ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਜੇ ਕੁਝ ਕੁ ਦਿਨ ਪਹਿਲਾਂ ਹੀ ਸਾਰੇ ਸਿੱਖ ਜਗਤ ਜਾਂ ਸੰਸਾਰ ਭਰ ਵਿਚ ਬਹੁਤ ਚਾਵਾਂ ਅਤੇ ਸੱਧਰਾਂ ਨਾਲ ਮਨਾਇਆ ਗਿਆ ਹੈ। ਇਸ ਸ਼ਤਾਬਦੀ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੈ ਅਤੇ ਰੱਖਣੀ ਚਾਹੀਦੀ ਵੀ ਹੈ, ਪਰ ਸ਼ਤਾਬਦੀ ਦੇ ਐਨ ਕੁਝ ਕੁ ਮਹੀਨੇ ਪਹਿਲਾਂ ਤੋਂ ਇਕ ਸ਼ਬਦ ਦਾ ਐਨੇ ਜ਼ੋਰ ਸ਼ੋਰ ਨਾਲ ਪ੍ਰਚਾਰ ਹੋਇਆ ਅਤੇ ਹੋ ਰਿਹਾ ਹੈ ਕਿ ਕਮਾਲ ਹੋਈ ਪਈ ਹੈ, ਪਰ ਮਜਾਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਧਾਰਮਿਕ ਸਿੱਖ ਸੰਸਥਾ ਦੇ ਕੰਨਾਂ ‘ਤੇ ਜੂੰ ਸਰਕੀ ਹੋਵੇ ਅਤੇ ਕਿਸੇ ਨੇ ਇਸ ਗੱਲ ਦਾ ਨੋਟਿਸ ਲਿਆ ਹੋਵੇ! ਨਾ ਜੀ ਨਾ, ਬਿਲਕੁਲ ਹੀ ਨਹੀਂ।
ਇੰਜ ਲਗਦਾ ਹੈ, ਜਿਵੇਂ ਇਹ ਸਾਰਾ ਕੁਝ ਕਿਸੇ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੋਵੇ। ਜਿਸ ਸ਼ਬਦ ਦਾ ਨਿਰਾਦਰ ਜੋਰ ਸ਼ੋਰ ਨਾਲ ਹੋਇਆ ਅਤੇ ਹੋ ਰਿਹਾ ਹੈ, ਉਹ ਸ਼ਬਦ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲੋਂ ‘ਗੁਰੂ’ ਸ਼ਬਦ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕੀਤੇ ਜਾਣਾ। ਸਾਰੇ ਤਾਂ ਨਹੀਂ, ਪਰ ਬਹੁ ਗਿਣਤੀ ਵਿਚ ਲਿਖਾਰੀਆਂ, ਕਲਮਕਾਰਾਂ, ਗਾਇਕਾਂ ਅਤੇ ਬੁਲਾਰਿਆਂ ਨੇ ‘ਗੁਰੂ ਨਾਨਕ’ ਦੀ ਥਾਂ ਇਕੱਲੇ ‘ਨਾਨਕ’ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂ ਕਰ ਰਹੇ ਹਨ। ਕਿਉਂ? ਕਿਉਂਕਿ ਇਸ ‘ਤੇ ਕਿਸੇ ਨੇ ਸਵਾਲ ਹੀ ਨਹੀਂ ਕੀਤਾ ਤਾਂ ਜਵਾਬ ਕਿਸ ਨੇ ਦੇਣਾ!
ਫੇਸਬੁਕ ‘ਤੇ ਦੇਖ ਲਓ, ਕੁਝ ਕੁ ਲਿਖਤਾਂ ਛੱਡ ਕੇ ਹਰ ਥਾਂ ‘ਨਾਨਕ’ ਸ਼ਬਦ ਲਿਖਿਆ ਮਿਲੇਗਾ। ਗਾਇਕਾਂ ਨੂੰ ਸੁਣ ਲਉ, ਹਰ ਥਾਂ ‘ਨਾਨਕ, ਨਾਨਕ’ ਦੀ ਰੱਟ ਲੱਗੀ ਪਈ ਹੈ। ਬੁਲਾਰਿਆਂ ਨੂੰ ਦੇਖ ਲਉ, ਉਹ ਸਭ ਤੋਂ ਅੱਗੇ ਨਿਕਲ ਰਹੇ ਹਨ, ਹੋਰ ਤਾਂ ਹੋਰ ਵੱਡੇ ਵੱਡੇ ਕਵੀ ਦਰਬਾਰਾਂ ਦੇ ਨਾਮ ਰੱਖੇ ਜਾ ਰਹੇ ਹਨ, ‘ਨਾਨਕ ਕਵੀ ਦਰਬਾਰ।’ ਵਾਹ! ਸਮੇਂ ਨੇ ਕਿਆ ਪਲਟੀ ਮਾਰੀ ਹੈ, ਜਿਸ ਗੁਰੂ ਦੀ ਜਨਮ ਸ਼ਤਾਬਦੀ ਮਨਾ ਕੇ ਅਸੀਂ ਸੰਸਾਰ ਨੂੰ ਕੋਈ ਗੁਰੂ ਉਪਦੇਸ਼ ਦਾ ਅਗਾਂਹਵਧੂ ਸੁਨੇਹਾ ਦੇਣਾ ਸੀ, ਉਲਟਾ ਉਸ ਕੌਮ ਨੇ ਗੁਰੂ ਦੀ ਜਨਮ ਸ਼ਤਾਬਦੀ ਨੂੰ ਇਹ ਉਪਹਾਰ ਦੇ ਕੇ ਚਾਰ ਚੰਨ ਨਹੀਂ, ਹਜ਼ਾਰ ਚੰਨ ਲਾ ਦਿੱਤੇ ਹਨ। ਮੈਂ ਦੋਵੇਂ ਹੱਥ ਜੋੜ ਕਲਮਕਾਰਾਂ, ਗਾਇਕਾਂ ਅਤੇ ਬੁਲਾਰਿਆਂ ਨੂੰ ਪੁੱਛਦੀ ਹਾਂ, ਕੀ ਕਦੀ ਤੁਸਾਂ ਆਪਣੇ ਪਿਤਾ ਜੀ, ਬਾਪੂ ਜੀ ਜਾਂ ਡੈਡੀ ਜੀ ਨੂੰ ਇਸ ਰੁਖੇਪਨ ਨਾਲ ਆਵਾਜ਼ ਦੇ ਕੇ ਬੁਲਾਇਆ ਹੈ? ਨਹੀਂ ਨਾ! ਅਤੇ ਜੇ ਤੁਸੀਂ ਇਹ ਗੁਸਤਾਖੀ ਕਦੇ ਆਪਣੇ ਬਾਪੂ ਜੀ ਨਾਲ ਨਹੀਂ ਕੀਤੀ ਤਾਂ ਕਿਸ ਦੇ ਹੁਕਮ ਨਾਲ ਤੁਸੀਂ ‘ਗੁਰੂ ਨਾਨਕ ਸਾਹਿਬ’ ਨੂੰ ‘ਨਾਨਕ, ਨਾਨਕ’ ਆਖ ਆਖ ਕੇ ਬੇਹੁਰਮਤੀਆਂ ਕਰ ਰਹੇ ਹੋ? ਕਿਉਂ ਇਹ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ?
ਨਾਨਕ ਕੌਣ ਹੈ? ਕੀ ਤੁਸੀਂ ਇਸ ਨਾਨਕ ਨਾਂ ਨੂੰ ਪਹਿਲੀ ਵਾਰ ਸੁਣ ਰਹੇ ਹੋ? ਕੀ ਪਹਿਲਾਂ ਤੁਸੀਂ ਆਪਣੀ ਜ਼ਿੰਦਗੀ ਵਿਚ ਕਦੀ ਇਸ ਨਾਂ ਨੂੰ ਸਤਿਕਾਰ ਨਹੀਂ ਦਿੱਤਾ? ਕੀ ਕਦੀ ਘਰ ਵਿਚ ਮਾਂ ਨੇ ਇਹ ਨਹੀਂ ਸੀ ਆਖਿਆ, ‘ਬੇਟਾ ਸਾਡਾ ਗੁਰੂ ਗੁਰੂ ਨਾਨਕ ਜੀ ਹੈ।’ ਜਾਂ ਤੁਸਾਂ ਕਦੀ ਇਸ ਨੂੰ ਧੰਨ ਗੁਰੂ ਨਾਨਕ ਜੀ ਆਖ ਮੱਥਾ ਨਹੀਂ ਟੇਕਿਆ? ਮੈਂ ਹੈਰਾਨ ਹਾਂ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਪਾਵਨ ਨਾਂ ਦੀ ਅੱਜ ਸ਼ੱਰੇਆਮ ਕਿਵੇਂ ਖਿੱਲੀ ਉਡਾਈ ਜਾ ਰਹੀ ਹੈ। ਸਾਡਾ ਪਿਆਰਾ ਧਰਮ, ਸਾਡਾ ਨਿਆਰਾ ਧਰਮ!
ਕੋਈ ਸਵਾਲ ਕਰ ਸਕਦਾ ਹੈ ਕਿ ‘ਨਾਨਕ ਨਾਮ ਚੜਦੀ ਕਲਾ’ ਵਿਚ ਪਹਿਲਾਂ ਗੁਰੂ ਕਿਉਂ ਨਹੀ ਆਖਿਆ ਜਾਂਦਾ? ਬੇਨਤੀ ਹੈ ਜੀ, ਬਹੁਤ ਸਮਾਂ ਪਹਿਲਾਂ ‘ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਹੀ ਬੋਲਿਆ ਜਾਂਦਾ ਸੀ। ਫਿਰ ਪਤਾ ਹੀ ਨਹੀਂ ਕਦੋਂ ‘ਗੁਰੂ’ ਸ਼ਬਦ ਨੂੰ ਗਾਇਬ ਕਰ ਦਿਤਾ ਗਿਆ ਅਤੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪਿਆ! ਜਿਨ੍ਹਾਂ ਨੂੰ ਫਰਕ ਪੈਣੇ ਚਾਹੀਦੇ ਸਨ, ਉਨ੍ਹਾਂ ਨੂੰ ਤਾਂ ਚੌਧਰਾਂ ਅਤੇ ਗੋਲਕਾਂ ਤੋਂ ਹੀ ਕਦੀ ਵਿਹਲ ਨਹੀ ਮਿਲੀ।
ਨਾਨਕ ਸਾਇਰ ਏਵ ਕਹਿਤ ਹੈ ਸਚੇ ਪਰਵਦਿਗਾਰਾ॥
ਇਹ ਵੀ ਸਤਿਗੁਰੂ ਜੀ ਆਪਣੀ ਬਾਣੀ ਵਿਚ ਆਪ ਪਏ ਆਖਦੇ ਹਨ, ਕੋਈ ਹੋਰ ਨਹੀਂ।
ਸਤਿਕਾਰ ਦੇਖਣਾ ਹੈ ਤਾਂ ਗੁਰਬਾਣੀ ਵਿਚ ਹੀ ਦੇਖੋ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੀ ਜਦ ਗੁਰੂ ਨਾਨਕ ਸਾਹਿਬ ਦੀ ਸਿਫਤਿ ਸਾਲਾਹ ਕਰਦੇ ਹਨ ਤਾਂ ਉਹ ਵੀ ਨਾਨਕ ਤੋਂ ਪਹਿਲਾਂ ‘ਗੁਰੂ’ ਸ਼ਬਦ ਵਰਤਦੇ ਹਨ ਅਤੇ ਬਹੁਤ ਸਾਰੇ ਸ਼ਬਦਾਂ ਵਿਚ ਆਖਦੇ ਹਨ,
ਸਭ ਤੇ ਵਡਾ ਸਤਿਗੁਰੁ ਨਾਨਕੁ
ਜਿਨਿ ਕਲ ਰਾਖੀ ਮੇਰੀ॥
ਪ੍ਰਗਟ ਭਈ ਸਗਲੇ ਜੁਗ ਅੰਤਰਿ
ਗੁਰ ਨਾਨਕ ਕੀ ਵਡਿਆਈ॥
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ
ਸੇ ਫਿਰਿ ਗਰਭਾਸਿ ਨ ਪਰਿਆ ਰੇ॥
ਸਭੇ ਕਾਜ ਸੁਹੇਲੜੇ ਥੀਏ
ਗੁਰੁ ਨਾਨਕੁ ਸਤਿਗੁਰੁ ਤੁਠਾ॥
ਗੁਰੁ ਨਾਨਕ ਜਾ ਕਉ ਭਇਆ ਦਇਆਲਾ॥
ਸੋ ਜਨੁ ਹੋਆ ਸਦਾ ਨਿਹਾਲਾ॥
