ਬੱਸ ਕਰਾਵੇ ਵਕਤ ਦਾ ਗੇੜæææ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਹੰਝੂਆਂ ਨਾਲ ਭਰੀਆਂ ਅੱਖਾਂ ਉਸ ਦੇ ਦੁੱਖਾਂ ਦੀ ਗਵਾਹੀ ਭਰ ਰਹੀਆਂ ਸਨ। ਮੈਂ ਉਸ ਦੀ ਕਹਾਣੀ ਸੁਣਦਾ ਸੋਚ ਰਿਹਾ ਸੀ ਕਿ ਜਦੋਂ ਤੋਂ ਧਰਮ ਦੀ ਆੜ ਵਿਚ ਚੋਰਾਂ ਤੇ ਲੁਟੇਰਿਆਂ ਵਾਲੇ ਧੰਦੇ ਹੋਣ ਲੱਗ ਗਏ ਨੇ, ਉਦੋਂ ਤੋਂ ਲੋਕ ਜ਼ਿਆਦਾ ਲੁੱਟ ਹੋਣ ਲੱਗ ਗਏ ਹਨ। ਡੇਰਿਆਂ ਦੇ ਬਨੇਰਿਆਂ ‘ਤੇ ਜਗਦੀਆਂ ਰੰਗ-ਬਰੰਗੀਆਂ ਲਾਈਟਾਂ ਨੇ ਕਈਆਂ ਘਰਾਂ ‘ਚ ਹਨੇਰਾ ਕੀਤਾ ਹੈ। ਡੇਰੇ ਵਾਲਿਆਂ ਨੂੰ ਲੁੱਟਣ ਦਾ ਢੰਗ ਹੈ ਤੇ ਸਾਨੂੰ ਲੁਟਾਉਣ ਦਾ। ਕੁੱਤੀ ਚੋਰਾਂ ਨਾਲ ਜਦੋਂ ਰਲਦੀ ਹੈ, ਫਿਰ ਪਾੜ ਨਹੀਂ ਲੱਗਦਾ ਸਗੋਂ ਖੁੱਲ੍ਹੇ ਦਰਵਾਜ਼ੇ ਲੁੱਟ ਹੋਈਦਾ ਹੈ। ਬਾਈ ਕਰਮ ਸਿੰਘ ਨੇ ਆਪਣੇ ਦੁੱਖਾਂ ਦੀ ਗੱਠੜੀ ਖੋਲ੍ਹਦਿਆਂ ਦੱਸਿਆ:
ਮੈਂ ਮਾਪਿਆਂ ਦਾ ਇਕਲੌਤਾ ਪੁੱਤ ਤੇ ਦੋ ਭੈਣਾਂ ਦਾ ਭਰਾ ਹਾਂ। ਸਾਡੇ ਕੋਲ ਜ਼ਮੀਨ ਚੰਗੀ ਸੀ। ਪਿੰਡ ਵਿਚ ਚਾਰ ਭਾਈ ਪਿਉ-ਦਾਦੇ ਦੀ ਇੱਜ਼ਤ ਵੀ ਕਰਦੇ ਸਨ। ਮਾਂ-ਪਿਉ ਨੇ ਬੜੇ ਚਾਵਾਂ ਅਤੇ ਲਾਡਾਂ ਨਾਲ ਪਾਲਿਆ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਕਿਸੇ ਚੀਜ਼ ਦੀ ਘਾਟ ਨਹੀਂ ਸੀ ਆਈ। ਬਚਪਨ ਤੋਂ ਜਵਾਨੀ ਆਈ। ਪੜ੍ਹ ਕੇ ਖੇਤੀਬਾੜੀ ਕਰਨ ਲੱਗ ਗਿਆ। ਮੇਰਾ ਪਿਉ ਨੌਕਰੀ ਨੂੰ ਗ਼ੁਲਾਮੀ ਸਮਝਦਾ ਸੀ। ਖੇਤੀਬਾੜੀ ਨੂੰ ਪਿਤਾ ਪੁਰਖਿਆਂ ਦੀ ਦਿੱਤੀ ਪੱਕੀ ਨੌਕਰੀ ਕਹਿੰਦਾ ਸੀ। ਪਿਉ ਦੇ ਹੱਥਾਂ ਵਿਚ ਚੰਗੇ ਕਿਸਾਨ ਦੇ ਗੁਣ ਸਨ। ਬਲਦਾਂ ਨਾਲ ਖੇਤੀ ਕਰ ਕੇ ਹੀ ਸਭ ਕੁਝ ਬਣਾਇਆ ਸੀ। ਪਿਉ ਨੂੰ ਮੇਰੇ ਗੱਭਰੂ ਹੋਣ ਦੀ ਬੇਸਬਰੀ ਨਾਲ ਉਡੀਕ ਸੀ। ਤਾਹੀਉਂ ਤਾਂ ਦੁੱਧ-ਘਿਉ ਆਪਣੇ ਹੱਥੀਂ ਖਵਾਉਂਦਾ ਸੀ। ਫਿਰ ਪਿਉ ਦੇ ਚਾਵਾਂ ਨੂੰ ਚਾਰ ਚੰਨ ਲੱਗ ਗਏ ਜਦੋਂ ਮੈਂ ਅਠਾਰਾਂ ਸਾਲਾਂ ਦਾ ਹੋ ਗਿਆ। ਪਿਉ ਨੇ ਨਕਦ ਫੋਰਡ ਟਰੈਕਟਰ ਲੈ ਕੇ ਦਿੱਤਾ। ਹਾੜ੍ਹੀ ਸਾਉਣੀ ਦੇ ਸਾਰੇ ਸੰਦ ਬਣਾ ਲਏ। ਦੋਵੇਂ ਵੱਡੀਆਂ ਭੈਣਾਂ ਦੇ ਚੰਗੇ ਘਰੀਂ ਵਿਆਹ ਕੀਤੇ। ਉਨ੍ਹਾਂ ਦੇ ਪਰਿਵਾਰ ਵੀ ਸਾਡੇ ਵਾਂਗ ਖੇਤੀਬਾੜੀ ਹੀ ਕਰਦੇ ਸੀ। ਭੈਣਾਂ ਤੋਂ ਮਗਰੋਂ ਮੇਰੀ ਵਾਰੀ ਆ ਗਈ। ਮੇਰੇ ਨਾਲੋਂ ਪਹਿਲਾਂ ਪਿਉ ਨੂੰ ਕਾਹਲ ਹੁੰਦੀ ਕਿ ਮੈਂ ਚੰਗੇ ਖਾਨਦਾਨ ਵਿਚ ਮੁੰਡਾ ਵਿਆਹੁਣਾ ਹੈ।
ਕਈ ਥਾਂਵਾਂ ਤੋਂ ਦੇਖਣ ਵਾਲੇ ਆਏ ਪਰ ਗੱਲ ਨਾ ਬਣੀ। ਕਈ ਥਾਂਵਾਂ ‘ਤੇ ਅਸੀਂ ਕੁੜੀ ਦੇ ਖਾਨਦਾਨ ਕਰ ਕੇ ਰਿਸ਼ਤੇ ਛੱਡੇ। ਅਖੀਰ ਗੱਲ ਉਥੇ ਹੀ ਬਣ ਗਈ ਜਿੱਥੇ ਪਿਉ ਨਹੀਂ ਸੀ ਚਾਹੁੰਦਾ। ਕੁੜੀ ਵਾਲੇ ਕਿਸੇ ਡੇਰੇ ਦੇ ਪ੍ਰੇਮੀ ਸਨ ਤੇ ਸਾਡਾ ਪਰਿਵਾਰ ਗੁਰਦੁਆਰੇ ਤੋਂ ਬਿਨਾਂ ਕਿਤੇ ਵੀ ਸਿਰ ਨਹੀਂ ਝੁਕਾਉਂਦਾ ਸੀ। ਪਿਉ ਨੂੰ ਕੁੜੀ ਵਾਲਿਆਂ ਯਕੀਨ ਦਿਵਾਇਆ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਪਿਉ ਨੂੰ ਤਸੱਲੀ ਕਰਵਾ ਕੇ ਮੇਰੇ ਮੂੰਹ ਛੁਹਾਰਾ ਪਾ ਦਿੱਤਾ।
ਮੇਰਾ ਸਹੁਰਾ ਪਰਿਵਾਰ ਪੜ੍ਹਿਆ ਲਿਖਿਆ ਸੀ। ਮੇਰੀ ਪਤਨੀ ਕੁਲਬੀਰ ਅਤੇ ਇਹਦੇ ਦੋ ਵੱਡੇ ਭਰਾ ਹਨ। ਸਹੁਰਾ ਸਰਕਾਰੀ ਨੌਕਰੀ ਕਰਦਾ ਸੀ। ਕੁਲਬੀਰ ਦਾ ਵੱਡਾ ਭਰਾ ਸ਼ੀਤਲ ਡੇਰੇ ਹੀ ਰਹਿੰਦਾ ਸੀ। ਸ਼ੀਤਲ ਤੋਂ ਛੋਟਾ ਦਰਸ਼ਨ ਵੀ ਸਰਕਾਰੀ ਨੌਕਰੀ ‘ਤੇ ਲੱਗਿਆ ਹੋਇਆ ਸੀ। ਮੇਰੇ ਵਿਆਹ ਦੀਆਂ ਰਸਮਾਂ ਤਾਂ ਅਸੀਂ ਪੂਰੀ ਗੁਰ-ਮਰਿਆਦਾ ਨਾਲ ਕਰਵਾਈਆਂ ਸਨ, ਪਰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਸਹੁਰਾ ਪਰਿਵਾਰ ਤਾਂ ਡੇਰੇ ਤੋਂ ਬਿਨਾਂ ਸਾਹ ਵੀ ਨਹੀਂ ਲੈਂਦਾ। ਅਜੇ ਵਿਆਹ ਹੋਇਆਂ ਛੇ ਮਹੀਨੇ ਹੀ ਹੋਏ ਸੀ ਕਿ ਸ਼ੀਤਲ ਡੇਰੇ ਦੇ ਸਾਧ ਨਾਲ ਅਮਰੀਕਾ ਆ ਗਿਆ ਤੇ ਇਥੇ ਹੀ ਰਹਿ ਗਿਆ। ਕਈ ਸਾਲ ਧੱਕੇ ਖਾਂਦਾ ਹੋਇਆ ਸਿਟੀਜ਼ਨ ਹੋ ਗਿਆ। ਸ਼ੀਤਲ ਦਾ ਇੱਥੇ ਹੀ ਵਿਆਹ ਹੋ ਗਿਆ ਤੇ ਦਰਸ਼ਨ ਦਾ ਪਿੰਡ ਵਿਆਹ ਕਰ ਦਿੱਤਾ। ਫਿਰ ਸ਼ੀਤਲ ਨੇ ਸਾਡੇ ਕਾਗ਼ਜ਼ ਭਰ ਦਿੱਤੇ। ਪਿਉ ਮੇਰਾ ਕਹੇ ਹੁਣ ਸਾਡਾ ਘਰ ਪੱਟ ਹੋਊਗਾ। ਪਿਉ ਨੂੰ ਬਾਹਰਲੇ ਦੇਸ਼ਾਂ ਤੋਂ ਪਤਾ ਨਹੀਂ ਕਿਉਂ ਨਫ਼ਰਤ ਸੀ! ਮਾਂ ਕਹਿੰਦੀ, ‘ਚੱਲ ਗੇੜਾ ਕੱਢ ਕੇ ਮੁੜ ਆਈਂ।’ ਕਈ ਸਾਲਾਂ ਦੀ ਤਪੱਸਿਆ ਤੋਂ ਬਾਅਦ ਪਰਮਾਤਮਾ ਨੇ ਪਹਿਲਾਂ ਦੋ ਧੀਆਂ ਦਿੱਤੀਆਂ, ਫਿਰ ਪੁੱਤ ਝੋਲੀ ਪਾ ਦਿੱਤਾ। ਸਾਰਾ ਪਰਿਵਾਰ ਖੁਸ਼ ਹੋ ਗਿਆ। ਮੇਰੇ ਤਿੰਨੇ ਬੱਚੇ ਜਵਾਨੀ ਵੱਲ ਵਧ ਰਹੇ ਸਨ ਤਾਂ ਸਾਡੇ ਅਮਰੀਕਾ ਦੇ ਕਾਗ਼ਜ਼ ਨਿਕਲ ਆਏ। ਮੈਂ, ਕੁਲਬੀਰ ਤੇ ਬੱਚੇ ਖੁਸ਼ ਹੋ ਰਹੇ ਸੀ ਪਰ ਪਿਉ ਡਾਢਾ ਪ੍ਰੇਸ਼ਾਨ ਸੀ। ਉਹ ਮੈਨੂੰ ਤੇ ਅਮਰੀਕਾ ਨੂੰ ਘੋਟ-ਘੋਟ ਕੇ ਗਾਲਾਂ ਕੱਢਦਾ। ਫਿਰ ਉਸ ਨੇ ਮਨਜ਼ੂਰੀ ਦਿੱਤੀ ਕਿ ਮੈਂ ਅਮਰੀਕਾ ਜਾ ਕੇ ਛੇਤੀ ਵਾਪਸ ਆ ਜਾਵਾਂਗਾ। ਪਿਉ ਨੇ ਖੇਤੀਬਾੜੀ ਦਾ ਕੋਈ ਵੀ ਸੰਦ ਵੇਚਣ ਨਹੀਂ ਦਿੱਤਾ। ਮਾਂ ਨੇ ਤੋਰਨ ਲੱਗਿਆਂ ਛੇਤੀ ਮੁੜਨ ਦਾ ਵਾਅਦਾ ਯਾਦ ਕਰਵਾਇਆ। ਮਾਪਿਆਂ ਨੂੰ ਰੋਂਦੇ ਛੱਡ ਕੇ ਖੁਦ ਰੋਂਦਾ ਹੋਇਆ ਅਮਰੀਕਾ ਪਹੁੰਚ ਗਿਆ।
ਸ਼ੀਤਲ ਨੇ ਮਹੀਨਾ ਕੁ ਸਾਂਭਿਆ, ਫਿਰ ਸਾਡਾ ਰੈਣ ਬਸੇਰਾ ਵੱਖਰਾ ਕਰ ਦਿੱਤਾ। ਬੱਚੇ ਪੜ੍ਹਨ ਲੱਗ ਪਏ। ਮੈਨੂੰ ਕਿਸੇ ਸਟੋਰ ‘ਤੇ ਕੰਮ ਸਿੱਖਣ ਲਾ ਦਿੱਤਾ। ਮੈਂ ਆਪਣੀ ਅਜੇ ਪਹਿਲੀ ਕਮਾਈ ਹੀ ਘਰ ਲਿਆਇਆ ਸੀ ਕਿ ਪਿੰਡੋਂ ਸੁਨੇਹਾ ਮਿਲਿਆ-ਮੇਰਾ ਪਿਉ ਸੁਰਗਵਾਸ ਹੋ ਗਿਆ ਹੈ। ਆਪਣੇ ਪਿੰਡ ਤੱਕ ਰੋਂਦਾ ਹੀ ਗਿਆ। ਪਿਉ ਬਰਫ਼ ਦੇ ਢੇਰ ਵਿਚ ਬੱਗੀ ਪੂਣੀ ਬਣਿਆ ਸਦਾ ਦੀ ਨੀਂਦ ਸੁੱਤਾ ਪਿਆ ਸੀ। ਪਿਉ ਦੀਆਂ ਗੱਲਾਂ ਯਾਦ ਕਰਦਾ ਮੈਂ ਵੀ ਬਹੁਤ ਪਛਤਾ ਰਿਹਾ ਸੀ। ਮੇਰੀ ਵੱਡੀ ਗਲਤੀ ਸੀ ਕਿ ਭਰਿਆ ਭਰਾਇਆ ਘਰ ਛੱਡ ਕੇ ਮੈਂ ਬੇਘਰ ਹੋ ਗਿਆ ਸੀ। ਪਿਉ ਦੇ ਭੋਗ ਤੋਂ ਬਾਅਦ ਮਾਂ ਨੇ ਬਹੁਤ ਕਿਹਾ ਕਿ ਪੁੱਤ ਤੂੰ ਨਾ ਜਾਹ। ਬੱਚਿਆਂ ਨੂੰ ਇਥੇ ਸੱਦ ਲੈ, ਆਪਣੇ ਕੋਲ ਬਥੇਰੀ ਜਾਇਦਾਦ ਹੈ। ਮਾਂ ਨੂੰ ਝੂਠੀ ਤਸੱਲੀ ਦਿੰਦਾ ਰਿਹਾ। ਖੇਤੀਬਾੜੀ ਦੇ ਸੰਦਾਂ ਨਾਲ ਹੀ ਬਾਪੂ ਦਾ ਖਰੀਦਿਆ ਫੋਰਡ ਵੇਚ ਦਿੱਤਾ। ਘਰ ਖਾਲੀ ਕਰ ਕੇ, ਜ਼ਮੀਨ ਮਾਮਲੇ ‘ਤੇ ਦੇ ਕੇ ਰੋਂਦੀ ਮਾਂ ਨੂੰ ਛੱਡ ਕੇ ਮੈਂ ਫਿਰ ਨਵੇਂ ਬਣਾਏ ਆਲ੍ਹਣੇ ਵੱਲ ਪਰਵਾਜ਼ ਭਰ ਲਈ। ਪਿਉ ਦੀ ਪੁਰਾਣੀ ਫੋਟੋ ਕੰਧ ਨਾਲ ਲਾ ਕੇ, ਰੋਣ ਤੋਂ ਸਵਾਏ ਮੇਰੇ ਕੋਲ ਕੁਝ ਨਹੀਂ ਸੀ।
