ਸ਼ਿਵਨਾਥ ਦੀਆਂ ਇੰਦਰ ਸਿੰਘ ਮੁਰਾਰੀ (1895 ਤੋਂ 1981) ਨਾਲ ਗੱਲਾਂ
ਜਿਨ੍ਹੀਂ ਦਿਨੀ ਫਸਾਦ ਸ਼ੁਰੂ ਹੋਏ, ਅਸੀਂ ਲਾਹੌਰ ਤੇਜਾ ਸਿੰਘ ਸੁਤੰਤਰ ਦੀ ਕੋਠੀ ਵਿਚ ਰਹਿੰਦੇ ਸਾਂ। ਇਸ ਥਾਂ ਬੜੀਆਂ ਮੀਟਿੰਗਾਂ ਹੋਈਆਂ ਸਨ।
ਕਮਿਉਨਿਸਟ ਪਾਰਟੀ ਦੇ ਕਿਸੇ ਕੰਮ ਮੈਨੂੰ ਸਿਆਲਕੋਟ ਘੱਲਿਆ ਗਿਆ, ਤਾਂ ਉਥੇ ਜਾਂਦਿਆਂ ਨੂੰ ਕਰਫਿਊ ਦਾ ਅਲਾਰਮ! ਲੁਕ-ਲੁਕਾ ਕੇ ਪਾਰਟੀ ਦਫਤਰ ਪੁੱਜਾ ਤਾਂ ਅੱਗੋਂ ਬੂਹਾ ਬੰਦ। ਸੋ ਰਾਤ ਗੁਰਦੁਆਰੇ ਹੀ ਕੱਟਣੀ ਪਈ।
ਦਿਨੇ ਉਠ ਦਫਤਰ ਅੱਪੜਿਆ। ਵੇਖ ਕੇ ਮੁਸਲਮਾਨ ਕਾਮਰੇਡ ਦਾ ਰੰਗ ਫੱਕ। ਆਖੇ, ਤੂੰ ਇਥੇ ਆਉਣ ਦੀ ਬੜੀ ਭੁੱਲ ਕੀਤੀ ਏ, ਘੜੀ-ਘੜੀ ਪਿੱਛੋਂ ਤਾਂ ਇਥੇ ਛੁਰੇ ਚਲ ਰਹੇ ਨੇ।
ਉਸ ਨਾਲ ਦੀ ਦੁਕਾਨ ਤੋਂ ਮੇਰੇ ਖਾਣ ਲਈ ਕੁਝ ਲਿਆ ਕੇ ਦਿੱਤਾ ਤੇ ਫਿਰ ਓਸੇ ਵੇਲੇ ਮੇਰੇ ਨਾਲ ਜਾ ਕੇ ਬੱਸ ‘ਤੇ ਬਿਠਾ ਕੇ ਮੈਨੂੰ ਲਾਹੌਰ ਤੋਰ ਦਿੱਤਾ। ਬੱਸ ਵੀ ਉਹ ਫੜ ਕੇ ਦਿੱਤੀ, ਜਿਹਦੇ ਡਰਾਈਵਰ ਤੇ ਕੰਡਕਟਰ ਉਹਦੇ ਜਾਣੂੰ ਸਨ। ਉਸ ਉਨ੍ਹਾਂ ਨੂੰ ਸਮਝਾ ਕੇ ਪੱਕੀ ਕੀਤੀ ਕਿ ਇਹਨੂੰ (ਮੈਨੂੰ) ਆਪਣੀ ਨਿਗਰਾਨੀ ‘ਚ ਅਪੜਾ ਕੇ ਆਉਣਾ ਹੈ। ਜਾਂਦਿਆਂ ਨੂੰ ਲਾਹੌਰ ਵੀ ਸੁੰਨ-ਮਸਾਣ। ਕਰਫਿਊ ਇਥੇ ਵੀ ਲੱਗ ਚੁਕਾ ਸੀ।
