ਜਬਰ-ਜਨਾਹ ਅਤੇ ਸਮਾਜ ਦੀ ਚੁੱਪ

ਡਾ. ਕੁਲਦੀਪ ਕੌਰ
ਫੋਨ: +91-98554-04330
ਪਿਛਲੇ ਸਾਲ ਜਦੋਂ ਸੰਸਾਰ ਦੀ ਮੁੱਖ ਮੀਡੀਆ ਸੰਸਥਾ ‘ਥਾਮਸਨ ਰਾਇਟਰਜ਼’ ਨੇ ‘ਭਾਰਤ ਵਿਚ ਔਰਤਾਂ ਖਿਲਾਫ ਹਿੰਸਾ’ ਨਾਮੀ ਰਿਪੋਰਟ ਜਾਰੀ ਕਰਦਿਆਂ ਭਾਰਤ ਨੂੰ ਔਰਤਾਂ ਲਈ ਦੁਨੀਆ ਦਾ ਸਭ ਤੋਂ ਅਸੁਰੱਖਿਅਤ ਮੁਲਕ ਕਰਾਰ ਦਿੱਤਾ ਤਾਂ ਸਿਆਸੀ ਜਮਾਤ ਅਤੇ ਸਟੇਟ ਪੱਖੀ ਸੂਚਨਾ ਤੰਤਰ ਵਿਚ ਇਸ ਨੂੰ ‘ਮੁਲਕ ਦੀ ਬੇਇਜ਼ਤੀ’ ਕਰਾਰ ਦਿੰਦਿਆਂ ਰਿਪੋਰਟ ਰੱਦ ਕਰਨ ਦੀ ਦੌੜ ਲੱਗ ਗਈ। ਦਸੰਬਰ 2014 ਵਿਚ ਦਿੱਲੀ ਵਿਚ ਨਿਰਭਯਾ ਦੇ ਕਤਲ ਤੋਂ ਬਾਅਦ ਉਸ ਦੇ ਬਲਾਤਕਾਰੀਆਂ ਨਾਲ ਮੁਲਾਕਾਤਾਂ ‘ਤੇ ਆਧਾਰਿਤ ਅਤੇ ਨਿਆਂ ਪ੍ਰਬੰਧ ਦੀ ਗੈਰ-ਸੰਵੇਦਨਸ਼ੀਲ ਪ੍ਰੀਕਿਰਿਆ ‘ਤੇ ਸਵਾਲ ਖੜ੍ਹੀ ਕਰਦੀ ਦਸਤਾਵੇਜ਼ੀ ਫਿਲਮ ‘ਭਾਰਤ ਦੀਆਂ ਬੇਟੀਆਂ’ ਉਤੇ ਇਸ ਆਧਾਰ ‘ਤੇ ਪਾਬੰਦੀ ਲਾ ਦਿੱਤੀ ਗਈ ਕਿ ਇਹ ਫਿਲਮ ਬਲਾਤਕਾਰ ਦੀ ਮਾਨਸਿਕਤਾ ਨੂੰ ਬਣਾਉਣ ਅਤੇ ਬਚਾਉਣ ਨਾਲ ਜੁੜੀਆਂ ਰਵਾਇਤਾਂ ਦੀ ਇਖਲਾਕੀ ਗਿਰਾਵਟ, ਸਭਿਆਚਾਰ ਨੂੰ ਬੇਪਰਦ ਕਰਦਿਆਂ ਬਲਾਤਕਾਰੀ ਦੇ ਕਾਨੂੰਨੀ ਤੰਤਰ, ਪ੍ਰਸ਼ਾਸਕੀ ਢਾਂਚੇ, ਸਿਆਸਤੀ ਦਾਇਰਿਆਂ ਦੀ ਰਣਨੀਤੀ ਅਤੇ ਨਿਆਂ ਪ੍ਰਬੰਧ ਨਾਲ ਸਬੰਧਾਂ ਦੀ ਛਾਣ-ਬੀਣ ਕਰਦੀ ਹੈ।

