ਦਿੱਲੀ ਵਿਚ ਬਹੁ-ਮੰਜ਼ਿਲਾ ਫੈਕਟਰੀ ਨੂੰ ਅੱਗ ਲੱਗਣ ਕਾਰਨ 43 ਮੌਤਾਂ

ਨਵੀਂ ਦਿੱਲੀ: ਦਿੱਲੀ ਦੇ ਭੀੜ-ਭਾੜ ਵਾਲੇ ਅਨਾਜ ਮੰਡੀ ਇਲਾਕੇ ‘ਚ ਰਾਣੀ ਝਾਂਸੀ ਰੋਡ ਉਤੇ ਬਹੁ-ਮੰਜ਼ਿਲਾ ਇਮਾਰਤ ਵਿਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ 43 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਡੇਢ ਦਰਜਨ ਦੇ ਕਰੀਬ ਹੋਰ ਵਿਅਕਤੀ ਜਖਮੀ ਹੋ ਗਏ ਹਨ। ਜਖਮੀਆਂ ‘ਚ ਦਿੱਲੀ ਅੱਗ ਬੁਝਾਊ ਦਸਤੇ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ। ਕੌਮੀ ਰਾਜਧਾਨੀ ‘ਚ 1997 ਦੇ ਉਪਹਾਰ ਸਿਨਮਾ ਅਗਨੀ ਕਾਂਡ ਮਗਰੋਂ ਇਹ ਸਭ ਤੋਂ ਭਿਆਨਕ ਹਾਦਸਾ ਹੈ। ਉਸ ਸਮੇਂ ਸਿਨਮਾ ਘਰ ‘ਚ ਅੱਗ ਲੱਗਣ ਕਾਰਨ 59 ਵਿਅਕਤੀ ਮਾਰੇ ਗਏ ਸਨ।

ਉੱਤਰੀ ਦਿੱਲੀ ‘ਚ ਪੈਂਦੀ ਇਮਾਰਤ ਵਿਚ ਗੈਰਕਾਨੂੰਨੀ ਫੈਕਟਰੀਆਂ ਚੱਲ ਰਹੀਆਂ ਸਨ। ਦਿੱਲੀ ਪੁਲਿਸ ਨੇ ਇਮਾਰਤ ਦੇ ਮਾਲਕ ਰੇਹਾਨ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਤੇ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਮੌਤਾਂ ਅੱਗ ਦੇ ਧੂੰਏਂ ‘ਚ ਸਾਹ ਘੁੱਟਣ ਕਰਕੇ ਹੋਈਆਂ ਹਨ ਕਿਉਂਕਿ ਤੜਕੇ 5.22 ਵਜੇ ਅੱਗ ਲੱਗਣ ਵੇਲੇ ਉਥੇ ਮਜ਼ਦੂਰ ਗੂੜ੍ਹੀ ਨੀਂਦ ਸੁੱਤੇ ਪਏ ਸਨ। ਅਧਿਕਾਰੀਆਂ ਮੁਤਾਬਕ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ। ਦਿੱਲੀ ਫਾਇਰ ਸਰਵਿਸ ਨੂੰ ਜਦੋਂ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰਤ 30 ਗੱਡੀਆਂ ਮੌਕੇ ਉਤੇ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅਮਲੇ ਦੇ ਕਰੀਬ 150 ਜਵਾਨਾਂ ਨੇ ਇਮਾਰਤ ‘ਚੋਂ 63 ਵਿਅਕਤੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ 43 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਜਖਮੀ ਹੋ ਗਏ ਹਨ। ਇਮਾਰਤ ‘ਚ ਸੁੱਤੇ ਪਏ ਬਹੁਤੇ ਲੋਕ ਮਜ਼ਦੂਰ ਸਨ ਜੋ ਉਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਸਨ।
