ਵਗਦੇ ਪਾਣੀਆਂ ਦਾ ਨਾਂ ਹੀ ਦਰਿਆ ਹੁੰਦਾ ਹੈ, ਨਹੀਂ ਤਾਂ ਇਹੋ ਪਾਣੀ ਛੱਪੜ ਅਖਵਾਉਣ ਲੱਗ ਪੈਂਦਾ ਹੈ। ਕਈ ਲੋਕ ਗੜਵੀਆਂ ਤਾਂ ਗੰਗਾ ਜਲ ਦੀਆਂ ਭਰ ਕੇ ਲਿਆਏ ਸਨ ਪਰ ਮਨ ‘ਚ ਧੋਖੇ ਕਰ ਕੇ ਦੋਵੇਂ ਵਸਤਾਂ ਗੰਦੇ ਨਾਲੇ ਵਿਚ ਹੀ ਰੋੜ੍ਹ ਆਏ। ਕਈ ਲੋਕ ਸੁਨੱਖੇ ਵੀ ਸਨ, ਸੋਹਣੇ ਵੀ ਸਨ; ਇਹ ਕਰਤੂਤਾਂ ਕਰ ਕੇ ਲਾਹਣਤ ਤਾਂ ਸਿਰ ਪੁਆ ਲੈਂਦੇ, ਤਾਂ ਵੀ ਕੋਈ ਗੱਲ ਨਹੀਂ ਸੀ; ਪਰ ਫਿੱਟ-ਲਾਹਣਤ ਨਾਲ ਪੱਲਾ ਭਰਾ ਕੇ ਘਰ ਨੂੰ ਪਰਤ ਆਏ। ਕਮਲ ਦਾ ਫੁੱਲ ਚਿੱਕੜ ‘ਚ ਉਗ ਤਾਂ ਪੈਂਦੈ, ਪਰ ਖਿੜਨ ਵੇਲੇ ਆਖਰੀ ਦਮ ਤੱਕ ਇਸ ਕੋਸ਼ਿਸ਼ ਵਿਚ ਲੱਗਾ ਰਹਿੰਦੈ ਕਿ ਧੌਣ ਧੜ ਤੋਂ ਹੇਠਾਂ ਨਾ ਆਵੇ! ਕਈਆਂ ਨੇ ਸਿਰ ‘ਤੇ ਤਾਂ ਕੂੜੇ ਦਾ ਟੋਕਰਾ ਚੁੱਕਿਆ ਹੁੰਦੈ, ਪਰ ਗਰਦਨ ਇੰਨੀ ਅਕੜਾਈ ਹੁੰਦੀ ਐ ਕਿ ਕਿਸੇ ਪਾਸੇ ਵੱਲ ਵੀ ਝੋਲ ਨਹੀਂ ਮਾਰਦੀ। ਲਿਬੜੇ ਲੀੜਿਆਂ ‘ਤੇ ਅਤਰ ਫੁਲੇਲ ਛਿੜਕਣ ਵਾਲੇ ਵੀ ਸਮਝੀ ਜਾਂਦੇ ਨੇ-‘ਭਲਾ ਸਾਥੋਂ ਵੱਡਾ ਕੋਈ ਸਿਆਣਾ ਹੋ ਸਕਦੈ?’ ਹੰਸ ਅਤੇ ਕਾਂ ਦਾ ਝਗੜਾ ਰੱਬ ਦਾ ਕੋਈ ਬੰਦਾ ਬੜੇ ਗਹੁ ਨਾਲ ਸੁਣ ਰਿਹਾ ਸੀ। ਹੰਸ ਬੜੀ ਮਿਠਾਸ ਨਾਲ ਆਖ ਰਿਹਾ ਸੀ, ‘ਢੇਰ ਫਰੋਲਣ ਵਾਲਿਆਂ ਨੂੰ ਕੀ ਪਤੈ ਕਿ ਮੋਤੀ ਕਿਹੜੇ ਅਨਾਰਕਲੀ ਬਾਜ਼ਾਰ ‘ਚੋਂ ਮਿਲਦੇ ਹਨ?’ ਕਾਂ ਬੁੜ੍ਹਕ ਰਿਹਾ ਸੀ-‘ਢਕਿਆ ਰਹਿ, ਵੱਡਾ ਮੋਤੀ ਖਾਣਾ! ਪਹਿਲਾਂ ਲੀਡਰਾਂ ਦੇ ਢਿੱਡ ਦਾ ਐਕਸਰੇ ਜਾਂ ਅਲਟਰਾਸਾਊਂਡ ਕਰਾ ਕੇ ਲਿਆ। ਅਸੀਂ ਤਾਂ ਐਵੇਂ ਖਾਨਦਾਨੀ ਹੀ ਬਦਨਾਮ ਕਰ ਰਹੇ ਹਾਂ।’ ਸ਼ਰੀਫ ਬੰਦੇ ਸੋਚਦੇ ਨੇ ਕਿ ਸ਼ਾਇਦ ਢੋਲਕੀਆਂ ਸਿਰਫ਼ ਸ਼ਗਨਾਂ ਦੇ ਗੀਤ ਗਾਉਣ ਲਈ ਹੀ ਵੱਜਦੀਆਂ ਹਨ। ਜਿਨ੍ਹਾਂ ਨੂੰ ਇਹ ਪਤੈ ਕਿ ਇਹ ਲੋਕਾਂ ਨੂੰ ਲੁੱਟਣ ਲਈ ਕੁੱਟੀਆਂ ਜਾ ਰਹੀਆਂ ਹਨ, ਉਹ ਚਿਮਟੇ ਵਜਾਉਣ ਨੂੰ ਤਰਜੀਹ ਦੇਣ ਲੱਗੇ ਹਨ। ਜੇ ਪੀਂਘ ਪਿੱਪਲਾਂ ਤੋਂ ਲੱਥ ਗਈ ਹੈ ਤਾਂ ਇਹ ਪਿੱਪਲਾਂ ਦਾ ਕਸੂਰ ਨਹੀਂ। ਜਾਣਨ ਵਾਲੇ ਜਾਣਦੇ ਹਨ ਕਿ ਇਹ ਚਾਵਾਂ ਦੀ ਸੰਘੀ ਘੁੱਟਣ ਕਾਰਨ ਲੱਥੀ ਹੈ। ਜਿਹੜੀਆਂ ਮਾਵਾਂ ਹੁਣ ਧੀਆਂ ਨੂੰ ਵਿਆਹ ਤੋਂ ਪਹਿਲਾਂ ਪਿਆਰ ਦੀ ਮੁਹਾਰਨੀ ਪੜ੍ਹਨ ਤੋਂ ਵਰਜਿਤ ਨਹੀਂ ਕਰਦੀਆਂ, ਸਮਝ ਲੈਣਾ ਚਾਹੀਦਾ ਹੈ ਕਿ ਇਹ ਕੰਤ ਦਾ ਘੁੱਗੂ ਵਜਾ ਰਹੀਆਂ ਹਨ। ਇਨ੍ਹਾਂ ਦੀ ਬੀਨ ‘ਤੇ ਕਈਆਂ ਦੇ ਮੇਲ੍ਹਣ ਦੀਆਂ ਅਫ਼ਵਾਹਾਂ ਸਹੀ ਹਨ। ਚਲੋ, ਮੂੰਹ ‘ਚੋਂ ਨੱਕ ਤਾਂ ਚਲਾ ਜਾਏ, ਕੋਈ ਗੱਲ ਨਹੀਂ; ਆਕਸੀਜਨ ਅੰਦਰ ਜਾਣ ਤੋਂ ਰੁਕ ਗਈ ਤਾਂ ਸਾਹ ਉਖੜ ਜਾਵੇਗਾ। ਬੁਨੈਣ, ਕਮੀਜ਼ ਦੇ ਹੇਠਾਂ ਪਾਉਣੀ ਹੀ ਚੰਗੀ ਸਮਝੀ ਗਈ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਨੂੰ ਬਾਕੀ ਲੀੜਿਆਂ ਦੇ ਉਪਰ ਦੀ ਪਾਉਣ ਦਾ ਅਸਫ਼ਲ ਯਤਨ ਹੋ ਰਿਹਾ ਹੈ। ਇਹ ਕਿਹੜੇ ਕਲਯੁਗੀ ਇਤਿਹਾਸ ਦੇ ਵਰਕੇ ਫਰੋਲਣ ਲੱਗਾ ਹਾਂ, ਇਹ ਪੜ੍ਹ ਕੇ ਹੁਸਨ ਦੇ ਸ਼ੁਦਾਈਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਕਲ ਵਿਹੂਣੇ ਰੰਗ ਪਿੱਛੇ ਪਾਗਲ ਹੋਣਾ ਅਤਿ ਨੁਕਸਾਨਦੇਹ ਹੋ ਸਕਦਾ ਹੈ; ਜਿਵੇਂ ਇਹ ਹੁਣੇ ਹੀ ਹੋ ਕੇ ਹਟਿਆ ਹੈæææ
ਐਸ਼ ਅਸ਼ੋਕ ਭੌਰਾ
ਬੰਦੇ ਦੀ ਜਦੋਂ ਮੱਤ ਮਾਰ ਹੁੰਦੀ ਐ ਤਾਂ ਸਿਆਣਪ ਗੋਡਿਆਂ ‘ਚ ਮੂੰਹ ਦੇ ਕੇ ਰੋਣ ਲੱਗ ਪੈਂਦੀ ਹੈ। ਕਈ ਵਾਰ ਮਨੁੱਖ ਜ਼ਿੰਦਗੀ ਦੇ ਕਈ ਪੜਾਅ ਲੰਘ ਜਾਂਦਾ ਹੈ, ਮੁਸ਼ਕਿਲਾਂ ਵੀ ਰੋਣ ਹਾਕਾ ਕਰਦੀਆਂ ਹਨ, ਪਰ ਗਲਤੀ ਫਿਰ ਵੀ ਇਕ ਨਹੀਂ ਹੁੰਦੀ। ਜਦੋਂ ਭਰ ਸਰਦੀ ਵਿਚ ਪੱਖਾ ਝੱਲਿਆ ਜਾਣ ਲੱਗ ਪਵੇ ਤਾਂ ਚੰਗਾ ਭਲਾ ਵੀ ਸੋਚਦੈ ਕਿ ਆਹ ਕੀ ਹੋਣ ਲੱਗਾ ਹੈ? ਵਿਗਿਆਨ ਨੇ ਦੱਸਿਆ ਹੈ ਕਿ ਜਾਦੂਗਰਾਂ ਦੀ ਖੇਡ, ਚਲਾਕੀ ਦੀ ਹੀ ਖੇਡ ਹੈ; ਪਰ ਮੂਰਖ ਬਣਨ ਅਤੇ ਬਣਾਉਣ ਦਾ ਵਰਤਾਰਾ ਵਿਗਿਆਨਕ ਯੁੱਗ ਵਿਚ ਵੀ ਮੁੱਕਿਆ ਨਹੀਂ ਹੈ।
ਸ਼ਤਰੰਜ ਦਾ ਇਕ ਚਲਾਕ ਵਪਾਰੀ ਪਹਾੜੀ ਲਾਗੇ ਵਸੇ ਉਸ ਪਿੰਡ ਵਿਚ ਚਲੇ ਗਿਆ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਮਿਹਨਤੀ ਅਤੇ ਸਿਆਣੇ ਲੋਕਾਂ ਦਾ ਪਿੰਡ ਹੈ। ਇਨ੍ਹਾਂ ਸ਼ਰੀਫ਼ ਲੋਕਾਂ ਦੀ ਮੱਤ ਮਾਰਨ ਦੀ ਚਲਾਕੀ ਨਾਲ ਉਸ ਨੇ ਉਥੇ ਆਪਣੇ ਨੌਕਰ ਨਾਲ ਡੇਰਾ ਲਾ ਲਿਆ। ਸਾਰੇ ਪਿੰਡ ਵਿਚ ਮੁਨਿਆਦੀ ਕਰਵਾ ਦਿੱਤੀ ਕਿ ਉਹ ਚਾਲੀ ਰੁਪਏ ਵਿਚ ਇਕ ਬਾਂਦਰ ਖਰੀਦੇਗਾ। ਬਾਂਦਰਾਂ ਲਈ ਇਕ ਤਰ੍ਹਾਂ ਨਾਲ ਔਖੀ ਘੜੀ ਆ ਗਈ। ਪਿੰਡ ਦੇ ਬੰਦੇ ਤੀਵੀਆਂ ਸਭ ਪਹਾੜੀ ‘ਤੇ ਜਾ ਚੜ੍ਹੇ। ਦੁਪਹਿਰ ਤੱਕ ਪਿੰਡ ਦੇ ਹਰ ਜੀਅ ਨੇ ਇਕ-ਇਕ ਬਾਂਦਰ ਫੜ ਲਿਆਂਦਾ। ਚਾਲੀ-ਚਾਲੀ ਰੁਪਏ ਵੱਟ ਕੇ ਪਿੰਡ ਵਾਲੇ ਤਾਂ ਬਾਘੀਆਂ ਪਾਉਣ। ਦੁਪਹਿਰ ਨੂੰ ਇਸ ਚਲਾਕ ਵਪਾਰੀ ਨੇ ਇਕ ਹੋਰ ਲਾਲਚ ਦੇ ਦਿੱਤਾ ਕਿ ਹੁਣ ਜਿਹੜਾ ਵੀ ਬੰਦਾ ਬਾਂਦਰ ਫੜ ਕੇ ਲਿਆਵੇਗਾ, ਉਸ ਤੋਂ ਮੈਂ ਬਾਂਦਰ ਅੱਸੀਆਂ ਦਾ ਖਰੀਦਾਂਗਾ। ਸਾਰਾ ਪਿੰਡ ਜਿਵੇਂ ਕਿਸੇ ਕਾਮੇ ਦਾ ਓਵਰ ਟਾਈਮ ਲੱਗ ਗਿਆ ਹੋਵੇ, ਫਿਰ ਪਹਾੜੀ ‘ਤੇ ਛਾਲਾਂ ਮਾਰਦਾ ਜਾ ਚੜ੍ਹਿਆ। ਜਿਹੜੇ ਦੋ-ਚਾਰ ਬਾਂਦਰ ਘੁਰਨਿਆਂ ਵਿਚ ਲੁਕੇ ਹੋਏ ਸਨ, ਉਹ ਵੀ ਖਿੱਚ-ਧੂਹ ਕੇ ਕੱਢ ਲਿਆਂਦੇ। ਉਹ ਅੱਸੀਆਂ ਨੂੰ ਮੋਟੇ ਭਾਅ ਵਿਕ ਗਏ।
