ਹੁਣ ਕੈਪਟਨ ਦੇ ਵਜ਼ੀਰਾਂ ਵਲੋਂ ਬਗਾਵਤ

ਵਿਰੋਧੀ ਧਿਰਾਂ ਵਲੋਂ ਸਰਕਾਰ ਡੇਗਣ ਦੀਆਂ ਵਿਉਂਤਾਂ
ਚੰਡੀਗੜ੍ਹ: ਆਰਥਿਕ ਤੰਗੀ ਨਾਲ ਦੋ-ਦੋ ਹੱਥ ਕਰ ਰਹੀ ਪੰਜਾਬ ਦੀ ਕੈਪਟਨ ਸਰਕਾਰ ਹੁਣ ਨਵੇਂ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ ਹੈ। ਸਰਕਾਰ ਦੀ ਨਾਲਾਇਕੀ ਖਿਲਾਫ ਪਾਰਟੀ ਅੰਦਰੋਂ ਹੀ ਬਾਗੀ ਸੁਰਾਂ ਤਿੱਖੀਆਂ ਹੋ ਗਈਆਂ ਹਨ। ਕੱਲ੍ਹ ਤੱਕ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਹੀ ਕੈਪਟਨ ਨੂੰ ਵੰਗਾਰ ਰਹੇ ਸਨ ਪਰ ਹੁਣ ਕੈਬਨਿਟ ਮੰਤਰੀ ਹੀ ਸਰਕਾਰ ਦੀ ਨੀਅਤ ਉਤੇ ਸਵਾਲ ਉਠਾਉਣ ਲੱਗੇ ਹਨ।

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਨੂੰ ਇਥੋਂ ਤੱਕ ਆਖ ਦਿੱਤਾ ਹੈ ਕਿ ਜੇ ਬੇਅਦਬੀ ਮਾਮਲੇ ਦੇ ਅਸਲ ਗੁਨਾਹਗਾਰਾਂ ਨੂੰ ਸਜ਼ਾਵਾਂ ਨਾ ਮਿਲੀਆਂ ਤਾਂ ਲੋਕਾਂ ਨੇ ਸਾਡੀਆਂ ਵਜ਼ੀਰੀਆਂ ‘ਤੇ ਥੁੱਕਣਾ ਤੱਕ ਨਹੀਂ। ਰੰਧਾਵਾ ਨੇ ਵਜ਼ੀਰੀ ਛੱਡਣ ਦੀ ਪੇਸ਼ਕਸ਼ ਕਰਦਿਆਂ ਆਖ ਦਿੱਤਾ ਕਿ ‘ਅਸੀਂ ਗੁਰੂ ਨੂੰ ਪਿੱਠ ਵਿਖਾਈ ਹੈ, ਕਦੇ ਮੁਆਫੀ ਨਹੀਂ ਮਿਲਣੀ’। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਅਦ ‘ਚ ਹੋਏ ਗੋਲੀਕਾਂਡ ਦੀਆਂ ਘਟਨਾਵਾਂ ਲਈ ਇਨਸਾਫ ਨਾ ਮਿਲਣ ‘ਤੇ ਅਲਾਇੰਸ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਕੈਬਨਿਟ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਲਾਇਆ ਸੀ। ਰੰਧਾਵਾ ਖੁਦ ਇਸ ਧਰਨੇ ਵਿਚ ਸੰਬੋਧਨ ਕਰਨ ਲੱਗੇ ਅਤੇ ਆਪਣੀ ਹੀ ਸਰਕਾਰ ਉਤੇ ਸਵਾਲ ਚੁੱਕਦੇ ਹੋਏ ਆਖ ਦਿੱਤਾ ਕਿ ‘ਹੁਣ ਅਸੀਂ ਵੀ ਬਾਦਲਾਂ ਜਿੰਨੇ ਹੀ ਗੁਨਾਹਗਾਰ ਹਾਂ’।
ਰੰਧਾਵਾ ਦੇ ਇਨ੍ਹਾਂ ਬਾਗੀ ਸੁਰਾਂ ਦੇ ਅਗਲੇ ਹੀ ਦਿਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਵਰਕਰਾਂ ਕੋਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਫੀਡ-ਬੈਕ ਲੈਣ ਦੇ ਪ੍ਰੋਗਰਾਮ ਵਿਚ ਪਾਰਟੀ ਵਰਕਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਪੇਂਡੂ ਤੇ ਸ਼ਹਿਰੀ ਇਲਾਕਿਆਂ ਦੀਆਂ ਕੀਤੀਆਂ ਗਈਆਂ ਮੀਟਿੰਗਾਂ ਵਿਚ ਬਰਗਾੜੀ, ਚਿੱਟਾ, ਟਰਾਂਸਪੋਰਟ, ਰੇਤ ਮਾਫੀਆ ਤੇ ਨੀਲੇ ਕਾਰਡਾਂ ਦੀ ਥਾਂ ਸਮਾਰਟ ਕਾਰਡ ਵਰਗੇ ਮੁੱਦਿਆਂ ਉਤੇ ਸਰਕਾਰ ਦੀ ਨਾਲਾਇਕੀ ਉਤੇ ਸਵਾਲ ਚੁੱਕੇ ਗਏ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇ ਇਨ੍ਹਾਂ ਮੁੱਦਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਜਿਵੇਂ 2017 ਵਿਚ ਅਕਾਲੀਆਂ ਦਾ ਹਸ਼ਰ ਹੋਇਆ, ਉਹੀ ਹਾਲ 2022 ਦੀਆਂ ਚੋਣਾਂ ਵਿਚ ਕਾਂਗਰਸ ਦਾ ਹੋਵੇਗਾ। ਆਗੂਆਂ ਨੇ ਇਹ ਗੱਲ ਖੁੱਲ੍ਹ ਕੇ ਕਹੀ ਕਿ ਨਵਜੋਤ ਸਿੰਘ ਸਿੱਧੂ ਵਰਗਾ ਜਿਹੜਾ ਲੀਡਰ ਸੱਚੀ ਗੱਲ ਕਰਦਾ ਸੀ, ਉਸ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਪੰਜਾਬ ਵਿਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਕੈਪਟਨ ਅਤੇ ਬਾਦਲ ਰਲੇ ਹੋਏ ਹਨ।
ਕਾਂਗਰਸੀਆਂ ਦੇ ਬਾਗੀ ਸੁਰ ਵੇਖ ਕੇ ਵਿਰੋਧੀ ਧਿਰਾਂ ਸਰਕਾਰ ਡੇਗਣ ਦੀਆਂ ਵਿਉਂਤਾਂ ਘੜਨ ਲੱਗੀਆਂ ਹਨ। ਆਮ ਆਦਮੀ ਪਾਰਟੀ ਨੇ ਤਾਂ ਇਹ ਦਾਅਵਾ ਕਰ ਦਿੱਤਾ ਕਿ ਕਾਂਗਰਸ ਦੇ 40 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਇਸ ਲਈ ਉਹ (ਆਪ) ਆਪਣੇ 19 ਵਿਧਾਇਕਾਂ ਦਾ ਸਮਰਥਨ ਦੇ ਕੇ ਨਵੀਂ ਸਰਕਾਰ ਬਣਾਉਣ ਬਾਰੇ ਰਣਨੀਤੀ ਤੈਅ ਕਰ ਰਹੇ ਹਨ। ਇਸ ਲਈ ਨਵਜੋਤ ਸਿੰਘ ਸਿੱਧੂ ਅਤੇ ਬੈਂਸ ਭਰਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਯਾਦ ਰਹੇ ਕਿ ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਵਿਚ ਬਾਗੀਆਂ ਦੀ ਲਿਸਟ ਕਾਫੀ ਲੰਮੀ ਹੋ ਰਹੀ ਹੈ। ਇਸ ਤੋਂ ਪਹਿਲਾਂ ਹਲਕਾ ਸ਼ੁਤਰਾਣਾ ਤੋਂ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਲਿਆ ਸੀ ਅਤੇ ਕਿਹਾ ਸੀ ਕਿ ਉਹ ਪਹਿਲੀ ਜਨਵਰੀ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਧਰਨਾ ਸ਼ੁਰੂ ਕਰੇਗਾ। ਮਗਰੋਂ ਉਸ ਦਾ ਬਿਆਨ ਆ ਗਿਆ ਕਿ ਹੁਣ ਉਸ ਦੇ ਇਲਾਕੇ ਵਿਚ ਵਿਕਾਸ ਕਾਰਜਾਂ ਲਈ ਰਾਹ ਖੁੱਲ੍ਹ ਗਿਆ ਹੈ, ਇਸ ਲਈ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
ਵਿਧਾਇਕਾਂ ਦੀ ਨਾਰਾਜ਼ਗੀ ਪਹਿਲੀ ਵਾਰ ਸਾਹਮਣੇ ਨਹੀਂ ਆਈ, ਇਸ ਤੋਂ ਪਹਿਲਾਂ ਵੱਖ-ਵੱਖ ਸਮਿਆਂ ਦੌਰਾਨ ਇਕ ਦਰਜਨ ਤੋਂ ਵੱਧ ਵਿਧਾਇਕ ਕਿਸੇ ਨਾ ਕਿਸੇ ਮੌਕੇ ਖੁੱਲ੍ਹੇਆਮ ਆਪਣੀ ਨਾਰਾਜ਼ਗੀ ਪ੍ਰਗਟ ਕਰ ਚੁੱਕੇ ਹਨ। ਵਿਧਾਇਕਾਂ ਦੀ ਨਾਰਾਜ਼ਗੀ ਕਾਰਨ ਹੀ ਮੁੱਖ ਮੰਤਰੀ ਨੂੰ ਕੁਝ ਵਿਧਾਇਕਾਂ ਨੂੰ ਸਲਾਹਕਾਰ ਵਰਗੇ ਅਹੁਦੇ ਦੇ ਕੇ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ। ਕੈਪਟਨ ਸਰਕਾਰ ਤਿੰਨ ਸਾਲਾਂ ਦੀ ਸੱਤਾ ਦੌਰਾਨ ਲੋਕਾਂ ਦੀਆਂ ਉਮੀਦਾਂ ਉਤੇ ਖਰੀ ਨਹੀਂ ਉਤਰੀ। ਵਿਧਾਨ ਸਭਾ ਚੋਣਾਂ ਵਿਚ ਕੈਪਟਨ ਨੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ ਪਰ ਸੱਤਾ ਮਿਲਦਿਆਂ ਹੀ ਇਸ ਪਾਸਿਉਂ ਮੂੰਹ ਫੇਰ ਲਿਆ। ਦਰਅਸਲ, ਕੈਪਟਨ ਸਰਕਾਰ ਘਰ-ਘਰ ਰੁਜ਼ਗਾਰ ਦੇਣ, ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ, ਨਸ਼ਿਆਂ ਦਾ ਚਾਰ ਹਫਤਿਆਂ ਅੰਦਰ ਲੱਕ ਤੋੜਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਰਗੇ ਵੱਡੇ ਮੁੱਦੇ ਹੱਲ ਕਰਨ ਦਾ ਵਾਅਦਾ ਲੈ ਕੇ ਸੱਤਾ ਵਿਚ ਆਈ ਸੀ ਪਰ ਸਰਕਾਰ ਨੇ ਤਿੰਨ ਸਾਲ ਸੱਤਾ ਭੋਗਣ ਤੋਂ ਬਾਅਦ ਵੀ ਇਸ ਪਾਸੇ ਡੱਕਾ ਨਹੀਂ ਤੋੜਿਆ। ਕਾਂਗਰਸੀ ਵਿਧਾਇਕ ਸਮੇਂ-ਸਮੇਂ ਉਤੇ ਖੁਦ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਚੋਣ ਵਾਅਦੇ ਯਾਦ ਕਰਵਾਉਂਦੇ ਰਹੇ ਪਰ ਕੈਪਟਨ ਨੇ ਇਸ ਦੀ ਭੋਰਾ ਪਰਵਾਹ ਨਹੀਂ ਕੀਤੀ। ਵਿਧਾਇਕਾਂ ਦਾ ਕਹਿਣਾ ਹੈ ਕਿ ਕੈਪਟਨ ਤਾਂ ਬਾਹਰ ਨਿਕਲਦੇ ਨਹੀਂ, ਲੋਕਾਂ ਨੂੰ ਜਵਾਬ ਉਨ੍ਹਾਂ ਨੂੰ ਦੇਣਾ ਪੈਂਦਾ ਹੈ।
ਲੋਕ ਸਭਾ ਚੋਣਾਂ ਦੌਰਾਨ ਜਨਤਕ ਮੀਟਿੰਗਾਂ ਵਿਚ ਕਾਂਗਰਸੀ ਵਿਧਾਇਕਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਵਿਧਾਇਕਾਂ ਨੇ ਇਹ ਆਖ ਕੇ ਜਾਨ ਛੁਡਾਈ ਸੀ ਕਿ ਚੋਣਾਂ ਲੰਘਣ ਦਿਓ, ਸਾਰੇ ਮਸਲੇ ਹੱਲ ਹੋਣਗੇ। ਚੋਣਾਂ ਪਿੱਛੋਂ ਵਿਧਾਇਕਾਂ ਨੇ ਕੈਪਟਨ ਤੱਕ ਪਹੁੰਚ ਵੀ ਕੀਤੀ ਪਰ ਹੁਣ ਆਮ ਲੋਕਾਂ ਵਾਂਗ ਉਹ (ਵਿਧਾਇਕ) ਵੀ ਸਰਕਾਰ ਦੇ ਲਾਅਰਿਆਂ ਤੋਂ ਅੱਕ ਗਏ ਹਨ।