ਕਿਸੇ ਤਰ੍ਹਾਂ ਆਪਣੇ ਟਿਕਾਣੇ ਪੁੱਜਾ। ਸਾਰੇ ਸਾਥੀਆਂ ਦੇ ਮੂੰਹ ਉਤਰੇ ਹੋਏ ਸਨ, ਕਿਉਂਕਿ ਗੜਬੜ ਸ਼ਹਿਰ ਦੇ ਬਾਕੀ ਬਚੇ ਹਿੱਸਿਆਂ ਵਿਚ ਵੀ ਫੈਲ ਗਈ ਸੀ। ਬੜੀ ਸੋਚ-ਵਿਚਾਰ ਪਿਛੋਂ ਫੈਸਲਾ ਹੋਇਆ ਕਿ ਸੁਤੰਤਰ, ਉਹਦੀ ਪਤਨੀ, ਧੀ ਤੇ ਰਾਮ ਸਿੰਘ (ਦੱਤ) ਨੂੰ ਕੱਢ ਕੇ ਅੰਮ੍ਰਿਤਸਰ ਘੱਲ ਦਿੱਤਾ ਜਾਵੇ।
ਇਸ ਕੰਮ ਦੀ ਡਿਊਟੀ ਸੁਰੈਣ ਸਿੰਘ ਖੇਲੇ ਨੇ ਆਪਣੇ ਸਿਰ ਲੈ ਲਈ, ਪਰ ਟੈਕਸੀ ਦਾ ਪਤਾ ਕਰਨ ਗਿਆ, ਉਹ ਆਪ ਹੀ ਮਾਰਿਆ ਜਾਣ ਲੱਗਾ ਸੀ। ਪਤਾ ਨਹੀਂ ਕਿਵੇਂ ਮੁਸਲਮਾਨਾਂ ਦੇ ਟੋਲੇ ਨੂੰ ਸ਼ੱਕ ਪੈ ਗਿਆ ਤੇ ਉਹਨੂੰ ਫੜ ਕੇ ਨੰਗਾ ਕਰਨ ਲੱਗੇ ਸਨ ਕਿ ਉਤੋਂ ਕੁਝ ਹੋਰ ਬੰਦੇ ਆ ਗਏ। ਉਹ ਪਾਰਟੀ ਦੇ ਹਮਦਰਦ ਸਨ; ਉਨ੍ਹਾਂ ਇਹ ਆਖ ਕੇ ਸੁਰੈਣ ਸਿੰਘ ਨੂੰ ਛੁਡਾ ਲਿਆ, “ਭਰਾਓ, ਕਿਉਂ ਬੇਇੱਜਤੀ ਕਰਦੇ ਹੋ? ਇਹ ਤਾਂ ਆਪਣਾ ਈ ਅਬਦੁੱਲ ਰਹਿਮਾਨ ਏ।” ਉਨ੍ਹਾਂ ਫੇਰ ਟੈਕਸੀ ਦਾ ਪ੍ਰਬੰਧ ਵੀ ਕਰ ਦਿੱਤਾ, ਜਿਸ ਵਿਚ ਉਹ ਸੁਤੰਤਰ ਹੋਰਾਂ ਨੂੰ ਸਰਹੱਦੋਂ ਪਾਰ ਲੰਘਾ ਆਇਆ ਸੀ।
ਹੁਣ ਬਾਕੀ ਜਿੰਨੇ ਵੀ ਅਸੀਂ ਕੋਠੀ ਵਿਚ ਰਹਿ ਗਏ ਸਾਂ, ਸਭ ਦੇ ਦਾੜ੍ਹੀ-ਕੇਸ ਮੁਨਾਏ ਹੋਏ ਸਨ। ਜੇ ਕੋਈ ਪੁੱਛੇ ਤਾਂ ਆਖੀਏ, “ਅਸੀਂ ਅੰਮ੍ਰਿਤਸਰ ਦੀ ਉਸ ਕੋਠੀ ‘ਚੋਂ ਆਏ ਹਾਂ, ਜਿਦ੍ਹੇ ਵਿਚ ਹੁਣ ਇਸ ਕੋਠੀ ਵਾਲਾ ਸਰਦਾਰ ਗਿਆ ਏ।” ਉਂਜ ਅੰਦਰੋਂ ਘਬਰਾਈਏ ਵੀ।
