ਯਾਰੜੇ ਦੇ ਸੱਥਰ ਦਾ ਸਿਦਕ, ਸਿਰੜ ਅਤੇ ਸੱਚ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਪੋਹ ਮਹੀਨੇ ਦੀ ਪਹਿਲੀ ਅਤੇ ਸੱਜਰੀ ਸਵੇਰ ਮੌਸਮੀ ਪੱਖ ਤੋਂ ਸਰਦੀ ਦਾ ਕਹਿਰ, ਇਸ ਮਹੀਨੇ ਦਾ ਠਰਿਆ ਹੋਇਆ ਸੱਚ ਤੇ ਪਛਾਣ ਹੈ।
ਇਤਿਹਾਸ ਦੇ ਨੁਕਤੇ ਤੋਂ ਇਹ ਮਹੀਨਾ ਦਸਮੇਸ਼ ਪਿਤਾ ਦੇ ਸਰਬੰਸ-ਦਾਨ ਨਾਲ ਜੁੜਿਆ ਹੋਇਆ ਹੈ। ਇਸ ਮਹੀਨੇ ਵਿਚ ਤਿੰਨ ਦਿਵਸ ਅਜਿਹੇ ਹਨ, ਜੋ ਨਾਨਕ ਨਾਮ ਲੇਵਿਆਂ ਦੇ ਦਿਲ ਵਿਚ ਕੰਡੇ ਵਾਂਗ ਚੁਭੇ, ਟੀਸ ਬਣ ਉਭਰੇ ਤੇ ਫੁੱਲ ਵਾਂਗ ਖਿੜ ਗਏ।

ਜੇ ਇਨ੍ਹਾਂ ਦਿਨਾਂ, ਦਿਵਸਾਂ ਜਾਂ ਦੇਸ੍ਹਿਆਂ ਨੂੰ ਸਥਾਨ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਹਨ: ਚਮਕੌਰ ਸਾਹਿਬ, ਸਰਹਿੰਦ ਅਤੇ ਮਾਛੀਵਾੜਾ।
ਅਸੀਂ ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਇਨ੍ਹਾਂ ਤਿੰਨਾਂ ਸਥਾਨਾਂ ‘ਤੇ ਦਸਮੇਸ਼ ਪਿਤਾ ਦੇ ਸਰਬੰਸ-ਦਾਨ ਨਾਲ ਜੁੜੇ ਜੋੜ-ਮੇਲਿਆਂ ‘ਚ ਗੁਰੂ ਪ੍ਰਤੀ ਮਹਾਂ ਉਦਾਸੀ ਅਤੇ ਸ਼ੁਕਰਗੁਜਾਰੀ ਦੇ ਆਲਮ ਵਿਚ ਨਤਮਸਤਕ ਹੁੰਦੇ ਹਾਂ।
ਦਸਮੇਸ਼ ਪਿਤਾ ਦੇ ਦੋ ਦੁਲਾਰੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਜੰਗੇ ਮੈਦਾਨ ‘ਚ ਲੜਦੇ ਲੜਦੇ ਸ਼ਹੀਦ ਹੋ ਗਏ ਅਤੇ ਦੋ ਛੋਟੇ ਲਖਤਿ-ਜਿਗਰ ਸਰਹਿੰਦ ਦੀਆਂ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ।
ਦਸਮੇਸ਼ ਪਿਤਾ ਦੇ ਮਾਤਾ ਗੁਜਰੀ ਆਪਣੇ ਨਿਕੜੇ ਪੋਤਰਿਆਂ ਦੀ ਸ਼ਹਾਦਤ ਦੀ ਅਸਹਿ ਅਤੇ ਅਕਹਿ ਖਬਰ ਸੁਣਦੇ ਸਾਰ ਸਰਹਿੰਦ ਵਿਖੇ ਠੰਡੇ ਬੁਰਜ ਵਿਚ ਹੀ ਵਾਹਿਗੁਰੂ ਵਿਚ ਲੀਨ ਹੋ ਗਏ ਤੇ ਪ੍ਰਾਣ ਤਿਆਗ ਦਿੱਤੇ।
ਦਾਦੀ ਮਾਂ ਗੁਜਰੀ ਦੇ ਲਾਲ ਦੇ ਲਾਲਾਂ ਦੇ ਵਿਛੋੜੇ ਦੇ ਅਹਿਸਾਸ ਅਤੇ ਸੀਨੇ ਦੇ ਦੁਖੜੇ ਜਾਣ ਕੇ ਤਾਂ ਧਰਤੀ ਦਾ ਸੀਨਾ ਪਾਟ ਜਾਵੇ, ਅੰਬਰ ਕੰਬ ਜਾਵੇ ਤੇ ਬ੍ਰਹਿਮੰਡ ਬਿਖਰ ਜਾਵੇ।
ਦਸਮੇਸ਼ ਪਿਤਾ ਬਿਨਾ ਕਲਗੀ, ਬਿਨਾ ਘੋੜੇ ਅਤੇ ਬਿਨਾ ਜੋੜੇ ਦੇ ਮਾਛੀਵਾੜੇ ਦੇ ਜੰਗਲ ਵਿਚ ਜਾ ਬਿਰਾਜੇ। ਖੂਹ ਦੀ ਟਿੰਡ ਉਤਾਰ ਕੇ ਪਾਣੀ ਪੀਤਾ ਤੇ ਉਸ ਦਾ ਸਿਰਹਾਣਾ ਬਣਾ ਕੇ ਜੰਡ ਦੇ ਰੁੱਖ ਹੇਠ ਸੌਂ ਗਏ, ‘ਨੇਹੁ ਵਾਲੇ ਨੈਣਾਂ ਕੀ ਨੀਂਦਰ।’ ਰਾਤ ਨੂੰ ਦਸਮੇਸ਼ ਪਿਤਾ ਦੇ ਮਨ ਮਸਤਕ ‘ਚ ਪੁਤਰ, ਪਤੀ ਅਤੇ ਪਿਤਾ ਹੋਣ ਦੇ ਭਰਵੇਂ ਅਹਿਸਾਸ ਜਾਗੇ ਹੋਣਗੇ।
ਪਿਤਾ ਸ੍ਰੀ ਗੁਰੂ ਤੇਗ ਬਹਾਦਰ ਦਾ ਸਾਇਆ ਯਾਦ ਆਇਆ ਹੋਵੇਗਾ, ਮਾਂ ਗੁਜਰੀ ਦੀ ਨਿੱਘੀ ਗੋਦ ਚੇਤੇ ਆਈ ਹੋਵੇਗੀ, ਪ੍ਰਾਣ ਪਿਆਰੀਆਂ ਪਤਨੀਆਂ ਦੀ ਪਤਾਸੇ ਜਿਹੀ ਨਿਰਮਲ ਮਿਠਾਸ ਦਾ ਚੇਤਾ ਆਇਆ ਹੋਵੇਗਾ ਤੇ ਆਪਣੇ ਖੂਨ ਦੀਆਂ ਚਾਰ ਕ੍ਰਿਸ਼ਮਈ ਅਤੇ ਅਲੌਕਿਕ ਕਣੀਆਂ ਦੇ ਲਾਡ ਤੇ ਮਣਾਂ ਮੂੰਹੀਂ ਮੋਹ ਦੀ ਯਾਦ ਆਈ ਹੋਵੇਗੀ।
ਆਪਣੇ ਦਾਦੇ ਦੀ ਸ਼ਮਸ਼ੀਰ ਦੀ ਲਿਸ਼ਕੋਰ ਚੇਤੇ ਕਰਕੇ ਉਨ੍ਹਾਂ ਆਪਣੀ ਤੇਗ ਨੂੰ ਜ਼ਰੂਰ ਸੀਨੇ ਨਾਲ ਲਾਇਆ ਹੋਵੇਗਾ। ਆਪਣੇ ਪੜਦਾਦੇ ਨੂੰ ਤੱਤੀ ਤਵੀ ‘ਤੇ ਬੈਠਿਆਂ ਯਾਦ ਕਰਕੇ, ਉਨ੍ਹਾਂ ਦੇ ਸੀਤ ਹਿਰਦੇ ਵਿਚ ਜ਼ਰੂਰ ਰੋਹ ਦੇ ਭਾਂਬੜ ਮਚੇ ਹੋਣਗੇ ਤੇ ਉਨ੍ਹਾਂ ਨੂੰ ਚੇਤੇ ਆਈ ਹੋਵੇਗੀ ਆਪਣੀ ਹੀ ਬਾਣੀ, ‘ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ॥’
ਉਨ੍ਹਾਂ ਦੀ ਪਰਤੀ ਹੋਈ ਸੁਰਤ ਜ਼ਰੂਰ ਪੁੱਜ ਗਈ ਹੋਵੇਗੀ ਆਪਣੇ ਬਾਬੇ ਦੇ ਬਾਬੇ, ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ; ਜਿਨ੍ਹਾਂ ਦੇ ਸੁਰਤ ਸੰਭਾਲਣ ‘ਤੋਂ ਪਹਿਲਾਂ ਹੀ ਕੁਦਰਤ ਨੇ ਮਾਂ-ਪਿਉ ਦਾ ਸਾਇਆ ਖੋਹ ਲਿਆ ਸੀ; ਜੋ ਆਪਣੀ ਨਾਨੀ ਮਾਂ ਦੇ ਘਰ ਦਾ ਤੋਰਾ ਤੋਰਨ ਲਈ ਘੁੰਗਣੀਆਂ ਦੀ ਫੜ੍ਹੀ ਲਾਉਣ ਲੱਗ ਪਏ ਸਨ। ਇਹ ਉਹੀ ਫੜ੍ਹੀ ਸੀ, ਜੋ ਉਨ੍ਹਾਂ ਨੂੰ ਗੁਰੂ ਨਾਨਕ ਤੋਂ ਅੰਗਦ ਤੇ ਅੰਗਦ ਤੋਂ ਅਮਰਦਾਸ ਬਣੇ ਸਤਿਗੁਰੂ ਦੇ ਦਰ ‘ਤੇ ਲੈ ਗਈ ਸੀ ਤੇ ਭਾਈ ਜੇਠੇ ਤੋਂ ਧੰਨ ਗੁਰੂ ਰਾਮਦਾਸ ਹੋਣ ਦਾ ਸਬੱਬ ਬਣੀ ਸੀ।
ਕੌਣ ਕਹਿ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਮਹਾਂ ਇਕੱਲ ਦੇ ਆਲਮ ਵਿਚ ਆਪਣੇ ਇਸ਼ਕ ਅਤੇ ਇਸ਼ਟ ਨੂੰ ਸਿਰ ਤਲੀ ‘ਤੇ ਧਰ ਕੇ ਨਿਭਾਉਣ ਵਾਲੇ ਸਿਦਕੀ ਅਤੇ ਸਿਰੜੀ ਖਾਲਸੇ ਦੀ ਯਾਦ ਨਹੀਂ ਆਈ ਹੋਵੇਗੀ! ਇਨ੍ਹਾਂ ਮੌਲਦੀਆਂ ਯਾਦਾਂ ਦੇ ਖੌਲਦੇ ਹੜ੍ਹ ‘ਚ ਦਸਮੇਸ਼ ਪਿਤਾ ਨੇ ਉਚਾਰਣ ਕੀਤਾ,
ਮਿਤ੍ਰ ਪਿਆਰੇ ਨੂੰ
ਹਾਲੁ ਮੁਰੀਦਾ ਦਾ ਕਹਣਾ॥
ਤੁਧੁ ਬਿਨੁ ਰੋਗੁ ਰਜਾਯੀਆ ਦਾ ਓਢਣੁ
ਨਾਗ ਨਿਵਾਸਾ ਦਾ ਰਹਣਾ॥
ਸੂਲ ਸੁਰਾਹੀ ਖੰਜਰ ਪਿਯਾਲਾ
ਬਿੰਗੁ ਕਸਾਈਯਾ ਦਾ ਸਹਣਾ॥
ਯਾਰੜੇ ਦਾ ਸਾਨੂੰ ਸਥਰ ਚੰਗਾ
ਭਠ ਖੇੜਿਆਂ ਦਾ ਰਹਣਾ॥
ਗੁਰੂ ਨਾਨਕ ਪਾਤਿਸ਼ਾਹ ਦੀਆਂ ਗਿਆਨਮਈ ਉਦਾਸੀਆਂ ਦੇ ਮਹਾਂ ਸੰਕਲਪ, ਤਿਆਗ ਅਤੇ ਸ਼ਹਾਦਤ ਦੇ ਪੁੰਜ ਤੇ ਪ੍ਰੇਰਨਾ ਸਰੋਤ ਇਸ ਸ਼ਬਦ ਵਿਚ ਹਲੀਮੀ ਰਾਜ ਦੇ ਤਮਾਮ ਨਕਸ਼ ਉਕਰੇ ਅਤੇ ਉਭਰੇ ਹੋਏ ਹਨ। ਇਸ ਸ਼ਬਦ ਦੇ ਪਦ ਚਿੰਨ੍ਹਾਂ ਦੀ ਸ਼ਨਾਖਤ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਕੇਤਕ ਬੇਗਮਪੁਰੇ ਦੇ ‘ਹਲੇਮੀ ਰਾਜੁ’ ਵੱਲ ਮੋੜ ਅਤੇ ਤੋਰ ਸਕਦੀ ਹੈ।
