ ਹੋਣ। ਸਾਹ ਵੱਲ ਹੋਇਆ ਤਾਂ ਬੋਲਿਆ, “ਅਸਲ ‘ਚ ਸ਼ਾਇਰੀ ਕਰਨਾ ਆਸਾਨ ਨਹੀਂ। ਮਨੋਵਿਗਿਆਨ, ਫਿਲਾਸਫੀ, ਸੋਸ਼ਲ ਸਾਇੰਸ, ਪਾਲਿਟਿਕਸ, ਧਰਮ ਮਤਲਬ ਸਾਰਾ ਕੁਝ ਏਨਾ ਨੇੜੇ-ਨੇੜੇ ਆ ਗਿਐ ਬਈ ਇਨ੍ਹਾਂ ਵਿਚੋਂ ਜੇ ਸਾਨੂੰ ਕਿਸੇ ਇਕ ਦੀ ਵੀ ਸਮਝ ਨਹੀਂ ਤਾਂ ਸ਼ਾਇਰੀ ਨਹੀਂ ਹੋ ਸਕਦੀ। ਪ੍ਰਾਬਲਮ ਯੇ ਹੈ ਕਿ ਹਮਾਰੇ ਸ਼ਾਇਰ ਇਸ ਬਾਤ ਕੋ ਸਮਝਤੇ ਨਹੀਂ। ਇਸੀ ਲੀਏ ਸ਼ਾਇਰੀ ਕੀ ਜਗਹ ਤੁਕ-ਬੰਦੀ ਹੋ ਰਹੀ ਹੈ। ਕਿਆ ਮੈਨੇ ਗਲਤ ਕਹਾ? ਸਹੀ ਹੈ ਨਾ! ਬੱਸ਼..।” ਉਸ ਨੇ ਆਪਣੇ ਗੂੜ੍ਹੇ ਸਾਂਵਲੇ ਮਾਸੂਮ ਬੁੱਲ੍ਹ ਇਸ ਤਰ੍ਹਾਂ ਭੀਚ ਲਏ, ਜਿਵੇਂ ਮੂੰਹ ਵਿਚ ‘ਬੁੱਢੀ ਮਾਈ ਦਾ ਝਾਟਾ’ (ਕੌਟਨ ਕੈਂਡੀ) ਖੋਰ ਰਿਹਾ ਹੋਵੇ।
ਮਨਮੋਹਨ ਆਲਮ ‘ਰਾਈਕਰ’ਜ਼ ਆਈਲੈਂਡ’ ਦੀ ਜੇਲ੍ਹ ‘ਚ ਕੈਦੀਆਂ ਦਾ ਸਾਈਕੋ-ਥੈਰੇਪਿਸਟ ਰਿਹਾ। ਇਸ ਜੇਲ੍ਹ ‘ਚ ਗੈਰ-ਬੰਦਾ ਤਾਂ ਕੀ, ਹਵਾ ਵੀ ‘ਸਿਕਿਊਰਿਟੀ ਚੈਕ ਪੁਆਇੰਟ’ ਥਾਣੀਂ ਹੋ ਕੇ ਗੁਜ਼ਰਦੀ ਹੈ; ਪਰ ਇਹ ਤੰਗ ਫਿਜ਼ਾ ਉਸ ਦੇ ਸੁਭਾਅ ‘ਤੇ ਅਸਰ-ਅੰਦਾਜ਼ ਨਹੀਂ ਹੋ ਸਕੀ। ਉਹ ਦੂਜੇ ਨੂੰ ਆਪਣੇ ਦਿਲ ਦੀ ਜੇਲ੍ਹ ‘ਚ ਅੱਖ ਦੇ ਫੋਰ ਵਿਚ ਵਾੜ ਲੈਂਦਾ ਹੈ ਤੇ ਫਿਰ ਉਮਰ ਭਰ ਦਾ ਕੈਦੀ ਬਣਾ ਲੈਂਦਾ ਹੈ।
ਮਨਮੋਹਨ ਦਾ ਜਨਮ 28 ਅਪਰੈਲ 1938 ਨੂੰ ਜਿਲਾ ਗੁਜਰਾਤ (ਹੁਣ ਪਾਕਿਸਤਾਨ) ਵਿਚ ਹੋਇਆ। ਸੰਤਾਲੀ ਦੀ ਵੰਡ ਵੇਲੇ ਪਰਿਵਾਰ ਨਾਲ ਦਿੱਲੀ ਆ ਟਿਕਿਆ। ਮਾਤਾ ਜੀ ਡਾਕਟਰ ਸਨ। ਉਸ ਨੇ ਬੀ. ਏ. ਜਲੰਧਰ ਦੇ ਡੀ. ਏ. ਵੀ. ਕਾਲਜ ਤੋਂ ਕੀਤੀ। ਐਮ. ਏ. ਦਿੱਲੀ ਸਕੂਲ ਆਫ ਸੋਸ਼ਲ ਵਰਕ (ਦਿੱਲੀ ਯੂਨੀਵਰਸਿਟੀ) ਤੋਂ।
“ਸਾਡਾ ਪਿੰਡ ਡਿੰਗਾ ਬਹੁਤ ਮਸ਼ਹੂਰ ਐ, ਉਹ ਇਸ ਕਰਕੇ ਬਈ ਸੌਂਫ ‘ਤੇ ਰੰਗ-ਬਿਰੰਗੀ ਖੰਡ ਨਈਂ ਲੱਗੀ ਹੁੰਦੀ! ਉਹ ਸਾਡੇ ਪਿੰਡ ਵਿਚ ਲੱਗਦੀ ਐ।” ਉਸ ਦਾ ਮੂੰਹ ਖੰਡ ਲੱਗੀ ਸੁਆਦਲੀ ਸੌਂਫ ਦੇ ਪ੍ਰਭਾਵ ਵਾਲਾ ਹੋ ਗਿਆ।
“ਹੂੰ,” ਮੈਂ ਕਿਹਾ, “…ਤੇ ਤੁਸੀਂ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਦੀ ਸੌਂਫ ‘ਤੇ ਸ਼ਾਇਰੀ ਦੀ ਖੰਡ ਲਾਈ ਜਾ ਰਹੇ ਓ।”
ਉਹ ਆਪਣੇ ਮਖਸੂਸ ਅੰਦਾਜ਼ ‘ਚ ਮੁਸਕਰਾਇਆ, “ਇੰਜ ਕਹਿ ਲਵੋ…।”
ਮਹਿਫਿਲ ਵਿਚ ਉਸ ਦਾ ਟਿਕਾਣਾ ਸਭ ਤੋਂ ਪਿੱਛੇ ਹੁੰਦਾ ਹੈ। ਖਾਸ ਕਰਕੇ ਦਰਵਾਜੇ ਕੋਲ। ਕਾਰਨ ਇਹ ਕਿ ਜਦੋਂ ਮਹਿਸੂਸ ਹੁੰਦਾ ਹੈ ਕਿ ਸਟੇਜ ਦੇ ਬਿਲਕੁਲ ਮੂਹਰੇ, ਸੱਜ-ਧੱਜ ਕੇ ਬੈਠਾ ਸ਼ਾਇਰ ਧੂੰਏ ਤੋਂ ਵੀ ਹਲਕੀ ਸ਼ਾਇਰੀ ਸੁਣਾ ਰਿਹਾ ਹੈ ਤਾਂ ਉਹ ਮਲਕ ਦੇਣੀ ਦਰਵਾਜੇ ‘ਚੋਂ ਬਾਹਰ ਨਿਕਲ ਜਾਂਦਾ ਹੈ। ਸਿਗਰਟ ਦੇ ਚਾਰ ਕਸ਼ ਲੈਂਦਾ ਹੈ। ਧੂੰਏ ਦੇ ਬਾ-ਬਹਿਰ ਤੇ ਦਿਲਕਸ਼ ਛੱਲੇ ਹਵਾ ਵਿਚ ਉਡਾਉਂਦਾ ਹੈ ਅਤੇ ਫਿਰ ਮਲਕ ਜਿਹੇ ਵਾਪਸ ਆ ਬੈਠਦਾ ਹੈ।
ਸਭ ਤੋਂ ਪਿੱਛੇ ਬੈਠਾ ਵੀ ਜਦੋਂ ਉਹ ਆਪਣੀ ਵਾਰੀ ‘ਤੇ ਸ਼ਿਅਰ ਪੜ੍ਹਦਾ ਹੈ ਤਾਂ ਮਹਿਫਿਲ ਲੁੱਟ ਕੇ ਲੈ ਜਾਂਦਾ ਹੈ। ਸਭ ਤੋਂ ਅੱਗੇ ਹੁੰਦਾ ਹੈ ਉਸ ਦਾ ਤਖੱਈਅਲ, ਪਰ ਉਹ ਫਿਰ ਆਪਣੀ ਨਿਸ਼ਚਿਤ ਜਗ੍ਹਾ ‘ਤੇ ਜਾ ਬੈਠਦਾ ਹੈ। ਉਹ ਇਸ ਗੱਲ ਦੀ ਮਿਸਾਲ ਹੈ ਕਿ ਸਰੀਰਕ ਤੌਰ ‘ਤੇ ਅਸੀਂ ਕਿੱਥੇ ਬੈਠੇ ਹਾਂ? ਅਹਿਮ ਨਹੀਂ। ਜਿਸ ਪੇਸ਼ੇ ਨਾਲ ਪ੍ਰਣਾਏ ਹੋਏ ਹਾਂ, ਉਸ ਵਿਚ ਥਾਂ ਕਿੱਥੇ ਰੱਖਦੇ ਹਾਂ? ਜ਼ਿਆਦਾ ਅਹਿਮ ਹੈ।
ਮਹਿਫਿਲ ਤੋਂ ਬਾਅਦ ਮੈਂ ਉਸ ਨੂੰ ਘਰ ਛੱਡਣ ਜਾ ਰਿਹਾ ਸਾਂ। ਸਾਡੇ ਕੋਲ ਦੀ ਇਕ ਕਾਰ ਬਹੁਤ ਤੇਜ਼ ਰਫਤਾਰ ਨਾਲ ਲੰਘੀ। ਮਨਮੋਹਨ ਆਲਮ ਨੇ ਆਪਣੇ ਨਿਵੇਕਲੇ ਅੰਦਾਜ਼ ਵਿਚ ਬੁੱਲ੍ਹ ਭੀਚੇ। ਫਿਰ ਖੰਗੂਰਿਆਂ ਦਾ ਛੈਣਾ ਖੜਕਾਇਆ ਤੇ ਬੋਲਿਆ, “ਅਸਲ ਵਿਚ ਆਪਾ-ਧਾਪੀ ਦਾ ਜ਼ਮਾਨਾ ਆ ਗਿਐ। ਗੱਲ ਏਹ ਵੇ, ਸਾਡੇ ਸ਼ਾਇਰਾਂ ਦੀ ਦੌੜ ਹੁੰਦੀ ਐ ਏਨੀਆਂ ਕੁ ਚੀਜ਼ਾਂ ਲਿਖ ਲੈਣ ਬਈ ਕਿਤਾਬ ਛਪ ਸਕੇ। ਕਿਤਾਬ ਛਪਵਾ ਕੇ ਉਸ ‘ਚੋਂ ਫਿਰ ‘ਤਸੱਲੀ’ ਲੱਭਦੇ ਨੇ। ਜਿੰਨਾ ਚਿਰ ਸ਼ਾਇਰ ਇਸ ਤਰ੍ਹਾਂ ਦੀ ਮਸਨੂਈ ‘ਤਸੱਲੀ’ ਤੋਂ ਉਪਰ ਨਹੀਂ ਉੱਠ ਜਾਂਦਾ, ਉਹ ਸਹੀ ਮਾਅਨਿਆਂ ਵਿਚ ਸ਼ਾਇਰੀ ਨਈਂ ਕਰ ਸਕਦਾ।”
ਜਦੋਂ ਮੈਂ ਘਰੋਂ ਕਿਸੇ ਮੀਟਿੰਗ ਵਿਚ ਜਾਣ ਲਈ ਨਿਕਲਾਂ ਤਾਂ ਮੇਰੀ ਪਤਨੀ ਪੁੱਛਦੀ ਹੈ, “ਮੀਟਿੰਗ ਤਾਂ ਪੰਜ ਵਜੇ ਆ, ਤਿੰਨ ਵਜੇ ਘਰੋਂ ਨਿਕਲ ਤੁਰੇ।”
“ਕੋਈ ਰਾਹ ਵਿਚ ਕੰਮ ਹੈ।”
ਮੇਰੀ ਪਤਨੀ ਹੱਸਦੀ ਹੈ, “ਰਾਹ ‘ਚੋਂ ‘ਭੱਲੇ’ ਨੂੰ ਚੁੱਕਣਾ ਹੋਣਾਂ! ਮੁੰਡੇ ਦੀ ਕੋਈ ਮੀਟਿੰਗ ਹੋਵੇ, ਉਹ ਘਰੋਂ ਛੇਤੀ ਨਿਕਲ ਤੁਰਦਾ, ਉਹਨੇ ਰਾਹ ‘ਚੋਂ ਦੋਸਤ ਚੁੱਕਣੇ ਹੁੰਦੇ ਐ। ਪੁੱਤ ਨੇ ਵੀ ਪਿਉ ਦਾ ਇਕ ਲੂੰ ਨਈਂ ਛੱਡਿਆ।”
ਪਰ ਮੇਰੀ ਪਤਨੀ ਜਾਣਦੀ ਨਹੀਂ। ਮਨਮੋਹਨ ਭੱਲੇ ਨੂੰ ‘ਘਰੋਂ ਚੁੱਕਣ’ ਤੇ ਮੁੜ ‘ਘਰ ਛੱਡਣ’ ਤੱਕ ਮੈਂ ਉਸ ਨੂੰ ਕਿਤਾਬ ਵਾਂਗ ਪੜ੍ਹਦਾ ਜਾਂਦਾ ਹਾਂ। ਉਹ ‘ਭੱਲਾ’ ਘੱਟ ਤੇ ‘ਭੋਲਾ’ ਵਧੇਰੇ ਹੈ। ਦਿਲ ਸ਼ੀਸ਼ੇ ਵਾਂਗ ਸਾਫ। ਪੱਕਾ ਰਾਸ਼ਟਰਵਾਦੀ। ਨਿਰੋਲ ਧਾਰਮਿਕ ਤੇ ਪਾਰਦਰਸ਼ੀ ਸ਼ਖਸੀਅਤ ਵਾਲਾ। ਕਾਰ ‘ਚ ਬੈਠਦਿਆਂ ਹੀ ਇਕੋ ਤੁਣਕੇ ‘ਤੇ ਗੱਲ ਸ਼ੁਰੂ ਕਰ ਦਿੰਦਾ ਹੈ, “ਇਕ ਪ੍ਰਾਬਲਮ ਹੋਰ ਵੀ ਏ ਬੜੀ ਵੱਡੀ। ਹਰ ਸ਼ਾਇਰ ਆਪਣੇ ਆਪ ਨੂੰ ਬਹੁਤ ਵੱਡਾ ਸ਼ਾਇਰ ਸਮਝਦੈ। ਫਿਰ ਉਹ ‘ਰਿਕੋਗਨਾਈਜ਼ੇਸ਼ਨ’ ਮੰਗਣੀ ਸ਼ੁਰੂ ਕਰ ਦਿੰਦੈ। ਇਹੀ ਉਹਦੇ ‘ਛੋਟੇਪਨ’ ਦੀ ਨਿਸ਼ਾਨੀ ਐ। ਜਦੋਂ ਬੰਦੇ ‘ਰਿਕੋਗਨਾਈਜ਼ੇਸ਼ਨ’ ਮੰਗਣੀ ਸ਼ੁਰੂ ਕਰ ਦਿੰਦੇ ਐ, ਉਹ ਮਿਲਦੀ ਨਈਂ। ਫਿਰ ਉਹ ਦੂਜਿਆਂ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਐ। ਉਨ੍ਹਾਂ ਨੂੰ ਇਹ ਸਮਝ ਨਈਂ ਲਗਦੀ ਕਿ ਨੁਕਸ ਤਾਂ ਉਨ੍ਹਾਂ ਦੇ ਆਪਣੇ ਅੰਦਰ ਐ। ਫਿਰ ਉਹ ਬੰਦੇ ਆਪਣਾ ਮੁਕਾਬਲਾ ਦੂਜਿਆਂ ਨਾਲ ਕਰਨ ਲੱਗ ਪੈਂਦੇ ਐ। ਅਸਲ ‘ਚ ਆਪਣੇ-ਆਪ ਨੂੰ ਕਿਸੇ ਨਾਲ ‘ਕੰਪੇਅਰ’ ਨਈਂ ਕਰਨਾ ਚਾਹੀਦਾ। ਮੈਂ ਤਾਂ ਕਹਿਨਾਂ ਕਿ ਕਦੇ ਵੀ ਦੋ ਸ਼ਾਇਰਾਂ ਦਾ ਵੀ ਆਪਸ ਵਿਚ ਮੁਕਾਬਲਾ ਨਈਂ ਕਰਨਾ ਚਾਹੀਦਾ। ਜੋ ਮੈਂ ਲਿਖਦਾਂ, ਉਹ ਮੈਂ ਆਪਣੀ ਸ਼ਖਸੀਅਤ, ਆਪਣੇ ਨਿਜੀ ਅਨੁਭਵ ਦੇ ਆਧਾਰ ‘ਤੇ ਲਿਖ ਰਿਹਾਂ। ਦੂਜਾ ਬੰਦਾ ਆਪਣੇ ਅਨੁਭਵ ਮੁਤਾਬਿਕ ਲਿਖ ਰਿਹਾ। ਤੁਸੀਂ ਉਹ ਨਹੀਂ ਬਣ ਜਾਣਾ, ਉਹਨੇ ਤੁਸੀਂ ਨਹੀਂ ਬਣ ਜਾਣਾ। ਗੱਲ ਸਿਰਫ ਅਨੁਭਵ ਦੀ ਹੈ ਕਿ ਤੁਸੀਂ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਨੂੰ ਕਿੰਨੀ ਸ਼ਿੱਦਤ ਨਾਲ, ਕਿਸ ਨਜ਼ਰੀਏ ਤੋਂ ਅਨੁਭਵ ਕੀਤਾ ਹੈ।” ਫਿਰ ਉਹ ਸਵਾਲੀਆ ਨਜ਼ਰਾਂ ਮੇਰੇ ‘ਤੇ ਸੁੱਟਦਾ ਪੁੱਛੇਗਾ, “ਸਹੀ ਕਿਹਾ ਮੈਂ?”
ਉਸ ਦੀ ਪਤਨੀ ਪਰਮਜੀਤ ਚਾਹ ਬਣਾਏਗੀ। ਆਲੂ-ਟਿੱਕੀਆਂ ਗਰਮ ਕਰੇਗੀ। ਸਾਡੇ ਕੋਲ ਬੈਠੇਗੀ ਤੇ ਪੁੱਛੇਗੀ, “ਸੋਹਲ, ਤੂੰ ਮੈਨੂੰ ਇਕ ਗੱਲ ਦੱਸ, ਕਵੀ ਲੋਕ ਦੁਨੀਆਂ ਦੇ ਦਰਦ ਨਾਲ ਤਾਂ ਭਰੇ ਪਏ ਹੁੰਦੇ ਐ, ਇਹ ਘਰ ਦੀਆਂ ਜਿੰਮੇਵਾਰੀਆਂ ਤੋਂ ਕਿਉਂ ਭੱਜਦੇ ਐ?”
ਮਨਮੋਹਨ ਭੱਲਾ ਹੱਸੇਗਾ। ਉਹ ਕਦੇ ਕਦੇ ਹੱਸਦਾ ਹੈ, ਪਰ ਜਦੋਂ ਹੱਸਦਾ ਹੈ ਤਾਂ ਖੁੱਲ੍ਹ ਕੇ।
ਮੈਂ ਗੱਲ ਟੇਢੇ ਰਸਤੇ ‘ਤੇ ਤੋਰ ਦਿੰਦਾ ਹਾਂ, “ਭੈਣ ਜੀ, ਘਰ ਦੀਆਂ ਜਿੰਮੇਵਾਰੀਆਂ ਬਾਰੇ ਤਾਂ ਹਰ ਬੰਦਾ ਈ ਸੋਚਦੈ। ਮਹਾਨ ਬੰਦੇ ਪੂਰੀ ਦੁਨੀਆਂ ਬਾਰੇ ਸੋਚਦੇ ਐ।”
ਪਰਮਜੀਤ ਹੱਸਦੀ ਹੈ। ਉਸ ਨੂੰ ਪਤਾ ਹੈ, ਮੈਂ ਗੱਲ ਦਾ ਰੁਖ ਕਿਉਂ ਬਦਲਿਆ ਹੈ। ਉਹ ਫਿਰ ਕਹੇਗੀ, “ਭੱਲਾ ਸਾਹਿਬ ਕਦੇ-ਕਦੇ ਮੈਨੂੰ ਕੋਈ ਫਕੀਰ ਜਾਪਦੇ ਨੇ, ਸਾਧ। ਦੁਨੀਆਂ ਦੇ ਝਮੇਲਿਆਂ ਤੋਂ ਨਿਰਲੇਪ। ਕਦੇ-ਕਦੇ ਬੰਦੇ ਨੂੰ ਖਿਝ ਵੀ ਤਾਂ ਆ ਜਾਂਦੀ ਐ।”
ਪਰ ਮੈਂ ਭੱਲਾ ਸਾਹਿਬ ਦਾ ਹੀ ਪੱਖ ਲੈਂਦਾ ਹਾਂ, “ਚਲੋ ਇਹ ਵੀ ਚੰਗਾ, ਭੱਲਾ ਸਾਹਿਬ ਕਿਸੇ ਨੂੰ ਤੰਗ ਨਹੀਂ ਕਰਦੇ।”
ਭਲਾ ਸਾਹਿਬ ਉੱਠਣਗੇ ਤੇ ਕਾਗਜ਼ ਦਾ ਨਿੱਕਾ ਜਿਹਾ ਟੁਕੜਾ ਚੁੱਕ ਲਿਆਉਣਗੇ। ਉਸ ਵਿਚ ਵੱਖ-ਵੱਖ ਰੰਗਾਂ ਦੀ ਸਿਆਹੀ ਨਾਲ ਸ਼ਿਅਰ ਦਰਜ ਹੋਣਗੇ। ਵੱਖ-ਵੱਖ ਰੰਗ ਦੇਖ ਕੇ ਮੇਰਾ ਸਵਾਲ ਵੀ ਰੰਗ ਦਿਖਾਉਣ ਲੱਗਦਾ ਹੈ, “ਤੁਸੀਂ ਲਿਖਦੇ ਕਿਵੇਂ ਹੋ? ਕੀ ਇੱਕੋ ਬੈਠਕ ਵਿਚ ਗਜ਼ਲ ਪੂਰੀ ਹੋ ਜਾਂਦੀ ਹੈ?”
“ਬਹੁਤ ਘੱਟ ਗਜ਼ਲਾਂ ਮੈਂ ਇਕੋ ਬੈਠਕ ਵਿਚ ਲਿਖੀਆਂ ਹੋਣਗੀਆਂ। ਅਸਲ ਵਿਚ ਤੁਰਦਿਆਂ-ਫਿਰਦਿਆਂ ਕੋਈ ਸ਼ਿਅਰ ਦਿਮਾਗ ਵਿਚ ਆ ਜਾਂਦੈ। ਕਦੇ-ਕਦੇ ਨੋਟ ਕਰ ਕੇ ਰੱਖ ਲੈਨਾਂ। ਫਿਰ ਕਿਤੇ ਉਹ ਕਾਗਜ਼ ਦਾ ਟੁਕੜਾ ਹੱਥ ਲੱਗ ਗਿਆ। ਪਤਾ ਹੀ ਨਈਂ ਲੱਗਦਾ ਬਾਕੀ ਸ਼ਿਅਰ ਕਦੋਂ ਉਸ ਨਾਲ ਜੁੜ ਜਾਂਦੇ ਨੇ। ਸੁਚੇਤ ਤੌਰ ‘ਤੇ ਮੈਂ ਕਦੇ ਲਿਖਣ ਦੀ ਕੋਸ਼ਿਸ਼ ਨਈਂ ਕੀਤੀ। ਇਕ ਮੂਡ ਹੁੰਦਾ ਹੈ, ਕੈਫੀਅਤ ਹੁੰਦੀ ਹੈ, ਕੁਛ ਹਾਲਾਤ ਅਜਿਹੇ ਹੁੰਦੇ ਨੇ, ਜਦੋਂ ਸ਼ਿਅਰ ਦੀ ਆਮਦ ਹੁੰਦੀ ਹੈ। ਕਈ ਵਾਰ ਇੰਜ ਵੀ ਹੁੰਦੈ, ਇਕ ਵਾਰ ਮੇਰਾ ਦੋਸਤ ਮੇਰੇ ਘਰ ਬਿਨਾ ਦਸਤਕ ਦਿੱਤੇ ਆ ਵੜਿਆ ਤੇ ਅੰਦਰ ਆ ਕੇ ਕਹਿਣ ਲੱਗਾ, ‘ਬਈ ਮਾਫ ਕਰਨਾ, ਮੈਂ ਤੇ ਦਸਤਕ ਨਹੀਂ ਦਿੱਤੀ।’ ਮੈਂ ਕਿਹਾ, ‘ਇਹ ਤਾਂ ਤੂੰ ਬਹੁਤ ਚੰਗਾ ਕੀਤਾ’ ਤੇ ਉਸ ਦੇ ਜਾਣ ਪਿਛੋਂ ਮੈਂ ਗਜ਼ਲ ਕਹਿ ਦਿੱਤੀ, ਮੇਰੇ ਦਰਵਾਜ਼ੇ ਖੁਲੇ ਹੈਂ, ਆ ਯਹਾਂ ਦਸਤਕ ਨਾ ਦੇ।”
ਭੱਲਾ ਸਾਹਿਬ ਨਾਲ ਮੇਰੀ ਸਾਂਝ ਦੋ ਦਹਾਕੇ ਪੁਰਾਣੀ ਹੈ। ਸਾਡੀਆਂ ਗੰਭੀਰ ਗੱਲਾਂ ਉਨ੍ਹਾਂ ਨੂੰ ਘਰੋਂ ‘ਲਿਆਉਣ’ ਤੇ ‘ਛੱਡਣ’ ਦੇ ਸਫਰ ਦੌਰਾਨ ਹੀ ਹੁੰਦੀਆਂ ਨੇ। ਸਿਰਫ ਅਸੀਂ ਦੋਵੇਂ ਹੁੰਦੇ ਹਾਂ ਤੇ ਜਾਂ ਅਨਹਦ ਜਿਹੀ ‘ਹਾਈ ਵੇ’ ਦੀ ਸਾਂਅ-ਸਾਂਅ। ਡਰਾਈਵਰ ਲੋਕ ਜਾਣਦੇ ਨੇ ਕਿ ਸਫਰ ਦੌਰਾਨ ਦਿਮਾਗ ਵਿਚ ਖਿਆਲਾਂ ਦੇ ਵਾਵਰੋਲੇ ਵੱਧ ਆਉਂਦੇ ਨੇ। ਮੈਂ ਪੁੱਛਿਆ, “ਉਰਦੂ ਸ਼ਾਇਰਾਂ ਵਿਚ ਤਿੰਨ ‘ਮੀਮ’ ਬਹੁਤ ਮਸ਼ਹੂਰ ਨੇ-ਮੁਤਾਲਿਆ, ਮਸ਼ਕ ਅਤੇ ਮਸ਼ਵਰਾ। ਤੁਹਾਡਾ ਕੀ ਵਿਚਾਰ ਹੈ?”
“ਗੱਲ ਹੈ ਤੇ ਠੀਕ, ਬਲਕਿ ਬਿਲਕੁਲ ਠੀਕ। ਤਿੰਨੋਂ ਚੀਜ਼ਾਂ ਇੰਪਾਰਟੈਂਟ ਨੇ; ਪਰ ਪਹਿਲੀ ਗੱਲ, ਸਾਨੂੰ ਪਤਾ ਹੋਣਾ ਚਾਹੀਦੈ ਕਿ ਪੜ੍ਹਨਾ ਕੀ ਹੈ! ਇਸ ਤੋਂ ਵੀ ਇੰਪਾਰਟੈਂਟ ਕਿ ਪੜ੍ਹਨਾ ਕਿਵੇਂ ਐ! ਸਾਨੂੰ ਅਜੇ ਤੱਕ ਪੜ੍ਹਨਾ ਹੀ ਨਈਂ ਆਇਆ। ਲਿਖਣਾ ਤਾਂ ਬਹੁਤ ਦੂਰ ਦੀ ਗੱਲ ਹੈ। ਫਿਰ ਜਿਸ ਨਾਲ ਅਸੀਂ ਮਸ਼ਵਰਾ ਕਰ ਰਹੇ ਆਂ, ਉਹ ਕਿੰਨੇ ਕੁ ਪਾਣੀ ਵਿਚ ਐ। ਜੇ ਸਹੀ ਤਰੀਕੇ ਨਾਲ ਮਸ਼ਕ ਕਰਨ ਦਾ ਵੱਲ ਕੋਈ ਦੱਸ ਦੇਵੇ ਤਾਂ ਬਾਤ ਈ ਕੁਛ ਔਰ ਐ। ਤਿੰਨ ‘ਮੀਮ’ ਦਾ ਪਤਾ ਤੇ ਲਗਭਗ ਸਭ ਨੂੰ ਐ, ਪਰ ਸਾਰੇ ਅੱਛੇ ਸ਼ਾਇਰ ਨਈਂ ਬਣ ਸਕਦੇ ਕਿਉਂਕਿ ਉਨ੍ਹਾਂ ਨੂੰ ਸਹੀ ਰਸਤੇ ਪੈਣ ਵਾਲੇ ਨੁਕਤੇ ਦੀ ਸਮਝ ਨਹੀਂ ਪੈਂਦੀ।”
“ਤੁਹਾਡੇ ਮੁਤਾਬਿਕ ਸ਼ਾਇਰੀ ਕੀ ਹੈ?”
“ਆਪਣੇ ਅਨੁਭਵ ਨੂੰ ਇਮੋਸ਼ਨਲ ਲੈਵਲ ‘ਤੇ ਪੇਸ਼ ਕਰਨਾ। ਅਹਿਸਾਸ ਦੇ ਸੱਚ ਨੂੰ ਜ਼ਬਾਨ ਦੇਣ ਦਾ ਨਾਮ ਹੈ, ਸ਼ਾਇਰੀ। ਜੋ ਕੁਝ ਬਾਹਰ ਵਾਪਰ ਰਿਹਾ ਹੈ, ਉਸ ਨੂੰ ਦੇਖ ਕੇ ਤੁਹਾਡੇ ਅੰਦਰ ਜੋ ਵਲਵਲੇ ਉਠਦੇ ਨੇ, ਚੰਗੇ ਜਾਂ ਮਾੜੇ, ਉਨ੍ਹਾਂ ਨੂੰ ਸ਼ਬਦਾਂ ਦੇ ਜ਼ਰੀਏ ਪ੍ਰਗਟ ਕਰ ਦੇਣਾ। ਮਸਲਨ:
ਜਹਾਂ ਮੇਂ ਹੁਸਨ ਰੱਖਾ ਤੋ,
ਦਿਲੋਂ ਮੇਂ ਵਲਵਲੇ ਰੱਖੇ,
ਜ਼ਬਾਂ ਪੇ ਖਾਮੋਸ਼ੀ ਰੱਖੀ
ਤੋ ਆਂਖੋਂ ਮੇਂ ਜ਼ਬਾਂ ਰਖ ਦੀ।
ਬਸ ਇਹ ਅੱਖਾਂ ਵਿਚ ਰੱਖੀ ਜ਼ਬਾਨ ਦੇ ਅਹਿਸਾਸ ਪੜ੍ਹ-ਸੁਣ ਕੇ ਸ਼ਬਦ ਦੇ ਦੇਣੇ ਹੀ ਸ਼ਾਇਰੀ ਹੈ।”
ਮੈਂ ਸਿਰਫ ਸਵਾਲ ਕਰਨ ਲਈ ਹੀ ਸਵਾਲ ਕੀਤਾ, “ਆਖਦੇ ਨੇ ਜਦੋਂ ਸ਼ਾਇਰੀ ਦਾ ਆਲਮ ਹੁੰਦੈ ਤਾਂ ਬੰਦਾ ਕਿਸੇ ਹੋਰ ਹੀ ਸੰਸਾਰ ਵਿਚ ਵਿਚਰ ਰਿਹਾ ਹੁੰਦੈ। ਇਹ ਖਾਮ-ਖਿਆਲੀ ਐ ਕਿ ਕੁਝ ਹਕੀਕਤ ਹੈ ਇਸ ਸੁਪਨੇ ਜਿਹੀ ਗੱਲ ਪਿੱਛੇ?”
ਉਹ ਹੱਸਦਾ ਹੈ, “ਬੜੇ ਪਾਗਲਪਨ ਦਾ ਮਾਹੌਲ ਹੁੰਦੈ। ਮੇਰੇ ‘ਤੇ ਸ਼ਾਇਰੀ ਕਦੇ-ਕਦੇ ਇਸ ਤਰ੍ਹਾਂ ਵੀ ਸਵਾਰ ਰਹੀ ਐ ਕਿ ਦਿਮਾਗ ਵਿਚ ਸ਼ਿਅਰ ਆਪਣਾ ਰੂਪ ਧਾਰ ਰਿਹੈ, ਮੈਂ ਤੁਰਿਆ ਜਾ ਰਿਹਾਂ। ਮੈਨੂੰ ਸ਼ਿਅਰ ਦੀ ਹਿਲਜੁਲ ਤਾਂ ਨਜ਼ਰ ਆ ਰਹੀ ਐ ਦਿਮਾਗ ਵਿਚ, ਸਾਹਮਣੇ ਦਰਖਤ ਨਜ਼ਰ ਨਹੀਂ ਆ ਰਿਹਾ, ਮੈਂ ਜਾ ਟਕਰਾਇਆ ਉਹਦੇ ਵਿਚ। ਇਹ ਇਕ ਦਫਾ ਨਈਂ, ਕਈ ਦਫਾ ਹੋਇਐ।”
ਮਨਮੋਹਨ ਆਲਮ ਰਾਈਕਰਜ਼ ਆਈਲੈਂਡ ਵਿਚ ਬਣੀ ਜੇਲ੍ਹ ਵਿਚ ਕੈਦੀਆਂ ਦੀ ਮਨੋਅਵਸਥਾ ਦਾ ਨਿਰੀਖਣ ਕਰਦਾ ਰਿਹਾ ਹੈ। ਉਹ ਹੱਥ ਮਿਲਾਉਣ ਸਾਰ ਹੀ ਜਾਣ ਲੈਂਦਾ ਹੈ ਬੰਦੇ ਅੰਦਰਲੀ ਮੁਹੱਬਤ ਵਕਤੀ ਹੈ ਕਿ ਚਿਰੰਜੀਵੀ। ਕਿਸੇ ਗੱਲ ਤੋਂ ਕਿਨਾਰਾ-ਕਸ਼ੀ ਕਰਨ ਦਾ ਵੀ ਉਸ ਦਾ ਆਪਣਾ ਹੀ ਅੰਦਾਜ਼ ਹੈ। ਉਸ ਨੇ ਇਕ ਬਿਜਨਸ ਕੀਤਾ ਤੇ ਛੱਡ ਦਿੱਤਾ। ਮੈਂ ਪੁੱਛਿਆ, “ਭੱਲਾ ਸਾਹਿਬ ਤੁਸੀਂ ਕਾਰਾਂ ਦਾ ਬਿਜਨਸ ਕੀਤਾ ਸੀ?”
ਜਵਾਬ ਵਿਚ ਉਹ ਖੰਘਿਆ। ਗੂੜ੍ਹੇ ਸਾਂਵਲੇ ਖੁਸ਼ਕ ਬੁੱਲ੍ਹਾਂ ‘ਤੇ ਜੀਭ ਫੇਰੀ। ਬੁੱਲ੍ਹ ਭੀਚੇ। ਧੌਣ ਦੇਵ ਆਨੰਦ ਵਾਂਗ ਇਕ ਪਾਸੇ ਝੁਕਾਈ ‘ਤੇ ਮੱਧਮ ਜਿਹੀ ਆਵਾਜ਼ ਆਈ, “ਹਾਂ ਯਾਰ ਕੀਤਾ ਸੀ। ਬਸ। ਅਸਲ ਵਿਚ ਬਿਜਨਸ ਮੇਰੇ ਵਸ ਦਾ ਰੋਗ ਨਹੀਂ। ਬਸ ਸਮਝ ਲਓ। ਫਿਰ ਮੈਂ ਹਿੱਸਾ ਕਢਵਾ ਲਿਆ ਸੀ। ਉਹ ਤੇ ਬਸ। ਹਾਂ। ਚਲੋ ਖੈਰ…।”
“ਤੁਹਾਡੀਆਂ ਉਰਦੂ ਗਜ਼ਲਾਂ ਵੀ ਬੜੀ ਆਸਾਨੀ ਨਾਲ ਸਮਝ ਆ ਜਾਂਦੀਆਂ ਨੇ। ਤੁਸੀਂ ਉਰਦੂ ਦੇ ਜ਼ਿਆਦਾ ਗੂੜ੍ਹੇ ਸ਼ਬਦ ਨਹੀਂ ਵਰਤਦੇ। ਵਜ੍ਹਾ?”
“ਅਸਲ ਵਿਚ ਮੇਰੇ ਕੋਲ ਉਰਦੂ ਦੀ ਬਹੁਤੀ ‘ਵਕੈਬਲਰੀ’ ਹੈ ਨਈਂ। ਅਸਲ ਵਜ੍ਹਾ ਤਾਂ ਇਹ ਵੇ। ਵਰਨਾ ਇਸ ਦਾ ਜਵਾਬ ਮੈਂ ਇਹ ਵੀ ਦੇ ਸਕਦਾ ਸਾਂ ਕਿ ਮੈਂ ਲੋਕਾਂ ਲਈ ਲਿਖਦਾ ਹਾਂ, ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ।”
“ਤੁਸੀਂ ਜਿਸ ਤਰ੍ਹਾਂ ਦੀ ਮਨੋਵਿਗਿਆਨਕ ਰੰਗ ਦੀ ਗਜ਼ਲ ਲਿਖਦੇ ਹੋ, ਹਿੰਦੋਸਤਾਨ ਵਿਚ ਇਸ ਤਰ੍ਹਾਂ ਦੀ ਗਜ਼ਲ ਨਹੀਂ ਲਿਖੀ ਜਾ ਰਹੀ। ਪੰਜਾਬੀ ਵਿਚ ਤਾਂ ਬਹੁਤ ਹੀ ਘੱਟ। ਇਸ ਦਾ ਮੁੱਖ ਕਾਰਨ ਤੁਹਾਡਾ ਖੇਤਰ ਹੀ ਹੋ ਸਕਦਾ ਹੈ?”
“ਹਾਂ,” ਕਈ ਵਾਰ ਲੱਗਦਾ ਹੈ ਕਿ ਉਸ ਦਾ ਜਵਾਬ ਮੁੱਕ ਗਿਆ, ਪਰ ਉਹ ਫਿਰ ਗੱਲ ਤੋਰ ਲੈਂਦਾ ਹੈ, “ਅਸਲ ਵਿਚ ਸਾਈਕੋ-ਥੈਰੇਪੀ ਆਪਣੇ ਆਪ ਵਿਚ ਬਹੁਤ ਵੱਡਾ ਖੇਤਰ ਹੈ। ਮੇਰੇ ਖਿਆਲ ਵਿਚ ਪੰਜਾਬ ਦੇ ਲੋਕਾਂ ਦੀ ਸਾਈਕੌਲੋਜੀ ‘ਤੇ ਸਟੱਡੀ ਨਹੀਂ ਹੈ। ਜਦਕਿ ਇਹ ਹੈ ਬਹੁਤ ਅਹਿਮ। ਇਥੇ ਅਮਰੀਕਾ ਵਿਚ ਬੱਚਿਆਂ ਨੂੰ ਦੂਜੇ-ਤੀਜੇ ਗਰੇਡ ‘ਚ ਹੀ ਬੇਸਿਕ ਸਾਈਕੌਲੋਜੀ ਪੜ੍ਹਾਉਣ ਲੱਗ ਪੈਂਦੇ ਨੇ। ਮੈਂਟਲ ਪ੍ਰਾਬਲਮਜ਼ ਬਾਰੇ ਇਥੋਂ ਦੇ ਬੱਚੇ ਹਿੰਦੋਸਤਾਨੀ ਬੱਚਿਆਂ ਨਾਲੋਂ ਵੱਧ ਸੁਚੇਤ ਨੇ।”
“ਇੰਡੀਆ ਵਿਚ ਕੀ ਕੀ ਸ਼ੌਕ ਰਹੇ ਸਨ?”
“ਹਿੰਦੋਸਤਾਨ ਟਾਈਮਜ਼ ਵਿਚ ਮੈਂ ਸੈਂਕੜੇ ਕਿਤਾਬਾਂ ਦੇ ਰਿਵਿਊ ਕੀਤੇ। ‘ਇਕਨਾਮਿਕਸ ਰਿਵਿਊ’ ਵਿਚ ਅਣਗਿਣਤ ਰਿਵਿਊ ਕੀਤੇ। ‘ਯੋਜਨਾ’ ਵਾਸਤੇ ਵੀ ਰਿਵਿਊ ਕੀਤੇ। ਇਕ ਰਿਵਿਊ ਦੇ 30 ਰੁਪਏ ਮਿਲਦੇ ਸਨ। ਮੈਂ ਹਰ ਮਹੀਨੇ 10 ਰਿਵਿਊ ਕਰਦਾ। ਤਿੰਨ ਸੌ ਰੁਪਏ ਮਹੀਨੇ ਦੇ ਬਣ ਜਾਂਦੇ। ਪਹਿਲਾਂ-ਪਹਿਲਾਂ ਮੇਰੇ ਲੇਖ ਨਹੀਂ ਸਨ ਛਪਦੇ। ਮੈਂ ਆਪਣੇ ਭਰਾ ਨੂੰ ਪੁੱਛਿਆ ਕਿ ਮੇਰੇ ਲੇਖਾਂ ਵਿਚ ਕੀ ਕਮੀ ਹੈ? ਉਨ੍ਹਾਂ ਨੇ ਕਿਹਾ ਕਿ ਤੇਰੀ ਲਿਖਤ ਵਿਚ ‘ਕਮਿਊਨਿਸਟ ਐਲੀਮੈਂਟਸ’ ਵੱਧ ਨੇ। ਇਸੇ ਵਿਚਾਰਧਾਰਾ ਦੇ ਪਰਚੇ ਨੂੰ ਭੇਜ। ਫਿਰ ਮੈਂ ਲਗਾਤਾਰ ਛਪਦਾ ਰਿਹਾ। ਹੌਲੀ-ਹੌਲੀ ਮੈਂ ਪਰਚੇ ਪੜ੍ਹਦਾ-ਪੜ੍ਹਦਾ ਪਰਚੇ ਦੇ ਸੰਪਾਦਕ ਦੀ ਸਾਈਕੌਲੋਜੀ ਸਮਝਣ ਲੱਗ ਪਿਆ ਤੇ ਉਸੇ ਮੁਤਾਬਿਕ ਲਿਖਣ ਲੱਗਾ।”
“ਅਮਰੀਕਾ ਆਉਣ ਦਾ ਸਬਬ ਕਿਵੇਂ ਬਣਿਆ?”
“ਮੈਂ ਸਟੂਡੈਂਟ ਦੇ ਤੌਰ ‘ਤੇ ਆਉਣਾ ਚਾਹੁੰਦਾ ਸੀ। 1967-68 ਦੀ ਗੱਲ ਹੈ, ਪਰ ਮੇਰਾ ਪੱਕੇ ਤੌਰ ‘ਤੇ ਹੀ ਕੰਮ ਬਣ ਗਿਆ। ਮੇਰਾ ਵਿਚਾਰ ਸੀ, ਡਿਗਰੀ ਕਰ ਕੇ ਵਾਪਸ ਜਾਣ ਦਾ, ਕਿਉਂਕਿ ਮੈਂ ਬਹੁਤ ਸਾਰੀਆਂ ‘ਮੈਂਟਲ ਪ੍ਰਾਬਲਮਜ਼’ ਨਾਲ ਸਬੰਧਿਤ ਕਿਤਾਬਾਂ ਦੇ ਰਿਵਿਊ ਕੀਤੇ ਸਨ। ਸਟੱਡੀ ਮੇਰੀ ਬਹੁਤ ਸੀ। ਉਸ ਛਪੇ ਹੋਏ ਕੰਮ ਨੂੰ ਦੇਖ ਕੇ ਏਥੇ ਨੌਕਰੀ ਮਿਲਣ ਵਿਚ ਮੈਨੂੰ ਕੋਈ ਦਿੱਕਤ ਪੇਸ਼ ਹੀ ਨਹੀਂ ਆਈ। ਫਿਰ ਏਥੇ ਜੋਗੇ ਹੀ ਰਹਿ ਗਏ।”
“ਸ਼ਾਇਰੀ ਏਥੇ ਆ ਕੇ ਸ਼ੁਰੂ ਕੀਤੀ?”
“ਨਹੀਂ ਸ਼ਾਇਰੀ ਤਾਂ ਮੈਂ ਇੰਡੀਆ ਵਿਚ ਵੀ ਕਰਦਾ ਸੀ, ਪਰ ਕਿਸੇ ਨੂੰ ਦੱਸਦਾ ਨਹੀਂ ਸੀ। ਘਰ ਦਾ ਮਾਹੌਲ ਉਂਜ ਬਹੁਤ ਪੜ੍ਹਨ-ਲਿਖਣ ਵਾਲਾ ਸੀ। ਵੱਡੇ ਭਾਈ ਸਾਹਿਬ ਬ੍ਰਿਜ ਭੱਲਾ ਅੰਗਰੇਜ਼ੀ ਵਿਚ ਲਿਖਦੇ ਸਨ। ਏਥੇ ਆ ਗਿਆ। ਮੇਰੇ ਘਰ ਦੇ ਕੋਲ ਇਕ ਵੱਡਾ ਗਰੌਸਰੀ ਸਟੋਰ ਸੀ। ਉਥੋਂ ਮੈਂ ਰੋਜ਼ ਸਿਗਰਟਾਂ ਲੈਣ ਜਾਂਦਾ। ਉੱਥੇ ਇਕ ਬੰਦਾ ਮੈਨੂੰ ਰੋਜ਼ ਦੇਖਦਾ। ਬਿਲਕੁਲ ਸਾਦਾ ਜਿਹੇ ਕੱਪੜਿਆਂ ਵਾਲਾ। ਮੈਂ ਉਸ ਕੋਲੋਂ ਦੀ ਲੰਘ ਜਾਂਦਾ। ਸਿਗਰਟਾਂ ਦੀ ਡੱਬੀ ਲੈਂਦਾ, ਚਾਰ ਕਸ਼ ਖਿੱਚਦਾ ਤੇ ਘਰ ਨੂੰ ਤੁਰ ਪੈਂਦਾ। ਇਕ ਦਿਨ ਉਹ ਬੰਦਾ ਮੈਨੂੰ ਰੋਕ ਕੇ ਪੁੱਛਣ ਲੱਗਾ, ‘ਤੁਹਾਡੀ ਤੋਰ, ਤੁਹਾਡੀ ਮਸਤੀ ਤੋਂ ਲੱਗਦਾ ਹੈ ਤੁਸੀਂ ਸ਼ਾਇਰੀ ਵੀ ਕਰਦੇ ਹੋ?’ ਮੈਂ ਕਿਹਾ, ‘ਜੀ ਕਰਦਾ ਤਾਂ ਹਾਂ।’ ਉਹ ਬੰਦਾ ਸੀ, ਮੁਸ਼ਤਾਕ ਸੂਫੀ। ਉਸ ਨਾਲ ਮੈਂ ‘ਹਲਕਾ ਅਰਬਾਬੇ-ਜ਼ੌਕ’ ਵਿਚ ਜਾਣਾ ਸ਼ੁਰੂ ਕਰ ਦਿੱਤਾ, ਉਥੇ ਤੁਹਾਡੇ ਜਿਹੇ ਦੋਸਤਾਂ ਨਾਲ ਮੇਲ-ਮਿਲਾਪ ਹੋ ਗਿਆ।”
“ਤੁਸੀਂ ਏਨੇ ਸਾਲ ਜੇਲ੍ਹ ਦੀ ਨੌਕਰੀ ਕੀਤੀ ਹੈ। ਕੈਦੀਆਂ ਨੂੰ ਮਿਲੇ ਹੋ। ਉਨ੍ਹਾਂ ਦੀ ਮਾਨਸਿਕਤਾ ਨੂੰ ਪੜ੍ਹਿਆ ਹੈ। ਤੁਹਾਡੀ ਸਮਝ ਮੁਤਾਬਿਕ ਉਹ ਜੁਰਮ ਕਿਉਂ ਕਰਦੇ ਨੇ?”
“ਮੈਂ ਹੁਣ ਜ਼ਿੰਦਗੀ ਦੇ ਇਸ ਪੜਾਅ ‘ਤੇ ਆ ਕੇ ਮਹਿਸੂਸ ਕਰਨ ਲੱਗ ਪਿਆਂ ਕਿ ਮੈਂ ਜੇਲ੍ਹ ਦੀ ਨੌਕਰੀ ਵਿਚ ਸਿਰਫ ਵਕਤ ਬਰਬਾਦ ਕੀਤਾ ਹੈ। ਦੁਨੀਆਂ ਤੋਂ ਜੁਰਮ ਕਦੇ ਖਤਮ ਕੀਤਾ ਹੀ ਨਹੀਂ ਜਾ ਸਕਦਾ, ਭਾਵੇਂ ਕਿੰਨੀਆਂ ਸਖਤ ਸਜ਼ਾਵਾਂ ਵੀ ਕਿਉਂ ਨਾ ਈਜਾਦ ਕਰ ਲਈਆਂ ਜਾਣ। ਜਿਵੇਂ ਮਨੁੱਖ ਦੇ ਅੰਦਰ ਹੋਰ ਭਾਵਨਾਵਾਂ ਨੇ, ਇੰਜ ਹੀ ਜੁਰਮ ਕਰਨ ਦੀ ਭਾਵਨਾ ਹੈ। ਆਦਤ ਤੋਂ ਮਜਬੂਰ ਹੋ ਜਾਂਦਾ ਹੈ ਬੰਦਾ।” ਉਹ ਹੱਸਦਾ ਹੈ। ਖੰਘ ਕੇ ਛਾਤੀ ਦੇ ਚਿਮਟੇ ਵਜਾਉਂਦਾ ਹੈ, “ਬਾਕੀ ਰਹੀ ਗੱਲ ਉਹ ਜੁਰਮ ਕਿਉਂ ਕਰਦੇ ਨੇ? ਜਿਵੇਂ ਮੈਂ ਕਿਸੇ ਵੀ ਚੰਗੀ-ਮੰਦੀ ਹਾਲਤ ਵਿਚ ਹੋਵਾਂ, ਜਦੋਂ ਸ਼ਿਅਰ ਦੀ ਆਮਦ ਹੁੰਦੀ ਹੈ, ਆਪਣੇ-ਆਪ ਨੂੰ ਲਿਖਣ ਤੋਂ ਰੋਕ ਨਹੀਂ ਸਕਦਾ। ਬਿਲਕੁਲ ਇੰਜ ਹੀ ਮੁਜਰਿਮ ਹੈ। ਜਦੋਂ ਉਸ ਦੇ ਅੰਦਰ ਜੁਰਮ ਕਰਨ ਦਾ ਵਲਵਲਾ ਉੱਠਦਾ ਹੈ, ਉਹ ਚਾਹ ਕੇ ਵੀ ਉਸ ਨੂੰ ਰੋਕ ਨਹੀਂ ਸਕਦਾ। ਮੈਂ ਏਦਾਂ ਸਮਝਦਾਂ।”
“ਤੁਹਾਡੀ ਜ਼ਿੰਦਗੀ ਵਿਚ ਏਨੇ ਮੁਜਰਿਮ ਆਏ ਨੇ, ਕਦੇ ਇਨ੍ਹਾਂ ਬਾਰੇ ਨਾਵਲ ਲਿਖਣ ਦਾ ਵਿਚਾਰ ਨਹੀਂ ਆਇਆ?”
“ਕਈ ਵਾਰੀ। ਇਕ ਵਾਰ ਤਾਂ ਮੈਂ ਨੋਟਸ ਬਣਾਉਣ ਦੀ ਸੋਚੀ ਵੀ ਸੀ ਕਿ ਇਕ ਇਕ ਮੁਜਰਿਮ ਆਉਂਦਾ ਹੈ, ਆਪਣੀ ਕਹਾਣੀ ਸੁਣਾਉਂਦਾ ਹੈ। ਫਿਰ ਦੂਜਾ ਆਉਂਦਾ ਹੈ, ਪਰ ਨਾਵਲ ਵੱਧ ਮਿਹਨਤ ਮੰਗਦਾ ਹੈ। ਜ਼ਿਆਦਾ ਕੰਸੰਟ੍ਰੇਸ਼ਨ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ। ਮੇਰਾ ਮਤਲਬ, ਹੁਣ ਉਮਰ ਵੀ ਹੋ ਗਈ ਐ।” ਉਸ ਦੀ ਆਵਾਜ਼ ਵਿਚ ਪਛਤਾਵੇ ਦਾ ਹਲਕਾ ਜਿਹਾ ਪਰਛਾਵਾਂ ਮਹਿਸੂਸ ਕੀਤਾ ਜਾ ਸਕਦਾ ਹੈ।
“ਸ਼ਾਇਰੀ ਵੀ ਤੁਸੀਂ ਬਹੁਤੀ ਨਹੀਂ ਕੀਤੀ। ਮਸਾਂ ਇਕ ਕਿਤਾਬ ਛਪੀ ਤੇ ਇਕ ਜੋਗਾ ਮੈਟਰ ਹੋਰ ਹੈ?”
ਉਹ ਬੁੱਲ੍ਹ ਭੀਚਦਾ ਹੈ, “ਤੁਸੀਂ ਬਿਲਕੁਲ ਠੀਕ ਕਹਿੰਦੇ ਓ। ਅੱਜ ਕੱਲ੍ਹ ਤਾਂ ਮੈਂ ਲਿਖਦਾ ਵੀ ਨਹੀਂ। ਮੈਨੂੰ ਲੱਗਦੈ ਜਿੰਨਾ ਮੈਂ ਲਿਖਣਾ ਸੀ, ਲਿਖ ਲਿਆ। ਕਦੇ-ਕਦੇ ਇਕ ਅੱਧ ਸ਼ਿਅਰ ਲਿਖ ਵੀ ਲੈਨਾਂ, ਪਰ ਆਪਣੇ-ਆਪ ਨੂੰ ਰਿਪੀਟ ਕਰਨ ਨਾਲੋਂ ਨਾ ਲਿਖਣਾ ਬਿਹਤਰ ਐ। ਜਿਵੇਂ ਮੈਂ ਕਿਹਾ ਕਿ ਸਾਨੂੰ ਪੜ੍ਹਨਾ ਆਉਣਾ ਚਾਹੀਦੈ, ਇੰਜ ਹੀ ਇਹ ਇਲਮ ਵੀ ਹੋਣਾ ਚਾਹੀਦਾ ਕਿ ਸਾਨੂੰ ਹੁਣ ਲਿਖਣਾ ਚਾਹੀਦਾ ਜਾਂ ਨਹੀਂ। ਸ਼ਿਅਰ ਕਹਿਣਾ ‘ਪਿੰਨ-ਪੁਆਇੰਟ’ ‘ਤੇ ਗੱਲ ਕਰਨ ਵਾਂਗ ਹੁੰਦਾ ਵੇ। ਰਤਾ ਵੀ ਗੱਲ ਆਸੇ-ਪਾਸੇ ਹੋਈ, ਸ਼ਿਅਰ ਡਿਗ ਪਿਆ। ਇਸ ਨਾਲੋਂ ਬਿਹਤਰ ਹੈ ਕਿ ਚੁੱਪ ਕਰ ਜਾਓ।”
ਟਾਹਣੀ ਨਾਲੋਂ ਟੁੱਟਦੇ ਪੱਤੇ ਨੂੰ ਤਾਂ ਅਸੀਂ ਸਾਰੇ ਹੀ ਦੇਖਦੇ ਹਾਂ ਪਰ ਮਨਮੋਹਨ ਆਲਮ ਦੀ ਸ਼ਾਇਰੀ ਪੱਤਾ ਟੁੱਟਣ ਵਾਲੀ ਥਾਂ ‘ਤੇ ਹੋਏ ਡੂੰਘੇ ਜ਼ਖਮ ਨੂੰ ਦੇਖਣ ਦੀ ਨੀਝ ਵੀ ਬਖਸ਼ਦੀ ਹੈ ਤੇ ਜ਼ਖਮ ਦਾ ਦਰਦ ਮਹਿਸੂਸ ਕਰਨ ਲਈ ਅਹਿਸਾਸ ਦੀ ਸ਼ਿੱਦਤ ਵੀ ਪੈਦਾ ਕਰਦੀ ਹੈ। ਮਨਮੋਹਨ ਦੀ ਸ਼ਾਇਰੀ ਪਾਣੀ ਤੇ ਬੁਲਬੁਲੇ, ਸੱਚ ਤੇ ਝੂਠ, ਦ੍ਰਿਸ਼ਟ ਅਤੇ ਅਦ੍ਰਿਸ਼ਟ ਦਰਮਿਆਨ ਲਟਕਦੇ ਪਲਾਂ ਨੂੰ ਫੜ ਕੇ ਇਸ ਉਲਝਣ ਦੇ ਰੂਬਰੂ ਹੋਣ ਦੀ ਕੋਸ਼ਿਸ਼ ਹੈ ਕਿ ਮਨੁੱਖ ਹਕੀਕਤ ਜੀ ਰਿਹਾ ਹੈ ਜਾਂ ਸੁਪਨਾ।
ਮਨਮੋਹਨ ਆਲਮ ਨੂੰ ਮਿਲ ਕੇ ਚੁੱਪ, ਸੰਜਮ, ਸਾਦਗੀ, ਤਨਹਾਈ ਦੇ ਅਰਥਾਂ ਦੀ ਗਹਿਰਾਈ ਸਮਝ ਪੈਂਦੀ ਹੈ। ਸ਼ਾਇਰੀ ਦੀ ਰੂਹ ਤੇ ਸ਼ਾਇਰ ਦੇ ਤਖੱਈਅਲ ਦੀ ਅਸੀਮਤਾ ਦਾ ਗਿਆਨ ਹੁੰਦਾ ਹੈ। ਖਾਮੋਸ਼ੀ ਨੂੰ ਜ਼ਬਾਨ ਦਿੰਦੀ, ਇਸ ਸ਼ਾਇਰੀ ਦਾ ਸੁਭਾਅ ਵੀ ਮਨਮੋਹਨ ਆਲਮ ਵਾਂਗ ਬੇਜੋੜ ਹੈ।
ਮਨਮੋਹਨ ਆਲਮ ਦੀਆਂ ਕੁਝ ਰਚਨਾਵਾਂ
ਦੀਆ
ਜੋ ਤੁਮ ਨੇ ਜਲਾਯਾ ਥਾ ਏਕ ਦਿਨ
ਵੋ ਆਜ ਭੀ ਲੋ ਦੇਤਾ ਹੈ ਦੀਆ
ਕੁਛ ਯਾਦ ਭੀ ਆਤੀ ਹੈ ਤੇਰੀ
ਕੁਛ ਦਿਲ ਭੀ ਮੇਰਾ ਦੁਖਤਾ ਹੈ ਸਨਮ
ਫਿਰ ਖਾਮੋਸ਼ੀ ਛਾ ਜਾਤੀ ਹੈ
ਫਿਰ ਲਗਤਾ ਹੈ ਸਭ ਕੁਛ ਬਰਹਮ*
ਜੋ ਰਾਹ ਕਭੀ ਮੈਨੇ ਨਾ ਚੁਨੀ
ਉਸ ਰਾਹ ਪੇ ਮੈਂ ਚਲਤਾ ਹੀ ਰਹਾ
ਜਿਸ ਮੰਜ਼ਿਲ ਕੋ ਚਾਹਾ ਹੀ ਨਾ ਹੋ
ਵੋ ਮਿਲ ਭੀ ਗਈ ਤੋ ਫਿਰ ਭੀ ਕਿਆ
ਮੈਂ ਸੋਚ ਕੀ ਅੰਧੀ ਗਲੀਓਂ ਮੇਂ
ਥਕ-ਹਾਰ ਕੇ ਆਖਿਰ ਟੂਟ ਗਯਾ
ਫਿਰ ਭੀ ਯੇ ਸੋਚ ਨਹੀਂ ਜਾਤੀ
ਕਿਆ ਚਾਹਾ ਥਾ ਕਿਆ ਮੁਝ ਕੋ ਮਿਲਾ
ਅਪਨਾ ਨਾ ਸਕਾ ਜੋ ਮੁਝ ਕੋ ਮਿਲਾ
ਜੋ ਚਾਹਾ ਥਾ ਵੋ ਮਿਲ ਨਾ ਸਕਾ
ਏਕ ਉਲਝਨ ਹੈ ਕਹਿਤਾ ਹੂੰ ਜਿਸੇ
ਅਹਿਸਾਸ ਮੈਂ ਇਸ ਅਪਨੇ ਦਿਲ ਕਾ
ਫਿਰ ਭੀ ਤੋ ਮੁਬਾਰਕ ਲਗਤਾ ਹੈ
ਗੋ ਮੈਨੇ ਕਿਤਨਾ ਜ਼ਹਿਰ ਪੀਆ
ਜੋ ਤੁਮ ਨੇ ਜਲਾਯਾ ਥਾ ਏਕ ਦਿਨ
ਵੋ ਆਜ ਭੀ ਲੋ ਦੇਤਾ ਹੈ ਦੀਆ।
*ਬਰਹਮ: ਬਿਖਰਿਆ ਹੋਇਆ।
—
ਐ ਆਬੇ-ਗੰਗਾ
ਐ ਆਬੇ-ਗੰਗਾ!
ਆਜ ਮੈਂ ਅਹਿਸਾਸੋਂ ਕੇ
ਫੂਲੋਂ ਕੋ ਚੁਨ ਕਰ
ਤੇਰੇ ਹੀ ਇਸ ਪਾਕ ਦਾਮਨ ਕੀ
ਨਜ਼ਰ ਕਰਤੇ ਹੁਏ
ਅਬ ਸੋਚਤਾ ਹੂੰ
ਜੋ ਕੀਆ ਜਾਤਾ ਹੈ ਮੈਨੇ ਭੀ ਕੀਆ
ਜਬ ਮਰ ਗਏ ਅਹਿਸਾਸ ਮੇਰੇ
ਔਰ ਜੋ ਬਾਕੀ ਬਚਾ ਯਾ ਨਾ ਬਚਾ
ਉਸ ਕੋ ਸੰਭਾਲੇ ਜ਼ਿੰਦਗਾਨੀ
ਤੇਰੇ ਇਸ ਬਹਿਤੇ ਹੁਏ ਪਾਨੀ ਕੀ ਸੂਰਤ
ਚਲ ਰਹੀ ਹੈ ਇਸ ਲੀਏ ਕਿ
ਰਵਾਨੀ ਇਸ ਕੀ ਰੋਕੇ ਸੇ ਭੀ
ਰੁਕ ਸਕਤੀ ਨਹੀਂ
ਔਰ ਮੈਂ ਏਕ ਖਲਾਅ ਦਿਲ ਮੇਂ ਲੀਏ
ਅਬ ਸੋਚਤਾ ਹੂੰ ਕਿ ਮੈਂ ਆਖਿਰ
ਸੋਚ ਭੀ ਸਕਤਾ ਹੂੰ ਕਿਤਨਾ
ਔਰ ਜੋ ਅਹਿਸਾਸ ਥੇ ਮੇਰੇ
ਕਿ ਵੋ ਭੀ ਮਰ ਗਏ
ਕਿਆ ਯੇ ਮੁਮਕਿਨ ਹੈ ਕਿ ਮੈਂ ਸੋਚੇ ਬਿਨਾ
ਔਰ ਹਰ ਅਹਿਸਾਸ ਸੇ ਭੀ ਬੇਅਸਰ
ਤੇਰੇ ਇਸ ਬਹਿਤੇ ਹੁਏ ਪਾਨੀ ਕੀ ਸੂਰਤ
ਅਪਨੀ ਮੰਜ਼ਿਲ ਕੀ ਤਰਫ ਚਲਤਾ ਰਹੂੰ…।
—
ਗਜ਼ਲ
ਮੈਂ ਕਿਆ ਖਿਆਲ ਬਦਲੂੰ ਵੋ ਕਿਆ ਖਿਆਲ ਬਦਲੇ।
ਜਿਸ ਸੇ ਦਿਲੋਂ ਕਾ ਆਖਿਰ ਰੰਜੋ-ਮਲਾਲ ਬਦਲੇ।
ਜ਼ੇਰੇ-ਅਸਰ ਥੇ ਜਿਸ ਕੇ, ਅਬ ਉਸ ਮਿਸਾਲ ਨੇ ਹੀ,
ਬਰਬਾਦ ਕਰ ਦੀਆ ਹੈ, ਅਬ ਤੋ ਮਿਸਾਲ ਬਦਲੇ।
ਹਰ ਕਾਰੇ-ਖੈਰ ਮੇਂ ਹੀ ਘਰ ਕਰ ਗਈ ਸਿਆਸਤ,
ਮੈਂ ਅਪਨੀ ਚਾਲ ਬਦਲੂੰ ਵੋ ਅਪਨੀ ਚਾਲ ਬਦਲੇ।
ਨਾ ਜਾਨੇ ਕਿਸ ਤਰਹ ਸੇ, ਜੀਨਾ ਹੋ ਸਹਿਲ ਮੇਰਾ,
ਨਾ ਜਾਨੇ ਕਿਸ ਤਰਹ ਸੇ ਰਿਸ਼ਤੋਂ ਕਾ ਜਾਲ ਬਦਲੇ?
ਮੁਮਕਿਨ ਹੈ ਨਾ-ਮੁਨਾਸਿਬ ਹੋ ਮੇਰੀ ਗੁਫਤਗੂ ਹੀ,
ਯੇ ਸੋਚ ਕਰ ਕੇ ਮੈਨੇ ਅਪਨੇ ਸਵਾਲ ਬਦਲੇ।
ਸ਼ਾਇਦ ਦਰੁਸਤ ਨਾ ਹੋ ਜੀਨੇ ਕਾ ਹੀ ਸਲੀਕਾ,
ਯੇ ਸੋਚ ਕਰ ਕੇ ਦਿਲ ਨੇ ਅਪਨੇ ਭੀ ਹਾਲ ਬਦਲੇ।
ਬਸ ਚਾਹਨੇ ਸੇ ਹੀ ਤੋ, ਕੁਛ ਭੀ ਨਹੀਂ ਬਦਲਤਾ,
ਮੈਂ ਲਾਖ ਚਾਹੂੰ ਦਿਲ ਮੇਂ ਕਿ ਮੇਰਾ ਹਾਲ ਬਦਲੇ।
ਗਰ ਸੋਚਨੇ ਕੋ ਦਿਲ ਮੇਂ ਕੁਛ ਭੀ ਨਹੀਂ ਹੈ ਤੋ ਅਬ,
ਸੋਚੋ, ਕਿ ਰੰਗੇ-ਸੀਰਤ, ਹੁਸਨੋ-ਜਮਾਲ ਬਦਲੇ।