ਬੇੜਾ ਬੰਧਿ ਨ ਸਕਿਓ

ਸਰਬਜੀਤ ਸਿੰਘ ਜਿਉਣ ਵਾਲਾ
ਫੋਨ: 91-94644-12761
ਮਨੁੱਖ ਦੀ ਜ਼ਿੰਦਗੀ ਦਾ ਅਸਲ ਮਕਸਦ ਹੀ ਅਨੰਦ, ਸੰਤੁਸ਼ਟੀ ਜਾਂ ਸਦੀਵੀ ਖੁਸ਼ੀ ਹੈ, ਜਿਸ ਦੀ ਪ੍ਰਾਪਤੀ ਲਈ ਉਹ ਬੜੀ ਭੱਜ-ਦੌੜ ਤੇ ਜੱਦੋਜਹਿਦ ਕਰਦਾ ਹੈ। ਮਨੁੱਖ ਸਮਝਦਾ ਹੈ ਕਿ ਸਦੀਵੀ ਖੁਸ਼ੀ ਅਤੇ ਅਨੰਦ ਉਸ ਨੂੰ ਸਾਧਨਾਂ ਰਾਹੀਂ ਪ੍ਰਾਪਤ ਹੋਣਗੇ ਜਾਂ ਫਿਰ ਉਸ ਦੀਆਂ ਲੋੜਾਂ ਪੂਰੀਆਂ ਹੋਣ ‘ਤੇ ਪ੍ਰਾਪਤ ਹੋਣਗੇ, ਪਰ ਅਜਿਹਾ ਨਹੀਂ ਹੈ। ਇਹ ਸਾਧਨ ਜਾਂ ਸਹੂਲਤਾਂ ਥੋੜ੍ਹੇ ਸਮੇਂ ਲਈ ਤਾਂ ਉਸ ਦੀ ਤ੍ਰਿਪਤੀ ਕਰ ਸਕਦੇ ਹਨ, ਪਰ ਸਦੀਵੀ ਨਹੀਂ। ਜਿਉਂ ਜਿਉਂ ਮਨੁੱਖ ਇਹ ਸਾਧਨ ਜੁਟਾਉਂਦਾ ਹੈ, ਪਹਿਲਾਂ ਪ੍ਰਾਪਤ ਸਾਧਨ ਜਾਂ ਸਹੂਲਤਾਂ ਫਿੱਕੀਆਂ ਜਾਪਦੀਆਂ ਹਨ।

ਜਿਉਂ ਜਿਉਂ ਮਨੁੱਖ ਦੀਆਂ ਲੋੜਾਂ ਵਧਦੀਆਂ ਹਨ, ਉਸ ਦੀ ਤ੍ਰਿਸ਼ਨਾ ਵੀ ਵਧਦੀ ਜਾਂਦੀ ਹੈ। ਐਨਾ ਕੁਝ ਕੋਲ ਹੋਣ ਦੇ ਬਾਵਜੂਦ ਉਹ ਖਾਲੀ ਦਾ ਖਾਲੀ ਰਹਿੰਦਾ ਹੈ। ਅਸਲ ਗੱਲ ਮਨੁੱਖ ਨੂੰ ਸਮਝ ਨਹੀਂ ਪੈਂਦੀ ਕਿ ਇਹ ਸਦੀਵੀ ਖੁਸ਼ੀ ਜਾਂ ਅਨੰਦ ਕਿੱਥੋਂ ਪ੍ਰਾਪਤ ਹੋਵੇ! ਦੁਨੀਆਂ ਦੀ ਭੇਡ ਚਾਲ ਵਿਚ ਪਿਆ ਉਹ ਸਾਰੀ ਉਮਰ ਧੰਦੇ ਵਿਚ ਹੀ ਉਲਝਿਆ ਰਹਿੰਦਾ ਹੈ, ਪਰ ਗੁਰਬਾਣੀ ਦੇ ਫੁਰਮਾਨ ‘ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥’ ਵਾਲੀ ਗੱਲ ਉਸ ਦੇ ਖਾਨੇ ਵਿਚ ਨਹੀਂ ਪੈਂਦੀ।
ਜੇ ਮਨੁੱਖ ਦਾ ਗੁਰੂ ‘ਤੇ ਪੂਰਾ ਵਿਸ਼ਵਾਸ ਹੁੰਦਾ ਤਾਂ ਉਸ ਨੇ ਇਸ ਕੀਮਤੀ ਸਮੇਂ ਨੂੰ ਅੱਜ ਕੱਲ ਕਰਦਿਆਂ ਨਹੀਂ ਸੀ ਗਵਾਉਣਾ ਤੇ ਇਸ ਨਾਮ ਰੂਪੀ ਬੇੜੇ ਨੂੰ ਜਵਾਨੀ ਵਿਚ ਹੀ ਤਿਆਰ ਕਰ ਲੈਣਾ ਸੀ, ਕਿਉਂਕਿ ਪਿਛੋਂ ਤਾਂ ਵਿਕਾਰਾਂ ਦੇ ਸਮੁੰਦਰ ਨੇ ਉਸ ਦੀ ਪੇਸ਼ ਹੀ ਨਹੀਂ ਜਾਣ ਦੇਣੀ। ਜੇ ਖੇਤ ਵਿਚ ਵੱਤ ਸਿਰ ਫਸਲ ਨਾ ਬੀਜੀ ਜਾਵੇ ਤਾਂ ਕਿਸਾਨ ਨੂੰ ਅਖੀਰ ਵਿਚ ਨਿਰਾਸ਼ਾ ਹੀ ਹੁੰਦੀ ਹੈ, ਉਸ ਦੀ ਫਸਲ ਨੂੰ ਝਾੜ ਨਹੀਂ ਪੈਂਦਾ। ਇਸੇ ਤਰ੍ਹਾਂ ਜੇ ਮਨੁੱਖ ਜਵਾਨੀ ਜਾਂ ਇਸ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਵਿਚ ਨਾ ਜੁੜ ਸਕਿਆ ਤਾਂ ਪਿਛੋਂ ਉਸ ਦਾ ਜੁੜਨਾ ਮੁਸ਼ਕਿਲ ਹੈ। ਇਹੀ ਕੁਝ ਬਾਬਾ ਫਰੀਦ ਜੀ ਆਪਣੇ ਸ਼ਬਦ ਵਿਚ ਕਹਿ ਰਹੇ ਹਨ, ਪਰ ਮਨੁੱਖ ਦੀ ਬੁੱਧੀ ਰਜੋ ਤੇ ਤਮੋ ਗੁਣੀ ਹੋਣ ਕਰਕੇ ਅਸਲ ਰਹੱਸ ਨੂੰ ਸਮਝ ਨਹੀਂ ਰਹੀ, ਜੋ ਦੁਨਿਆਵੀ ਗੱਲਾਂ ਵਿਚੋਂ ਸੰਤੁਸ਼ਟੀ ਪ੍ਰਾਪਤ ਕਰਨਾ ਚਾਹੁੰਦੀ ਹੈ।
ਮਨੁੱਖ ਅਸਲ ਵਿਚ ਸਮਝਦਾ ਹੈ ਕਿ ਜ਼ਿੰਦਗੀ ਦੇ ਅਖੀਰੀ ਪੜਾਅ ਭਾਵ ਬੁਢੇਪੇ ਵਿਚ ਹੀ ਨਾਮ ਜਪਿਆ ਜਾ ਸਕਦਾ ਹੈ। ਪਹਿਲੀ ਉਮਰ ਤਾਂ ਕੰਮ-ਧੰਦੇ ਵਾਲੀ ਹੈ, ਬੱਸ ਇਸ ਉਮਰ ਵਿਚ ਮਨੁੱਖ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਕਰਕੇ ਉਹ ਅਰਾਮ ਨਾਲ ਨਾਮ ਜਪ ਸਕਦਾ ਹੈ, ਪਰ ਇਹ ਮਨੁੱਖ ਦੀ ਮਨ ਘੜਤ ਧਾਰਨਾ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਉਸ ਨੂੰ ਲੰਮੇਰੀ ਆਰਜਾ ਪ੍ਰਾਪਤ ਹੋਵੇ। ਸਾਹ ਦੇ ਇੱਕ ਪਲ ਦਾ ਵੀ ਵਿਸਾਹ ਨਹੀਂ। ਬੁਢਾਪੇ ਜਾਂ ਵਡੇਰੀ ਉਮਰ ਵਿਚ ਤਾਂ ਸਰੀਰ ਵੈਸੇ ਹੀ ਕਮਜ਼ੋਰ ਹੋ ਜਾਂਦਾ ਹੈ ਤੇ ਬਿਮਾਰੀਆਂ ਮਨੁੱਖ ਨੂੰ ਘੇਰਾ ਪਾ ਲੈਂਦੀਆਂ ਹਨ। ਇਸ ਕਰਕੇ ਤੇਰਾ ਜ਼ਿੰਦਗੀ ਦੇ ਆਖਰੀ ਪਹਿਰ ਨਾਮ ਧਿਆਉਣਾ ਮੁਸ਼ਕਿਲ ਹੈ। ਤੂੰ ਅੱਜ ਤੋਂ ਹੀ ਇਹ ਨਾਮ ਰੂਪੀ ਬੇੜਾ ਤਿਆਰ ਕਰ ਤਾਂ ਕਿ ਪਿਛੋਂ ਤੈਨੂੰ ਕਠਿਨਾਈ ਨਾ ਆਵੇ। ਅੱਜ-ਕੱਲ ਕਰਦਿਆਂ ਜ਼ਿੰਦਗੀ ਐਵੇਂ ਹੀ ਗੁਜ਼ਰ ਜਾਂਦੀ ਹੈ, ਪਰ ਇਸ ਗੱਲ ਨੂੰ ਸੂਖਮ ਸਮਝ ਵਾਲੇ ਹੀ ਜਾਣ ਸਕਦੇ ਹਨ, ਜਿਨ੍ਹਾਂ ‘ਤੇ ਗੁਰੂ ਦੀ ਕਿਰਪਾ ਹੋਵੇ।
ਮਨੁੱਖ ਪਦਾਰਥਾਂ ਵਿਚੋਂ ਖੁਸ਼ੀ ਲੱਭਦਾ ਹੈ ਤਾਂ ਹੀ ਇਸ ਅਨੰਦ ਤੋਂ ਵਾਂਝਾ ਰਹਿੰਦਾ ਹੈ। ਗੁਰਬਾਣੀ ਦੀ ਪੰਗਤੀ ‘ਬੀਜੇ ਬਿਖੁ ਮੰਗੈ ਅੰਮ੍ਰਿਤ’ ਉਸ ‘ਤੇ ਪੂਰੀ ਢੁਕਦੀ ਹੈ। ਮਨੁੱਖ ਦੀ ਰੁਚੀ ਵੀ ਉਸੇ ਕੰਮ ਵਿਚ ਹੁੰਦੀ ਹੈ, ਜੋ ਉਸ ਨੇ ਜ਼ਿੰਦਗੀ ਦੇ ਮੁਢਲੇ ਪੜਾਅ ‘ਤੇ ਸਿੱਖਿਆ ਹੋਵੇ। ਵੇਲੇ ਦੀ ਨਮਾਜ਼ ਹੁੰਦੀ ਹੈ ਤੇ ਕੁਵੇਲੇ ਦੀਆਂ ਟੱਕਰਾਂ ਹੁੰਦੀਆਂ ਹਨ। ਜਦੋਂ ਮਨੁੱਖ ਧੰਦੇ ਵਿਚ ਬਹੁਤਾ ਗਲਤਾਨ ਹੋ ਜਾਂਦਾ ਹੈ ਤਾਂ ਉਸ ਲਈ ਪਿੱਛੇ ਪੈਰ ਪੁੱਟਣਾ ਨਾਮੁਮਕਿਨ ਹੋ ਜਾਂਦਾ ਹੈ। ਉਸ ਨੂੰ ਇਸੇ ਗੱਲ ਵਿਚ ਰਸ ਆਉਣ ਲੱਗ ਜਾਂਦਾ ਹੈ ਤੇ ਬਾਕੀ ਕੰਮ ਉਸ ਲਈ ਸਾਰੇ ਨਿਸ਼ਫਲ ਹੋ ਜਾਂਦੇ ਹਨ। ਉਹ ਇਸੇ ਨੂੰ ਹੀ ਜ਼ਿੰਦਗੀ ਸਮਝਣ ਲੱਗ ਜਾਂਦਾ ਹੈ, ਪਰ ਅਸਲ ਸੱਚ ਤੋਂ ਉਹ ਅਣਜਾਣ ਰਹਿੰਦਾ ਹੈ। ਜਿਹੋ ਜਿਹੀ ਮਨੁੱਖ ਦੀ ਇੱਛਾ ਹੁੰਦੀ ਹੈ, ਓਹੋ ਜਿਹਾ ਮਾਲਕ ਭਾਗ ਲਾਉਂਦਾ ਹੈ। ਨੀਤਾਂ ਨੂੰ ਹੀ ਮੁਰਾਦਾਂ ਮਿਲਦੀਆਂ ਹਨ। ਉਹੀ ਮਾਲਕ ਦੇ ਦਰ ‘ਤੇ ਕਬੂਲ ਹੁੰਦੇ ਹਨ, ਜਿਨ੍ਹਾਂ ਨੇ ਸਰੀਰ ਰੂਪੀ ਭੂਮੀ ਵਿਚ ਨਾਮ ਰੂਪੀ ਫਲ ਬੀਜਿਆ ਤੇ ਬੇਸ਼ਕੀਮਤੀ ਸਮੇਂ ਦੀ ਸੰਭਾਲ ਕੀਤੀ। ਉਨ੍ਹਾਂ ਦਾ ਬੇੜਾ ਹੀ ਮਾਇਆ ਦੀਆਂ ਛੱਲਾਂ ਤੋਂ ਮਹਿਫੂਜ਼ ਰਹਿੰਦਾ ਹੈ, ਜਿਨ੍ਹਾਂ ਨੇ ਉਸ ਕਰਤੇ ਨਾਲ ਲਿਵ ਲਾਈ। ਗੁਰਬਾਣੀ ਸਾਨੂੰ ਤਾਕੀਦ ਕਰਦੀ ਹੈ,
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