ਮਨਮੋਹਨ ਸਿੰਘ ਦਾ ਖੋਖਲਾ ਖੁਲਾਸਾ ਅਤੇ ਦੰਗਾਕਾਰੀ ਦਾ ਕਿੱਸਾ

-ਜਤਿੰਦਰ ਪਨੂੰ
ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਵਿਚੋਂ ਮੰਨ ਲੈਂਦਾ ਹਾਂ, ਜੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਇੱਜਤ ਕਰਦੇ ਸਨ ਅਤੇ ਕਰਦੇ ਵੀ ਰਹਿਣਾ ਚਾਹੁੰਦੇ ਹਨ। ਫਿਰ ਵੀ ਇਸ ਹਫਤੇ ਉਨ੍ਹਾਂ ਨੇ ਜਿੱਦਾਂ ਇੱਕ ਖੁਲਾਸਾ ਕਰਨ ਦਾ ਯਤਨ ਕੀਤਾ ਹੈ, ਉਸ ਨਾਲ ਮੇਰੀ ਰਾਏ ਵਿਚ ਉਨ੍ਹਾਂ ਦਾ ਪ੍ਰਭਾਵ ਚੰਗਾ ਨਹੀਂ ਬਣਿਆ। ਉਹ ਇੱਕ ਸਮਾਗਮ ਵਿਚ ਬੋਲ ਰਹੇ ਸਨ, ਜੋ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਯਾਦ ਵਿਚ ਕੀਤਾ ਗਿਆ ਸੀ ਤੇ ਦੋਹਾਂ ਦੀ ਨੇੜਤਾ ਵੀ ਸਭ ਨੂੰ ਪਤਾ ਸੀ। ਡਾ. ਮਨਮੋਹਨ ਸਿੰਘ ਨੇ ਉਥੇ ਇਹ ਗੱਲ ਯਾਦ ਵੀ ਕਰਾਈ ਕਿ ‘ਗੁਜਰਾਲ ਜੀ ਅਤੇ ਮੈਂ ਦੋਵੇਂ ਪਾਕਿਸਤਾਨੀ ਖੇਤਰ ਤੋਂ ਆਏ ਸ਼ਰਨਾਰਥੀ ਸਾਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਾਂ।’

ਇਹ ਗੱਲ ਕਹਿਣ ਵੇਲੇ ਉਨ੍ਹਾਂ ਨੇ ਇਹ ਮੁੱਦਾ ਉਛਾਲ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਵਿਚ ਹੋਏ ਕਤਲੇਆਮ ਵੇਲੇ ਇੰਦਰ ਕੁਮਾਰ ਗੁਜਰਾਲ ਨੇ ਉਦੋਂ ਗ੍ਰਹਿ ਮੰਤਰੀ ਪੀ. ਵੀ. ਨਰਸਿਮਹਾ ਰਾਓ ਨੂੰ ਸਲਾਹ ਦਿੱਤੀ ਸੀ ਕਿ ਫੌਜ ਸੱਦ ਲਈ ਜਾਵੇ, ਪਰ ਰਾਓ ਨੇ ਇਹ ਸਲਾਹ ਨਹੀਂ ਸੀ ਮੰਨੀ। ਗੁਜਰਾਲ ਅਤੇ ਨਰਸਿਮਹਾ ਰਾਓ-ਦੋਵੇਂ ਇਸ ਵੇਲੇ ਦੁਨੀਆਂ ਵਿਚ ਨਹੀਂ ਤੇ ਉਦੋਂ ਬਾਰੇ ਕਹੀ ਇਸ ਗੱਲ ਦੀ ਤਸਦੀਕ ਕਰਨ ਵਾਲਾ ਵੀ ਕੋਈ ਨਹੀਂ ਲੱਭਣਾ, ਪਰ ਖੁਦ ਡਾ. ਮਨਮੋਹਨ ਸਿੰਘ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਦੋਂ ਕਮਾਂਡ ਨਰਸਿਮਹਾ ਰਾਓ ਦੇ ਹੱਥ ਹੈ ਹੀ ਨਹੀਂ ਸੀ। ਫਿਰ ਇਹ ਮੁੱਦਾ ਚੁੱਕ ਕੇ ਉਹ ਦੱਸਣਾ ਕੀ ਚਾਹੁੰਦੇ ਹਨ? ਇਸ ਦੀ ਕਿਸੇ ਨੂੰ ਵੀ ਸਮਝ ਨਹੀਂ ਪਈ ਅਤੇ ਹਰ ਕੋਈ ਵੱਖੋ-ਵੱਖ ਅਰਥ ਕੱਢ ਰਿਹਾ ਹੈ।
ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਰਾਜੀਵ ਗਾਂਧੀ ਉਦੋਂ ਪੱਛਮੀ ਬੰਗਾਲ ਵਿਚ ਸੀ ਤੇ ਇਹ ਖਬਰ ਸੁਣਨ ਪਿਛੋਂ ਦਿੱਲੀ ਆਉਣ ਵੇਲੇ ਉਹ ਤੇ ਪ੍ਰਣਬ ਮੁਕਰਜੀ ਇੱਕੋ ਜਹਾਜ ਵਿਚ ਸਨ। ਸੋਗੀ ਮੌਕਾ ਹੁੰਦਿਆਂ ਵੀ ਦੋਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸਾਰੇ ਸਫਰ ਦੌਰਾਨ ਇੱਕ ਦੂਜੇ ਨਾਲ ਨਜ਼ਰ ਸਾਂਝੀ ਨਹੀਂ ਸੀ ਕੀਤੀ। ਕਾਰਨ ਇਹ ਸੀ ਕਿ ਦੋਹਾਂ ਦਾ ਧਿਆਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਦਵੀ ਵੱਲ ਸੀ। ਪ੍ਰਣਬ ਮੁਕਰਜੀ ਉਦੋਂ ਦੇ ਸਾਰੇ ਮੰਤਰੀਆਂ ਵਿਚੋਂ ਸੀਨੀਅਰ ਮੰਨਿਆ ਜਾਂਦਾ ਹੋਣ ਕਾਰਨ ਪੱਕਾ ਨਾ ਸਹੀ, ਕਾਰਜਕਾਰੀ ਪ੍ਰਧਾਨ ਮੰਤਰੀ ਬਣਨਾ ਆਪਣਾ ਹੱਕ ਸਮਝਦਾ ਹੋਵੇਗਾ। ਰਾਜੀਵ ਗਾਂਧੀ ਦੇ ਮਨ ਵਿਚ ਕੁਝ ਹੋਰ ਸੀ। ਦੋਹਾਂ ਦੇ ਦਿੱਲੀ ਆਉਂਦੇ ਸਾਰ ਸਿਆਸੀ ਖੇਤਰ ਵਿਚਲੇ ਧੁਰੰਤਰ ਸਰਗਰਮ ਹੋਏ ਤੇ ਪਲਾਂ ਵਿਚ ਹੀ ਪ੍ਰਣਬ ਮੁਕਰਜੀ ਨੂੰ ਲਾਂਭੇ ਰੱਖ ਕੇ ਕੀਤੀਆਂ ਮੀਟਿੰਗਾਂ ਪਿਛੋਂ ਕੁਝ ਲੋਕਾਂ ਨੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਜਾ ਕੇ ਕਹਿ ਦਿੱਤਾ ਕਿ ਰਾਜੀਵ ਨੂੰ ਪ੍ਰਧਾਨ ਮੰਤਰੀ ਬਣਾ ਦਿਓ। ਅੱਗੋਂ ਉਸ ਨੇ ਜਦੋਂ ਰਾਸ਼ਟਰਪਤੀ ਬਣਨ ਵੇਲੇ ਹੀ ਨਹਿਰੂ-ਗਾਂਧੀ ਪਰਿਵਾਰ ਦੀ ਨਿੱਜੀ ਵਫਾਦਾਰੀ ਦਾ ਐਲਾਨ ਕਰ ਰੱਖਿਆ ਸੀ ਤਾਂ ਨਾਂਹ ਕਰਨ ਦੀ ਹਿੰਮਤ ਨਹੀਂ ਸੀ ਪੈਣੀ ਤੇ ਉਸ ਨੇ ਰਾਜੀਵ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ।
ਨਰਸਿਮਹਾ ਰਾਓ ਗ੍ਰਹਿ ਮੰਤਰੀ ਦੇ ਅਹੁਦੇ ‘ਤੇ ਬੇਸੱ.ਕ ਸੀ, ਅਸਲ ਵਿਚ ਗ੍ਰਹਿ ਮੰਤਰੀ ਦੇ ਸੰਭਾਲਣ ਵਾਲੇ ਅਮਨ-ਕਾਨੂੰਨ ਦੀ ਕਮਾਂਡ ਰਾਜੀਵ ਗਾਂਧੀ ਦੇ ਖਾਨਦਾਨੀ ਰਿਸ਼ਤੇਦਾਰ ਅਰੁਣ ਨਹਿਰੂ ਦੇ ਹੱਥ ਸੀ ਅਤੇ ਅਰੁਣ ਨਹਿਰੂ ਦਿੱਲੀ ਵਿਚ ਉਹੋ ਕੁਝ ਹੁੰਦਾ ਵੇਖਣਾ ਚਾਹੁੰਦਾ ਸੀ, ਜਿਸ ਬਾਰੇ ਅੱਜ ਤੱਕ ਗੱਲਾਂ ਹੁੰਦੀਆਂ ਹਨ ਤੇ ਜਿਸ ਦਾ ਜ਼ਿਕਰ ਕਰ ਕੇ ਡਾ. ਮਨਮੋਹਨ ਸਿੰਘ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪੁਆੜੇ ਪਾ ਚੁਕਣ ਪਿੱਛੋਂ ਇਹੀ ਅਰੁਣ ਨਹਿਰੂ ਆਪਣੇ ਬਚਾਅ ਖਾਤਰ ਇੱਕ ਸਮੇਂ ਰਾਜੀਵ ਗਾਂਧੀ ਨੂੰ ਛੱਡ ਕੇ ਉਸ ਦੇ ਵਿਰੋਧੀਆਂ ਦੇ ਨਾਲ ਵੀ ਜਾ ਜੁੜਿਆ ਸੀ ਤੇ ਦਿੱਲੀ ਕਤਲੇਆਮ ਦੀ ਪੜਤਾਲ ਦੇ ਲਗਭਗ ਸਾਰੇ ਚੱਕਰਾਂ ਦੌਰਾਨ ਇਸ ਦਾ ਨਾਂ ਇੱਕ ਜਾਂ ਦੂਜੇ ਰੂਪ ਵਿਚ ਲੋਕਾਂ ਵੱਲੋਂ ਵੀ ਲਿਆ ਗਿਆ ਸੀ ਤੇ ਜਾਂਚ ਰਿਪੋਰਟਾਂ ਦਾ ਹਿੱਸਾ ਵੀ ਬਣਦਾ ਰਿਹਾ ਸੀ।
ਏਡੇ ਵੱਡੇ ਪੱਧਰ ਦੇ ਕਤਲੇਆਮ, ਜਿਸ ਦੌਰਾਨ ਸਿਰਫ ਤਿੰਨ ਦਿਨਾਂ ਵਿਚ ਤਿੰਨ ਹਜ਼ਾਰ ਤੋਂ ਵੱਧ ਬੇਦੋਸ਼ੇ ਲੋਕ ਮਾਰ ਦਿੱਤੇ ਗਏ ਸਨ, ਮਾਰੇ ਵੀ ਬੁਰੀ ਤਰ੍ਹਾਂ ਜਿੰਦਾ ਸਾੜ ਕੇ ਜਾਂ ਹੋਰ ਤਰੀਕਿਆਂ ਨਾਲ ਤੜਫਾ ਕੇ ਸਨ, ਦੇ ਕੇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਦਾ ਮੁਢਲਾ ਵਿਹਾਰ ਸਿਰੇ ਦਾ ਨਿੰਦਾਜਨਕ ਸੀ। ਉਸ ਨੇ ਕਤਲੇਆਮ ਰੋਕਣ ਦੀ ਕੋਈ ਕੋਸ਼ਿਸ਼ ਕਰਨ ਜਾਂ ਇਸ ਉਤੇ ਅਫਸੋਸ ਜਾਹਰ ਕਰਨ ਦੀ ਥਾਂ ਇਹ ਕਹਿ ਛੱਡਿਆ ਸੀ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿੱਲਤੀ ਹੀ ਹੈ।’ ਇਹ ਇਸ ਖੂਨੀ ਕਾਂਡ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਸੀ। ਇਸ ਵਹਿਸ਼ੀਪੁਣੇ ਅੱਗੇ ਜੇ ਕੋਈ ਅੜਿੱਕਾ ਲਾ ਸਕਦਾ ਸੀ ਤਾਂ ਰਾਜੀਵ ਗਾਂਧੀ ਲਾ ਸਕਦਾ ਸੀ, ਪਰ ਉਸ ਨੂੰ ਕਹਿਣ ਨੂੰ ਕੋਈ ਲੀਡਰ ਅੱਗੇ ਨਹੀਂ ਸੀ ਆ ਰਿਹਾ। ਵਿਰੋਧੀ ਧਿਰ ਦੇ ਆਗੂਆਂ ਨੂੰ ਇਹ ਵੱਡਾ ਇਤਰਾਜ਼ ਸੀ ਕਿ ਇੰਦਰਾ ਗਾਂਧੀ ਦਾ ਕਤਲ ਵੀ ਹੋ ਗਿਆ ਤਾਂ ਉਸ ਦੇ ਪੁੱਤਰ ਨਾਲ ਹਮਦਰਦੀ ਦੇ ਬਾਵਜੂਦ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਨ ਵਾਸਤੇ ਲੋਕਤੰਤਰੀ ਢੰਗ ਵਰਤਣਾ ਚਾਹੀਦਾ ਸੀ, ਕਿਸੇ ਮੀਟਿੰਗ ਤੋਂ ਵੀ ਬਿਨਾ ਉਸ ਨੂੰ ਅਹੁਦਾ ਦੇ ਦਿੱਤਾ ਗਿਆ ਹੈ।
ਇਸ ਗੈਰ ਲੋਕਤੰਤਰੀ ਵਿਹਾਰ ਕਾਰਨ ਭਰੇ-ਪੀਤੇ ਸਾਰੇ ਸਿਆਸੀ ਆਗੂ ਉਸ ਤੋਂ ਦੂਰੀ ਪਾਈ ਬੈਠੇ ਸਨ। ਦਿੱਲੀ ਸੜਦੀ ਪਈ ਵੇਖ ਕੇ ਤੀਜੇ ਦਿਨ ਸੀ. ਪੀ. ਆਈ. ਦੇ ਉਦੋਂ ਦੇ ਆਗੂ ਰਾਜੇਸ਼ਵਰ ਰਾਓ ਨੇ ਪਹਿਲ ਕੀਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਜਾ ਕੇ ਕਿਹਾ ਕਿ ਜਿਸ ਦੇਸ਼ ਵਿਚ ਫੌਜੀ ਰਾਜ-ਪਲਟਾ ਵੀ ਹੋ ਜਾਵੇ, ਲੋਕਾਂ ਦੇ ਆਗੂਆਂ ਨੂੰ ਉਨ੍ਹਾਂ ਹਾਲਾਤ ਵਿਚ ਤਾਨਾਸ਼ਾਹਾਂ ਨੂੰ ਵੀ ਮਿਲਣ ਜਾਣਾ ਪੈਂਦਾ ਹੈ, ਅਸੀਂ ਅੜੀ ਕਰਨ ਦੀ ਥਾਂ ਰਾਜੀਵ ਗਾਂਧੀ ਨੂੰ ਜਾ ਕੇ ਹਾਲਾਤ ਸੰਭਾਲਣ ਲਈ ਕਹੀਏ, ਲੋਕਤੰਤਰ ਦੇ ਅਸੂਲਾਂ ਦੀ ਉਲੰਘਣਾ ਦਾ ਮਾਮਲਾ ਪਾਰਲੀਮੈਂਟ ਵਿਚ ਅਤੇ ਫਿਰ ਚੋਣਾਂ ਦੌਰਾਨ ਵੇਖ ਲਵਾਂਗੇ।
