ਹਾਕਮ ਸਿੰਘ
ਇਹ ਸ਼ਬਦ ਕਬੀਰ ਜੀ ਦਾ ਤਿਲੰਗ ਰਾਗ ਵਿਚ ਉਚਾਰਿਆ ਹੋਇਆ ਹੈ। ਉਹ ਦੁਨਿਆਵੀ ਜੀਵਨ ਨੂੰ ਛਲ ਦਾ ਮੇਲਾ ਦੱਸਦੇ ਹਨ, ਜਿਸ ਵਿਚ ਹਿੱਸਾ ਲੈਣ ਨਾਲ ਮਨੁੱਖ ਦੇ ਹੱਥ ਕੁਝ ਵੀ ਨਹੀਂ ਆਉਂਦਾ; ਪਰ ਮਨੁੱਖ ਜੀਵਨ ਨੂੰ ਸੰਪੱਤੀ, ਰੁਤਬਾ, ਸਫਲਤਾ, ਵਡਿਆਈ ਅਤੇ ਖੁਸ਼ੀ ਲਈ ਮਿਲਿਆ ਮੌਕਾ ਸਮਝਦਾ ਹੈ ਤੇ ਉਨ੍ਹਾਂ ਦੀ ਪ੍ਰਾਪਤੀ ਲਈ ਸਾਰੀ ਉਮਰ ਭੱਜ ਦੌੜ ਕਰਦਾ ਹੈ। ਬਹੁਤੇ ਮਨੁੱਖਾਂ ਨੂੰ ਆਪਣੀ ਜਾਣਕਾਰੀ ‘ਤੇ ਮਾਣ ਹੁੰਦਾ ਹੈ, ਜੋ ਉਨ੍ਹਾਂ ਨੂੰ ਕੰਮ ਕਰਨ ਦੀ ਯੋਗਤਾ ਪ੍ਰਦਾਨ ਕਰਕੇ ਸ਼ਕਤੀਵਾਨ ਹੋਣ ਦਾ ਅਹਿਸਾਸ ਦਿਵਾਉਂਦੀ ਹੈ, ਪਰ ਕਬੀਰ ਜੀ ਕਹਿ ਰਹੇ ਹਨ ਕਿ ਭਾਈ ਇਹ ਨਿਰਾ ਛਲਾਵਾ ਹੈ, ਤੇਰੇ ਹੱਥ ਤਾਂ ਕੁਝ ਵੀ ਨਹੀਂ ਹੈ। ਕਬੀਰ ਜੀ ਦੇ ਬਚਨ ਕਈ ਵਿਦਵਾਨਾਂ ਦੇ ਵਿਚਾਰਾਂ, ਪਤਵੰਤੇ ਵਿਅਕਤੀਆਂ ਦੇ ਕਿਰਦਾਰ ਅਤੇ ਆਮ ਆਦਮੀ ਦੀ ਸੋਚ ਤੇ ਵਿਹਾਰ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਦੇ ਬਚਨਾਂ ਦੇ ਸੱਚ ਨੂੰ ਮਨੁੱਖਾ ਜੀਵਨ ਦੀ ਪੜਤਾਲ ਕਰਕੇ ਹੀ ਜਾਣਿਆ ਜਾ ਸਕਦਾ ਹੈ।
ਮਨੁੱਖ ਦੀ ਸਭ ਤੋਂ ਪਿਆਰੀ ਅਤੇ ਵਡਮੁੱਲੀ ਮਲਕੀਅਤ ਉਸ ਦਾ ਸਰੀਰ ਹੈ। ਉਸ ਨੂੰ ਆਪਣੇ ਸਰੀਰ ਅਤੇ ਸ਼ਖਸੀਅਤ ਉਤੇ ਨਾਜ਼ ਹੈ। ਉਸ ਦੇ ਸਰੀਰ ਵਿਚ ਨਸਾਂ ਦਾ ਜਾਲ ਵਿਛਿਆ ਹੋਇਆ ਹੈ। ਹਜ਼ਾਰਾਂ ਹੀ ਨਸਾਂ ਹਰ ਵੇਲੇ ਦਿਮਾਗ ਨੂੰ ਜਾਣਕਾਰੀ ਪਹੁੰਚਾਉਂਦੀਆਂ ਅਤੇ ਦਿਮਾਗ ਦੇ ਨਿਰਣੇ ਅਨੁਸਾਰ ਸਰੀਰ ਤੇ ਪੱਠਿਆਂ ਨੂੰ ਆਦੇਸ਼ ਦਿੰਦੀਆਂ ਰਹਿੰਦੀਆਂ ਹਨ, ਜਿਸ ਦਾ ਮਨੁੱਖ ਨੂੰ ਕੋਈ ਪਤਾ ਨਹੀਂ ਚਲਦਾ। ਮਨੁੱਖੀ ਸਰੀਰ ਨੂੰ ਸਵੈ-ਅਧੀਨ ਜਾਣਕਾਰੀ ਸੰਚਾਰ ਪ੍ਰਣਾਲੀ ਚਲਦਾ ਰਖਦੀ ਅਤੇ ਵਿਕਸਿਤ ਕਰਦੀ ਹੈ, ਪਰ ਮਨੁੱਖ ਸਮਝਦਾ ਹੈ ਕਿ ਸਰੀਰ ਨੂੰ ਉਹ ਆਪ ਚਲਾ ਰਿਹਾ ਹੈ। ਇਹ ਉਸ ਦਾ ਭਰਮ ਹੈ। ਦਿਮਾਗ ਤਾਂ ਮਨੁੱਖੀ ਮਨ ਵਲੋਂ ਆਪਣੇ ਸੁਤੰਤਰ ਪ੍ਰਬੰਧ ਨਾਲ ਛੇੜ ਛਾੜ ਵੀ ਬਰਦਾਸ਼ਤ ਨਹੀਂ ਕਰਦਾ ਅਤੇ ਫੌਰਨ ਹੀ ਬੀਮਾਰੀ, ਦਰਦ, ਥਕਾਵਟ ਜਾਂ ਮਾਨਸਕ ਤਣਾਓ ਰਾਹੀਂ ਚਿਤਾਵਨੀ ਦੇ ਦਿੰਦਾ ਹੈ। ਦਿਮਾਗ ਦੀ ਕ੍ਰਿਆ ਹੀ ਮਨੁੱਖ ਨੂੰ ਜਿਉਂਦਾ ਰੱਖਦੀ ਹੈ, ਜਿਸ ਦੀ ਅਕਸਰ ਉਸ ਨੂੰ ਕੋਈ ਸੂਝ ਨਹੀਂ ਹੁੰਦੀ। ਦਿਮਾਗ ਦੇ ਕੰਮ ਕਰਨੋਂ ਹਟ ਜਾਣ ਨਾਲ ਮਨੁੱਖ ਕੋਮਾ (ਬੇਹੋਸ਼ੀ) ਵਿਚ ਚਲਾ ਜਾਂਦਾ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ। ਮਨੁੱਖ ਦਾ ਦਿਮਾਗ ਅਤੇ ਉਸ ਦੇ ਸਰੀਰ ਦੀ ਸੰਚਾਰ ਪ੍ਰਣਾਲੀ ਇੱਕ ਅਜੂਬਾ ਹੈ, ਜਿਸ ਨੂੰ ਮੈਡੀਕਲ ਵਿਗਿਆਨ ਜਾਣਨ ਅਤੇ ਉਸ ਦਾ ਸਹਾਇਕ ਹੋਣ ਦੇ ਸਮਰਥ ਬਣਨ ਲਈ ਯਤਨਸ਼ੀਲ ਹੈ।
ਮਨੁੱਖੀ ਸਰੀਰ ਵਿਚ ਗਿਆਨ ਇੰਦਰੀਆਂ ਦਾ ਕਰਤਵ ਵੀ ਜਾਣਕਾਰੀ ਪ੍ਰਾਪਤ ਕਰਨਾ ਹੀ ਹੈ। ਮਨੁੱਖ ਦੀਆਂ ਗਿਆਨ ਇੰਦਰੀਆਂ ਉਸ ਦੇ ਜਨਮ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ ਵਿਚ ਰੁੱਝ ਜਾਂਦੀਆਂ ਹਨ ਅਤੇ ਦਿਮਾਗ ਉਸ ਜਾਣਕਾਰੀ ਦੇ ਆਧਾਰ ‘ਤੇ ਫੈਸਲੇ ਲੈਂਦਾ ਅਤੇ ਉਨ੍ਹਾਂ ‘ਤੇ ਅਮਲ ਕਰਦਾ ਹੈ। ਜਾਣਕਾਰੀ ਦੀ ਵਾਰ ਵਾਰ ਵਰਤੋਂ ਕਰਨ ਨਾਲ ਸੰਪੰਨਤਾ ਆਉਂਦੀ ਹੈ ਅਤੇ ਬੰਦਾ ਆਪਣੇ ਮਾਹੌਲ ਵਿਚ ਸਫਲਤਾ ਨਾਲ ਵਿਚਰਨ ਦੇ ਸਮਰਥ ਹੁੰਦਾ ਚਲਾ ਜਾਂਦਾ ਹੈ। ਜਾਣਕਾਰੀ ਤੋਂ ਬਿਨਾ ਜੀਵਨ ਦੀ ਕਲਪਨਾ ਕਰਨੀ ਸੰਭਵ ਨਹੀਂ। ਗਿਆਨ ਇੰਦਰੀਆਂ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਮਨੁੱਖ ਦੇ ਸਰੀਰ ਦਾ ਹਿੱਸਾ ਨਹੀਂ ਹੁੰਦੀ, ਇਸ ਲਈ ਉਹ ਉਸ ਦੀ ਵਰਤੋਂ ਤਾਂ ਕਰ ਸਕਦਾ ਹੈ, ਪਰ ਉਸ ਨੂੰ ਕੰਟਰੋਲ ਨਹੀਂ ਕਰ ਸਕਦਾ। ਸੱਭਿਆਚਾਰ ਅਤੇ ਲੋਕ ਰਾਏ ਲੋਕਾਂ ਦੇ ਆਪਸੀ ਮੇਲ ਅਤੇ ਪ੍ਰਭਾਵ ਰਾਹੀਂ ਆਪਣੇ ਆਪ ਬਣਦੇ ਤੇ ਬਦਲਦੇ ਚਲੇ ਜਾਂਦੇ ਹਨ। ਮਨੁੱਖ ਉਨ੍ਹਾਂ ਵਿਚ ਭਾਗੀ ਤਾਂ ਹੁੰਦਾ ਹੈ, ਪਰ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਬਦਲਣ ਯੋਗ ਨਹੀਂ ਹੁੰਦਾ। ਅਸਲ ਵਿਚ ਮਨੁੱਖ ਉਸ ਦੇ ਆਲੇ-ਦੁਆਲੇ ਦੇ ਕੰਟਰੋਲ ਵਿਚ ਹੁੰਦਾ ਹੈ, ਪਰ ਉਹ ਉਸ ਨੂੰ ਆਪਣੇ ਕੰਟਰੋਲ ਵਿਚ ਹੋਣ ਦਾ ਭਰਮ ਪਾਲੀ ਰਖਦਾ ਹੈ।
ਮਨੁੱਖ ਸਮਾਜ ਵਿਚ ਸਾਰੀ ਉਮਰ ਗੁਜ਼ਾਰਦਾ ਹੈ, ਪਰ ਸਮਾਜ ‘ਤੇ ਵੀ ਉਸ ਦਾ ਕੋਈ ਕੰਟਰੋਲ ਨਹੀਂ ਹੁੰਦਾ। ਮਨੁੱਖਾਂ ਦਾ ਸਮੂਹ ਹੋਣ ਦੇ ਬਾਵਜੂਦ ਸਮਾਜ ਜਾਣਕਾਰੀ ਦੇ ਸਹਾਰੇ ਚਲਦਾ ਹੈ।
ਸਮਾਜ ਵਿਚ ਪ੍ਰਵਾਨਤ ਜਾਣਕਾਰੀ ਨੂੰ ਗਿਆਨ ਅਤੇ ਵਿਗਿਆਨ ਆਖਿਆ ਜਾਂਦਾ ਹੈ। ਵਿਗਿਆਨ ਕਿਸੇ ਜਾਣਕਾਰੀ ਦੀ ਮੁਢਲੀ ਮਨੌਤ (ਫੋਸਟੁਲਅਟe) ਦੀ ਡੂੰਘੀ ਪਰਖ ਤੇ ਪੁਸ਼ਟੀ ਕਰਕੇ ਉਸ ਨੂੰ ਮੰਨੀ ਪ੍ਰਮੰਨੀ ਬਣਾਉਣ ਦੀ ਪ੍ਰਕ੍ਰਿਆ ਹੁੰਦੀ ਹੈ। ਵਿਗਿਆਨਕ ਖੋਜ ਦੇ ਸਿੱਟੇ ਮਾਹਰਾਂ ਵਲੋਂ ਡੂੰਘੀ ਪਰਖ ਉਪਰੰਤ ਹੀ ਪ੍ਰਵਾਨ ਕੀਤੇ ਜਾਂਦੇ ਹਨ। ਵਿਗਿਆਨਕ ਜਾਣਕਾਰੀ ਅਕਸਰ ਕਿਸੇ ਪਦਾਰਥ ਜਾਂ ਕ੍ਰਿਆ ਦੀ ਵੰਡ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ। ਇਹ ਗਿਣਤੀ-ਮਿਣਤੀ ‘ਤੇ ਆਧਾਰਤ ਕੁਦਰਤ ਦੇ ਨਿਯਮਾਂ ਦੀ ਜਾਣਕਾਰੀ ਹੁੰਦੀ ਹੈ। ਇਸ ਨੂੰ ਕੁਦਰਤ ਦਾ ਐਸਾ ਚਮਤਕਾਰ ਵੀ ਆਖਿਆ ਜਾ ਸਕਦਾ ਹੈ, ਜੋ ਮਨੁੱਖ ਦੇ ਜੀਵਨ ਨੂੰ ਸੁਰੱਖਿਅਤ ਅਤੇ ਸੁਖਾਲਾ ਬਣਾਉਣ ਵਿਚ ਸਹਾਇਕ ਹੁੰਦਾ ਹੈ।
ਵਿਗਿਆਨ ਦੀ ਉਤਪਤੀ ਸਮਾਜ ਵਿਚ ਹੀ ਸੰਭਵ ਹੁੰਦੀ ਹੈ। ਵਿਗਿਆਨ ਤੋਂ ਬਿਨਾ ਸਮਾਜਕ ਅਤੇ ਸੱਭਿਅਕ ਜੀਵਨ ਸੰਭਵ ਨਹੀਂ ਹੁੰਦਾ। ਮਨੁੱਖ ਲਈ ਵਿਗਿਆਨ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਉਹ ਸਮਝਦਾ ਹੈ ਕਿ ਵਿਗਿਆਨ ਨੇ ਉਸ ਨੂੰ ਆਜ਼ਾਦ ਅਤੇ ਸ਼ਕਤੀਵਾਨ ਬਣਾ ਦਿੱਤਾ ਹੈ, ਪਰ ਇਹ ਉਸ ਦਾ ਭਰਮ ਹੀ ਹੈ, ਕਿਉਂਕਿ ਵਿਗਿਆਨ ਕੁਦਰਤ ਦੀ ਕਿਰਤ ਹੈ ਅਤੇ ਮਨੁੱਖ ਵਿਗਿਆਨਕ ਜਾਣਕਾਰੀ ਨੂੰ ਲੱਭ ਕੇ ਉਸ ਦੀ ਨਿਯਮਾਂ ਅਨੁਸਾਰ ਵਰਤੋਂ ਤਾਂ ਕਰ ਸਕਦਾ ਹੈ, ਪਰ ਨਾ ਹੀ ਉਹ ਉਸ ਨੂੰ ਬਣਾ ਸਕਦਾ ਹੈ ਅਤੇ ਨਾ ਹੀ ਕੰਟਰੋਲ ਕਰ ਸਕਦਾ ਹੈ।
ਵਿਗਿਆਨਕ ਜਾਣਕਾਰੀ ਦੀ ਵਰਤੋਂ ਦੇ ਦੋ ਢੰਗ ਪ੍ਰਚਲਿਤ ਹਨ। ਇੱਕ ਹੈ-ਕਿਸਾਨ, ਡਾਕਟਰ, ਵਪਾਰੀ, ਪ੍ਰਬੰਧਕ ਆਦਿ ਇਸ ਦੀ ਵਰਤੋਂ ਆਪਣੇ ਕਿੱਤਿਆਂ ਵਿਚ ਸੰਪੰਨਤਾ ਲਿਆਉਣ ਲਈ ਕਰਦੇ ਹਨ। ਦੂਜਾ, ਸਰਕਾਰਾਂ ਆਪਣੀ ਸੁਰਖਿਆ ਤੇ ਪ੍ਰਬੰਧਕੀ ਜਿੰਮੇਵਾਰੀ ਨਿਭਾਉਣ ਅਤੇ ਸਰਮਾਏਦਾਰ ਤਕਨੀਕੀ ਮਾਹਿਰਾਂ ਤੋਂ ਮਸ਼ੀਨਾਂ ਜਾਂ ਵਸਤੂਆਂ ਬਣਵਾ ਕੇ ਵੇਚਣ ਤੇ ਨਫਾ ਖਟਣ ਲਈ ਵਰਤਦੇ ਹਨ। ਮਨੁੱਖਾ ਜੀਵਨ, ਕਾਰੋਬਾਰ ਅਤੇ ਸਮਾਜ ਵਿਗਿਆਨਕ ਜਾਣਕਾਰੀ ‘ਤੇ ਨਿਰਭਰ ਕਰਦਾ ਹੈ। ਸਰਕਾਰਾਂ ਅਤੇ ਸਰਮਾਏਦਾਰ ਵਿਗਿਆਨੀਆਂ ਨੂੰ ਵਿੱਤੀ ਮਦਦ ਜਾਂ ਨੌਕਰੀਆਂ ਦੇ ਕੇ ਉਨ੍ਹਾਂ ਦੀ ਖੋਜ ਦੇ ਵਿਸ਼ੇ ਅਤੇ ਹੱਦਾਂ ਨਿਰਧਾਰਤ ਕਰਦੇ, ਉਨ੍ਹਾਂ ਦੀਆਂ ਕਾਢਾਂ ਤੋਂ ਲਾਭ ਉਠਾਉਂਦੇ ਅਤੇ ਵਿਗਿਆਨਕ ਜਾਣਕਾਰੀ ਨੂੰ ਕੰਟਰੋਲ ਕਰਦੇ ਹਨ।
ਵਿਗਿਆਨਕ ਜਾਣਕਾਰੀ ‘ਤੇ ਸਰਕਾਰਾਂ ਅਤੇ ਸਰਮਾਏਦਾਰਾਂ ਦਾ ਕੰਟਰੋਲ ਹੋਣ ਕਾਰਨ ਸੰਸਾਰ ਦੇ ਅਮੀਰ, ਰਸੂਖਦਾਰ ਅਤੇ ਮੱਧ ਸ਼੍ਰੇਣੀ ਲੋਕਾਂ ਨੂੰ ਜੀਵਨ ਵਿਚ ਬਹੁਤ ਸਮਾਨ, ਆਰਾਮ ਅਤੇ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ ਹਨ, ਪਰ ਗਰੀਬ ਲੋਕ, ਜਿਨ੍ਹਾਂ ਦੀ ਗਿਣਤੀ ਵੱਧ ਹੁੰਦੀ ਹੈ, ਅਕਸਰ ਥੁੜ੍ਹ, ਭੁੱਖਮਰੀ ਅਤੇ ਬੀਮਾਰੀਆਂ ਦਾ ਸ਼ਿਕਾਰ ਬਣ ਜਾਂਦੇ ਹਨ। ਵਿਗਿਆਨ ਦੇ ਵਿਕਾਸ ਵਿਚ ਜੰਗਾਂ ਨੇ ਭਾਰੀ ਯੋਗਦਾਨ ਪਾਇਆ ਹੈ, ਜਿਸ ਨਾਲ ਉਹ ਹੋਰ ਵੀ ਭਿਆਨਕ ਅਤੇ ਮਾਰੂ ਹੋ ਗਈਆਂ ਹਨ। ਮਾਰੂ ਹਥਿਆਰ ਸਰਕਾਰਾਂ ਨੂੰ ਜੰਗਾਂ ਛੇੜਨ ਲਈ ਉਤਸ਼ਾਹਤ ਕਰਦੇ ਰਹਿੰਦੇ ਹਨ ਅਤੇ ਮਾਸੂਮ ਲੋਕਾਂ ਦੇ ਉਜਾੜੇ, ਮੁਸੀਬਤਾਂ ਅਤੇ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ। ਸਰਮਾਏਦਾਰਾਂ ਦੇ ਲੋਭ ਨੇ ਵਾਯੂਮੰਡਲ ਨੂੰ ਦੂਸ਼ਿਤ ਅਤੇ ਸਰਕਾਰਾਂ ਦੇ ਨਿਊਕਲੀਅਰ ਤੇ ਭਿਆਨਕ ਹਥਿਆਰਾਂ ਨੇ ਮਨੁੱਖਤਾ ਦੇ ਭਵਿਖ ਨੂੰ ਡਾਵਾਂ ਡੋਲ ਕਰ ਦਿੱਤਾ ਹੈ। ਵਿਗਿਆਨਕ ਜਾਣਕਾਰੀ ਦਾ ਮਨੋਰਥ ਤੇ ਮਨੁੱਖਤਾ ਦੇ ਜੀਵਨ ਨੂੰ ਸੌਖਾ ਅਤੇ ਆਰਾਮਦੇਹ ਬਣਾਉਣਾ ਹੋਣਾ ਚਾਹੀਦਾ ਸੀ, ਪਰ ਇਸ ਦੀ ਵਰਤੋਂ ਤੇ ਗਲਤ ਲੋਕਾਂ ਦੇ ਕੰਟਰੋਲ ਨੇ ਇਸ ਨੂੰ ਅਜੋਕੇ ਯੁਗ ਦਾ ਸੰਤਾਪ ਬਣਾ ਦਿੱਤਾ ਹੈ।
ਗਿਆਨ ਮਨੁੱਖ ਨੂੰ ਸ਼ਕਤੀ ਅਤੇ ਆਜ਼ਾਦੀ ਦਿੰਦਾ ਹੈ। ਮਨੁੱਖੀ ਆਜ਼ਾਦੀ ਬਾਰੇ ਦੋ ਤੱਥ ਵਰਣਨਯੋਗ ਹਨ: ਇੱਕ, ਕਈ ਐਸੇ ਵਿਅਕਤੀ ਵੀ ਹੋਏ ਹਨ, ਜਿਨ੍ਹਾਂ ਦੇ ਵਿਚਾਰਾਂ ਨੇ ਮਨੁੱਖੀ ਸਭਿਆਚਾਰ ਅਤੇ ਇਤਿਹਾਸ ਦਾ ਰੁਖ ਹੀ ਬਦਲ ਦਿੱਤਾ ਸੀ। ਉਨ੍ਹਾਂ ਵਿਚ ਜ਼ਰਤੁਸਤ, ਲਾਓਤਸੂ, ਕਨਫਿਉਸ਼ਿਅਸ, ਯਿਸੂ ਮਸੀਹ, ਸ੍ਰੀ ਕ੍ਰਿਸ਼ਨ, ਮਹਾਵੀਰ, ਮਹਾਤਮਾ ਬੁਧ, ਹਜ਼ਰਤ ਮੁਹੰਮਦ, ਗੁਰੂ ਨਾਨਕ ਦੇਵ ਜੀ, ਭਗਤ ਰਵੀ ਦਾਸ, ਕਬੀਰ ਜੀ ਆਦਿ ਦੇ ਨਾਂਵਾਂ ਦਾ ਵਰਣਨ ਕੀਤਾ ਜਾ ਸਕਦਾ ਹੈ। ਇਤਿਹਾਸ ਵਿਚ ਐਸੇ ਵਿਗਿਆਨੀਆਂ ਦਾ ਵੀ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਕੁਦਰਤ ਦੇ ਨਿਯਮਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਪ੍ਰਸਾਰਨ ਲਈ ਆਪਣੇ ਜੀਵਨ ਹੀ ਸਮਰਪਿਤ ਕਰ ਦਿੱਤੇ। ਉਨ੍ਹਾਂ ਵਿਚੋਂ ਹੀ ਕੁਝ ਇਤਿਹਾਸਕ ਹਸਤੀਆਂ ਹਨ-ਅਰਿਸਟੋਟਲ, ਕੋਪਰਨੀਕਸ, ਗਲੇਲੀਓ, ਚਾਰਲਸ ਨਿਊਟਨ, ਲੂਈ ਪਾਸਚਰ, ਮੇਰੀ ਕਯੂਰੀ, ਚਾਰਲਸ ਡਾਰਵਿਨ ਅਤੇ ਐਲਬਰਟ ਆਇਨਸਟਾਇਨ।