ਹਨ੍ਹੇਰਾ ਹੋ ਗਿਆ ਤਾਂ ਵਪਾਰੀ ਜਾਣ ਲੱਗਾ ਪਿੰਡ ਵਾਲਿਆਂ ਨੂੰ ਕਹਿਣ ਲੱਗਾ-‘ਇਹ ਬਾਂਦਰ ਤਾਂ ਸਸਤੇ ਭਾਅ ਖਰੀਦੇ ਸਨ, ਮੇਰੇ ਨਾਲ ਦੇ ਸਾਥੀ ਨੇ। ਮੈਂ ਖਰੀਦਾਂਗਾ ਸਵੇਰ ਨੂੰ ਸੌ ਰੁਪਏ ਦਾ ਇਕ ਬਾਂਦਰ। ਹੁਣ ਤੁਹਾਡੀ ਹਿੰਮਤ ਐ ਕਿ ਤੁਸੀਂ ਕਿੰਨੇ ਕੁ ਬਾਂਦਰ ਫੜ ਕੇ ਲਿਆਉਂਦੇ ਹੋ। ਮੈਂ ਲੇਟ ਵੀ ਹੋ ਗਿਆ ਹਾਂ। ਇਹ ਮੇਰਾ ਸਾਥੀ ਸਵੇਰ ਤੱਕ ਇੱਥੇ ਹੀ ਰੁਕੇਗਾ।’ ਪਿੰਡ ਵਾਲਿਆਂ ਨੂੰ ਤਾਂ ਨੀਂਦ ਨਾ ਆਵੇ। ਸਾਰੀ ਰਾਤ ਵਿਚਾਰੇ ਆਪਣਾ ਟੱਬਰ-ਟੀਹਰ, ਨੂੰਹਾਂ-ਧੀਆਂ, ਜੁਆਕ-ਜੱਲਾ ਚੁੱਕ ਬਾਂਦਰ ਲੱਭਦੇ ਰਹੇ, ਪਰ ਬਾਂਦਰ ਮੁੱਕ ਗਏ। ਅੱਧੀ ਰਾਤ ਨੂੰ ਵਪਾਰੀ ਦੇ ਸਾਥੀ ਕੋਲ ਆ ਕੇ ਕਹਿਣ ਲੱਗੇ-‘ਭਲਿਆ ਮਾਣਸਾ, ਅਸੀਂ ਤਾਂ ਵੇਲਾਂ-ਬੂਟੇ ਵੀ ਝੰਬ ਸੁੱਟੇ, ਦਰਖ਼ਤ ਕੋਈ ਨ੍ਹੀਂ ਛੱਡਿਆ, ਕੋਈ ਘੁਰਨਾ ਨ੍ਹੀਂ ਛੱਡਿਆ। ਹੁਣ ਚਾਰ ਪੈਸੇ ਬਣਨੇ ਸਨ ਤਾਂ ਸਾਲੇ ਬਾਂਦਰ ਮੁੱਕ ਗਏ। ਏਡੀ ਮਾੜੀ ਕਿਸਮਤ ਸਾਡੀ!’ ਸਾਰਾ ਪਿੰਡ ਮੱਥਾ ਭੰਨਦਾ ਉਦਾਸ ਜਿਹਾ ਹੋ ਗਿਆ।
ਛੋਟਾ ਵਪਾਰੀ ਕਹਿਣ ਲੱਗਾ-‘ਇੰਨੇ ਓਦਰ ਕਿਉਂ ਗਏ ਹੋ। ਵਪਾਰ ‘ਚ ਸਭ ਆਪੋ-ਆਪਣਾ ਵੇਖਦੇ ਆ। ਭਰਾ-ਭਰਾ ਨ੍ਹੀਂ ਪਛਾਣਦਾ। ਠੀਕ ਹੈ, ਅਸੀਂ ‘ਕੱਠੇ ਬਾਂਦਰ ਖਰੀਦਣ ਆਏ ਸੀ, ਮੇਰੇ ‘ਚ ਸੌ ਦਾ ਬਾਂਦਰ ਖਰੀਦਣ ਦੀ ਹਿੰਮਤ ਨਹੀਂ ਹੈਗੀ। ਉਹੀ ਵੱਡਾ ਵਪਾਰੀ ਇੰਨੇ ਮਹਿੰਗੇ ਖਰੀਦ ਸਕਦੈ। ਸੁਝਾਅ ਤੁਹਾਨੂੰ ਮੈਂ ਦੇ ਦਿੰਨਾਂ। ਚੰਗਾ ਲੱਗੇ ਤਾਂ ਠੀਕ ਐ, ਨਹੀਂ ਤਾਂ ਥੋਡੀ ਮਰਜ਼ੀ।’
ਪਿੰਡ ਆਲੇ ਉਤਾਵਲੇ ਹੋ ਗਏ ਪਈ-‘ਛੇਤੀ ਦੱਸ ਜੁਆਨਾ।’
ਕਈ ਤਾਂ ਆਖਣ-‘ਸੁੱਖ ਨਾਲ ਐਤਕਾਂ ਅਸੀਂ ਧੀ ਵਿਆਹ ਲਵਾਂਗੇ ਇਨ੍ਹਾਂ ਚਾਰ ਛਿੱਲੜਾਂ ਨਾਲ।’
ਛੋਟੇ ਵਪਾਰੀ ਨੇ ਚਲਾਕੀ ਦੀ ਕੁੰਡੀ ਸੁੱਟ’ਤੀ।। ਆਂਹਦਾ-‘ਦੇਖੋ, ਤੁਹਾਡੇ ਕੋਲੋਂ ਬਹੁਤੇ ਬਾਂਦਰ ਮੈਂ ਚਾਲੀ ਰੁਪਏ ਦੇ ਹਿਸਾਬ ਨਾਲ ਖਰੀਦੇ ਆ, ਤੇ ਥੋੜ੍ਹੇ ਜਿਹੇ ਅੱਸੀਆਂ ਦੇ ਭਾਅ ਨਾਲ। ਤੁਸੀਂ ਮੈਥੋਂ ਸੱਠ ਰੁਪਏ ਦਾ ਇਕ ਬਾਂਦਰ ਖਰੀਦ ਲਵੋ, ਸਵੇਰ ਨੂੰ ਵੱਡੇ ਵਪਾਰੀ ਨੂੰ ਸੌ ਦਾ ਵੇਚ ਦਿਉ।’
ਗੱਲ ਪਿੰਡ ਵਾਲਿਆਂ ਦੇ ਮਨ ਨੂੰ ਲੱਗ ਗਈ। ਕਿਸੇ ਨੇ ਦੋ, ਕਿਸੇ ਨੇ ਚਾਰ; ਸੱਠਾਂ ਦੇ ਹਿਸਾਬ ਨਾਲ ਖਰੀਦ ਲਏ ਸਾਰੇ ਬਾਂਦਰ, ਇਸ ਆਸ ਨਾਲ ਕਿ ਸਵੇਰੇ ਸੌ ਰੁਪਏ ਨੂੰ ਵੇਚਾਂਗੇ। ਛੋਟਾ ਵਪਾਰੀ ਉਨ੍ਹਾਂ ਦਾ ਮਾਲ ਉਨ੍ਹਾਂ ਨੂੰ ਵੇਚ ਕੇ ਤੜਕੇ ਨਿਕਲ ਗਿਆ।
ਸਾਰਾ ਪਿੰਡ ਉਸ ਸਵੇਰ ਦੀ ਉਡੀਕ ਵਿਚ ਬੁੱਢਾ ਹੋ ਗਿਆ ਕਿ ਕਦੋਂ ਵੱਡਾ ਵਪਾਰੀ ਆ ਕੇ ਉਨ੍ਹਾਂ ਤੋਂ ਸੌ ਦਾ ਬਾਂਦਰ ਖਰੀਦੇਗਾ!
