ਡਾ. ਗੁਰਤੇਜ ਸਿੰਘ ਠੀਕਰੀਵਾਲਾ
ਸੰਸਾਰ ਵਿਚ ਇਨਸਾਨੀਅਤ, ਮਨੁੱਖੀ ਨੈਤਿਕਤਾ ਅਤੇ ਸਭਿਆਚਾਰਕ ਪਧਰ ਦਾ ਜੇ ਕੋਈ ਅੰਤਿਮ ਰੁਤਬਾ ਹੈ ਤਾਂ ਉਹ ਹੈ ਸ਼ਹੀਦੀ ਜਾਂ ਸ਼ਹਾਦਤ। ‘ਸ਼ਹਾਦਤ’ (ਅਰਬੀ) ਦਾ ਸ਼ਾਬਦਿਕ ਅਰਥ ਵੀ ਗਵਾਹੀ ਦੇਣੀ, ਤਸਦੀਕ ਕਰਨਾ, ਸਹੀ ਪਾਉਣਾ ਹੈ। ਅਧਿਆਤਮਕ ਨਿਸਚੈ ਵਿਚ ‘ਸ਼ਹੀਦ’ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਦੀ ਸੰਤਾਨ ਸਮਝਦਾ ਹੋਇਆ, ਉਸ ਲਈ ਆਪਣੇ ਪ੍ਰਾਣਾਂ ਦੀ ਅਹੂਤੀ ਦੇਣੀ ‘ਸਚਖੰਡ’ ਦੇ ਮਾਰਗ ਵਿਚ ਤੁਛ ਭੇਟਾ ਸਮਝਦਾ ਹੈ। ਸ਼ਹਾਦਤ ਹਮੇਸ਼ਾਂ ਦੂਸਰਿਆਂ ਲਈ ਦਿੱਤੀ ਜਾਂਦੀ ਹੈ।
ਸ਼ਹਾਦਤ ਇਕ ਦੈਵੀ ਕਾਰਜ ਹੈ ਜਿਸ ਨੂੰ ਪੂਰਨ ਸਮਰਪਣ ਦੀ ਭਾਵਨਾ ਨਾਲ ਸਵੀਕਾਰ ਕੀਤਾ ਜਾਣਾ ਹੁੰਦਾ ਹੈ। ਪਹਿਲਾਂ ‘ਸ਼ਹੀਦ’ ਪਦ ਧਰਮ ਨਾਲ ਹੀ ਸਬੰਧਤ ਸੀ। ਪਿਛੋਂ ਇਸ ਸ਼ਬਦ ਦੀ ਵਧੇਰੇ ਵਿਆਪਕ ਅਤੇ ਖੁੱਲ੍ਹੀ ਵਰਤੋਂ ਹੋਣ ਲੱਗ ਪਈ ਹੈ। ਇਸ ਨੇ ਸਮਾਜਿਕ ਆਦਰਸ਼ਾਂ ਲਈ ਵੱਡੀਆਂ ਕੁਰਬਾਨੀਆਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ।
ਪੰਜਾਬੀ ਭਾਸ਼ਾ ਵਿਚ ‘ਸ਼ਹਾਦਤ’ ਸ਼ਬਦ ਅਰਬੀ ਤੋਂ ਲਿਆ ਗਿਆ ਹੈ। ਸਨਾਤਨੀ ਹਿੰਦੂ ਧਰਮ ਵਿਚ ਅਹਿੰਸਾ ਦਾ ਸਿਧਾਂਤ ਹੈ ਪਰ ਮਹਾਂਭਾਰਤ ਦੇ ਪ੍ਰਸੰਗ ਵਿਚ ਅਖੀਰ ਨੂੰ ਯੁੱਧ ਕਰਨਾ ਧਾਰਮਿਕ ਕਰਤੱਵ ਦਰਸਾਇਆ ਗਿਆ ਹੈ। ਈਸਾਈ ਧਰਮ ਅਨੁਸਾਰ ਸ਼ਹਾਦਤ ਲਈ ਸਰੀਰਕ ਮੌਤ ਮਰਨਾ ਜ਼ਰੂਰੀ ਨਹੀਂ ਸਗੋਂ ਨਿਸ਼ਕਾਮ ਸੇਵਾ ਵਿਚ ਲਗਿਆ ਸ਼ਰਧਾਲੂ ਦਾ ਮਨ ਆਪਣੇ ਆਪ ਵਿਚ ਸ਼ਹਾਦਤ ਹੈ। ਇਸਲਾਮ ਅਨੁਸਾਰ ਜਿਹੜਾ ਕਾਫਰਾਂ ਖਿਲਾਫ ਲੜਦਾ ਜਾਨ ਵਾਰ ਦਿੰਦਾ ਹੈ, ਸ਼ਹੀਦ ਕਹਿਲਾਉਂਦਾ ਹੈ। ਸ਼ਹਾਦਤ ਦੇ ਸਿੱਖ ਸੰਕਲਪ ਵਿਚ ਧਾਰਮਿਕ ਵਿਸ਼ਵਾਸਾਂ ਦੀ ਸੁਤੰਤਰਤਾ ਲਈ ਸੁਚੇਤ ਮੌਤ ਕਬੂਲਣੀ ਸ਼ਹਾਦਤ ਦੀ ਅਹਿਮ ਸ਼ਰਤ ਹੈ।