ਦੂਜਾ, ਇਤਿਹਾਸ ਇਸ ਤੱਥ ਦੀ ਗਵਾਹੀ ਵੀ ਭਰਦਾ ਹੈ ਕਿ ਆਮ ਮਨੁੱਖ ਸ਼ੁਰੂ ਤੋਂ ਹੀ ਗਿਆਨ ਦਾ ਵੈਰੀ ਰਿਹਾ ਹੈ। ਉਹ ਗਿਆਨੀਆਂ ਅਤੇ ਵਿਗਿਆਨੀਆਂ ਨੂੰ ਸਜ਼ਾਵਾਂ ਦੇਣ ਨੂੰ ਧਾਰਮਕ ਕਰਮ ਅਤੇ ਗਿਆਨ ਨੂੰ ਲੋਕਾਂ ਵਿਚ ਵੰਡੀਆਂ ਤੇ ਝਗੜੇ ਪਾਉਣ ਅਤੇ ਮਨੁੱਖਤਾ ਦਾ ਵਿਨਾਸ਼ ਕਰਨ ਲਈ ਵਰਤਣ ਨੂੰ ਵੱਡੀ ਪ੍ਰਾਪਤੀ ਸਮਝਦਾ ਰਿਹਾ ਹੈ। ਵਿਗਿਆਨਕ ਜਾਣਕਾਰੀ ਦੀ ਪ੍ਰਾਪਤੀ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਮਨੁੱਖ ਨੂੰ ਆਜ਼ਾਦ ਕਰਨ ਅਤੇ ਉਸ ਦੇ ਜੀਵਨ ਨੂੰ ਸੁਖੀ ਬਣਾਉਣ ਵਿਚ ਸਹਾਇਕ ਹੋਵੇਗੀ, ਪਰ ਉਹ ਉਸ ਦੀ ਸਹਾਇਕ ਹੋਣ ਦੀ ਥਾਂ ਗੁਲਾਮੀ ਅਤੇ ਚਿੰਤਾ ਦਾ ਕਾਰਨ ਬਣ ਜਾਂਦੀ ਹੈ।
ਸਮਾਜ ਦੀ ਅਸਲੀਅਤ ਬਾਰੇ ਆਮ ਲੋਕਾਂ ਵਿਚ ਗਿਆਨ ਦੀ ਬਹੁਤ ਘਾਟ ਹੈ। ਉਹ ਆਪਣੇ ਸਮਾਜ, ਦੇਸ਼ ਅਤੇ ਕੌਮ ‘ਤੇ ਫਖਰ ਦਾ ਪ੍ਰਗਟਾਵਾ ਤਾਂ ਕਰਦੇ ਹਨ, ਪਰ ਸਮਾਜ ਦੇ ਮੂਲ ਆਧਾਰ, ਅਸਲੀਅਤ ਅਤੇ ਭਵਿਖ ਬਾਰੇ ਅਨਜਾਣ ਹੀ ਰਹਿੰਦੇ ਹਨ। ਉਨ੍ਹਾਂ ਦਾ ਅਗਿਆਨ ਅਤੇ ਨਿਰਲੇਪਤਾ ਸਮਾਜ ਦੇ ਵਿਕਾਸ ਵਿਚ ਰੁਕਾਵਟ ਬਣ ਜਾਂਦੇ ਹਨ। ਸਮਾਜ ਦੇ ਵਿਕਾਸ ਲਈ ਬਹੁਗਿਣਤੀ ਵਿਚ ਸਮਾਜ ਦੀ ਅਸਲੀਅਤ ਬਾਰੇ ਸਹੀ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ।
ਮਨੁੱਖੀ ਸਮਾਜ ਅਤੇ ਵਿਅਕਤੀ ਦੇ ਸਬੰਧਾਂ ਬਾਰੇ ਪੱਛਮੀ ਵਿਦਵਾਨਾਂ ਅਤੇ ਚਿੰਤਕਾਂ ਨੇ ਲੰਮੀ ਅਤੇ ਵਿਸਤ੍ਰਿਤ ਵਿਚਾਰ ਕੀਤੀ ਹੈ। ਉਨ੍ਹਾਂ ਦੇ ਵਿਚਾਰਾਂ ਸਦਕਾ ਹੀ ਅਜੋਕਾ ਮਨੁੱਖ ਸਮਾਜਕ ਗੁਲਾਮੀ ਦੇ ਕੁਝ ਬੰਧਨ ਤੋੜਨ ਵਿਚ ਸਫਲ ਹੋ ਸਕਿਆ ਹੈ। ਮਨੁੱਖਤਾ ਦੀ ਆਜ਼ਾਦੀ ਅਤੇ ਬਰਾਬਰੀ ਦੇ ਸੰਘਰਸ਼ ਵਿਚ ਉਨ੍ਹਾਂ ਵਲੋਂ ਪ੍ਰਗਟ ਕੀਤੇ ਵਿਚਾਰ ਬਹੁਤ ਪ੍ਰਸੰਗਕ ਹਨ। ਪ੍ਰਭੁਸੱਤਾ, ਰਾਜ ਅਤੇ ਕੌਮ ਦੇ ਪ੍ਰਸਿੱਧ ਸੰਕਲਪ ਉਨ੍ਹਾਂ ਦੀ ਹੀ ਦੇਣ ਹਨ। ਪ੍ਰਭੁਸੱਤਾ ਦਾ ਸੰਕਲਪ ਜੀਨ ਬੋਡਿਨ (ਝeਅਨ ਭੋਦਨਿ, 1530-1596) ਨੇ ਘੜਿਆ ਸੀ। ਉਸ ਦਾ ਵਿਚਾਰ ਸੀ ਕਿ “ਰਾਜਾ ਕੇਵਲ ਰੱਬ ਨੂੰ ਜਵਾਬਦੇਹ ਹੈ” ਅਤੇ ਇਹ ਵਿਚਾਰ ਰਾਜ ਦੀ ਪ੍ਰਭੁਸੱਤਾ ਦੇ ਰੂਪ ਵਿਚ ਪ੍ਰਵਾਨ ਹੋ ਕੇ ਅੱਜ ਵੀ ਪ੍ਰਚਲਿਤ ਹੈ।
ਹੇਗਲ (ਘeੋਰਗ ਾਂਲਿਲਹeਲਮ ਢਰਇਦਰਚਿਹ ੍ਹeਗeਲ, 1770-1831) ਰਾਜ (ੰਟਅਟe) ਨੂੰ ਰੱਬੀ ਹੱਕਾਂ ਦਾ ਅਧਿਕਾਰੀ ਮੰਨਦਾ ਹੈ। ਡੇਕਾਰਟ (੍ਰeਨe ਧeਸਚਅਰਟeਸ, 1596-1650) ਨੇ “ਮੈਂ ਸੋਚਦਾ ਹਾਂ, ਇਸ ਲਈ ਮੈਂ ਹਾਂ” ਆਖ ਕੇ ਮਨੁੱਖ ਵਿਚ ਸਮਾਜ ਬਾਰੇ ਸ਼ੰਕੇ ਦੀ ਤਰਜੀਹ ਸਥਾਪਤ ਕਰ ਦਿੱਤੀ ਸੀ। ਰੂਸੋ (ਝeਅਨ-ਝਅਚਤੁeਸ ੍ਰੁਸਸeਅੁ, 1712-1778) ਨੇ ਆਪਣੀ ਜਗਤ ਪ੍ਰਸਿੱਧ ਪੁਸਤਕ “ਸੋਸ਼ਲ ਕੰਟਰੈਕਟ” (ਠਹe ੰੋਚਅਿਲ ਛੋਨਟਰਅਚਟ) ਦੇ ਅਰੰਭ ਵਿਚ ਇਥੋਂ ਤਕ ਆਖ ਦਿੱਤਾ ਸੀ ਕਿ “ਮਨੁੱਖ ਜੰਮਦਾ ਤਾਂ ਆਜ਼ਾਦ ਹੈ; ਪਰ ਉਹ ਹਰ ਥਾਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਹੈ।” ਉਸ ਨੇ ਸਮਾਜ ਦੀ ਤੁਲਨਾ ਕੈਦਖਾਨੇ ਨਾਲ ਕੀਤੀ ਸੀ, ਭਾਵੇਂ ਸਿੱਟੇ ਇਸ ਸੋਚ ਤੋਂ ਉਲਟ ਹੀ ਕੱਢੇ ਸਨ। ਪ੍ਰਿੰਸ ਕਰੋਪੋਟਕਿਨ (ਫਰਨਿਚe ਖਰੋਪੋਟਕਨਿ, 1842-1921) ਨੇ ਮਨੁੱਖ ਦੀ ਸਮਾਜਕ ਬੰਧਨਾਂ ਤੋਂ ਆਜ਼ਾਦੀ ਜਾਂ ਅਰਾਜਕਤਾਵਾਦ (Aਨਅਰਚਹਸਿਮ) ਦਾ ਜ਼ੋਰਦਾਰ ਪ੍ਰਚਾਰ ਕੀਤਾ ਸੀ।
ਕਾਰਲ ਮਾਰਕਸ (ਖਅਰਲ ੰਅਰਣ, 1818-1883) ਨੇ ਵੀ ਸਮਾਜ ਵਿਚ ਬੁਹਗਿਣਤੀ ਨਾਲ ਹੋ ਰਹੀ ਵਧੀਕੀ ਵਿਰੁਧ ਪਰੋਲੇਤਾਰੀ ਨੂੰ ਏਕਤਾ ਕਰਨ ਅਤੇ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਚਿੰਤਕਾਂ ਦੇ ਵਿਚਾਰਾਂ ਨੇ ਲੋਕਾਂ ਵਿਚ ਜਾਗ੍ਰਿਤੀ ਲੈ ਆਂਦੀ ਸੀ ਅਤੇ ਮਨੁੱਖੀ ਹੱਕਾਂ ਲਈ ਵਿੱਢੇ ਸੰਘਰਸ਼ਾਂ ਦੇ ਦਬਾਓ ਕਾਰਨ ਬਹੁਤੇ ਰਾਜਾਂ ਨੂੰ ਆਪਣੇ ਨਾਗਰਿਕਾਂ ਨੂੰ ਕੁਝ ਮੌਲਿਕ ਹੱਕ ਦੇਣ ਦੇ ਫੈਸਲੇ ਲੈਣੇ ਪਏ। ਮੌਲਿਕ ਹੱਕਾਂ ਨੇ ਨਾਗਰਿਕਾਂ ਦੀ ਆਜ਼ਾਦੀ ਦੀ ਹੱਦ ਨਿਰਧਾਰਤ ਕਰ ਦਿੱਤੀ ਹੈ। ਉਸ ਤੋਂ ਬਾਹਰ ਉਹ ਰਾਜ ਦੇ ਅਧੀਨ ਹੀ ਰਹਿੰਦੇ ਹਨ। ਦੇਸ਼ ਤੋਂ ਬਾਹਰ ਜਾਣ ਲਈ ਵੀ ਬਹੁਤ ਵਾਰ ਉਨ੍ਹਾਂ ਨੂੰ ਸਰਕਾਰ ਤੋਂ ਆਗਿਆ ਲੈਣੀ ਪੈਂਦੀ ਹੈ। ਹਰ ਰਾਜ ਨੇ ਮਨੁੱਖ ਦੀ ਜਮਾਂਦਰੂ ਆਜ਼ਾਦੀ ਦਾ ਮੁੱਲ ਉਸ ਨੂੰ ਨਾਗਰਿਕ ਦੀਆਂ ਕੁਝ ਸਹੂਲਤਾਂ ਦੇ ਕੇ ਪਾਇਆ ਹੈ। ਉਸ ਦੀ ਆਜ਼ਾਦੀ ਦੇ ਮੁੱਲ ਦਾ ਬਕਾਇਆ ਹਾਲੇ ਰਾਜ ਸਰਕਾਰਾਂ ਵਲੋਂ ਦੇਣਾ ਰਹਿੰਦਾ ਹੈ।
ਸਮਾਜ ਅਤੇ ਮਨੁੱਖ ਦੇ ਸਬੰਧਾਂ ਦੀ ਇਹ ਤਸਵੀਰ ਸੋਹਣੀ ਨਹੀਂ ਹੈ। ਪ੍ਰਭੂ ਨੇ ਤਾਂ ਸੰਸਾਰ ਨੂੰ ਸੁੰਦਰ ਅਤੇ ਮਨਮੋਹਣਾ ਬਣਾਇਆ ਹੈ ਅਤੇ ਹਰ ਮਨੁੱਖ ਨੂੰ ਜਨਮ ਤੋਂ ਹੀ ਅਨੋਖੇਪਣ, ਸੁਤੰਤਰਤਾ ਅਤੇ ਬਰਾਬਰੀ ਦੀ ਬਖਸ਼ਿਸ਼ ਕੀਤੀ ਹੈ। ਕੁਦਰਤ ਉਸ ਦੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਦੀ ਅਤੇ ਉਸ ਦੇ ਮਾਹੌਲ ਵਿਚ ਗਿਆਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਸਮਾਜ ਮਨੁੱਖ ਨੇ ਆਪ ਹੀ ਬਣਾਇਆ ਹੈ ਅਤੇ ਉਸ ਦਾ ਪ੍ਰਬੰਧ ਵੀ ਉਹ ਆਪ ਹੀ ਕਰ ਰਿਹਾ ਹੈ। ਉਸ ਨੂੰ ਸਮਾਜ ਦੀ ਸੁੰਦਰਤਾ ਅਤੇ ਮਨੁੱਖ ਦੀ ਸੁਤੰਤਰਤਾ ਬਰਕਰਾਰ ਰੱਖਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੀ, ਪਰ ਮਨੁੱਖ ਨੂੰ ਇਕੱਠੇ ਰਹਿਣ ਦੀ ਜਾਚ ਹੀ ਨਾ ਆਈ ਅਤੇ ਉਹ ਸਮਾਜ ਦਾ ਸਹੀ ਪ੍ਰਬੰਧ ਕਰਨ ਵਿਚ ਸਫਲ ਨਾ ਹੋ ਸਕਿਆ। ਉਸ ਨੂੰ ਤੇ “ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ॥” (ਪੰਨਾ 259) ਜੈਸੇ ਸਾਧਾਰਨ ਸਮਾਜਕ ਸਿਧਾਂਤ ਦੀ ਵੀ ਸਮਝ ਨਾ ਪਈ।
ਸੰਸਾਰ ਵਿਚ ਸਭ ਕੁਝ ਪ੍ਰਭੂ ਦੇ ਹੁਕਮ ਵਿਚ ਹੋ ਰਿਹਾ ਹੈ। “ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ॥” (ਪੰਨਾ 1) ਅਤੇ “ਚਹੁ ਦਿਸਿ ਹੁਕਮੁ ਵਰਤੈ ਪ੍ਰਭੁ ਤੇਰਾ ਚਹੁ ਦਿਸਿ ਨਾਮ ਪਤਾਲੰ॥” (ਪੰਨਾ 1275)। ਪਦਾਰਥਕ ਜਗਤ ਪ੍ਰਭੂ ਦੇ ਕੁਦਰਤੀ ਨਿਯਮਾਂ ਅਨੁਸਾਰ ਚਲਦਾ ਹੈ ਅਤੇ ਜਦੋਂ ਮਨੁੱਖ ਉਸ ਨੂੰ ਆਪਣੀ ਇੱਛਾ ਅਨੁਸਾਰ ਚਲਾਉਣ ਦਾ ਯਤਨ ਕਰਦਾ ਹੈ ਤਾਂ ਕੁਦਰਤੀ ਪ੍ਰਬੰਧ ਵਿਚ ਵਿਘਨ ਪੈ ਜਾਂਦਾ ਹੈ। ਕੁਦਰਤ ਦੇ ਪ੍ਰਬੰਧ ਵਿਚ ਦਖਲ ਹੀ ਸਮਾਜ ਵਿਚ ਅਸ਼ਾਂਤੀ ਅਤੇ ਬੇਚੈਨੀ ਪੈਦਾ ਕਰਦਾ ਹੈ। ਪ੍ਰਭੂ ਦੇ ਹੁਕਮ ਅਤੇ ਰਜ਼ਾ ਅਨੁਸਾਰ ਚੱਲਣ ਨਾਲ ਹੀ ਸਮਾਜ ਵਿਚ ਸੁਖ ਦੀ ਪ੍ਰਾਪਤੀ ਸੰਭਵ ਹੁੰਦੀ ਹੈ, “ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥” (ਪੰਨਾ 281), ਪਰ ਮਨੁੱਖ ਦੁਨੀਆਂਦਾਰ ਬਣ ਕੇ ਆਪਣੇ ਗਲ ਵਿਚ ਗੁਲਾਮੀ ਦੇ ਸੰਗਲ ਪਾਉਣ ਨੂੰ ਵੱਡੀ ਪ੍ਰਾਪਤੀ ਸਮਝਦਾ ਹੈ, “ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥” (ਪੰਨਾ 464)
ਪ੍ਰਭੂ ਦੇ ਹੁਕਮ ਨੂੰ ਬੁਝਣ ਅਤੇ ਉਸ ਅਨੁਸਾਰੀ ਚੱਲਣ ਲਈ ਗੁਰਬਾਣੀ ਧਰਮ ਦੇ ਮਾਰਗ ‘ਤੇ ਚਲਦਿਆਂ ਪ੍ਰਭੂ ਦਾ ਗਿਆਨ ਪ੍ਰਾਪਤ ਕਰਕੇ ਉਦਮ ਕਰਨ ਦਾ ਉਪਦੇਸ਼ ਕਰਦੀ ਹੈ। ਧਰਮ ਦੇ ਮਾਰਗ ‘ਤੇ ਚਲਣ ਲਈ ਮਨੁੱਖ ਨੂੰ ਦਇਆ, ਸੰਤੋਖ ਅਤੇ ਵਿਕਾਰ ਰਹਿਤ ਸੱਚੇ ਜੀਵਨ ਦੇ ਗੁਣ ਧਾਰਨ ਕਰਨੇ ਪੈਂਦੇ ਹਨ, “ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥” (ਪੰਨਾ 3) ਅਤੇ “ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ॥” (ਪੰਨਾ 418) ਇਹ ਧਰਮ ਦਾ ਮਾਰਗ ਪ੍ਰਚਲਿਤ ਸੰਪਰਦਾਇਕ ਧਰਮ ਦੀ ਰਹਿਤ ਮਰਿਆਦਾ ਤੋਂ ਬਹੁਤ ਵੱਖਰਾ ਹੈ। ਇਨ੍ਹਾਂ ਦੇ ਅੰਤਰ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਮਨੁੱਖ ਦਾ ਦੁਖਾਂਤ ਇਹ ਹੈ ਕਿ ਵਿਗਿਆਨ ਦੀ ਸ਼ਕਤੀ ਨੂੰ ਅਗਵਾਹ ਸਰਮਾਏਦਾਰਾਂ ਨੇ ਕਰ ਲਿਆ ਹੈ ਅਤੇ ਧਰਮ ਦੀ ਸ਼ਰਧਾ ਨੂੰ ਪੁਜਾਰੀਆਂ ਨੇ। ਮਨੁੱਖ ਲਈ ਤਾਂ ਦੁਨੀਆਂ ਸਹਿਰ ਮੇਲਾ ਹੀ ਰਹਿ ਗਈ ਹੈ, ਹੱਥ ਕੁਝ ਵੀ ਨਹੀਂ ਹੈ।
ਪ੍ਰਭੂ ਨੇ ਮਨੁੱਖ ਨੂੰ ਖਾਲੀ ਹੱਥ ਨਹੀਂ ਭੇਜਿਆ ਹੈ। ਉਸ ਨੇ ਤਾਂ ਮਨੁੱਖਾ ਜੀਵਨ ਨੂੰ ਦੁਰਲਭ ਬਣਾਇਆ ਹੈ, “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥” (ਪੰਨਾ 1366) ਮਨੁੱਖਾ ਸਰੀਰ ਵਿਚ ਸਾਰਾ ਬ੍ਰਹਿਮੰਡ ਸਮੋਇਆ ਹੋਇਆ ਹੈ, ਜੋ ਖੋਜਣ ਤੋਂ ਹੀ ਪ੍ਰਾਪਤ ਹੁੰਦਾ ਹੈ। “ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥” (ਪੰਨਾ 754) ਅਤੇ “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥” (ਪੰਨਾ 695) ਮਨ, ਜੋ ਮਨੁੱਖੀ ਸਰੀਰ ਦਾ ਹਿੱਸਾ ਹੈ, ਸ਼ਕਤੀ ਦਾ ਸੋਮਾ ਅਤੇ ਪ੍ਰਭੂ ਦਾ ਅੰਸ਼ ਹੈ, “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕਉ ਜੀਉ॥” (ਪੰਨਾ 342) ਪ੍ਰਭੂ ਦਾ ਅੰਸ਼ ਹੋਣ ਕਾਰਨ ਕੇਵਲ ਮਨ ਵਿਚ ਹੀ ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਅਤੇ ਉਸ ਨਾਲ ਮਿਲਾਪ ਕਰਨ ਦੀ ਯੋਗਤਾ ਹੈ। “ਤਨ ਮਹਿ ਮਨੁਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥” (ਪੰਨਾ 686)
ਮਨੁੱਖ ਭਰਮਾਂ ਵਿਚ ਪਿਆ ਸਮਾਜ ਵਿਚੋਂ ਖੁਸ਼ੀ ਅਤੇ ਆਜ਼ਾਦੀ ਲੱਭਦਾ ਹੈ। ਸਮਾਜ ਵਿਚ ਤਾਂ ਤ੍ਰੈਗੁਣੀ ਮਾਇਆ ਦਾ ਵਰਤਾਰਾ ਹੈ। ਇਹ ਰੁਕਾਵਟਾਂ ਭਰੀ ਨਿਰਾਰਥਕ ਦੌੜ ਦਾ ਪਿੜ ਹੈ, ਜਿਸ ਵਿਚ ਭਰਮਾਊ ਅਤੇ ਅਸਥਾਈ ਖੁਸ਼ੀ ਤਾਂ ਉਪਲਬਧ ਹੈ, ਪਰ ਅਨੰਦ ਨਹੀਂ ਹੈ। ਖੁਸ਼ੀ ਦਾ ਸੋਮਾ ਤਾਂ ਮਨੁੱਖ ਦੇ ਅੰਦਰ ਹੈ, ਪਰ ਉਹ ਉਸ ਨੂੰ ਬਾਹਰ ਭਾਲ ਰਿਹਾ ਹੈ। ਗੁਰਬਾਣੀ ਦਾ ਫੁਰਮਾਨ ਹੈ, “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥” (ਪੰਨਾ 727) ਅਤੇ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੇ ਸੋ ਭਰਮਿ ਭੁਲਾਹੀ॥” (ਪੰਨਾ 102)