ਡਾ. ਮਨਮੋਹਨ ਸਿੰਘ ਦੇ ਸਿੱਖ ਕਤਲੇਆਮ ਬਾਰੇ ਖੁਲਾਸੇ ਪਿੱਛੋਂ ਸਿਆਸਤ ਭਖੀ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 1984 ਸਿੱਖ ਕਤਲੇਆਮ ਬਾਰੇ ਕੀਤੇ ਖੁਲਾਸੇ ਪਿੱਛੋਂ ਸਿਆਸੀ ਪਾਰਾ ਚੜ੍ਹ ਗਿਆ ਹੈ। ਡਾ. ਮਨਮੋਹਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਯਾਦ ਵਿਚ ਰੱਖੇ ਸਮਾਗਮ ਦੌਰਾਨ ਕਿਹਾ ਸੀ ਕਿ ਜੇ ਤਤਕਾਲੀ ਗ੍ਰਹਿ ਮੰਤਰੀ ਪੀ.ਵੀ ਨਰਸਿਮ੍ਹਾ ਰਾਓ ਨੇ ਫੌਜ ਸੱਦਣ ਦੇ ਸੁਝਾਅ ਉਤੇ ਧਿਆਨ ਦਿੱਤਾ ਹੁੰਦਾ ਤਾਂ 1984 ਦੇ ਸਿੱਖ ਵਿਰੋਧੀ ਦੰਗੇ ਰੋਕੇ ਜਾ ਸਕਦੇ ਸਨ।

ਸਾਬਕਾ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੀ ਭਾਜਪਾ ਨੇ ਸਖਤ ਨਿਖੇਧੀ ਕਰਦਿਆਂ ਕਤਲੇਆਮ ਦਾ ਜਿੰਮਾ ਰਾਜੀਵ ਗਾਂਧੀ ਸਿਰ ਪਾਇਆ ਹੈ। ਮਨਮੋਹਨ ਨੇ ਕਿਹਾ ਸੀ ਕਿ ਗੁਜਰਾਲ ਨੇ ਰਾਓ ਨੂੰ ਫੌਜ ਸੱਦਣ ਲਈ ਕਿਹਾ ਸੀ ਕਿਉਂਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਵਿਰੁੱਧ ਹਿੰਸਾ ਵਧ ਰਹੀ ਸੀ। ਉਨ੍ਹਾਂ ਕਿਹਾ ਕਿ ਜੇ ਇਸ ਸੁਝਾਅ ਵੱਲ ਧਿਆਨ ਦਿੱਤਾ ਜਾਂਦਾ ਤਾਂ ਸ਼ਾਇਦ ਚੁਰਾਸੀ ਦਾ ਕਤਲੇਆਮ ਨਾ ਵਾਪਰਦਾ। ਭਾਜਪਾ ਨੇ ਮਨਮੋਹਨ ਉਤੇ ਵਿਅੰਗ ਕਰਦਿਆਂ ਕਿਹਾ ਕਿ ਜੇ ਰਾਓ ਐਨੇ ਹੀ ‘ਮਾੜੇ’ ਸਨ ਤਾਂ ਉਹ 1991 ਵਿਚ ਉਨ੍ਹਾਂ ਦੀ ਸਰਕਾਰ ‘ਚ ਮੰਤਰੀ ਕਿਉਂ ਬਣੇ? ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਰਾਜੀਵ ਕੋਲ ਸਾਰੇ ਹੱਕ ਸਨ ਤੇ ਉਹ ਫੌਜ ਸੱਦ ਸਕਦੇ ਸਨ। ਉਨ੍ਹਾਂ ਰਾਜੀਵ ਗਾਂਧੀ ਨੂੰ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਇਆ।
ਜਾਵੜੇਕਰ ਨੇ ਕਿਹਾ ਕਿ ਰਾਜੀਵ ਨੇ ਉਦੋਂ ਕਿਹਾ ਸੀ ‘ਜਦ ਕੋਈ ਵੱਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ’, ਇਕ ਤਰ੍ਹਾਂ ਰਾਜੀਵ ਨੇ ਕਤਲੇਆਮ ਦਾ ਸਮਰਥਨ ਕੀਤਾ ਸੀ। ਗੁਜਰਾਲ ਦੇ ਪੁੱਤਰ ਤੇ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ‘ਸੱਚ ਬੋਲਣ’ ਲਈ ਮਨਮੋਹਨ ਦੀ ਸਿਫਤ ਕੀਤੀ ਤੇ ਕਿਹਾ ਕਿ ‘ਜੋ ਸੀ ਉਹੀ ਉਨ੍ਹਾਂ ਨੇ ਬਿਆਨਿਆ।’ ਇਸੇ ਦੌਰਾਨ ਨਰਸਿਮ੍ਹਾ ਰਾਓ ਦੇ ਪੋਤਰੇ ਐਨ.ਵੀ. ਸੁਭਾਸ਼ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗ੍ਰਹਿ ਮੰਤਰੀ ਕੋਈ ਵੀ ਫੈਸਲਾ ਇਕੱਲੇ ਨਹੀਂ ਲੈ ਸਕਦੇ। ਫੌਜ ਸਬੰਧੀ ਲਿਆ ਗਿਆ ਫੈਸਲਾ ਸਾਰੀ ਵਜ਼ਾਰਤ ਦਾ ਸੀ।
_____________________________________
ਸਰਕਾਰ ਨੇ ਖੁਦ ਨਸਲਕੁਸ਼ੀ ਕਰਵਾਈ ਸੀ: ਜਥੇਦਾਰ
ਨਵੰਬਰ 1984 ਸਿੱਖ ਕਤਲੇਆਮ ਮਾਮਲੇ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਆਏ ਬਿਆਨ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਵੇਲੇ ਦੀ ਸਰਕਾਰ ਨੇ ਖੁਦ ਨਸਲਕੁਸ਼ੀ ਕਰਵਾਈ ਸੀ। ਵਿਦੇਸ਼ਾਂ ਵਿਚ ਪੜ੍ਹਾਈ ਦੇ ਮੰਤਵ ਨਾਲ ਗਏ ਪੰਜਾਬੀ ਤੇ ਖਾਸ ਕਰਕੇ ਸਿੱਖ ਬੱਚਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਵਿਦੇਸ਼ਾਂ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਆਖਿਆ ਕਿ ਉਹ ਇਨ੍ਹਾਂ ਬੱਚਿਆਂ ਲਈ ਲੰਗਰ ਅਤੇ ਰਿਹਾਇਸ਼ ਉਤੇ ਤਰਜੀਹੀ ਆਧਾਰ ‘ਤੇ ਪ੍ਰਬੰਧ ਕਰਨ। ਰਣਜੀਤ ਸਿੰਘ ਢੱਡਰੀਆਂ ਵਾਲਾ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜ ਮੈਂਬਰੀ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
_____________________________________
ਗਾਂਧੀ ਪਰਿਵਾਰ ਗੁਨਾਹ ਕਬੂਲ ਕਰੇ: ਦਮਦਮੀ ਟਕਸਾਲ
ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਨਵੰਬਰ 1984 ਦੌਰਾਨ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ‘ਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਖੁਲਾਸੇ ਮਗਰੋਂ ਹੋਰ ਕਿਸੇ ਸਬੂਤ ਦੀ ਲੋੜ ਨਹੀਂ ਰਹਿ ਜਾਂਦੀ। ਇਸ ਲਈ ਗਾਂਧੀ ਪਰਿਵਾਰ ਨੂੰ 1984 ਦੇ ਕਤਲੇਆਮ ਪ੍ਰਤੀ ਆਪਣੇ ਪਰਿਵਾਰ ਦਾ ਗੁਨਾਹ ਕਬੂਲ ਲੈਣਾ ਚਾਹੀਦਾ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਨਵੰਬਰ 1984 ਦੇ ਦੁਖਾਂਤ ਪ੍ਰਤੀ ਕੀਤੇ ਗਏ ਖੁਲਾਸੇ ਨੂੰ ਦੇਰ ਆਏ ਦਰੁਸਤ ਆਏ ਕਿਹਾ। ਪਰ ਤਤਕਾਲੀ ਸਰਕਾਰ ਵੱਲੋਂ ਉਸ ਵਕਤ ਦਿੱਲੀ ਵਿਖੇ ਫੌਜ ਨੂੰ ਨਾ ਸੱਦਣ ਦੀ ਹਕੀਕਤ ਨੂੰ ਲੰਮਾ ਸਮਾਂ ਲੁਕਾਈ ਰੱਖਣ ‘ਤੇ ਸਵਾਲ ਵੀ ਉਠਾਇਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਆਪਣੇ ਭਾਈਚਾਰੇ ਦੀ ਸਰਕਾਰੀ ਨਸਲਕੁਸ਼ੀ ਬਾਰੇ ਸਭ ਕੁਝ ਜਾਣਦੇ ਹੋਏ ਵੀ ਕਿਵੇਂ ਚੁੱਪ ਬੈਠੇ ਰਹੇ?
_____________________________________
ਮਨਮੋਹਨ ਸਿੰਘ ਦਾ ਬਿਆਨ ਮੰਦਭਾਗਾ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਨਾ ਸੱਦਣ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਦੋਸ਼ੀ ਠਹਿਰਾਉਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦਾ ਬਿਆਨ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇ ਕੇ ਸਾਰਾ ਦੋਸ਼ ਤਤਕਾਲੀ ਗ੍ਰਹਿ ਮੰਤਰੀ ਸਿਰ ਮੜ੍ਹਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਬਕਾ ਪ੍ਰਧਾਨ ਮੰਤਰੀ ਦਾ ਬਿਆਨ ਸਪੱਸ਼ਟ ਰੂਪ ਵਿਚ ਅਕਾਲੀ ਦਲ ਦੇ ਉਸ ਪੱਖ ਦੀ ਪੁਸ਼ਟੀ ਕਰਦਾ ਹੈ ਕਿ ਇਸ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦੇ ਬਚਾਅ ਵਾਸਤੇ ਅੱਗੇ ਆਉਣ ਵਿਚ 35 ਸਾਲ ਲੱਗ ਗਏ।