ਇਸ ਸ਼ਬਦ ਵਿਚ ਏਨੇ ਸੱਚੇ ਅਤੇ ਸੁੱਚੇ ਹੌਲ ਉਠਦੇ ਹਨ ਤੇ ਦਿਲ ਨੂੰ ਧੂਹ ਪਾਉਂਦੇ ਹਨ ਕਿ ਇਹ ਸਾਨੂੰ ਉਸ ਅਰਾਜਕਤਾ ਵਿਚੋਂ ਧੂਹ ਕੇ ਬਾਹਰ ਕੱਢ ਸਕਦੇ ਹਨ, ਜਿਸ ਵਿਚ ਸਾਨੂੰ ਪੱਛਮੀ ਬਸਤੀਵਾਦੀ ਬੁੱਧੀਵਾਦ, ਭਾਰਤੀ ਏਕਾ-ਕੇਂਦ੍ਰਿਤ ਰਾਸ਼ਟਰਵਾਦ ਤੇ ਪੰਜਾਬ ਦਾ ‘ਦਲਦਲਵਾਦ’ ਲੈ ਵੜਿਆ ਹੈ।
ਦਸਮੇਸ਼ ਪਿਤਾ ਦੇ ਇਸ ਸ਼ਬਦ ਵਿਚ ਪੰਜਾਬ ਦੀ ਉਸ ਸਮੱਸਿਆ ਦਾ ਹੱਲ ਵੀ ਛੁਪਿਆ ਹੋਇਆ ਹੈ, ਜੋ ਆਇਲੈਟਸ ਕੇਂਦਰਾਂ ‘ਚੋਂ ਲੱਖਾਂ ਰੁਪਏ ਖਰਚ ਕੇ ਮਿਲਣ ਵਾਲੇ ਬੈਂਡਾਂ ਦੇ ਆਸਰੇ, ਯਾਰੜੇ ਦੇ ਸੱਥਰ ਨੂੰ ਅਲਵਿਦਾ ਆਖ ਕੇ ਖੇੜਿਆਂ ਦੇ ਮੁਲਕ ਵੱਲ ਉਡਾਰੀ ਮਾਰ ਜਾਣ ਦੀ ਹੈ।
ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਖੇੜਿਆਂ ਦੇ ਨਿਵਾਸ, ਰਜਾਈਆਂ ਦੇ ਓਢਣ, ਸੁਰਾਹੀਆਂ, ਪਿਆਲੇ ਅਤੇ ਸ਼ੋਖ ਨੈਣ ਪਿਆਰ ਵਿਚ ਭਿੱਜੀਆਂ ਸੱਚੀਆਂ-ਸੁੱਚੀਆਂ, ਸਿਦਕੀ ਅਤੇ ਸਿਰੜੀ ਰੂਹਾਂ ਨੂੰ ਨਾਗਾਂ ਵਾਂਗ ਡੱਸਦੇ ਹਨ, ਰੋਗ ਵਾਂਗ ਗ੍ਰਸਦੇ ਹਨ, ਸੂਲ ਵਾਂਗ ਚੁਭਦੇ ਹਨ, ਖੰਜਰ ਵਾਂਗ ਖੁਭਦੇ ਹਨ, ਕਸਾਈ ਵਾਂਗ ਕੋਂਹਦੇ ਅਤੇ ਭੱਠ ਵਾਂਗ ਸਾੜਦੇ ਹਨ।
ਇਹ ਸ਼ਬਦ ਸਾਡੇ ਧੁਰ ਅੰਦਰ ਨੂੰ ਪ੍ਰੇਰਦਾ ਹੈ ਕਿ ਆਉ! ਖੇੜਿਆਂ ਦੀ ਝੂਠੀ ਚਮਕ ਦਮਕ ਦਾ ਤਿਆਗ ਕਰੀਏ, ਯਾਰੜੇ ਦੇ ਸੱਥਰ ਨੂੰ ਤਰਜੀਹ ਦੇਈਏ ਤੇ ਇਸ ਪੋਹ ਦੇ ਮਹੀਨੇ, ਹਰ ਰੋਜ਼ ਦਸਮੇਸ਼ ਪਿਤਾ ਦੀ ਲਾਸਾਨੀ ਕਥਨੀ ਤੇ ਕਰਨੀ ਅੱਗੇ ਸਿਰ ਨਿਵਾਈਏ ਅਤੇ ਆਪਣੇ ਅੰਦਰਲੇ ਨਾਨਕ ਨਾਮ ਲੇਵਾ ਸਿੱਖ ਸਿਦਕ, ਸਿਰੜ ਤੇ ਸੱਚ ਵੱਲ ਗਹੁ ਨਾਲ ਦੇਖੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ! ‘ਸਿਦਕੁ ਕਰਿ ਸਿਜਦਾ ਮਨੁ ਕਰਿ ਮਕਸੂਦੁ॥’