ਡਾ. ਗੁਰਬਖਸ਼ ਸਿੰਘ ਭੰਡਾਲ
ਪਿਛਲੇ ਦਿਨੀਂ ਵਰਜ਼ਨ ਹਾਈਪਰਲੂਪ ਵਨ ਨੇ ਪੰਜਾਬ ਸਰਕਾਰ ਨਾਲ ਇਕ ਸਮਝੌਤਾ ਕੀਤਾ ਹੈ, ਜਿਸ ਅਧੀਨ ਚੰਡੀਗੜ੍ਹ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚਾਲੇ ਇਕ ਹਾਈਪਰਲੂਪ ਬਣਾਇਆ ਜਾਵੇਗਾ, ਜੋ ਇੰਡੀਆ ਵਿਚ ਅਤਿ-ਆਧੁਨਿਕ ਟਰਾਂਸਪੋਰਟੇਸ਼ਨ ਸਿਸਟਮ ਸਥਾਪਤ ਕਰਨ ਲਈ ਮਹਾਂਰਾਸ਼ਟਰ ਪਿਛੋਂ ਦੂਜਾ ਹਾਈਪਰਲੂਪ ਹੋਵੇਗਾ, ਜਿਸ ਦੇ ਬਣਨ ਨਾਲ ਇਨ੍ਹਾਂ ਸ਼ਹਿਰਾਂ ਦਾ ਸਫਰ ਸਿਰਫ 30 ਮਿੰਟ ਦਾ ਰਹਿ ਜਾਵੇਗਾ, ਜੋ ਇਸ ਸਮੇਂ 5 ਘੰਟਿਆਂ ਦਾ ਹੈ।
ਇਸ ਪ੍ਰਾਜੈਕਟ ਦਾ ਸਰਵੇ ਛੇ ਹਫਤਿਆਂ ਵਿਚ ਪੂਰਾ ਕਰ ਲਿਆ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਇਸ ‘ਤੇ ਕਿੰਨਾ ਖਰਚਾ ਆਵੇਗਾ, ਕਿੰਨੀਆਂ ਸਵਾਰੀਆਂ ਮਿਲਣਗੀਆਂ ਅਤੇ ਇਸ ਨਾਲ ਸਮਾਜਕ-ਆਰਥਕ ਪੱਧਰ ‘ਤੇ ਕਿੰਨਾ ਕੁ ਲਾਭ ਹੋਵੇਗਾ? ਦਰਅਸਲ ਪੰਜਾਬ ਸਰਕਾਰ ਇਸ ਆਧੁਨਿਕ ਤਕਨਾਲੋਜੀ ਰਾਹੀਂ ਪੰਜਾਬ ਦੇ ਭੀੜ ਭੜੱਕੇ ਵਾਲੇ ਵੱਡੇ ਸ਼ਹਿਰਾਂ ਵਿਚਾਲੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੀ ਹੈ।
ਹਾਈਪਰਲੂਪ ਸੜਕਾਂ ‘ਤੇ ਵਧ ਰਹੀ ਟਰੈਫਿਕ ਦੀ ਸਮੱਸਿਆ, ਵਧ ਰਹੇ ਹਾਦਸੇ ਅਤੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਸਭ ਤੋਂ ਆਧੁਨਿਕ ਤਕਨੀਕ ਹੈ। ਇਹ ਮਨੁੱਖੀ ਆਵਾਜਾਈ ਅਤੇ ਸਮਾਨ ਦੀ ਢੋਆ-ਢੁਆਈ ਲਈ ਬਹੁਤ ਹੀ ਕਾਰਗਰ ਤਕਨੀਕ ਸਾਬਤ ਹੋਵੇਗੀ। ਇਸ ਵਿਚ ਲੂਪ ਦੀ ਸ਼ਕਲ ਦੀਆਂ ਇਕ ਜਾਂ ਇਕ ਤੋਂ ਵੱਧ ਸੀਲਬੰਦ ਟਿਊਬਾਂ (ਹਾਈਪਰਲੂਪ ਦੀ ਸਮਰੱਥਾ ‘ਤੇ ਆਧਾਰਤ) ਹੋਣਗੀਆਂ, ਜੋ ਕੌਲਿਆਂ ‘ਤੇ ਸਥਾਪਤ ਕੀਤੀਆਂ ਜਾਣਗੀਆਂ। ਇਨ੍ਹਾਂ ਟਿਊਬਾਂ ਵਿਚ ਹਵਾ ਦਾ ਦਬਾਅ ਬਹੁਤ ਹੀ ਘੱਟ ਹੋਵੇਗਾ। ਇਨ੍ਹਾਂ ਵਿਚ ਇਕ ਕੈਪਸੂਲ ਨੁਮਾ, ਸੀਲਬੰਦ ਡੱਬੇ ਵਿਚ ਯਾਤਰੂਆਂ ਜਾਂ ਸਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਬਹੁਤ ਹੀ ਘੱਟ ਉਰਜਾ ਨਾਲ ਅਤੇ ਘੱਟ ਸਮੇਂ ਵਿਚ ਭੇਜਿਆ ਜਾ ਸਕੇਗਾ। ਸੀਲਬੰਦ ਟਿਊਬ ਵਿਚ ਹਵਾ ਦੀ ਅਣਹੋਂਦ ਕਾਰਨ, ਬਹੁਤ ਘੱਟ ਊਰਜਾ ਨਾਲ ਕੈਪਸੂਲ ਦੀ ਗਤੀ 1200 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ, ਜੋ ਹਵਾ-ਰੂਪੀ ਬੈਰਿੰਗ ਦੇ ਸਹਾਰੇ ਉਡਦਾ ਹੀ ਨਜ਼ਰ ਜਾਵੇਗਾ।
ਰਵਾਇਤੀ ਆਵਾਜਾਈ ਦੇ ਸਾਧਨਾਂ ਦੀ ਥਾਂ ਇਸ ਸਾਧਨ ‘ਤੇ ਮੌਸਮ ਦਾ ਕੋਈ ਅਸਰ ਨਹੀਂ ਹੋਵੇਗਾ, ਇਸ ਵਿਚ ਆਹਮੋ-ਸਾਹਮਣੀ ਟੱਕਰ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ ਅਤੇ ਹਵਾਈ ਜਹਾਜ ਨਾਲੋਂ ਦੁਗਣੀ ਰਫਤਾਰ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨੂੰ ਚਲਾਉਣ ਲਈ ਸੂਰਜੀ ਊਰਜਾ ਜਾਂ ਪੌਣ ਊਰਜਾ ਵਰਤੀ ਜਾਵੇਗੀ, ਜੋ 24 ਘੰਟਿਆਂ ਲਈ (ਚਾਰਜ ਕਰਕੇ) ਸਟੋਰ ਵੀ ਕੀਤੀ ਜਾ ਸਕਦੀ ਹੈ। ਹਵਾ ਦਾ ਪ੍ਰਦੂਸ਼ਣ ਪੈਦਾ ਨਹੀਂ ਹੋਵੇਗਾ। ਇਸ ਤਕਨੀਕ ਵਿਚ ਸਮਾਨ ਜਾਂ ਸਵਾਰੀਆਂ ਨਾਲ ਪੈਕ ਕੀਤਾ ਕੈਪਸੂਲ, ਇਕ ਲੂਪ-ਨੁਮਾ ਟਿਊਬ ਵਿਚ ਚਲਦਾ ਹੈ। ਇਸ ਕਰਕੇ ਇਸ ਤਕਨੀਕ ਦਾ ਨਾਂ ਜੁਲਾਈ 2012 ਵਿਚ ਟੈਸਲਾ ਅਤੇ ਸਪੇਸਐਕਸ ਨਾਮੀ ਕੰਪਨੀਆਂ ਵਲੋਂ ਸਾਂਝੇ ਤੌਰ ‘ਤੇ ਹਾਈਪਰਲੂਪ ਰੱਖਿਆ ਗਿਆ।
ਇਸ ਨਵੀਂ ਤਕਨੀਕ ਦੀਆਂ ਅਸੀਮ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਬਹੁਤ ਸਾਰੇ ਉਤਸ਼ਾਹੀਆਂ ਨੇ ਇਸ ਤਕਨੀਕ ਨੂੰ ਅਪਨਾਉਣ, ਇਸ ਨੂੰ ਹੋਰ ਸੁਧਾਰਨ ਅਤੇ ਸੰਸਾਰ ਦੇ ਮੈਟਰੋ ਸ਼ਹਿਰਾਂ ਵਿਚ ਵਰਤਣ ਲਈ ਵਪਾਰਕ ਉਦਮ ਕਰਨੇ ਸ਼ੁਰੂ ਕਰ ਦਿਤੇ ਹਨ। ਕੁਝ ਕੰਪਨੀਆਂ ਹੋਂਦ ਵਿਚ ਆ ਵੀ ਚੁਕੀਆਂ ਹਨ। ਹਾਈਪਰਲੂਪ ਅਲਫਾ ਕੰਪਨੀ ਨੇ 2013 ਵਿਚ ਇਕ ਸਟੱਡੀ ਦੌਰਾਨ ਪਤਾ ਲਾਇਆ ਸੀ ਕਿ ਕੈਲੀਫੋਰਨੀਆ ਦੇ ਸ਼ਹਿਰਾਂ-ਲਾਸ ਏਂਜਲਸ ਅਤੇ ਸੈਨ ਫਰਾਂਸਿਸਕੋ ਵਿਚਾਲੇ 6 ਬਿਲੀਅਨ ਡਾਲਰ ਦੀ ਲਾਗਤ ਨਾਲ ਹਾਈਪਰਲੂਪ ਸਿਸਟਮ ਸਥਾਪਤ ਕੀਤਾ ਜਾ ਸਕਦਾ ਹੈ, ਜਿਸ ਨਾਲ 560 ਕਿਲੋਮੀਟਰ ਦੀ ਦੂਰੀ 35 ਮਿੰਟਾਂ ਵਿਚ ਤੈਅ ਕੀਤੀ ਜਾ ਸਕੇਗੀ। ਇਸ ਵਿਚ 5 ਕੋਰੀਡੋਰ ਵੀ ਹੋਣਗੇ। ਜੇ ਟਿਊਬ (ਲੂਪ) ਦਾ ਵਿਆਸ (ਘੇਰਾ) ਵੱਡਾ ਕਰਨਾ ਹੋਵੇ ਤਾਂ ਖਰਚਾ 7.5 ਬਿਲੀਅਨ ਡਾਲਰ ਆਵੇਗਾ ਤਾਂ ਕਿ ਸਵਾਰੀਆਂ ਦੇ ਨਾਲ ਸਮਾਨ (ਮੋਟਰ ਗੱਡੀਆਂ ਆਦਿ) ਦੀ ਢੋਆ-ਢੁਆਈ ਵੀ ਹੋ ਸਕੇ।
ਆਂਧਰਾ ਪ੍ਰਦੇਸ਼ ਸਰਕਾਰ ਨਾਲ ਹਾਈਪਰਲੂਪ ਸਿਸਟਮ ਬਣਾਉਣ ਵਾਲੀ ਗਲੋਬਲ ਕੰਪਨੀ ‘ਹਾਈਪਰਲੂਪ ਟਰਾਂਸਪੋਰਟੇਸ਼ਨ ਟੈਕਨਾਲੋਜੀਜ਼’ 2013 ਵਿਚ ਹੋਂਦ ਵਿਚ ਆਈ ਸੀ, ਜਿਸ ਦੀਆਂ 52 ਵੱਖ-ਵੱਖ ਟੀਮਾਂ ਵਿਚ 800 ਤੋਂ ਵੱਧ ਇੰਜੀਨੀਅਰ ਤੇ ਟੈਕਨੋਕਰੇਟ ਕੰਮ ਕਰਦੇ ਹਨ ਅਤੇ 40 ਤੋਂ ਵੱਧ ਕਾਰਪੋਰੇਟ ਅਦਾਰੇ ਇਸ ਦੇ ਭਾਈਵਾਲ ਹਨ। ਦੁਨੀਆਂ ਦੇ ਕਈ ਦੇਸ਼ਾਂ ਵਿਚ ਇਸ ਦੀਆਂ ਸ਼ਾਖਾਵਾਂ ਹਨ। ਇਸ ਕੰਪਨੀ ਨੇ ਕੈਲੀਫੋਰਨੀਆ, ਫਰਾਂਸ, ਅਬੂ-ਧਾਬੀ ਸਮੇਤ ਕਈ ਦੇਸ਼ਾਂ ਨਾਲ ਵੱਖ-ਵੱਖ ਪ੍ਰਾਜੈਕਟਾਂ ਲਈ ਸਮਝੌਤੇ ਕੀਤੇ ਹਨ। ਭਾਰਤ ਵਿਚ ਵੀ 2015 ਵਿਚ ਬਿੱਟਸ ਇੰਸਟੀਚਿਊਟ, ਪਿਲਾਨੀ ਦੇ ਕੁਝ ਵਿਦਿਆਰਥੀਆਂ ਵਲੋਂ ਇਸ ਤਕਨੀਕ ਨੂੰ ਪ੍ਰੈਕਟੀਕਲ ਪੱਧਰ ‘ਤੇ ਵਰਤਣ ਲਈ ‘ਟੀਮ ਹਾਈਪਰਲੂਪ ਇੰਡੀਆ’ ਨਾਮੀ ਸੰਸਥਾ ਬਣਾਈ ਗਈ ਹੈ, ਜਿਸ ਵਿਚ 60 ਤੋਂ ਵੱਧ ਵਿਦਿਆਰਥੀ ਕੰਮ ਕਰਦੇ ਹਨ।
ਇਹ ਤਕਨੀਕ ਜਿਥੇ ਸਫਰ ਦਾ ਸਮਾਂ, ਸੜਕਾਂ ‘ਤੇ ਗੱਡੀਆਂ ਦੀ ਭੀੜ, ਹਾਦਸੇ ਅਤੇ ਹਵਾ ਦਾ ਪ੍ਰਦੂਸ਼ਣ ਘਟਾਵੇਗੀ, ਉਥੇ ਗਲੋਬਲ ਵਾਰਮਿੰਗ ਨੂੰ ਵੀ ਠੱਲ ਪਾਵੇਗੀ।
ਇਹ ਤਕਨੀਕ ਬਾਹਰੀ ਸਪੇਸ ਵਿਚ ਬਹੁਤ ਲਾਹੇਵੰਦ ਹੋ ਸਕਦੀ ਹੈ। ਹਵਾ ਦੇ ਦਬਾਅ ਕਾਰਨ ਧਰਤੀ ‘ਤੇ ਤਾਂ ਇਸ ਤਕਨੀਕ ਨੂੰ ਵਰਤਣ ਲਈ ਬਹੁਤ ਘੱਟ ਦਬਾਅ ਵਾਲੀਆਂ ਟਿਊਬਾਂ ਦੀ ਲੋੜ ਹੋਵੇਗੀ ਤਾਂ ਕਿ ਹਵਾ ਨਾਲ ਪੈਦਾ ਹੋਣ ਵਾਲੇ ਵਿਰੋਧ ਨੂੰ ਘਟਾਇਆ ਜਾ ਸਕੇ, ਪਰ ਇਹ ਤਕਨੀਕ ਚੰਦਰਮਾ ਜਾਂ ਮੰਗਲ ਗ੍ਰਹਿ ‘ਤੇ ਬਹੁਤ ਸਫਲ ਹੋਵੇਗੀ ਕਿਉਂਕਿ ਹਵਾ ਦਾ ਦਬਾਅ ਨਾਂਮਾਤਰ ਹੋਣ ਕਰਕੇ ਘੱਟ ਦਬਾਅ ਵਾਲੀਆਂ ਟਿਊਬਾਂ ਦੀ ਲੋੜ ਨਹੀਂ ਪਵੇਗੀ, ਸਗੋਂ ਕੈਪਸੂਲ ਨੂੰ ਚਲਾਉਣ ਲਈ ਸਿਰਫ ਇਕ ਟਰੈਕ ਦੀ ਹੀ ਲੋੜ ਹੋਵੇਗੀ।
ਇਹ ਤਕਨੀਕ ਆਪਣੇ ਮੁਢਲੇ ਪੜਾਅ ‘ਤੇ ਹੈ ਅਤੇ ਭਵਿੱਖ ਵਿਚ ਹੋਰ ਬਹੁਤ ਜ਼ਿਆਦਾ ਸੁਧਾਰ ਹੋਣ ਦੀ ਆਸ ਹੈ, ਪਰ ਇਸ ਤਕਨੀਕ ਦੇ ਵਿਰੋਧੀਆਂ ਦਾ ਤਰਕ ਹੈ ਕਿ ਸੀਲਬੰਦ ਅਤੇ ਬਿਨਾ ਖਿੜਕੀਆਂ ਤੋਂ ਨਿੱਕੇ ਜਿਹੇ ਕੈਪਸੂਲ ਵਿਚ ਕੀਤਾ ਗਿਆ ਸਫਰ ਸਵਾਰੀਆਂ ਲਈ ਮਾਨਸਿਕ ਤੌਰ ‘ਤੇ ਸੁਖਾਵਾਂ ਨਹੀਂ ਹੋਵੇਗਾ। ਉਨ੍ਹਾਂ ਨੂੰ ਨਿੱਕੇ ਜਿਹੇ ਪਿੰਜਰੇ ਵਿਚ ਬੰਦ ਕੈਦੀਆਂ ਜਿਹਾ ਅਹਿਸਾਸ ਪੈਦਾ ਹੋਵੇਗਾ। ਕੈਪਸੂਲ ਦੀ ਬਹੁਤ ਜ਼ਿਆਦਾ ਗਤੀ ਕਾਰਨ ਬਹੁਤ ਜ਼ਿਆਦਾ ਸ਼ੋਰ ਪ੍ਰਦੂਸ਼ਣ ਪੈਦਾ ਹੋਵੇਗਾ, ਕਿਉਂਕਿ ਸਮੁੱਚੇ ਸਿਸਟਮ ਵਿਚ ਕਾਫੀ ਹਿਲਜੁਲ ਪੈਦਾ ਹੋਵੇਗੀ। ਇਸ ਤੋਂ ਇਲਾਵਾ ਭੂਚਾਲ ਜਾਂ ਤੂਫਾਨ ਕਾਰਨ ਘੱਟ ਦਬਾਅ ਵਾਲੀਆਂ ਟਿਊਬਾਂ ਵਿਚ ਟੈਕਨੀਕਲ ਨੁਕਸ ਜਲਦੀ ਪੈਣ ਦੀ ਸੰਭਾਵਨਾ ਹੈ। ਸਿਸਟਮ ਵਿਚ ਅਚਨਚੇਤੀ ਪੈਣ ਵਾਲੇ ਤਕਨੀਕੀ ਨੁਕਸਾਂ, ਅਣਸੁਖਾਵੀਂ ਘਟਨਾ ਜਾਂ ਐਮਰਜੈਂਸੀ ਵਿਚ ਸਵਾਰੀਆਂ ਨੂੰ ਕੈਪਸੂਲ ਵਿਚੋਂ ਬਾਹਰ ਕਿਵੇਂ ਕੱਢਿਆ ਜਾਵੇਗਾ, ਜੋ ਸੀਲਬੰਦ ਟਿਊਬ ਵਿਚ ਅੱਧ ਵਿਚਕਾਰ ਹੀ ਫਸੇ ਹੋਣਗੇ?
ਪ੍ਰੋ. ਜੌਹਨ ਹੈਂਸਮੈਨ ਨੇ ਟਿਊਬ ਦੇ ਡਿਜ਼ਾਈਨ ਪ੍ਰਤੀ ਸ਼ੰਕੇ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੇ ਟਿਊਬ ਦੀ ਅਨੁਕੂਲਤਾ (ਅਲਾਈਨਮੈਂਟ) ਵਿਚ ਥੋੜ੍ਹਾ ਜਿਹਾ ਵੀ ਫਰਕ ਪੈ ਗਿਆ ਤਾਂ ਕੈਪਸੂਲ ਦੀ ਗਤੀ ਵਿਚ ਪੈਦਾ ਹੋਣ ਵਾਲੀ ਤਬਦੀਲੀ ਨੂੰ ਕਿਵੇਂ ਦੂਰ ਕੀਤਾ ਜਾਵੇਗਾ? ਜੇ ਕੈਪਸੂਲ ਜਦ ਕਿਸੇ ਸ਼ਹਿਰ ਤੋਂ ਕਾਫੀ ਦੂਰ ਚਲੇ ਜਾਵੇ ਅਤੇ ਇਕ ਦਮ ਊਰਜਾ (ਬਿਜਲੀ) ਵਿਚ ਰੁਕਾਵਟ ਪੈ ਜਾਵੇ ਤਾਂ ਇਸ ਦਾ ਬਦਲਵਾਂ ਪ੍ਰਬੰਧ ਕੀ ਹੋਵੇਗਾ?
ਪ੍ਰੋ. ਰਿਚਰਡ ਮੂਲਰ ਨੇ ਤਾਂ ਇਕ ਅਜਿਹਾ ਮੁੱਦਾ ਵੀ ਉਠਾਇਆ ਹੈ, ਜਿਸ ਦਾ ਅੱਜ ਕੱਲ ਸਾਰੀ ਦੁਨੀਆਂ ਸਾਹਮਣਾ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇ ਕੋਈ ਅਤਿਵਾਦੀ ਸੰਗਠਨ ਜਾਂ ਸ਼ਰਾਰਤੀ ਅਨਸਰ ਟਿਊਬ ਨੂੰ ਹੀ ਨੁਕਸਾਨ ਪਹੁੰਚਾ ਦੇਵੇ ਤਾਂ ਘੱਟ ਦਬਾਅ ਇਕ ਦਮ ਖਤਮ ਹੋ ਜਾਵੇਗਾ। ਫਿਰ ਇਹ ਕੰਮ ਨਹੀਂ ਕਰੇਗੀ। ਇਸ ਨੂੰ ਕਿਤਿਉਂ ਵੀ ਕੋਈ ਨੁਕਸਾਨ ਨਾ ਪਹੁੰਚਾਵੇ, ਇਸ ਦੀ ਕੀ ਗਾਰੰਟੀ ਹੋਵੇਗੀ?
ਕਿਸੇ ਵੀ ਨਵੀਂ ਤਕਨੀਕ ਜਾਂ ਯੰਤਰ ਵਾਂਗ ਹਾਈਪਰਲੂਪ ਬਾਰੇ ਵੀ ਬਹੁਤ ਸਾਰੇ ਪ੍ਰਸ਼ਨ, ਸ਼ੰਕੇ ਅਤੇ ਨਾ-ਖੁਸ਼ਗਵਾਰ ਸੰਭਾਵਨਾਵਾਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਜੇ ਇਸ ਤਕਨੀਕ ਦੀ ਵਰਤੋਂ ਆਮ ਜਨ-ਜੀਵਨ ਵਿਚ ਕੀਤੀ ਜਾਂਦੀ ਹੈ ਤਾਂ ਇਹ ਆਵਾਜਾਈ ਦਾ ਇਕ ਅਜਿਹਾ ਸਾਧਨ ਹੋਵੇਗਾ, ਜੋ ਸਾਡੇ ਸਮੁੱਚੇ ਆਵਾਜਾਈ-ਤੰਤਰ ਨੂੰ ਸੁਚਾਰੂ ਰੂਪ ਵਿਚ ਪ੍ਰਭਾਵਿਤ ਕਰੇਗਾ। ਅਜਿਹੀ ਨਵੀਂ ਤਕਨੀਕ ਦਾ ਭਾਰਤ ਵਿਚ ਸ਼ੁਭ ਅਰੰਭ ਇਕ ਨਵੇਂ ਯੁੱਗ ਦੀ ਆਮਦ ਹੋ ਸਕਦੀ ਹੈ, ਜੋ ਸੜਕੀ ਹਾਦਸਿਆਂ ਵਿਚ ਹੋ ਰਹੇ ਵਾਧੇ, ਸੜਕਾਂ ‘ਤੇ ਕੁਹਰਾਮ ਮਚਾਉਂਦੇ ਵਹੀਕਲਾਂ ਦੀਆਂ ਭੀੜਾਂ, ਸੜਕੀ ਜਾਮ, ਸਫਰ ਕਰਨ ਵਾਲੇ ਲੋਕਾਂ ਵਿਚ ਪੈਦਾ ਹੋਣ ਵਾਲੀਆਂ ਮਾਨਸਿਕ ਬਿਮਾਰੀਆਂ ਅਤੇ ਸੜਕੀ ਸਫਰ ਦੇ ਸਮੇਂ ਨੂੰ ਘਟਾਉਣ ਲਈ ਬਹੁਤ ਹੀ ਸਾਜਗਾਰ ਸਾਧਨ ਸਿੱਧ ਹੋਵੇਗਾ।