ਬਾਬਰ ਅਤੇ ਰਬਾਬ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਹਿੰਦੁਸਤਾਨ ਦੇ ਇਤਿਹਾਸ ਵਿਚ ਗੁਰੂ ਨਾਨਕ ਦਾ ਪ੍ਰਕਾਸ਼ ਅਤੇ ਮੁਗਲ ਸਲਤਨਤ ਦਾ ਆਗਾਜ਼ ਕਰੀਬ ਇੱਕੋ ਸਮੇਂ ਹੋਇਆ। ਇੱਕ ਤਰਫ ਜਿਵੇਂ ਪ੍ਰੇਮ, ਗਿਆਨ ਅਤੇ ਅਭਿਆਸ ਨੇ ਮਿਲ ਕੇ ਗੁਰੂ ਨਾਨਕ ਦਾ ਰੂਪ ਧਾਰ ਲਿਆ ਹੋਵੇ ਤੇ ਦੂਜੇ ਪਾਸੇ ਜਿਵੇਂ ਧਰਮ ਦੇ ਬੁਰਕੇ ਵਿਚ ਛੁਪੀ ਰਾਜ ਦੀ ਹਵਸ ਨੇ ਜ਼ੁਲਮ ਨਾਲ ਸੁਲ੍ਹਾ ਕਰਕੇ ਬਾਬਰ ਦਾ ਭੇਸ ਵਟਾ ਲਿਆ ਹੋਵੇ।

ਇਤਿਹਾਸ ਦਾ ਉਹ ਕੇਹਾ ਮੋੜ ਹੋਵੇਗਾ, ਜਦੋਂ ਗੁਰੂ ਨਾਨਕ ਪਾਤਸ਼ਾਹ ਤੇ ਬਾਬਰ ਬਾਦਸ਼ਾਹ ਚਾਣਚੱਕ ਰੂਬਰੂ ਹੋ ਗਏ ਹੋਣਗੇ ਅਤੇ ਪਾਤਸ਼ਾਹ ਨੇ ਜਾਣ ਲਿਆ ਹੋਵੇਗਾ ਉਹ ਦਰਦ, ਜੋ ਬਾਬਰੀ ਜਲਾਲ ਨੇ ਮਾਸੂਮ ਮਨੁੱਖਤਾ ਦੀ ਹਿੱਕ ਵਿਚ ਪੁੜ ਦਿੱਤਾ ਤੇ ਪੁੜ ਦੇਣਾ ਸੀ।
ਕਹਿਰ ਕਹੀਏ ਜਾਂ ਕਮਾਲ ਕਿ ਗੁਰੂ ਜੋਤ ਦਾ ਜਮਾਲ ਅਤੇ ਬਾਬਰੀ ਜਲਾਲ ਜੀਵਨ-ਧਾਰਾ ਦੇ ਦੋ ਕਿਨਾਰਿਆਂ ਵਾਂਗ ਇਤਿਹਾਸ ਵਿਚ ਨਾਲੋ ਨਾਲ ਚੱਲੇ, ਪਰ ਇਨ੍ਹਾਂ ਕਿਨਾਰਿਆਂ ਦੀ ਪ੍ਰਕਿਰਤੀ ਤੇ ਪ੍ਰਵਿਰਤੀ ਵਿਚ ਵਿਕਾਸ ਤੇ ਵਿਨਾਸ਼ ਜਿੰਨਾ ਫਰਕ ਸੀ।
ਗੁਰੂ ਨਾਨਕ ਨੇ ਬਾਬਰੀ ਜਲਾਲ ਦੀ ਵਿਨਾਸ਼ਕਾਰੀ ਪ੍ਰਵਿਰਤੀ ਦੇ ਹੱਲ ਲਈ ਬਾਬਰ ਸ਼ਬਦ ‘ਤੇ ਗੰਭੀਰਤਾ ਨਾਲ ਧਿਆਨ ਕੇਂਦ੍ਰਿਤ ਕੀਤਾ ਅਤੇ ਉਸ ਨੂੰ ਜਾਬਰ ਆਖਿਆ। ਜਾਬਰ ਸ਼ਬਦ ਬਾਬਰ ਦਾ ਤਰਜਮਾ ਹੀ ਸੀ।
ਪਾਤਸ਼ਾਹ ਨੇ ਬਾਬਰੀ ਜਬਰ ਦਾ ਹੱਲ ਬਾਬਰ ਸ਼ਬਦ ਵਿਚੋਂ ਹੀ ਲੱਭਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਬਾਬਰ ਦੇ ਅੱਖਰ ਜੋੜ ਦੀ ਅਰਬੀ ਤਰਤੀਬ ਨੂੰ ਗੁਰਮੁਖੀ ਤਰਤੀਬ ਵਿਚ ਦੇਖਿਆ ਤਾਂ ਉਹ ਰਬਾਬ ਪੜ੍ਹਿਆ ਗਿਆ।
ਫਿਰ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੇ ਜਬਰ ਦਾ ਜਵਾਬ ਰਬਾਬੀ ਸੰਗੀਤ ਵਿਚ ਦਿੱਤਾ ਅਤੇ ਬਾਬਰੀ ਜਲਾਲ ਨੂੰ ਰਬਾਬੀ ਕਮਾਲ ਨਾਲ ਚਿੱਤ ਕਰ ਦਿੱਤਾ। ਮੁਗਲ ਹਕੂਮਤ ਦੀਆਂ ਸੱਤ ਪੁਸ਼ਤਾਂ ਅਤੇ ਸਿੱਖ ਇਤਿਹਾਸ ਦੀਆਂ ਦਸ ਪਾਤਸ਼ਾਹੀਆਂ ਦਾ ਰਿਸ਼ਤਾ ਉਹੀ ਹੈ, ਜੋ ਬਾਬਰ ਅਤੇ ਰਬਾਬ ਦਾ ਅੱਖਰੀ ਰਿਸ਼ਤਾ ਹੈ।
ਬੱਬਾ+ਕੰਨਾ+ਬੱਬਾ+ਰਾਰਾ= ਬਾਬਰ
ਰਾਰਾ+ਬੱਬਾ+ਕੰਨਾ+ਬੱਬਾ= ਰਬਾਬ
ਬਾਬਰ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰਨ ਪਿਛੋਂ ਹਿੰਦੁਸਤਾਨ ਨੂੰ ਆ ਧਮਕਾਇਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥”
ਬਾਬਰ ਲਿਖਦਾ ਹੈ ਕਿ ਹਿੰਦੁਸਤਾਨ ਦੇ ਲੋਕ ਅਰਬੀ ਮੁਲਕਾਂ ਨੂੰ ਖੁਰਾਸਾਨ ਹੀ ਕਹਿੰਦੇ ਹਨ। ਜਿਵੇਂ ਪੱਛਮੀ ਮੁਲਕਾਂ ਨੂੰ ਅਸੀਂ ਵਲਾਇਤ ਕਹਿ ਦਿੰਦੇ ਹਾਂ।
ਰਬਾਬ ਅਫਗਾਨਿਸਤਾਨ ਦਾ ਰਾਸ਼ਟਰੀ ਸੰਗੀਤਕ ਸਾਜ਼ ਹੈ ਅਤੇ ਰਬਾਬ ਦਾ ਸ਼ਾਬਦਿਕ ਅਰਥ ਹੈ, ਹੁਸੀਨ ਔਰਤ। ਰਬਾਬ ਵਿਚ ਇਸਤਰੀ ਦੀ ਸੰਗੀਤਾਤਮਿਕਤਾ ਹੈ।
