ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਨੂੰ ‘ਬਾਦਲ ਮੁਕਤ’ ਕਰਨ ਲਈ ਮੁਹਿੰਮ ਛੇੜੀ ਗਈ ਹੈ। ਅਕਾਲੀ ਦਲ ਬਾਦਲ ਵਿਰੋਧੀ ਸਾਰੇ ਅਕਾਲੀ ਧੜਿਆਂ ਦੀ ਇਕਜੁਟਤਾ ਨੇ ਪੰਜਾਬ ਦੀਆਂ ਸਿਆਸੀ ਸਫਾਂ ਵਿਚ ਵੀ ਨਵੀਂ ਚਰਚਾ ਛੇੜ ਦਿੱਤੀ ਹੈ। ਬਾਦਲਾਂ ਨੂੰ ਸਭ ਤੋਂ ਵੱਡਾ ਝਟਕਾ ਢੀਂਡਸਾ ਪਰਿਵਾਰ ਨੇ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਵਲੋਂ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਹੋਣ ਦੇ ਫੈਸਲੇ ਨੇ ਬਾਦਲਾਂ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਹਨ।
ਇਸ ਦੀ ਅਗਾਊਂ ਸੂਹ ਮਿਲਣ ਉਤੇ ਬਾਦਲਾਂ ਨੇ ਭਾਵੇਂ ਪਰਮਿੰਦਰ ਢੀਂਡਸਾ ਨੂੰ ਅਜਿਹੇ ਹਾਲਾਤ ਵਿਚ ਸਾਥ ਨਾ ਛੱਡਣ ਦਾ ਤਰਲਾ ਮਾਰਿਆ ਹੈ ਪਰ ਪਰਮਿੰਦਰ ਢੀਂਡਸਾ ਸੱਜਰੇ ਸਿਆਸੀ ਹਾਲਾਤ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਲਈ ਬਜ਼ਿਦ ਹਨ। ਯਾਦ ਰਹੇ ਕਿ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਮਗਰੋਂ ਬਾਦਲਾਂ ਵਲੋਂ ਪਾਰਟੀ ਅੰਦਰ ਪਰਮਿੰਦਰ ਸਿੰਘ ਢੀਂਡਸਾ ਦੀ ‘ਵੁਕਅਤ’ ਵਧਾਉਣ ਦਾ ਪ੍ਰਭਾਵ ਦਿੱਤਾ ਜਾ ਰਿਹਾ ਸੀ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਢੀਂਡਸਾ ਪਰਿਵਾਰ ਦਾ ਤਾਜ਼ਾ ਪੈਂਤੜਾ ਬਾਦਲਾਂ ਲਈ ਰਾਜਨੀਤਕ ਤੌਰ ‘ਤੇ ਸੰਕਟ ਵਾਲਾ ਸਾਬਤ ਹੋ ਸਕਦਾ ਹੈ। ਪਰਮਿੰਦਰ ਢੀਂਡਸਾ ਇਸ ਸਮੇਂ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਅਤੇ ਹਾਲੀਆ ਸੰਸਦੀ ਚੋਣਾਂ ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਪਰ ਉਹ ਚੋਣ ਹਾਰ ਗਏ ਸਨ।
ਚੇਤੇ ਰਹੇ ਕਿ ਬਾਦਲ ਵਿਰੋਧੀ ਅਕਾਲੀਆਂ ਵਲੋਂ ਅੰਮ੍ਰਿਤਸਰ ਵਿਚ ਹੀ ਪਾਰਟੀ ਦਾ ਸਥਾਪਨਾ ਦਿਵਸ ਵੱਖਰੇ ਤੌਰ ਉਤੇ ਮਨਾਇਆ ਜਾ ਰਿਹਾ ਹੈ ਅਤੇ ਖਬਰਾਂ ਹਨ ਕਿ ਇਸ ਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ ਕਰਨਗੇ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰਨਾਂ ਆਗੂਆਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਹੋਈ ਮੀਟਿੰਗ ਮਗਰੋਂ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਸਿੱਖ ਸਿਆਸਤ ‘ਚ ਹੋ ਰਹੀ ਨਵੀਂ ਕਤਾਰਬੰਦੀ ਖਾਸ ਕਰ ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦੇ ਖੇਮੇ ‘ਚ ਆ ਜਾਣ ਨਾਲ ਅਕਾਲੀ ਦਲ (ਟਕਸਾਲੀ) ਦੇ ਆਗੂ ਵਧੇਰੇ ਉਤਸ਼ਾਹ ਵਿਚ ਹਨ।
ਦਰਅਸਲ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਨਾਰਾਜ਼ ਤੇ ਨਿਰਾਸ਼ ਅਕਾਲੀ ਲੀਡਰਾਂ ਸਮੇਤ ਹੋਰ ਹਮਖਿਆਲੀ ਪਾਰਟੀਆਂ ਤੇ ਲੀਡਰਾਂ ਨੂੰ ਇਕ ਮੰਚ ਉਤੇ ਲਿਆਉਣ ਲਈ ਯਤਨ ਸ਼ੁਰੂ ਕੀਤੇ ਹਨ। ਇਸ ਤਹਿਤ ਵੱਖਰੇ ਤੌਰ ਉਤੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ। ਪਹਿਲੇ ਪੜਾਅ ਵਿਚ ਵੱਖ-ਵੱਖ ਲੀਡਰਾਂ ਨੂੰ ਇਸ ਸਮਾਗਮ ਵਿਚ ਸੱਦਿਆ ਜਾ ਰਿਹਾ ਹੈ।
ਦਰਅਸਲ, ਟਕਸਾਲੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤੀਜੀ ਧਿਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਲਈ ਅਕਾਲੀ ਦਲ ਦੇ ਸਾਰੇ ਬਾਗੀ ਧੜਿਆਂ ਨੂੰ ਇਕ ਮੰਚ ਉਤੇ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਦੱਸਿਆ ਜਾ ਰਿਹਾ ਹੈ। ਯਾਦ ਰਹੇ ਕਿ ਅਕਾਲੀ ਸਰਕਾਰ ਵੇਲੇ ਹੋਏ ਬੇਅਦਬੀ ਕਾਂਡਾਂ ਕਾਰਨ ਸਿੱਖ ਸੰਗਤ ਵਿਚ ਕਾਫੀ ਰੋਹ ਹੈ। ਟਕਸਾਲੀ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਬਾਦਲਾਂ ਦੀਆਂ ਗਲਤੀਆਂ ਕਾਰਨ ਇਸ ਪੰਥਕ ਧਿਰ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਲਈ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਇਹੀ ਰਾਹ ਹੈ ਕਿ ਬਾਦਲਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਜਾਵੇ। ਅਕਾਲੀ ਦਲ ਦੇ ਸ਼ਤਾਬਦੀ ਸਮਾਗਮ ਮੌਕੇ ਹੋਈ ਲਾਮਬੰਦੀ ਇਹੀ ਸੰਕੇਤ ਦਿੰਦੀ ਹੈ ਕਿ ਬਾਦਲ ਪਰਿਵਾਰ ਲਈ ਇਹ ਔਖੀ ਘੜੀ ਹੈ।