ਗਲੀਆਂ ਭੀੜੀਆਂ ਹੋਣ ਕਰਕੇ ਅੱਗ ਬੁਝਾਊ ਦਸਤੇ ਨੂੰ ਬਚਾਅ ਕਾਰਜਾਂ ‘ਚ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਨੂੰ ਖਿੜਕੀਆਂ ਦੀਆਂ ਗਰਿੱਲਾਂ ਕੱਟ ਕੇ ਅੰਦਰ ਜਾਣਾ ਪਿਆ। ਮੁਢਲੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਜਾਪਦੀ ਹੈ। ਪ੍ਰਭਾਵਿਤ ਇਮਾਰਤ ਦੀ ਹੇਠਲੀ ਮੰਜ਼ਿਲ ਉਤੇ ਪਲਾਸਟਿਕ ਦੇ ਖਿਡੌਣੇ ਬਣਦੇ ਸਨ। ਪਹਿਲੀ ਮੰਜ਼ਿਲ ‘ਤੇ ਕਾਰਡ ਬੋਰਡ ਦਾ ਕੰਮ ਹੁੰਦਾ ਹੈ, ਦੂਜੀ ਮੰਜ਼ਿਲ ਉਤੇ ਕੱਪੜੇ ਦੀ ਵਰਕਸ਼ਾਪ ਸੀ ਅਤੇ ਤੀਜੀ ਮੰਜ਼ਿਲ ਉਤੇ ਜੈਕਟਾਂ ਬਣਦੀਆਂ ਸਨ ਤੇ ਪ੍ਰਿੰਟਿੰਗ ਦਾ ਕੰੰਮ ਹੁੰਦਾ ਸੀ। ਅੱਗ ਤੀਜੀ ਮੰਜ਼ਿਲ ਨੂੰ ਲੱਗੀ ਜਿਸ ਨੇ ਦੂਜੀ ਮੰਜ਼ਿਲ ਨੂੰ ਵੀ ਨੁਕਸਾਨ ਪਹੁੰਚਾਇਆ। ਫੈਕਟਰੀ ‘ਚ 12 ਤੋਂ 15 ਮਸ਼ੀਨਾਂ ਸਨ ਅਤੇ ਦੋ ਮੰਜ਼ਿਲਾਂ ਉਤੇ ਪਿਆ ਸਾਰਾ ਸਾਮਾਨ ਸੜ ਗਿਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਥੀ ਮੰਤਰੀਆਂ ਇਮਰਾਨ ਹੁਸੈਨ ਅਤੇ ਸਤਿੰਦਰ ਜੈਨ ਨਾਲ ਅੱਗ ਵਾਲੀ ਥਾਂ ਦਾ ਦੌਰਾ ਕੀਤਾ। ਅਗਨੀ ਕਾਂਡ ਉਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ।
ਅੱਗ ਉਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ‘ਚ ਸ਼ਾਮਲ ਫਾਇਰਮੈਨ ਰਾਜੇਸ਼ ਸ਼ੁਕਲਾ ਨੇ ਬਹਾਦਰੀ ਦਾ ਨਮੂਨਾ ਪੇਸ਼ ਕੀਤਾ। ਭਾਂਬੜ ਬਣੀ ਇਮਾਰਤ ‘ਚ ਸਭ ਤੋਂ ਪਹਿਲਾਂ ਉਹ ਦਾਖਲ ਹੋਇਆ। ਫਾਇਰਮੈਨ ਰਾਜੇਸ਼ ਸ਼ੁਕਲਾ ਨੇ ਜ਼ਹਿਰੀਲੇ ਧੂੰਏਂ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜਾਨ ਉਤੇ ਖੇਡਦਿਆਂ 11 ਜਾਨਾਂ ਬਚਾਈਆਂ। ਬਚਾਅ ਕਾਰਜਾਂ ਦੌਰਾਨ ਉਸ ਦੀਆਂ ਲੱਤਾਂ ਉਤੇ ਸੱਟਾਂ ਲੱਗੀਆਂ ਹਨ ਅਤੇ ਉਹ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਵਿਚ ਜੇਰੇ ਇਲਾਜ ਹੈ। ਹੁਣ ਇਸ ‘ਅਸਲ ਨਾਇਕ’ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੇ ਹਸਪਤਾਲ ਵਿਚ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਬਹਾਦਰੀ ਦੇ ਸੋਹਲੇ ਗਾਏ। ਸੱਟਾਂ ਲੱਗਣ ਦੇ ਬਾਵਜੂਦ ਉਸ ਨੇ ਆਪਣੇ ਕੰਮ ਨੂੰ ਅੰਜਾਮ ਤੱਕ ਪਹੁੰਚਾਇਆ।
__________________________________________
ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਮੁਆਵਜ਼ਾ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਤੇ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਗੰਭੀਰ ਜਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਸੂਬੇ ਨਾਲ ਸਬੰਧਤ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ।