ਡਾਈਟ ਫਾਰ ਸੋਲ

ਦਵਿੰਦਰ ਕੌਰ, ਕੈਨੇਡਾ
ਅੱਜ ਹਸਪਤਾਲ ਦੇ ਬੈਡ ‘ਤੇ ਪਈ ਅਮਰੀਨ ਨੂੰ ਪੂਰਾ ਹਫਤਾ ਬੀਤ ਗਿਆ। ਹਰ ਚਾਰ ਘੰਟੇ ਪਿਛੋਂ ਨਰਸ ਆਉਂਦੀ, ਉਹਦੇ ਵਾਈਟਲ ਸਾਈਨ ਚੈਕ ਕਰਦੀ ਤੇ ਪੁੱਛਦੀ, ‘ਹੁਣ ਤੂੰ ਕਿੱਦਾਂ ਮਹਿਸੂਸ ਕਰਦੀ ਹੈਂ? ਕੀ ਤੂੰ ਅੱਜ ਪਾਣੀ ਪੀਤਾ, ਰੋਟੀ ਖਾਧੀ ਚੰਗੀ ਤਰ੍ਹਾਂ?’ ਤੇ ਅਮਰੀਨ ਹਲਕਾ ਜਿਹਾ ਮੁਸਕੁਰਾ ਕੇ ਉਹਨੂੰ ਹਾਂ ਵਿਚ ਸਿਰ ਮਾਰ ਤੋਰ ਦਿੰਦੀ।

ਨਰਸ ਹਰ ਰੋਜ਼ ਵਾਂਗ ਅਖਬਾਰ ਤੇ ਦਵਾਈਆਂ ਉਹਦੇ ਸਾਈਡ ਟੇਬਲ ‘ਤੇ ਰੱਖ, ਪਲਸ ਤੇ ਹਾਰਟ ਰੇਟ ਵਾਲਾ ਮਾਨੀਟਰ ਆਨ ਕਰ ‘ਟੇਕ ਕੇਅਰ’ ਕਹਿ ਕੇ ਚਲੀ ਜਾਂਦੀ। ਟੇਬਲ ‘ਤੇ ਪਏ ਅਖਬਾਰ ਨੂੰ ਉਹ ਦਿਨ ਭਰ ਫਰੋਲਦੀ ਤੇ ਇੱਕ ਸਵਾਲ ਉਹਨੂੰ ਹਮੇਸ਼ਾ ਸਤਾਉਂਦਾ, ਕੀ ਦੁਨੀਆਂ ਭਰ ਦੇ ਮੌਸਮ ਦਾ ਹਾਲ ਦੱਸਦੀ ਇਸ ਅਖਬਾਰ ਵਿਚ ਕਦੇ ਦਿਲ ਦੇ ਮੌਸਮ ਦਾ ਹਾਲ ਕਿਉਂ ਨਹੀਂ ਕਿਤੇ ਛਪਿਆ ਮਿਲਦਾ? ਹੁਣ ਨਰਸ ਨੂੰ ਕਿੰਜ ਸਮਝਾਵਾਂ ਕਿ ਮੇਰੀ ਲੋੜ ਰੋਟੀ ਨਹੀਂ, ਕੁਝ ਹੋਰ ਹੈ!