ਪ੍ਰੋ. ਪੂਰਨ ਸਿੰਘ ਨੇ ਆਪਣੀ ਪੁਸਤਕ ‘ਸਪਿਰਟ ਬੌਰਨ ਪੀਪਲ’ ਵਿਚ ਦੱਸਿਆ ਹੈ ਕਿ ਤਨ ਦੀ ਭੁੱਖ ਹਰ ਅਹਿਸਾਸ ਨੂੰ ਇਕ ਸ਼ੈਅ ਬਣਾ ਦਿੰਦੀ ਹੈ ਤੇ ਮਨ ਦੀ ਉਮੰਗ ਹਰ ਸ਼ੈਅ ਨੂੰ ਇਕ ਅਹਿਸਾਸ ਵਿਚ ਬਦਲ ਦਿੰਦੀ ਹੈ। ਤਨ ਅਤੇ ਮਨ ਦੋ ਖੰਭ ਹਨ, ਜਿਨ੍ਹਾਂ ਦੀ ਮਦਦ ਨਾਲ ਇਨਸਾਨੀ ਆਤਮਾ ਸੱਚ ਦੀ ਭਾਲ ਵਿਚ ਉਡਾਰੀ ਭਰਦੀ ਹੈ।
ਜਿਵੇਂ ਤਨ ਦੀ ਭੁੱਖ ਦਾ ਇਲਾਜ ਸਿਰਫ ਅੰਨ ਨਹੀਂ ਹੈ; ਸਗੋਂ ਅੰਨ ਦਾ ਵੀ ਸਹਿਜ ਅਤੇ ਸੁਹਜ ਹੁੰਦਾ ਹੈ। ਇਵੇਂ ਮਨ ਦੀ ਉਮੰਗ ਵੀ ਸਿਰਫ ਕਾਮ ਪੂਰਤੀ ਨਹੀਂ ਹੈ; ਕਾਮ ਦਾ ਵੀ ਕੋਈ ਸਹਿਜ ਅਤੇ ਸੁਹਜ ਹੁੰਦਾ ਹੈ। ਸਹਿਜ ਅਤੇ ਸੁਹਜ ਵਿਹੂਣਾ ਅੰਨ ਤੇ ਕਾਮ ਨਰਕਾਂ ਦੇ ਰਾਹ ਤੋਰ ਦਿੰਦਾ ਹੈ, ਪਰ ਸਹਿਜ ਅਤੇ ਸੁਹਜ ਭਰਪੂਰ ਅੰਨ ਤੇ ਕਾਮ ਨਾਮ ਮਾਰਗ ਨਾਲ ਜੋੜ ਦਿੰਦਾ ਹੈ।
ਤਨ ਦੀ ਭੁੱਖ ਦਾ ਸੁਹਜ ਅਤੇ ਸਹਿਜ ਲੰਗਰ ਦੀ ਪੰਗਤ ਵਿਚ ਜਲਵਾਗਰ ਹੁੰਦਾ ਹੈ। “ਅਸੀਂ ਲੰਗਰਾਂ ਦੇ ਭੋਰਿਆਂ ‘ਤੇ ਵਾਰ ਦੇਈਏ ਪਾਤਸ਼ਾਹੀਆਂ” ਪ੍ਰੋ. ਪੂਰਨ ਸਿੰਘ ਦਾ ਕਾਵਿ ਕਥਨ ਹੈ।
ਸੰਗੀਤ ਅਹਿਸਾਸ ਦੀ ਬੁਲੰਦੀ ਦਾ ਨਾਂ ਹੈ। ਉਸ ਵਿਚ ਉਲਾਸ ਸ਼ਾਮਲ ਹੋ ਜਾਵੇ ਤਾਂ ਉਹ ਸੋਨੇ ‘ਤੇ ਸੁਹਾਗੇ ਤੋਂ ਵੀ ਕੋਈ ਅਗਲੀ ਗੱਲ ਹੋ ਜਾਂਦੀ ਹੈ। ਅਜਿਹੀ ਉਮੰਗ ਦੇ ਸੁਹਜ ਅਤੇ ਸਹਿਜ ਦਾ ਨਾਂ ਰਬਾਬ ਹੈ, ਜਿਸ ਦਾ ਜਲੌ ਗੁਰੂ ਦੀ ਹਜ਼ੂਰੀ ਵਿਚ ਦੇਖਿਆ ਜਾ ਸਕਦਾ ਹੈ, “ਕਲਜੁਗ ਮਹਿ ਕੀਰਤਨੁ ਪਰਧਾਨਾ॥”
ਭਾਰਤੀ ਪਰੰਪਰਾ ਵਿਚ ਗਰੁੜ ਨੂੰ ਪੰਛੀਆਂ ਦਾ ਬਾਦਸ਼ਾਹ ਮੰਨਿਆ ਗਿਆ ਹੈ। ਕਹਿੰਦੇ ਹਨ, ਅਕਾਸ਼ ਵਿਚ ਉਡਦੇ ਗਰੁੜ ਨੂੰ ਧਰਤੀ ‘ਤੇ ਰੀਂਘਦਾ ਸੱਪ ਨਜ਼ਰ ਆ ਜਾਵੇ ਤਾਂ ਉਹ ਝੱਟ ਝਪਟ ਪੈਂਦਾ ਹੈ।
ਭਾਈ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਵਿਚ ਦਸਮੇਸ਼ ਪਿਤਾ ਨੂੰ ‘ਖਗਿੰਦ’ ਅਰਥਾਤ ਪੰਛੀਆਂ ਦੇ ਬਾਦਸ਼ਾਹ ਗਰੁੜ ਦੀ ਸੰਗਿਆ ਦਿੱਤੀ ਹੈ, ਜੋ ‘ਸਰਪਿੰਦ’ ਅਰਥਾਤ ਸੱਪਾਂ ਜਿਹੇ, ਗਿਰਿੰਦ (ਗਿਰ+ਇੰਦ) ਅਰਥਾਤ ਪਹਾੜੀ ਰਾਜਿਆਂ ‘ਤੇ ਗਰੁੜ ਵਾਂਗ ਝਪਟ ਪਏ ਸਨ, “ਸਰਪਿੰਦ ਗਿਰਿੰਦ ਖਗਿੰਦ ਤੁਲੰ।”
ਅਕਾਸ਼ ਵਿਚ ਉਡਦੇ ਗੁਰੂ ਕੇ ਸਿੱਖ ਦਾ ਜਮਾਲ ਧਰਤੀ ‘ਤੇ ਰੀਂਘਦੇ ਸੱਪ ਜਿਹੇ ਬਾਬਰੀ ਜਲਾਲ ਤੋਂ ਕਦੇ ਨਹੀਂ ਘਬਰਾਉਂਦਾ। ਪੰਚਮ ਪਾਤਸ਼ਾਹ ਆਖਦੇ ਹਨ ਕਿ ਗਰੁੜ ਦੇ ਮੁੱਖ ‘ਤੇ ਸੱਪ ਦਾ ਕੋਈ ਡਰ ਨਹੀਂ ਹੁੰਦਾ, “ਗਰੁੜ ਮੁਖਿ ਨਹੀਂ ਸਰਪ ਤ੍ਰਾਸ॥”
ਪੰਗਤ ਵਿਚ ਵਰਤਦਾ ਲੰਗਰ ਤੇ ਸੰਗਤ ਵਿਚ ਵੱਜਦੀ ਰਬਾਬ ਇਨਸਾਨ ਨੂੰ ਧੁਰ ਕੀ ਬਾਣੀ ਨਾਲ ਜੋੜ ਦਿੰਦੇ ਹਨ ਤੇ ਉਸ ਦੇ ਚਿਹਰੇ ਤੋਂ ਹਰ ਪ੍ਰਕਾਰ ਦਾ ਭੈ ਖਤਮ ਹੋ ਜਾਂਦਾ ਹੈ, “ਸਿੰਘ ਸਰਨ ਕਤ ਜਾਈਐ ਜਉ ਜੰਬੁਕ ਗ੍ਰਾਸੈ॥”
ਅੱਜ ਸਿੱਖ ਸਮਾਜ ਨੇ ਰਬਾਬੀਆਂ ਨਾਲੋਂ ਨਾਤਾ ਤੋੜ ਕੇ ਰਬਾਬ ਤੋਂ ਮੂੰਹ ਮੋੜ ਲਿਆ ਹੈ। ਰਬਾਬ ਤੋਂ ਮੂੰਹ ਮੋੜਨਾ ਰੁਹਾਨੀ ਮੌਤ ਦੇ ਵਾਰੰਟ ‘ਤੇ ਹਸਤਾਖਰ ਕਰਨ ਜਿਹੀ ਗੱਲ ਹੈ।
ਅਸਲ ਵਿਚ ਇਹ ਹਸਤਾਖਰ ਅਸੀਂ ਕਰ ਚੁਕੇ ਹਾਂ। ਇਸੇ ਲਈ ਅਸੀਂ ਹੁਣ ਦੇ ਬਾਬਰਾਂ ਦੇ ਪਿੱਠੂ ਬਣੇ ਹੋਏ ਹਾਂ। ਹੁਣ ਤਾਂ ਪਿੱਠੂਆਂ ਦੇ ਪਿੱਠੂ ਹੋਣ ਤੱਕ ਨੌਬਤ ਪੁੱਜ ਚੁਕੀ ਹੈ।
ਜੇ ਅਸੀਂ ਇਸ ਪਿਛਲੱਗ ਜਾਂ ਪਿੱਠੂ ਮਾਨਸਿਕਤਾ ਤੋਂ ਨਿਜਾਤ ਹਾਸਲ ਕਰਨੀ ਚਾਹੁੰਦੇ ਹਾਂ ਤਾਂ ਮੁੜ ਰਬਾਬੀਆਂ ਨੂੰ ਗਲ ਲਾ ਕੇ ਰਬਾਬ ਨਾਲ ਨਾਤਾ ਜੋੜਨਾ ਹੋਵੇਗਾ।
ਫਿਰ ਪੰਗਤ ਦਾ ਸਹਿਜ ਅਤੇ ਸੁਹਜ ਬਹਾਲ ਕਰਨਾ ਪਵੇਗਾ ਤੇ ਸੰਗਤ ਨੂੰ ਰਬਾਬੀ ਕੀਰਤਨ ਦੇ ਸੁਹਜ ਅਤੇ ਸਹਿਜ ਨਾਲ ਨਿਹਾਲ ਕਰਨਾ ਪਵੇਗਾ। ਵਿਨਾਸ਼ ਤੋਂ ਬਚਣ ਦਾ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ।
ਇਹ ਸਹਿਜ ਅਤੇ ਸੁਹਜ ਕਿਤੇ ਲੱਭਣ ਜਾਣ ਦੀ ਲੋੜ ਨਹੀਂ। ਅਸੀਂ ਇਸ ਦੇ ਬਹੁਤ ਨਜ਼ਦੀਕ ਹਾਂ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਸ਼ਬਦ ਨੂੰ ਉਲਟਾ ਕੇ ਰਬਾਬ ਬਣਾ ਲਿਆ ਸੀ, ਇਵੇਂ ਸਾਨੂੰ ਵੀ ਅੱਜ ਸਿਰਫ ਏਨਾ ਕੁ ਯਤਨ ਕਰਨ ਦੀ ਲੋੜ ਹੈ ਅਤੇ ਆਪਣੇ ਮੁਤੱਸਬ ਤੇ ਸੰਕੀਰਣਤਾ ਤੋਂ ਮੁਕਤੀ ਹਾਸਲ ਕਰਨ ਦੀ ਜਰੂਰਤ ਹੈ।