ਇਸ ਪਿੱਛੋਂ ਚੌਧਰੀ ਚਰਨ ਸਿੰਘ ਨੇ ਕੁਝ ਹੋਰ ਆਗੂ ਸੱਦੇ ਤੇ ਸਲਾਹ ਕਰ ਕੇ ਰਾਜੀਵ ਗਾਂਧੀ ਕੋਲ ਜਾ ਕੇ ਮਾਰ-ਧਾੜ ਰੋਕਣ ਨੂੰ ਕਿਹਾ ਸੀ। ਜਿਵੇਂ ਇਸ ਵਕਤ ਡਾ. ਮਨਮੋਹਨ ਸਿੰਘ ਦੀ ਗੱਲ ਨੂੰ ਠੀਕ ਜਾਂ ਗਲਤ ਕਹਿਣ ਲਈ ਇੰਦਰ ਕੁਮਾਰ ਗੁਜਰਾਲ ਤੇ ਨਰਸਿਮਹਾ ਰਾਓ-ਦੋਵੇਂ ਜਿੰਦਾ ਨਹੀਂ, ਸਾਡੀ ਗੱਲ ਦੀ ਤਸਦੀਕ ਕਰਨ ਵਾਲਾ ਵੀ ਕੋਈ ਨਹੀਂ, ਪਰ ਉਦੋਂ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੰਦਰ ਬਣੇ ਦਫਤਰ ਵਿਚ ਵਿਜ਼ਿਟਰਜ਼ ਵਾਲੇ ਰਜਿਸਟਰ ‘ਤੇ ਇਹ ਗੱਲ ਲਿਖੀ ਅੱਜ ਵੀ ਸ਼ਾਇਦ ਮਿਲ ਸਕਦੀ ਹੈ।
ਕੁਝ ਲੋਕਾਂ ਦਾ ਖਿਆਲ ਹੈ ਕਿ ਆਪਣੀ ਗੱਲ ਕਹਿ ਕੇ ਡਾ. ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਦੇ ਪਰਿਵਾਰ ਕੋਲ ਆਪਣੇ ਨੰਬਰ ਬਣਾਉਣ ਲਈ ਸਾਰਾ ਕਸੂਰ ਨਰਸਿਮਹਾ ਰਾਓ ਸਿਰ ਥੱਪਿਆ ਹੈ। ਇਹ ਹੋ ਵੀ ਸਕਦਾ ਹੈ ਅਤੇ ਨਹੀਂ ਵੀ, ਕਿਉਂਕਿ ਡਾ. ਮਨਮੋਹਨ ਸਿੰਘ ਨੇ ਆਪਣੇ ਮਨ ਦੀ ਗੱਲ ਕਦੇ ਦੱਸੀ ਨਹੀਂ ਤੇ ਦੱਸਣੀ ਵੀ ਨਹੀਂ; ਉਸ ਦਾ ਪੁਰਾਣਾ ਫਾਰਮੂਲਾ ਇਹੋ ਹੈ ਕਿ ‘ਹਜ਼ਾਰੋਂ ਜਵਾਬੋਂ ਸੇ ਮੇਰੀ ਖਾਮੋਸ਼ੀ ਹੈ ਅੱਛੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਰੱਖੇ।’
ਜੋ ਗੱਲ ਡਾ. ਮਨਮੋਹਨ ਸਿੰਘ ਦੇ ਇਸ ਫਾਰਮੂਲੇ ਤੋਂ ਬਾਹਰ ਜਾ ਕੇ ਆਮ ਲੋਕਾਂ ਨੂੰ ਸੋਚਣੀ ਪੈਂਦੀ ਹੈ, ਉਹ ਇਹ ਕਿ ਉਸ ਕਤਲੇਆਮ ਵਾਲੇ ਖੂਨੀ ਵਕਤ ਤੋਂ ਪੈਂਤੀ ਸਾਲ ਪਿਛੋਂ ਇਹ ਬਹੁਤ ਵੱਡਾ ‘ਖੁਲਾਸਾ’ ਕਰ ਕੇ ਸਨਸਨੀ ਮਚਾਉਣ ਵਾਲੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠਿਆਂ ਕਦੀ ਉਸ ਵਕਤ ਦਾ ਦਰਦ ਸੀਨੇ ਵਿਚ ਲਈ ਬੈਠੇ ਲੋਕਾਂ ਦੀ ਮਦਦ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਜੋ ਫਰਜ਼ ਨਿਭਾਉਣ ਲਈ ਅਗਵਾਈ ਕਰਨ ਦੀ ਲੋੜ ਸੀ, ਉਹ ਫਰਜ਼ ਉਸ ਨੂੰ ਕਦੀ ਚੇਤੇ ਹੀ ਨਹੀਂ ਸੀ ਆਇਆ।
ਦਿੱਲੀ ਕਤਲੇਆਮ ਦੀ ਜਾਂਚ ਕਰਨ ਲਈ ਜਸਟਿਸ ਰੰਗਾਨਾਥ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਕਈ ਕਮਿਸ਼ਨ ਤੇ ਕਮੇਟੀਆਂ ਬਣਦੇ ਰਹੇ, ਦਿੱਲੀ ਤੋਂ ਦੁਨੀਆਂ ਭਰ ਤੱਕ ਉਸ ਦੌਰ ਵਾਸਤੇ ਦੋ ਮਹਾਂ-ਪਾਪੀ ਮੰਨੇ ਜਾਣ ਵਾਲੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੀ ਚਰਚਾ ਹੁੰਦੀ ਰਹੀ, ਡਾ. ਮਨਮੋਹਨ ਸਿੰਘ ਕਦੀ ਇਸ ਬਾਰੇ ਬੋਲੇ ਹੀ ਨਹੀਂ ਸਨ ਤੇ ਨਾ ਉਨ੍ਹਾਂ ਦੋਹਾਂ ਖਿਲਾਫ ਮੁਕੱਦਮਿਆਂ ਨੂੰ ਅੱਗੇ ਤੋਰਨ ਵਿਚ ਕੋਈ ਦਿਲਚਸਪੀ ਦਿਖਾਈ ਸੀ।
ਅੱਜ ਜਦੋਂ ਡਾ. ਮਨਮੋਹਨ ਸਿੰਘ ਨੇ ਇਹ ਖਿਲਾਰਾ ਪਾ ਦਿੱਤਾ ਹੈ, ਸਾਡੇ ਲਈ ਇੱਕ ਵੱਡਾ ਸਵਾਲ ਇਹ ਹੈ ਕਿ ਜਦੋਂ ਦਿੱਲੀ ਵਿਚ ਏਨਾ ਕੁਝ ਵਾਪਰਦਾ ਪਿਆ ਸੀ, ਸਰਕਾਰ ਚਲਾਉਣ ਵਾਲੇ ਬੇਈਮਾਨ ਹੋ ਗਏ ਸਨ, ਇੱਕ ਧਿਰ ਦੇ ਲੋਕਾਂ ‘ਤੇ ਹਮਲਾ ਹੋ ਰਿਹਾ ਸੀ, ਉਸ ਮੌਕੇ ਹੋਰਨਾਂ ਭਾਈਚਾਰਿਆਂ ਦੇ ਲੋਕ ਇਸ ਬਾਰੇ ਚੁੱਪ ਕਿਉਂ ਕੀਤੇ ਰਹੇ ਸਨ? ਰਾਜਧਾਨੀ ਦਿੱਲੀ ਵਿਚ ਸਿੱਖ ਵਸੋਂ ਨਾਲੋਂ ਢਾਈ ਗੁਣਾਂ ਮੁਸਲਮਾਨ ਅੱਜ ਵੀ ਹਨ, ਉਦੋਂ ਵੀ ਮੌਜੂਦ ਸਨ, ਪਰ ਉਹ ਇਸ ਔਖੀ ਘੜੀ ਚੁੱਪ ਕਿਉਂ ਕੀਤੇ ਰਹੇ ਸਨ?
ਇਹ ਸਵਾਲ ਕਈ ਸਾਲ ਪਹਿਲਾਂ ਅਸੀਂ ਦਿੱਲੀ ਦੇ ਕੁਝ ਲੇਖਕਾਂ ਦੀ ਮੀਟਿੰਗ ਵਿਚ ਪੁੱਛਿਆ ਸੀ ਤੇ ਜਵਾਬ ਨਹੀਂ ਸੀ ਮਿਲਿਆ, ਪਰ ਸ਼ਾਮ ਨੂੰ ਇੱਕ ਬਜੁਰਗ ਪੰਜਾਬੀ ਲੇਖਕ, ਤੇ ਉਹ ਵੀ ਇਸ ਵਕਤ ਦੁਨੀਆਂ ਵਿਚ ਨਹੀਂ, ਸਾਨੂੰ ਇੱਕ ਉਰਦੂ ਲੇਖਕ ਦੇ ਕੋਲ ਲੈ ਗਏ। ਸਵਾਲ ਅਸੀਂ ਨਹੀਂ ਸੀ ਕੀਤਾ, ਪੰਜਾਬੀ ਬਜੁਰਗ ਲੇਖਕ ਨੇ ਹੀ ਕੀਤਾ ਸੀ, ਜੋ ਦੁਪਹਿਰ ਦੀ ਮੀਟਿੰਗ ਵਿਚ ਅਸੀਂ ਕਰ ਚੁਕੇ ਸਾਂ ਤੇ ਜਵਾਬ ਉਰਦੂ ਵਾਲੇ ਲੇਖਕ ਨੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਣ ਪਿਛੋਂ ਪਹਿਲਾ ਵੱਡਾ ਦੁਖਾਂਤ ਗੁਜਰਾਤ ਵਿਚ 1969 ਵਿਚ ਹੋਇਆ ਸੀ ਅਤੇ ਪੰਜ ਸੌ ਤੋਂ ਵੱਧ ਮੁਸਲਮਾਨ ਮਾਰ ਦਿੱਤੇ ਗਏ ਸਨ, ਦੂਜਾ ਵੱਡਾ ਕਾਂਡ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ 1980 ਵਿਚ ਹੋਇਆ ਅਤੇ ਰਾਜ ਦੀ ਹਥਿਆਰਬੰਦ ਪੁਲਿਸ ਪੀ. ਏ. ਸੀ. ਨੇ ਚਾਰ ਸੌ ਤੋਂ ਵੱਧ ਮਾਰ ਦਿੱਤੇ ਸਨ, ਤੀਜਾ ਕਾਂਡ ਅਪਰੇਸ਼ਨ ਬਲਿਊ ਸਟਾਰ ਤੋਂ ਮਸਾਂ ਇੱਕ ਮਹੀਨਾ ਪਹਿਲਾਂ ਮਹਾਰਾਸ਼ਟਰ ਦੇ ਭਿਵੰਡੀ ਵਿਚ ਹੋਇਆ ਸੀ, ਜਿਸ ਵਿਚ ਪੌਣੇ ਤਿੰਨ ਸੌ ਮੁਸਲਮਾਨ ਮਾਰੇ ਗਏ ਅਤੇ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਸੀ ਆਇਆ। ਫਿਰ ਜਦੋਂ ਦਿੱਲੀ ਵਿਚ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਇਹ ਸਾਰਾ ਹੋ ਰਿਹਾ ਸੀ, ਉਹ ਵੀ ਇਸੇ ਲਈ ਚੁੱਪ ਕੀਤੇ ਰਹੇ ਤੇ ਘੱਟ-ਗਿਣਤੀਆਂ ਵੱਖੋ-ਵੱਖ ਕੁੱਟ ਖਾਈ ਗਈਆਂ। ਉਸ ਉਰਦੂ ਲੇਖਕ ਦੀਆਂ ਗੱਲਾਂ ਅੱਜ ਤੱਕ ਸਾਨੂੰ ਭੁੱਲ ਨਹੀਂ ਸਕੀਆਂ ਤੇ ਸ਼ਾਇਦ ਕਦੇ ਭੁੱਲਣੀਆਂ ਵੀ ਨਹੀਂ।
ਲੋਕੀਂ ਸਿਆਸਤ ਦੀਆਂ ਧਿਰਾਂ ਵਿਚੋਂ ਕਦੀ ਕਿਸੇ ਨੂੰ ਚੁਣ ਕੇ ਅਤੇ ਕਦੀ ਦੂਜੀ ਬਾਰੇ ਮਿਥ ਕੇ ਗੱਲਾਂ ਕਰਨ ਦੇ ਰਾਹ ਪਏ ਰਹਿੰਦੇ ਹਨ, ਇਹ ਸੋਚਣ ਦੀ ਲੋੜ ਨਹੀਂ ਸਮਝਦੇ ਕਿ ਰਾਜ ਕਿਸੇ ਦਾ ਵੀ ਹੋਵੇ, ਘੱਟ ਗਿਣਤੀਆਂ ਦੇ ਵਿਰੁਧ ਨਫਰਤ ਅਤੇ ਇਸ ਵਿਚੋਂ ਫਿਰ ਦੰਗਾ ਕਰਨ ਦਾ ਕਿੱਸਾ ਜਾਰੀ ਰਹਿੰਦਾ ਹੈ। ਜੋ ਕਾਂਡ ਉਸ ਉਰਦੂ ਲੇਖਕ ਨੇ ਯਾਦ ਕਰਵਾਏ ਤੇ ਸਾਨੂੰ ਕਦੇ ਭੁੱਲ ਨਹੀਂ ਸਕੇ, ਉਨ੍ਹਾਂ ਤਿੰਨਾਂ ਮੌਕਿਆਂ ਤੇ ਤਿੰਨਾਂ ਹੀ ਥਾਂਵਾਂ ‘ਤੇ ਕਾਂਗਰਸੀ ਰਾਜ ਸੀ, ਭਾਜਪਾ ਕਿਸੇ ਖਾਤੇ ਵਿਚ ਲਿਖੀ ਜਾਣ ਜੋਗੀ ਅਜੇ ਨਹੀਂ ਸੀ ਹੋਈ। ਉਸ ਲੇਖਕ ਦਾ ਕਹਿਣਾ ਸੀ ਕਿ ਦਿੱਲੀ ਦੇ ਕਤਲੇਆਮ ਦਾ ਵੱਡਾ ਸਬਕ ਇਹ ਹੈ ਕਿ ਧਰਮ ਨਿਰਪੱਖਤਾ ਦੀ ਰਾਖੀ ਵੀ ਅਤੇ ਆਪੋ ਆਪਣੇ ਭਾਈਚਾਰੇ ਦੇ ਬਚਾਅ ਲਈ ਵੀ ਸਾਰੀਆਂ ਘੱਟ-ਗਿਣਤੀਆਂ ਵਾਲੇ ਲੋਕਾਂ ਨੂੰ ਇੱਕ ਦੂਜੇ ਦੀ ਬਾਂਹ ਫੜਨੀ ਪਵੇਗੀ। ਜੇ ਇਹ ਨਾ ਕੀਤਾ ਗਿਆ ਤਾਂ ‘ਡੂਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮਾਰੇ।’ ਇਹੋ ਗੱਲ ਹੈ ਜੋ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਅੱਜ ਤੱਕ ਸਮਝ ਨਹੀਂ ਪਈ।