ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ-ਭਾਈ ਗੁਰਦਾਸ ਦੀਆਂ ਵਾਰਾਂ ਦੇ ਸੰਦਰਭ ਵਿਚ

ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171
ਭਾਈ ਗੁਰਦਾਸ (ਸੰਨ 1551-1636) ਨੇ ਆਪਣੀ 85 ਸਾਲਾਂ ਦੀ ਉਮਰ ਵਿਚੋਂ ਤੀਜੇ ਤੋਂ ਛੇਵੇਂ ਗੁਰੂ ਜੀ ਦੀ ਪਵਿੱਤਰ ਸੰਗਤ ਅਤੇ ਚਰਨ-ਛੋਹ ਵਿਚ 58 ਸਾਲਾਂ ਦਾ ਜੀਵਨ ਗੁਜ਼ਾਰਿਆ। ਤੀਜੇ ਗੁਰੂ ਜੀ ਦੇ ਚਾਚੇ ਚੰਦਰਭਾਨ ਦੇ ਘਰ ਭਾਈ ਈਸ਼ਰ ਦਾਸ ਨੇ ਜਨਮ ਲਿਆ। ਭਾਈ ਗੁਰਦਾਸ ਨੇ ਭਾਈ ਈਸ਼ਰ ਦਾਸ ਅਤੇ ਬੀਬੀ ਜੀਵਨੀ ਦੇ ਘਰ ਜਨਮ ਲਿਆ। ਗੁਰੂ ਅਰਜਨ ਸਾਹਿਬ ਦੀ ਅਗਵਾਈ ਵਿਚ ਸੰਨ 1604 ਵਿਚ ਪੋਥੀ ਸਾਹਿਬ ਦੀ ਲਿਖਾਈ ਪੂਰੀ ਕਰਨ ਵਾਲੇ ਭਾਈ ਗੁਰਦਾਸ ਹੀ ਯੋਗ ਲਿਖਾਰੀ ਸਨ।

ਭਾਈ ਗੁਰਦਾਸ ਦੀਆਂ ਵਾਰਾਂ ਵਿਚ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਕੁਝ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ। ਇਹ ਵਾਰਾਂ ਹਨ-ਪਹਿਲੀ, 24ਵੀਂ ਅਤੇ 26ਵੀਂ। ਵਾਰਾਂ ਦੇ ਕਈ ਸ਼ਬਦਾਂ ਦੇ ਜੋੜਾਂ ਵਿਚ ਵੱਖ-ਵੱਖ ਲਿਖਤਾਂ ਵਿਚ ਥੋੜਾ-ਬਹੁਤਾ ਅੰਤਰ ਹੈ। ਵਾਰਾਂ ਦੇ ਸ਼ਬਦ ਜੋੜ ਗੁਰਬਾਣੀ ਦੀ ਲਿਖਣ ਸ਼ੈਲੀ ਅਨੁਸਾਰ ਨਹੀਂ ਹਨ।
ਭਾਈ ਗੁਰਦਾਸ ਦੀ ਪਹਿਲੀ ਵਾਰ ਦੀਆਂ 49 ਪਉੜੀਆਂ ਹਨ। ਪਉੜੀ ਨੰਬਰ 21 ਤੋਂ 44 ਤਕ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦੇ ਕੁਝ ਹਾਲਾਤ ਬਿਆਨ ਕਰ ਕੇ ਗੁਰੂ ਜੀ ਵਲੋਂ ਪ੍ਰਗਟ ਹੋਣ ਅਤੇ ਉਨ੍ਹਾਂ ਵਲੋਂ ਕੀਤੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਬਾਰੇ ਜੋ ਲਿਖਿਆ ਹੈ, ਉਸ ਬਾਰੇ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ:
ਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ:
(A) ਇਸਲਾਮ ਮੱਤ ਵਾਲਿਆਂ ਦੀ ਦਸ਼ਾ ਪਉੜੀ ਨੰਬਰ 20 ਵਿਚ ਇਉਂ ਬਿਆਨ ਕੀਤੀ ਗਈ ਹੈ,
ਬਹੁ ਵਾਟੀਂ ਜੱਗ ਚਲਿਆ ਜਬ ਹੀ ਭਏ ਮਹੰਮਦ ਯਾਰਾ॥
ਕੌਮ ਬਹੱਤਰ ਸੰਗ ਕਰ ਬਹੁ ਬਿਧਿ ਬੈਰ ਬਿਰੋਧ ਪਸਾਰਾ॥
ਰੋਜੇ ਈਦ ਨਮਾਜ ਕਰ ਕਰਮੀ ਬੰਦ ਕੀਆ ਸੰਸਾਰਾ॥
ਪੀਰ ਪਕੰਬਰ ਔਲੀਐ ਗੌਸ ਕੁਤਬ ਬਹੁ ਭੇਖ ਸਵਾਰਾ॥
ਠਾਕੁਰ ਦੁਆਰੈ ਢਾਹਿਕੈ ਤਿਹ ਠਉੜੀਂ ਮਸੀਤ ਉਸਾਰਾ॥
ਮਾਰਨ ਗਊ ਗਰੀਬ ਨੋ ਧਰਤੀ ਉਪਰ ਪਾਪ ਬਿਥਾਰਾ॥
ਕਾਫਰ ਮੁਲਹਦ ਇਰਮਨੀ ਰੂੰਮੀ ਜੰਗੀ ਦੁਸ਼ਮਨ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ॥20॥
(ਦੁਸ਼ਮਨ ਦਾਰਾ=ਔਰਤਾਂ ਉਤੇ ਜ਼ੁਲਮ ਕਰਨ ਵਾਲੇ)
(ਅ) ਹਿੰਦੂਆਂ ਅਤੇ ਮੁਸਲਮਾਨਾਂ ਦੇ ਉਸ ਸਮੇਂ ਦੇ ਕਰਮ ਪਉੜੀ ਨੰਬਰ 21 ਵਿਚ ਇਉਂ ਬਿਆਨ ਕੀਤੇ ਗਏ ਹਨ,
ਚਾਰ ਵਰਨ ਚਾਰ ਮਜਹਬਾਂ ਜਗ ਵਿਚ ਹਿੰਦੂ ਮੁਸਲਮਾਣੇ॥
ਖੁਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਣੇ॥
ਸੁੰਨਤ ਮੁਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥
ਰਾਮ ਰਹੀਮ ਕਹਾਇੰਦੇ ਇਕ ਨਾਮ ਦੁਇ ਰਾਹ ਭੁਲਾਣੇ॥
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸ਼ੈਤਾਣੇ॥
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥
ਸਿਰੋਂ ਨ ਮਿਟੇ ਆਵਣ ਜਾਣੇ॥21॥
(e) ਧੌਲ ਧਰਮ ਦੀ ਪੁਕਾਰ ਅਤੇ ਪੂਰੇ ਗੁਰੂ ਦੀ ਅਣਹੋਂਦ ਦਾ ਬਿਆਨ ਪਉੜੀ ਨੰਬਰ 22 ਵਿਚ ਇਉਂ ਹੈ,
ਚਾਰੇ ਜੱਗੇ ਚਹੁੰ ਜੁਗੀ ਪੰਚਾਇਣ ਪ੍ਰਭ ਆਪੇ ਹੋਆ॥
ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ॥
ਬਾਝ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਬਿਧ ਲੋਆ॥
ਵਰਤਿਆ ਪਾਪ ਜਗੱਤ੍ਰ ਤੇ ਧਉਲ ਉਡੀਣਾ ਨਿਸਦਿਨ ਰੋਆ॥
ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ॥
ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ॥
ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ॥
ਧਰਮ ਧੌਲ ਪੁਕਾਰੈ ਤਲੇ ਖੜੋਆ॥
(ਸ) ਸਮਾਜ ਵਿਚ ਉਸ ਸਮੇਂ ਮਚੀ ਹਨੇਰਗਰਦੀ ਦਾ ਜ਼ਿਕਰ ਪਉੜੀ ਨੰਬਰ 30 ਵਿਚ ਇਉਂ ਹੈ,
ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥
ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ॥
ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ॥
ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ॥
ਇਸਤ੍ਰੀ ਪੁਰਖੈ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥
ਵਰਤਿਆ ਪਾਪ ਸਭਸ ਜਗ ਮਾਂਹੀ॥30॥
(ਹ) ਸਤਿਨਾਮੁ ਦਾ ਚੱਕ੍ਰ ਫਿਰਾਉਣ ਲਈ ਗੁਰੂ ਨਾਨਕ ਪਾਤਿਸ਼ਾਹ ਦਾ ਆਗਮਨ ਹੋਇਆ, ਜਿਵੇਂ ਦੁਖੀਆਂ ਦੀ ਪੁਕਾਰ ਸੁਣੀ ਗਈ ਹੋਵੇ। ਇਹ ਬਿਆਨ ਪਉੜੀ ਨੰਬਰ 23 ਵਿਚ ਇਉਂ ਹੈ,
ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ॥
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ॥
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥
ਕਲਿਜੁਗ ਬਾਬੇ ਤਾਰਿਆ ਸਤਿਨਾਮ ਪੜ੍ਹ ਮੰਤ੍ਰ ਸੁਣਾਯਾ॥
ਕਲਿ ਤਾਰਣ ਗੁਰ ਨਾਨਕ ਆਯਾ॥23॥
(ਕ) ਗੁਰੂ ਨਾਨਕ ਸਾਹਿਬ ਨੂੰ ਸੂਰਜ ਅਤੇ ਸ਼ੇਰ ਨਾਲ ਤੁਲਨਾ ਦੇ ਕੇ ਪਉੜੀ ਨੰਬਰ 27 ਵਿਚ ਲਿਖਿਆ ਹੈ ਕਿ ਗੁਰੂ ਜੀ ਦੇ ਪ੍ਰਚਾਰ ਨਾਲ ਘਰ ਘਰ ਕੀਰਤਨ ਦੇ ਪ੍ਰਵਾਹ ਚੱਲ ਪਏ। ਪਉੜੀ ਨੰਬਰ 34 ਵਿਚ ਵੀ ਗੁਰੂ ਜੀ ਨੂੰ ਸ਼ੇਰ, ਸੂਰਜ ਅਤੇ ਚੰਦ ਦੀ ਰੌਸ਼ਨੀ ਨਾਲ ਤੁਲਨਾ ਦਿੱਤੀ ਹੈ,
(1) ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ॥27॥
(2) ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ॥
ਬੁਕਿਆ ਸਿੰਘ ਉਜਾੜ ਵਿਚ ਸਬ ਮਿਰਗਾਵਲ ਭੰਨੀ ਜਾਈ॥
ਚੜ੍ਹਿਆ ਚੰਦ ਨ ਲੁਕਈ ਕਢ ਕੁਨਾਲੀ ਜੋਤ ਛਪਾਈ॥34॥
(ਖ) ਹਉਮੈ ਅਤੇ ਤ੍ਰਿਸ਼ਨਾ ਦੀ ਅੱਗ ਵਿਚ ਜਲ-ਬਲ ਰਹੀ ਲੋਕਾਈ ਨੂੰ ਧੀਰਜ ਦੇਣ ਲਈ ਗੁਰੂ ਜੀ ਨੇ ਜਾਨ ਜੋਖੋਂ ਵਿਚ ਪਾ ਕੇ ਪੂਰੀ ਤਿਆਰੀ ਨਾਲ ਉਦਾਸੀਆਂ (ਪ੍ਰਚਾਰਕ ਫੇਰੀਆਂ) ਸ਼ੁਰੂ ਕੀਤੀਆਂ, ਜਿਨ੍ਹਾਂ ਦਾ ਜ਼ਿਕਰ ਪਉੜੀ ਨੰਬਰ 24 ਵਿਚ ਇਉਂ ਹੈ,
ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥
ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥
ਬਾਬਾ ਪੈਧਾ ਸਚ ਖੰਡ ਨਉ ਨਿਧਿ ਨਾਮ ਗਰੀਬੀ ਪਾਈ॥
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥
ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥
ਚੜ੍ਹਿਆ ਸੋਧਨ ਧਰਤ ਲੁਕਾਈ॥24॥
(ਗ) ਤੀਰਥਾਂ ਉਤੇ ਜਾ ਕੇ ਲੋਕਾਂ ਨੂੰ ਦੱਸਿਆ ਕਿ ਰੱਬੀ ਪ੍ਰੇਮ ਭਗਤੀ ਤੋਂ ਬਿਨਾ ਕੀਤੇ ਸਾਰੇ ਕਰਮ ਫੋਕਟ ਹਨ। ਪਉੜੀ ਨੰਬਰ 25 ਵਿਚ ਇਸ ਦਾ ਜ਼ਿਕਰ ਇਉਂ ਹੈ,
ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ॥
ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥
ਭਾਉ ਨ ਬ੍ਰਹਮੇ ਲਿਖਿਆ ਚਾਰ ਬੇਦ ਸਿੰਮ੍ਰਤਿ ਪੜ੍ਹ ਦੇਖੈ॥
ਢੂੰਡੀ ਸਗਲੀ ਪਿਰਥਮੀ ਸਤਿਜੁਗ ਆਦਿ ਦੁਆਪਰ ਤ੍ਰੇਤੈ॥
ਕਲਿਜੁਗ ਧੁੰਧੂਕਾਰ ਹੈ ਭਰਮ ਭੁਲਾਈ ਬਹੁ ਬਿਧਿ ਭੇਖੈ॥
ਭੇਖੀਂ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ॥
ਗੁਰਮੁਖ ਵਰਨ ਅਵਰਨ ਹੋਇ ਨਿਵ ਚਲੈ ਗੁਰਸਿਖ ਵਿਸੇਖੈ॥
ਤਾਂ ਕੁਛ ਘਾਲ ਪਵੈ ਦਰ ਲੇਖੈ॥25॥
ਤੀਰਥਾਂ ਉਤੇ ਜਾ ਕੇ ਗੁਰੂ ਜੀ ਨੇ ਜੋ ਦੇਖਿਆ, ਉਹ ਸਿੱਟਾ ਭਾਈ ਗੁਰਦਾਸ ਨੇ ਪਉੜੀ ਨੰਬਰ 26 ਵਿਚ ਲਿਖਿਆ ਹੈ ਕਿ ਗਿਆਨ ਦੇ ਅੰਨ੍ਹਿਆਂ ਨੇ ਅੱਗੇ ਗਿਆਨ ਦੇ ਅੰਨ੍ਹਿਆਂ ਨੂੰ ਹਨੇਰੇ ਖੂਹ ਵਿਚ ਰੇੜ੍ਹਿਆ ਹੋਇਆ ਹੈ। ਦੇਖੋ ਇਹ ਪਉੜੀ,
ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗੁਰ ਚੇਲੇ॥
ਦੇਵੀ ਦੇਵ ਰਿਖੀਸ਼ਰਾਂ ਭੈਰੋਂ ਖੇਤ੍ਰ ਪਾਲ ਬਹੁ ਮੇਲੇ॥
ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹੁ ਖੇਲੇ॥
ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ॥
ਹਉਮੈ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ॥
ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੍ਰੀ ਮੇਲੇ॥
ਢੂੰਡੇ ਹਿੰਦੂ ਤੁਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥
ਅੰਧੀ ਅੰਧੇ ਖੂਹੇ ਠੇਲੇ॥26॥
ਗੁਰੂ ਨਾਨਕ ਸਾਹਿਬ ਵਲੋਂ ਸਿੱਧਾਂ ਨਾਲ ਸੰਵਾਦ:
(A) ਸੁਮੇਰ ਪਰਬਤ ਉਤੇ ਗੁਰੂ ਜੀ ਗਏ ਤਾਂ ਸਿੱਧਾਂ ਨੇ ਗੁਰੂ ਜੀ ਨੂੰ ‘ਬਾਲਿਆ’ ਕਹਿ ਕੇ ਸੰਬੋਧਨ ਕੀਤਾ, ਕਿਉਂਕਿ ਸਿੱਧਾਂ ਨੇ ਆਪਣੀਆਂ ਉਮਰਾਂ ਲੰਬੀਆਂ ਕੀਤੀਆਂ ਹੋਈਆਂ ਸਨ। ਗੁਰੂ ਜੀ ਤੋਂ ਨਾਂ ਪੁੱਛਦੇ ਕਹਿੰਦੇ ਹਨ ਕਿ ਉਹ ਕਿਹੜੀ ਸ਼ਕਤੀ ਹੈ, ਜੋ ਉਨ੍ਹਾਂ ਨੂੰ ਸੁਮੇਰ ਪਰਬਤ ਉਤੇ ਲਿਆਈ ਹੈ? ਇਹ ਸੰਵਾਦ ਪਉੜੀ ਨੰਬਰ 28 ਵਿਚ ਇਸ ਤਰ੍ਹਾਂ ਹੈ,
ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥
ਫਿਰ ਜਾ ਚੜੇ ਸੁਮੇਰ ਪਰ ਸਿਧ ਮੰਡਲੀ ਦ੍ਰਿਸ਼ਟੀ ਆਈ॥
ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਿਣਤੀ ਵਰਤਾਈ॥
ਸਿਧ ਪੁੱਛਨ ਸੁਨ ਬਾਲਿਆ ਕੌਨ ਸ਼ਕਤਿ ਤੁਹਿ ਏਥੇ ਲਿਆਈ॥
ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ॥
ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥
ਨੀਚ ਕਹਾਇ ਊਚ ਘਰ ਆਈ॥28॥
(ਅ) ਗੁਰੂ ਜੀ ਨੂੰ ਸਿੱਧ ਮਾਤ ਲੋਕ ਦਾ ਹਾਲ ਪੁੱਛਦੇ ਹਨ। ਗੁਰੂ ਜੀ ਉਤਰ ਦਿੰਦੇ ਹਨ ਕਿ ਤੁਸੀਂ ਸਿੱਧ ਬਣ ਕੇ ਤਾਂ ਪਰਬਤਾਂ ਵਿਚ ਲੁਕੇ ਬੈਠੇ ਹੋ। ਜਗਤ ਦੀ ਸਾਰ ਲੈਣ ਵਾਲਾ ਹੋਰ ਕੌਣ ਹੈ? ਇਹ ਸੰਵਾਦ ਪਉੜੀ ਨੰਬਰ 29 ਵਿਚ ਇਉਂ ਹੈ,
ਫਿਰ ਪੁੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥
ਸਭ ਸਿਧੀਂ ਏਹ ਬੁਝਿਆ ਕਲਿ ਤਾਰਣ ਨਾਨਕ ਅਵਤਾਰਾ॥
ਬਾਬੇ ਕਹਿਆ ਨਾਥ ਜੀ ਸੱਚ ਚੰਦ੍ਰਮਾ ਕੂੜ ਅੰਧਾਰਾ॥
ਕੂੜ ਅਮਾਵਸ ਵਰਤਿਆ ਹਉਂ ਭਾਲਣ ਚੜਿਆ ਸੰਸਾਰਾ॥
ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ॥
ਸਿਧ ਛਪ ਬੈਠੇ ਪਰਬਤੀਂ ਕੌਣ ਜਗ ਕਉ ਪਾਰ ਉਤਾਰਾ॥
ਜੋਗੀ ਗਿਆਨ ਵਿਹੂਣਿਆਂ ਨਿਸਦਿਨ ਅੰਗ ਲਗਾਇਨ ਛਾਰਾ॥
ਬਾਝ ਗੁਰੂ ਡੁੱਬਾ ਜਗ ਸਾਰਾ॥29॥
(e) ਸਿੱਧਾਂ ਨੇ ਗੁਰੂ ਜੀ ਨੂੰ ਆਪਣੇ ਮੱਤ ਵਿਚ ਲਿਆਉਣ ਦੇ ਅਸਫਲ ਯਤਨ ਕੀਤੇ। ਗੁਰੂ ਜੀ ਦੀ ਪ੍ਰੀਖਿਆ ਲਈ ਉਨ੍ਹਾਂ ਨੂੰ ਸਿੱਧਾਂ ਨੇ ਇੱਕ ਚਿੱਪੀ ਵਿਚ ਪਾਣੀ ਲਿਆਉਣ ਲਈ ਕਿਹਾ। ਗੁਰੂ ਜੀ ਦੇਖਦੇ ਹਨ ਕਿ ਪਾਣੀ ਵਾਲੇ ਤਲਾਬ ਵਿਚ ਹੀਰੇ, ਮੋਤੀ ਹੀ ਹਨ, ਜਿਸ ਲਈ ਗੁਰੂ ਜੀ ਨੇ ਕਿਹਾ ਕਿ ਉਥੇ ਪਾਣੀ ਨਹੀਂ ਹੈ। ਗੁਰੂ ਜੀ ਮੋਹ ਮਾਇਆ ਤੋਂ ਨਿਰਲੇਪ ਸਨ, ਜਿਸ ਲਈ ਉਹ ਹੀਰੇ, ਮੋਤੀ ਦੇਖ ਕੇ ਸਿੱਧਾਂ ਦੀ ਚਾਲ ਸਮਝ ਗਏ ਸਨ। ਗੁਰੂ ਜੀ ਨੇ ਸ਼ਬਦ-ਗੁਰਬਾਣੀ ਦੀ ਬਰਕਤ ਨਾਲ ਸਿੱਧ-ਮੰਡਲੀ ਉਤੇ ਜਿੱਤ ਪ੍ਰਾਪਤ ਕੀਤੀ। ਇਹ ਵਾਰਤਾ ਪਉੜੀ ਨੰਬਰ 31 ਵਿਚ ਦਰਜ ਹੈ,
ਸਿਧੀਂ ਮਨੇ ਬਿਚਾਰਿਆ ਕਿਵੇਂ ਦਰਸ਼ਨ ਏਹ ਲੇਵੇ ਬਾਲਾ॥
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥
ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ॥
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥
ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝਲੇ ਗੁਰ ਦੀ ਝਾਲਾ॥
ਫਿਰ ਆਯਾ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ॥
ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ॥
ਕਲਿਜੁਗ ਨਾਨਕ ਨਾਮ ਸੁਖਾਲਾ॥31॥
ਗੁਰੂ ਨਾਨਕ ਸਾਹਿਬ ਦਾ ਮੱਕੇ ਜਾਣਾ:
(A) ਗੁਰੂ ਜੀ ਹਾਜੀਆਂ ਦੇ ਭੇਸ ਵਿਚ ਮੱਕੇ ਗਏ ਤਾਂ ਉਨ੍ਹਾਂ ਦੇ ਲੱਤ ਦੀ ਠੋਕਰ ਮਾਰੀ ਗਈ, ਕਿਉਂਕਿ ਉਹ ਕਾਅਬੇ ਵਲ ਨੂੰ ਪੈਰ ਕਰ ਕੇ ਪੈ ਗਏ ਸਨ। ਇਸ ਘਟਨਾ ਤੋਂ ਮੱਕੇ ਦੇ ਕਾਜ਼ੀ ਨੂੰ ਸਮਝ ਪੈ ਗਈ ਕਿ ਖੁਦਾ ਤਾਂ ਸੱਭੇ ਦਿਸ਼ਾਵਾਂ ਵਿਚ ਮੌਜੂਦ ਹੈ। ਇਹ ਘਟਨਾ ਪਉੜੀ ਨੰਬਰ 32 ਵਿਚ ਇਉਂ ਦਰਜ ਹੈ,
ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥
ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗੁਜਾਰੀ॥
ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ॥
ਜੀਵਣ ਮਾਰੀ ਲਤ ਦੀ ਕੇੜ੍ਹਾ ਸੁਤਾ ਕੁਫਰ ਕੁਫਾਰੀ॥
ਲਤਾਂ ਵਲ ਖੁਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ॥
ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨ ਜੁਹਾਰੀ॥32॥
ਨੋਟ: ਜੀਵਣ ਕਿਸੇ ਕਾਜ਼ੀ ਦਾ ਨਾਂ ਨਹੀਂ। ਇਹ ਸੰਸਕ੍ਰਿਤ ਦੇ ਸ਼ਬਦ ਜ੍ਰਿੰਭਣ ਤੋਂ ਹੈ, ਜਿਸ ਦਾ ਅਰਥ ਹੈ-ਠੋਕਰ ਮਾਰਨੀ ਜਾਂ ਦੁਲੱਤਾ ਮਾਰਨਾ ਜਾਂ ਝਟਕੇ ਨਾਲ ਪ੍ਰਹਾਰ ਕਰਨਾ (ਮਹਾਨ ਕੋਸ਼)।
ਜੀਵਣ ਮਾਰੀ ਲੱਤ ਦੀ-ਲੱਤ ਦੀ ਠੋਕਰ ਮਾਰੀ ਗਈ।
ਜੀਵਣ ਹੇਂਦਕਾ ਲਫਜ਼ ਹੈ, ਜੋ ਮੁਸਲਮਾਨ ਲਈ ਨਹੀਂ ਹੋ ਸਕਦਾ।
(ਅ) ਕਾਜ਼ੀਆਂ ਨੇ ਮੱਕੇ ਵਿਚ ਗੁਰੂ ਜੀ ਨਾਲ ਸੰਵਾਦ ਰਚਾਇਆ ਅਤੇ ਪੁੱਛਿਆ ਕਿ ਉਹ ਹਿੰਦੂ ਨੂੰ ਵੱਡਾ ਮੰਨਦੇ ਹਨ ਕਿ ਮੁਸਲਮਾਨ ਨੂੰ। ਗੁਰੂ ਜੀ ਨੇ ਨਿਡਰ ਹੋ ਕੇ ਉਤਰ ਦਿੱਤਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਉਹ ਵੱਡਾ ਹੈ, ਜਿਸ ਦੇ ਕੀਤੇ ਅਮਲ ਵੱਡੇ ਹੋਣ। ਜੇ ਚੰਗੇ ਅਮਲਾਂ ਤੋਂ ਦੋਵੇਂ ਖਾਲੀ ਰਹਿਣਗੇ ਤਾਂ ਦੋਵੇਂ ਹੀ ਪਛਤਾਉਣਗੇ। ਗੁਰੂ ਜੀ ਕੋਲ ਜਿਸ ਕਿਤਾਬ ਦਾ ਜ਼ਿਕਰ ਕੀਤਾ ਗਿਆ ਹੈ, ਉਹ ਗੁਰਬਾਣੀ ਦੀ ਪੋਥੀ ਸੀ, ਜਿਸ ਵਿਚ ਉਨ੍ਹਾਂ ਦੀ ਆਪਣੀ ਅਤੇ ਭਗਤਾਂ ਦੀ ਬਾਣੀ ਸੀ। ਪਉੜੀ ਨੰਬਰ 33 ਇਸ ਪ੍ਰਸੰਗ ਨੂੰ ਇਉਂ ਬਿਆਨ ਕਰਦੀ ਹੈ,
ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥
ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥
ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥
ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਇੱਕ ਥਾਇ ਖਲੋਈ॥
ਰਾਹ ਸ਼ੈਤਾਨੀ ਦੁਨੀਆ ਗੋਈ॥33॥
ਗੁਰੂ ਜੀ ਦੀ ਬਗਦਾਦ ਫੇਰੀ:
ਭਾਈ ਗੁਰਦਾਸ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਜੀ ਦੇ ਨਾਲ ਸਿਰਫ ਮਰਦਾਨਾ ਹੀ ਸਾਥੀ ਸੀ ਅਤੇ ਤੀਜਾ ਕੋਈ ਵਿਅਕਤੀ ਨਹੀਂ ਸੀ। ਇਸ ਗਵਾਹੀ ਤੋਂ ਸਿੱਧ ਹੁੰਦਾ ਹੈ ਕਿ ਬਾਲਾ ਇੱਕ ਨਕਲੀ ਪਾਤਰ ਹੈ, ਜੋ ਕੇਵਲ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹੀ ਇੱਕ ਪਾਤਰ ਹੈ। ਪੀਰ ਦਸਤਗੀਰ ਨਾਲ ਕੀ ਸੰਵਾਦ ਰਚਾਇਆ ਗਿਆ, ਜਿਸ ਦਾ ਵੇਰਵਾ ਵਾਰ ਵਿਚ ਨਹੀਂ ਮਿਲਦਾ। ਪਉੜੀ ਨੰਬਰ 36 ਵਿਚ ਗੁਰੂ ਜੀ ਵਲੋਂ ਕੀਤੀ ਕਰਾਮਾਤ, ਪੀਰ ਦੇ ਪੁੱਤਰ ਨੂੰ ਨਾਲ ਲੈ ਕੇ ਹਵਾ ਵਿਚ ਉਡ ਕੇ ਜਾਣਾ, ਦਾ ਜ਼ਿਕਰ ਹੈ, ਜੋ ਢੁਕਦਾ ਨਹੀਂ ਹੈ। ਗੁਰੂ ਜੀ ਕਰਾਮਾਤੀ ਨਹੀਂ ਸਨ, ਸਗੋਂ ਕਰਾਮਾਤ ਕਰਨ ਵਾਲੇ ਸਿੱਧਾਂ ਨੂੰ ਉਸ ਰਸਤੇ ਤੋਂ ਵਰਜਣ ਵਾਲੇ ਸਨ। ਜਪੁ ਜੀ ਵਿਚ ਵੀ ‘ਰਿਧਿ ਸਿਧਿ’ ਨੂੰ ‘ਅਵਰਾ ਸਾਦ’ ਕਿਹਾ ਗਿਆ ਹੈ। ਪਉੜੀ ਨੰਬਰ 37 ਵਿਚ ਗੁਰੂ ਨਾਨਕ ਸਾਹਿਬ ਵਲੋਂ ਗੜ੍ਹ ਬਗਦਾਦ, ਮੱਕੇ ਤੇ ਮਦੀਨੇ ਨੂੰ ਨਿਵਾਉਣ ਅਤੇ ਸਤਿਨਾਮ ਦਾ ਚੱਕ੍ਰ ਫੇਰਨ ਦੀ ਗੱਲ ਕੀਤੀ ਗਈ ਹੈ। ਦੇਖੋ ਪ੍ਰਮਾਣ,
(A) ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥
ਦਿਤੀ ਬਾਂਗ ਨਿਮਾਜ਼ ਕਰ ਸੁੰਨ ਸਮਾਨ ਹੋਯਾ ਜਹਾਨਾ॥
ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ॥
ਵੇਖੈ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥
ਪੁਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸ ਕਾ ਘਰਿਹਾਨਾ॥
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕ ਪਹਿਚਾਨਾ॥
ਧਰਤ ਅਕਾਸ਼ ਚਹੂੰ ਦਿਸ ਜਾਨਾ॥35॥
(ਅ) ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿਚ ਸਭ ਦਿਖਲਾਈ॥
ਭਰ ਕਚਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥
ਜ਼ਾਹਰ ਕਲਾ ਨ ਛਪੈ ਛਪਾਈ॥36॥
(ਚਲਦਾ)