ਉਨਾਓ: ਅਦਾਲਤ ਜਾ ਰਹੀ ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤ ਲੜਕੀ ਨੂੰ ਕੇਸ ਦੇ ਦੋ ਮੁਲਜ਼ਮਾਂ ਸਣੇ ਪੰਜ ਵਿਅਕਤੀਆਂ ਨੇ ਅੱਗ ਲਗਾ ਦਿੱਤੀ, ਜਿਸ ਨਾਲ ਪੀੜਤਾ 90 ਫੀਸਦੀ ਸੜ ਗਈ ਤੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਬਰ ਜਨਾਹ ਕਾਂਡ ਤੇ ਅੱਗ ਲਾਉਣ ਦੀ ਘਟਨਾ ‘ਚ ਸ਼ਾਮਲ ਦੋ ਮੁਲਜ਼ਮਾਂ ਵਿਚੋਂ ਇਕ ਦਸ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਵਿਚੋਂ ਬਾਹਰ ਆਇਆ ਸੀ।
ਪੁਲਿਸ ਵੱਲੋਂ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੌਤ ਤੋਂ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤਾ ਨੇ ਦੱਸਿਆ ਕਿ ਉਹ ਸਵੇਰੇ ਉਨਾਓ ਜ਼ਿਲ੍ਹੇ ‘ਚ ਸਥਿਤ ਆਪਣੇ ਪਿੰਡ ਤੋਂ ਰਾਏ ਬਰੇਲੀ ਸਥਿਤ ਅਦਾਲਤ ਜਾ ਰਹੀ ਸੀ ਜਿਥੇ ਕਿ ਜਬਰ ਜਨਾਹ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ ਰਸਤੇ ‘ਚ ਉਸ ਉਤੇ ਹਮਲਾ ਹੋ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਘਰ ਨੇੜੇ ਗੌਰਾ ਮੋੜ ਕੋਲ ਪਹੁੰਚੀ ਤਾਂ ਉਸ ਉਤੇ ਹਮਲਾ ਹੋ ਗਿਆ। ਹਰੀਸ਼ੰਕਰ ਤ੍ਰਿਵੇਦੀ, ਰਾਮ ਕਿਸ਼ੋਰ ਤ੍ਰਿਵੇਦੀ, ਉਮੇਸ਼ ਬਾਜਪਾਈ, ਸ਼ਿਵਮ ਤ੍ਰਿਵੇਦੀ ਤੇ ਸ਼ੁਭਮ ਤ੍ਰਿਵੇਦੀ ਨੇ ਉਸ ਨੂੰ ਅੱਗ ਲਗਾ ਦਿੱਤੀ।
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਪੂਰੇ ਮੁਲਕ ‘ਚ ਗੁੱਸਾ ਭੜਕ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਰੋਹ ‘ਚ ਆ ਕੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਹੈਦਰਾਬਾਦ ‘ਮੁਕਾਬਲੇ’ ਵਾਂਗ ਮਾਰਿਆ ਜਾਵੇ ਜਾਂ ਫਾਹੇ ਟੰਗਿਆ ਜਾਵੇ। ਉਧਰ, ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਉਤਰ ਪ੍ਰਦੇਸ਼ ਸਰਕਾਰ ਔਰਤਾਂ ਨੂੰ ਸੁਰੱਖਿਆ ਅਤੇ ਇਨਸਾਫ ਦੇਣ ‘ਚ ਨਾਕਾਮ ਰਹੀ ਹੈ। 23 ਵਰ੍ਹਿਆਂ ਦੀ ਜਬਰ ਜਨਾਹ ਪੀੜਤਾ ਨੇ ਸਫਦਰਜੰਗ ਹਸਪਤਾਲ ‘ਚ ਕਰੀਬ 40 ਘੰਟਿਆਂ ਤੱਕ ਮੌਤ ਨਾਲ ਜੰਗ ਲੜੀ ਪਰ ਸ਼ੁੱਕਰਵਾਰ ਰਾਤ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੂੰ 90 ਫੀਸਦੀ ਸੜੀ ਹੋਈ ਹਾਲਤ ‘ਚ ਹਵਾਈ ਐਂਬੂਲੈਂਸ ਰਾਹੀਂ ਇਲਾਜ ਲਈ ਲਖਨਊ ਤੋਂ ਦਿੱਲੀ ਲਿਆਂਦਾ ਗਿਆ ਸੀ।
_______________________________________
ਮਾਂ ਨੇ ਬੱਚੀ ‘ਤੇ ਪੈਟਰੋਲ ਛਿੜਕਿਆ
ਨਵੀਂ ਦਿੱਲੀ: ਉਨਾਓ ਕਾਂਡ ਦੀ ਪੀੜਤਾ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦਿਆਂ ਇਕ ਔਰਤ ਨੇ ਸਫਦਰਜੰਗ ਹਸਪਤਾਲ ਦੇ ਬਾਹਰ ਆਪਣੀ 6 ਸਾਲ ਦੀ ਬੱਚੀ ਉਤੇ ਪੈਟਰੋਲ ਛਿੜਕ ਦਿੱਤਾ। ਉਥੇ ਮੌਜੂਦ ਪੁਲਿਸ ਨੇ ਲੜਕੀ ਨੂੰ ਤੁਰਤ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਵਾਰਦਾਤ ਉਨਾਓ ਪੀੜਤਾ ਦੀ ਮ੍ਰਿਤਕ ਦੇਹ ਨੂੰ ਪਿੰਡ ਭੇਜਣ ਦੇ ਕਰੀਬ ਇਕ ਘੰਟੇ ਬਾਅਦ ਹੋਈ।