ਫਿਰ ਇਕ ਦਿਨ ਮੈਂ ਤੇ ਨਿਰੰਜਣ ਸਿੰਘ, ਜੋ ਆਜ਼ਾਦ ਹਿੰਦ ਫੌਜ ਦਾ ਬੰਦਾ ਸੀ, ਸੁਤੰਤਰ ਦੀ ਟਾਈਪ ਮਸ਼ੀਨ ਤੇ ਕੁਝ ਕਿਤਾਬਾਂ ਲੈ ਕੇ ਕੋਠੀ ‘ਚੋਂ ਬਾਹਰ ਨਿਕਲੇ। ਹਸਪਤਾਲ ਨੂੰ ਟਾਂਗਾ ਫੜਿਆ ਤੇ ਉਥੋਂ ਉਤਰ ਕੇ ਰਫਿਊਜੀ ਕੈਂਪ ਵਿਚ ਜਾ ਵੜੇ। ਕੁਦਰਤੀ ਸਾਡੇ ਖਲੋਤਿਆਂ ਡੋਗਰਾ ਮਿਲਟਰੀ ਦਾ ਕੋਈ ਸੂਬੇਦਾਰ ਕੈਂਪ ‘ਚ ਆਣ ਵੜਿਆ। ਉਹ ਆਪਣੇ ਨਾਲ ਰਾਵਲਪਿੰਡੀਓਂ ਸੱਤ ਜੀਪਾਂ ਵੀ ਭਜਾ ਲਿਆਇਆ ਸੀ। ਉਹਨੂੰ ਵੇਖਦਿਆਂ ਹੀ ਨਿਰੰਜਣ ਸਿੰਘ ਨੇ ਜਾ ਸਲੂਟ ਮਾਰਿਆ। ਉਹਦੇ ਸਲੂਟ ਨੇ ਇੰਨਾ ਕੰਮ ਕੀਤਾ ਕਿ ਸੂਬੇਦਾਰ ਸਾਨੂੰ ਅੰਮ੍ਰਿਤਸਰ ਤਕ ਲੈ ਜਾਣਾ ਮੰਨ ਗਿਆ।
ਅੰਮ੍ਰਿਤਸਰ ਪੁੱਜ ਕੇ ਅਸਾਂ ਸੁਤੰਤਰ ਦਾ ਪਤਾ ਕੀਤਾ। ਉਹ ਜਲੰਧਰ ਵੱਲ ਗਿਆ ਹੋਇਆ ਸੀ। ਜਲੰਧਰੋਂ ਦੰਦੂਆਲ ਦੀ ਦੱਸ ਪਈ, ਜੋ ਕਾਮਰੇਡ ਚੈਨ ਦਾ ਪਿੰਡ ਹੈ। ਉਥੇ ਵੀ ਸਾਡਾ ਮੇਲ ਨਾ ਹੋਇਆ। ਚੈਨ ਆਪ ਵੀ ਘਰ ਨਹੀਂ ਸੀ। ਪਿੰਡ ਵਾਲਿਆਂ ਨਾਲ ਬੰਦਾ ਦੇ ਕੇ ਕਾਮਰੇਡ ਗੁਰਚਰਨ ਸਿੰਘ ਰੰਧਾਵਾ ਦੇ ਪਿੰਡ ਤੋਰ ਦਿੱਤਾ। ਉਹ ਬੰਦਾ ਰਾਹ ‘ਚੋਂ ਹੀ ਮੁੜ ਗਿਆ। ਇਕ ਤਾਂ ਸ਼ਾਮ ਦਾ ਵੇਲਾ ਸੀ ਤੇ ਦੂਜਾ ਲੱਕ-ਲੱਕ ਪਾਣੀ ਫਿਰਦਾ ਸੀ। ਮੀਂਹ ਬੜੇ ਪੈ ਰਹੇ ਸਨ।
