ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕਿਰਪਾਨ ਨਿਊਜ਼ੀਲੈਂਡ ਦੇ ਅਜਾਇਬ ਘਰ ਵਿਚ

ਆਕਲੈਂਡ: ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਇਕ ਪੁਰਾਤਨ ਕਿਰਪਾਨ ਨਿਊਜ਼ੀਲੈਂਡ ਦੇ ਓਟਾਗੋ ਅਜਾਇਬ ਘਰ ਵਿਚ ਹੋਣ ਦਾ ਪਤਾ ਲੱਗਾ ਹੈ। ਤਕਰੀਬਨ ਸਾਢੇ ਤਿੰਨ ਫ਼ੁੱਟ ਲੰਬੀ ਵੱਖ-ਵੱਖ ਕੀਮਤੀ ਧਾਤਾਂ ਦੀ ਬਣੀ ਕਿਰਪਾਨ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਵਿਚ ਹੁੰਦੀ ਸੀ। ਦਸਮ ਪਾਤਸ਼ਾਹ ਦੀ ਕਿਰਪਾਨ ਲੱਭਣ ਤੋਂ ਬਾਅਦ ਨਿਊਜ਼ੀਲੈਂਡ ਦੇ ਮਿਊਜ਼ੀਅਮ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਵੀ ਸ਼ਸਤਰ ਤੇ ਵਸਤਾਂ ਮਿਲਣ ਦੀ ਸੰਭਾਵਨਾ ਹੈ।
ਕੁਝ ਸਮਾਂ ਪਹਿਲਾਂ ਨਿਊਜ਼ੀਲੈਂਡ ਦੇ ਸਿੱਖ ਆਗੂਆਂ ਨੂੰ ਓਟਾਗੋ ਅਜਾਇਬ ਘਰ ਵਿਚ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਸਤਰਾਂ ਦੇ ਹੋਣ ਬਾਰੇ ਜਾਣਕਾਰੀ ਮਿਲੀ ਸੀ। ਆਕਲੈਂਡ ਤੋਂ 1400 ਕਿਲੋਮੀਟਰ ਦੂਰ ਨਿਊਜ਼ੀਲੈਂਡ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਚਰਚ ਲਾਗੇ ਪੈਂਦੇ ਪੁਰਾਤਨ ਓਟਾਗੋ ਮਿਊਜ਼ੀਅਮ ਵਿਚ ਸੁਪਰੀਮ ਸਿੱਖ ਸੁਸਾਇਟੀ ਦੇ ਆਗੂ ਇਨ੍ਹਾਂ ਸ਼ਸਤਰਾਂ ਦਾ ਪਤਾ ਲਾਉਣ ਲਈ ਪੁੱਜੇ। ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕਿਰਪਾਨ ਨਾਲ ਕੁਝ ਪੁਰਾਤਨ ਦਸਤਾਵੇਜ਼ ਵੀ ਨੱਥੀ ਹਨ ਜਿਨ੍ਹਾਂ ਤੋਂ ਉਸ ਦੀ ਪ੍ਰਮਾਣਿਕਤਾ ਦਾ ਪਤਾ ਲਗਦਾ ਹੈ।
ਪਵਿੱਤਰ ਸ਼ਸਤਰ ਦੇ ਦਰਸ਼ਨ ਕਰਕੇ ਆਏ ਸਿੱਖਾਂ ਦਾ ਕਹਿਣਾ ਹੈ ਕਿ ਇਸ ਕਿਰਪਾਨ ਨੂੰ ਭਾਰਤ ਤੋਂ ਅੰਗਰੇਜ਼ 1911 ਵਿਚ ਇੰਗਲੈਂਡ ਦੇ ਵਿਕਟੋਰੀਆ ਐਲਬਟ ਅਜਾਇਬ ਘਰ ਵਿਚ ਲੈ ਕੇ ਗਏ ਸਨ ਜਿਥੋਂ 1920 ਵਿਚ ਕਿਰਪਾਨ ਨਿਊਜ਼ੀਲੈਂਡ ਦੇ ਓਟਾਗੋ ਅਜਾਇਬ ਘਰ ਵਿਚ ਭੇਜ ਦਿੱਤੀ ਗਈ ਕਿਉਂਕਿ ਉਸ ਵੇਲੇ ਨਿਊਜ਼ੀਲੈਂਡ ਵੀ ਸਿੱਧੇ ਤੌਰ ‘ਤੇ ਬਰਤਾਨੀਆ ਸਾਮਰਾਜ ਅਧੀਨ ਸੀ। ਸਮਝਿਆ ਜਾਂਦਾ ਹੈ ਕਿ ਦਸਮ ਪਾਤਸ਼ਾਹ ਨਾਲ ਸਬੰਧਤ ਕਿਰਪਾਨ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਵਿਚ ਸੀ ਜਿਸ ਨੂੰ ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਕਿਰਪਾਨ ਦੇ ਨਾਲ ‘ਨੈਸ਼ਨਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦਿੱਲੀ’ ਦੇ ਮੁਖੀ ਡਾæ ਮਹਿੰਦਰ ਸਿੰਘ ਦੀ ਉਸ ਵੇਲੇ ਦੀ ਚਿੱਠੀ ਨੱਥੀ ਹੈ ਜਿਸ ਵਿਚ ਉਨ੍ਹਾਂ ਨੇ ਪ੍ਰਮਾਣਿਤ ਕੀਤਾ ਹੈ ਕਿ ਇਹ ਸ਼ਸਤਰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਹੈ। ਇਸ ਕਿਰਪਾਨ ਵਿਚ ਲੋਹਾ, ਪਿੱਤਲ, ਬਰਾਸ, ਗਰੇਡ ਬੈਲਟ ਤੇ ਹੋਰ ਕਈ ਦੁਰਲੱਭ ਧਾਤਾਂ ਨਾਲ ਮੀਨਾਕਾਰੀ ਕੀਤੀ ਹੋਈ ਹੈ। ਇਸ ਦੀ ਅਗਲੀ ਮੁੱਠ ਸ਼ੇਰ ਦੇ ਮੂੰਹ ਵਾਲੀ ਹੈ।
ਮਿਊਜ਼ੀਅਮ ਵਿਚਲੇ ਰਿਕਾਰਡ ਮੁਤਾਬਕ ਵਿਕਟੋਰੀਆ ਐਲਬਟ ਮਿਊਜ਼ੀਅਮ ਤੋਂ ਇਹ ਕਿਰਪਾਨ ਓਟਾਗੋ ਦੇ ਮਿਊਜ਼ੀਅਮ ਵਿਚ ਪ੍ਰਦਰਸ਼ਨ ਲਈ ਅਸਥਾਈ ਰੂਪ ਵਿਚ ਭੇਜੀ ਗਈ ਸੀ, ਕਿਉਂਕਿ ਰਿਕਾਰਡ ਵਿਚ ‘ਲਾਂਗ ਲੋਨ’ ਸ਼ਬਦ ਲਿਖਿਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਇਹ ਕਿਰਪਾਨ ਕਿਸੇ ਲੰਬੇ ਕਰਜ਼ੇ ਦੇ ਰੂਪ ਵਿਚ ਨਿਊਜ਼ੀਲੈਂਡ ਦੇ ਮਿਊਜ਼ੀਅਮ ਵਿਚ ਭੇਜੀ ਗਈ ਸੀ। ਇਸ ਕਿਰਪਾਨ ਦੇ ਮੁਕੰਮਲ ਇਤਿਹਾਸਕ ਦਸਤਾਵੇਜ਼ ਇੰਗਲੈਂਡ ਵਿਚ ਹੋਣ ਦੀ ਸੰਭਾਵਨਾ ਹੈ। ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਪਵਿੱਤਰ ਕਿਰਪਾਨ ਨੂੰ ਆਕਲੈਂਡ ਲਿਜਾਣ ਲਈ ਮਿਊਜ਼ੀਅਮ ਤੇ ਸਰਕਾਰ ਨੂੰ ਲਿਖਤੀ ਅਰਜ਼ੀ ਦਿੱਤੀ ਹੈ ਤਾਂ ਜੋ ਸਿੱਖ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾਏ ਜਾ ਸਕਣ।

Be the first to comment

Leave a Reply

Your email address will not be published.