ਮਾਪਿਆਂ ਦਾ ਦੁੱਖ ਤਾਂ ਸਭ ਨੂੰ ਹੁੰਦਾ ਹੈ, ਪਰ ਮੇਰੇ ਕੋਲੋਂ ਪਿਉ ਦਾ ਦੁੱਖ ਝੱਲ ਨਹੀਂ ਹੁੰਦਾ ਸੀ। ਪਿੰਡ ਭੈਣਾਂ ਨੂੰ ਫੋਨ ਕਰ ਕੇ ਮਾਂ ਦਾ ਹਾਲ-ਚਾਲ ਪਤਾ ਕਰਦਾ ਰਹਿੰਦਾ। ਮਾਂ ਨਾਲ ਗੱਲ ਕਰਦਾ ਤਾਂ ਮਾਂ ਕਹਿ ਦਿੰਦੀ, “ਕਰਮਿਆ! ਪੁੱਤ ਆ ਜਾਹ, ਦੇਖੀਂ ਤੇਰੇ ਆਉਣ ਤੋਂ ਪਹਿਲਾਂ ਮੈਂ ਨਾ ਤੁਰ ਜਾਵਾਂ।” ਮੈਂ ‘ਮਾਂ ਛੇਤੀ ਆਊਂਗਾ’ ਕਹਿ ਛੱਡਦਾ। ਬੱਸ ਛੇਤੀ ਕਰਦਿਆਂ ਬਹੁਤ ਦੇਰ ਹੋ ਗਈ ਤੇ ਮਾਂ ਵੀ ਤੁਰ ਗਈ। ਫਿਰ ਪਿੰਡ ਗਿਆ। ਕਿਰਿਆ ਕਰਮ ਕਰ ਕੇ, ਘਰ ਦੀ ਚਾਬੀ ਭੈਣਾਂ ਹੱਥ ਫੜਾ, ਜਿਉਂਦੀ ਲਾਸ਼ ਬਣਿਆ ਵਾਪਿਸ ਆ ਗਿਆ। ਪਿਉ ਦੀ ਫੋਟੋ ਨਾਲ ਹੀ ਮਾਂ ਦੀ ਫੋਟੋ ਟੰਗ ਦਿੱਤੀ। ਉਨ੍ਹਾਂ ਦੀਆਂ ਯਾਦਾਂ ਨਾਲ ਗੱਲਾਂ ਕਰ ਕੇ ਮਨ ਹੌਲਾ ਕਰ ਲੈਂਦਾ। ਇਕ ਸਾਲ ਵਿਚ ਦੋਵੇਂ ਚਲੇ ਗਏ ਸਨ।
ਹੁਣ ਕੁਲਬੀਰ ਵੀ ਕੰਮ ‘ਤੇ ਜਾਣ ਲੱਗੀ। ਬੱਚੇ ਵੀ ਪੜ੍ਹਾਈ ਦੇ ਨਾਲ-ਨਾਲ ਥੋੜ੍ਹਾ-ਬਹੁਤਾ ਕੰਮ ਕਰੀ ਜਾਂਦੇ। ਗੁਜ਼ਾਰਾ ਵਧੀਆ ਹੋ ਰਿਹਾ ਸੀ। ਤਿੰਨੇ ਬੱਚੇ ਮੇਰੇ ਕਹਿਣੇ ਵਿਚ ਸਨ, ਪਰ ਸ਼ੀਤਲ ਦਾ ਮੇਰੇ ਪਰਿਵਾਰ ਵਿਚ ਹਰ ਗੱਲ ‘ਤੇ ਦਖਲ ਮੈਨੂੰ ਪਸੰਦ ਨਹੀਂ ਸੀ। ਮੈਨੂੰ ਇੰਜ ਲੱਗਦਾ ਜਿਵੇਂ ਉਸ ਨੇ ਮੈਨੂੰ ਅਮਰੀਕਾ ਸੱਦ ਕੇ ਕੰਡਿਆਂ ਨਾਲ ਭਰਿਆ ਖੇਸ ਮੇਰੇ ਉਤੇ ਦੇ ਦਿੱਤਾ ਹੋਵੇ। ਆਪਣੇ ਆਪ ‘ਤੇ ਕਾਬੂ ਰੱਖਦਾ ਮੈਂ ਵਕਤ ਨੂੰ ਧੱਕਾ ਲਾਈ ਗਿਆ। ਸਾਰਾ ਪਰਿਵਾਰ ਸਿਟੀਜ਼ਨ ਹੋ ਗਿਆ। ਹੁਣ ਵੱਡੀ ਧੀ ਵਾਸਤੇ ਵਰ ਦੇਖਣ ਲੱਗੇ। ਸ਼ੀਤਲ ਨੇ ਆਪਣੇ ਸਾਧ ਨੂੰ ਦੱਸ ਦਿੱਤਾ ਕਿ ਅਸੀਂ ਆਪਣੀ ਭਾਣਜੀ ਵਿਆਹੁਣੀ ਹੈ। ਅੱਗਿਓਂ ਸਾਧ ਨੇ ਕਈ ਮੁੰਡਿਆਂ ਦੀ ਦੱਸ ਪਾਈ। ਮੈਂ ਬਹੁਤ ਜ਼ੋਰ ਲਾਇਆ ਕਿ ਸਾਧ ਦੀ ਦੱਸ ਵਾਲੇ ਥਾਂ ਰਿਸ਼ਤਾ ਨਹੀਂ ਕਰਨਾ, ਪਰ ਸ਼ੀਤਲ ਤੇ ਸਹੁਰਿਆਂ ਦੀ ਜ਼ਿਦ ਅੱਗੇ ਮੇਰੀ ਕੋਈ ਪੇਸ਼ ਨਾ ਗਈ। ਸਾਰੇ ਕਹਿੰਦੇ ਐਸ਼ਐਸ਼ਪੀæ ਡੇਰੇ ਦਾ ਪੁਰਾਣਾ ਸ਼ਰਧਾਲੂ ਹੈ ਤੇ ਉਸ ਦਾ ਲੜਕਾ ਪੜ੍ਹਿਆ-ਲਿਖਿਆ ਵੀ ਹੈ। ਨਸ਼ਿਆਂ ਤੋਂ ਰਹਿਤ ਰਿਸ਼ਤੇ ਨਹੀਂ ਮਿਲਦੇ। ਸਹੁਰਿਆਂ ਨੇ ਸਾਧ ਦੀ ਮਰਜ਼ੀ ਅਨੁਸਾਰ ਐਸ਼ਐਸ਼ਪੀæ ਦੇ ਮੁੰਡੇ ਨੂੰ ਮੇਰੀ ਵੱਡੀ ਧੀ ਦਾ ਰਿਸ਼ਤਾ ਕਰਵਾ ਦਿੱਤਾ। ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਅਸੀਂ ਤਾਂ ਵਾਪਸ ਆ ਗਏ, ਧੀ ਉਥੇ ਹੀ ਰਹਿ ਗਈ। ਦੋ ਕੁ ਮਹੀਨਿਆਂ ਬਾਅਦ ਮੇਰੀ ਧੀ ਨੂੰ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋ ਗਿਆ ਹੈ। ਜਵਾਈ ਪੱਕਾ ਸਮੈਕੀਆ ਨਿਕਲਿਆ। ਮੈਂ ਸ਼ੀਤਲ ਨੂੰ ਦੱਸਿਆ, ਪਰ ਉਸ ਨੇ ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੱਤਾ। ਸਾਧ ਨੂੰ ਫੋਨ ਕੀਤੇ, ਉਹ ਕਹੇ, ‘ਮੁੰਡੇ ‘ਤੇ ਝੂਠੇ ਇਲਜ਼ਾਮ ਲਾਉਂਦੇ ਹੋ।’ ਵਿਚਾਰੀ ਉਥੋਂ ਭੱਜ ਕੇ ਹੀ ਜਹਾਜ਼ ਚੜ੍ਹੀ।
ਫਿਰ ਅਸੀਂ ਜਵਾਈ ਦੇ ਪੇਪਰ ਕਿੱਥੇ ਅਪਲਾਈ ਕਰਨੇ ਸੀ। ਸ਼ੀਤਲ ਕਹੇ ਮੁੰਡੇ ਦੇ ਪੇਪਰ ਭਰੋ, ਮਹਾਂਪੁਰਸ਼ ਗੁੱਸੇ ਹੁੰਦੇ ਹਨ। ਐਸ਼ਐਸ਼ਪੀæ ਵੀ ਡਰਾਵੇ ਵਾਲੇ ਫੋਨ ਕਰਦਾ। ਧੀ ਮੇਰੀ ਨਾ ਵਿਆਹਿਆਂ ‘ਚ, ਨਾ ਛੱਡਿਆਂ ‘ਚ। ਰੋ-ਰੋ ਬੁਰਾ ਹਾਲ ਕਰ ਲੈਂਦੀ। ਫਿਰ ਧੀ ਨੂੰ ਲੈ ਕੇ ਇੰਡੀਆ ਗਿਆ ਤਲਾਕ ਲੈਣ ਲਈ। ਐਸ਼ਐਸ਼ਪੀæ ਕਹਿੰਦਾ ਮੇਰੇ ਤੀਹ ਲੱਖ ਰੁਪਏ ਵਾਪਸ ਕਰ। ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਵਿਚਲੀ ਗੱਲ ਦਾ ਪਤਾ ਲੱਗਿਆ ਤਾਂ ਡੇਰੇ ਦਾ ਸਾਧ ਹੀ ਐਸ਼ਐਸ਼ਪੀæ ਤੋਂ ਰੁਪਏ ਲੈ ਕੇ ਹਜ਼ਮ ਕਰ ਗਿਆ। ਅਸੀਂ ਅਜੇ ਪਿੰਡ ਹੀ ਸੀ ਕਿ ਐਸ਼ਐਸ਼ਪੀæ ਦਾ ਮੁੰਡਾ, ਯਾਨਿ ਮੇਰਾ ਜਵਾਈ ਨਸ਼ੇ ਦੀ ਵਾਧ ਨਾਲ ਪੂਰਾ ਹੋ ਗਿਆ। ਸਾਧ ਨਾਲੋਂ ਚੰਗਾ ਨਿਕਲਦਾ ਐਸ਼ਐਸ਼ਪੀæ ਰਾਜ਼ੀਨਾਮਾ ਕਰ ਗਿਆ। ਅਸੀਂ ਆਪਣੀ ਜਾਨ ਬਚਾ ਕੇ ਵਾਪਸ ਆ ਗਏ।
ਥੋੜ੍ਹਾ ਸਮਾਂ ਲੰਘਿਆ। ਫਿਰ ਮੈਂ ਦੂਜੀ ਧੀ ਵਾਸਤੇ ਆਪ ਮੁੰਡਾ ਦੇਖਿਆ। ਸਾਡੇ ਵਰਗਾ ਹੀ ਪਰਿਵਾਰ ਸੀ। ਸ਼ੀਤਲ ਨੂੰ ਪਤਾ ਲੱਗਿਆ ਤਾਂ ਰੌਲਾ ਪਾਵੇ। ਮੈਂ ਉਸ ਦੀ ਇਕ ਨਹੀਂ ਸੁਣੀ। ਪਿੰਡ ਜਾ ਕੇ ਧੀ ਦਾ ਵਿਆਹ ਕਰ ਆਏ। ਸਾਡੇ ਆਉਣ ਤੋਂ ਬਾਅਦ ਸਾਧ ਨੇ ਮੇਰਾ ਜਵਾਈ ਪੁਲਿਸ ਨੂੰ ਚੁਕਾ ਦਿੱਤਾ। ਪੁਲਿਸ ਨੇ ਇਲਜ਼ਾਮ ਲਾਇਆ ਕਿ ਇਹ ਸਮੈਕ ਵੇਚਦਾ ਹੈ। ਮੈਂ ਫਿਰ ਪਿੰਡ ਗਿਆ। ਅਜਿਹੀ ਕੋਈ ਗੱਲ ਨਹੀਂ ਸੀ। ਸਾਧ ਦੀ ਸਰਕਾਰੇ-ਦਰਬਾਰੇ ਪੁੱਛ-ਗਿੱਛ ਹੋਣ ਕਰ ਕੇ ਉਸ ਨੇ ਆਪਣੀ ਜ਼ਿਦ ਪੁਗਾਈ ਸੀ। ਫਿਰ ਪੁਲਿਸ ਨੂੰ ਰਿਸ਼ਵਤ ਦੇ ਕੇ ਜਵਾਈ ਛੁਡਾਇਆ। ਜਵਾਈ ਨੂੰ ਵੀਜ਼ਾ ਲੁਆ ਕੇ ਨਾਲ ਹੀ ਲੈ ਕੇ ਆਏ। ਪਰਮਾਤਮਾ ਦਾ ਸ਼ੁਕਰ ਮਨਾਇਆ। ਸ਼ੀਤਲ ਲੋਕਾਂ ਕੋਲ ਕਹਿੰਦਾ ਹੈ, ‘ਇਥੇ ਕਿਸੇ ਨੂੰ ਸੱਦ ਕੇ ਮਦਦ ਨਹੀਂ ਕਰਨੀ ਚਾਹੀਦੀ, ਸਾਰੇ ਬਦਲ ਜਾਂਦੇ ਹਨ’, ਜਦਕਿ ਸ਼ੀਤਲ ਦੇ ਬੀਜੇ ਕੰਡੇ ਮੈਂ ਹੁਣ ਤੱਕ ਚੁਗ ਰਿਹਾ ਹਾਂ। ਪਿਉ ਦੀਆਂ ਕਹੀਆਂ ਗੱਲਾਂ ਮੁੜ-ਮੁੜ ਯਾਦ ਆਉਂਦੀਆਂ ਹਨ। ਸਾਧ ਹੁਣ ਵੀ ਅਮਰੀਕਾ ਫੇਰੀ ‘ਤੇ ਆਉਂਦਾ ਹੈ। ਬੜਾ ਕੀਰਤਨ ਕਰਦਾ ਹੈ ਪਰ ਅੰਦਰੋਂ ਸੱਪ ਨਾਲੋਂ ਵੀ ਜ਼ਹਿਰੀਲਾ ਹੈ। ਲੋਕ ਪਤਾ ਨਹੀਂ ਕਿਉਂ ਲੰਮੇ ਪੈ ਕੇ ਮੱਥਾ ਟੇਕਦੇ ਹਨ? ਦੋ ਵਾਰ ਸਾਧ ਨੇ ਮੇਰੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹਿਆ। ਪੁਲਿਸ ਨੇ ਰਿਸ਼ਵਤ ਲੈ ਕੇ ਹੀ ਰਾਜ਼ੀਨਾਮਾ ਕੀਤਾ। ਜੋ ਕੁਝ ਮੇਰੇ ਨਾਲ ਹੋ ਰਿਹਾ ਹੈ, ਜਾਂ ਕਰਵਾਇਆ ਜਾ ਰਿਹਾ, ਲੱਗਦਾ ਹੈ ਪਿਉ ਦੇ ਕਹਿਣ ਅਨੁਸਾਰ ਮੇਰਾ ਘਰ ਹੀ ਪੱਟ ਹੋਊਗਾ। ਮਾੜੇ ਸਮੇਂ ‘ਚੋਂ ਲੰਘਦਿਆਂ ਆਈ ਅਕਲ ਲੋਕਾਂ ਨਾਲ ਸਾਂਝੀ ਕਰਦਾ ਕਹਿੰਦਾ ਹਾਂ ਕਿ ਸਾਧ ਦੇ ਡੇਰਿਆਂ ਤੇ ਸਾਊ ਚਿਹਰਿਆਂ ਤੋਂ ਬਚੋ। ਧੀ-ਪੁੱਤ ਵਿਆਹੁਣ ਤੋਂ ਪਹਿਲਾਂ ਉਚਿਆਂ ਘਰਾਂ ਵੱਲ ਨਹੀਂ, ਮਨ ਦੇ ਨੀਵਿਆਂ ਨਾਲ ਨਾਤੇ ਜੋੜੋ, ਇਸੇ ਵਿਚ ਹੀ ਭਲਾ ਹੈ।
ਬਾਈ ਕਰਮ ਸਿੰਘ ਦੀ ਕਹਾਣੀ ਸੁਣ ਕੇ ਮੈਂ ਵੀ ਹੰਝੂਆਂ ਨਾਲ ਹੁੰਗਾਰੇ ਭਰੇ।

Be the first to comment

Leave a Reply

Your email address will not be published.