ਹਿੰਦੂ ਰਾਸ਼ਟਰ ਦਾ ਉਦੈ-ਕਸ਼ਮੀਰ ਨੂੰ ਕੈਦ

ਬੁੱਕਰ ਇਨਾਮ ਜੇਤੂ ਸੰਸਾਰ ਪ੍ਰਸਿਧ ਲੇਖਕਾ ਅਰੁੰਧਤੀ ਰਾਏ ਨੇ ਇਹ ਪਰਚਾ 12 ਨਵੰਬਰ ਨੂੰ ਨਿਊ ਯਾਰਕ ਵਿਚ ਜੋਨਾਥਨ ਸ਼ੈਲ ਯਾਦਗਾਰੀ ਲੈਕਚਰ-2019 ਦੌਰਾਨ ਪੜ੍ਹਿਆ, ਜਿਸ ਵਿਚ ਭਾਰਤ ਦੇ ਮੌਜੂਦਾ ਹਾਲਤ ਅਤੇ ਪਨਪ ਰਹੇ ਖਤਰਿਆਂ ਦੀ ਚਰਚਾ ਕੀਤੀ ਹੈ। ਆਪਣੀਆਂ ਹੋਰ ਲਿਖਤਾਂ ਵਾਂਗ ਲੇਖਕਾ ਨੇ ਇਸ ਪਰਚੇ ਵਿਚ ਵੀ ਕਈ ਸਵਾਲ ਉਠਾਏ ਹਨ। ਇਸ ਲਿਖਤ ਦੀ ਪਹਿਲੀ ਕਿਸ਼ਤ ਪਾਠਕ ਪਿਛਲੇ ਅੰਕ ਵਿਚ ਪੜ੍ਹ ਚੁਕੇ ਹਨ, ਹਾਜਰ ਹੈ, ਦੂਜੀ ਕਿਸ਼ਤ।

-ਸੰਪਾਦਕ
ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮਜ਼ਬੂਤ ਸਿਆਸੀ ਜਕੜ ਬਣਾਈ ਰੱਖਣ ਲਈ ਆਰ.ਐਸ਼ਐਸ਼ ਅਤੇ ਭਾਜਪਾ ਦਾ ਖਾਸ ਪੈਂਤੜ ਹੈ, ਲੰਮੇ ਸਮੇਂ ਤਕ ਬੇਤਹਾਸ਼ਾ ਅਫਰਾ-ਤਫਰੀ ਮਚਾਈ ਰੱਖਣਾ। ਇਨ੍ਹਾਂ ਲੋਕਾਂ ਦੀ ਰਸੋਈ ਵਿਚ ਮੱਠੀ ਅੱਗ ‘ਤੇ ਰੱਖੇ ਬਹੁਤ ਸਾਰੇ ਕੜਾਹੇ ਤਿਆਰ-ਬਰ-ਤਿਆਰ ਹਨ, ਜਿਨ੍ਹਾਂ ਵਿਚ ਲੋੜ ਪੈਣ ‘ਤੇ ਫੌਰਨ ਉਬਾਲ ਲਿਆ ਸਕਦੇ ਹਨ। 5 ਅਗਸਤ 2019 ਨੂੰ ਭਾਰਤੀ ਸੰਸਦ ਨੇ ‘ਇਲਹਾਕ ਸੰਧੀ’ ਦੀਆਂ ਉਹ ਬੁਨਿਆਦੀ ਸ਼ਰਤਾਂ ਇਕਤਰਫਾ ਤੌਰ ‘ਤੇ ਤੋੜ ਦਿੱਤੀਆਂ, ਜਿਨ੍ਹਾਂ ਦੇ ਆਧਾਰ ‘ਤੇ 1947 ‘ਚ ਜੰਮੂ ਕਸ਼ਮੀਰ ਦੀ ਸਾਬਕਾ ਰਿਆਸਤ ਭਾਰਤ ‘ਚ ਸ਼ਾਮਲ ਹੋਣ ਲਈ ਤਿਆਰ ਹੋਈ ਸੀ। ਸੰਸਦ ਨੇ ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜਾ ਤੇ ਉਹ ਵਿਸ਼ੇਸ਼ ਹੈਸੀਅਤ ਖੋਹ ਲਈ, ਜਿਸ ਵਿਚ ਰਾਜ ਨੂੰ ਆਪਣਾ ਸੰਵਿਧਾਨ ਅਤੇ ਝੰਡਾ ਰੱਖਣ ਦਾ ਹੱਕ ਵੀ ਸ਼ਾਮਲ ਸੀ। ਰਾਜ ਦਾ ਦਰਜਾ ਖੋਹ ਲੈਣ ਦਾ ਇਕ ਅਰਥ ਹੈ, ਭਾਰਤੀ ਸੰਵਿਧਾਨ ਦੀ ਧਾਰਾ 35 ਏ ਨੂੰ ਖਤਮ ਕਰ ਦੇਣਾ, ਜਿਸ ਨਾਲ ਇਸ ਸਾਬਕਾ ਰਿਆਸਤ ਦੇ ਲੋਕਾਂ ਨੂੰ ਉਹ ਹੱਕ ਅਤੇ ਵਿਸ਼ੇਸ਼ ਹੱਕ ਹਾਸਲ ਸਨ, ਜੋ ਉਨ੍ਹਾਂ ਨੂੰ ਆਪਣੀ ਰਿਆਸਤ ਦੇ ਪ੍ਰਬੰਧਕ ਬਣਾਉਂਦੇ ਹਨ। ਇਸ ਦੀ ਤਿਆਰੀ ਵਜੋਂ ਸਰਕਾਰ ਨੇ ਉਥੇ ਪਹਿਲਾਂ ਹੀ ਤਾਇਨਾਤ ਲੱਖਾਂ ਫੌਜੀਆਂ ਤੋਂ ਇਲਾਵਾ 50 ਹਜ਼ਾਰ ਫੌਜੀ ਹੋਰ ਤਾਇਨਾਤ ਕਰ ਦਿੱਤੇ। 4 ਅਗਸਤ ਦੀ ਰਾਤ ਨੂੰ ਕਸ਼ਮੀਰ ਘਾਟੀ ਵਿਚੋਂ ਸੈਲਾਨੀਆਂ ਅਤੇ ਤੀਰਥ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਸਕੂਲ ਅਤੇ ਬਾਜ਼ਾਰ ਬੰਦ ਕਰ ਦਿੱਤੇ ਗਏ। ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਸਿਆਸੀ ਪਾਰਟੀਆਂ ਦੇ ਆਗੂ, ਕਾਰੋਬਾਰੀ, ਵਕੀਲ, ਲੋਕ ਹੱਕਾਂ ਦੇ ਕਾਰਕੁਨ, ਸਥਾਨਕ ਆਗੂ, ਵਿਦਿਆਰਥੀ ਅਤੇ ਤਿੰਨ ਸਾਬਕਾ ਮੁੱਖ ਮੰਤਰੀ ਸ਼ਾਮਲ ਹਨ। ਕਸ਼ਮੀਰ ਦੀ ਸਾਰੀ ਸਿਆਸੀ ਜਮਾਤ, ਜਿਸ ਵਿਚ ਭਾਰਤ ਪ੍ਰਤੀ ਵਫਾਦਾਰ ਲੋਕ ਵੀ ਸ਼ਾਮਲ ਹਨ, ਸਭ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਧੀ ਰਾਤ ਨੂੰ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਅਤੇ ਟੈਲੀਫੋਨ ਬੰਦ ਹੋ ਗਏ।
ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਜਾਣਾ, ਪੂਰੇ ਭਾਰਤ ਵਿਚ ਐਨ.ਆਰ.ਸੀ. ਲਾਗੂ ਕਰਨ ਦਾ ਵਾਅਦਾ, ਅਯੁੱਧਿਆ ਵਿਚ ਬਾਬਰੀ ਮਸਜਿਦ ਦੇ ਖੰਡਰਾਂ ‘ਤੇ ਰਾਮ ਮੰਦਰ ਦੀ ਉਸਾਰੀ, ਇਹ ਆਰ. ਐਸ਼ ਐਸ਼ ਅਤੇ ਭਾਜਪਾ ਦੀ ਰਸੋਈ ਦੇ ਚੁੱਲ੍ਹਿਆਂ ‘ਤੇ ਚੜ੍ਹਾਏ ਕੜਾਹੇ ਹਨ। ਇਨ੍ਹਾਂ ਵਿਚ ਬਸ ਇੰਨਾ ਹੀ ਕਰਨਾ ਹੈ ਕਿ ਭੜਕੀਆਂ ਭਾਵਨਾਵਾਂ ਨੂੰ ਅੱਗ ਲਾਉਣ ਲਈ ਇਕ ਦੁਸ਼ਮਣ ਵਲ ਉਂਗਲ ਹੀ ਕਰਨੀ ਹੈ ਅਤੇ ਜੰਗ ਦੇ ਕੁੱਤਿਆਂ ਨੂੰ ਉਨ੍ਹਾਂ ‘ਤੇ ਖੁੱਲ੍ਹੇ ਛੱਡ ਦੇਣਾ ਹੈ। ਇਨ੍ਹਾਂ ਦੇ ਕਈ ਦੁਸ਼ਮਣ ਹਨ: ਪਾਕਿਸਤਾਨੀ ਜਹਾਦੀ, ਕਸ਼ਮੀਰੀ ਦਹਿਸ਼ਤਗਰਦ, ਬੰਗਲਾਦੇਸ਼ੀ ‘ਘੁਸਪੈਠੀਏ’ ਅਤੇ ਮੁਲਕ ਦੇ ਕਰੀਬ 20 ਕਰੋੜ ਮੁਸਲਮਾਨ, ਜਿਨ੍ਹਾਂ ‘ਤੇ ਕਿਸੇ ਵੀ ਵਕਤ ਪਾਕਿਸਤਾਨ ਹਮਾਇਤੀ ਜਾਂ ਦੇਸ਼ਧ੍ਰੋਹੀ ਗੱਦਾਰ ਹੋਣ ਦਾ ਦੋਸ਼ ਲਾਇਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਹਰ ‘ਕਾਰਡ’ ਨੂੰ ਦੂਜੇ ਦਾ ਬੰਦੀ ਬਣਾ ਦਿੱਤਾ ਗਿਆ ਹੈ ਤੇ ਅਕਸਰ ਉਨ੍ਹਾਂ ਨੂੰ ਇਕ ਦੂਜੇ ਦਾ ਬਦਲ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਦਾ ਆਪਸ ਵਿਚ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਲੋਕ ਆਪਣੀਆਂ ਲੋੜਾਂ, ਇਛਾਵਾਂ, ਵਿਚਾਰਧਾਰਾਵਾਂ ਅਤੇ ਹਾਲਾਤ ਮੁਤਾਬਿਕ ਇਕ ਦੂਜੇ ਨਾਲ ਦੁਸ਼ਮਣੀ ਹੀ ਨਹੀਂ ਰੱਖਦੇ ਸਗੋਂ ਇਕ ਦੂਜੇ ਦੀ ਹੋਂਦ ਲਈ ਵੀ ਖਤਰਾ ਬਣ ਜਾਂਦੇ ਹਨ; ਪਰ ਇਹ ਸਾਰੇ ਕਿਉਂਕਿ ਮੁਸਲਮਾਨ ਹਨ ਇਸ ਲਈ ਇਨ੍ਹਾਂ ਸਾਰਿਆਂ ਨੂੰ ਇਕ ਦੂਜੇ ਦੀ ਕਰਨੀ ਦਾ ਨਤੀਜਾ ਭੁਗਤਣਾ ਪੈਂਦਾ ਹੈ।
ਪਿਛਲੀਆਂ ਦੋ ਚੋਣਾਂ ਵਿਚ ਭਾਜਪਾ ਨੇ ਦਿਖਾ ਦਿੱਤਾ ਹੈ ਕਿ ਉਹ ਮੁਸਲਿਮ ਵੋਟਾਂ ਤੋਂ ਬਿਨਾ ਹੀ ਸੰਸਦ ਵਿਚ ਭਾਰੀ ਬਹੁਮਤ ਲੈ ਸਕਦੀ ਹੈ। ਨਤੀਜੇ ਵਜੋਂ ਭਾਰਤੀ ਮੁਸਲਮਾਨਾਂ ਨੂੰ ਕਾਰਗਰ ਢੰਗ ਨਾਲ ਵੋਟ ਦੀ ਤਾਕਤ ਤੋਂ ਵਾਂਝੇ ਕਰ ਦਿੱਤਾ ਗਿਆ ਹੈ ਅਤੇ ਇਹ ਲੋਕ ਸਿਆਸੀ ਨੁਮਾਇੰਦਗੀ ਤੋਂ ਵਾਂਝਾ ਸਮੂਹ ਬਣਦੇ ਜਾ ਰਹੇ ਹਨ, ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ। ਵੱਖ-ਵੱਖ ਤਰ੍ਹਾਂ ਨਾਲ ਕੀਤੇ ਜਾਣ ਵਾਲੇ ਅਣਐਲਾਨੇ ਸਮਾਜਕ ਬਾਈਕਾਟ ਦੀ ਹਾਲਤ ਵਿਚ ਇਸ ਭਾਈਚਾਰੇ ਦਾ ਪੱਧਰ ਹੋਰ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਉਹ ਸੁਰੱਖਿਆ ਲਈ ਖੁੱਡੇਨੁਮਾ ਮੁਹੱਲਿਆਂ ‘ਚ ਸਿਮਟਦੇ ਜਾ ਰਹੇ ਹਨ। ਮੁੱਖਧਾਰਾ ਮੀਡੀਆ ‘ਚ ਵੀ ਭਾਰਤੀ ਮੁਸਲਮਾਨਾਂ ਲਈ ਕੋਈ ਥਾਂ ਨਹੀਂ। ਹੁਣ ਅਸੀਂ ਸਿਰਫ ਉਨ੍ਹਾਂ ਮੁਸਲਮਾਨਾਂ ਦੀ ਆਵਾਜ਼ ਟੀ.ਵੀ. ‘ਤੇ ਸੁਣ ਸਕਦੇ ਹਾਂ, ਜਿਨ੍ਹਾਂ ਨੂੰ ਨਿਊਜ਼ ਪ੍ਰੋਗਰਾਮਾਂ ਵਿਚ ਪੁਰਾਤਨ ਇਸਲਾਮਿਕ ਮੌਲਾਨਾ ਦੇ ਤੌਰ ‘ਤੇ ਸੱਦਿਆ ਜਾਂਦਾ ਹੈ, ਜੋ ਪਹਿਲਾਂ ਹੀ ਖਰਾਬ ਹਾਲਾਤ ਨੂੰ ਹੋਰ ਖਰਾਬ ਬਣਾਉਂਦੇ ਹਨ।
ਇਸ ਤੋਂ ਇਲਾਵਾ ਭਾਰਤ ਵਿਚ ਮੁਸਲਿਮ ਭਾਈਚਾਰੇ ਦੀ ਇਕੋ-ਇਕ ਪ੍ਰਵਾਨਤ ਭਾਸ਼ਾ ਇਹ ਹੈ ਕਿ ਉਹ ਵਾਰ-ਵਾਰ ਜਨਤਕ ਤੌਰ ‘ਤੇ ਮੁਲਕ ਦੇ ਝੰਡੇ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰਦੇ ਰਹਿਣ। ਕਸ਼ਮੀਰੀਆਂ ਨੂੰ ਉਨ੍ਹਾਂ ਦੇ ਇਤਿਹਾਸ ਅਤੇ ਉਸ ਤੋਂ ਵੀ ਵੱਧ ਉਨ੍ਹਾਂ ਦੇ ਭੂਗੋਲ ਲਈ ਸਜ਼ਾ ਦਿੱਤੀ ਜਾ ਰਹੀ ਹੈ, ਪਰ ਉਨ੍ਹਾਂ ਕੋਲ ਜ਼ਿੰਦਾ ਰਹਿਣ ਦੀ ਵਜ੍ਹਾ ਦੇ ਤੌਰ ‘ਤੇ ਆਜ਼ਾਦੀ ਦਾ ਸੁਪਨਾ ਹੈ ਲੇਕਿਨ ਭਾਰਤੀ ਮੁਸਲਮਾਨਾਂ ਨੂੰ ਤਾਂ ਇਸ ਡੁੱਬਦੇ ਜਹਾਜ ‘ਤੇ ਹੀ ਬੈਠੇ ਰਹਿਣਾ ਪੈਣਾ ਹੈ ਅਤੇ ਇਸ ਦੀਆਂ ਮੋਰੀਆਂ ਨੂੰ ਮੋਂਦਾ ਲਾਉਣ ਵਿਚ ਮਦਦ ਵੀ ਕਰਨੀ ਪੈਣੀ ਹੈ। (ਦੇਸ਼ਧ੍ਰੋਹੀ ਖਲਨਾਇਕਾਂ ਦੀ ਇਕ ਹੋਰ ਸ਼੍ਰੇਣੀ ਹੈ, ਜਿਸ ਵਿਚ ਮਨੁੱਖੀ ਅਧਿਕਾਰ ਕਾਰਕੁਨ, ਵਕੀਲ, ਵਿਦਿਆਰਥੀ, ਅਧਿਆਪਕ ਅਤੇ ‘ਸ਼ਹਿਰੀ ਮਾਓਵਾਦੀ’ ਆਉਂਦੇ ਹਨ, ਜਿਨ੍ਹਾਂ ਨੂੰ ਬਦਨਾਮ ਕੀਤਾ ਗਿਆ, ਜੇਲ੍ਹਾਂ ਵਿਚ ਡੱਕਿਆ ਗਿਆ ਅਤੇ ਕਾਨੂੰਨੀ ਕੇਸਾਂ ਵਿਚ ਫਸਾ ਦਿੱਤਾ ਗਿਆ। ਇਜ਼ਰਾਈਲ ਦੇ ਜਾਸੂਸੀ ਸਾਫਟਵੇਅਰ ਨਾਲ ਇਨ੍ਹਾਂ ਦੀ ਜਾਸੂਸੀ ਕੀਤੀ ਗਈ ਅਤੇ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ)।
ਤਬਰੇਜ਼ ਅੰਸਾਰੀ ਦਾ ਹਜੂਮੀ ਕਤਲ ਇਹ ਸਮਝਣ ਲਈ ਕਾਫੀ ਹੈ ਕਿ ਜਹਾਜ ਕਿੰਨਾ ਬੁਰੀ ਤਰ੍ਹਾਂ ਟੁੱਟ-ਭੱਜ ਗਿਆ ਹੈ ਅਤੇ ਇਸ ਨੂੰ ਅੰਦਰ ਤਕ ਕਿੰਨਾ ਜੰਗਾਲ ਲੱਗ ਚੁਕਾ ਹੈ। ਇਥੇ ਅਮਰੀਕਾ ਵਿਚ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਜੂਮੀ ਕਤਲ ਦਾ ਮਤਲਬ ਹੈ, ਇਕ ਰਸਮੀ ਤਰੀਕੇ ਨਾਲ ਕਤਲ ਦੀ ਨੁਮਾਇਸ਼, ਜਿਸ ਵਿਚ ਕਿਸੇ ਆਦਮੀ ਜਾਂ ਔਰਤ ਨੂੰ ਇਸ ਲਈ ਮਾਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਨੂੰ ਦੱਸਿਆ ਜਾ ਸਕੇ, ਉਨ੍ਹਾਂ ਦੀ ਜਾਨ ਹਜੂਮ ਦੇ ਰਹਿਮੋ-ਕਰਮ ‘ਤੇ ਨਿਰਭਰ ਹੈ। ਪੁਲਿਸ, ਕਾਨੂੰਨ, ਸਰਕਾਰ ਅਤੇ ਇਥੋਂ ਤਕ ਕਿ ਐਸੇ ਲੋਕ ਵੀ, ਜੋ ਇਕ ਮੱਖੀ ਤੱਕ ਨਹੀਂ ਮਾਰ ਸਕਦੇ, ਤੇ ਜੋ ਕੰਮ ‘ਤੇ ਜਾਂਦੇ ਹਨ ਅਤੇ ਆਪਣੇ ਟੱਬਰ ਪਾਲਦੇ ਹਨ, ਉਹ ਵੀ ਹਜੂਮ ਦੇ ਸਹਿਯੋਗੀ ਹੁੰਦੇ ਹਨ।
ਤਬਰੇਜ਼ ਦਾ ਹਜੂਮੀ ਕਤਲ ਇਸ ਸਾਲ ਜੂਨ ‘ਚ ਹੋਇਆ। ਉਹ ਲੜਕਾ ਅਨਾਥ ਸੀ ਅਤੇ ਉਸ ਦੀ ਪਰਵਰਿਸ਼ ਝਾਰਖੰਡ ਵਿਚ ਉਸ ਦੇ ਚਾਚਾ-ਚਾਚੀ ਦੇ ਘਰ ਹੋਈ ਸੀ। ਚੜ੍ਹਦੀ ਉਮਰੇ ਉਹ ਪੂਨੇ ਚਲਾ ਗਿਆ ਅਤੇ ਵੈਲਡਰ ਦੀ ਨੌਕਰੀ ਕਰ ਲਈ। 22 ਸਾਲ ਦੀ ਉਮਰੇ ਵਿਆਹ ਕਰਾਉਣ ਲਈ ਘਰ ਵਾਪਸ ਆਇਆ। 18 ਸਾਲਾਂ ਦੀ ਸ਼ਾਇਸਤਾ ਨਾਲ ਵਿਆਹੇ ਜਾਣ ਤੋਂ ਅਗਲੇ ਦਿਨ ਹੀ ਹਜੂਮ ਨੇ ਤਬਰੇਜ਼ ਨੂੰ ਘੇਰ ਲਿਆ, ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਸ ਨੂੰ ਕਈ ਘੰਟੇ ਕੁੱਟਿਆ ਅਤੇ ਉਸ ਨੂੰ ਨਵਾਂ ਜੰਗੀ ਨਾਅਰਾ ‘ਜੈ ਸ੍ਰੀਰਾਮ’ ਲਾਉਣ ਲਈ ਮਜਬੂਰ ਕੀਤਾ। ਪੁਲਿਸ ਨੇ ਦੂਜੇ ਦਿਨ ਉਸ ਨੂੰ ਹਿਰਾਸਤ ਵਿਚ ਲੈ ਲਿਆ, ਪਰ ਪਰਿਵਾਰ ਅਤੇ ਨਵੀਂ ਵਿਆਹੀ ਬਹੂ ਨੂੰ ਉਸ ਨੂੰ ਹਸਪਤਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੁਲਿਸ ਨੇ ਉਸ ‘ਤੇ ਚੋਰੀ ਦਾ ਦੋਸ਼ ਲਾ ਕੇ ਮੈਜਿਸਟਰੇਟ ਦੇ ਪੇਸ਼ ਕੀਤਾ। ਮੈਜਿਸਟਰੇਟ ਨੇ ਉਸ ਨੂੰ ਹਸਪਤਾਲ ਨਹੀਂ, ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਜਿੱਥੇ ਚਾਰ ਦਿਨ ਪਿਛੋਂ ਉਸ ਦੀ ਮੌਤ ਹੋ ਗਈ।
ਕੌਮੀ ਜੁਰਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਵਿਚ ਬਹੁਤ ਹੀ ਚਲਾਕੀ ਨਾਲ ਹਜੂਮੀ ਕਤਲਾਂ ਦੇ ਅੰਕੜੇ ਗਾਇਬ ਕਰ ਦਿੱਤੇ ਗਏ। ਨਿਊਜ਼ ਪੋਰਟਲ ‘ਦਿ ਕੁਇੰਟ’ ਅਨੁਸਾਰ 2015 ਤੋਂ ਲੈ ਕੇ ਹੁਣ ਤਕ ਹਜੂਮੀ ਕਤਲਾਂ ਨਾਲ 113 ਲੋਕਾਂ ਦੀ ਮੌਤ ਹੋਈ ਹੈ। ਹਜੂਮੀ ਕਤਲ ਕਰਨ ਵਾਲੇ ਤੇ ਸਮੂਹਕ ਕਤਲੇਆਮ ਕਰਨ ਵਾਲੇ ਘਿਨਾਉਣੇ ਜੁਰਮਾਂ ਵਿਚ ਸ਼ਾਮਲ ਲੋਕਾਂ ਨੂੰ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ ਗਿਆ ਅਤੇ ਮੋਦੀ ਦੇ ਵਜ਼ੀਰਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਮੋਦੀ ਜੋ ਟਵਿੱਟਰ ‘ਤੇ ਹਮੇਸ਼ਾ ਕੁਝ ਨਾ ਕੁਝ ਟਵੀਟ ਕਰਦਾ ਰਹਿੰਦਾ ਹੈ, ਹਮੇਸ਼ਾ ਹਮਦਰਦੀ ਅਤੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਲਈ ਤਤਪਰ ਰਹਿੰਦਾ ਹੈ, ਜਦੋਂ ਵੀ ਹਜੂਮੀ ਕਤਲ ਹੁੰਦਾ ਹੈ, ਉਦੋਂ ਹਮੇਸ਼ਾ ਹੀ ਖਾਮੋਸ਼ੀ ਧਾਰ ਲੈਂਦਾ ਹੈ। ਸ਼ਾਇਦ ਇੰਞ ਸੋਚਣਾ ਹੀ ਤਰਕਹੀਣ ਹੈ ਕਿ ਜਦ ਵੀ ਕੋਈ ਕੁੱਤਾ ਕਿਸੇ ਦੀ ਗੱਡੀ ਥੱਲੇ ਆ ਜਾਵੇ ਤਾਂ ਪ੍ਰਧਾਨ ਮੰਤਰੀ ਉਸ ‘ਤੇ ਟਿੱਪਣੀ ਕਰੇ।
ਆਰ. ਐਸ਼ ਐਸ਼ ਮੁਖੀ ਮੋਹਨ ਭਾਗਵਤ ਨੇ ਦਾਅਵਾ ਕੀਤਾ ਹੈ ਕਿ ਹਜੂਮੀ ਕਤਲ ਪੱਛਮੀ ਧਾਰਨਾ ਹੈ, ਜੋ ਬਾਈਬਲ ਨਾਲ ਆਈ ਹੈ ਅਤੇ ਹਿੰਦੂਆਂ ਵਿਚ ਐਸੀ ਕੋਈ ਪਰੰਪਰਾ ਨਹੀਂ ਹੈ। ਭਾਗਵਤ ਨੇ ਕਿਹਾ ਹੈ ਕਿ “ਹਜੂਮੀ ਕਤਲਾਂ ਦੀ ਮਹਾਂਮਾਰੀ” ਦੀ ਗੱਲ ਕਰਨਾ ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।
ਅਸੀਂ ਜਾਣਦੇ ਹਾਂ ਕਿ ਯੂਰਪ ‘ਚ ਉਦੋਂ ਕੀ ਹੋਇਆ ਸੀ, ਜਦ ਅਜਿਹੀ ਵਿਚਾਰਧਾਰਾ ਵਾਲੀ ਇਕ ਜਥੇਬੰਦੀ ਨੇ ਪਹਿਲਾਂ ਖੁਦ ਨੂੰ ਮੁਲਕ ‘ਤੇ ਥੋਪਿਆ ਅਤੇ ਪਿਛੋਂ ਉਸ ਦਾ ਵਿਸਤਾਰ ਕਰਨਾ ਚਾਹਿਆ। ਅਸੀਂ ਜਾਣਦੇ ਹਾਂ ਕਿ ਇਸ ਪਿਛੋਂ ਜੋ ਵਾਪਰਿਆ, ਉਹ ਇਸ ਕਰਕੇ ਹੋਇਆ, ਦੇਖਣ-ਸੁਣਨ ਵਾਲਿਆਂ ਦੀ ਸ਼ੁਰੂਆਤੀ ਚਿਤਾਵਨੀ ਨੂੰ ਕੁਲ ਆਲਮ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਹੋ ਸਕਦਾ ਹੈ, ਇਹ ਚਿਤਾਵਨੀਆਂ ਉਸ ਮਰਦਾਵੀਂ, ਪੁਰਾਤਨ ਅੰਗਰੇਜ਼ ਨਸਲ ਦੀ ਦੁਨੀਆਂ ਲਈ ਸੰਤੁਲਿਤ ਜਾਂ ਮਰਯਾਦਾਪੂਰਨ ਨਾ ਰਹੀਆਂ ਹੋਣ, ਜੋ ਮੁਸੀਬਤਾਂ ਜਾਂ ਭਾਵਨਾਵਾਂ ਦੇ ਖੁੱਲ੍ਹੇ ਇਜ਼ਹਾਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੀ ਹੈ।
ਹਾਲਾਂਕਿ ਇਕ ਖਾਸ ਤਰ੍ਹਾਂ ਦੀ ਭੜਕਾਊ ਭਾਵਨਾ ਉਸ ਨੂੰ ਕਬੂਲ ਹੈ। ਇਹ ਭਾਵਨਾ ਕੁਝ ਹਫਤੇ ਪਹਿਲਾਂ ਅਮਰੀਕਾ ਵਿਚ ਖੂਬ ਨਜ਼ਰ ਆਈ ਸੀ। 22 ਸਤੰਬਰ 2019 ਨੂੰ ਅਮਰੀਕਾ ਵਿਚ, ਇਹ ਨਰਮਦਾ ਡੈਮ ਲਾਗੇ ਮੋਦੀ ਦੇ ਜਨਮ ਦਿਨ ਦੀ ਪਾਰਟੀ ਤੋਂ ਚਾਰ-ਪੰਜ ਦਿਨ ਪਿਛੋਂ ਦੀ ਗੱਲ ਹੈ, ਹਜ਼ਾਰਾਂ ਭਾਰਤੀ-ਅਮਰੀਕਨ ਹਿਊਸਟਨ ਦੇ ਐਨ. ਆਰ. ਜੀ. ਸਟੇਡੀਅਮ ਵਿਚ ਸਮਾਗਮ ‘ਹਾਓਡੀ ਮੋਦੀ!’ ਵਿਚ ਸ਼ਾਮਲ ਹੋਣ ਆਏ ਸਨ। ਹੁਣ ਇਹ ਪ੍ਰੋਗਰਾਮ ਸ਼ਹਿਰੀ ਦੰਦਕਥਾ ਦਾ ਵਿਸ਼ਾ ਬਣ ਚੁਕਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਬੜੀ ਦਰਿਆਦਿਲੀ ਦਿਖਾਉਂਦਿਆਂ ਆਪਣੇ ਹੀ ਮੁਲਕ ‘ਚ ਆਪਣੀ ਹੀ ਜਨਤਾ ਮੂਹਰੇ ਅਮਰੀਕਾ ਦੇ ਦੌਰੇ ‘ਤੇ ਆਏ ਭਾਰਤੀ ਪ੍ਰਧਾਨ ਮੰਤਰੀ ਵਲੋਂ ਖੁਦ ਨੂੰ ਖਾਸ ਮਹਿਮਾਨ ਕਹੇ ਜਾਣ ਦੀ ਇਜਾਜ਼ਤ ਦਿੱਤੀ। ਅਮਰੀਕੀ ਕਾਂਗਰਸ ਦੇ ਕਈ ਮੈਂਬਰਾਂ ਨੇ ਇਸ ਮੌਕੇ ‘ਤੇ ਭਾਸ਼ਣ ਦਿੱਤੇ, ਬਹੁਤ ਹੀ ਖਿੜੀਆਂ ਵਾਛਾਂ ਨਾਲ ਤੇ ਖੁਸ਼ਾਮਦੀ ਅੰਦਾਜ਼ ਵਿਚ। ਨਗਾਰਿਆਂ ਦੀ ਗੂੰਜ ਵਿਚ ਖੁਸ਼ੀ ਨਾਲ ਬਾਘੀਆਂ ਪਾਉਂਦੇ ਅਤੇ ਤਾਰੀਫਾਂ ਨਾਲ ਨੱਕੋਨੱਕ ਭਰੇ ਹਜੂਮ ਨੇ ‘ਮੋਦੀ, ਮੋਦੀ’ ਦੇ ਨਾਅਰੇ ਲਾਏ। ਸਟੇਡੀਅਮ ਤਾਂ ਜਿਵੇਂ ਜਨੂੰਨੀ ਸ਼ੋਰ ਨਾਲ ਫਟਣ ਵਾਲਾ ਹੋਇਆ ਪਿਆ ਸੀ। ਭਾਰਤ ਵਿਚ ਉਸ ਸ਼ੋਰ-ਸ਼ਰਾਬੇ ਨੂੰ ਟੀ.ਵੀ. ਚੈਨਲਾਂ ਨੇ ਕਾਰਪੈਟ ਕਵਰੇਜ਼ ਜ਼ਰੀਏ ਹਜ਼ਾਰ ਗੁਣਾਂ ਵਧਾ-ਚੜ੍ਹਾ ਕੇ ਦਿਖਾਇਆ। ਦੇਖਦੇ ਹੀ ਦੇਖਦੇ ‘ਹਾਓਡੀ’ ਹਿੰਦੀ ਸ਼ਬਦ ਬਣ ਗਿਆ। ਇਸ ਦੌਰਾਨ ਸਟੇਡੀਅਮ ਦੇ ਬਾਹਰ ਵਿਰੋਧ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਇਨ੍ਹਾਂ ਨਿਊਜ਼ ਸੰਸਥਾਵਾਂ ਨੇ ਨਜ਼ਰਅੰਦਾਜ਼ ਕਰ ਦਿੱਤਾ।
ਭਾਰਤ ਵਿਚ ਸਾਡੇ ਵਿਚੋਂ ਕਈ ਲੋਕ ਥਰ-ਥਰ ਕੰਬਦੇ ਕਦੇ ‘ਹਾਓਡੀ ਮੋਦੀ’ ਦੇਖ ਰਹੇ ਸਨ ਤੇ ਕਦੇ ਨਾਜ਼ੀ ਰੈਲੀ ‘ਤੇ ਬਣੀ ਲਾਓਰਾ ਪੋਇਟ੍ਰਾਸ ਦੀ 1939 ਦੀ ਛੋਟੀ ਦਸਤਾਵੇਜ਼ੀ ਫਿਲਮ, ਜਿਸ ਵਿਚ ਸਾਰਾ ਮੈਡੀਸਨ ਸਕੁਏਅਰ ਗਾਰਡਨ ਖਚਾਖਚ ਭਰਿਆ ਹੋਇਆ ਸੀ।
ਹਿਊਸਟਨ ਸਟੇਡੀਅਮ ਵਿਚ 60 ਹਜ਼ਾਰ ਲੋਕਾਂ ਦਾ ਹੱਲਾ-ਗੁੱਲਾ ਵੀ ਕੰਨ ਪਾੜਵੇਂ ਕਸ਼ਮੀਰ ਦੇ ਸੰਨਾਟੇ ਨੂੰ ਦਬਾ ਨਾ ਸਕਿਆ। ਉਸ ਦਿਨ, 22 ਸਤੰਬਰ ਨੂੰ ਜਦ ਇਥੇ ਪ੍ਰੋਗਰਾਮ ਹੋ ਰਿਹਾ ਸੀ, ਘਾਟੀ ਵਿਚ ਕਰਫਿਊ ਅਤੇ ਸੰਚਾਰ ਸੇਵਾਵਾਂ ‘ਤੇ ਲੱਗੀ ਰੋਕ ਦੇ 48 ਦਿਨ ਪੂਰੇ ਹੋ ਚੁਕੇ ਸਨ।
ਮੋਦੀ ਨੇ ਇਕ ਵਾਰ ਫਿਰ ਆਪਣੇ ਵਿਸ਼ੇਸ਼ ਵਹਿਸ਼ੀਪਣ ਦੀ ਐਸੀ ਨੁਮਾਇਸ਼ ਲਾਈ, ਜੋ ਆਧੁਨਿਕ ਯੁਗ ਵਿਚ ਕਿਸੇ ਨੇ ਦੇਖੀ-ਸੁਣੀ ਨਹੀਂ ਹੋਵੇਗੀ; ਤੇ ਇਕ ਵਾਰ ਫਿਰ ਇਸ ਨੁਮਾਇਸ਼ ਨੇ ਭਗਤਾਂ ‘ਚ ਉਸ ਨੂੰ ਹੋਰ ਵਧੇਰੇ ਪ੍ਰੇਮ ਦਾ ਪਾਤਰ ਬਣਾ ਦਿੱਤਾ। 6 ਅਗਸਤ ਨੂੰ ਜਦ ‘ਜੰਮੂ ਕਸ਼ਮੀਰ ਪੁਨਰਗਠਨ ਐਕਟ’ ਸੰਸਦ ਵਿਚ ਪਾਸ ਹੋਇਆ ਤਾਂ ਹਰ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਨੇ ਇਸ ਦਾ ਜਸ਼ਨ ਮਨਾਇਆ। ਦਫਤਰਾਂ ਵਿਚ ਮਿਠਾਈਆਂ ਵੰਡੀਆਂ ਗਈਆਂ ਅਤੇ ਸੜਕਾਂ ‘ਤੇ ਭੰਗੜੇ ਪਾਏ। ਇਸ ਦਿਨ ਨੂੰ ਜੇਤੂ ‘ਬਸਤੀਵਾਦੀ ਕਬਜ਼ਾ, ਹਿੰਦੂ ਰਾਸ਼ਟਰ ਦਾ ਇਕ ਜੇਤੂ ਨਾਅਰਾ’ ਉਤਸ਼ਾਹ ਨਾਲ ਮਨਾਇਆ ਗਿਆ। ਇਕ ਵਾਰ ਫਿਰ ਜਿੱਤਣ ਵਾਲਿਆਂ ਦੀਆਂ ਲਲਚਾਈਆਂ ਨਜ਼ਰਾਂ ਜਿੱਤ ਦੀ ਮਨੁੱਖੀ ਟਰਾਫੀ ‘ਜ਼ਮੀਨ ਤੇ ਔਰਤਾਂ’ ‘ਤੇ ਟਿਕ ਗਈਆਂ। ਭਾਜਪਾ ਦੇ ਸੀਨੀਅਰ ਆਗੂਆਂ ਦੇ ਬਿਆਨ ਅਤੇ ਦੇਸ਼ਭਗਤੀ ਦੇ ਪੌਪ ਵੀਡੀਓ, ਜੋ ਕਰੋੜਾਂ ਲੋਕਾਂ ਨੇ ਦੇਖੇ, ਇਸ ਘ੍ਰਿਣਤ ਕਾਰੇ ਨੂੰ ਜਾਇਜ਼ ਠਹਿਰਾ ਰਹੇ ਸਨ। ਗੂਗਲ ਰੁਝਾਨ ਤੋਂ ਪਤਾ ਲੱਗਦਾ ਹੈ ਕਿ ‘ਕਸ਼ਮੀਰੀ ਲੜਕੀ ਨਾਲ ਵਿਆਹ’ ਅਤੇ ‘ਕਸ਼ਮੀਰ ਵਿਚ ਜ਼ਮੀਨ ਖਰੀਦਣ’ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ।
ਇਹ ਸਿਰਫ ਗੂਗਲ ‘ਤੇ ਭੱਦੀ ਖੋਜ ਤਕ ਸੀਮਤ ਨਹੀਂ ਰਿਹਾ। ਕਸ਼ਮੀਰ ਦੀ ਘੇਰਾਬੰਦੀ ਪਿਛੋਂ ਕੁਝ ਦਿਨਾਂ ਵਿਚ ਹੀ ‘ਵਣ ਸਲਾਹਕਾਰ ਕਮੇਟੀ’ ਨੇ ਜੰਗਲ ਦੇ ਹੋਰ ਇਸਤੇਮਾਲ ਲਈ 125 ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ।
ਖੁੱਲ੍ਹੀ ਜੇਲ੍ਹਬੰਦੀ ਦੇ ਮੁੱਢਲੇ ਦਿਨਾਂ ਤੋਂ ਲੈ ਕੇ ਬਹੁਤ ਹੀ ਘੱਟ ਖਬਰ ਬਾਹਰ ਆਈ। ਭਾਰਤੀ ਮੀਡੀਆ ਨੇ ਸਾਨੂੰ ਉਹੀ ਦੱਸਿਆ, ਜੋ ਸਰਕਾਰ ਸਾਨੂੰ ਦੱਸਣਾ ਚਾਹੁੰਦੀ ਸੀ। ਕਸ਼ਮੀਰੀ ਅਖਬਾਰਾਂ ‘ਤੇ ਮੁਕੰਮਲ ਸੈਂਸਰਸ਼ਿਪ ਲਾ ਦਿੱਤੀ ਗਈ। ਇਹ ਅਖਬਾਰ ਰੱਦ ਹੋ ਚੁਕੇ ਵਿਆਹਾਂ, ਪੌਣਪਾਣੀ ਵਿਚ ਬਦਲਾਓ ਦੇ ਅਸਰ, ਝੀਲਾਂ ਅਤੇ ਜੰਗਲੀ ਜੀਵਾਂ ਦੀਆਂ ਰੱਖਾਂ, ਸ਼ੂਗਰ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਜਿਉਣ ਦੇ ਨੁਸਖੇ ਅਤੇ ਪਹਿਲੇ ਪੰਨਿਆਂ ਵਿਚ ਉਨ੍ਹਾਂ ਸਰਕਾਰੀ ਇਸ਼ਤਿਹਾਰਾਂ ਨਾਲ ਭਰੇ ਹੋਏ ਸਨ, ਜੋ ਦੱਸਦੇ ਸਨ ਕਿ ਕਸ਼ਮੀਰ ਦੇ ਨਵੇਂ, ਘਟੇ ਹੋਏ ਸੰਵਿਧਾਨਕ ਦਰਜੇ ਨਾਲ ਕਸ਼ਮੀਰੀਆਂ ਨੂੰ ਕੀ ਕੀ ਲਾਭ ਹੋਣਗੇ। ਇਨ੍ਹਾਂ ‘ਲਾਭਾਂ’ ਵਿਚ ਸੰਭਵ ਤੌਰ ‘ਤੇ ਵੱਡੇ ਡੈਮਾਂ ਦਾ ਨਿਰਮਾਣ ਵੀ ਸ਼ਾਮਲ ਹੈ, ਜੋ ਕਸ਼ਮੀਰ ਵਿਚ ਵਗਣ ਵਾਲੀਆਂ ਨਦੀਆਂ ਦੇ ਪਾਣੀ ਨੂੰ ਆਪਣੇ ਕਬਜ਼ੇ ਵਿਚ ਲੈ ਲੈਣਗੇ ਅਤੇ ਇਸ ਦੀ ਮਨ ਮਰਜ਼ੀ ਨਾਲ ਵਰਤੋ ਕਰਨਗੇ। ਇਨ੍ਹਾਂ ਲਾਭਾਂ ਵਿਚ ਜੰਗਲ ਦੀ ਕਟਾਈ ਨਾਲ ਮਿੱਟੀ ਦੇ ਖੁਰਨ, ਹਿਮਾਲਿਆ ਦੇ ਨਾਜ਼ੁਕ ਈਕੋ-ਸਿਸਟਮ ਦੀ ਤਬਾਹੀ ਅਤੇ ਨਿਸ਼ਚੇ ਹੀ ਕਸ਼ਮੀਰ ਦੀ ਕੁਦਰਤੀ ਦੌਲਤ ਦੀ ਭਾਰਤੀ ਕਾਰਪੋਰੇਟ ਰਾਹੀਂ ਲੁੱਟ ਵੀ ਸ਼ਾਮਲ ਹੋਵੇਗੀ।
ਆਮ ਲੋਕਾਂ ਦੀ ਜ਼ਿੰਦਗੀ ਦੀ ਅਸਲ ਰਿਪੋਰਟਿੰਗ ਜ਼ਿਆਦਾਤਰ ਐਸੇ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੇ ਕੀਤੀ ਜੋ ‘ਏਜੇਂਸ ਫਰਾਂਸ ਪ੍ਰੈਸੇ’, ‘ਐਸੋਸੀਏਟਿਡ ਪ੍ਰੈਸ’, ‘ਅਲ-ਜ਼ਜ਼ੀਰਾ’, ‘ਦਿ ਗਾਰਡੀਅਨ’, ‘ਬੀ.ਬੀ.ਸੀ.’, ‘ਦਿ ਨਿਊ ਯਾਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਵਰਗੇ ਕੌਮਾਂਤਰੀ ਮੀਡੀਆ ਨਾਲ ਜੁੜੇ ਹੋਏ ਸਨ। ਸੂਚਨਾ ਦੇ ਖਲਾਅ ਦੇ ਮਾਹੌਲ ਵਿਚ ਕੰਮ ਕਰਦੇ ਹੋਏ, ਜਿਸ ਵਿਚ ਆਧੁਨਿਕ ਯੁਗ ਦੇ ਪੱਤਰਕਾਰਾਂ ਵਰਗੀ ਕੋਈ ਸਹੂਲਤ ਹਾਸਲ ਨਹੀਂ ਸੀ, ਜ਼ਿਆਦਾਤਰ ਕਸ਼ਮੀਰੀ ਪੱਤਰਕਾਰਾਂ ਨੇ ਬਹੁਤ ਜੋਖਮ ਲੈ ਕੇ ਆਪਣੇ ਖੇਤਰਾਂ ਦਾ ਦੌਰਾ ਕੀਤਾ ਅਤੇ ਸਾਡੇ ਲਈ ਖਬਰਾਂ ਬਾਹਰ ਲਿਆਏ। ਖਬਰਾਂ ਕੀ ਸਨ: ਰਾਤ ਨੂੰ ਮਾਰੇ ਜਾ ਰਹੇ ਛਾਪਿਆਂ ਦੀਆਂ ਖਬਰਾਂ, ਨੌਜਵਾਨ ਲੜਕਿਆਂ ਨੂੰ ਫੜ ਕੇ ਉਨ੍ਹਾਂ ਉਪਰ ਘੰਟਿਆਂ ਤੱਕ ਤਸ਼ੱਦਦ ਕਰਨ ਦੀਆਂ ਖਬਰਾਂ, ਉਨ੍ਹਾਂ ਦੀਆਂ ਚੀਕਾਂ ਨੂੰ ਮਾਈਕਾਂ ਉਪਰ ਸੁਣਾਏ ਜਾਣ ਦੀਆਂ ਖਬਰਾਂ ਤਾਂ ਕਿ ਉਨ੍ਹਾਂ ਦੇ ਗੁਆਂਢੀ ਅਤੇ ਪਰਿਵਾਰ ਵਾਲੇ ਸਬਕ ਲੈ ਸਕਣ, ਫੌਜੀਆਂ ਦਾ ਪਿੰਡਾਂ ਦੇ ਲੋਕਾਂ ਦੇ ਘਰਾਂ ਵਿਚ ਘੁਸ ਕੇ ਸਰਦੀਆਂ ਲਈ ਜਮਾਂ ਕਰਕੇ ਰੱਖੇ ਅਨਾਜ ਉਪਰ ਗੋਹਾ ਅਤੇ ਮਿੱਟੀ ਦਾ ਤੇਲ ਡੋਲ੍ਹ ਦੇਣ ਦੀਆਂ ਖਬਰਾਂ, ਇਨ੍ਹਾਂ ਵਿਚ ਉਨ੍ਹਾਂ ਬੱਚਿਆਂ ਦੀਆਂ ਖਬਰਾਂ ਵੀ ਸਨ ਜਿਨ੍ਹਾਂ ਦੇ ਜਿਸਮ ਪੈਲੇਟ ਗੰਨਾਂ ਨਾਲ ਛਲਣੀ ਕਰ ਦਿੱਤੇ ਗਏ ਸਨ ਅਤੇ ਉਹ ਆਪਣਾ ਇਲਾਜ ਘਰਾਂ ਵਿਚ ਹੀ ਕਰਾ ਰਹੇ ਸਨ ਕਿਉਂਕਿ ਜੇ ਉਹ ਇਲਾਜ ਕਰਾਉਣ ਲਈ ਹਸਪਤਾਲ ਜਾਂਦੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਸੀ। ਇਨ੍ਹਾਂ ਵਿਚ ਉਨ੍ਹਾਂ ਸੈਂਕੜੇ ਬੱਚਿਆਂ ਦੀਆਂ ਖਬਰਾਂ ਵੀ ਸਨ ਜਿਨ੍ਹਾਂ ਨੂੰ ਰਾਤ ਦੇ ਹਨੇਰੇ ਵਿਚ ਘਰਾਂ ਤੋਂ ਚੁੱਕ ਲਿਆ ਗਿਆ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਖਬਰਾਂ ਵੀ ਜੋ ਬੇਚੈਨੀ ਅਤੇ ਚਿੰਤਾ ਨਾਲ ਬਿਮਾਰ ਪਏ ਸਨ। ਇਨ੍ਹਾਂ ਵਿਚ ਡਰ, ਗੁੱਸੇ, ਨਿਰਾਸ਼ਾ, ਭਰਮ, ਫੌਲਾਦੀ ਦ੍ਰਿੜਤਾ ਅਤੇ ਪੁਰਜੋਸ਼ ਟਾਕਰੇ ਦੀਆਂ ਖਬਰਾਂ ਵੀ ਸਨ।
ਲੇਕਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਕਸ਼ਮੀਰ ਦੀ ਘੇਰਾਬੰਦੀ ਸਿਰਫ ਕੁਝ ਲੋਕਾਂ ਦੇ ਦਿਮਾਗ ਦੀ ਕਾਢ ਹੈ। ਜੰਮੂ ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਦੱਸਿਆ ਕਿ ਕਸ਼ਮੀਰੀਆਂ ਦੇ ਲਈ ਟੈਲੀਫੋਨ ਲਾਈਨਾਂ ਦਾ ਮਹੱਤਵ ਨਹੀਂ ਹੈ ਕਿਉਂਕਿ ਇਨ੍ਹਾਂ ਦਾ ਇਸਤੇਮਾਲ ਸਿਰਫ ਦਹਿਸਤਗਰਦ ਕਰਦੇ ਹਨ। ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ, “ਜੰਮੂ ਕਸ਼ਮੀਰ ਵਿਚ ਆਮ ਜਨਜੀਵਨ ਪ੍ਰਭਾਵਿਤ ਨਹੀਂ ਹੋਇਆ ਹੈ। ਲੋਕ ਆਪਣੇ ਜ਼ਰੂਰੀ ਕੰਮ ਕਰ ਰਹੇ ਹਨ … ਜੋ ਲੋਕ ਕਹਿ ਰਹੇ ਹਨ ਕਿ ਜਨਜੀਵਨ ਪ੍ਰਭਾਵਿਤ ਹੋਇਆ ਹੈ, ਇਹ ਉਹੀ ਲੋਕ ਹਨ ਜਿਨ੍ਹਾਂ ਦਾ ਤੋਰੀ-ਫੁਲਕਾ ਦਹਿਸ਼ਤਵਾਦ ਦੇ ਸਹਾਰੇ ਚੱਲਦਾ ਹੈ।” ਇਨ੍ਹਾਂ ਬਿਆਨਾਂ ਤੋਂ ਇਹ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ ਕਿ ਭਾਰਤ ਸਰਕਾਰ ਕਿਨ੍ਹਾਂ ਲੋਕਾਂ ਨੂੰ ਦਹਿਸ਼ਤਗਰਦ ਮੰਨਦੀ ਹੈ।
ਜ਼ਰਾ ਕਲਪਨਾ ਕਰੋ ਕਿ ਪੂਰੇ ਨਿਊ ਯਾਰਕ ਸ਼ਹਿਰ ਵਿਚ ਖਬਰਾਂ ਉਪਰ ਪਾਬੰਦੀ ਲਗਾ ਦਿੱਤੀ ਜਾਵੇ ਅਤੇ ਐਸਾ ਕਰਫਿਊ ਥੋਪ ਦਿੱਤਾ ਜਾਵੇ ਜਿਸ ਵਿਚ ਲੱਖਾਂ ਫੌਜੀ ਗਸ਼ਤ ਕਰ ਰਹੇ ਹੋਣ। ਕਲਪਨਾ ਕਰੋ ਕਿ ਕੰਡਿਆਲੀਆਂ ਤਾਰਾਂ ਵਿਛਾ ਕੇ ਤੁਹਾਡੇ ਸ਼ਹਿਰ ਦਾ ਨਕਸ਼ਾ ਹੀ ਬਦਲ ਦਿੱਤਾ ਜਾਵੇ ਅਤੇ ਉਸ ਵਿਚ ਤਸੀਹਾ ਕੇਂਦਰ ਖੋਲ੍ਹ ਦਿੱਤੇ ਜਾਣ। ਕਲਪਨਾ ਕਰੋ ਕਿ ਤੁਹਾਡੇ ਆਂਢ-ਗੁਆਂਢ ਵਿਚ ਨਿੱਕੇ-ਨਿੱਕੇ ਅਬੂ ਗਰੇਬ (ਗੁਆਂਟਾਨਾਮੋ ਖਾੜੀ ਵਾਲੀ ਜੇਲ੍ਹ) ਬਣ ਜਾਣ। ਕਲਪਨਾ ਕਰੋ ਕਿ ਤੁਹਾਡੇ ਵਰਗੇ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਤੁਹਾਡੇ ਪਰਿਵਾਰ ਵਾਲਿਆਂ ਨੂੰ ਪਤਾ ਹੀ ਨਾ ਲੱਗੇ ਕਿ ਤੁਹਾਨੂੰ ਕਿੱਥੇ ਰੱਖਿਆ ਗਿਆ ਹੈ।
ਕਲਪਨਾ ਕਰੋ ਕਿ ਤੁਹਾਡਾ ਕਿਸੇ ਨਾਲ ਵੀ ਸੰਪਰਕ ਨਾ ਰਹੇ, ਆਪਣੇ ਗੁਆਂਢੀ ਨਾਲ ਵੀ ਨਹੀਂ; ਸ਼ਹਿਰ ਤੋਂ ਬਾਹਰ ਰਹਿਣ ਵਾਲੇ ਤੁਹਾਡੇ ਪਿਆਰਿਆਂ ਨਾਲ, ਬਾਹਰਲੀ ਦੁਨੀਆ ਦੇ ਕਿਸੇ ਵੀ ਵਿਅਕਤੀ ਨਾਲ ਤੁਹਾਡਾ ਸੰਪਰਕ ਹੀ ਟੁੱਟ ਜਾਵੇ ਅਤੇ ਹਫਤਿਆਂ ਤਕ ਇੰਞ ਹੀ ਚੱਲਦਾ ਰਹੇ। ਕਲਪਨਾ ਕਰੋ ਕਿ ਬੈਂਕ ਅਤੇ ਸਕੂਲ ਬੰਦ ਹਨ, ਬੱਚੇ ਆਪਣੇ ਘਰਾਂ ਵਿਚ ਕੈਦ ਹਨ। ਕਲਪਨਾ ਕਰੋ ਕਿ ਤੁਹਾਡੇ ਮਾਂ-ਬਾਪ, ਭਾਈ-ਭੈਣ, ਜੀਵਨ ਸਾਥੀ, ਜਾਂ ਬੱਚੇ ਮਰ ਰਹੇ ਹਨ ਅਤੇ ਤੁਹਾਨੂੰ ਹਫਤਿਆਂ ਤੱਕ ਇਸ ਦੀ ਖਬਰ ਹੀ ਨਾ ਮਿਲੇ। ਜ਼ਰਾ ਕਲਪਨਾ ਕਰੋ- ਮੈਡੀਕਲ ਐਮਰਜੈਂਸੀ, ਮਾਨਸਿਕ ਸਿਹਤ ਐਮਰਜੈਂਸੀ, ਖਾਣੇ, ਪੈਸੇ ਅਤੇ ਗੈਸ ਦੀ ਅਣਹੋਂਦ ਦੀ। ਕਲਪਨਾ ਕਰੋ ਕਿ ਤੁਸੀਂ ਇਕ ਦਿਹਾੜੀਦਾਰ ਮਜ਼ਦੂਰ ਜਾਂ ਠੇਕਾ ਮਜ਼ਦੂਰ ਹੋ ਅਤੇ ਤੁਸੀਂ ਹਫਤਿਆਂ ਤੋਂ ਕੰਮ ‘ਤੇ ਨਹੀਂ ਜਾ ਰਹੇ ਹੋ। ਅਤੇ ਜ਼ਰਾ ਸੋਚੋ ਕਿ ਤੁਹਾਨੂੰ ਕਿਹਾ ਜਾਵੇ ਕਿ ਇਹ ਸਭ ਤੁਹਾਡੇ ਭਲੇ ਲਈ ਕੀਤਾ ਜਾ ਰਿਹਾ ਹੈ।
(ਚਲਦਾ)