ਬਸਤੀਵਾਦੀ ਪ੍ਰਬੰਧਾਂ ਤੋਂ ਆਜ਼ਾਦ ਹੋ ਚੁੱਕੇ ਅਤੇ ਵਿਕਸਤ ਮੁਲਕਾਂ ਵਿਚ ਜੇ ਵੋਟਾਂ ਦੀ ਸਿਆਸਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਤੱਥ ਅਜੀਬ ਲੱਗ ਸਕਦਾ ਹੈ ਕਿ ਜਦੋਂ ‘ਦੂਜਿਆਂ ਦੇ ਸਰੀਰਾਂ’ ਅਤੇ ‘ਉਨ੍ਹਾਂ ਦੇ ਕਿਆਸਾਂ’ ਨਾਲ ਨਜਿੱਠਣ ਦੇ ਮਸਲੇ ਦੀ ਗੱਲ ਆਉਂਦੀ ਹੈ ਤਾਂ ਸਰੀਰਾਂ ਨੂੰ ਜਲਾ ਦੇਣ, ਮਾਰ ਦੇਣ, ਨਸ਼ਟ ਕਰ ਦੇਣ, ਅਪੰਗ ਕਰ ਦੇਣ ਜਾਂ ਤਬਾਹ ਕਰ ਦੇਣ ਦੀ ਸੱਤਾ ਹਮੇਸ਼ਾਂ ਜਮਹੂਰੀਅਤ ਦੇ ਫਲਸਫੇ ਅਤੇ ਸਮਾਜਿਕ ਬਰਾਬਰੀ ਦੇ ਪੈਮਾਨਿਆਂ ‘ਤੇ ਭਾਰੂ ਪੈਂਦੀ ਹੈ।
ਔਰਤਾਂ ਨਾਲ ਬਲਾਤਕਾਰ ਦਾ ਮੁੱਦਾ ਉਪਰੀ ਸਤਹਿ ‘ਤੇ ਦੇਖਿਆਂ ਅਚਾਨਕ ਵਾਪਰੀ ਘਟਨਾ ਅਤੇ ਬਹੁਤ ਹਾਲਤਾਂ ਵਿਚ ‘ਮੰਦਭਾਗੀ’ ਅਣਹੋਈ ਵਜੋਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤੀਆਂ ਹਾਲਤਾਂ ਵਿਚ ਕਾਨੂੰਨੀ ਪ੍ਰਕਿਰਿਆ ਦੀ ਖਾਨਾਪੂਰਤੀ ਰਾਹੀਂ ਇਨਸਾਫ ਹੋ ਗਿਆ ਮਨ ਲਿਆ ਜਾਂਦਾ ਹੈ। ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਬਲਾਤਕਾਰ ਦਾ ਜੁਰਮ ਕਤਲ ਕਰਨ, ਲੁੱਟਣ, ਤਸੀਹੇ ਦੇਣ ਜਾਂ ਅਪੰਗ ਕਰ ਦੇਣ ਦੇ ਜੁਰਮ ਨਾਲੋਂ ਬਹੁਤ ਵੱਖਰਾ ਹੈ। ਇਸ ਵਿਚ ਬਲਾਤਕਾਰੀ ਦੇ ਸਮਾਜੀਕਰਨ ਦੀ ਪ੍ਰਕਿਰਿਆ ਰਾਹੀਂ ਔਰਤਾਂ/ਬੱਚਿਆਂ ਜਾਂ ਮਰਦਾਂ ਪ੍ਰਤੀ ‘ਦੁਜੈਲੇਪਣ ਦੀ ਸਥਿਤੀ’ ਦੀ ਸੰਰਚਨਾ ਕੀਤੀ ਜਾਂਦੀ ਹੈ। ਇਥੇ ਬਲਾਤਕਾਰ ਨਾਲ ਮਿਲਦੀ ਜੁਲਦੀ ਹਿੰਸਾ ‘ਨਸਲਘਾਤ’ ਦਾ ਉਦਾਹਰਨ ਦੇਣਾ ਕੁਥਾਂ ਨਹੀਂ ਹੋਵੇਗਾ। ਟੋਨੀ ਮੋਰੀਸਨ ਚਿੱਟੇ ਰੰਗ ਦੇ ਆਧਾਰ ‘ਤੇ ਕਾਲਿਆਂ ਦੇ ਨਸਲਘਾਤ ਕਰਨ ਦੀ ਮਾਨਸਿਕਤਾ ਵਾਲੀ ਧਿਰ ਨੂੰ ਸਵਾਲ ਪੁੱਛਦਿਆਂ ਲਿਖਦੀ ਹੈ- ‘ਜੇ ਤੁਹਾਡੇ ਵਿਚੋਂ ਤੁਹਾਡੀ ਨਸਲ ਮਨਫੀ ਕੀਤੀ ਜਾਵੇ ਤਾਂ ਤੁਸੀਂ ਕੀ ਰਹਿ ਜਾਵੋਗੇ?’ ਇਸ ਤੋਂ ਅਗਲੀ ਦਲੀਲ ਦਿੰਦਿਆਂ ਉਹ ਆਖਦੀ ਹੈ ਕਿ ਨਸਲਵਾਦ ਖਤਮ ਹੋ ਜਾਵੇਗਾ, ਜਦੋਂ ਇਸ ਦਾ ਕੋਈ ‘ਉਪਜਾਊ’ ਮੁੱਲ ਨਹੀਂ ਰਹਿ ਜਾਵੇਗਾ, ਜਦੋਂ ਇਹ ਜਾਬਰ ਨੂੰ ਮਾਨਸਿਕ ਮਜ਼ਬੂਤੀ ਦੇਣੀ ਬੰਦ ਕਰ ਦੇਵੇਗਾ।
ਇਸ ਦਾ ਦੂਜਾ ਅਰਥ ਇਹ ਵੀ ਹੈ ਕਿ ਜੇ ਹੁਣ ਤਕ ਨਾਰੀਵਾਦੀ ਬਿਰਤਾਂਤ ਇਸ ਬਿੰਦੂ ‘ਤੇ ਕੇਂਦਰਿਤ ਰਿਹਾ ਹੈ (ਔਰਤ ਹੁੰਦੀ ਨਹੀਂ, ਸਮਾਜਿਕ ਪ੍ਰਕਿਰਿਆ ਰਾਹੀਂ ਬਣਾਈ ਜਾਂਦੀ ਹੈ- ਸੀਮੋਨ ਦਿ ਬੋਆਵਰ) ਤਾਂ ਇਸ ਨੁਕਤੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਮਰਦਾਨਗੀ ਅਤੇ ਉਸ ਨੂੰ ਔਰਤ ਸਰੀਰ ਉਪਰ ਪਰਖਣ ਦੀ ਬੇਲਗਾਮ ਹਿੰਸਾ ਵੀ ਤਾਂ ਪੀੜ੍ਹੀ ਦਰ ਪੀੜ੍ਹੀ ਸਭਿਆਚਾਰ, ਧਾਰਮਿਕ, ਸਮਾਜਿਕ, ਆਰਥਿਕ ਅਤੇ ਸਿਆਸਤ ਰਾਹੀਂ ਘੜੀ ਜਾਂਦੀ ਹੈ।
ਮਰਦ ਦੇ ਤੌਰ ‘ਤੇ ਕੁਦਰਤੀ ਅਤੇ ਸਮਾਜਿਕ ਵਸੀਲਿਆਂ ‘ਤੇ ਬਿਨਾ ਕੋਈ ਤਰੱਦਦ ਕੀਤਿਆਂ ਕਬਜ਼ਾ ਹੋਣ ਦੀ ਸਹੂਲਤ ਅਤੇ ਮੁਲਕ ਦੀ ਜ਼ਮੀਨ, ਘਰਾਂ, ਖੇਤਾਂ, ਕਾਰਖਾਨਿਆਂ, ਫੈਕਟਰੀਆਂ, ਸੜਕਾਂ, ਥਾਣਿਆਂ, ਦਫਤਰਾਂ, ਸਮਾਜਿਕ ਇਕੱਠ ਦੀਆਂ ਥਾਵਾਂ ‘ਤੇ ਬਿਨਾ ਪਰਖੇ, ਬਿਨਾ ਰੋਕ-ਟੋਕ, ਬਿਨਾ ਕਿਸੇ ਖਾਸ ਤਰੱਦਦ ਦੇ ਮਨਮਰਜ਼ੀ ਨਾਲ ਉਠਣ, ਬੈਠਣ, ਖਾਣ, ਨਹਾਉਣ, ਘੁੰਮਣ ਅਤੇ ਜੁਰਮਾਂ ਨੂੰ ਅੰਜਾਮ ਦੇਣ ਦੇ ਹਾਲਾਤ ਘੜਨ ਵਾਲੀਆਂ ਸਥਿਤੀਆਂ ਦਾ ਮੁਲੰਕਣ ਕਰੋ? ਜੇ ਫਿਰ ਵੀ ਸਥਿਤੀ ਨੂੰ ਸਮਝਣ ਵਿਚ ਦਿੱਕਤ ਆਵੇ ਤਾਂ ਕਿਸੇ ਵੀ ਸ਼ਹਿਰ ਦੀ ਕਿਸੇ ਵੀ ਸੜਕ ‘ਤੇ 10-12 ਦੁਕਾਨਾਂ ਵਿਚਕਾਰ ਤੁਰੀ ਜਾ ਰਹੀ ਕਿਸੇ ਵੀ ਉਮਰ, ਨਸਲ, ਧਰਮ, ਜਾਤ, ਤਬਕੇ ਤੇ ਜਮਾਤ ਦੀ ਔਰਤ ਨੂੰ ਪੰਜ ਮਿੰਟ ਰੋਕ ਕੇ ਉਸ ‘ਤੇ ਹੁਣੇ-ਹੁਣੇ ਕੱਸੀਆਂ ਫੱਬਤੀਆਂ ਬਾਰੇ ਚਰਚਾ ਕਰੋ। ਗਾਲ੍ਹਾਂ ਤੋਂ ਲੈ ਕੇ ਉਸ ਦੇ ਸਰੀਰ ਦੇ ਅੰਗਾਂ ਬਾਰੇ ਕੀਤੇ ਮਜ਼ਾਕ, ਕੱਸੇ ਫਿਕਰੇ ਅਤੇ ਹਾਸੇ ਨੂੰ ਕਾਨੂੰਨ ਦੀ ਕਿਸ ਧਾਰਾ ਦੇ ਅੰਤਰਗਤ ਸਜ਼ਾ ਦੇ ਦਾਇਰੇ ਵਿਚ ਲਿਆਇਆ ਜਾਵੇ?