ਗੁਝੀ ਛੰਨੀ ਨਾਹੀ ਬਾਤ॥
ਗੁਰੁ ਨਾਨਕੁ ਤੁਠਾ ਕੀਨੀ ਦਾਤਿ॥
ਹਰਿ ਭਗਤਿ ਖਜਾਨਾ ਬਖਸਿਆ
ਗੁਰਿ ਨਾਨਕਿ ਕੀਆ ਪਸਾਉ ਜੀਉ॥
ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਜਿਸ ਤਰੀਕੇ ਨਾਲ ਮਨਾਇਆ ਗਿਆ ਹੈ ਅਤੇ ਚੌਧਰਾਂ ਲਈ ਜੋ ਜੋ ਦਿਖਾਵੇ ਕੀਤੇ ਗਏ ਹਨ, ਉਸ ਤੋਂ ਸਾਰਾ ਸਿੱਖ ਜਗਤ ਭਲੀਭਾਂਤ ਜਾਣੂੰ ਹੈ। ਕੌਮ ਦੀ ਕਿਰਤ ਕਮਾਈ ਨੂੰ ਪਾਣੀ ਵਾਂਗ ਰੋੜਿਆ ਗਿਆ ਹੈ ਅਤੇ ਆਪਣੇ ਭੰਡਾਰੇ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਭਰ ਲਏ ਗਏ ਹਨ।
ਬਾਲੀਵੁੱਡ ਦੇ ਨਾਮੀ ਗਾਇਕ ਸੁਖਵਿੰਦਰ ਸਿੰਘ ਨੇ ਇਸ ਸ਼ਬਦ ਦਾ ਗਾਇਨ ਕੀਤਾ,
ਨਾਨਕ ਆਇਆ ਨਾਨਕ ਆਇਆ ਨਾਨਕ ਆਇਆ।
ਕਲਿ ਤਾਰਣ ਗੁਰੂ ਨਾਨਕ ਆਇਆ। (ਭਾਈ ਗੁਰਦਾਸ)
ਨਾਮੀ ਗਾਇਕ ਇਸ ਸ਼ਬਦ ਦੀ ਕੋਈ ਬੰਧਿਸ਼ ਹੋਰ ਵੀ ਬਣਾ ਸਕਦੇ ਸਨ, ਪਰ ਲੋੜ ਹੀ ਕੋਈ ਨਹੀਂ! ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਬ੍ਹ ਆਪ ਸ਼ਬਦ ਰਿਲੀਜ਼ ਕਰ ਰਹੇ ਹੋਣ ਤਾਂ ਪਰਵਾਹ ਕਿਸ ਦੀ ਹੈ? ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ। ਖੈਰ! ਇਸ ਪਿਛੋਂ ਤਾਂ ਜੋ ਵੀ ਗਾਇਕ ਉਠਿਆ, ਉਸ ਨੇ ‘ਨਾਨਕ ਆਇਆ, ਨਾਨਕ ਆਇਆ’ ਗਾ ਕੇ ਹੀ ਆਪਣੀ ਸ਼ਰਧਾ ਪੂਰੀ ਕਰ ਲਈ।
ਹੋਰ ਤਾਂ ਹੋਰ, ਸਾਡੇ ਸਿੱਖ ਕੌਮ ਦੇ ਕੁਝ ਸਿਰਮੌਰ ਪ੍ਰਚਾਰਕ ਵੀ ਇਸ ਅਧੂਰੇ ਸ਼ਬਦ ਦੀ ਖੁੱਲ੍ਹ ਕੇ ਵਰਤੋ ਕਰ ਰਹੇ ਹਨ। ਵਾਹ! ਜਿਨ੍ਹਾਂ ਨੇ ਗਲਤੀਆਂ ਕਰਨ ਵਾਲਿਆਂ ਨੂੰ ਵਰਜਣਾ ਸੀ, ਉਹ ਆਪ ਗਲਤੀਆਂ ਕਰ ਰਹੇ ਹਨ। ਹੈ ਨਾ ਕਮਾਲ? ਮੈਂ ਇਹ ਨਹੀਂ ਆਖ ਰਹੀ ਕਿ ਇਸ ਗਲਤੀ ਜਾਂ ਸਾਜਿਸ਼ ਨਾਲ ਸਿਰਫ ਮੈਨੂੰ ਹੀ ਦੁੱਖ ਹੋਇਆ ਹੈ! ਨਹੀਂ, ਹੋਰ ਵੀ ਬਥੇਰੇ ਗੁਰੂ ਨੂੰ ਪਿਆਰ ਕਰਨ ਵਾਲੇ ਲਿਖਣਗੇ ਜਾਂ ਬੋਲਣਗੇ, ਪਰ ਮੇਰੀ ਬੇਨਤੀ ਹੈ ਕਿ ਇਹ ਸ਼ੁਰੂਆਤ ਚੰਗੀ ਨਹੀਂ, ਬਹੁਤ ਮਾੜੀ ਹੈ। ਸਾਨੂੰ ਸਭ ਨੂੰ ਹੀ ਇਸ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਉਠਾਏਗਾ ਕੌਣ? ਕਿਉਂਕਿ ਸੁਣਨ ਵਾਲਾ ਕੋਈ ਨਹੀਂ।
ਧੜੇਬੰਦੀ ਤਾਂ ਕੌਮ ਵਿਚ ਸ਼ੁਰੂ ਤੋਂ ਹੀ ਚਲਦੀ ਆ ਰਹੀ ਹੈ, ਪਰ ਇਹ ਧੜੇਬੰਦੀ ਕੌਮ ਦਾ ਜਿੰਨਾ ਨੁਕਸਾਨ ਹੁਣ ਕਰ ਰਹੀ ਹੈ, ਉਨਾ ਸ਼ਾਇਦ ਪਹਿਲਾਂ ਕਦੀ ਨਹੀਂ ਹੋਇਆ। ਇਸ ਨੁਕਸਾਨ ਲਈ ਜਿਥੇ ਸਾਡੀ ਬੇਇਮਾਨ ਲੀਡਰਸ਼ਿਪ ਜਿੰਮੇਦਾਰ ਹੈ, ਉਥੇ ਸਾਡੀ ਕੌਮ ਵੀ ਬਰਾਬਰ ਦੀ ਭਾਈਵਾਲ ਹੈ। ਸਿੱਖ ਕੌਮ ਦੇ ਕਈ ਸੁਚੱਜੇ ਅਤੇ ਸੂਝਵਾਨ ਲੀਡਰਾਂ ਨੇ ਬਹੁਤ ਵਾਰੀ ਕੌਮ ਨੂੰ ਹਲੂਣੇ ਵੀ ਦਿੱਤੇ ਹਨ ਭਾਵ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਆਉ ਸਾਰੇ ਇਕ ਝੰਡੇ ਥੱਲੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਪੰਥ ਲਈ ਇਕ ਨਵੀਂ ਸ਼ੁਰੂਆਤ ਕਰੀਏ, ਪਰ ਕਦੀ ਵੀ ਕੌਮ ਵਲੋਂ ਹੁੰਗਾਰਾ ਨਾ ਮਿਲਿਆ। ਮਤਲਬ ਸਾਫ ਤੇ ਸਪੱਸ਼ਟ ਹੈ ਕਿ ਗੁਰਧਾਮਾਂ ‘ਤੇ ਕਾਬਜ ਲੋਕ ਥੋੜ੍ਹੇ ਨਹੀਂ, ਲੋੜੋਂ ਵੱਧ ਮਾਇਆਧਾਰੀ ਹਨ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਾਰੀ ਕੌਮ ‘ਤੇ ਬਾਦਸ਼ਾਹਤ ਵੀ ਚਲੀ ਆ ਰਹੀ ਹੈ।
ਅੱਜ ਸੰਸਾਰ ਵਿਚ ਪੈਸੇ ਦਾ ਰਾਜ ਹੈ, ਡਾਂਗ ਦਾ ਰਾਜ ਹੈ, ਗੁੰਡਾਗਰਦੀ ਦਾ ਰਾਜ ਹੈ। ਆਮ ਭੋਲੇ ਭਾਲੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਇੰਨਾ ਕੁਝ ਕਾਫੀ ਹੈ। ਪਿੰਡਾਂ ਦੇ ਲੋਕ ਤਾਂ ਉਸ ਪਰਿਵਾਰ ਨੂੰ ਹੀ ਗੁਰੂ ਅਤੇ ਪੰਥ ਜਾਣ ਕੇ ਹੁਣ ਵੀ ਟੀ. ਵੀ. ਚੈਨਲਾਂ ‘ਤੇ ਮੱਥੇ ਟੇਕਦੇ ਦੇਖੇ ਜਾ ਸਕਦੇ ਹਨ। ਕਿਥੇ ਗਏ ਸ਼ਬਦ ਗੁਰੂ ਦੀਆਂ ਬੇਅਦਬੀਆਂ ਕਰਨ ਵਾਲੇ ਲੋਕ? ਗਲੀਆਂ ਵਿਚ ਦਨਦਨਾਉਂਦੇ ਫਿਰਦੇ ਹਨ, ਨਾ ਕਿਸੇ ਨੇ ਕਿਸੇ ਨੂੰ ਫੜਿਆ ਹੈ ਅਤੇ ਨਾ ਫੜਨਾ ਹੈ। ਵਿਕਾਊ ਅਤੇ ਮਰੀਆਂ ਜਮੀਰਾਂ ਵਾਲੇ ਗੁਰੂ ਨੂੰ ਕੀ ਜਾਣਦੇ ਹਨ, ਜਦ ਵੀ ਕੋਈ ਟਾਵਾਂ ਜਾਂ ਵਿਰਲਾ ਬੰਦਾ ਸੱਚ ਬੋਲਣ ਦੀ ਜੁਰਅਤ ਕਰਦਾ ਹੈ ਤਾਂ ਫਟਾ ਫਟ ਉਸ ਨੂੰ ਆਰ. ਐਸ਼ ਐਸ਼ ਦਾ ਪਿੱਠੂ ਗਰਦਾਨ ਕੇ ਉਸ ਦਾ ਜਿਉਣਾ ਮੁਹਾਲ ਕਰ ਦਿੱਤਾ ਜਾਂਦਾ ਹੈ, ਜਦ ਕਿ ਸਾਡੀ ਲੀਡਰਸ਼ਿਪ ਆਪ ਆਰ. ਐਸ਼ ਐਸ਼ ਦੀ ਭਾਈਵਾਲ ਹੈ ਅਤੇ ਸ਼ੱਰ੍ਹੇਆਮ ਉਨ੍ਹਾਂ ਦੇ ਤਲਵੇ ਚੱਟਦੀ ਹੈ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਲੈ ਕੇ ਲਾਂਘਾ ਖੁੱਲ੍ਹਣ ਤਕ, ਜੋ ਜੋ ਬੇਹੁਰਮਤੀਆਂ ਹੋਈਆਂ ਜਾਂ ਕੀਤੀਆਂ ਗਈਆਂ, ਬਹੁਤ ਹੀ ਸ਼ਰਮਨਾਕ ਹਨ, ਪਰ ‘ਮੋਦੀ ਦੀ ਜੈ ਜੈ’ ਕਰ ਕੇ ਖੈਰਾਤ ਵਿਚ ਵਜਾਰਤਾਂ ਲੈਣ ਵਾਲਿਆਂ ਨੂੰ ਨਾ ਭੋਰਾ ਜਿੰਨੀ ਕੋਈ ਸ਼ਰਮ ਹੀ ਆਈ ਅਤੇ ਨਾ ਹੀ ਕੋਈ ਫਰਕ ਪਿਆ।
ਮੈਨੂੰ ਪਤਾ ਹੈ, ਇਸ ਲੇਖ ਨਾਲ ਵੀ ਨਾ ਹੀ ਕਿਸੇ ਦੇ ਕੰਨ ‘ਤੇ ਕੋਈ ਜੂੰ ਸਰਕਣੀ ਹੈ ਅਤੇ ਨਾ ਹੀ ਕਿਸੇ ਨੇ ਕੋਈ ਕਦਮ ਚੁਕਣਾ ਹੈ, ਪਰ ਮੈਂ ਆਪਣੀ ਅੰਦਰਲੀ ਆਵਾਜ਼ ਨੂੰ ਕਿਵੇਂ ਮਾਰ ਸੁੱਟਾਂ? ਇਹ ਮੇਰਾ ਧਰਮ ਹੈ, ਮੇਰਾ ਫਰਜ਼ ਹੈ, ਤੇ ਇਹ ਮੇਰਾ ਮੇਰੇ ਗੁਰੂ ਪ੍ਰਤੀ ਪਿਆਰ-ਸਤਿਕਾਰ ਹੈ ਕਿ ਮੈਂ ਬੁਰਾਈ ਖਿਲਾਫ ਅਤੇ ਸੱਚ ਦੇ ਹੱਕ ਵਿਚ ਆਵਾਜ਼ ਬੁਲੰਦ ਕਰਾਂ। ਮੇਰੇ ਸਤਿਗੁਰੂ ਨੇ ਮੈਨੂੰ ਕਲਮ ਦਿੱਤੀ ਹੈ, ਮੈਨੂੰ ਲਿਖਣਾ ਸਿਖਾਇਆ ਹੈ ਤਾਂ ਮੈਂ ਲਿਖਦੀ ਹਾਂ ਅਤੇ ਲਿਖਦੀ ਰਹਾਂਗੀ।
ਮੇਰੀ ਕਲਮਕਾਰ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਆਪਣੀਆਂ ਕਲਮਾਂ ਦੇ ਰੁਖ ਮੋੜੋ, ਆਪਣੀਆਂ ਕਲਮਾਂ ਸੱਚ ਲਈ ਵਾਹੋ, ਸੱਚ ਦੇ ਹੱਕ ਵਿਚ ਲਾਮਬੰਦ ਹੋਵੋ, ਸੱਚ ਲਈ ਆਵਾਜ਼ ਉਠਾਓ, ਨਹੀਂ ਤਾਂ ਅਸੀਂ ਵੀ ਗੁਨਾਹਗਾਰ ਹੋਵਾਂਗੇ।
ਕਿੰਨਾ ਚੰਗਾ ਹੋਵੇ ਜੇ ਕਲਮਕਾਰ ਹੀ ਸ਼ੁਰੂਆਤ ਕਰਨ ਅਤੇ ‘ਨਾਨਕ’ ਦੀ ਥਾਂ ‘ਗੁਰੂ ਨਾਨਕ’ ਲਿਖਣਾ ਸ਼ੁਰੂ ਕਰ ਦਿੱਤਾ ਜਾਵੇ। ਇਹ ਚੰਗਾ ਤੇ ਨੇਕ ਉਪਰਾਲਾ ਹੋਵੇਗਾ ਅਤੇ ਅਸੀਂ ਆਪਣੇ ਗੁਰੂ ਦੇ ਸਨਮੁਖ ਹੋ ਖੁਸ਼ੀਆਂ ਲੈ ਸਕਾਂਗੇ। ਆਓ, ਉਹ ਕਰਮ ਕਰੀਏ, ਜੋ ਸਾਡੇ ਧਰਮ ਅਤੇ ਸਮਾਜ ਦੇ ਹਿਤ ਵਿਚ ਹੋਣ, ਜਿਸ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਨਾ ਪਹੁੰਚੇ, ਕਿਉਂਕਿ ਸਮਾਂ ਬਹੁਤ ਭਿਆਨਕ ਹੈ ਤੇ ਹਰ ਪਾਸੇ ਖਲਬਲੀ ਮੱਚੀ ਪਈ ਹੈ। ਆਓ, ਮਿਲ ਕੇ ਕੋਈ ਚੰਗੀਆਂ ਤਦਬੀਰਾਂ ਘੜੀਏ ਤੇ ਕੁਝ ਚੰਗਾ ਕਰਨ ਵਿਚ ਆਪਣਾ ਹਿੱਸਾ ਪਾਈਏ ਅਤੇ ਗੁਰੂ ਚਰਨਾਂ ਵਿਚ ਸਮਰਪਿਤ ਹੋਈਏ।