ਰੰਧਾਵੇ ਸਾਡੇ ਜਾਂਦਿਆਂ ਨੂੰ ਸੁਤੰਤਰ ਤਿਆਰ ਬੈਠਾ ਸੀ। ਉਹ ਉਨ੍ਹੀਂ ਦਿਨੀਂ ਕਿਸੇ ਇਕ ਥਾਂ ਨਹੀਂ ਸੀ ਅਟਕਦਾ। ਥਾਂ-ਥਾਂ ਪਹੁੰਚ ਕੇ ਬਚੇ-ਖੁਚੇ ਮੁਸਲਮਾਨਾਂ ਨੂੰ ਕੱਢ ਕੇ ਕੈਂਪਾਂ ਵਿਚ ਅਪੜਾਉਣ ਦੇ ਜਤਨ ਕਰਦਾ ਸੀ। ਖਾਸ ਕਰ ਉਨ੍ਹਾਂ ਕੁੜੀਆਂ, ਔਰਤਾਂ ਬਾਬਤ ਤਾਂ ਉਹ ਬਹੁਤਾ ਹੀ ਜਜ਼ਬਾਤੀ ਸੀ, ਜੋ ਧੱਕੇ ਨਾਲ ਲੋਕਾਂ ਨੇ ਆਪਣੇ ਘਰੀਂ ਪਾ ਰੱਖੀਆਂ ਸਨ। ਉਹ ਇਸ ਕਿਸਮ ਦੇ ਮਸਲੇ ਬੜੇ ਠੰਢੇ ਦਿਮਾਗ ਨਾਲ ਹੱਲ ਕਰਦਾ। ਨਾਲ ਆਪਣੇ ਸਾਥੀਆਂ ਨੂੰ ਵੀ ਸਮਝਾ ਕੇ ਰੱਖਣਾ ਕਿ ਐਸੀ ਹਾਲਤ ਵਿਚ ਆਪਣੇ ਆਪ ਨੂੰ ਕਿਵੇਂ ਬਚਾਅ ਕੇ ਰੱਖਣਾ ਹੈ। ਖੈਰ, ਉਹ ਉਥੋਂ ਬਾਬੇ ਕਰਮ ਸਿੰਘ ਦੇ ਪਿੰਡ ਚੀਮਿਆਂ ਨੂੰ ਚੱਲਿਆ ਸੀ। ਰੋਟੀ ਖੁਆ ਕੇ ਸਾਨੂੰ ਵੀ ਆਪਣੇ ਨਾਲ ਤੋਰ ਲਿਆ।
ਬਾਬੇ ਦੇ ਪਿੰਡੋਂ ਹੁੰਦੇ ਅਸੀਂ ਰੁੜਕੇ ਪਹੁੰਚੇ। ਜਾਂਦਿਆਂ ਨੂੰ ਦੇਖਿਆ ਕਿ ‘ਲੋਕਾਂ’ ਨੇ ਮੁਸਲਮਾਨਾਂ ਨੂੰ ਮਸੀਤ ਢਾਹੁਣ ਲਾਇਆ ਹੋਇਆ ਏ, ਪਰ ਉਹ ਇੰਨੇ ਸਹਿਮੇ ਹੋਏ ਸਨ ਕਿ ਸਾਨੂੰ ਵੇਖਦਿਆਂ ਹੀ ਸਲਾਮਾਂ ਕਰਨ ਲਗ ਪਏ। ਉਸ ਵੇਲੇ ਸੁਤੰਤਰ ਦੀ ਹਾਲਤ ਵੇਖਣ ਵਾਲੀ ਸੀ। ਉਹਦਾ ਇਕ ਪੈਰ ਮਸੀਤ ਵਲ ਵਧੇ ਤੇ ਦੂਜਾ ਆਪਣੇ ਰਸਤੇ ਤੁਰੀ ਜਾਣ ਵਲ। ਉਹ ਆਪਣੀਆਂ ਉਂਗਲਾਂ ਦੇ ਕੜਾਕੇ ਕੱਢਦਾ ਮੈਂ ਦੇਖਿਆ ਸੀ।