ਦੁਪਹਿਰ ਦੇ ਢਾਈ ਕੁ ਵਜੇ ਅਮਰੀਨ ਦੀ ਫੈਮਿਲੀ ਡਾਕਟਰ ਸੋਫੀਆ ਗਲ ਵਿਚ ਲਿਟਮੈਨ ਦਾ ਸਟੈਥੋਸਕੋਪ ਪਾਈ ਆਪਣੇ ਲੰਮੇ ਸੁਨਹਿਰੀ ਵਾਲਾਂ ਦੀ ਉਚੀ ਪੋਨੀ ਸੰਵਾਰਦੀ, ਗੁੱਟ ‘ਤੇ ਸਿਲਵਰ ਕਲਰ ਦੀ ਕੋਚ ਦੀ ਘੜੀ ਬੰਨੀ, ਜੋ ਉਹਨੂੰ ਬਹੁਤ ਫੱਬਦੀ ਤੇ ਉਹਦੇ ਪਾਇਆ ਗ੍ਰੀਨ ਸਕਰੱਬ ਵੀ ਬਹੁਤ ਜੱਚਦਾ, ਉਹਨੇ ਆਪਣੀਆਂ ਬਿੱਲੀਆਂ ਅੱਖਾਂ ਦੇ ਭਰਵੱਟੇ ਉਪਰ ਚੁੱਕ ਅਮਰੀਨ ਨੂੰ ਇਸ਼ਾਰੇ ਨਾਲ ਹੱਥ ਹਿਲਾਉਂਦਿਆਂ ਪੁੱਛਿਆ। ਅਮਰੀਨ, ਜੋ ਆਪਣੀ ਵੱਖੀ ਭਾਰ ਪਈ ਸੀ, ਡਾਕਟਰ ਨੂੰ ਦੇਖਦੇ ਹੀ ਪਾਸਾ ਲੈਂਦੀ ਬੋਲੀ, “ਹੈਲੋ! ਡੌਕ ਯੂ ਆਰ ਲੁਕਿੰਗ ਸੁਪਰ ਕੂਲ ਟੁਡੇ।”
“ਹੈਲੋ ਅਮਰੀਨ, ਥੈਂਕਸ ਫਾਰ ਕੰਪਲੀਮੈਂਟ ਡੀਅਰ। ਹੁਣ ਦਰਦ ਕਿੱਦਾਂ ਤੇਰਾ? ਲਿਆ ਦੇਖਾਂ ਤੇਰੀ ਸੋਜ ਘਟੀ ਕਿ ਨਹੀਂ?” ਉਹਨੇ ਪੇਟ ਨੂੰ ਹੌਲੀ ਹੌਲੀ ਦੱਬਦਿਆਂ ਪੁੱਛਿਆ ਤੇ ਨਾਲ ਹੀ ਕਿਹਾ, “ਅਸੀਂ ਤੇਰੇ ਕੁਝ ਹੋਰ ਟੈਸਟ ਕਰਨੇ ਆ ਤਾਂ ਜੋ ਸਾਨੂੰ ਪਤਾ ਲੱਗੇ ਕਿ ਆਖਿਰ ਤੈਨੂੰ ‘ਪੇਨਕ੍ਰੀਐਟਿਕ ਅਟੈਕ’ ਕਿਵੇਂ ਤੇ ਕਿਉਂ ਹੋਇਆ? ਇਸ ਵਿਗਿਆਨਕ ਯੁੱਗ ਵਿਚ ਕੁਝ ਵੀ ਜਾਣਨਾ ਨਾਮੁਮਕਿਨ ਨਹੀਂ ਡੀਅਰ।”
ਅਮਰੀਨ ਦਾ ਚਿੱਤ ਕੀਤਾ ਉਹਨੂੰ ਟੋਕਣ ਨੂੰ, ਪੁੱਛਣ ਨੂੰ, ਪਰ ਚੁੱਪ ਕੀਤੀ ਰਹੀ।
“ਤੂੰ ਆਪਣਾ ਧਿਆਨ ਰੱਖੀਂ।” ਇੰਨਾ ਆਖ ਡਾਕਟਰ ਜਾਣ ਹੀ ਲੱਗੀ ਸੀ ਕਿ ਉਸ ਦੀ ਨਜ਼ਰ ਅਮਰੀਨ ਦੇ ਆਈ-ਪੈਡ ‘ਤੇ ਪਈ, ਤੇ ਉਹਨੇ ਸਕ੍ਰੀਨ ਸੇਵਰ ‘ਤੇ ਲੱਗੀ ਤਸਵੀਰ ਵੱਲ ਵੇਖ ਸਵਾਲ ਕੀਤਾ, “ਹੂ ਇਜ਼ ਦਿਸ?”
ਅਮਰੀਨ ਦਾ ਧਿਆਨ ਟੁੱਟਿਆ ਤੇ ਉਹ ਬੋਲੀ, “ਓ ਅ ਅ, ਹੀ ਇਜ਼ ਮਾਈ ਬਡੀ, ਮਾਈ ਓਨਲੀ ਰੇਅ ਆਫ ਹੋਪ; ਟੂ ਲਿਵ ਇਨ ਦਿਸ ਪ੍ਰੀਜ਼ਨ। ਮਾਈ ਲਵ, ਮਾਈ ਗੌਡ!”