ਤੇ ਉਹ ਦੋਵੇਂ ਹਰਨਾਂ ਦੇ ਸਿੰਗੀ ਚੜ੍ਹੇ ਹਾਲੇ ਤੀਕਰ ਨਹੀਂ ਪਰਤੇ। ਐਂ ਲੱਗਦਾ ਸੀ ਕਿ ਬਾਂਦਰਾਂ ਦੇ ਵਪਾਰ ਵਿਚ ਬੰਦੇ ਵੀ ਬਾਂਦਰ ਬਣ ਗਏ ਸਨ।
ਪਰ ਆਹ ਦੇਖਿਓ! ਵਿਗਿਆਨ ਦੀ ਮਾਰ ਹੇਠ ਆ ਕੇ ਹੁਸਨ ਜਦੋਂ ਇਸ਼ਕ ਦੇ ਚਰਨਾਂ ਵਿਚ ਡਿੱਗਿਆ ਤਾਂ ਪਰਲੋ ਆ ਜਾਂਦੀ, ਤਾਂ ਸ਼ਾਇਦ ਕਿਤੇ ਸੂਈ-ਧਾਗਾ ਸੰਭਾਲਿਆ ਵੀ ਜਾਂਦਾ; ਪਰ ਆਹ ਜਿਹੜਾ ਭੁਚਾਲ ਆਇਐ, ਇਹਦੇ ਨਾਲ ਐਂ ਲੱਗਾ ਕਿ ਜ਼ਮੀਂ-ਅਸਮਾਨ ਗਲਵੱਕੜੀ ਹੋ ਗਏ ਹੋਣ।
ਸੰਨ 1971 ਦੀ ਜੰਗ ਵਿਚ ਜਦੋਂ ਪ੍ਰੀਤਮ ਸਿੰਘ ਦੀ ਸ਼ਹੀਦੀ ਹੋਈ, ਉਦੋਂ ਚਰਨੋ ਮਸਾਂ ਛੇ-ਸੱਤ ਵਰ੍ਹਿਆਂ ਦੀ ਹੋਵੇਗੀ। ਮਾਂ ਕਰਤਾਰ ਕੌਰ ਨੇ ਉਹਨੂੰ ਹੋਰ ਵੀ ਘੁੱਟ ਕੇ ਸੀਨੇ ਲਾ ਲਿਆ ਸੀ ਕਿ ਹੁਣ ਇਹੀ ਮੇਰਾ ਪੁੱਤ ਤੇ ਇਹੋ ਮੇਰੀ ਧੀ ਹੈ। ਇਹ ਧੀ ਸੀ ਚਰਨਜੀਤ ਕੌਰ, ਪਰ ਕਹਿੰਦਾ ਹਰ ਕੋਈ ਚਰਨੋ ਹੀ ਸੀ। ਸਾਰਾ ਪਿੰਡ ਇਸ ਕੁੜੀ ਨੂੰ ਇਸ ਕਰ ਕੇ ਵੀ ਜਾਣਨ ਲੱਗ ਪਿਆ ਸੀ ਕਿ ਚਰਨੋ ਦੀਆਂ ਸਿਰਫ ਅੱਖਾਂ ਹੀ ਬਿੱਲੀਆਂ ਨਹੀਂ ਸਨ, ਰੰਗ ਵੀ ਗੋਰਾ ਸੀ ਤੇ ਨੈਣ-ਨਕਸ਼ ਵੀ ਰੱਜ ਕੇ ਸੋਹਣੇ ਸਨ। ਬੱਸ, ਰੱਬ ਨੇ ਉਹਨੂੰ ਜਨਮ ਦੇਣ ਲੱਗਿਆਂ ਉਹਦੇ ਪੈਰਾਂ ‘ਚ ਨੁਕਸ ਪਾ ਦਿੱਤਾ ਹੋਊ, ਪਰ ਚਰਨੋ ਹੁਸਨ ਦੇ ਮੁਕਾਬਲੇ ਵਿਚ ਲਗਭਗ ਸੋਲਾਂ ਕਲਾਂ ਸੰਪੂਰਨ ਸੀ। ਚਰਨੋ ਦਾ ਨਾ ਕੋਈ ਚਾਚਾ ਤਾਇਆ ਜਾਂ ਭੂਆ ਫੁੱਫੜ ਸੀ ਤੇ ਨਾ ਹੀ ਨਾਨਕਿਆਂ ਵੱਲੋਂ ਕੋਈ ਮਾਸੜ ਮਾਸੀ। ਜੋ ਵੀ ਸੀ, ਤਾਂ ਇਕ ਦਾਦੀ। ਉਹ ਵੀ ਵਿਧਵਾ। ਤੇ ਫੌਜੀ ਪੁੱਤ ਪ੍ਰੀਤਮ ਸਿੰਘ ਦੀ ਮੌਤ ਨੇ ਉਹਨੂੰ ਕੁੱਬੀ ਕਰ ਦਿੱਤਾ ਸੀ। ਬਦਕਿਸਮਤੀ ਇਹ ਕਿ ਚੰਦ ਤਾਂ ਚੜ੍ਹਿਆ ਸੀ ਪਰ ਬੱਦਲਾਂ ਨੇ ਘੇਰੀ ਰੱਖਿਆ ਤੇ ਘਰ ਦੇ ਹਾਲਾਤ ਕਾਰਨ ਚਰਨੋ ਪੜ੍ਹ ਨਾ ਸਕੀ।
ਕਰਤਾਰ ਕੌਰ ਨੇ ਆਪਣੀ ਇੰਨੀ ਸੁਨੱਖੀ ਧੀ ਨੂੰ ਵੀਹਵੇਂ ਸਾਲ ਵਿਚ ਹੀ ਵਿਆਹ ਦਿੱਤਾ ਅਤੇ ਨਾ ਚਾਹੁੰਦਿਆਂ ਵੀ ਇਕ ਫੌਜੀ ਦੇ ਲੜ ਲਾ’ਤਾ। ਮੁੰਡਾ ਸੁਨੱਖਾ ਸੀ। ਬਾਪ ਸਿਰ ‘ਤੇ ਨਹੀਂ ਸੀ। ਮਾਂ ਨੇ ਰੀਝਾਂ ਨਾਲ ਪਾਲਿਆ ਸੀ। ਕਰਤਾਰ ਕੌਰ ਨੇ ਸੋਚਿਆ-‘ਚਲੋ ਇਕੱਲਾ ਪੁੱਤ ਐ। ਧੀ ਸੁਖੀ ਵਸੂ। ਮੇਰੇ ਕੋਲ ਦੋ ਕਿੱਲੇ ਜ਼ਮੀਨ ਐ, ਉਹ ਵੀ ਧੀ ਨੂੰ ਦੇ ਦਿਆਂਗੀ। ਨਾਲੇ ਹਰਨੇਕ ਸੁਨੱਖਾ ਵੀ ਇਹਦੇ ਵਰਗੈ। ਜੋੜ ਠੀਕ ਰਹੇਗਾ।’ ਤੀਜੇ ਸਾਲ ਜਦੋਂ ਚਰਨੋ ਮਾਂ ਬਣੀ ਤਾਂ ਕੰਨਿਆ ਨੇ ਜਨਮ ਲਿਆ। ਸਿਆਣੇ ਕਹਿੰਦੇ ਨੇ-‘ਖਰਬੂਜਿਆਂ ਦੀ ਵੇਲ ਨੂੰ ਕਰੇਲੇ ਲੱਗ ਈ ਨ੍ਹੀਂ ਸਕਦੇ।’ ਧੀ ਚਰਨੋ ਤੋਂ ਵੀ ਦੋ ਪੈਰ ਅੱਗੇ। ਤਿੱਖਾ ਨੱਕ। ਨਿੱਕਾ ਜਿਹਾ ਮੂੰਹ, ਜਿਵੇਂ ਪਰੀਆਂ ਦੇ ਘਰੇ ਗਲਤੀ ਨਾਲ ਬੱਚਾ ਜੰਮ ਪਿਆ ਹੋਵੇ। ਜੰਮੂ ‘ਚ ਅਖਨੂਰ ਵਾਲੇ ਬਾਰਡਰ ‘ਤੇ ਲੱਗੇ ਹਰਨੇਕ ਨੂੰ ਛੁੱਟੀ ਨਾ ਮਿਲੀ। ਬਥੇਰੀਆਂ ਘਰੋਂ ‘ਮਾਂ ਬਿਮਾਰ ਹੈ’, ਦੀਆਂ ਤਾਰਾਂ ਘੱਲੀਆਂ, ਪਰ ਸਾਹਿਬ ਟੱਸ ਤੋਂ ਮੱਸ ਨਾ ਹੋਇਆ। ਧੀ ਦਾ ਮੂੰਹ ਵੇਖਣਾ ਫਿਰ ਹਰਨੇਕ ਨੂੰ ਪੱਕਾ ਈ ਨਸੀਬ ਨਾ ਹੋਇਆ ਜਦੋਂ ਖ਼ਬਰ ਇਹ ਆ ਗਈ ਕਿ ਪਾਕਿਸਤਾਨੀ ਫੌਜੀਆਂ ਨੇ ਦੋ ਭਾਰਤੀ ਫੌਜੀਆਂ ਨੂੰ ਅਗਵਾ ਕਰਨ ਮਗਰੋਂ ਕਤਲ ਕਰ ਕੇ ਲਾਸ਼ਾਂ ਭਾਰਤ ਵਾਲੇ ਪਾਸੇ ਸੁੱਟ ਦਿੱਤੀਆਂ ਹਨ।
ਜਿਵੇਂ ਕੋਈ ਜ਼ੋਰਾਵਰ ਬਿਨਾਂ ਵਜ੍ਹਾ ਕਿਸੇ ਹਮਾਤੜ ਦੇ ਕਦੇ ਵੱਖੀ ‘ਚ ਤੇ ਕਦੇ ਢਿੱਡ ‘ਚ ਮਾਰਨ ਲੱਗ ਪਿਆ ਹੋਵੇ, ਇੱਦਾਂ ਉਪਰ ਵਾਲਾ ਇਸ ਪਰਿਵਾਰ ‘ਤੇ ਕਰੋਪ ਹੋ ਗਿਆ। ਤੇਈਵੇਂ ਸਾਲ ‘ਚ ਕਰਤਾਰ ਕੌਰ ਦੀ ਧੀ ਵਿਧਵਾ ਹੋ ਗਈ ਸੀ। ਫਿਰ ਭਾਣਾ ਈ ਨਹੀਂ ਮੰਨ ਲਿਆ ਗਿਆ, ਸਗੋਂ ਚਰਨੋ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਆਪਣੀ ਧੀ ਰਾਣੋ, ਜਿਸ ਦਾ ਨਾਂ ਰਣਜੀਤ ਕੌਰ ਰੱਖਿਆ ਸੀ, ਦੇ ਸਿਰ ‘ਤੇ ਜ਼ਿੰਦਗੀ ਗੁਜ਼ਾਰ ਲਵੇਗੀ, ਹੋਰ ਵਿਆਹ ਨਹੀਂ ਕਰਵਾਏਗੀ। ਇੰਨਾ ਹੁਸਨ ਤੇ ਇੰਨੀ ਛੋਟੀ ਉਮਰ! ਹੈ ਤਾਂ ਔਖਾ ਸੀ। ਸ਼ਰੀਕੇ ਭਾਈਚਾਰੇ ਨੂੰ ਲੱਗਦਾ ਸੀ ਕਿ ਚਰਨੋ ਦਾ ਸਿਰੜ ਲਿਫ਼ ਨਹੀਂ ਸਕਦਾ।
ਹਰਨੇਕ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਹੋਇਆ। ਚਾਰ ਪੈਸੇ ਵੀ ਮਿਲ ਗਏ ਤੇ ਪੈਨਸ਼ਨ ਲੱਗ ਗਈ। ਬਿਨਾਂ ਸਟੀਅਰਿੰਗ ਤੋਂ ਗੱਡੀ ਚਲਾਉਣੀ ਔਖੀ ਤਾਂ ਸੀ, ਪਰ ਚਰਨੋ ਪੂਰੇ ਦਮ ਨਾਲ ਇਸ ਨੂੰ ਖਿੱਚਣ ਲੱਗੀ। ਹੋਇਆ ਇਹ ਵੀ ਕਿ ਧੀ ਦੇ ਵਿਧਵਾ ਹੋਣ ਦਾ ਗ਼ਮ ਕਰਤਾਰ ਕੌਰ ਦੇ ਸੁਆਸਾਂ ਦੀ ਪੂੰਜੀ ਨਿਗਲ ਗਿਆ ਤੇ ਸਾਲ ਦਾ ਹੋਰ ਵਕਫ਼ਾ ਪਿਆ ਤਾਂ ਹਰਨੇਕ ਦੀ ਮਾਂ ਵੀ ਅੱਖਾਂ ਮੀਚ ਗਈ।
ਇਧਰ ਰਾਣੋ ਕੌੜੀ ਵੇਲ ਵਾਂਗ ਜੁਆਨ ਤਾਂ ਹੋਈ ਜਾਂਦੀ ਸੀ, ਪਰ ਹੁਸਨ ਪੱਖੋਂ ਚਰਨੋ ਵੀ ਕਿਸੇ ਤਰ੍ਹਾਂ ਫਿੱਕੀ ਨਹੀਂ ਪੈ ਰਹੀ ਸੀ। ਉਂਜ ਉਸ ਨੇ ਆਪਣੀ ਧੀ ਨੂੰ ਅਨਪੜ੍ਹ ਰੱਖਣ ਦੀ ਸੋਚ ਨੂੰ ਲਾਬੂੰ ਲਾ ਸੁੱਟਿਆ ਸੀ। ਰਾਣੋ ਦਾ ਸਕੂਲ ਤੋਂ ਕਾਲਜ ਦਾ ਸਫ਼ਰ ਅਰੰਭ ਹੋ ਗਿਆ ਸੀ। ਜਿਵੇਂ ਚਕੋਰ ਚੰਨ ਨੂੰ ਕਲਾਵੇ ‘ਚ ਲੈ ਕੇ ਕਹਿ ਰਹੀ ਹੋਵੇ-‘ਕਿਸੇ ਹੋਰ ਦਾ ਨਾ ਹੋ ਜਾਵੀਂ।’ ਇਉਂ ਚਰਨੋ ਧੀ ਨੂੰ ਮੱਥਾ ਚੁੰਮ-ਚੁੰਮ ਕੇ ਆਖਦੀ-‘ਵੇਖ ਲੈ, ਚਾਦਰ ਈ ਚਿੱਟੀ ਨਹੀਂ ਸੀ, ਸੀਗੀ ਵੀ ਰੇਸ਼ਮੀ। ਹਨ੍ਹੇਰੀਆਂ ਝੱਖੜਾਂ ‘ਚ ਵੀ ਦਾਗ ਨਹੀਂ ਪੈਣ ਦਿੱਤਾ।’ ਰਾਣੋ ਕਦੇ ਕਾਲਜ ਤੋਂ ਲੇਟ ਹੋ ਜਾਂਦੀ ਤਾਂ ਮਾਂ ਵੀਹੀ ‘ਚ ਬੈਠੀ ਰਹਿੰਦੀ। ਫਿਕਰਾਂ ਦੀਆਂ ਮੁੱਕੀਆਂ ਢਿੱਡ ‘ਚ ਹੂਰਿਆਂ ਵਾਂਗ ਮਾਰਦੀ।
ਵਿਗਿਆਨ ਯੁੱਗ ਦੀ ਤਰੱਕੀ ਵਿਚ ਫਿਰ ਮਾਵਾਂ-ਧੀਆਂ ਅੱਗੜ-ਪਿੱਛੜ ਪੌੜੀ ਚੜ੍ਹ ਗਈਆਂ। ਪਹਿਲਾਂ ਰਾਣੋ ਨੇ ਮੋਬਾਇਲ ਲਿਆ ਤੇ ਫਿਰ ਨਾਂਹ-ਨੁੱਕਰ ਕਰਦੀ ਮਾਂ ਨੂੰ ਲੈ ਦਿੱਤਾ। ਕੋਰੀ ਅਨਪੜ੍ਹ ਚਰਨੋ ਨੂੰ ਕੁਝ ਪਤਾ ਨਹੀਂ ਸੀ, ਪਰ ਮਹੀਨੇ ਕੁ ‘ਚ ਇਕ-ਦੋ ਨੁਕਤੇ ਸਮਝਾ ਦਿੱਤੇ ਤੇ ਹੌਲੀ-ਹੌਲੀ ਚਰਨੋ ਫੋਨ ਸੁਣਨ ਜੋਗੀ ਹੋ ਗਈ। ਨੰਬਰ ਵੀ ਡਾਇਲ ਕਰਨਾ ਆ ਗਿਆ ਤੇ ਮਿਸ ਕਾਲਾਂ ਵੀ ਪੜ੍ਹਨੀਆਂ ਸਿੱਖ ਲਈਆਂ। ਰਾਣੋ ਨੇ ਅਨਪੜ੍ਹ ਮਾਂ ਨੂੰ ਨਵੇਂ ਯੁੱਗ ਦੇ ਥੋੜ੍ਹਾ ਜਿਹਾ ਹਾਣ ਦੀ ਬਣਾ ਦਿੱਤਾ ਸੀ। ਰਾਣੋ ਕਿਤੇ ਆਥਣੇ ਲੇਟ ਹੋ ਜਾਂਦੀ ਤਾਂ ਚਰਨੋ ਝੱਟ ਦੇਣੀ ਘੰਟੀਆਂ ਮਾਰਨ ਲੱਗ ਪੈਂਦੀ।
ਬੀæਏæ ਕਰਨ ਪਿਛੋਂ ਰਾਣੋ ਨੂੰ ਉਹਦੇ ਕਾਲਜ ਦੇ ਇਕ ਪ੍ਰੋਫੈਸਰ ਨੇ ਆਪਣੇ ਇਕ ਵਿਦਿਆਰਥੀ ਰਹੇ ਗੁਰਜੀਤ ਸਿੰਘ ਦੀ ਇਲੈਕਟ੍ਰਾਨਿਕਸ ਕੰਪਨੀ ‘ਚ ਨੌਕਰੀ ਦਿਵਾ ਦਿੱਤੀ।
ਦਿਨ ਮਹੀਨੇ ਲੰਘੇ ਤਾਂ ਗੁਰਜੀਤ ਤੇ ਰਾਣੋ ਵਿਚਕਾਰ ਨੇੜਤਾ ਵਧ ਗਈ, ਪਰ ਇਸ ਨੇੜਤਾ ਵਿਚ ਗੰਧਲਾਪਣ ਕੁਝ ਵੀ ਨਹੀਂ ਸੀ। ਹਾਲਾਤ ਸਤਿਕਾਰ ਵਿਚ ਇਹ ਬਣੇ ਕਿ ਰਾਣੋ ਇਸ ਕੰਪਨੀ ਵਿਚ ਵਫ਼ਾਦਾਰ ਬਣ ਗਈ। ਕੰਪਨੀ ਵਿਚ ਕਾਮੇ ਤਾਂ ਭਾਵੇਂ ਪੰਜ-ਸੱਤ ਕੁ ਹੀ ਸਨ ਪਰ ਗੁਰਜੀਤ ਦੀ ਗ਼ੈਰ-ਹਾਜ਼ਰੀ ਵਿਚ ਉਹ ਇਕ ਤਰ੍ਹਾਂ ਨਾਲ ਬੌਸ ਹੀ ਹੁੰਦੀ। ਗੁਰਜੀਤ ਰਾਣੋ ਤੋਂ ਕਰੀਬ ਦਸ-ਗਿਆਰਾਂ ਸਾਲ ਵੱਡਾ ਹੋਵੇਗਾ। ਸਾਂਝ ਫਿਰ ਗ੍ਰਹਿਸਥ ਵੱਲ ਸਿਗਨਲ ਦੇਣ ਲੱਗ ਪਈ। ਚਾਹਤ ਦੀਆਂ ਚਿਣਗਾਂ ਫੁੱਟਣ ਲੱਗੀਆਂ, ਪਰ ਅੰਦਰੋਂ ਅੰਦਰ। ਬਾਹਰੋਂ ਦੋਵੇਂ ਇਕ-ਦੂਜੇ ਨੂੰ ਮਹਿਸੂਸ ਨਾ ਹੋਣ ਦਿੰਦੇ।
ਗੁਰਜੀਤ ਇਕ ਦਿਨ ਅਚਨਚੇਤ ਰਾਣੋ ਦੇ ਘਰ ਐਤਵਾਰ ਵਾਲੇ ਦਿਨ ਆਇਆ, ਪਰ ਉਹ ਘਰ ਨਹੀਂ ਸੀ। ਪਿੰਡੋਂ ਬਾਹਰ ਕਿਸੇ ਧਾਰਮਿਕ ਸਥਾਨ ‘ਤੇ ਗਈ ਹੋਈ ਸੀ। ਮੋਬਾਇਲ ਬੰਦ ਆ ਰਿਹਾ ਸੀ। ਚਰਨੋ ਨੇ ਚਾਹ ਦਾ ਘੁੱਟ ਪਿਆਇਆ ਤੇ ਉਹ ਚਲਾ ਗਿਆ। ਅਗਲੇ ਦਿਨ ਗੁਰਜੀਤ ਨੇ ਰਾਣੋ ਨੂੰ ਹੈਰਾਨੀ ਨਾਲ ਪੁੱਛਿਆ-‘ਤੁਸੀਂ ਜੌੜੀਆਂ ਭੈਣਾਂ ਹੋ। ਕੱਲ੍ਹ ਜਦੋਂ ਮੈਂ ਘਰ ਗਿਆ ਤਾਂ ਉਹ ਲੜਕੀ ਤੈਥੋਂ ਵੀ ਉਪਰ ਦੀ ਲੱਗੀ। ਇੰਨੀ ਸੁਨੱਖੀ? ਤੌਬਾ!’
ਤੇ ਰਾਣੋ ਖਿੜ-ਖਿੜਾ ਕੇ ਹੱਸ ਪਈ-‘ਉਹ ਮੇਰੀ ਭੈਣ ਨਹੀਂ, ਮਾਂ ਏ।’
‘ਸੱਚ?’ ਤੇ ਦੋਵੇਂ ਜਣੇ ਘੁੱਟ ਕੇ ਗਲਵੱਕੜੀ ਹੋ ਗਏ।
ਮੁਹੱਬਤ ਬੂਹਿਓਂ ਬਾਹਰ ਆ ਗਈ। ਨਜ਼ਰਾਂ ਮਿਲ ਗਈਆਂ ਤੇ ਜ਼ਿੰਦਗੀ ਦੀ ਜਮ੍ਹਾਂ-ਘਟਾਉ ਇਕ ਪਲ ਵਿਚ ਹੋ ਗਈ। ਪਿਆਰ ਫਿਰ ਲੁਕ-ਛਿਪ ਕੇ ਅੰਦਰੋਂ ਅੰਦਰ ਢੋਲ ਵਜਾਉਣ ਲੱਗ ਪਿਆ।
ਪੇਕਿਆਂ ਵਾਲੀ ਜ਼ਮੀਨ ‘ਚੋਂ ਕੁਝ ਨਾ ਬਚਦਾ ਵੇਖ ਕੇ ਚਰਨੋ ਨੇ ਵੇਚਣ ਦਾ ਵਿਚਾਰ ਬਣਾ ਲਿਆ। ਧੀ ਨਾਲ ਸਲਾਹ ਹੋਈ। ਫਰਦਾਂ, ਰਜਿਸਟਰੀਆਂ ਕਢਾਈਆਂ। ਰਾਣੋ ਨੇ ਕਿਹਾ-‘ਮਾਂ ਘਬਰਾ ਨਾ। ਗੁਰਜੀਤ ਤੇਰੇ ਨਾਲ ਚਲਾ ਜਾਵੇਗਾ।’
‘ਆਪਣਾ ਕੰਮ ਛੱਡ ਕੇ?’
‘ਕੰਮ ਮੈਂ ਆਪੇ ਸੰਭਾਲ ਲਵਾਂਗੀ।’
ਰਾਣੋ ਦੇ ਨਾਨਕੇ ਪਿੰਡ, ਫਿਰ ਕੋਰਟ-ਕਚਹਿਰੀ। ਗੁਰਜੀਤ ਚਰਨੋ ਨੂੰ ਮੋਟਰ ਸਾਈਕਲ ‘ਤੇ ਬਿਠਾ ਕੇ ਲਿਆਂਦਾ ਰਿਹਾ।æææਤੇ ਤਾਣੀ ਪੁੱਠੀ ਪੈ ਗਈ। ਇਕੋ ਸਟੇਸ਼ਨ ਤੋਂ ਗੁਰਜੀਤ ਦੂਜੀ ਟ੍ਰੇਨ ਚੜ੍ਹ ਗਿਆ। ਇਸ਼ਕ ਰਾਣੋ ਦੀ ਮਾਂ ਨਾਲ ਹੋ ਗਿਆ। ਉਹ ਪਿਆਰ ‘ਚ ਦੋਵੇਂ ਦੀਦੇ ਗੁਆ ਬੈਠਾ, ਅੰਨ੍ਹਾ ਹੋ ਗਿਆ। ਮਾਂ ਤੇ ਧੀ ‘ਚ ਫ਼ਰਕ ਸਮਝਣ ਤੋਂ ਉਕ ਗਿਆ। ਇਸ ਗੱਲ ਦੀ ਸਮਝ ਨਹੀਂ ਪੈ ਰਹੀ ਸੀ ਕਿ ਆਖ਼ਿਰ ਚਰਨੋ ਨੂੰ ਹੋ ਕੀ ਗਿਆ? ਸ਼ੇਰ ਘਾਹ ਖਾਣ ਲਈ ਮਜਬੂਰ ਕਿਉਂ ਹੋ ਗਿਆ?
ਹੁਣ ਰਾਣੋ ਨਾਲ ਗੁਰਜੀਤ ਦੀ ਪਹਿਲਾਂ ਜਿਹੀ ਦਿਲਚਸਪੀ ਨਹੀਂ ਸੀ ਰਹੀ, ਪਰ ਉਹ ਸਮਝਦੀ ਸੀ ਕਿ ਸ਼ਾਇਦ ਕਾਰੋਬਾਰੀ ਤਣਾਓ ਕਾਰਨ ਹੋ ਰਿਹਾ ਹੈ।
‘ਮੈਂ ਮਾਂ ਨਾਲ ਗੱਲ ਕਰਾਂ?’ ਇਕ ਦਿਨ ਰਾਣੋ ਨੇ ਗੁਰਜੀਤ ਨੂੰ ਪੁੱਛ ਲਿਆ।
‘ਗਾਨਾ ਈ ਬੰਨ੍ਹਣੈ, ਕਾਹਲੀ ਕਾਹਦੀ ਐ। ਮਾਂ ਨੂੰ ਤਾਂ ਮੈਂ ਮਨਾ ਲਿਐ, ਬਾਪੂ ਨੂੰ ਹਾਲੇ ਕਹਿਣ ਦਾ ਹੀਆ ਨਹੀਂ ਸੀ ਪੈ ਰਿਹਾ।’
ਕਬੂਤਰੀ ਕਾਂ ਦੀ ਚਾਲ ਤੋਂ ਕੋਰੀ ਸੀ। ਉਹ ਨਹੀਂ ਜਾਣਦੀ ਸੀ ਕਿ ਗਾਰਡ ਸਿਰਫ਼ ਵਿਸਲਾਂ ਵਜਾਉਂਦੈ, ਗੱਡੀ ਸਟੇਸ਼ਨ ਤੋਂ ਲੰਘ ਚੁੱਕੀ ਐ। ਗੁਰਜੀਤ ਦੀ ਮੰਗਣੀ ਹੋ ਚੁੱਕੀ ਸੀ।
ਇਕ ਦਿਨ ਲੰਚ ਵੇਲੇ ਰਾਣੋ ਨੇ ਲਾਡ ‘ਚ ਗੁਰਜੀਤ ਦੇ ਹੱਥ ਦੀ ਪੂਣੀ ਘੁੱਟੀ ਤਾਂ ਫੋਨ ਦੀ ਘੰਟੀ ਵੱਜ ਗਈ।
‘ਇਹ ਫੋਨ ਤਾਂ ਆਉਂਦੇ ਰਹਿਣੇ ਨੇ। ਮੇਰੀ ਕਾਲ ਵੱਲ ਵੀ ਧਿਆਨ ਦਿਉ ਸਰਦਾਰ ਜੀ।’
ਇਹ ਮਿਸ ਕਾਲ ਸੀ।
‘ਨਹੀਂ ਰਾਣੋ, ਬਹੁਤ ਜ਼ਰੂਰੀ ਮੀਟਿੰਗ ਐ, ਪਰ ਮੈਂ ਜਲਦੀ ਆ ਜਾਵਾਂਗਾ।’ ਟਾਈ-ਕੋਟ ਸੁਆਰਦਿਆਂ ਗੁਰਜੀਤ ਨਿਕਲ ਗਿਆ।
ਫੋਨ ਉਹਦਾ ਦਫ਼ਤਰ ਵਿਚ ਹੀ ਰਹਿ ਗਿਆ ਸੀ। ਰਾਣੋ ਲੈ ਕੇ ਬਾਹਰ ਤੱਕ ਗਈ, ਪਰ ਗੁਰਜੀਤ ਨਿਕਲ ਚੁੱਕਾ ਸੀ।
ਏਡੀ ਕਿਹੜੀ ਮੀਟਿੰਗ ਹੋਵੇਗੀ? ਦੋ ਮਿੰਟਾਂ ‘ਚ ਦਫ਼ਤਰੋਂ ਬਾਹਰ।
ਰਾਣੋ ਨੇ ਕਾਲ ਚੈਕ ਕੀਤੀ ਤਾਂ ਉਹਦੀ ਮਾਂ ਚਰਨੋ ਦੀ ਮਿਸ ਕਾਲ ਸੀ। ਰਾਣੋ ਖੁਸ਼ ਹੋ ਗਈ ਕਿ ਮਾਂ ਨੇ ਅੱਜ ਰਿਸ਼ਤੇ ਲਈ ਬੁਲਾਇਆ ਹੋਵੇਗਾ। ਸੋਚਾਂ ਵਿਚ ਹੀ ਰਾਣੋ ਮੋਪਿਡ ਚੁੱਕ ਕੇ ਘਰ ਨੂੰ ਤੁਰ ਪਈ ਕਿ ਮਾਂ ਨੂੰ ਕਹਾਂਗੀ, ਮੈਨੂੰ ਸਭ ਪਤੈæææਮੈਥੋਂ ਕਿਉਂ ਲੁਕਾਉਂਦੇ ਫਿਰਦੇ ਹੋ।
ਮੋਪਿਡ ਘਰੋਂ ਦੂਰ ਹੀ ਖੜ੍ਹੀ ਕਰ ਦਿੱਤੀ। ਗੁਰਜੀਤ ਦਾ ਬੁਲਿਟ ਘਰ ਦੇ ਦਰਵਾਜ਼ੇ ਅੱਗੇ ਖੜ੍ਹਾ ਸੀ। ਬਿਨਾਂ ਖੜਾਕ ਕੀਤਿਆਂ ਜਦੋਂ ਰਾਣੋ ਚੁਬਾਰੇ ਦੀਆਂ ਪੌੜੀਆਂ ਚੜ੍ਹ ਕੇ ਉਪਰ ਗਈ। ਉਹਨੇ ਬਿੜਕ ਲਈ ਕਿ ਵੇਖਾਂ ਕੀ ਗੱਲਾਂ ਕਰਦੇ ਨੇ ਮੇਰੇ ਰਿਸ਼ਤੇ ਬਾਰੇ; ਪਰ ਅੰਦਰੋਂ ਆਵਾਜ਼ਾਂ ਇਤਰਾਜ਼ਯੋਗ ਆ ਰਹੀਆਂ ਸਨ। ਝੀਤ ਥਾਣੀਂ ਜਦੋਂ ਰਾਣੋ ਨੇ ਮਲਕੜੇ ਜਿਹੇ ਅੰਦਰ ਝਾਤੀ ਮਾਰੀ ਤਾਂ ਮਾਂ ਤੇ ਗੁਰਜੀਤ ਨੂੰ ਇਕ ਦੂਜੇ ਦੀਆਂ ਬਾਹਾਂ ਵਿਚ ਵੇਖ ਕੇ ਅੰਦਰ ਤੱਕ ਕੰਬ ਗਈ।
ਇਹ ਸੰਵਾਦ ਸੁਣ ਕੇ ਉਹ ਹੋਰ ਵੀ ਅੱਗ ਦੀ ਨਾਲ ਹੋ ਗਈ ਜਦੋਂ ਗੁਰਜੀਤ ਨੇ ਪੁੱਛਿਆ-‘ਰਾਣੋ ਦਾ ਕੀ ਬਣੇਗਾ?’
‘ਉਹਨੂੰ ਮੈਂ ਆਪੇ ਕਿਤੇ ਹੋਰ ਵਿਆਹ ਦਿਆਂਗੀ। ਬੱਸ ਤੂੰ ਮੇਰੇ ਸਾਹਾਂ ਦਾ ਸੁਦਾਗਰ ਹੁਣ ਬਣਿਆ ਰਹੀਂ।’
ਪਾਗਲ ਹੋਈ ਰਾਣੋ ਦਫ਼ਤਰ ਆ ਗਈ। ਸੋਚਦੀ ਰਹੀ, ਲੰਕਾ ਤਾਂ ਉਜੜ ਗਈ ਹੈ, ਹੁਣ ਕੀ ਕਰਾਂ? ਗੁਰਜੀਤ ਵੀ ਉਦੋਂ ਤੱਕ ਵਾਪਿਸ ਆ ਗਿਆ।
‘ਮੀਟਿੰਗ ਖ਼ਤਮ ਹੋ ਗਈ?’
‘ਬਹੁਤ ਜ਼ਰੂਰੀ ਸੀ ਮਾਰਕੀਟਿੰਗ ਬਾਰੇ।’
‘ਫੋਨ ਤੁਸੀਂ ਇਥੇ ਈ ਭੁੱਲ ਗਏ ਸੀ।’
‘ਬੱਸ ਕਾਹਲੀ ਵਿਚ।’ ਤੇ ਗੁਰਜੀਤ ਨੇ ਜਿਵੇਂ ਕੰਸ, ਯੁਧਿਸ਼ਟਰ ਬਣ ਰਿਹਾ ਹੋਵੇ, ਰਾਣੋ ਨੂੰ ਬਾਹਾਂ ਵਿਚ ਲਪੇਟਣ ਦੀ ਕੋਸ਼ਿਸ਼ ਕੀਤੀ।
‘ਤੇਰੇ ਅੰਦਰਲੇ ਕੋਹੜ ਬਾਰੇ ਮੈਂ ਜਾਣ ਗਈ ਹਾਂ।’ ਤੇ ਰਾਣੋ ਦਫ਼ਤਰੋਂ ਨਿਕਲ ਗਈ। ਸਿੱਧੀ ਉਹ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਈ। ਲੀੜੇ ਸੁਆਰਦੀ ਤੇ ਵਾਲ ਵਾਹੁੰਦੀ ਮਾਂ ਦੀਆਂ ਜ਼ੁਲਫਾਂ ਉਹਨੂੰ ਝਮੇਟਣੀਆਂ ਲੱਗੀਆਂ।
ਚੰਡੀ ਬਣੀ ਰਾਣੋ ਨੇ ਵਾਲਾਂ ਦਾ ਰੁੱਗ ਭਰ ਕੇ ਮਾਂ ਨੂੰ ਪੁੱਛਿਆ-‘ਬਾਪ ਦੀ ਅਣਖ ਰੋਲ’ਤੀ?’ ਤੇ ਪਟਾਕ ਦੇਣੀ ਸਿਰ ਕੰਧ ਵਿਚ ਮਾਰਿਆ। ਗੁੱਸਾ ਹੋਰ ਬੇਕਾਬੂ ਹੋ ਗਿਆ ਤੇ ਫੌਲਾਦੀ ਹੱਥ ਮਾਂ ਦੀਆਂ ਰਗਾਂ ਨੂੰ ਲਿਪਟ ਗਏæææਉਦੋਂ ਤੱਕ ਜਦੋਂ ਤੱਕ ਸਾਹ ਨਿਕਲ ਨਾ ਗਿਆ।
ਉਨ੍ਹੀਂ ਪੈਰੀਂ ਵਾਪਿਸ ਪਰਤੀ ਰਾਣੋ ਨੇ ਤਿੱਖਾ ਦਾਤ ਗੁਰਜੀਤ ਦੇ ਐਨ ਵਿਚਕਾਰ ਸਿਰ ‘ਚ ਟਿਕਾ’ਤਾ ਜਿੱਥੋਂ ਵਾਲਾਂ ਦਾ ਚੀਰ ਨਿਕਲਿਆ ਹੋਇਆ ਸੀ।
ਦਫ਼ਤਰ ‘ਚ ਹਫ਼ੜਾ-ਦਫੜੀ ਤੇ ਖੂਨੋ-ਖੂਨ ਸੀ।
ਵਪਾਰੀ ਨੇ ਇਸ਼ਕ ਦੀਆਂ ਦੋ ਮੰਡੀਆਂ ਵਿਚ ਇਕੋ ਵੇਲੇ ਬੋਲੀ ਦੇ ਕੇ ਸਭ ਕੁਝ ਲੁੱਟ ਲਿਆ ਸੀ।
ਲੋਹੜੇ ਦਾ ਹੁਸਨ ਜਦੋਂ ਸੀਖਾਂ ਪਿੱਛੇ ਧੁਆਂਖਿਆ ਲੋਕਾਂ ਨੇ ਵੇਖਿਆ, ਫਿਰ ਪਤਾ ਲੱਗਾ ਸੀ ਕਿ ਸਾਧ ਕੁੱਟਿਆ ਕਿਉਂ ਗਿਆ ਸੀ!
Leave a Reply