ਉਨ੍ਹੀਂ ਦਿਨੀਂ ਸਾਡੀ ਪਾਰਟੀ ਦੇ ਬੜੇ ਆਦਮੀ ਕਤਲ ਹੋਏ ਸਨ। ਸਾਥੀ ਮੇਘ ਸਿੰਘ ਤੇ ਸੂਬਾ ਸਿੰਘ ਕੋਟ ਧਰਮ ਚੰਦ ਤੇ ਕਾਮਰੇਡ ਗਹਿਲ ਸਿੰਘ ਛੱਜਲਵੱਢੀ ਜਿਹੇ ਸਿਰਕੱਢ ਬੰਦਿਆਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇੱਥੋਂ ਤਕ ਕਿ ਉਨ੍ਹਾਂ ਨੇ ਤਾਂ ਜੱਲ੍ਹਿਆਂਵਾਲੇ ਬਾਗ ਦੇ ਹੀਰੋ ਹਿੰਦੂ-ਮੁਸਲਿਮ ਏਕੇ ਦੇ ਨਿਸ਼ਾਨ ਡਾ. ਸੈਫ-ਉਦ-ਦੀਨ ਕਿਚਲੂ ਨੂੰ ਵੀ ਨਹੀਂ ਸੀ ਬਖਸ਼ਿਆ।
ਹਿੰਦੂ-ਸਿੱਖ ਜਨੂਨੀਆਂ ਨੇ ਅੰਮ੍ਰਿਤਸਰ ਕਚਹਿਰੀ ਰੋਡ ‘ਤੇ ਕਿਚਲੂ ਦੀ ਕੋਠੀ ਨੂੰ ਘੇਰਾ ਪਾ ਲਿਆ। ਇਸ ਗੱਲ ਦਾ ਸੁਤੰਤਰ ਨੂੰ ਬੜਾ ਫਿਕਰ ਸੀ। ਸਵਾਲ ਇਕ ਬੰਦੇ ਦੀ ਜ਼ਿੰਦਗੀ ਬਚਾਉਣ ਦਾ ਨਹੀਂ ਸੀ। ਅਸੀਂ ਚਾਲੀ ਬੰਦੇ ਸਾਂ ਹਥਿਆਰਬੰਦ; ਇੱਕੋ ਜਿਹੇ, ਜੋ ਦਿਨ-ਰਾਤ ਕਿਚਲੂ ਦੇ ਘਰ ਦੁਆਲੇ ਪਹਿਰਾ ਦਿੰਦੇ ਰਹੇ। ਕੋਈ ਮਹੀਨਾ ਕੁ ਇਹ ਕੰਮ ਚਲਦਾ ਰਿਹਾ। ਫਿਰ ਇਕ ਦਿਨ ਮੌਕਾ ਤਾੜ ਕੇ ਅਸੀਂ ਉਹਨੂੰ ਬਾਹਰ ਕੱਢ ਕੇ ਦਿੱਲੀ ਪਹੁੰਚਾ ਕੇ ਆਏ। ਇਸ ਗੱਲ ਦਾ ਅਹਿਸਾਨ ਕਿਚਲੂ ਨੇ ਆਖਰੀ ਸਾਹ ਤਕ ਨਹੀਂ ਸੀ ਭੁਲਾਇਆ।
ਇਕ ਵਾਰੀ ਕਿਸੇ ਨੇ ਕਿਚਲੂ ਨੂੰ ਪੁੱਛਿਆ, “ਤੁਸੀਂ ਸੁਤੰਤਰ ਨੂੰ ਬਦਲੇ ਭੇਸ ‘ਚ ਕਿਵੇਂ ਸਿਆਣ ਲੈਂਦੇ ਹੋ?” ਕਿਚਲੂ ਹੱਸ ਕੇ ਆਖਣ ਲੱਗਾ, “ਖੁਦਾ ਕਿਸੇ ਵੀ ਭੇਸ ‘ਚ ਹੋਵੇ, ਵੇਖਣ ਵਾਲੀ ਅੱਖ ਨੂੰ ਉਸ ਦੀ ਰਹਿਮਤ ਦਾ ਝਲਕਾਰਾ ਸਾਫ ਨਜ਼ਰ ਆਵੇਗਾ।” ਤੇ ਇਹ ਸੱਚ ਸੀ ਕਿ ਉਹ ਕਾਮਰੇਡ ਸੁਤੰਤਰ ਦਾ ਤੇ ਸੁਤੰਤਰ ਉਹਦਾ ਰੱਬ ਨਾਲੋਂ ਵੀ ਬਹੁਤਾ ਸਤਿਕਾਰ ਕਰਦੇ ਸਨ।
