ਬੰਦੀ ਸਿੱਖਾਂ ਦੀ ਰਿਹਾਈ: ਕੇਂਦਰ ਦਾ ਵਾਅਦਾ ਵਫਾ ਨਾ ਹੋਇਆ

ਅੰਮ੍ਰਿਤਸਰ: ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ 8 ਸਿੱਖ ਬੰਦੀਆਂ ਨੂੰ ਜੇਲ੍ਹਾਂ ‘ਚੋਂ ਰਿਹਾਅ ਕਰਨ ਦਾ ਐਲਾਨ ਵੀ ਅਜੇ ਤੱਕ ਪੂਰਾ ਨਹੀਂ ਹੋਇਆ। ਇਨ੍ਹਾਂ 8 ਵਿਚੋਂ 3 ਬੰਦੀ ਸਿੰਘਾਂ ਦੇ ਪਰਿਵਾਰ ਅਜੇ ਵੀ ਕੇਂਦਰ ਸਰਕਾਰ ਦਾ ਵਾਅਦਾ ਪੂਰਾ ਹੋਣ ਦੀ ਉਡੀਕ ਵਿਚ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ 14 ਨਵੰਬਰ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ 8 ਬੰਦੀ ਸਿੰਘਾਂ ਨੂੰ ਜੇਲ੍ਹਾਂ ‘ਚੋਂ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ 8 ਬੰਦੀ ਸਿੰਘਾਂ ਵਿਚੋਂ ਤਿੰਨ ਬਲਬੀਰ ਸਿੰਘ, ਵਰਿਆਮ ਸਿੰਘ ਤੇ ਹਰਜਿੰਦਰ ਸਿੰਘ ਦੀ ਰਿਹਾਈ ਤਾਂ ਤਿੰਨ-ਚਾਰ ਸਾਲ ਪਹਿਲਾਂ ਹੀ ਹੋ ਚੁੱਕੀ ਹੈ ਤੇ ਦੋ ਭਾਈ ਨੰਦ ਸਿੰਘ ਅਤੇ ਭਾਈ ਸੁਬੇਗ ਸਿੰਘ ਦੀ ਰਿਹਾਈ ਬੀਤੇ ਦਿਨੀਂ ਪਟਿਆਲਾ ਜੇਲ੍ਹ ਤੋਂ ਹੋਈ ਹੈ। ਇਸ ਦੌਰਾਨ ਬਾਕੀ ਦੇ ਤਿੰਨ ਬੰਦੀਆਂ ਵਿਚੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ ਤੇ ਭਾਈ ਗੁਰਦੀਪ ਸਿੰਘ ਖੇੜਾ ਦੇ ਪਰਿਵਾਰ ਅਜੇ ਵੀ ਰਿਹਾਈ ਦੇ ਐਲਾਨਾਂ ਉਤੇ ਅਮਲ ਹੋਣ ਦੀ ਉਡੀਕ ਕਰ ਰਹੇ ਹਨ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਕਿ 19 ਜਨਵਰੀ 1995 ਤੋਂ ਲੈ ਕੇ ਹੁਣ ਤੱਕ ਜੇਲ੍ਹ ਵਿਚ ਬੰਦ ਹਨ, ਕੁਝ ਵਰ੍ਹੇ ਪਹਿਲਾਂ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ।
ਇਸ ਤਰ੍ਹਾਂ ਉਹ ਆਪਣੀ ਬਣਦੀ ਸਜ਼ਾ ਕਦੋਂ ਦੀ ਪੂਰੀ ਕਰ ਚੁੱਕੇ ਹਨ। ਉਹ ਕੁਝ ਦਿਨ ਪਹਿਲਾਂ 29 ਨਵੰਬਰ ਨੂੰ ਹੀ ਪੈਰੋਲ ਉਤੇ ਕੁਝ ਦਿਨ ਆਪਣੇ ਅੰਮ੍ਰਿਤਸਰ ਸਥਿਤ ਗ੍ਰਹਿ ਵਿਖੇ ਬਿਤਾਉਣ ਉਪਰੰਤ ਮੁੜ ਕੇਂਦਰੀ ਜੇਲ੍ਹ ਫਤਾਹਪੁਰ ਵਾਪਸ ਚਲੇ ਗਏ। ਉਨ੍ਹਾਂ ਦੀ ਰਿਹਾਈ ਦਾ ਕੇਸ ਦਿੱਲੀ ਦੀ ਕੇਜਰੀਵਾਲ ਸਰਕਾਰ ਕੋਲ ਵਿਚਾਰ ਅਧੀਨ ਦੱਸਿਆ ਜਾਂਦਾ ਹੈ। ਸਿੱਖ ਬੰਦੀ ਲਾਲ ਸਿੰਘ ਜੋ ਇਸ ਵੇਲੇ ਨਾਭਾ ਜੇਲ੍ਹ ਵਿਚ ਬੰਦ ਹਨ, 1992 ਤੋਂ ਲੈ ਕੇ ਹੁਣ ਤੱਕ 27 ਸਾਲ ਦੇ ਕਰੀਬ ਜੀਵਨ ਜੇਲ੍ਹਾਂ ਵਿਚ ਬਿਤਾ ਚੁੱਕੇ ਹਨ ਤੇ ਉਨ੍ਹਾਂ ਦੀ ਰਿਹਾਈ ਦਾ ਕੇਸ ਗੁਜਰਾਤ ਦੀ ਸੂਬਾ ਸਰਕਾਰ ਕੋਲ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਜੇਲ੍ਹ ਵਿਚ ਚੰਗੇ ਚਾਲ ਚੱਲਣ ਕਾਰਨ ਉਨ੍ਹਾਂ ਨੂੰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਤੀਜੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ 6 ਦਸੰਬਰ 1990 ਤੋਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਰਹੇ ਹਨ ਤੇ ਅੱਜ ਕੱਲ੍ਹ ਕੇਂਦਰੀ ਜੇਲ੍ਹ ਫਤਾਹਪਰ ਵਿਖੇ ਬੰਦ ਹਨ। ਉਹ ਆਪਣੀ ਸਜ਼ਾ ਤੋਂ ਦੁੱਗਣੀ ਸਜ਼ਾ ਭੁਗਤ ਚੁੱਕੇ ਹਨ ਤੇ ਕੇਂਦਰ ਦੇ ਫੈਸਲੇ ਅਨੁਸਾਰ ਰਿਹਾਈ ਦੀ ਉਡੀਕ ਵਿਚ ਹਨ। ਇਸੇ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਸਿੱਖ ਰਾਜਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ।
ਕਮੇਟੀ ਦੇ ਮੈਂਬਰਾਂ ਪ੍ਰੋ. ਬਲਜਿੰਦਰ ਸਿੰਘ ਖਾਲਸਾ ਕਾਲਜ ਨੇ ਕਿਹਾ ਕਿ ਕੇਂਦਰ ਸਰਕਾਰ ਜਾਂ ਸਬੰਧਤ ਸੂਬਾ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਸੰਪਰਕ ਕਰਕੇ ਰਿਹਾਈ ਸਬੰਧੀ ਕੋਈ ਵੀ ਸੂਚਨਾ ਵੀ ਅਜੇ ਤੱਕ ਪ੍ਰਦਾਨ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਬੰਦੀ ਸਿੰਘਾਂ ਦਾ ਜੇਲ੍ਹਾਂ ਵਿਚ ਰਿਕਾਰਡ ਬਹੁਤ ਵਧੀਆ ਹੈ ਤੇ ਇਸੇ ਕਰਕੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਪੈਰੋਲ ਵੀ ਮਿਲਦੀ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਇਨ੍ਹਾਂ ਤੋਂ ਇਲਾਵਾ ਬਾਕੀ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕੇਂਦਰ ਖੁੱਲ੍ਹਦਿਲੀ ਨਾਲ ਵਿਚਾਰ ਕਰੇ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿਚ ਅੜਿੱਕੇ ਡਾਹੁਣ ਦੀ ਥਾਂ ਉਸਾਰੂ ਭੂਮਿਕਾ ਅਦਾ ਕਰਨ ਤਾਂ ਕਿ ਉਹ ਆਪਣੀ ਜ਼ਿੰਦਗੀ ਆਪਣੇ ਪਰਿਵਾਰਾਂ ਵਿਚ ਬਿਤਾ ਸਕਣ।
_____________________________________________
ਰਿਹਾਈ ਲਈ ਸਿੱਖ ਆਵਾਜ਼ ਬੁਲੰਦ ਕਰਨ: ਜਥੇਦਾਰ
ਅੰਮ੍ਰਿਤਸਰ: ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਪੈਦਾ ਕੀਤੇ ਭੰਬਲਭੂਸੇ ਬਾਰੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਇਸ ਲਈ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਚਾਹੀਦਾ ਹੈ। ਉਨ੍ਹਾਂ ਸਮੂਹ ਸਿੱਖ ਆਗੂਆਂ ਨੂੰ ਆਖਿਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਪਰ ਇਹ ਮਾਮਲਾ ਹੋਰ ਵੀ ਦੁਖਦਾਈ ਹੈ। ਇਕ ਵਾਰੀ ਹਾਂ ਕਰਕੇ ਮੁਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਬੰਦੀਆਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਆਖਿਆ ਕਿ ਉਹ ਇਕਜੁਟ ਹੋ ਕੇ ਸਮੂਹ ਸਿੱਖ ਬੰਦੀਆਂ ਦੀ ਰਿਹਾਈ ਲਈ ਸਰਕਾਰ ਕੋਲ ਆਵਾਜ਼ ਬੁਲੰਦ ਕਰਨ।