ਸਿੱਖ ਧਰਮ ਵਿਚ ਸ਼ਹਾਦਤ ਅਤੇ ਸੂਰਬੀਰਤਾ ਵਿਚਲਾ ਸੰਤੁਲਨ ਮੀਰੀ-ਪੀਰੀ, ਸੰਤ-ਸਿਪਾਹੀ ਦੇ ਦੋ ਧਾਰਾਵੀ ਇਕ ਆਦਰਸ਼ ਨੂੰ ਹੋਰ ਵਧੇਰੇ ਚਾਰ ਚੰਨ ਲਾਉਂਦਾ ਹੈ। ਇਸ ਵਿਚ ਕੋਈ ਸ਼ੱੱਕ ਨਹੀਂ ਕਿ ਸੂਰਬੀਰ ਹੀ ਸ਼ਹਾਦਤ ਦਾ ਜਾਮ ਪੀਂਦਾ ਹੈ ਤੇ ਸ਼ਹੀਦਾਂ ਦਾ ਜੀਵਨ ਸਮਾਜ ਤੇ ਕੌਮਾਂ ਵਿਚ ਮਹਾਨ ਤਬਦੀਲੀਆਂ ਲਈ ਪ੍ਰੇਰਨਾ ਬਣਦਾ ਹੈ, ਪਰ ਕੇਵਲ ਸ਼ਹਾਦਤ ਨਾਲ ਹੀ ਧਰਤੀ ਉਤਲੇ ਜ਼ੁਲਮ ਅਤੇ ਅਨਿਆਂ ਦਾ ਮੁਕੰਮਲ ਖਾਤਮਾ ਨਾ ਹੋਣ ‘ਤੇ ਜ਼ਾਲਮ ਨੂੰ ਮੈਦਾਨ-ਏ-ਜੰਗ ਵਿਚ ਲਲਕਾਰਨ ਦਾ ਹੋਰ ਵਧੇਰੇ ਇਨਕਲਾਬੀ ਵਿਚਾਰ ਸਿੱਖ ਸ਼ਹਾਦਤ ਦੇ ਸੰਕਲਪ ਨੂੰ ਨਵੇਂ ਤੇ ਵਿਸਤ੍ਰਿਤ ਅਰਥ ਦੇ ਕੇ ਇਸ ਨੂੰ ਰਾਜਸੀ ਤੇ ਸਮਾਜੀ ਤਬਦੀਲੀ ਦਾ ਇਕ ਵਾਹਦ ਸੂਤਰਧਾਰ ਬਣਾਉਣ ਵਲ ਕਦਮ ਸੀ। ਇਸ ਪ੍ਰਸੰਗ ਵਿਚ ਇਹ ਕਹਿਣਾ ਉਚਿਤ ਹੈ ਕਿ ਸਿੱਖ ਧਰਮ ਅਨੁਸਾਰ ਜੇ ਤਲਵਾਰ ਚੁੱਕਣਾ ਪਹਿਲਾ ਕਦਮ ਨਹੀਂ ਤਾਂ ਕੇਵਲ ਸ਼ਹਾਦਤ ਦੇਣ ਦਾ ਇਕ ਮਾਤਰ ਅਮਲ ਵੀ ਸਿੱਖ ਫਲਸਫੇ ਦੇ ਸੰਪੂਰਨ ਮੀਰੀ ਗੁਣਾਂ ਦੀ ਸਮੁਚੀ ਪ੍ਰਤੀਨਿਧਤਾ ਨਹੀਂ ਕਰਦਾ। ਭਾਈ ਗੁਰਦਾਸ ਜੀ ਦੀ ਗਿਆਰਵੀਂ ਵਾਰ ਦਾ ਟੀਕਾ ਕਰਦਿਆਂ ਭਾਈ ਮਨੀ ਸਿੰਘ ਨੇ ਇਸ ਜੁਗਤ ਦਾ ਭਾਵਪੂਰਤ ਵਰਨਣ ਕੀਤਾ ਹੈ ਕਿ ਭਾਈ ਸੀਗਾਰੂ ਅਤੇ ਭਾਈ ਜੈਤਾ ਜੀ ਸੂਰਬੀਰ ਤੇ ਪਰਉਪਕਾਰੀ ਜਿਊੜਿਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ- “ਹੇ ਮਾਲਕ! ਕਦੇ ਨੂਰਦੀਨ, ਕਦੀ ਕੁਲੀ ਖਾਨ ਤੇ ਕਦੀ ਬੀਰਬਲ ਗੁਰੂ ਘਰ ‘ਤੇ ਹੱਲਾ ਕਰਦੇ ਹਨ ਅਤੇ ਡਰਾਵੇ ਦਿੰਦੇ ਹਨ। ਸਾਨੂੰ ਆਗਿਆ ਬਖਸ਼ੋ ਕਿ ਅਸੀਂ ਵੀ ਸ਼ਸਤਰ ਪਹਿਨ ਜੂਝੀਏ।” ਉਸ ਸਮੇਂ ਗੁਰੂ ਸਾਹਿਬ ਨੇ ਫਰਮਾਇਆ ਕਿ “ਅਸਾਂ ਜੋ ਸ਼ਸਤ੍ਰ ਪਕੜਨੇ ਹੈਨਿ ਸੋ ਗੁਰੂ ਹਰਗੋਬਿੰਦ ਰੂਪ ਧਾਰ ਪਕੜਨੇ ਹੈਨਿ, ਸਮਾਂ ਕਲਜੁਗ ਦਾ ਵਰਤਣਾ ਹੈ। ਸ਼ਸਤ੍ਰ ਦੀ ਵਿਦਿਆ ਕਰ ਮੀਰ ਦੀ ਮੀਰੀ ਖਿਚ ਲੈਣੀ ਹੈ। ਅਤੇ ਸਬਦ ਦੀ ਪ੍ਰੀਤ ਸਮਝ ਕਰ ਪੀਰ ਦੀ ਪੀਰੀ ਖਿਚ ਲੈਣੀ ਹੈ।”
ਸਾਹਿਬਜ਼ਾਦਿਆਂ ਦੀ ਸ਼ਹਾਦਤ ਕਈ ਪਹਿਲੂਆਂ ਤੋਂ ਸਿੱਖ ਇਤਿਹਾਸ ਦੀ ਵੱਡੀ ਘਟਨਾ ਹੈ। ਚਾਰ ਸਾਹਿਬਜ਼ਾਦੇ ਸ਼ਹਾਦਤ ਦੇ ਸਿੱਖ ਸੰਕਲਪ ਨੂੰ ਜਿਸ ਨਿਡਰਤਾ ਤੇ ਦਲੇਰੀ ਨਾਲ ਅਮਲ ਵਿਚ ਲਿਆ ਗਏ, ਆਪਣੇ ਆਪ ਵਿਚ ਲਾਮਿਸਾਲ ਘਟਨਾ ਹੈ। ਸਾਹਿਬਜ਼ਾਦਿਆਂ ਦਾ ਮੈਦਾਨ-ਏ-ਜੰਗ ਜੂਝ ਕੇ ਸ਼ਹੀਦ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਹਕੂਮਤ ਵਲੋਂ ਕੰਧ ਵਿਚ ਚਿਣਵਾ ਕੇ ਸ਼ਹੀਦ ਕਰਨਾ ਸ਼ਹਾਦਤ ਤੇ ਸੂਰਬੀਰਤਾ ਦਾ ਅਨੋਖਾ ਸੁਮੇਲ ਹੈ। ਦੋਵੇਂ ਸ਼ਹਾਦਤਾਂ ਵਿਚ ਸਮੇਂ ਦਾ ਵੀ ਬਹੁਤਾ ਅੰਤਰ ਨਹੀਂ ਸੀ। ਵਿਦਵਾਨ ਲੋਕ ਸ਼ਹੀਦ ਦੇ ਰੁਤਬੇ ਲਈ ਨਿਰਧਾਰਿਤ ਲੱਛਣਾਂ ਵਿਚੋਂ ਇਕ ਲੱਛਣ ਇਹ ਮੰਨਦੇ ਹਨ ਕਿ ਜਦ ਹਕੂਮਤ ਸ਼ਹੀਦ ਨੂੰ ਆਪਣੇ ਧਰਮ ਜਾਂ ਅਕੀਦੇ ਤੋਂ ਪਿੱਛੇ ਹਟਣ ਲਈ ਉਸ ਨੂੰ ਜੀਵਨ ਬਖਸ਼ ਦੀ ਪੇਸ਼ਕਸ਼ ਕਰਦੀ ਹੈ ਤਦ ਵੀ ਉਹ ਆਪਣੇ ਨਿਸਚੈ ਤੋਂ ਪਿਛੇ ਨਾ ਹਟੇ, ਤਾਂ ਉਹ ਸ਼ਖਸ ‘ਸ਼ਹੀਦ’ ਪਦਵੀ ਦਾ ਹੱਕਦਾਰ ਹੈ। ਛੋਟੇ ਸਾਹਿਬਜ਼ਾਦੇ ਇਕ ਤੋਂ ਵਧੇਰੇ ਵਾਰ ਉਕਤ ਲਛਣ ਦੇ ਧਾਰਨੀ ਰਹੇ। ਮੁਗਲ ਹਕੂਮਤ ਉਨ੍ਹਾਂ ਨੂੰ ਇਸਲਾਮ ਵਿਚ ਲਿਆਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਪੇਸ਼ਕਸ਼ਾਂ ਕਰਦੀ ਰਹੀ, ਜੋ ਸਾਹਿਬਜ਼ਾਦਿਆਂ ਨੇ ਸਪਸ਼ਟ ਸ਼ਬਦਾਂ ਵਿਚ ਠੁਕਰਾਈਆਂ। ਜੇ ਮੁਗਲ ਹਕੂਮਤ ਨੇ ਜ਼ੁਲਮੀ ਕਹਿਰ ਦੇ ਹੱਦ-ਬੰਨੇ ਟਪਾ ਦਿੱਤੇ ਤਾਂ ਸਾਹਿਬਜ਼ਾਦੇ ਨਿਰਭੈਤਾ ਤੇ ਸੂਰਬੀਰਤਾ ਦੀ ਸਿਖਰ ‘ਤੇ ਅਪੜ ਗਏ ਸਨ। ਛੋਟੇ ਸਾਹਿਬਜ਼ਾਦਿਆਂ ਦਾ ਸਰਹਿੰਦ ਦੇ ਮੁਗਲ ਦਰਬਾਰ ਨਾਲ ਜਿਸ ਪਧਰ ‘ਤੇ ਵਾਰਤਾਲਾਪ ਹੋਇਆ ਅਤੇ ਜਿਸ ਨਿਡਰਤਾ ਤੇ ਠਰ੍ਹੰਮੇ ਨਾਲ ਉਨ੍ਹਾਂ ਨੇ ਸੂਬਾ ਸਰਹੰਦ ਨੂੰ ਬਾ-ਦਲੀਲ ਚਿੱਤ ਕੀਤਾ, ਇਸ ਪੱਧਰ ਦੀ ਇਹ ਮਨੁੱਖੀ ਰਾਜਸੀ ਇਤਿਹਾਸ ਦੀ ਵਿਲੱਖਣ ਘਟਨਾ ਹੈ, ਜਿਸ ‘ਤੇ ਜਿੰਨਾ ਮਾਣ ਕੀਤਾ ਜਾਵੇ, ਘੱਟ ਹੈ।
ਇਤਿਹਾਸਕ ਲਿਖਤਾਂ ਵਿਚੋਂ ਇਸ ਵਾਰਤਾਲਾਪ ਦੇ ਮਿਲਦੇ ਉਲੇਖ ਅਨੁਸਾਰ ਛੋਟੇ ਸਾਹਿਬਾਜ਼ਾਦੇ ਮਾਸੂਮੀਅਤ ਅਵਸਥਾ ਵਿਚ ਵੀ ਸੂਬੇ ਦੀ ਕਚਹਿਰੀ ਵਿਚ ਪਹੁੰਚਣ ਤੋਂ ਲੈ ਕੇ ਅਖੀਰ ਤਕ ਸਰੀਰਕ ਤੇ ਮਾਨਸਕ ਝੁਕਾਵਾਂ ਤੋਂ ਮੁਕੰਮਲ ਮੁਕਤ ਰਹੇ। ਉਨ੍ਹਾਂ ਦੇ ਬੋਲਾਂ ਤੇ ਹਾਵ-ਭਾਵਾਂ ਤੋਂ ਉਨ੍ਹਾਂ ਦੇ ਸਹਿਜ ਅਤੇ ਸੂਝ-ਬੂਝ ਦੇ ਦੈਵੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ, ਜਿਹੜੇ ਗੁਰਬਾਣੀ ਵਿਚ ਗੁਰਮੁੱਖ ਜਾਂ ਜੀਵਨ ਮੁਕਤ ਮਹਾਂਪੁਰਸ਼ ਦੇ ਦਰਸਾਏ ਗਏ ਹਨ। ਉਨ੍ਹਾਂ ਦੇ ਕਥਨਾਂ ਵਿਚੋਂ ਜਿੱਥੇ ਉਨ੍ਹਾਂ ਦੀ ‘ਜੀਵਨ ਮੁਕਤ’ ਅਵਸਥਾ ਦਾ ਦਰਸ਼ਨ ਹੁੰਦਾ, ਉਥੇ ਦਾਦਾ ਗੁਰੂ ਤੇਗ ਬਹਾਦਰ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਦੈਵੀ ਸ਼ਖਸੀਅਤ ਬਾਰੇ ਉਨਵਾਂ ਦਾ ਅਗੰਮੀ ਅਨੁਭਵ ਪ੍ਰਕਾਸ਼ਮਾਨ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮਾਜਕ ਤੇ ਸਭਿਆਚਾਰਕ ਪਧਰ ‘ਤੇ ਵੀ ਅਮਿਟ ਛਾਪ ਛੱਡ ਗਈ ਹੈ। ਪੋਹ ਦੇ ਮਹੀਨੇ ਸਿੱਖ ਘਰਾਂ ਵਿਚ ਵਿਆਹ ਆਦਿ ਖੁਸ਼ੀ ਦੇ ਸਮਾਗਮ ਨਾ ਕਰਨ ਦੇ ਵਿਸ਼ਵਾਸ ਪਿੱਛੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਗਹਿਰੇ ਗਮ ਦੀ ਭਾਵਨਾ ਵਿਦਮਾਨ ਹੈ। ਸਵੈਮਾਣ, ਅਣਖ, ਬੀਰਤਾ, ਕੁਰਬਾਨੀ, ਪਰਉਪਕਾਰ ਜਿਹੇ ਸਦਾਚਾਰਕ ਗੁਣਾਂ ਦੇ ਪ੍ਰੇਰਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੇ ਪੰਜਾਬੀ ਸਭਿਆਚਾਰ ਦੀ ਗਾਇਨ ਪਰੰਪਰਾ ਨੂੰ ਵੱਡੇ ਪਧਰ ‘ਤੇ ਪ੍ਰਭਾਵਿਤ ਕੀਤਾ ਹੈ। ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਦੇ ਬੋਲ ਹਮੇਸ਼ਾਂ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੋਕ ਮਨਾਂ ਅਤੇ ਜ਼ੁਬਾਨਾਂ ਵਿਚ ਤਾਜ਼ਾ ਰੱਖਦੇ ਰਹਿਣਗੇ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੱਚ ‘ਸ਼ਹਾਦਤ’ ਦੇ ਬ੍ਰਹਿਮੰਡੀ ਫਲਸਫੇ ਦੀ ਲਾਸਾਨੀ ਘਟਨਾ ਹੈ। ਇਹ ਸਿੱਖ ਇਤਿਹਾਸ ਦਾ ਅਜਿਹਾ ਬਿਰਤਾਂਤ ਹੈ, ਜਿਹੜਾ ਪੂਰਵ-ਇਤਿਹਾਸਕ ਕਥਾਵਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਨੂੰ ਬਿਆਨ ਕਰਨ ਲਈ ਕਿਸੇ ‘ਪੌਰਾਣਿਕ ਕਥਾ’ ਦੇ ਹਵਾਲਿਆਂ ਅਤੇ ਮੁਹਾਵਰੇ ਦੀ ਲੋੜ ਨਹੀਂ। ਇਹ ਬਿਰਤਾਂਤ ਸੰਸਾਰ ਇਤਿਹਾਸ ਦੀ ਹਕੀਕੀ ‘ਮਹਾਨ ਕਥਾ’ ਹੈ। ਇਸ ਕਥਾ ਦੇ ਨਾਇਕ ਪਾਤਰ ‘ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ’ ਦੇ ਇਲਾਹੀ ਵਚਨ ਨੂੰ ਪ੍ਰਤੱਖ ਰੂਪਮਾਨ ਕਰਦੇ ਹਨ ਅਤੇ ਗੁਰੂ ਲਿਵ ਦਾ ਮਹਾਂ ਅਨੰਦ ‘ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ’ ਦੇ ਗੁਰ ਵਾਕ ਦੇ ਪ੍ਰਕਾਸ਼ ਵਿਚ ਪੋਹ ਮਹੀਨੇ ਦੀ ਠੰਢ ਨੂੰ ਬੇਅਸਰ ਕਰਦਾ ਹੈ।