ਰੁੜਕਿਓਂ ਨਿਕਲ ਕੇ ਅੱਗੇ ਨੂੰ ਜਾਣ ਲੱਗੇ ਸਾਂ ਕਿ ਕੋਈ ਆਦਮੀ ਸੁਤੰਤਰ ਨੂੰ ਬਾਹੋਂ ਫੜ ਕੇ ਉਸ ਮਕਾਨ ‘ਚ ਲੈ ਗਿਆ, ਜਿੱਥੇ ਉਹਨੇ ਫਸਾਦੀਆਂ ਤੋਂ ਲੁਕੋਏ ਮੁਸਲਮਾਨ ਰੱਖੇ ਹੋਏ ਸਨ। ਰੰਗ ਵਿਚਾਰਿਆਂ ਦੇ ਫੱਕ। ਸਾਰੇ ਹਮਦਰਦੀ ਦੇ ਬੋਲ ਸੁਣ ਕੇ ਰੋਣ ਲੱਗੇ। ਸੁਤੰਤਰ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ।
ਕਿਸੇ ਕਾਮਰੇਡ ਨੇ ਮਸਲਾ ਪੇਸ਼ ਕੀਤਾ ਕਿ ਕਾਮਰੇਡ ਮੁਬਾਰਕ ਸਾਗਰ ਦੀ ਭਤੀਜੀ ਦਾ ਕੀ ਕਰੀਏ? ਕਾਲਜ ਦੀ ਵਿਦਿਆਰਥਣ ਫਸਾਦੀਆਂ ਦੇ ਘੇਰੇ ‘ਚੋਂ ਨੱਸ ਕੇ ਕਿਸੇ ਪਿੰਡ ਵਿਚ ਜਾ ਵੜੀ। ਪਿੰਡ ਵਾਲਿਆਂ ਉਹਨੂੰ ਆਪਣੇ ਟੱਬਰ ‘ਚ ਹੀ ਲੁਕੋ ਲਿਆ। ਉਹ ਕਿਸੇ ਕੈਂਪ ‘ਚ ਨਹੀਂ ਸੀ ਜਾਣਾ ਚਾਹੁੰਦੀ; ਕਹਿੰਦੀ, ਮੈਨੂੰ ਤਾਂ ਹੁਣ ਆਪਣੇ ਮੁਸਲਮਾਨ ਭਰਾਵਾਂ ‘ਤੇ ਵੀ ਇਤਬਾਰ ਨਹੀਂ ਰਿਹਾ। ਸੁਤੰਤਰ ਨੇ ਉਹਦੇ ਚਾਚੇ ਦੇ ਜਾਣੂ ਸਾਥੀਆਂ ਦੀ ਡਿਊਟੀ ਲਾਈ। ਉਹ ਉਹਨੂੰ ਇਹ ਆਖ ਕੇ ਨਾਲ ਤੋਰ ਲਿਆਏ ਕਿ ਅਸੀਂ ਤੈਨੂੰ ਲਾਹੌਰ ਅਪੜਾ ਕੇ ਆਵਾਂਗੇ।
ਆਖ-ਵੇਖ ਕੇ ਪਾਕਿਸਤਾਨੀ ਅਫਸਰਾਂ ਨੂੰ ਵੀ ਮਨਾ ਲਿਆ ਤੇ ਇਸ ਸ਼ਰਤ ‘ਤੇ ਇਕ ਆਦਮੀ ਨੂੰ ਨਾਲ ਜਾਣ ਦੀ ਉਨ੍ਹਾਂ ਇਜਾਜ਼ਤ ਦੇ ਦਿੱਤੀ ਕਿ ਉਹ ਆਪ ਮੁਸਲਮਾਨ ਦੇ ਭੇਸ ‘ਚ ਹੋਵੇ, ਤੇ ਰਾਖੀ ਦੀ ਗਾਰੰਟੀ ਵੀ ਸਿਰਫ ਲਾਹੌਰ ਤਕ ਦੀ ਦਿੱਤੀ। ਇਸ ਕੰਮ ਲਈ ਮੈਨੂੰ ਤਿਆਰ ਕੀਤਾ ਗਿਆ। ਜਦ ਲਾਹੌਰ ਅੱਪੜ ਕੇ ਕੁੜੀ ਨੂੰ ਕੈਂਪ ਵਿਚ ਛੱਡਣ ਲੱਗਾ, ਤਾਂ ਉਹ ਮੇਰੇ ਨਾਲ ਚੰਬੜ ਕੇ ਰੋਣ ਲਗ ਪਈ। ਮੈਂ ਆਖਿਆ, “ਹੌਸਲਾ ਕਰ। ਰੋ-ਰੋ ਤੂੰ ਮੈਨੂੰ ਮੁਸੀਬਤ ‘ਚ ਪਾ ਦੇਵੇਂਗੀ।”
ਮੇਰੀ ਗੱਲ ਸੁਣ ਉਸ ਆਪਣੇ ਹੰਝੂ ਪੂੰਝ ਲਏ, ਪਰ ਕੋਲ ਖਲੋਤੀਆਂ ਔਰਤਾਂ ਸਵਾਲ ਪੁੱਛਣ ਲੱਗ ਪਈਆਂ। ਆਖਰ ਉਹ ਆਖਣ ਲੱਗੀ, “ਇਹ ਮੇਰਾ ਚਚੇਰਾ ਭਰਾ ਏ। ਮੈਨੂੰ ਅੰਬਰਸਰੋਂ ਲੈ ਕੇ ਆਇਐ। ਹੁਣ ਮੇਰੇ ਅੱਬੂ ਦਾ ਪਤਾ ਕਰਨ ਚੱਲਿਆ ਜੇ।”
ਮੈਂ ਸੁਤੰਤਰ ਦੀ ਕੋਠੀਓਂ ਜਾ ਕੇ ਉਹਦਾ ਕੁਝ ਹੋਰ ਸਾਮਾਨ ਲਿਆਉਣਾ ਸੀ, ਜਿੱਥੇ ਮੇਰੇ ਨਾਲ ਗੁਰਚਰਨ ਸਿੰਘ ਸਹਿੰਸਰਾ ਵੀ ਤਿਆਰ ਹੋ ਗਿਆ। ਸਾਨੂੰ ਕੈਂਪ ‘ਚ ਉਹ ਲਾਰੀ ਮਿਲ ਗਈ, ਜੋ ਓਧਰ ਰਹਿ ਗਏ ਹਿੰਦੂਆਂ-ਸਿੱਖਾਂ ਨੂੰ ਤੇ ਏਧਰੋਂ ਮੁਸਲਮਾਨਾਂ ਨੂੰ ਲਿਜਾਂਦੀ ਸੀ। ਪਹਿਲਾਂ ਤਾਂ ਡਰਦਾ ਉਹਦੇ ਵਿਚ ਕੋਈ ਪੈਰ ਹੀ ਨਾ ਧਰੇ, ਕਿਉਂਕਿ ਇਸ ਲਾਰੀ ਦਾ ਸਾਰਾ ਅਮਲਾ ਮੁਸਲਮਾਨ ਸੀ, ਪਰ ਸਾਡੇ ਵਲ ਵੇਖ ਕੇ ਇਕ-ਦੋ ਜਣੇ ਹੋਰ ਚੜ੍ਹ ਗਏ। ਵੇਖੋ-ਵੇਖੀ ਸਾਰੀ ਮੋਟਰ ਹੀ ਭਰ ਗਈ।
ਇਸ ਕਿਸਮ ਦੀਆਂ ਮੋਟਰਾਂ ਵਿਚ ਲੋਕ ਉਸ ਵੇਲੇ ਚੜ੍ਹਦੇ ਹੀ ਨਹੀਂ ਸਨ, ਕਿਉਂਕਿ ਅਫਵਾਹ ਸੀ ਕਿ ਇਹ ਲੋਕਾਂ ਨੂੰ ਲਿਜਾ ਕੇ ਰਾਹ ‘ਚ ਕਤਲ ਕਰ ਦਿੰਦੇ ਨੇ। ਖੈਰ! ਸਹਿੰਸਰਾ ਤਾਂ ਰਹਿ ਗਿਆ ਅੰਮ੍ਰਿਤਸਰ ਤੇ ਮੈਂ ਉਸੇ ਮੋਟਰ ਵਿਚ ਬੈਠਾ-ਬੈਠਾ ਗੁਰਦਾਸਪੁਰ ਚਲਾ ਗਿਆ। ਖਿਆਲ ਸੀ ਕਿ ਸੁਤੰਤਰ ਦੇ ਪਿੰਡ ਅਲੂੰਏਂ ਜਾ ਕੇ ਉਹਦਾ ਪਤਾ ਕਰਾਂਗੇ, ਪਰ ਵਟਾਲੇ ਕੋਲ ਐਸੀ ਘਟਨਾ ਹੋਈ ਕਿ ਪਰਤ ਕੇ ਫਿਰ ਅੰਮ੍ਰਿਤਸਰ ਜਾਣਾ ਪਿਆ।
ਵਟਾਲੇ ‘ਤੇ ਉਸ ਵੇਲੇ ਫਸਾਦੀਆਂ ਨੇ ਹਮਲਾ ਕੀਤਾ ਹੋਇਆ ਸੀ। ਜਦ ਸਾਡੇ ਵਾਲੀ ਮੋਟਰ ਉਹਦੀ ਹਦੂਦ ਵਿਚ ਦਾਖਿਲ ਹੋਈ, ਤਾਂ ਮੋਟਰਵਾਲਾ ਥੱਲੇ ਉਤਰ ਕੇ ਚੁੰਗੀ ਤੋਂ ਰਾਹਦਾਰੀ ਕਟਵਾਉਣ ਹੀ ਲੱਗਾ ਸੀ ਕਿ ਕਿਸੇ ਨੇ ਪਿੱਛੋਂ ਉਹਨੂੰ ਗੋਲੀ ਮਾਰ ਦਿੱਤੀ ਤੇ ਉਹ ਥਾਂਏਂ ਢੇਰੀ ਹੋ ਗਿਆ।
ਉਨ੍ਹਾਂ ਦਾ ਤਾਂ ਸਾਰਾ ਅਮਲਾ ਹੀ ਮਾਰਿਆ ਜਾਣਾ ਸੀ, ਪਰ ਡਰਾਈਵਰ ਦੀ ਹੁਸ਼ਿਆਰੀ ਸਮਝੋ ਕਿ ਉਹਨੇ ਛੇਤੀ ਹੀ ਗੱਡੀ ਕੱਢ ਲਈ। ਰਾਹ ਵਿਚ ਉਹਨੇ ਮਰਨ ਵਾਲੇ ਦਾ ਹਿਰਖ ਕੀਤਾ, “ਵੇਖ ਲੌ, ਤੁਹਾਡੇ ਸਾਹਮਣੇ ਜੋ ਹੋਇਆ। ਹੁਣ ਜੇ ਅਸੀਂ ਚਾਹੀਏ ਤਾਂ ਬਦਲੇ ‘ਚ ਤੁਹਾਨੂੰ ਸਭ ਨੂੰ ਖਤਮ ਕਰ ਸਕਦੇ ਆਂ, ਪਰ ਇਸ ਤਰ੍ਹਾਂ ਦੀ ਹਰਕਤ ਕੋਈ ਖਬੀਸ (ਮਹਾਂਪਾਪੀ) ਦਾ ਪੁੱਤਰ ਹੀ ਕਰ ਸਕਦਾ ਹੈ।”
(ਰਵੀ ਸਾਹਿਤ, 1979)