ਇਨ੍ਹਾਂ ਮਰਦਾਂ ਦੇ ਪਿੱਛੇ ਕਿਹੜੀ ਦੈਵਿਕ, ਵੈਦਿਕ ਜਾਂ ਰੂਹਾਨੀ ਸ਼ਕਤੀ ਕੰਮ ਕਰ ਰਹੀ ਹੈ? ਮਰਦਾਨਗੀ ਦੀ ਇਹ ਸੱਤਾ ਦੁਨੀਆ ਦੀਆਂ ਸਾਰੀਆਂ ਸਭਾਵਾਂ ਤੋਂ ਇੰਨੀ ਤਾਕਤਵਰ ਹੈ ਕਿ ਔਰਤਾਂ ਦਾ ਆਪਣਾ ਵੱਡਾ ਹਿੱਸਾ ਖੁਦ ਨੂੰ ਇਨ੍ਹਾਂ ਦੇ ਨਜ਼ਰੀਏ ਤੋਂ ਪਰਖਣ ਲਈ ਮਜਬੂਰ ਹੈ। ਭਾਰਤੀ ਔਰਤਾਂ ਵਿਚ ਕੁਪੋਸ਼ਣ ਅਤੇ ਅਨੀਮੀਆ (ਖੂਨ ਦੀ ਘਾਟ) ਮੁੱਖ ਮੁੱਦੇ ਹਨ, ਇਸ ਦੇ ਬਾਵਜੂਦ ਸੰਸਾਰ ਦੀ ਸਭ ਤੋਂ ਵੱਧ ਵਿਕਣ ਵਾਲੀ ਗੋਰੇਪਣ ਦੀ ਕਰੀਮ ਅਤੇ ਸੁਰਖੀ-ਬਿੰਦੀ ਦਾ ਇਸ ਸਮੇਂ ਭਾਰਤ ਸਭ ਤੋਂ ਵੱਡਾ ਬਾਜ਼ਾਰ ਹੈ। ਭਾਰਤੀ ਔਰਤ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਕੀ ਦੇਵੋਗੇ? ਜੇ ਉਹ ‘ਦੇਵੀ’, ‘ਸੀਤਾ’ ਅਤੇ ‘ਪਵਿਤਰ’ ਹੈ ਤਾਂ ਫਿਰ ਉਸ ਨਾਲ ਹੁੰਦਾ ਜ਼ੁਲਮ ਧਾਰਮਿਕ ਕਿਤਾਬਾਂ ਅਤੇ ਧਾਰਮਿਕ ਮੱਠਾਂ ‘ਤੇ ਸਵਾਲ ਕਿਉਂ ਨਹੀਂ ਖੜ੍ਹੇ ਕਰਦਾ? ਜੇ ਉਹ ‘ਜੱਗ-ਜਨਨੀ’ ਅਤੇ ‘ਇਜ਼ਤ’ ਹੈ ਤਾਂ ਕਵਿਤਾਵਾਂ, ਫਿਲਮਾਂ, ਕਲਾਵਾਂ, ਨਾਚ-ਗਾਣਿਆਂ ਅਤੇ ਸਭਿਆਚਾਰਕ ਰਹੁ-ਰੀਤਾਂ ਵਿਚ ਉਸ ਦਾ ਸਿਰਫ ‘ਸਰੀਰ’ ਹੀ ਕਿਉਂ ਚਿਤਰਿਆ, ਸਿਰਜਿਆ ਅਤੇ ਪ੍ਰਚਾਰਿਆ ਜਾਂਦਾ ਹੈ? ਉਸ ਦੀ ਬੌਧਿਕਤਾ, ਸੰਵੇਦਨਸ਼ੀਲਤਾ, ਇਨਸਾਨੀ ਜਜ਼ਬੇ ਅਤੇ ਸੁਤੰਤਰ ਮਨੁੱਖ ਵਜੋਂ ਪੈਦਾ ਹੋ ਕੇ ਜ਼ਿੰਦਗੀ ਦੇ ਮਰਹਲੇ ਸਰ ਕਰਨ ਦੀ ‘ਆਜ਼ਾਦੀ’ ਕਿਥੇ ਹੈ? ਬਹੁਤੇ ਭਾਰਤੀ ਘਰਾਂ ਵਿਚ ਤਾਂ ਅਜੇ ਤਕ ਉਸ ਦੀ ਥਾਲੀ ਵਿਚ ਪਈ ਰੋਟੀ ਤਕ ਮਰਦਾਂ ਨਾਲੋਂ ਅੱਧੀ ਹੈ।