“ਹਾ ਹਾ ਹਾ ਤੂੰ ਕਿੰਨੀ ਫਨੀ ਹੈ।” ਡਾਕਟਰ ਨੇ ਜਵਾਬ ਦਿੱਤਾ, “ਚੱਲ ਮੇਰੇ ਕੋਲ ਦੱਸ ਮਿੰਟ ਨੇ, ਫੇਰ ਮੇਰੀ ਸ਼ਿਫਟ ਡਨ। ਚੱਲ ਵਿਖਾ ਮੈਨੂੰ ਆਪਣੇ ਲਵ ਦੀਆਂ ਹੋਰ ਤਸਵੀਰਾਂ।”
“ਫਾਰ ਸ਼ਿਓਰ!”
ਅਮਰੀਨ ਬੋਲੀ, “ਯੂ ਨੋ ਡੌਕ, ਇਹ ਸਾਡੇ ਅੱਠਵੇਂ ਗੁਰੂ ਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ। ਮੈਂ ਇਨ੍ਹਾਂ ਨਾਲ ਸਾਰੇ ਦੁੱਖ ਸੁੱਖ ਸਾਂਝੇ ਕਰਦੀ ਹਾਂ। ਇਹ ਹਮੇਸ਼ਾ ਮੈਨੂੰ ਇੰਸਪਾਇਰ ਕਰਦੇ ਨੇ।”
ਡਾ. ਸੋਫੀਆ ਬੋਲੀ, “ਤੇਰਾ ਗੌਡ ਬਹੁਤ ਸੋਹਣਾ ਅਮਰੀਨ!”
“ਯਾ! ਹੀ ਇਜ਼ ਡੌਕ। ਇਹ ਤਸਵੀਰ ਹੈ ਸਾਡੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ। ਮਾਮ-ਡੈਡ ਹਮੇਸ਼ਾ ਕਹਿੰਦੇ ਨੇ ਕਿ ਸਾਡੇ ਡੁੱਬਦੇ ਬੇੜੇ ਨੂੰ ਪਾਰ ਲਾਉਣ ਵਾਲੇ ਇਹੀ ਨੇ, ਸੋ ਕਦੇ ਆਸ ਨਾ ਛੱਡੋ।”
ਤਸਵੀਰਾਂ ਵੇਖਣ ਦੇ ਇਸ ਦੌਰ ‘ਚ ਡਾਕਟਰ ਅਮਰੀਨ ਦੇ ਸਾਰੇ ਪਰਿਵਾਰ ਤੇ ਦੋਸਤਾਂ ਨੂੰ ਮਿਲੀ, ਪਰ ਅਚਾਨਕ ਉਹਨੇ ਇੱਕ ਤਸਵੀਰ ‘ਤੇ ਰੁਕਣ ਨੂੰ ਕਿਹਾ ਤੇ ਪੁੱਛਿਆ, “ਇਹ ਕੁੜੀ ਕਿੱਥੇ ਹੈ ਅਮਰੀਨ?”
ਉਹਨੂੰ ਸੁਣ ਕੇ ਥੋੜ੍ਹਾ ਅਜੀਬ ਲੱਗਾ, ਪਰ ਗੱਲ ਹਾਸੇ ‘ਚ ਟਾਲਦੀ ਨੇ ਕਿਹਾ, “ਤੇਰੇ ਸਾਹਮਣੇ ਡੌਕ।” ਡਾਕਟਰ ਨੇ ਘੂਰੀ ਵੱਟਦੀ ਨੇ ਗਹੁ ਨਾਲ ਵੇਖਦਿਆਂ ਕਿਹਾ, “ਨਹੀਂ! ਤੂੰ ਇਹ ਨਹੀਂ।”
“ਪਰ ਕਿਉਂ?”
“ਤੇਰੇ ਚਿਹਰੇ ‘ਤੇ ਉਹ ਮੁਸਕਾਨ ਹੁਣ ਕਿਉਂ ਨਹੀਂ ਦਿੱਸਦੀ? ਤੇ ਨਾ ਹੀ ਤੇਰੀਆਂ ਅੱਖਾਂ ਹੱਸਦੀਆਂ ਨੇ!”
“ਓ ਨਹੀਂ! ਏਦਾਂ ਦਾ ਕੁਝ ਵੀ ਨਹੀਂ।”
“ਮੈਂ ਲੰਮੇ ਅਰਸੇ ਤੋਂ ਤੇਰੀ ਡਾਕਟਰ ਹਾਂ; ਤੇ ਤੈਨੂੰ ਬਹੁਤ ਨੇੜਿਓਂ ਦੇਖਿਆ। ਦੱਸ ਕੀ ਗੱਲ ਹੈ? ਇਹ ਤਸਵੀਰ ਤੇਰੀ ਸੀਰਤ ਨੂੰ ਝਲਕਾਉਂਦੀ ਹੈ, ਤੇਰੀਆਂ ਚਮਕਦੀਆਂ ਅੱਖਾਂ ਦੱਸਦੀਆਂ ਨੇ, ਜਿਵੇਂ ਤੇਰੀ ਕਈ ਜਨਮਾਂ ਦੀ ਉਡੀਕ ਮੁੱਕ ਗਈ ਹੋਵੇ, ਤੇਰੇ ਬੁੱਲਾਂ ‘ਤੇ ਫੈਲੀ ਇਹ ਮੁਸਕਾਨ ਤੇਰੇ ਦਿਲ ਦਾ ਹਾਲ ਬਿਆਨਦੀ ਹੈ। ਬੋਲ! ਕੁਝ ਤਾਂ ਬੋਲ! ਵੇਖ ਤੇਰੀ ਤਸਵੀਰ ਖਿੱਚਣ ਵਾਲੇ ਨੇ ਆਪਣੇ ਕੈਮਰੇ ਵਿਚ ਤੇਰੀ ਖੁਸ਼ੀ ਨੂੰ ਸਦਾ ਲਈ ਕੈਦ ਕਰ ਲਿਆ। ਦੱਸ ਜੇ ਮੈਂ ਗਲਤ ਕਿਹਾ!”
ਅਮਰੀਨ ਬੋਲੀ, “ਡੌਕ ਇਹ ਤਸਵੀਰ ਉਸ ਪਲ ਦੀ ਹੈ, ਜਦੋਂ ਕਿਸੇ ਨੇ ਮੇਰੇ ਦਿਲ ਦੇ ਮੌਸਮ ਦਾ ਹਾਲ ਜਾਣਿਆ ਸੀ, ਉਹਦੀ ਨਿੱਘੀ ਮੁਸਕਾਨ ਨੇ ਮੇਰੇ ਦਿਲ ਦੇ ਵਾਇਲਨ ਨੂੰ ਸੁਰ ਵਿਚ ਵਜਾਇਆ ਤੇ ਮੋਹ ਭਰਿਆ ਗੀਤ ਸੁਣਾਇਆ ਸੀ।
ਮੇਰੀ ਜ਼ਿੰਦਗੀ ਦੇ ਬੇਰੰਗ ਖਾਲੀ ਕੈਨਵਸ ‘ਤੇ ਉਹਨੂੰ ਪਹਿਲੀ ਨਜ਼ਰ ਤੱਕਦਿਆਂ ਇੱਕ ਤਸਵੀਰ ਉਲੀਕੀ ਗਈ ਤੇ ਉਸ ਤਸਵੀਰ ‘ਚ ਰੰਗ ਭਰਨ ਲਈ ਉਹਨੇ ਹੱਸਦੇ ਹੱਸਦੇ ਆਪਣੀ ਜ਼ਿੰਦਗੀ ਦੇ ਕੁਝ ਹਸੀਨ ਪਲ ਮੇਰੇ ਹੱਥ ਵਿਚ ਬੁਰਸ਼ ਵਾਂਗ ਥੰਮਾ ਦਿੱਤੇ ਤੇ ਉਨ੍ਹਾਂ ਪਲਾਂ ਨੂੰ ਸੁੰਦਰ ਰੰਗਾਂ ਨਾਲ ਸਜਾਉਣ ਨੂੰ ਕਿਹਾ। ਉਹ ਜਾਂਦਾ ਜਾਂਦਾ ਮੇਰੀ ਝੋਲੀ ਖੂਬਸੂਰਤ ਯਾਦਾਂ ਦੇ ਰੰਗ, ਬਿੰਬ ਤੇ ਸਿਰਨਾਂਵੇਂ ਭਰ ਗਿਆ।
ਹੁਣ ਮੈਂ ਨਿੱਤ ਨਵੇਂ ਢੰਗ ਨਾਲ ਕੈਨਵਸ ‘ਤੇ ਤਸਵੀਰਾਂ ਉਲੀਕਦੀ ਹਾਂ ਤੇ ਉਨ੍ਹਾਂ ‘ਚ ਯਾਦਾਂ ਦੇ ਰੰਗ ਭਰਦੀ ਹਾਂ। ਉਹਦੇ ਦਿੱਤੇ ਬਿੰਬ ਤੇ ਸਿਰਨਾਂਵੇਂ ਮੇਰੀ ਕਵਿਤਾ, ਕਹਾਣੀ ਤੇ ਵਾਰਤਕ ਲਿਖਣ ਵਿਚ ਮਦਦ ਕਰਦੇ ਨੇ; ਅੱਜ ਵੀ ਇਹ ਹਵਾ ਉਹਦੇ ਹਾਸੇ ਨਾਲ ਮਹਿਕਦੀ ਹੈ, ਮੇਰੀ ਕੰਨੀਂ ਗੂੰਜਦੇ ਨੇ ਉਹਦੇ ਮਿੱਠੇ ਬੋਲ ਕਿ ਉਹ ਮੇਰੇ ਅੰਦਰਲੇ ਬੁੱਧ ਨੂੰ ਜਾਣਦਾ ਤੇ ਪਛਾਣਦਾ, ਉਹਨੇ ਮੇਰੇ ਹੱਥ ਫੜਿਆ ਖਾਲੀ ਠੂਠਾ ਸੋਹਣੇ ਸੁਫਨਿਆਂ ਤੇ ਅਰਮਾਨਾਂ ਨਾਲ ਭਰ ਦਿੱਤਾ, ਉਹਦੀਆਂ ਅੱਖਾਂ ‘ਚ ਕਦੀ ਨਾ ਮੁੱਕਣ ਵਾਲਾ ਸਨੇਹ ਮੇਰੀ ਰੂਹ ਨੂੰ ਠਾਰ ਗਿਆ। ਡੌਕ! ਮੈਂ ਉਹਦੀ ਹੋਂਦ ਨੂੰ ਖੂਬਸੂਰਤ ਫਿਜ਼ਾ ਵਿਚ ਮਹਿਸੂਸ ਕਰਦੀ ਹਾਂ।
ਪਰ ਕਿਉਂਕਿ ਮੈਂ ਪਿਛਲੇ ਹਫਤੇ ਤੋਂ ਹਸਪਤਾਲ ਵਿਚ ਹਾਂ, ਮੇਰੀ ਉਹਦੇ ਨਾਲ ਮੁਲਾਕਾਤ ਨਹੀਂ ਹੋਈ। ਮੇਰੀ ਰੂਹ ਤੜਫਦੀ ਹੈ ਉਹਦੀ ਦੀਦ ਲਈ, ਪੌਣਾਂ ‘ਚ ਉਹਦੀ ਮਹਿਕ ਨੂੰ ਮਹਿਸੂਸ ਕਰਨ ਲਈ। ਕਈ ਦਿਨਾਂ ਤੋਂ ਮੇਰੇ ਨੈਣਾਂ ਨੇ ਚੰਨ, ਤਾਰੇ, ਸੂਰਜ, ਫੁੱਲ, ਤਿਤਲੀਆਂ, ਪਰਿੰਦੇ, ਪਹਾੜ, ਝੀਲ, ਜੰਗਲ ਤੇ ਰੁੱਖ ਨਹੀਂ ਤੱਕੇ। ਡੌਕ, ਮੈਨੂੰ ਬਾਹਰ ਜਾਣ ਦੀ ਮਨਜ਼ੂਰੀ ਦੇ, ਜੇ ਤੂੰ ਚਾਹੁੰਦੀ ਹੈਂ ਕਿ ਮੈਂ ਛੇਤੀ ਠੀਕ ਹੋ ਜਾਵਾਂ ਤਾਂ ਮੇਰਾ ਬਾਹਰ ਜਾਣਾ, ਕੁਦਰਤ ਦੀ ਨਿੱਘੀ ਖੂਬਸੂਰਤੀ ਨੂੰ ਮਾਣਨਾ ਬਹੁਤ ਜ਼ਰੂਰੀ ਹੈ। ਇਹ ਸਭ ਮੇਰੀ ਰੂਹ ਦੀ ਖੁਰਾਕ ਹੈ, ਮੇਰੇ ਲਈ ਇਹ ਸਭ ਮੈਡੀਟੇਸ਼ਨ ਵਾਂਗ ਹੈ।”
ਡਾ. ਸੋਫੀਆ ਅਮਰੀਨ ਦੀਆਂ ਗੱਲਾਂ ਸੁਣ ਮੁਸਕੁਰਾਉਂਦਿਆਂ ਬੋਲੀ, “ਸੋ ਡਿਵਾਇਨ, ਅਮਰੀਨ ਇਹ ਤਾਂ ਮੈਨੂੰ ਸਿਨਡ੍ਰੇਲਾ ਦੀ ਕਹਾਣੀ ਵਾਂਗ ਲੱਗੀ।”
“ਨੋ ਡੌਕ! ਇਹ ਕੋਈ ਕਹਾਣੀ ਨਹੀਂ, ਸੱਚ ਹੈ, ਜਿਸ ਵਿਚ ਮੇਰੇ ਸੁਫਨਿਆਂ ਦਾ ਰਾਜ ਕੁਮਾਰ ਕੰਕ੍ਰੀਟ ਦੇ ਜੰਗਲ ਦੀ ਭੀੜ ਵਿਚ ਕਿਤੇ ਗੁਆਚਿਆ ਫਿਰਦਾ, ਉਸ ਜੰਗਲ ਵਿਚ ਮਨੁੱਖਾਂ ਵੱਲੋਂ ਉਸਾਰੀਆਂ ਗਈਆਂ ਉਚੀਆਂ ਖੋਖਲੇ ਰਿਸ਼ਤਿਆਂ ਦੀਆਂ ਇਮਾਰਤਾਂ ਦੀ ਭੀੜ ਵਿਚ। ਉਹਨੂੰ ਮੈਂ ਨਜ਼ਰ ਨਹੀਂ ਆਉਂਦੀ। ਅਸੂਲਾਂ ਦੀ ਉਹ ਕੰਧ, ਜੋ ਕਦੀ ਅਸੀਂ ਆਪ ਤੋੜੀ ਸੀ, ਦੇ ਮਲਬੇ ਥੱਲੇ ਸਾਡਾ ਪਿਆਰ ਦਫਨ ਹੋ ਗਿਆ।
ਅਤੀਤ ਦੇ ਤਿੜਕੇ ਸੁਫਨਿਆਂ ਨੇ ਉਹਦੀਆਂ ਅੱਖਾਂ ਪੱਥਰਾ ਦਿੱਤੀਆਂ। ਸ਼ਾਇਦ ਇਹੀ ਕਾਰਨ ਹੈ ਕਿ ਉਸ ਦੇ ਕੰਨਾਂ ਤੱਕ ਮੇਰੀ ਆਵਾਜ਼ ਨਹੀਂ ਪਹੁੰਚਦੀ, ਤੇ ਉਹਦੀਆਂ ਜਿੰਮੇਵਾਰੀਆਂ ਅੱਗੇ ਸਾਡਾ ਰਿਸ਼ਤਾ ਕੋਈ ਅਹਿਮੀਅਤ ਨਹੀਂ ਰੱਖਦਾ।”
“ਤੂੰ ਹਾਲੇ ਵੀ ਉਹਨੂੰ ਪਿਆਰ ਕਰਦੀ ਐਂ?” ਡਾ. ਸੋਫੀਆ ਨੇ ਅਮਰੀਨ ਨੂੰ ਸਵਾਲ ਕੀਤਾ।
“ਪਿਆਰ ਦਾ ਦੂਜਾ ਨਾਂ ਸਬਰ ਹੁੰਦਾ, ਪਿਆਰ ਹਮੇਸ਼ਾ ਕੁਰਬਾਨੀ ਮੰਗਦਾ, ਹਉਮੈ ਦੀ, ਮੈਂ ਦੀ ਕੁਰਬਾਨੀ; ਪਰ ਫਿਰ ਵੀ ਮੇਰੀ ਹਰ ਘੜੀ ਉਸ ਦੀ ਉਡੀਕ ਵਿਚ ਲੰਘਦੀ ਹੈ, ਸ਼ਾਇਦ! ਉਹ ਕਦੀ ਤਾਂ ਉਸ ਭੀੜ ਵਿਚੋਂ ਆਜ਼ਾਦ ਹੋ ਕੇ, ਆਪਣੀਆਂ ਜਿੰਮੇਵਾਰੀਆਂ ਤੋਂ ਫਾਰਗ ਹੋ ਕੇ ਸਕੂਨ ਦੀ ਤਲਾਸ਼ ਵਿਚ ਮੁੜ ਵਣਾਂ ਵੱਲ ਨੂੰ ਪਰਤੇਗਾ।
ਜਿਥੇ ਅਸੀਂ ਨਦੀ ਕਿਨਾਰੇ ਸੋਹਣੇ ਰੁੱਖਾਂ ਤੇ ਚੰਨ ਤਾਰਿਆਂ ਦੀ ਛਾਂਵੇਂ ਬੈਠ ਜ਼ਿੰਦਗੀ ਦੇ ਕੁਝ ਹੁਸੀਨ ਪਲ ਸਕੂਨ ਨਾਲ ਇਕੱਠੇ ਜੀਵਾਂਗੇ।…ਉਦੋਂ ਅਸੀਂ ਦੇਵਾਂਗੇ ਤਵੱਜੋ ਸਿਰਫ ਆਪਣੀ ਰੂਹ ਦਾ ਪੂਰਨ ਰੂਪ ਵਿਚ ਵਿਕਾਸ ਕਰਨ ਵੱਲ। ਡੌਕ, ਜਿਵੇਂ ਬਿਨਾ ਚੱਪੂ ਤੋਂ ਕਿਸ਼ਤੀ ਨੂੰ ਪਾਰ ਲਾਉਣਾ ਨਾ ਮੁਮਕਿਨ ਹੈ, ਠੀਕ ਉਸੇ ਤਰ੍ਹਾਂ ਤਾਉਮਰ ਤਨ ਦੀ ਦੇਖਭਾਲ ਕਰਨੀ ਤੇ ਰੂਹ ਨੂੰ ਉਹਦੀ ਲੋੜੀਂਦੀ ਖੁਰਾਕ ਨਾ ਦੇਣੀ ਕਿਸ਼ਤੀ ਨੂੰ ਬਿਨਾ ਚੱਪੂ ਤੋਂ ਚਲਾਉਣਾ ਹੁੰਦਾ! ਅਜਿਹੇ ਵੇਲੇ ਜਦੋਂ ਬੇੜੀ ਤੁਫਾਨਾਂ ‘ਚ ਉਲਝ ਜਾਂਦੀ ਹੈ ਤਾਂ ਇਨਸਾਨ ਨੂੰ ਮਹਿਸੂਸ ਹੁੰਦਾ ਕਿ ਅਖੀਰ ਕੀ ਕਾਰਨ ਹੈ, ਉਹਦਾ ਮਾਨਸਿਕ ਸੰਤੁਲਨ ਟੁੱਟਣ ਦਾ?”
“ਵਾਹ! ਵਾਹ!!” ਡਾ. ਸੋਫੀਆ ਅਮਰੀਨ ਨਾਲ ਹੱਥ ਮਿਲਾਉਂਦੀ ਬੋਲੀ, “ਯੂ ਮੇਡ ਮਾਈ ਡੇਅ! ਬਹੁਤ ਚੰਗਾ ਲੱਗਾ ਤੇਰੇ ਵਿਚਾਰ ਸੁਣ ਕੇ। ਤੁਹਾਡੀ ਆਰਟਿਸਟ ਲੋਕਾਂ ਦੀ ਵੀ ਆਪਣੀ ਨਿਰਾਲੀ ਹੀ ਦੁਨੀਆਂ ਹੁੰਦੀ ਹੈ।”
ਡਾਕਟਰ ਜਾਣ ਲੱਗੀ ਸਟਾਫ ਨਰਸ ਨੂੰ ਹਾਕ ਮਾਰ ਕੇ ਆਖ ਗਈ, “ਲਿਨਜ਼ੀ, ਪਲੀਜ਼ ਹੈਲਪ ਅਮਰੀਨ ਇਨ ਫੀਡਿੰਗ ਹਰ ਸੋਲ ਟੁਡੇ!”