ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ

ਸੁਰਜੀਤ ਸਿੰਘ ਪੰਛੀ, ਬੇਕਰਜ਼ਫੀਲਡ
ਫੋਨ: 661-827-8256
ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਲਈ ਕਿਹਾ, ਕਿਉਂਕਿ ਸੋਲ੍ਹਵੀਂ ਸਦੀ ਦੇ ਪਹਿਲੇ ਅੱਧ ਵਿਚ ਪ੍ਰਿਥੀ ਚੰਦ ਅਤੇ ਮਿਹਰਬਾਨ ਨੇ ਆਪਣੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ ਸੀ। ਇਸ ਸਦੀ ਦੇ ਦੂਜੇ ਅੱਧ ਵਿਚ ਮਿਹਰਬਾਨ ਨੇ ਆਪਣੀ ਬਾਣੀ ਵਿਚ ‘ਨਾਨਕ’ ਸ਼ਬਦ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ। ਮੀਣਿਆਂ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਿਆਂ ਕਰਕੇ ਗ੍ਰੰਥ ਵੀ ਬਣਾ ਲਿਆ, ਕਿਉਂਕਿ ਉਹ ਗੁਰਗੱਦੀ ‘ਤੇ ਆਪਣਾ ਹੱਕ ਸਮਝਦੇ ਸਨ। ਜਦੋਂ ਗੁਰੂ ਅਰਜਨ ਦੇਵ ਜੀ ਨੇ ਇਕ ਸਿੱਖ ਨੂੰ ਮਿਹਰਬਾਨ ਦਾ ਸ਼ਬਦ ਗਾਉਂਦਿਆਂ ਸੁਣਿਆ ਤਾਂ ਉਨ੍ਹਾਂ ਭਾਈ ਗੁਰਦਾਸ ਨੂੰ ਮੀਣਿਆਂ ਦੀਆਂ ਬੇਅਰਥ ਰਚਨਾਵਾਂ ਅਤੇ ਪ੍ਰਮਾਣਿਕ ਬਾਣੀ ਵਿਚਾਲੇ ਨਿਖੇੜਾ ਕਰਨ ਲਈ ਕਿਹਾ।

ਗੁਰੂ ਨਾਨਕ ਦੇਵ ਜੀ ਵਲੋਂ ਰਚੇ ਸ਼ਬਦ ਉਨ੍ਹਾਂ ਦੇ ਜਿਉਂਦਿਆਂ ਹੀ ਨਾਮ ਜਪਣ ਵਾਲੀਆਂ ਸੰਗਤਾਂ ਗਾਉਣ ਲੱਗ ਪਈਆਂ ਸਨ। ਉਸ ਸਮੇਂ ਲਿਖਣ ਲਈ ਤਿੰਨ ਲਿਪੀਆਂ ਪ੍ਰਚਲਿਤ ਸਨ: ਕਸ਼ਮੀਰ ਵਿਚ ਸ਼ਾਰਦਾ, ਪੂਰਬੀ ਪਹਾੜੀਆਂ ਵਿਚ ਟਿਕਰੀ ਅਤੇ ਮੈਦਾਨੀ ਖਤਰਾਂ ਵਿਚ ਭੱਟਾਕਸ਼ਰੀ। ਗੁਰੂ ਜੀ ਨੇ ਆਪਣੀ ਬਾਣੀ ਲਈ ਸੁਧਰੀ ਭੱਟਾਕਸ਼ਰੀ ਦੀ ਵਰਤੋਂ ਕੀਤੀ। ਉਨ੍ਹਾਂ ਦੀ ਬਾਣੀ ‘ਆਸਾ ਪੱਟੀ’ ਵਿਚ ਵਰਤਿਆ ‘ਰ’ ਆਪਣੀ ਕਾਢ ਸੀ ਅਤੇ ਇਸ ਸਮੇਤ ਵਰਤੀ ਗਈ ਲਿਪੀ ਦੇ ਪੈਂਤੀ ਅੱਖਰ ਹਨ। ਇਸੇ ਲਿਪੀ ਨੂੰ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦਾ ਨਾਂ ਦਿੱਤਾ। ਗੁਰੂ ਨਾਨਕ ਦੇਵ ਜੀ ਕੋਲ ਆਪਣੀ ਬਾਣੀ ਅਤੇ ਉਹ ਜਿਨ੍ਹਾਂ ਭਗਤਾਂ ਦੇ ਡੇਰਿਆਂ ‘ਤੇ ਗਏ, ਉਨ੍ਹਾਂ ਦੀਆਂ ਰਚਨਾਵਾਂ ਵੀ ਸਨ, ਉਹ ਸਭ ਉਨ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀਆਂ। ਇਸ ਦਾ ਸਬੂਤ ਦੋਹਾਂ ਗੁਰੂ ਸਾਹਿਬਾਨ ਦੇ ਸ਼ਬਦਾਂ ਦਾ ਟਾਕਰਾ ਕਰਕੇ ਪਤਾ ਲਗਦਾ ਹੈ। ਇਉਂ ਗੁਰਮੁਖੀ ਦਾ ਮੁੱਢ ਗੁਰੂ ਨਾਨਕ ਦੇਵ ਜੀ ਦੀ ਬਾਣੀ, ਜਿਸ ਗੁਰਮੁਖੀ ਲਿਪੀ ਵਿਚ ਲਿਖੀ ਗਈ ਸੀ, ਤੋਂ ਬੱਝਾ।
ਗੁਰੂ ਅੰਗਦ ਦੇਵ ਜੀ ਨੇ ਆਪਣੀਆਂ, ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਦੀਆਂ ਰਚਨਾਵਾਂ ਗੁਰੂ ਅਮਰਦਾਸ ਜੀ ਨੂੰ ਸੌਪੀਆਂ। ਸੰਸਰਾਮ, ਗੁਰੂ ਅਮਰਦਾਸ ਜੀ ਦੇ ਪੁੱਤਰ ਮੋਹਨ ਦਾ ਪੁੱਤਰ ਸੀ, ਨੇ ਵੀ ਬਾਣੀ ਇਕੱਤਰ ਕੀਤੀ ਸੀ। ਇਸ ਗੱਲ ਦਾ ਪਤਾ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਭਗਤਾਂ ਦੀ ਬਾਣੀ ਅਮਰਦਾਸ ਜੀ ਕੋਲ ਸੀ, ਉਨ੍ਹਾਂ ਦੀ ਬਾਣੀ ‘ਤੇ ਪਏ ਪ੍ਰਭਾਵ ਤੋਂ ਲਗਦਾ ਹੈ, ਜੋ ਉਨ੍ਹਾਂ ਦੇ ਸ਼ਬਦਾਂ ਵਿਚੋਂ ਲਿਸ਼ਕਦਾ ਹੈ। ਗੁਰੂ ਅਮਰਦਾਸ ਜੀ ਨੇ ਭਗਤਾਂ ਦੀ ਚੋਣ ਕੀਤੀ ਅਤੇ ਇਸ ‘ਤੇ ਟਿੱਪਣੀਆਂ ਵੀ ਕੀਤੀਆਂ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਗੁਰੂ ਦੇ ਸ਼ਬਦ ਦੁਨੀਆਂ ਭਰ ਦੀਆਂ ਲਿਖਤਾਂ ਨਾਲੋਂ ਸਰਬੋਤਮ ਹਨ। ਪੂਜਾ ਲਈ ਕੇਵਲ ਗੁਰੂ ਦੇ ਸ਼ਬਦਾਂ ਦੀ ਵਰਤੋਂ ਕਰਦੇ ਸਨ। ਹਿੰਦੂਆਂ ਦੀਆਂ ਛੇ ਪ੍ਰਣਾਲੀਆਂ ਨਾਲੋਂ ਗੁਰੂ ਜੀ ਦੀ ਪ੍ਰਣਾਲੀ ਅਨੋਖੀ ਸੀ।