ਸਮਾਜਿਕ ਤੌਰ ‘ਤੇ ਉਸ ਦਾ ‘ਮਾਂ’ ਵਾਲਾ ਰੂਪ ਹੀ ਕਿਉਂ ਸਵੀਕਾਰਿਆ ਗਿਆ? ਉਸ ਦੇ ਮਨੁੱਖ ਰੂਪੀ ਵਜੂਦ ਨਾਲ ਸਮਾਜ ਨੂੰ ਕੀ ਔਖ ਹੈ? ਇਨ੍ਹਾਂ ਸਾਰੇ ਸਵਾਲਾਂ ਨੂੰ ਸਮਝਣ ਜਾਂ ਲਾਗੂ ਕਰਨ ਵਾਲਾ ਪ੍ਰਬੰਧ ਕਿਥੇ ਨਦਾਰਦ ਹੈ? ਦੂਜੇ ਪਾਸੇ ਕੀ ਮਰਦਾਂ ਨੇ ਸਭਿਅਤਾ ਅਤੇ ਸਭਿਆਚਾਰਕ ਮਰਿਆਦਾ ਦੇ ਰੂਪ ਵਿਚ ਆਪਣੇ ਬਣਾਏ ਮੱਠਾਂ, ਢਾਂਚਿਆਂ ਅਤੇ ਤ੍ਰਾਸਦੀਆਂ ਨੂੰ ਗਹੁ ਨਾਲ ਤੱਕਿਆ ਹੈ? ਜੇ ਮਰਦਾਨਗੀ ਸਾਬਤ ਕਰਨ ਲਈ ਨਿਹੱਥੀ ਅਤੇ ਬੇਵਸ ਔਰਤ ਦਾ ‘ਸ਼ਿਕਾਰ’ ਕਰਨ ਵਰਗੇ ‘ਨਰਕ’ ਤੁਹਾਨੂੰ ਸੰਤੁਸ਼ਟ ਕਰ ਰਹੇ ਹਨ ਤਾਂ ਤੁਸੀਂ ਤਾਂ ਖੁਦ ਹੀ ਤਰਸਯੋਗ ਅਤੇ ਮਾੜੀ ਨੈਤਿਕ ਸਥਿਤੀ ਵਿਚ ਹੋ?
ਜੇ ਪੂੰਜੀ ਦੀ ਸੱਤਾ ਵਿਚ ਪਲਣ ਦੇ ਸਭਿਆਚਾਰ ਨੇ ਤੁਹਾਡੀ ਮਨੁੱਖਤਾ ਅਤੇ ਸੰਵੇਦਨਸ਼ੀਲਤਾ ਨੂੰ ਹੀ ਸਾਣ ‘ਤੇ ਲਾ ਛੱਡਿਆ ਹੈ ਤਾਂ ਇਸ ਦਾ ਅਰਥ ਤੁਸੀਂ ਸੱਤਾ ਅਤੇ ਇਸ ਨਾਲ ਜੁੜੇ ਢਾਂਚਿਆਂ ਨੂੰ ਸਿਰਜਣ ਅਤੇ ਚਲਾਉਣ ਦੀ ਨੈਤਿਕ ਅਤੇ ਬੌਧਿਕ ਸਮਰੱਥਾ ਖੋ ਚੁੱਕੇ ਹੋ? ਇਸ ਤੋਂ ਬਿਨਾ ਫਿਰ ਇਨ੍ਹਾਂ ਧਾਰਮਿਕ, ਸਿਆਸੀ ਅਤੇ ਸਮਾਜਿਕ ਜੁਗਾੜਾਂ, ਪੇਸ਼ਬੰਦੀਆਂ ਅਤੇ ਸਿਸਟਮਾਂ ਦਾ ਅਰਥ ਹੀ ਕੀ ਰਹਿ ਜਾਂਦਾ ਹੈ ਜੇ ਤੁਹਾਡੀ ਅੱਧੀ ਆਬਾਦੀ ਨਿਆਂ ਅਤੇ ਅਣਖ ਨਾਲ ਜੀਣ ਦੀ ਮੁੱਢਲੀ ਮਨੁੱਖੀ ਸ਼ਰਤ ਨੂੰ ਹੀ ਗਵਾ ਬੈਠੀ ਹੋਵੇ? ਔਰਤਾਂ ਨਾਲ ਹੁੰਦੇ ਬਲਾਤਕਾਰਾਂ ਤੋਂ ਵੱਡੇ ਤਸੀਹਾ-ਘਰ ਦੇਖਣੇ ਹੋਣ ਤਾਂ ਸਕੂਟਰ, ਫਰਿੱਜ ਜਾਂ ਟੀ.