ਗੁਲਜ਼ਾਰ ਸਿੰਘ ਸੰਧੂ
ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਦੀ ਗੱਲ ਹਾਲੇ ਚੱਲ ਹੀ ਰਹੀ ਸੀ, ਦਸੰਬਰ ਮਹੀਨਾ ਚੜ੍ਹਦੇ ਸਾਰ ਤਰਨਤਾਰਨ ਦੀ ਅਹਿਮੀਅਤ ਦੀਆਂ ਗੱਲਾਂ ਤੁਰ ਪਈਆਂ ਹਨ। ਜੇ ਪਹਿਲੇ ਦੋ ਸਥਾਨਾਂ ਨੂੰ ਸਿੱਖਾਂ ਦੀ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਹੈ ਤਾਂ ਤਰਨਤਾਰਨ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਦੀ ਕਰਮ ਭੂਮੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇਹ ਸ਼ਹਿਰ ਖਾਰਾ ਤੇ ਪਲਾਸੌਰ ਪਿੰਡਾਂ ਤੋਂ ਜਮੀਨ ਲੈ ਕੇ ਸਥਾਪਤ ਕੀਤਾ ਸੀ।
ਉਨ੍ਹਾਂ ਦੇ ਆਦੇਸ਼ ਅਨੁਸਾਰ ਹੀ ਇਥੋਂ ਵਾਲੇ ਪਵਿੱਤਰ ਸਰੋਵਰ ਦੀ ਨੀਂਹ ਬਾਬਾ ਬੁੱਢਾ ਜੀ ਨੇ ਰੱਖੀ ਸੀ। ਅੱਜ ਦੇ ਦਿਨ ਇਥੇ ਗੁਰਦੁਆਰਾ ਮੰਜੀ ਸਾਹਿਬ ਤੇ ਦੂਖ ਨਿਵਾਰਨ ਸੁਸ਼ੋਭਿਤ ਹਨ। ਰਵਾਇਤ ਹੈ ਕਿ ਇਸ ਸਰੋਵਰ ਵਿਚ ਇਸ਼ਨਾਨ ਕੀਤਿਆਂ ਕੋਹੜੀਆਂ ਦਾ ਕੋਹੜ ਦੂਰ ਹੋ ਜਾਂਦਾ ਹੈ। ਇਸ ਤਾਰੂ ਮਰਿਆਦਾ ਸਦਕਾ ਇਸ ਸ਼ਹਿਰ ਦਾ ਨਾਂ ਤਰਨਤਾਰਨ ਪੈ ਚੁਕਾ ਹੈ। ਇਥੇ ਮੱਸਿਆ ਨਹਾਉਣ ਬਾਰੇ ਤਾਂ ਜੱਗ ਜਾਣਦਾ ਹੈ।
ਤਰਨਤਾਰਨ ਨੂੰ ਸਿਆਸੀ ਅਹਿਮੀਅਤ ਦਿਵਾਉਣ ਵਾਲੀ ਇਸ ਦੀ ਹੱਦ ਹੈ, ਜੋ ਪਾਕਿਸਤਾਨ ਨਾਲ ਲਗਦੀ ਹੈ। 1965 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਇਸ ਖੇਤਰ ਦਾ ਖੇਮਕਰਨ ਕਸਬਾ ਪਾਕਿਸਤਾਨ ਦੇ ਪੈਟਨ ਟੈਂਕਾਂ ਨੂੰ ਨਸ਼ਟ ਕਰਨ ਵਜੋਂ ਪ੍ਰਸਿੱਧ ਹੋਇਆ ਸੀ। ਇਥੋਂ ਤੱਕ ਕਿ ਇਸ ਪਿੰਡ ਦੇ ਨਾਂ ਨਾਲ ਪੈਟਨ ਟੈਂਕਾਂ ਦਾ ਕਬਰਿਸਤਾਨ ਸ਼ਬਦ ਜੁੜ ਗਿਆ ਸੀ। ਇਸ ਦੀ ਧਾਰਮਿਕ ਤੇ ਸਿਆਸੀ ਮਹੱਤਤਾ ਸਦਕਾ ਇਸ ਨੂੰ ਜਿਲੇ ਦਾ ਦਰਜਾ ਦਿੱਤਾ ਗਿਆ, ਜੋ 15 ਜੂਨ 2006 ਤੱਕ ਜਿਲਾ ਅੰਮ੍ਰਿਤਸਰ ਦੀ ਇੱਕ ਤਹਿਸੀਲ ਹੀ ਸੀ।
ਗੁਰੂ ਅਰਜਨ ਦੇਵ ਜੀ ਦੇ ਵਸਾਏ ਇਸ ਸ਼ਹਿਰ ਨਾਲ ਹੋਰ ਵੀ ਕਈ ਨਾਮੀ ਗ੍ਰਾਮੀ ਹਸਤੀਆਂ ਦੇ ਨਾਂ ਜੁੜ ਚੁਕੇ ਹਨ। ਅਣਵੰਡੇ ਪੰਜਾਬ ਨੂੰ ਇਸ਼ ਸ਼ਹਿਰ ਨੇ ਧਾਰਮਿਕ ਵਿਦਵਾਨ ਮੋਹਨ ਸਿੰਘ ਵੈਦ, ਪ੍ਰਸਿੱਧ ਦੇਸ਼ ਭਗਤ ਅਰਜਨ ਸਿੰਘ ਗੜਗਜ, ‘ਗਦਰ ਲਹਿਰ’ ਦਾ ਰਚੈਤਾ ਤੇ ਸਿੱਖ ਨੈਸ਼ਨਲ ਕਾਲਜ ਲਾਹੌਰ ਦਾ ਅਧਿਆਪਕ ਜਗਜੀਤ ਸਿੰਘ ਹੀ ਨਹੀਂ, ਪੰਜਾਬੀ ਕਵੀ ਪ੍ਰੀਤਮ ਸਿੰਘ ਸਫੀਰ, ਪੱਤਰਕਾਰ ਜਗਜੀਤ ਸਿੰਘ ਅਨੰਦ ਅਤੇ ਉਰਦੂ ਅਦੀਬ ਜੀਆ ਲਾਲ ਦੱਤ ਵੀ ਦਿੱਤੇ ਹਨ।
ਮੈਂ ਆਪਣੀ ਗੱਲ ਕਰਨੀ ਹੋਵੇ ਤਾਂ ਮੈਂ ਇਸ ਜਿਲੇ ਦੇ ਪਿੰਡ ਨੌਸ਼ਹਿਰਾ ਪੰਨੂੰਆ ਵਿਆਹਿਆ ਹੋਇਆ ਹਾਂ। ਸਵਰਗਵਾਸੀ ਡਾ. ਸਾਧੂ ਸਿੰਘ ਹਮਦਰਦ (ਬਾਨੀ ਸੰਪਾਦਕ ‘ਅਜੀਤ’), ਸ਼ਾਦੀ ਸਿੰਘ (ਸੰਪਾਦਕ ‘ਅਕਾਲੀ ਪੱਤ੍ਰਿਕਾ’), ਮੋਹਨ ਸਿੰਘ ਮਾਹਿਰ (ਕਵੀ), ਡਾ. ਦੀਵਾਨ ਸਿੰਘ (ਪ੍ਰੋਫੈਸਰ) ਤੇ ਸੰਤ ਸਿੰਘ ਸੇਖੋਂ ਜਿਹੇ ਕਈ ਉਘੇ ਲੇਖਕ ਮੇਰੀ ਜੰਜੇ ਬਰਾਤੀ ਸਨ। ਉਹ ਵਾਪਸੀ ਉਤੇ ਤਰਨਤਾਰਨ ਦੀ ਧਰਤੀ ਨੂੰ ਨਤਮਸਤਕ ਹੋਏ ਸਨ।
ਪਿਛਲੇ ਸਾਲ ਦਸੰਬਰ ‘ਚ ‘ਅਜੀਤ’ ਸਮਾਚਾਰ ਸਮੂਹ ਨੇ ਇਥੇ ਆਪਣਾ ਉਪ ਦਫਤਰ ਬਣਾਇਆ ਹੈ। 2 ਦਸੰਬਰ 2019 ਵਾਲੇ ਦਿਨ ਇਸ ਦਫਤਰ ਦੀ ਪਹਿਲੀ ਵਰ੍ਹੇਗੰਢ ਸਮੇਂ ਇਸ ਖੇਤਰ ਦੇ ਪ੍ਰਸਿੱਧ ਚਿੰਤਕ, ਵਿਦਵਾਨ, ਰਾਜਸੀ ਨੇਤਾ, ਧਰਮ ਗਿਆਤਾ ਤੇ ਸਭਿਆਚਾਰਕ ਹਸਤੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਸਭ ਨੇ ਇਸ ਗੁਰੂ ਨਗਰੀ ਦਾ ਗੁਣਗਾਇਨ ਕਰਕੇ ਹਾਜ਼ਰੀਨ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਉਤੇ ਪਹਿਰਾ ਦੇਣ ਲਈ ਪ੍ਰੇਰਿਆ। ਤਰਨਤਾਰਨ ਜ਼ਿੰਦਾਬਾਦ!
ਪਿਆਜ਼ ਕੇ ਛਿਲਕੇ: ਮੇਰਾ ਮਿੱਤਰ ਫਿਕਰ ਤੌਂਸਵੀ ਇੱਕ ਉਰਦੂ ਅਖਬਾਰ ਲਈ ਚੋਂਦਾ ਚੋਂਦਾ ਕਾਲਮ ਲਿਖਦਾ ਸੀ, ‘ਪਿਆਜ਼ ਕੇ ਛਿਲਕੇ।’ ਉਹ ਗੱਲ ਦੀਆਂ ਪਰਤਾਂ ਉਦੋਂ ਤੱਕ ਫਰੋਲਦਾ ਰਹਿੰਦਾ, ਜਦੋਂ ਤੱਕ ਉਸ ਦਾ ਵਿਅੰਗ ਸਿਰੇ ਨਹੀਂ ਸੀ ਲਗਦਾ। ਕਹਿ ਸਕਦੇ ਹਾਂ ਕਿ ਉਹ ਗੰਢੇ ਦੀ ਗੋਭਲ ਚੂਸੇ ਬਿਨਾ ਨਾ ਹਟਦਾ। ਉਹ ਆਪਣੇ ਕਾਲਮ ਲਈ ਦਿੱਲੀ ਦੀਆਂ ਗਲੀਆਂ ਨਾਪਦਾ ਤੇ ਕਾਫੀ ਹਾਊਸ ਦੇ ਮਿੱਤਰਾਂ ਨੂੰ ਬਿਲਾਨਾਗਾ ਮਿਲਦਾ। ਮਿੱਤਰਾਂ ਨੂੰ ਕਾਲਮ ਛਪਣ ਪਿੱਛੋਂ ਪਤਾ ਲਗਦਾ ਕਿ ਉਨ੍ਹਾਂ ਦੀ ਕਹੀ ਗੱਲ ਨੂੰ ਉਸ ਨੇ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਹੈ। ਮਜਾ ਆ ਜਾਂਦਾ। ਹੁਣ ਜਦੋਂ ਦਿੱਲੀ ਵਿਚ ‘ਗੰਢੇ ਦੇ ਭਾਅ’ ਨੇ ਇੱਕ ਤੋਂ ਵੱਧ ਸੈਂਕੜਾ ਮਾਰ ਲਿਆ ਤਾਂ ਮੈਨੂੰ ਤੌਂਸਵੀ ਚੇਤੇ ਆ ਗਿਆ। ਉਸ ਨੂੰ ਕਾਫੀ ਹਾਊਸ ਜਾਣ ਦੀ ਲੋੜ ਨਹੀਂ ਸੀ ਪੈਣੀ, ਬੀਵੀ ਦੇ ਹੰਝੂਆਂ ਨਾਲ ਹੀ ਸਰ ਜਾਣਾ ਸੀ।
ਗੰਢੇ ਦੀ ਤੰਗੀ ਨੇ ਮੈਨੂੰ 1976 ਵਾਲੀ ਆਪਣੀ ਮਾਲਦੀਵ ਯਾਤਰਾ ਵੀ ਚੇਤੇ ਕਰਵਾ ਦਿੱਤੀ ਹੈ, ਜਿੱਥੇ ਹੋਰਨਾਂ ਸਬਜ਼ੀਆਂ ਵਾਂਗ ਗੰਢਾ ਵੀ ਭਾਰਤ ਜਾਂ ਸ੍ਰੀ ਲੰਕਾ ਤੋਂ ਮੰਗਵਾਉਣਾ ਪੈਂਦਾ ਹੈ। ਖਾਸ ਕਰਕੇ ਟੂਨਾ ਮੱਛੀ ਦੇ ਬਦਲੇ, ਜੋ ਉਥੇ ਏਨੀ ਹੁੰਦੀ ਹੈ ਕਿ ਸਾਗਰ ਦੀਆਂ ਛੱਲਾਂ ਨਾਲ ਰਸਤੇ ਵਿਚ ਡਿੱਗੀ ਮਿਲਦੀ ਹੈ ਤੇ ਮਾਲਦੀਵ ਦੇ ਵਸਨੀਕ ਸਵੇਰੇ ਉਠ ਕੇ ਛਾਬੇ ਭਰ ਲਿਆਉਂਦੇ ਹਨ। ਕੁਝ ਇਸ ਤਰ੍ਹਾਂ ਜਿਵੇਂ ਅਸੀਂ ਹਨੇਰੀ ਤੋਂ ਪਿੱਛੋਂ ਬੇਰੀਆਂ ਦੇ ਬੇਰ ਜਾਂ ਅੰਬ ਚੁੱਕ ਲਿਆਉਂਦੇ ਹਾਂ।
ਮੇਰੇ ਉਥੇ ਹੁੰਦਿਆਂ ਇੱਕ ਵਾਰੀ ਸਬਜ਼ੀਆਂ ਵਾਲਾ ਸਮੁੰਦਰੀ ਬੇੜਾ ਕਈ ਦਿਨ ਨਾ ਆਇਆ ਤਾਂ ਗੰਢੇ ਦਾ ਭਾਅ ਸਿਖਰਾਂ ਛੂਹ ਗਿਆ; ਅਜੋਕੇ ਭਾਰਤ ਨਾਲੋਂ ਵੀ ਵੱਧ, ਪਰ ਉਥੇ ਇਹ ਗੱਲ ਸਮਝ ਆਉਂਦੀ ਸੀ। ਉਥੇ ਤਾਂ ਗੰਢਾ ਹੁੰਦਾ ਹੀ ਨਹੀਂ, ਬਾਹਰੋਂ ਮੰਗਵਾਉਂਦੇ ਹਨ। ਸਾਡਾ ਦੇਸ਼ ਤਾਂ ਗੰਢਾ ਬਾਹਰ ਭੇਜਣ ਲਈ ਜਾਣਿਆ ਜਾਂਦਾ ਹੈ। ਸਾਡੇ ਰਸੋਈਏ ਤਾਂ ਗੰਢੇ ਉਪਰਲਾ ਛਿਲਕਾ ਲਾਹ ਕੇ ਸੁੱਟੇ ਬਿਨਾ ਛੁਰੀ ਨਹੀਂ ਫੜਦੇ। ਸਾਡੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਗੰਢਾ ਨਹੀਂ ਖਾਂਦੀ। ਖਾਣ ਵਾਲੇ ਕਿਸ ਦੀ ਮਾਂ ਨੂੰ ਮਾਸੀ ਕਹਿਣ। ਹਾਂ, ਗੰਢੇ ਦੇ ਪਰਹੇਜ਼ ਵਾਲੀ ਬੀਬੀ ਫਿਕਰ ਤੌਂਸਵੀ ਦੇ ਕਾਲਮ ਦੀ ਨਾਇਕਾ ਬਣ ਜਾਣੀ ਸੀ।
ਖੰਡਰਾਤ ਬਤਾਤੇ ਹੈਂ ਇਮਾਰਤ ਅਜ਼ੀਮ ਥੀ: ਮੇਰੀ ਉਮਰ ਛਿਆਸੀ ਨੂੰ ਢੁਕਣ ਵਾਲੀ ਹੈ। ਹਸਪਤਾਲਾਂ ਦੇ ਚੱਕਰ ਸ਼ੁਰੂ ਹੋ ਚੁਕੇ ਹਨ। ਮੇਰੇ ਜਿਹੇ ਅਨੇਕਾਂ ਬੰਦਿਆਂ ਦੇ ਦਰਸ਼ਨ ਹੁੰਦੇ ਹਨ। ਸਮੇਂ ਦੀ ਮਾਰ ਥੱਲੇ ਆਏ ਖੂਬਸੂਰਤ ਚਿਹਰੇ। ਔਰਤਾਂ ਵੱਧ ਤੇ ਮਰਦ ਘੱਟ। ਬਹੁਤ ਹੀ ਖੂਬਸੂਰਤ ਨੈਣ ਨਕਸ਼ ਵਾਲੀਆਂ ਦੰਦਾਂ ਬਾਝ ਚਿਪਕੀਆਂ ਗੱਲ੍ਹਾਂ। ਉਹ ਵੀ ਜਿਨ੍ਹਾਂ ਦੀਆਂ ਅੱਖਾਂ ਖੂਹੀ ਵਰਗੀਆਂ ਤੇ ਮੱਥੇ ਤਿਊੜੀਆਂ ਨਾਲ ਸੁੰਗੜੇ ਹੋਏ। ਕਈ ਲੰਮੇ ਲੰਮੇ ਕੱਦ ਕੁੱਬੇ ਕੁੱਬੇ ਤੁਰਦੇ ਹੋਏ। ਮਨ ਨੂੰ ਧੱਕਾ ਲੱਗਾ! ਸ਼ਾਇਦ ਇਸ ਲਈ ਕਿ ਆਪਣੀਆਂ ਝੁਰੜੀਆਂ ਦਿਸਦੀਆਂ ਨਹੀਂ। ਜੇ ਦਿਸਦੀਆਂ ਹਨ ਤਾਂ ਉਸ ਦਾ ਆਦੀ ਹੋ ਚੁਕਾ ਹਾਂ, ਰੋਜ਼ ਦੇਖ ਦੇਖ ਕੇ। ਮਨ ਦੀ ਮੁਹਾਰ ਨੂੰ ਨੱਥ ਪਾ ਕੇ ਉਰਦੂ ਦਾ ਉਹ ਸ਼ਿਅਰ ਗੁਣਗੁਣਾਉਣ ਲਗਦਾ ਹਾਂ, ਜਿਸ ਦਾ ਕੇਵਲ ਇੱਕ ਹੀ ਮਿਸਰਾ ਚੇਤੇ ਹੈ, ‘ਖੰਡਰਾਤ ਬਤਾਤੇ ਹੈਂ ਇਮਾਰਤ ਅਜ਼ੀਮ ਥੀ।’ ਹੋ ਸਕਦਾ ਹੈ, ਜੇ ਮੈਂ ਲੁੰਬਨੀ (ਨਿਪਾਲ) ਵਿਚ ਜਨਮਿਆ ਹੁੰਦਾ ਤਾਂ ਮਹਾਤਮਾ ਬੁੱਧ ਵਾਂਗ ਬੁੱਧ ਗਯਾ ਨੂੰ ਤੁਰ ਪਿਆ ਹੁੰਦਾ। ਆਮੀਨ!
ਅੰਤਿਕਾ: ਗੁਰਦਿਆਲ ਰੌਸ਼ਨ
ਸੁਪਨਿਆਂ ਦੇ ਮਹਿਲ ਢਹਿ ਗਏ
ਬਾਗ ਉਜਾੜੇ ਪਿਆਰ ਦੇ,
ਮਨ ਦਾ ਪੰਛੀ ਗਾ ਰਿਹਾ ਹੈ
ਜ਼ਲਜ਼ਲੇ ਤੋਂ ਬਾਅਦ ਵੀ।