ਧਾਰਮਿਕ ਤੌਰ ‘ਤੇ ਪ੍ਰਗਟ ਹੋਣ ਤੋਂ ਲੈ ਕੇ ਸਿੱਖਾਂ ਲਈ ਗੁਰੂ ਜੀ ਦੇ ਸ਼ਬਦਾਂ ਦਾ ਗਾਇਨ ਹੁੰਦਾ ਸੀ। ਹੋਰ ਦੂਜੀਆਂ ਧਾਰਮਿਕ ਰੀਤਾਂ ਅਤੇ ਸੰਸਕਾਰਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਪ੍ਰਿਥੀ ਚੰਦ ਵਰਗਿਆਂ ਨੇ ਆਪਣੀਆਂ ਨਿਰਾਰਥਕ ਅਤੇ ਬੇਲੋੜੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਵਿਚ ਮਿਲਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਨਾਲ ਧਰਮ ਅਤੇ ਮਰਯਾਦਾ ਵਿਚ ਉਲਝਣ ਦਾ ਖਤਰਾ ਸੀ।
ਗੁਰੂ ਅਰਜਨ ਦੇਵ ਜੀ ਵਿਸ਼ਵਾਸ ਅਤੇ ਅਭਿਆਸ ਦੀ ਏਕਤਾ ਦੇ ਇੱਛਕ ਸਨ। ਇਸ ਲਈ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀਆਂ ਅਸਲੀ ਰਚਨਾਵਾਂ ਨੂੰ ਇਕੱਠਾ ਕਰਨ ਅਤੇ ਆਪਣੀਆਂ ਰਚਨਾਵਾਂ ਨੂੰ ਇਕੱਠਾ ਕਰਕੇ ਸ਼ਾਨਦਾਰ ਤੇ ਅਨੋਖਾ ਗ੍ਰੰਥ ਤਿਆਰ ਕਰਨ ਦਾ ਬੀੜਾ ਚੁੱਕਿਆ।
ਸਭ ਤੋਂ ਪਹਿਲਾਂ ਉਨ੍ਹਾਂ ਨੇ ਬਾਬਾ ਮੋਹਨ ਕੋਲੋਂ ਬਾਣੀ ਦੀਆਂ ਪੋਥੀਆਂ ਲੈਣ ਲਈ ਪ੍ਰੋਹਿਤ ਨੂੰ ਭੇਜਿਆ। ਉਸ ਨੇ ਪੋਥੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਗੁਰੂ ਜੀ ਨੇ ਬਾਬਾ ਮੋਹਨ ਦੀ ਪ੍ਰਸ਼ੰਸਾ ਵਾਲਾ ਛੰਤ ਰਚਿਆ ਅਤੇ ਬਾਬਾ ਮੋਹਨ ਦੇ ਚੁਬਾਰੇ ਅੱਗੇ ਕਈ ਸਿੱਖਾਂ ਸਮੇਤ ਗਏ ਤੇ ਛੰਤ ਦਾ ਗਾਇਨ ਸ਼ੁਰੂ ਕੀਤਾ। ਬਾਬਾ ਮੋਹਨ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਆਪਣਾ ਮਨੋਰਥ ਦੱਸਿਆ। ਬਾਬਾ ਮੋਹਨ ਨੇ ਜੋ ਪੋਥੀਆਂ ਉਸ ਕੋਲ ਸਨ, ਗੁਰੂ ਜੀ ਨੂੰ ਦੇ ਦਿੱਤੀਆਂ। ਹੋ ਸਕਦਾ ਹੈ, ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਪੋਥੀਆਂ ਵਿਚੋਂ ਬਾਣੀਆਂ ਦੀ ਨਕਲ ਕਰਕੇ ਵਾਪਸ ਕਰ ਦਿੱਤੀਆਂ ਹੋਣ, ਕਿਉਂਕਿ ਵੀਹਵੀਂ ਸਦੀ ਤੱਕ ਇਹ ਗੁਰੂ ਅਮਰਦਾਸ ਜੀ ਦੇ ਪਰਿਵਾਰ ਕੋਲ ਸਨ। ਇਨ੍ਹਾਂ ਵਿਚੋਂ ਇਕ ਆਹੀਆਪੁਰ, ਜਿਲਾ ਹੁਸ਼ਿਆਰਪੁਰ ਵਿਚ ਹੈ, ਜਿਸ ‘ਤੇ 1595 ਈਸਵੀ ਦੀ ਤਰੀਕ ਲਿਖੀ ਹੋਈ ਹੈ। ਗ੍ਰੰਥ ਸਾਹਿਬ ਵਿਚ ਭਾਵੇਂ ਇਨ੍ਹਾਂ ਵਿਚਲੀਆਂ ਸਾਰੀਆਂ ਰਚਨਾਵਾਂ ਸ਼ਾਮਲ ਨਹੀਂ ਹਨ। ਗੁਰੂ ਅਰਜਨ ਦੇਵ ਜੀ ਪੂਰੀਆਂ ਰਚਨਾਵਾਂ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਸੀ, ਪ੍ਰਾਪਤ ਕਰਨ ਲਈ ਹੋਰ ਸਰੋਤਾਂ ਕੋਲ ਲੱਭਣ ਵੀ ਗਏ।
ਗੁਰੂ ਅਰਜਨ ਦੇਵ ਜੀ ਨੇ ਗੁਰੂ ਆਸ਼ੇ ਅਨੁਸਾਰ ਦੱਬੀਆਂ ਕੁਚਲੀਆਂ ਅਤੇ ਅਛੂਤ ਜਾਤਾਂ ਦੇ ਭਗਤਾਂ-ਕਬੀਰ, ਫਰੀਦ, ਨਾਮਦੇਵ, ਰਵਿਦਾਸ, ਭੀਖਨ ਆਦਿ ਹਿੰਦੂ ਅਤੇ ਮੁਸਲਮਾਨ ਭਗਤਾਂ ਦੀਆਂ ਰਚਨਾਵਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਲਈ ਚੋਣ ਕੀਤੀ। ਇਹ ਚੋਣ ਰਾਗਾਤਮਕ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ‘ਤੇ ਆਧਾਰਤ ਸੀ। ਇਹ ਸੰਪਰਦਾਇਕਤਾ ਵਾਲੀਆਂ ਨਹੀਂ ਸਨ। ਇਹ ਚੋਣ ਕਰਨ ਦਾ ਵਿਚਾਰ ਸਿੱਖ ਧਰਮ ਦੇ ਵਿਸ਼ਵ-ਹਿਤੈਸ਼ੀ ਸੁਭਾ ਵਿਚ ਸੀ। ਇਹ ਪ੍ਰਕ੍ਰਿਆ ਇਸ ਦੇ ਮੋਢੀ ਨਾਲ ਹੀ ਸ਼ੁਰੂ ਹੋ ਗਈ ਸੀ। ਇਹ ਸੱਚਾਈ ਹੈ ਕਿ ਕਬੀਰ ਜੀ ਦੇ ਬਹੁਤ ਸਾਰੇ ਵਿਚਾਰਾਂ ਦਾ ਪ੍ਰਭਾਵ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਵਿਚ ਨਜ਼ਰ ਆਉਂਦਾ ਹੈ। ਇਹ ਵੀ ਪ੍ਰਗਟ ਹੁੰਦਾ ਹੈ ਕਿ ਉਨ੍ਹਾਂ ਕੋਲ ਕਬੀਰ ਜੀ ਦੀਆਂ ਰਚਨਾਵਾਂ ਸਨ। ਇਸੇ ਤਰ੍ਹਾਂ ਫਰੀਦ ਜੀ ਦੇ ਕੁਝ ਦੋਹੇ ਜਾਂ ਸ਼ਲੋਕਾਂ ਦਾ ਪ੍ਰਭਾਵ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਨਜ਼ਰੀਂ ਪੈਂਦਾ ਹੈ। ਭਗਤ ਕਬੀਰ ਅਤੇ ਬਾਬਾ ਫਰੀਦ ਦੇ ਵਿਚਾਰਾਂ ਦਾ ਪ੍ਰਭਾਵ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀਆਂ ਰਚਨਾਵਾਂ ‘ਤੇ ਨਜ਼ਰ ਆਉਂਦਾ ਹੈ। ਜਾਹਰ ਹੈ ਕਿ ਭਗਤਾਂ ਦੀਆਂ ਰਚਨਾਵਾਂ ਗੁਰੂ ਅਰਜਨ ਦੇਵ ਜੀ ਤੋਂ ਪਹਿਲੇ ਗੁਰੂ ਸਾਹਿਬਾਨ ਕੋਲ ਸਨ। ਇਸ ਦਾ ਅਰਥ ਹੈ ਕਿ ਗੁਰੂ ਅਰਜਨ ਦੇਵ ਜੀ ਭਗਤਾਂ ਦੀਆਂ ਰਚਨਾਵਾਂ ਨੂੰ ਇਕੱਤਰ ਕਰਨ ਵਾਲੇ ਪਹਿਲੇ ਗੁਰੂ ਸਾਹਿਬ ਨਹੀਂ ਸਨ। ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਵਿਚ ਭਗਤ ਬਾਣੀ ਦਰਜ ਕਰਕੇ ਸਭ ਦੀ ਬਰਾਬਰੀ ਦੇ ਵਿਚਾਰ ਨੂੰ ਵਿਸ਼ਾਲਤਾ ਬਖਸ਼ੀ।
ਪੰਜਾਬ ਵਿਚ ਸੰਤਾਂ ਦੇ ਚੇਲਿਆਂ ਅਤੇ ਸ਼ਰਧਾਲੂਆਂ ਤੋਂ ਕੁਝ ਭਗਤ-ਬਾਣੀ ਇਕੱਠੀ ਕੀਤੀ ਗਈ, ਜਿਨ੍ਹਾਂ ਵਿਚੋਂ ਪੰਜਾਬੀ ਭਾਸ਼ਾ ਦੀ ਮਹਿਕ ਆਉਂਦੀ ਹੈ ਅਤੇ ਇਸ ਵਿਚ ਗੁਰਬਾਣੀ ਦੇ ਵਿਚਾਰਾਂ ਨਾਲ ਸਮਾਨਤਾ ਹੈ। ਜਦੋਂ ਬਾਣੀ ਇਕੱਤਰ ਹੋ ਰਹੀ ਸੀ ਤਾਂ ਬਹੁਤ ਸਾਰੇ ਸੰਤ ਆਪਣੀਆਂ ਰਚਨਾਵਾਂ ਲੈ ਕੇ ਗੁਰੂ ਜੀ ਕੋਲ ਆਏ ਅਤੇ ਆਪਣੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਨ੍ਹਾਂ ਦੀਆਂ ਰਚਨਾਵਾਂ ਸੁਣੀਆਂ ਪਰ ਉਨ੍ਹਾਂ ਵਿਚ ਵੇਦਾਂਤਕ ਝੁਕਾਅ, ਸੰਸਾਰ ਤੇ ਇਸਤਰੀ ਪ੍ਰਤੀ ਘ੍ਰਿਣਾ ਆਦਿ ਹੋਣ ਅਤੇ ਗੁਰੂ ਆਸ਼ੇ ਅਨੁਸਾਰ ਨਾ ਹੋਣ ਕਰਕੇ ਰੱਦ ਕਰ ਦਿੱਤੀਆਂ। ਰੱਦ ਕੀਤੇ ਗਏ ਸੰਤਾਂ ਵਿਚ ਕਾਹਨਾ, ਛੱਜੂ, ਸ਼ਾਹ ਹੁਸੈਨ, ਪੀਲੂ ਆਦਿ ਸਨ। ਗੁਰੂ ਅਰਜਨ ਦੇਵ ਜੀ ਦੀ ਆਸ਼ਾ ਸਿਹਤਮੰਦ ਆਸ਼ਾਵਾਦ, ਸੰਸਾਰੀ ਫਰਜ਼ ਅਤੇ ਜ਼ਿੰਮੇਵਾਰੀਆਂ ਵਿਚ ਅਨੰਦ ਪੈਦਾ ਕਰਨਾ ਸੀ। ਉਹ ਹੰਝੂ ਭਰਪੂਰ ਜੀਵਨ ਤੋਂ ਤੰਗ ਆ ਕੇ ਬਣਵਾਸ ਅਤੇ ਸੰਸਾਰ ਤਿਆਗ ਦੇ ਹੱਕ ਵਿਚ ਨਹੀਂ ਸਨ। ਗੁਰੂ ਅਰਜਨ ਦੇਵ ਜੀ ਨੇ ਉਹ ਸੰਗੀਤਕ ਸੁਰਾਂ, ਜੋ ਹੱਦੋਂ ਬਾਹਰੀ ਖੁਸ਼ੀ ਜਾਂ ਉਦਾਸੀ ਮਨ ਵਿਚ ਪੈਦਾ ਕਰਨ, ਰੱਦ ਕਰ ਦਿੱਤੀਆਂ, ਜਿਵੇਂ ਮੇਘ, ਹਿੰਡੋਲ, ਜੋਗ, ਦੀਪਕ ਆਦਿ। ਇਸ ਵਿਚ ਪ੍ਰਸਿਧ ਨਾਇਕਾਂ ਦੇ ਕਿੱਸੇ, ਬਹਾਦਰੀ ਵਾਲੀਆਂ ਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਜਦੋਂ ਇਸ ਤਰ੍ਹਾਂ ਦਾ ਮਸੌਦਾ ਤਿਆਰ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਇਹ ਸਭ ਭਾਈ ਗੁਰਦਾਸ ਦੇ ਹਵਾਲੇ ਕੀਤਾ। ਗੁਰੂ ਜੀ ਅਤੇ ਭਾਈ ਗੁਰਦਾਸ ਨੇ ਇਸ ਨੂੰ ਰਾਗਾਂ ਦੇ ਆਧਾਰ ‘ਤੇ ਵੰਡ ਕੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਉਤਰਾ-ਅਧਿਕਾਰ, ਭਾਵ ਮਹਲਾ ਪਹਿਲਾ, ਦੂਜਾ ਆਦਿ ਅਨੁਸਾਰ ਲੜੀਬੱਧ ਕੀਤਾ। ਹਰ ਇਕ ਨੂੰ ‘ਨਾਨਕ’ ਸ਼ਬਦ ਦੇ ਸਾਂਝੇ ਨਾਂ ਨਾਲ ਦਰਜ ਕੀਤਾ। ਫਿਰ ਸੰਤਾਂ ਦੀਆਂ ਰਚਨਾਵਾਂ ਭਗਤ ਕਬੀਰ ਤੋਂ ਸ਼ੁਰੂ ਹੋ ਕੇ ਬਾਬਾ ਫਰੀਦ ਨਾਲ ਸਮਾਪਤ ਹੁੰਦੀਆਂ ਹਨ। ਭਗਤ ਕਬੀਰ ਅਤੇ ਬਾਬਾ ਫਰੀਦ ਦੇ ਸਲੋਕਾਂ ਪਿੱਛੋਂ ਭੱਟਾਂ ਦੇ ਸਵੱਯੇ ਹਨ, ਜਿਨ੍ਹਾਂ ਵਿਚ ਗੁਰੂ ਸਾਹਿਬਾਨ ਦੀਆਂ ਸਿਫਤਾਂ ਕੀਤੀਆਂ ਗਈਆਂ ਹਨ। ਸੱਤਾ ਅਤੇ ਬਲਵੰਡ ਦੀ ਵਾਰ, ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੇ ਸੁੰਦਰ ਦੀ ਸੱਦ ਅਤੇ ਕੁਝ ਸਤਰਾਂ ਮਰਦਾਨੇ ਦੀਆਂ ਵੀ ਦਰਜ ਕੀਤੀਆਂ ਗਈਆਂ ਹਨ। ਗ੍ਰੰਥ ਸਾਹਿਬ ਦੇ ਅੰਤਲੇ ਉਪ ਸੰਹਾਰ ਤੋਂ ਪਹਿਲਾਂ ਵਾਰਾਂ ਤੋਂ ਵਧੀਕ ਸਲੋਕ ਦਰਜ ਹਨ। ਇਨ੍ਹਾਂ ਵਿਚ ਗ੍ਰੰਥ ਸਾਹਿਬ ਦੀ ਮਹੱਤਤਾ ਅਤੇ ਗੁਰੂ ਅਰਜਨ ਦੇਵ ਜੀ ਦੀਆਂ ਟਿੱਪਣੀਆਂ ਉਚ ਆਚਰਨ, ਸੰਤੋਖ ਅਤੇ ਆਤਮਿਕ ਵਿਚਾਰਾਂ ਦਾ ਸੰਦੇਸ਼ ਦਿੱਤਾ ਹੈ ਅਤੇ ਇਸ ਵਿਚੋਂ ਸਿੱਖਿਆ ਲੈਂਦੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ।
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
(ਸਲੋਕ ਮਹਲਾ 5 ਪੰਨਾ 1429)
ਗੁਰੂ ਅਰਜਨ ਦੇਵ ਜੀ ਵਲੋਂ ਗ੍ਰੰਥ ਸਾਹਿਬ ਦੀ ਰਚਨਾ ਦਾ ਕੰਮ ਬੜਾ ਮਹਾਨ ਹੈ, ਜੋ ਮਨੁੱਖ ਜਾਤੀ ਦੀਆਂ ਅਗਲੀਆਂ ਪੀੜ੍ਹੀਆਂ ਲਈ ਸੁਗਾਤ ਹੈ। ਗੁਰੂ ਜੀ ਅਤੇ ਭਾਈ ਗੁਰਦਾਸ ਨੇ ਮਿਲ ਕੇ ਇਸ ਦੀ ਸੰਪਾਦਨਾ ਦਾ ਕੰਮ 1595 ਈਸਵੀ ਵਿਚ ਸ਼ੁਰੂ ਕੀਤਾ ਅਤੇ ਇਹ 1604 ਈਸਵੀ ਵਿਚ ਸਮਾਪਤ ਹੋਇਆ। ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਸਥਾਪਤ ਕਰਨ ਲਈ ਬਾਬਾ ਬੁੱਢਾ ਜੀ ਦੇ ਸਿਰ ‘ਤੇ ਰੱਖ ਕੇ ਲੈ ਕੇ ਗਏ। ਗੁਰੂ ਜੀ ਆਪ ਰਾਹ ਵਿਚ ਬੜੇ ਸਤਿਕਾਰ ਨਾਲ ਚੌਰ ਕਰਦੇ ਗਏ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਗ੍ਰੰਥ ਸਾਹਿਬ ਵਿਚੋਂ ਪਹਿਲਾ ਵਾਕ ਵੀ ਬਾਬਾ ਬੁੱਢਾ ਜੀ ਨੇ ਹੀ ਲਿਆ। ਭਾਈ ਗੁਰਦਾਸ ਜੀ ਕਹਿੰਦੇ ਹਨ, “ਗੂਰੂ ਜੀ ਦੇ ਸ਼ਬਦ ਜੋ ਸਾਡੇ ਸਾਹਮਣੇ ਹਨ, ਇਹ ਵੇਦਾਂ ਅਤੇ ਕੁਰਾਨ ਨਾਲੋਂ ਵੀ ਉਤਮ ਹਨ।”
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੋਂ ਇਸ ਮੁਢਲੀ ਬੀੜ ‘ਤੇ ਧੀਰ ਮੱਲ ਨੇ ਕਬਜ਼ਾ ਕਰ ਲਿਆ। ਜਦੋਂ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਲੱਭ ਕੇ ਗੁਰਗੱਦੀ ਸੰਭਾਲੀ ਤਾਂ ਗੁਰੂ ਤੇਗ ਬਹਾਦਰ ਜੀ ਦੀ ਮਹਾਨਤਾ ਵਧ ਗਈ ਅਤੇ ਚੜ੍ਹਾਵਾ ਬਹੁਤ ਚੜ੍ਹਨ ਲੱਗਾ। ਇਕ ਦਿਨ ਧੀਰ ਮੱਲ ਮੱਖਣ ਸ਼ਾਹ ਦੀ ਗੈਰ ਹਾਜ਼ਰੀ ਵਿਚ ਸਾਰਾ ਧਨ ਤੇ ਹੋਰ ਸਾਮਾਨ ਲੁੱਟ ਕੇ ਲੈ ਗਿਆ। ਮੱਖਣ ਸ਼ਾਹ ਨੂੰ ਪਤਾ ਲੱਗਾ ਤਾਂ ਸਿੱਖਾਂ ਨੂੰ ਲੈ ਕੇ ਧੀਰ ਮੱਲ ਦੇ ਘਰੋਂ ਲੁੱਟਿਆ ਮਾਲ ਅਤੇ ਗ੍ਰੰਥ ਸਾਹਿਬ ਚੁਕਵਾ ਲਿਆਇਆ। ਗੁਰੂ ਤੇਗ ਬਹਾਦਰ ਜੀ ਨੇ ਸਾਰਾ ਮਾਲ ਅਤੇ ਗ੍ਰੰਥ ਸਾਹਿਬ ਦੀ ਬੀੜ ਵਾਪਸ ਕਰਨ ਲਈ ਕਿਹਾ। ਮੱਖਣ ਸ਼ਾਹ ਨੇ ਮਾਲ ਤਾਂ ਵਾਪਸ ਕਰ ਦਿੱਤਾ, ਪਰ ਗੁਰੂ ਜੀ ਤੋਂ ਚੋਰੀ ਬੀੜ ਰੱਖ ਲਈ। ਉਸ ਦਾ ਵਿਚਾਰ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰੂ ਕੋਲ ਹੋਣੀ ਚਾਹੀਦੀ ਹੈ। ਜਦੋਂ ਗੁਰੂ ਜੀ ਬਕਾਲੇ ਤੋਂ ਚਲਦੇ ਹੋਏ ਦਰਿਆ ਬਿਆਸ ਕੋਲ ਪੁੱਜੇ ਤਾਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਾ। ਉਨ੍ਹਾਂ ਧੀਰ ਮੱਲ ਨੂੰ ਗ੍ਰੰਥ ਸਾਹਿਬ ਲਿਜਾਣ ਲਈ ਸੁਨੇਹਾ ਭੇਜਿਆ, ਪਰ ਉਹ ਸਿੱਖਾਂ ਤੋਂ ਡਰਦਾ ਨਾ ਆਇਆ। ਗੁਰੂ ਜੀ ਗੁਰੂ ਗ੍ਰੰਥ ਸਾਹਿਬ ਇਕ ਸਿੱਖ ਨੂੰ ਸੰਭਾਲ ਕੇ ਆਪ ਅੱਗੇ ਚਲੇ ਗਏ ਅਤੇ ਧੀਰ ਮੱਲ ਆ ਕੇ ਬੀੜ ਲੈ ਗਿਆ।
(ਕਈ ਇਤਿਹਾਸਕ ਗ੍ਰੰਥਾਂ ਵਿਚ ਲਿਖਿਆ ਮਿਲਦਾ ਹੈ ਕਿ ਧੀਰ ਮੱਲ ਡਰਦਾ ਲੈਣ ਨਾ ਆਇਆ ਅਤੇ ਗੁਰੂ ਜੀ ਨੇ ਇਸ ਬੀੜ ਨੂੰ ਬਿਆਸ ਦੇ ਕਿਨਾਰੇ ਰੇਤੇ ਵਿਚ ਦੱਬ ਦਿੱਤਾ। ਧੀਰ ਮੱਲ ਪਿੱਛੋਂ ਆ ਕੇ ਇਥੋਂ ਕਢਵਾ ਕੇ ਲੈ ਗਿਆ। ਰੇਤੇ ਵਿਚ ਦੱਬੀ ਜਾਣ ਕਾਰਨ ਬੀੜ ਦੀ ਇਕ ਨੁੱਕਰ ਸਲ੍ਹਾਬੀ ਗਈ। ਕਹਿੰਦੇ ਹਨ ਕਿ ਬੀੜ ‘ਤੇ ਸਲ੍ਹਾਬੇ ਦਾ ਨਿਸ਼ਾਨ ਅਜੇ ਵੀ ਦਿਸਦਾ ਹੈ। ਉਂਜ, ਇਹ ਗੱਲ ਮਨ ਨੂੰ ਲੱਗਣ ਵਾਲੀ ਨਹੀਂ। ਗੁਰੂ ਜੀ ਗ੍ਰੰਥ ਸਾਹਿਬ ਨੂੰ ਰੇਤੇ ਵਿਚ ਦੱਬ ਕੇ ਬੇਅਦਬੀ ਨਹੀਂ ਸਨ ਕਰ ਸਕਦੇ।)
ਇਹ ਬੀੜ ਅੱਜ ਕੱਲ੍ਹ ਕਰਤਾਰਪੁਰ (ਨੇੜੇ ਅੰਮ੍ਰਿਤਸਰ) ਵਿਚ ਧੀਰ ਮੱਲ ਦੇ ਪਰਿਵਾਰ ਕੋਲ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਮੁਢਲੀ ਬੀੜ ਵਿਚ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਨੂੰ ਰਾਗਾਂ ਅਨੁਸਾਰ ਸ਼ਾਮਲ ਕਰ ਕੇ ਮੌਜੂਦਾ ਬੀੜ ਦਾ ਰੂਪ ਦਿੱਤਾ। ਇਸ ਵਿਚਾਰ ਕਿ ਧੀਰ ਮੱਲੀਆਂ ਦੇ ਬੀੜ ਨਾ ਦੇਣ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬੀੜ ਭਾਈ ਮਨੀ ਸਿੰਘ ਨੂੰ ਜ਼ਬਾਨੀ ਲਿਖਵਾਈ, ਨਾਲ ਖੋਜੀਆਂ ਦੇ ਵਿਚਾਰ ਨਹੀਂ ਮਿਲਦੇ। ਅਸਲ ਵਿਚ ਇਕ ਬੀੜ ਪਟਨਾ ਸਾਹਿਬ ਵਿਚ ਹੈ, ਜਿਸ ‘ਤੇ 1591 ਈਸਵੀ ਦੀ ਮਿਤੀ ਲਿਖੀ ਹੋਈ ਹੈ ਅਤੇ ਇਸੇ ਦੀ ਨਕਲ ਢਾਕਾ ਵਿਚ ਵੀ ਹੈ, ਜਿਸ ‘ਤੇ 1675 ਈਸਵੀ ਲਿਖੀ ਹੋਈ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਗੱਦੀਨਸ਼ੀਨੀ ਦਾ ਪਹਿਲਾ ਸਾਲ ਹੈ। ਇਸ ਦਾ ਇਹ ਵੀ ਅਰਥ ਨਹੀਂ ਕਿ ਦਮਦਮਾ ਸਾਹਿਬ ਵਿਚ ਸੋਧ ਨਹੀਂ ਕੀਤੀ ਗਈ।
ਅਸਲ ਵਿਚ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸਮੇਂ ਤੋਂ ਨਕਲਾਂ ਅਰੰਭ ਹੋ ਗਈਆਂ ਸਨ। ਜਦੋਂ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋ ਨੂੰ ਲਾਹੌਰ ਤੋਂ ਜਿਲਦ ਬੰਨ੍ਹਵਾਉਣ ਲਈ ਬੀੜ ਦੇ ਕੇ ਭੇਜਿਆ ਤਾਂ ਉਸ ਨੇ ਇਸ ਦੀ ਨਕਲ ਕਰ ਲਈ। ਭਾਈ ਬੰਨੋ ਦਾ ਪਿੰਡ ਖਾਰਾ ਸੀ, ਜਿਸ ਕਰਕੇ ਗੁਰੂ ਜੀ ਨੇ ਇਸ ਬੀੜ ਨੂੰ ‘ਖਾਰੀ ਬੀੜ’ ਕਿਹਾ।
ਮੁੱਢ ਤੋਂ ਹੀ ਗ੍ਰੰਥ ਸਾਹਿਬ ਦੀਆਂ ਨਕਲਾਂ ਕਰਨ ਦੀ ਆਗਿਆ ਸੀ, ਪਰ ਨਕਲ ‘ਤੇ ਗੁਰੂ ਜੀ ਦੇ ਦਸਤਖਤ ਕਰਵਾਉਣੇ ਜ਼ਰੂਰੀ ਸਨ ਤਾਂ ਕਿ ਉਸ ਦੇ ਅਸਲੀ ਹੋਣ ਦੀ ਤਸਦੀਕ ਹੋ ਸਕੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਨ ਤਾਂ ਇਕ ਉਦਾਸੀ, ਗ੍ਰੰਥ ਸਾਹਿਬ ਦੀ ਬਹੁਤ ਸੁੰਦਰ ਅੱਖਰਾਂ ਵਿਚ ਨਕਲ ਕਰਕੇ ਦਸਤਖਤ ਕਰਵਾਉਣ ਲਈ ਲਿਆਇਆ। ਉਸ ਨੇ ਇਹ ਨਕਲ ਦੀਵਾਨ ਨੰਦ ਲਾਲ ਨੂੰ ਗੁਰੂ ਜੀ ਦੇ ਦਸਤਖਤ ਕਰਵਾਉਣ ਲਈ ਦਿੱਤੀ। ਨੰਦ ਲਾਲ ਨੇ ਦਸਤਖਤ ਕਰਵਾਉਣ ਦੀ ਥਾਂ ਗ੍ਰੰਥ ਸਾਹਿਬ ਦੀ ਇਹ ਨਕਲ ਆਪ ਰੱਖ ਲਈ। ਉਦਾਸੀ ਨੇ ਗੁਰੂ ਜੀ ਕੋਲ ਇਸ ਦੀ ਸ਼ਿਕਾਇਤ ਕੀਤੀ। ਨੰਦ ਲਾਲ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਗ੍ਰੰਥ ਸਾਹਿਬ ਦੀ ਇਹ ਬੀੜ ਲੈ ਕੇ ਅਨੰਦਪੁਰ ਸਾਹਿਬ ਤੋਂ ਭੱਜ ਗਿਆ। ਇਹ ਬੀੜ ਅੱਜ ਕੱਲ੍ਹ ਡਰੋਲੀ ਭਾਈ (ਜਿਲਾ ਮੋਗਾ) ਵਿਚ ਪਈ ਹੈ। ਨੰਦ ਲਾਲ ਕਰਤਾਰਪੁਰ ਵਿਚ ਧੀਰ ਮੱਲੀਆਂ ਕੋਲ ਗਿਆ। ਉਨ੍ਹਾਂ ਨੇ ਇਸ ਨੂੰ ਗੁਰੂ ਜੀ ਦਾ ਜਾਸੂਸ ਸਮਝ ਕੇ ਉਸ ਨੂੰ ਕਤਲ ਕਰ ਦਿੱਤਾ। ਉਸ ਦਾ ਸਸਕਾਰ ਕਾਲਾ ਸੰਘਿਆਂ ਵਿਚ ਕੀਤਾ ਗਿਆ। ਬੀੜ ਦੀਆਂ ਬਹੁਤ ਸਾਰੀਆਂ ਨਕਲਾਂ ਹੋ ਚੁਕੀਆਂ ਸਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੁਬਾਰਾ ਲਿਖਵਾਇਆ। ਗ੍ਰੰਥ ਸਾਹਿਬ ਦੀਆਂ ਨਕਲਾਂ ਵਿਚ ਜੋ ਕੁਝ ਨਕਲੀ ਸ਼ਬਦ ਦਰਜ ਕੀਤੇ ਗਏ ਸਨ, ਗੁਰੂ ਜੀ ਨੇ ਇਨ੍ਹਾਂ ਨੂੰ ਗ੍ਰੰਥ ਸਾਹਿਬ ਵਿਚੋਂ ਕੱਢਿਆ ਅਤੇ ਕੁਝ ਸ਼ਬਦ ਜੋੜਾਂ ਨੂੰ ਵੀ ਠੀਕ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਇਹ ਕਿਸੇ ਹੋਰ ਕੋਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰੂ ਜੀ ਨੇ 1708 ਈਸਵੀ ਵਿਚ ਨਾਂਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਵੇਲੇ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦੇ ਕੇ ਦੇਹਧਾਰੀ ਗੁਰੂ ਦੀ ਪ੍ਰਥਾ ਸਦਾ ਲਈ ਖਤਮ ਕਰ ਦਿੱਤੀ। ਉਦੋਂ ਤੋਂ ਗ੍ਰੰਥ ਸਾਹਿਬ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਕਿਹਾ ਜਾਣ ਲੱਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਬਾਰੇ ਲੇਖਕਾਂ ਦੇ ਤਰਕ: ਸਰੂਪ ਦਾਸ ਭੱਲਾ, ਜੋ ਗੁਰੂ ਅਮਰਦਾਸ ਜੀ ਦੀ ਵੰਸ਼ ਵਿਚੋਂ ਸੀ, ਨੇ ਗ੍ਰੰਥ ਸਾਹਿਬ ਦੀ ਸੰਪਾਦਨਾ ਬਾਰੇ ਧਿਆਨਯੋਗ ਲਿਖਿਆ ਹੈ, “ਗੁਰੂ ਅਰਜਨ ਦੇਵ ਜੀ ਨੇ ਵੱਖਰੇ ਪੰਥ ਲਈ ਵੱਖਰਾ ਗ੍ਰੰਥ ਤਿਆਰ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਭਾਈ ਗੁਰਦਾਸ ਨੂੰ ਸਾਰੇ ਗੁਰੂਆਂ ਤੇ ਭਗਤਾਂ ਦੀ ਬਾਣੀ ਇਕੱਤਰ ਕਰਨ ਅਤੇ ਝੂਠੀ ਤੇ ਸੱਚੀ ਬਾਣੀ ਨੂੰ ਵੱਖ-ਵੱਖ ਕਰਨ ਲਈ ਕਿਹਾ। ਭਾਈ ਗੁਰਦਾਸ ਨੇ ਕਿਹਾ ਕਿ ਗੁਰੂ ਅਮਰਦਾਸ ਜੀ ਦੇ ਪੋਤਰੇ ਸੰਸਰਾਮ ਪੁੱਤਰ ਬਾਬਾ ਮੋਹਨ ਦੇ ਕਬਜ਼ੇ ਵਿਚਲੀਆਂ ਪੋਥੀਆਂ ਪਹਿਲਾਂ ਪ੍ਰਾਪਤ ਕੀਤੀਆਂ ਜਾਣ। ਗੁਰੂ ਜੀ ਨੇ ਪ੍ਰੋਹਿਤ ਨੂੰ ਸੰਸਰਾਮ ਕੋਲ ਪੋਥੀਆਂ ਲੈਣ ਲਈ ਭੇਜਿਆ, ਪਰ ਸੰਸਰਾਮ ਨੇ ਪੋਥੀਆਂ ਦੇਣ ਤੋਂ ਨਾਂਹ ਕਰ ਦਿੱਤੀ। ਫਿਰ ਗੁਰੂ ਜੀ ਨੇ ਬਾਬਾ ਮੋਹਨ ਦੀ ਪ੍ਰਸ਼ੰਸਾ ਵਾਲਾ ਛੰਤ ਰਚਿਆ ਅਤੇ ਸੱਤੇ ਰਬਾਬੀ ਤੇ ਸਿੱਖਾਂ ਨੂੰ ਨਾਲ ਲੈ ਕੇ ਗੋਇੰਦਵਾਲ ਜਾ ਕੇ ਬਾਬੇ ਮੋਹਨ ਦੇ ਚੁਬਾਰੇ ਦੇ ਸਾਹਮਣੇ ਛੰਤ ਗਾਇਨ ਕਰਨ ਲੱਗੇ। ਜਦੋਂ ਛੰਤ ਖਤਮ ਹੋਇਆ ਤਾਂ ਬਾਬਾ ਮੋਹਨ ਨੇ ਗੁਰੂ ਜੀ ਨੂੰ ਆਉਣ ਦਾ ਮਨੋਰਥ ਪੁੱਛਿਆ। ਗੁਰੂ ਜੀ ਨੇ ਪੰਥ ਲਈ ਗ੍ਰੰਥ ਸਾਹਿਬ ਰਚਣ ਲਈ ਪੋਥੀਆਂ ਦੀ ਲੋੜ ਬਾਰੇ ਦੱਸਿਆ। ਬਾਬਾ ਮੋਹਨ ਨੇ ਸੰਸਰਾਮ ਨੂੰ ਪੋਥੀਆਂ ਗੁਰੂ ਜੀ ਨੂੰ ਦੇ ਦੇਣ ਲਈ ਕਿਹਾ। ਬਾਕੀ ਦੀ ਬਾਣੀ ਸਭ ਸੰਭਵ ਥਾਂਵਾਂ ਤੋਂ ਇਕੱਤਰ ਕੀਤੀ ਗਈ।”
ਆਦਿ ਗ੍ਰੰਥ ਦੀ ਸੰਪਾਦਨਾ ਤੋਂ ਪਹਿਲਾਂ ਝਾਤੀ ਮਾਰਿਆਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਿੱਖ ਧਰਮ ਦੀ ਮੁੱਖ ਧਾਰਾ ਨਾਲ ਟਾਕਰਾ ਕਰਨ ਲਈ ਗੁਰਬਾਣੀ ਦੀਆਂ ਘੱਟੋ ਘੱਟ ਤਿੰਨ ਹੋਰ ਰਵਾਇਤਾਂ- ਉਦਾਸੀ, ਭੱਲੇ ਤੇ ਮੀਣੇ ਆਦਿ ਸਿੱਖਾਂ ਵਿਚ ਆ ਗਏ ਸਨ। ਇਥੋਂ ਤੱਕ ਕਿ ਧਰਮ ਭ੍ਰਿਸ਼ਟ ਫਿਰਕਾ ਹਿੰਦਾਲੀਏ ਵੀ ਸਿੱਖ ਰਵਾਇਤ ਨੂੰ ਭ੍ਰਿਸ਼ਟ ਕਰਨ ਲਈ ਆ ਰਲੇ ਸਨ। ਸਿੱਖ ਗੁਰੂ ਸਾਹਿਬਾਨ ਨੂੰ ਆਪਣੇ ਧਰਮ ਉਦੇਸ਼ ਦੀ ਮੌਲਿਕਤਾ ਅਤੇ ਪ੍ਰਮਾਣਿਕਤਾ ਦੀ ਰਾਖੀ ਲਈ ਮਜਬੂਰ ਹੋਣਾ ਪਿਆ। ਇਹ ਵੀ ਸੱਚਾਈ ਹੈ ਕਿ ਵਿਰੋਧੀ ਵੀ ਆਪਣੇ ਆਪ ਨੂੰ ਸਥਾਪਤ ਕਰਨ ਲਈ ਨਿਯਮ ਘੜ ਰਹੇ ਸਨ ਅਤੇ ਗੁਰੂਡੰਮ ਚਲਾ ਰਹੇ ਸਨ। ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਣੀ ਦੀਆਂ ਪੋਥੀਆਂ ਵੱਖ-ਵੱਖ ਕਾਰਨਾਂ ਅਤੇ ਉਦੇਸ਼ਾਂ ਲਈ ਵੱਖ-ਵੱਖ ਲਿਖਾਰੀ ਲਿਖੀ ਰਹੇ ਸਨ। ਜਨਮ ਸਾਖੀਆਂ ਅਤੇ ਮੂਲ ਗ੍ਰੰਥ ਦੀਆਂ ਨਕਲਾਂ ਬਾਣੀ ਦੇ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਸਨ। ਆਲੋਚਕ ਹੱਥ ਲਿਖਤ ਖਰੜਿਆਂ ਨੂੰ ਚਾਰ ਭਾਗਾਂ-ਕਰਤਾਰਪੁਰ, ਲਾਹੌਰ, ਬੰਨੋ ਤੇ ਦਮਦਮਾ ਵਿਚ ਵੰਡ ਕੇ ਕੰਮ ਕਰ ਰਹੇ ਹਨ। ਇਨ੍ਹਾਂ ਤਿੰਨ ਸੋਮਿਆਂ-ਗੁਰੂ ਹਰਿ ਸਹਾਏ ਵਾਲੀ ਪੋਥੀ, ਗੋਇੰਦਵਾਲ ਵਾਲੀ ਪੋਥੀ ਅਤੇ ਐਮ. ਐਸ਼ ਨੰਬਰ 1245 ਦੀ ਪਛਾਣ ਕੀਤੀ ਹੈ। ਇਹ ਖਰੜੇ ਗੁਰੂ ਸਾਹਿਬਾਨ ਦੇ ਹੱਥੋਂ ਹੁੰਦਿਆਂ ਗੁਰੂ ਅਰਜਨ ਦੇਵ ਜੀ ਕੋਲ ਪੁੱਜੇ। ਇਨ੍ਹਾਂ ਖਰੜਿਆਂ ਨੇ ਹੀ ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਅਹਿਮ ਰੋਲ ਨਿਭਾਇਆ।
ਗਿਆਨੀ ਗਿਆਨ ਸਿੰਘ ਅਨੁਸਾਰ ਭਗਤ ਬਾਣੀ ਗੋਇੰਦਵਾਲ ਵਾਲੀਆਂ ਪੋਥੀਆਂ ਤੋਂ ਇਕੱਤਰ ਕੀਤੀ ਗਈ।
ਜੀ. ਬੀ. ਸਿੰਘ ਦਾ ਵਿਸ਼ਵਾਸ ਹੈ ਕਿ ਪਹਿਲਾਂ ਤਿੰਨ ਬੀੜਾਂ ਪ੍ਰਚਲਿਤ ਸਨ। ਪਹਿਲੀ ਭਾਈ ਗੁਰਦਾਸ ਵਾਲੀ, ਦੂਜੀ ਭਾਈ ਬੰਨੋ ਦੀ ਨਕਲ ਕੀਤੀ ਅਤੇ ਤੀਜੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਤਿਆਰ ਕੀਤੀ ਦਮਦਮਾ ਸਾਹਿਬ ਵਾਲੀ। ਉਸ ਦਾ ਇਹ ਵੀ ਵਿਸ਼ਵਾਸ ਹੈ ਕਿ ਜਦੋਂ ਅਕਬਰ ਗੁਰੂ ਅਰਜਨ ਦੇਵ ਜੀ ਨੂੰ 1598 ਈਸਵੀ ਵਿਚ ਕਰਤਾਰਪੁਰ ਵਿਚ ਮਿਲਿਆ ਤਾਂ ਉਸ ਸਮੇਂ ਗੁਰੂ ਜੀ ਕੋਲ ਭਾਈ ਗੁਰਦਾਸ ਵਾਲੀ ਬੀੜ ਸੀ। ਉਸ ਦਾ ਖਿਆਲ ਹੈ ਕਿ ਸ਼ਾਇਦ ਇਹ 1591 ਈਸਵੀ ਵਿਚ ਲਿਖੀ ਗਈ ਸੀ।
ਬਾਬਾ ਤੇਜਾ ਸਿੰਘ, ਪੰਚ ਖਾਲਸਾ ਦੀਵਾਨ ਭਸੌੜ ਨੇ ਗ੍ਰੰਥ ਸਾਹਿਬ ਵਿਚ ਰਾਗਮਾਲਾ ਦਾ ਵਿਰੋਧ ਕੀਤਾ ਸੀ, ਕਿਉਂਕਿ ਉਹ ਇਸ ਨੂੰ ਗ੍ਰੰਥ ਸਾਹਿਬ ਦੀ ਰਚਨਾ ਤੋਂ ਪਿੱਛੋਂ ਆਲਮ ਦੁਆਰਾ ਲਿਖੀ ਅਤੇ ਕਿਸੇ ਅਗਿਆਤ ਸ਼ਖਸ ਵਲੋਂ ਦਰਜ ਕੀਤੀ ਮੰਨਦੇ ਸਨ। ਜੀ. ਬੀ. ਸਿੰਘ ਦਾ ਵਿਚਾਰ ਹੈ ਕਿ ਗ੍ਰੰਥ ਸਾਹਿਬ ਦੀ ਰਚਨਾ ਦਾ ਆਧਾਰ ‘ਗੁਰੂ ਹਰਿ ਸਹਾਏ ਵਾਲੀ’ ਪੋਥੀ ਹੈ। ਭਾਈ ਜੋਧ ਸਿੰਘ ਜੀ. ਬੀ. ਸਿੰਘ ਦੀ ਖੋਜ ਦਾ ਵਿਰੋਧ ਕਰਦਿਆਂ ਕਹਿੰਦੇ ਹਨ ਕਿ ਉਸ ਦੀ ਕਰਤਾਰਪੁਰ ਵਾਲੀ ਬੀੜ ਬਾਰੇ ਖੋਜ ਮਨਘੜਤ, ਝੂਠੀ, ਸੱਚਾਈ ਤੋਂ ਦੂਰ ਅਤੇ ਅਨਿਆਂ ਵਾਲੀ ਹੈ।
ਪਸ਼ੌਰਾ ਸਿੰਘ ਨੇ ਜੋਧ ਸਿੰਘ ਦੇ ਹੱਕ ਵਿਚ ਖੜੋਂਦਿਆਂ ਡਬਲਿਊ. ਐਚ. ਮੈਕਲੌਡ ਅਤੇ ਦਲਜੀਤ ਸਿੰਘ ਦੇ ਵਿਰੋਧ ਨੂੰ ਰੱਦ ਕਰਕੇ ਕਰਤਾਰਪੁਰ ਵਾਲੀ ਬੀੜ ਨੂੰ ਸਹੀ ਮੰਨਿਆ ਹੈ। ਉਸ ਨੇ ਵੀ ਗੋਇੰਦਵਾਲ ਵਾਲੀਆਂ ਪੋਥੀਆਂ ਨੂੰ ਕਰਤਾਰਪੁਰ ਵਾਲੀ ਬੀੜ ਦੀ ਸੰਪਾਦਨਾ ਲਈ ਵਰਤੋਂ ਨੂੰ ਸਹੀ ਕਿਹਾ ਹੈ। ਇਹ ਹਰ ਸਹਾਏ ਵਾਲੀ ਪੋਥੀ ਦੇ ਪਹਿਲੇ ਭਾਗ ਨੂੰ ਸਹੀ ਮੰਨਦੇ ਹਨ। ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਪਰ ਰਾਗ-ਪ੍ਰਬੰਧ ਨਹੀਂ ਹੈ। ਸੋਢੀ ਕਹਿੰਦੇ ਹਨ ਕਿ ਇਹ ਪੋਥੀ ਗੁਰੂ ਨਾਨਕ ਦੇਵ ਜੀ ਦੀ ਹੱਥ ਲਿਖਤ ਹੈ। ਇਸ ਦਾ ਮੂਲ ਮੰਤਰ ਕਿਸੇ ਸਿੱਖ ਦੇ ਹੱਥਾਂ ਦੀ ਲਿਖਤ ਹੈ। ਇਸ ਦੀ ਸਹੀ ਪਛਾਣ ਲਈ ਕੋਈ ਗਵਾਹੀ ਨਹੀਂ ਮਿਲਦੀ।
ਟੋਇਨਬੀ ਲਿਖਦੇ ਹਨ, “ਅਦੁੱਤੀ ਗ੍ਰੰਥ ਸਾਹਿਬ ਕਈ ਕਾਰਨਾਂ ਕਰਕੇ ਸ਼ਾਨਦਾਰ ਹੈ। ਪ੍ਰਸਿਧ ਧਾਰਮਿਕ ਗ੍ਰੰਥਾਂ ਵਿਚੋਂ ਇਹ ਬਹੁਤ ਹੀ ਆਦਰਯੋਗ ਗ੍ਰੰਥ ਹੈ। ਇਹ ਮੁਸਲਮਾਨਾਂ ਲਈ ਕੁਰਾਨ, ਇਸਾਈਆਂ ਲਈ ਬਾਈਬਲ, ਜਿਊਸ ਲਈ ਤੌਰਾਹ ਨਾਲੋਂ ਸਿੱਖਾਂ ਲਈ ਵਧ ਸਤਿਕਾਰਤ ਹੈ। ਆਦਿ ਗ੍ਰੰਥ ਸਿੱਖਾਂ ਲਈ ਧਾਰਮਿਕ ਗੁਰੂ ਹੈ।”
ਗੁਰੂ ਗ੍ਰੰਥ ਸਾਹਿਬ ਅਧਿਆਤਮਕ, ਵਿਅਕਤੀਗਤ, ਸਮਾਜਕ, ਸਿਆਸੀ, ਵਿਗਿਆਨਕ ਆਦਿ ਫੁੱਲਾਂ ਨਾਲ ਸ਼ਿੰਗਾਰਿਆ ਗੁਲਦਸਤਾ ਹੈ। ਇਸ ਦੀ ਮਹਿਕ ਮਨੁੱਖੀ ਜੀਵਨ ਨੂੰ ਸੁੱਖ ਭਰਪੂਰ ਬਣਾਉਣ ਦਾ ਸੰਦੇਸ਼ ਦਿੰਦੀ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਆਪ ਇਸ ਅਦੁਤੀ ਗ੍ਰੰਥ ਬਾਰੇ ਲਿਖਦੇ ਹਨ:
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ (ਸਲੋਕ ਮਹਲਾ 5 ਪੰਨਾ 1429)