ਵੀ. ਪਿੱਛੇ ਜਲਾਈਆਂ ਕੁੜੀਆਂ ਦੀਆਂ ਮਾਵਾਂ ਨੂੰ ਪੁੱਛੋ? ਉਨ੍ਹਾਂ ਘਰਾਂ ਵਿਚ ਝਾਤੀ ਮਾਰੋ ਜਿਥੇ ਤੁਹਾਡੀਆਂ ਧੀਆਂ, ਪਤਨੀਆਂ ਅਤੇ ਨੂੰਹਾਂ ਦਿਨ-ਰਾਤ ਛੇੜਖਾਨੀ, ਬਲਾਤਕਾਰ ਅਤੇ ਜ਼ਲਾਲਤ ਦੀ ਕਰੂਰਤਾ ਦੀ ਦਹਿਸ਼ਤ ਵਿਚ ਦਿਨ ਕਟੀ ਕਰ ਰਹੀਆਂ ਹਨ?
ਜੇ ਤੁਸੀਂ ਡਾਕਟਰ ਹੋ ਤਾਂ ਆਪਣੀਆਂ ਔਰਤ ਮਰੀਜ਼ਾਂ ਦੇ ਸਰੀਰਾਂ ਦੇ ਵੱਢ-ਟੁੱਕ ਦੇ ਨਿਸ਼ਾਨਾਂ ਨੂੰ ਪੜ੍ਹੋ। ਅਧਿਆਪਕ ਹੋ ਤਾਂ ਕਲਾਸਾਂ ਵਿਚ ਲਿੰਗ ਸਮਾਨਤਾ ਦੇ ਚੈਪਟਰ ਪੜ੍ਹ ਰਹੀਆਂ ਕੁੜੀਆਂ ਦੀਆਂ ਅੱਖਾਂ ਨੂੰ ਧਿਆਨ ਨਾਲ ਦੇਖੋ। ਨੇਤਾ ਹੋ ਤਾਂ ਸਟੇਜ ਤੋਂ ਹੇਠਾਂ ਆ ਕੇ ਦੇਖੋ ਕਿ ਧਰਨਿਆਂ, ਰੈਲੀਆਂ ਅਤੇ ਨਾਅਰਿਆਂ ਤੋਂ ਪਰੇ ਔਰਤਾਂ ਨਾਲ ਕੀ ਹੋ ਰਿਹਾ ਹੈ? ਲੇਖਕ ਹੋ ਤਾਂ ਔਰਤਾਂ ਬਾਰੇ ਲਿਖਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਣਨਾ ਨਾ ਭੁੱਲੋ। ਮਹਿਸੂਸ ਕਰਨ ਦੀ ਸਮਰੱਥਾ ਬਚੀ ਹੋਈ ਹੋਵੇ ਤਾਂ ਉਨ੍ਹਾਂ ਦੀ ‘ਚੁੱਪ’ ਨੂੰ ਸੁਣੋ। ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਹੁਤ ਜਲਦੀ ਔਰਤਾਂ ਖਿਲਾਫ ਹੁੰਦੀ ਹਿੰਸਾ ਮਨੁੱਖੀ ਨਸਲ ਦੀ ‘ਜ਼ਰੂਰਤ’ ਉਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦੇਵੇ।